ਜਾਗੋ ਸਰੋਤ :
ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਜਾਗੋ: ਲੜਕੇ ਜਾਂ ਲੜਕੀ ਦੇ ਵਿਆਹ ਤੋਂ ਇੱਕ ਦਿਨ ਪਹਿਲਾਂ ਵਾਲੀ ਰਾਤ ਨੂੰ ਨਾਨਕਿਆਂ ਵੱਲੋਂ ਕੀਤੇ ਜਾਣ ਵਾਲੇ ਆਂਗਿਕ ਅਤੇ ਵਾਚਿਕ ਤਮਾਸ਼ੇ ਨੂੰ ਜਾਗੋ ਕਿਹਾ ਜਾਂਦਾ ਹੈ। ਇਸ ਆਂਗਿਕ ਅਤੇ ਵਾਚਿਕ ਤਮਾਸ਼ੇ ਬਾਰੇ ਵੱਖ-ਵੱਖ ਧਾਰਨਾਵਾਂ ਪਾਈਆਂ ਜਾਂਦੀਆਂ ਹਨ। ਇੱਕ ਧਾਰਨਾ ਅਨੁਸਾਰ ਲੜਕੇ ਜਾਂ ਲੜਕੀ ਦੇ ਵਿਆਹ ਤੋਂ ਇੱਕ ਦਿਨ ਪਹਿਲਾਂ ਵਾਲੀ ਰਾਤ ਨੂੰ ਔਰਤਾਂ ਟੋਕਣੀ (ਗਾਗਰ) ਉੱਤੇ ਦੀਵੇ ਬਾਲ ਕੇ ਵਰ ਜਾਂ ਕੰਨਿਆ ਦੀ ਭਰਜਾਈ ਜਾਂ ਕਿਸੇ ਹੋਰ ਔਰਤ (ਮਾਮੀ) ਨੂੰ ਇਹ ਟੋਕਣੀ ਸਿਰ `ਤੇ ਚੁਕਾ ਦਿੰਦੀਆਂ ਸਨ। ਇਹ ਔਰਤਾਂ ਅਤੇ ਮੁਟਿਆਰਾਂ ਪਿੰਡ ਦੀਆਂ ਗਲੀਆਂ-ਮੁਹੱਲਿਆਂ ਵਿੱਚ ਘੁੰਮਦੀਆਂ ਸਨ ਅਤੇ ਨਾਲ ਹੀ ਜਾਗੋ ਨਾਲ ਸੰਬੰਧਿਤ ਗੀਤ ਗਾਉਂਦੀਆਂ ਸਨ। ਇੱਕ ਰੀਤ ਅਨੁਸਾਰ ਕੁੰਭ ਜਾਂ ਟੋਕਣੀ (ਵਲਟੋਹੀ) ਵਿੱਚ ਪਾਣੀ ਭਰ ਕੇ ਅਤੇ ਉਸ ਉਪਰ ਜਗਦੇ ਦੀਵਿਆਂ ਨੂੰ ਰੱਖ ਕੇ ਸਾਰੇ ਪਿੰਡ ਦੀ ਪਰਕਰਮਾ ਕੀਤੀ ਜਾਂਦੀ ਸੀ। ਲੋਕਾਂ ਦਾ ਵਿਸ਼ਵਾਸ ਸੀ ਕਿ ਇਸ ਤਰ੍ਹਾਂ ਕਰਨ ਨਾਲ ਬਦਰੂਹਾਂ ਅਤੇ ਪ੍ਰੇਤ-ਆਤਮਾਵਾਂ ਪਿੰਡ ਵਿੱਚੋਂ ਨੱਸ ਜਾਂਦੀਆਂ ਹਨ। ਇੱਕ ਵਿਸ਼ਵਾਸ ਇਹ ਵੀ ਹੈ ਕਿ ਅਜਿਹਾ ਕਰਨ ਨਾਲ ਪ੍ਰੇਤ-ਆਤਮਾਵਾਂ ਲਾੜੇ ਜਾਂ ਲਾੜੀ ਨੂੰ ਕਿਸੇ ਕਿਸਮ ਦਾ ਨੁਕਸਾਨ ਨਹੀਂ ਪਹੁੰਚਾ ਸਕਦੀਆਂ। ਲੋਕ ਧਾਰਨਾ ਅਨੁਸਾਰ, ਟੋਕਣੀ (ਵਲਟੋਹੀ) ਨੂੰ ਕਾਇਆ ਦਾ, ਦੀਵੇ ਨੂੰ ਰੋਸ਼ਨੀ ਦਾ ਅਤੇ ਪਾਣੀ ਨੂੰ ਪਵਿੱਤਰ ਸ਼ਕਤੀ ਦੇ ਚਿੰਨ੍ਹ ਵਜੋਂ ਮਾਨਤਾ ਪ੍ਰਾਪਤ ਹੈ। ਲੋਕ ਧਾਰਨਾ ਅਨੁਸਾਰ ਇਹਨਾਂ ਤਿੰਨਾਂ ਦਾ ਸੁਮੇਲ ਅਲੌਕਿਕ ਸ਼ਕਤੀ ਦਾ ਸੰਚਾਰ ਕਰਦਾ ਹੈ ਜਿਸ ਤੋਂ ਬਦਰੂਹਾਂ ਡਰ ਕੇ ਭੱਜ ਜਾਂਦੀਆਂ ਹਨ।
ਜਾਗੋ ਬਾਰੇ ਇਹ ਵੀ ਧਾਰਨਾ ਪ੍ਰਚਲਿਤ ਹੈ ਕਿ ਮੁਲਤਾਨ ਦੇ ਹਿੰਦੂਆਂ ਵਿੱਚ ਵਿਆਹ ਤੋਂ ਇੱਕ ਦਿਨ ਪਹਿਲੀ ਰਾਤ ਜਦੋਂ ਲਾੜੇ ਜਾਂ ਲਾੜੀ ਨੂੰ ਮਹਿੰਦੀ ਲਗਾਈ ਜਾਂਦੀ ਸੀ, ਉਸ ਸਾਰੀ ਰਾਤ ਔਰਤਾਂ ਜਾਗਦੀਆਂ ਸਨ ਅਤੇ ਵਿਆਹ ਦੇ ਗੀਤ ਗਾਉਂਦੀਆਂ ਸਨ। ਮੁਲਤਾਨ ਵਿੱਚ ਔਰਤਾਂ ਦੀ ਇਸ ਰਸਮ ਨੂੰ ‘ਜਾਗ` ਵੀ ਕਿਹਾ ਜਾਂਦਾ ਸੀ। ਮਾਲਵੇ ਵਿੱਚ ਇਹੋ ਜਾਗ ‘ਜਾਗੋ` ਦੇ ਨਾਂ ਨਾਲ ਪ੍ਰਚਲਿਤ ਹੋ ਗਿਆ। ਪੁਰਾਣੇ ਸਮਿਆਂ ਵਿੱਚ ਜਦੋਂ ਬਰਾਤ ਕਈ ਕਈ ਦਿਨ ਰਹਿੰਦੀ ਸੀ, ਓਦੋਂ ਬਰਾਤ ਦੇ ਜਾਣ ਤੋਂ ਬਾਅਦ ਔਰਤਾਂ ਸਾਰੀ-ਸਾਰੀ ਰਾਤ ਨੱਚਦੀਆਂ, ਗੀਤ ਗਾਉਂਦੀਆਂ ਅਤੇ ਸਵਾਂਗ ਭਰਦੀਆਂ ਸਨ। ਕਈਆਂ ਦਾ ਵਿਸ਼ਵਾਸ ਹੈ ਕਿ ਇਸ ਰਸਮ ਤੋਂ ਹੀ ਜਾਗੋ ਦੀ ਰਸਮ ਪ੍ਰਚਲਿਤ ਹੋ ਗਈ।
ਇੱਕ ਧਾਰਨਾ ਅਨੁਸਾਰ ਵਿਆਹੁਲੇ ਗਿੱਧੇ ਦੀ ਸ਼ੁਰੂਆਤ ਵਿਆਹ ਤੋਂ ਇੱਕ ਦਿਨ ਪਹਿਲਾਂ, ਰਾਤ ਨੂੰ ਜਾਗੋ ਕੱਢਣ ਤੋਂ ਹੁੰਦੀ ਹੈ। ਵਿਆਹ ਵਿੱਚ ਆਈਆਂ ਔਰਤਾਂ ਤੇ ਮੁਟਿਆਰਾਂ ਟੋਕਣੀ (ਵਲਟੋਹੀ) ਉੱਤੇ ਗੁੰਨੇ ਹੋਏ ਆਟੇ ਨਾਲ ਥਾਲੀ ਟਿਕਾ ਕੇ ਇਸ ਵਿੱਚ ਘਿਓ ਦੇ ਦੀਵੇ ਜਗਾਉਂਦੀਆਂ ਹਨ। ਘਿਓ ਦੇ ਦੀਵਿਆਂ ਦੀ ਗਿਣਤੀ ਪੰਜ, ਸੱਤ ਜਾਂ ਗਿਆਰਾਂ ਰੱਖੀ ਜਾਂਦੀ ਹੈ। ਇਹ ਘਿਓ ਦੇ ਦੀਵਿਆਂ ਦੇ ਹਿੰਦਸਿਆਂ ਨੂੰ ਵੀ ਸ਼ੁਭ ਮੰਨਿਆ ਜਾਂਦਾ ਹੈ। ਇਸ ਤੋਂ ਬਾਅਦ ਅਕਸਰ ਲਾੜੇ ਦੀ ਮਾਮੀ ਦੇ ਸਿਰ `ਤੇ ਟੋਕਣੀ ਨੂੰ ਰੱਖਿਆ ਜਾਂਦਾ ਹੈ ਅਤੇ ਨਾਨਕਿਆਂ- ਦਾਦਕਿਆਂ ਦਾ ਸਮੂਹ ਪਿੰਡ ਦੀਆਂ ਗਲੀਆਂ, ਮੁਹੱਲਿਆਂ ਅਤੇ ਪੱਤੀਆਂ ਆਦਿ ਵਿੱਚ ਗੇੜਾ ਕੱਢਦਾ ਹੈ। ਇਹ ਸਮੂਹ ਜਿਹੜੇ ਘਰ ਅੱਗੋਂ ਦੀ ਲੰਘਦਾ ਹੈ, ਉਸ ਘਰ ਦੇ ਮੁਖੀ ਦਾ ਨਾਂ ਲੈ ਕੇ ਉਸ ਨੂੰ ਆਪਣੀ ਸੁੱਤੀ ਪਈ ਘਰ ਵਾਲੀ ਨੂੰ ਜਗਾਉਣ ਸੰਬੰਧੀ ਮੋਹ ਭਰੇ ਬੋਲ ਬੋਲਦਾ ਹੈ। ਵਿਆਹੁਲੇ ਗਿੱਧੇ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇਸ ਪ੍ਰਕਿਰਿਆ ਰਾਹੀਂ ਔਰਤਾਂ ਤੇ ਮੁਟਿਆਰਾਂ ਮਾਨਸਿਕ ਤੇ ਸਰੀਰਕ ਤੌਰ `ਤੇ ਤਿਆਰ ਹੋ ਜਾਂਦੀਆਂ ਹਨ। ਜਾਗੋ ਕੱਢਣ ਸਮੇਂ ਨਾਨਕਿਆਂ ਵੱਲੋਂ ਆਈਆਂ ਮੇਲਣਾਂ ਜਿਵੇਂ ਮਾਸੀਆਂ ਤੇ ਮਾਮੀਆਂ ਦਾ ਖ਼ਾਸ ਮਹੱਤਵ ਹੁੰਦਾ ਹੈ। ਬਾਕੀ ਲੋਕ ਵੀ ਮੇਲ ਵਿੱਚ ਆਈਆਂ ਮਾਸੀਆਂ ਤੇ ਮਾਮੀਆਂ ਨੂੰ ਨੱਚਦਾ ਵੇਖਣਾ ਚਾਹੁੰਦੇ ਹਨ। ਕਈ ਵਾਰੀ ਪਿੰਡ ਦੇ ਹੋਰ ਲੋਕ ਵੀ ਦਰਸ਼ਕ ਦੇ ਤੌਰ `ਤੇ ਜਾਗੋ ਵਿੱਚ ਸ਼ਾਮਲ ਹੋ ਜਾਂਦੇ ਹਨ। ਇਹਨਾਂ ਵਿੱਚ ਬੱਚੇ, ਬੁੱਢੇ, ਨੌਜਵਾਨ ਆਦਿ ਹਰ ਉਮਰ ਦੇ ਦਰਸ਼ਕ ਸ਼ਾਮਲ ਹੁੰਦੇ ਹਨ ਅਤੇ ਇਹ ਦਰਸ਼ਕ ਨਾਨਕਿਆਂ-ਦਾਦਕਿਆਂ ਵੱਲੋਂ ਕੱਢੀ ਜਾ ਰਹੀ ਜਾਗੋ ਦਾ ਭਰਪੂਰ ਅਨੰਦ ਮਾਣਦੇ ਹਨ।
ਜਾਗੋ ਨੂੰ ਮਰਦ-ਪ੍ਰਧਾਨ ਸਮਾਜ ਵਿੱਚ ਔਰਤਾਂ ਉੱਪਰ ਲਗਾਈਆਂ ਪਾਬੰਦੀਆਂ ਦਾ ਪ੍ਰਤੀਕ ਵੀ ਮੰਨਿਆ ਜਾਂਦਾ ਹੈ। ਵਿਦਵਾਨਾਂ ਦਾ ਵਿਚਾਰ ਹੈ ਕਿ ਔਰਤ ਉਪਰ ਲਗਾਈਆਂ ਬੰਦਿਸ਼ਾਂ ਅਤੇ ਪਾਬੰਦੀਆਂ ਨੂੰ ਘੱਟ ਕਰਨ ਲਈ ਜਾਗੋ ਵਰਗੇ ਮੌਕੇ ਹੋਂਦ ਵਿੱਚ ਆਏ ਹਨ। ਇਹੋ ਕਾਰਨ ਹੈ ਕਿ ਜਾਗੋ ਕੱਢਣ ਵੇਲੇ ਔਰਤਾਂ ਅਤੇ ਮੁਟਿਆਰਾਂ ਆਪਣੀਆਂ ਦੱਬੀਆਂ ਹੋਈਆਂ ਭਾਵਨਾਵਾਂ ਤੇ ਅਰਮਾਨਾਂ ਦਾ ਇਜ਼ਹਾਰ ਕਰਦੀਆਂ ਹਨ। ਉਹ ਇਸ ਸਮੇਂ ਨੈਤਿਕਤਾ ਦੀਆਂ ਹੱਦਾਂ ਨੂੰ ਵੀ ਤੋੜ ਦਿੰਦੀਆਂ ਹਨ। ਅਜਿਹੇ ਸਮੇਂ ਉਹਨਾਂ ਵਿਚਲੀ ‘ਸੁਤੰਤਰ` ਔਰਤ ਜਾਗ ਪੈਂਦੀ ਹੈ। ਜਾਗੋ ਕੱਢਣ ਸਮੇਂ ਔਰਤਾਂ ਤੇ ਮੁਟਿਆਰਾਂ ਜਿਹੜੇ ਗੀਤ ਗਾਉਂਦੀਆਂ ਅਤੇ ਤਮਾਸ਼ੇ ਕਰਦੀਆਂ ਹਨ, ਇਹਨਾਂ ਗੀਤਾਂ ਤੇ ਤਮਾਸ਼ਿਆਂ ਵਿੱਚ ਉਹਨਾਂ ਦੀਆਂ ਦੱਬੀਆਂ ਹੋਈਆਂ ਭਾਵਨਾਵਾਂ, ਇੱਛਾਵਾਂ, ਲੋੜਾਂ ਅਤੇ ਅਰਮਾਨਾਂ ਦੀ ਪੂਰਤੀ ਦ੍ਰਿਸ਼ਟੀਗੋਚਰ ਹੁੰਦੀ ਹੈ। ਉਦਾਹਰਨ ਦੇ ਤੌਰ `ਤੇ ਜਾਗੋ ਦਾ ਹੇਠ ਲਿਖਿਆ ਗੀਤ ਵੇਖਿਆ ਜਾ ਸਕਦਾ ਹੈ :
ਲੰਬੜਾ ਜੋਰੂ ਜਗਾ ਲੈ ਵੇ,
ਹੁਣ ਜਾਗੋ ਆਈ ਐ।
ਚੁੱਪ ਕਰ ਬੀਬੀ,
ਮਸਾਂ ਸਵਾਈ ਐ,
ਲੋਰੀ ਦੇ ਕੇ ਪਾਈ ਐ,
ਉੱਠ ਖੜੂਗੀ,
ਅੜੀ ਕਰੂਗੀ,
ਚੁੱਕਣੀ ਪਊਗੀ,
ਜਾਗੋ ਆਈ ਐ।
ਸੁੱਤੀ ਨੂੰ ਜਗਾ ਲੈ ਵੇ,
ਰੁੱਸੀ ਨੂੰ ਮਨਾ ਲੈ ਵੇ,
ਸੋਨ ਚਿੜੀ ਗਲ ਲਾ ਲੈ ਵੇ,
ਹੁਣ ਜਾਗੋ ਆਈ ਐ।
ਇਸ ਤਰ੍ਹਾਂ ਜਾਗੋ ਸਮੇਂ ਔਰਤਾਂ ਆਪਣੇ ਸੰਕਲਪਾਤਮਿਕ ਰੂਪ ਵਿੱਚੋਂ ਬਾਹਰ ਨਿਕਲ ਕੇ ਨਿਰੋਲ ਔਰਤਾਂ ਹੁੰਦੀਆਂ ਹਨ ਅਤੇ ਜਾਗੋ ਉਪਰ ਬਲਦੇ ਚਿਰਾਗ਼ ਉਸ ਅੰਦਰਲੇ ਹਨੇਰੇ ਨੂੰ ਦੂਰ ਕਰਨ ਦੇ ਪ੍ਰਤੀਕ ਬਣ ਜਾਂਦੇ ਹਨ। ਜਾਗੋ ਦੇ ਜ਼ਰ੍ਹੀਏ ਔਰਤਾਂ ਆਪਣੇ ਭਾਵਾਂ ਰਾਹੀਂ ਆਪਣੇ ਮਨ ਅੰਦਰ ਦੱਬੇ ਅਰਮਾਨਾਂ ਨੂੰ ਬਾਹਰ ਕੱਢਣ ਦਾ ਯਤਨ ਕਰਦੀਆਂ ਹਨ। ਇਸੇ ਤਰ੍ਹਾਂ ਜਾਗੋ ਕੱਢਣ ਦੌਰਾਨ ਬਲਦੇ ਦੀਵਿਆਂ ਵਿੱਚ ਤੇਲ ਪਾਉਣ ਦਾ ਪ੍ਰਤੀਕ ਸਮੂਹ ਔਰਤਾਂ ਦੀ ਮਨੋਦਸ਼ਾ ਨੂੰ ਪ੍ਰਗਟ ਕਰਦਾ ਹੈ। ਜਾਗੋ ਕੱਢਣ ਸਮੇਂ ਔਰਤਾਂ ਘਰਾਂ ਦੇ ਚੁਲ੍ਹੇ ਢਾਹੁੰਦੀਆਂ ਹਨ, ਜਿਸ ਨੂੰ ਮਰਦ- ਪ੍ਰਧਾਨ ਸਮਾਜ ਵੱਲੋਂ ਉਸਾਰੇ ਗਏ ਪਰਿਵਾਰਿਕ ਸੰਗਠਨ ਦੀ ਪਹਿਲੀ ਕੜੀ ਨੂੰ ਤੋੜ ਕੇ ਸਮਾਜਿਕ ਬੰਧਨਾਂ ਤੋਂ ਮੁਕਤ ਹੋਣ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇਸ ਮੌਕੇ `ਤੇ ਖੁਰਲੀਆਂ ਨੂੰ ਤੋੜਨਾ ਵੀ ਮਰਦ ਵੱਲੋਂ ਉਸਾਰਿਆ ਗਿਆ ਸਮਾਜਿਕ ਪ੍ਰਬੰਧ ਨੂੰ ਤੋੜਨ ਦਾ ਪ੍ਰਤੀਕ ਸਮਝਿਆ ਜਾਂਦਾ ਹੈ। ਇਸੇ ਤਰ੍ਹਾਂ ਘਰਾਂ ਦੇ ਪਰਨਾਲੇ ਢਾਹੁਣਾ, ਖੂਹ ਦੀਆਂ ਟਿੰਡਾਂ ਖੂਹ ਵਿੱਚ ਸੁੱਟਣਾ ਆਦਿ ਪ੍ਰਤੀਕ ਵੀ ਮਰਦ- ਪ੍ਰਧਾਨ ਸਮਾਜ ਵਿੱਚ ਔਰਤ ਦੁਆਰਾ ਸਮਾਜਿਕ-ਸੰਗਠਨ ਦੀ ਉਲੰਘਣਾ ਕਰਦੇ ਨਜ਼ਰ ਆਉਂਦੇ ਹਨ। ਮਰਦ ਵੱਲੋਂ ਉਸਾਰੇ ਗਏ ਖੇਤੀ-ਬਾੜੀ ਅਤੇ ਉਪਜੀਵਿਕਾ ਦੇ ਸਾਧਨਾਂ ਨੂੰ ਤਬਾਹ ਕਰਨ ਦਾ ਮਤਲਬ ਮਰਦ-ਪ੍ਰਧਾਨ ਸਮਾਜ ਵਿਰੁੱਧ ਬਗ਼ਾਵਤ ਦੀ ਨਿਸ਼ਾਨੀ ਹੈ। ਇਹੋ ਕਾਰਨ ਹੈ ਕਿ ਜਾਗੋ ਦੇ ਗੀਤਾਂ ਅਤੇ ਤਮਾਸ਼ਿਆਂ ਵਿੱਚ ਪ੍ਰਯੁਕਤ ਹੋਏ ਚਿੰਨ੍ਹ ਤੇ ਪ੍ਰਤੀਕ ਸਮਾਜਿਕ ਵਿਰੋਧ ਵਾਲੇ ਤੇ ਕ੍ਰਾਂਤੀਕਾਰੀ ਹੁੰਦੇ ਹਨ।
ਲੇਖਕ : ਭੀਮ ਇੰਦਰ ਸਿੰਘ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 25432, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no
ਜਾਗੋ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਜਾਗੋ (ਨਾਂ,ਇ) ਵਿਆਹ ਸਮੇਂ ਵਲਟੋਹੀ ’ਤੇ ਦੀਵੇ ਜਗਾ ਕੇ ਇਸਤਰੀਆਂ ਵੱਲੋਂ ਨੱਚਿਆ ਜਾਣ ਵਾਲਾ ਨਾਚ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 25410, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਜਾਗੋ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਜਾਗੋ [ਨਾਂਇ] ਬਲਦੇ ਦੀਵੇ ਸਿਰ ਉੱਤੇ ਰੱਖ ਕੇ ਗੀਤ ਗਾਉਂਦੇ ਹੋਏ ਫੇਰੀ ਕੱਢਣ ਦਾ ਭਾਵ; ਵਿਆਹ ਦੀ ਇੱਕ ਰਸਮ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 25389, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਜਾਗੋ ਸਰੋਤ :
ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ
ਜਾਗੋ : ਵਿਆਹ ਨਾਲ ਸਬੰਧਤ ਇਕ ਗੀਤ ਜਿਸ ਵਿਚ ਵਿਆਹ ਤੋਂ ਪਹਿਲੀ ਰਾਤ ਔਰਤਾਂ ਕਿਸੇ ਘੜੇ ਉੱਤੇ ਦੀਵਾ ਬਾਲ ਕੇ ਵਰ ਜਾਂ ਕੰਨਿਆ ਦੀ ਭਰਜਾਈ ਦੇ ਸਿਰ ਤੇ ਚੁਕਾ ਕੇ ਗਲੀਆਂ ਵਿਚ ਗੀਤ ਗਾਉਂਦੀਆਂ ਫਿਰਦੀਆਂ ਹਨ। ਪਿੰਡ ਵਿਚ ਤਾਂ ਸਾਰੇ ਪਿੰਡ ਦੀ ਹੀ ਪਰਿਕਰਮਾ ਕੀਤੀ ਜਾਂਦੀ ਹੈ। ਲੋਕ ਮਤ ਹੈ ਕਿ ਅਜਿਹਾ ਕਰਨ ਨਾਲ ਪ੍ਰੇਤ ਰੂਹਾਂ ਪਿੰਡ ਜਾਂ ਨਗਰ ਤੋਂ ਦੂਰ ਭਜ ਜਾਂਦੀਆਂ ਹਨ ਅਤੇ ਵਿਆਹ ਵਾਲੀ ਕੰਨਿਆ ਜਾਂ ਲਾੜੇ ਨੂੰ ਕੋਈ ਨੁਕਸਾਨ ਨਹੀਂ ਹੁੰਦਾ। ਦੀਵਾ ਰੌਸ਼ਨੀ ਦਾ ਘੜਾ ਜਾਂ ਵਲਟੋਹੀ ਕਾਇਆ ਦਾ ਅਤੇ ਉਸ ਵਿਚ ਭਰਿਆ ਪਾਣੀ ਦੈਵੀ ਸ਼ਕਤੀ ਦਾ ਪ੍ਰਤੀਕ ਹੈ। ਇਨ੍ਹਾਂ ਦਾ ਸੰਗਮ ਆਲੌਕਿਕ ਸ਼ਕਤੀ ਦਾ ਸੰਚਾਰ ਕਰਦਾ ਹੈ। ਜਾਗੋ ਨਾਲ ਸਬੰਧਤ ਕਈ ਗੀਤ ਪ੍ਰਚੱਲਿਤ ਹਨ:–
ਜੱਟਾ ! ਜਾਗ ਪੈ ਬਈ ਹੁਣ ਜਾਗੋ ਆਈ ਐ।
ਸ਼ਾਵਾ ਬਈ ਹੁਣ ਜਾਗੋ ਆਈ ਐ ।
ਚੁੱਪ ਕਰ ਬੀਬੀ ਮਸਾਂ ਸੁਆਈ ਐ
ਲੋਰੀ ਦੇ ਕੇ ਪਾਈ ਐ
ਉਠ ਖੜੂਗੀ
ਅੜੀ ਕਰੂਗੀ
ਚੱਕਣੀ ਪਊਗੀ
ਸ਼ਾਵਾ ਬਈ ਹੁਣ ਜਾਗੋ ਆਈ ਐ ।
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 13999, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-08-29-04-07-16, ਹਵਾਲੇ/ਟਿੱਪਣੀਆਂ: ਹ. ਪੁ. –ਪੰ. ਰੰਧਾਵਾ; ਪੰ. ਲੋ. ਵਿ. ਕੋ.
ਵਿਚਾਰ / ਸੁਝਾਅ
Please Login First