ਜਾਪੁ ਸਾਹਿਬ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਜਾਪੁ ਸਾਹਿਬ [ਨਿਨਾਂ] (ਗੁਰ) ਗੁਰਬਾਣੀ ਦੇ ਇੱਕ ਪਾਠ ਦਾ ਨਾਮ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 11369, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਜਾਪੁ ਸਾਹਿਬ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਜਾਪੁ ਸਾਹਿਬ (ਬਾਣੀ): ‘ਦਸਮ ਗ੍ਰੰਥ ’ ਵਿਚ ਸੰਕਲਿਤ ਇਕ ਮਹੱਤਵਪੂਰਣ ਬਾਣੀ ਜਿਸ ਦੇ ਕਰਤ੍ਰਿਤਵ ਸੰਬੰਧੀ ਕੋਈ ਵਿਵਾਦ ਨਹੀਂ ਹੈ। ਦਸਮ ਗ੍ਰੰਥ ਦੀਆਂ ਪੁਰਾਣੀਆਂ ਜਾਂ ਨਵੀਆਂ ਹਰ ਤਰ੍ਹਾਂ ਦੀਆਂ ਬੀੜਾਂ ਵਿਚ ਇਸ ਬਾਣੀ ਨੂੰ ਪ੍ਰਥਮ ਸਥਾਨ ਦਿੱਤਾ ਗਿਆ ਹੈ। ਜਿਵੇਂ ਕਿ ਇਸ ਦੇ ਨਾਂ ਤੋਂ ਸਪੱਸ਼ਟ ਹੈ, ਇਸ ਦੀ ਰਚਨਾ ਜਪ ਕਰਨ ਲਈ ਕੀਤੀ ਗਈ ਸੀ। ਸਿੱਖ ਧਰਮ ਦੀ ਮਰਯਾਦਾ ਅਨੁਸਾਰ ਇਸ ਦਾ ਪਾਠ ਸਵੇਰੇ (ਅੰਮ੍ਰਿਤ ਵੇਲੇ) ਕੀਤਾ ਜਾਂਦਾ ਹੈ। ਇਹ ਬਾਣੀ ਅੰਮ੍ਰਿਤ -ਸੰਚਾਰ ਵੇਲੇ ਪੜ੍ਹੀਆਂ ਜਾਣ ਵਾਲੀਆਂ ਬਾਣੀਆਂ ਵਿਚ ਵੀ ਸ਼ਾਮਲ ਹੈ। ਇਸ ਨਾਲ ‘ਜੀ’ ਅਤੇ ‘ਸਾਹਿਬ’ ਪਦ ਸਤਿਕਾਰ ਵਜੋਂ ਜੋੜੇ ਜਾਂਦੇ ਹਨ।

            ਇਸ ਦੀ ਰਚਨਾ ਕਦ ਹੋਈ ? ਇਸ ਬਾਰੇ ਕੋਈ ਗੱਲ ਪੱਕੇ ਤੌਰ ’ਤੇ ਭਾਵੇਂ ਨਹੀਂ ਕਹੀ ਜਾ ਸਕਦੀ, ਪਰ ਇਤਨਾ ਸਪੱਸ਼ਟ ਹੈ ਕਿ ਅੰਮ੍ਰਿਤ ਦੀਆਂ ਪੰਜ ਬਾਣੀਆਂ ਵਿਚ ਇਸ ਦੇ ਸ਼ਾਮਲ ਹੋਣ ਕਾਰਣ ਇਸ ਦੀ ਰਚਨਾ ਅੰਮ੍ਰਿਤ ਸੰਚਾਰ ਦੀ ਇਤਿਹਾਸਿਕ ਘਟਨਾ (1756 ਬਿ.—1699 ਈ.) ਤੋਂ ਕਾਫ਼ੀ ਪਹਿਲਾਂ ਜ਼ਰੂਰ ਹੋ ਚੁਕੀ ਹੋਵੇਗੀ ਅਤੇ ਸਿੱਖਾਂ ਵਿਚ ਇਸ ਦਾ ਪਾਠ ਕਰਨ ਅਤੇ ਸੁਣਨ ਦੀ ਪਰੰਪਰਾ ਚਲ ਪਈ ਹੋਵੇਗੀ। ਇਸ ਬਾਣੀ ਦੇ ਸਰੂਪ ਤੋਂ ਇੰਜ ਪ੍ਰਤੀਤ ਹੁੰਦਾ ਹੈ ਕਿ ਇਹ ਗੁਰੂ ਸਾਹਿਬ ਨੂੰ ਸਹਿਜ ਸੁਭਾਵਿਕ ਆਪਣੇ ਆਪ ਉਤਰੀ ਹੋਵੇਗੀ। ਇਸ ਦੀ ਸ਼ਬਦਾਵਲੀ ਅਤੇ ਗਤਿ- ਮਾਨਤਾ ਇਤਨੀ ਨਿਰੰਤਰ ਅਤੇ ਅਰੁਕ ਹੈ ਕਿ ਪਰਮਾਤਮਾ ਦੇ ਗੁਣ-ਵਾਚਕ ਸ਼ਬਦ ਸੰਗਲੀ ਦੀਆਂ ਕੜੀਆਂ ਵਾਂਗ ਇਕ ਦੂਜੇ ਵਿਚ ਪਰੁਚੇ ਹੋਏ ਪ੍ਰਤੀਤ ਹੁੰਦੇ ਹਨ। ਸਚਮੁਚ ਇਹ ਪਰਮਾਤਮਾ ਦੇ ਕਰਮ ਪ੍ਰਧਾਨ ਗੁਣਾਂ ਦੀ ਲੰਮੀ ਮਾਲਾ ਹੈ ਜਿਸ ਦੇ ਪਾਠ ਵਿਚ ਜਿਗਿਆਸੂ ਦੀ ਸੁਰਤਿ ਟਿਕਦੀ ਹੈ।

            ਇਸ ਬਾਣੀ ਵਿਚ ਪਰਮਾਤਮਾ ਦੇ ਨਿਰਗੁਣੀ ਸਰੂਪ ਨੂੰ ਸਪੱਸ਼ਟ ਕੀਤਾ ਗਿਆ ਹੈ। ਉਹ ਨਿਰਵਿਕਾਰ, ਨਿਰਾਕਾਰ, ਸਰਬਸ਼ਕਤੀਵਾਨ, ਸੰਸਾਰਿਕ ਪ੍ਰਪੰਚ ਦੀਆਂ ਸੀਮਾਵਾਂ ਤੋਂ ਉੱਚਾ ਹੈ। ਉਹ ਸਿਰਜਕ ਦੇ ਨਾਲ ਨਾਲ ਵਿਨਾਸ਼ਕ ਵੀ ਹੈ। ਉਹ ਸੁੰਦਰ ਅਤੇ ਭਿਆਨਕ ਰੂਪਾਂ ਦਾ ਧਾਰਨੀ ਹੈ। ਉਹ ਦਿਆਲੂ ਅਤੇ ਕਠੋਰ ਦੋਹਾਂ ਤਰ੍ਹਾਂ ਦੀਆਂ ਸਿਫ਼ਤਾਂ ਦਾ ਮਾਲਕ ਹੈ। ਇਸ ਵਿਚ ਵਰਣਿਤ ਪਰਮਾਤਮਾ ਦੀਆਂ ਸਿਫ਼ਤਾਂ ਜਾਂ ਗੁਣਾਂ ਤੋਂ ਇਹ ਸ਼ੰਕਾ ਉਠ ਸਕਦੀ ਹੈ ਕਿ ਨਿਰਗੁਣ ਪਰਮਾਤਮਾ ਵਿਚ ਗੁਣਾਂ ਦੀ ਕਲਪਨਾ ਕਿਵੇਂ ਕੀਤੀ ਜਾ ਸਕਦੀ ਹੈ ? ਪਰ ਧਿਆਨ ਰਹੇ ਕਿ ਇਥੇ ਨਿਰਗੁਣ ਤੋਂ ਭਾਵ ਹੈ ਤ੍ਰੈਗੁਣ (ਸਤੋ, ਰਜੋ ਅਤੇ ਤਮੋ) ਅਤੀਤ, ਇਨ੍ਹਾਂ ਤਿੰਨਾਂ ਗੁਣਾਂ ਦੇ ਪ੍ਰਭਾਵ ਤੋਂ ਪਰੇ। ਇਸ ਲਈ ਨਿਰਗੁਣ ਅਤੇ ਸਗੁਣ (ਸਰਗੁਣ) ਦੇ ਸਿੱਧਾਂਤਿਕ ਘੇਰੇ ਨਾਲ ਇਨ੍ਹਾਂ ਗੁਣਾਂ ਦਾ ਸੰਬੰਧ ਨਹੀਂ ਹੈ। ਇਹ ਤਾਂ ਉਸ ਪਰਮਾਤਮਾ ਦੁਆਰਾ ਕੀਤੇ ਜਾ ਰਹੇ ਕਰਮਾਂ ਦੇ ਆਧਾਰ’ਤੇ ਕਲਪਿਤ ਗੁਣ-ਵਾਚਕ ਨਾਂ ਜਾਂ ਵਿਸ਼ੇਸ਼ਣ ਹਨ।

            ਪਰਮਾਤਮਾ ਦੇ ਸਰੂਪ ਸੰਬੰਧੀ ਅਧਿਆਤਮਿਕ ਜਗਤ ਵਿਚ ਪ੍ਰਚਲਿਤ ਦੋ ਧਾਰਣਾਵਾਂ—ਨਿਰਗੁਣ ਅਤੇ ਸਗੁਣ—ਵਿਚੋਂ ਸਿੱਖ ਧਰਮ ਦੇ ਮੋਢੀ ਗੁਰੂ, ਗੁਰੂ ਨਾਨਕ ਦੇਵ ਜੀ, ਨੇ ਨਿਰਗੁਣ ਬ੍ਰਹਮ ਦੀ ਉਪਾਸਨਾ ਦਾ ਪ੍ਰਚਾਰ- ਪ੍ਰਸਾਰ ਕੀਤਾ। ਇਹੀ ਭਾਵਨਾ ਬਾਦ ਵਿਚ ਹੋਏ ਗੁਰੂ ਸਾਹਿਬਾਨ ਨੇ ਅਪਣਾਈ। ਇਸੇ ਭਾਵਨਾ ਦੀ ਸਥਾਪਨਾ ਦਸਮ ਗੁਰੂ ਨੇ ‘ਜਾਪੁ’ ਵਿਚ ਕੀਤੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਆਰੰਭ ਵਿਚ ਲਿਖੇ ਮੂਲ-ਮੰਤ੍ਰ ਦੀ ਵਿਆਖਿਆ ‘ਜਪੁ’ ਬਾਣੀ ਅਤੇ ਸਮੁੱਚੀ ਗੁਰਬਾਣੀ ਵਿਚ ਹੋਈ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਮੂਲ-ਮੰਤ੍ਰ ਦੀ ਵਿਆਖਿਆ ਆਪਣੀ ਰੁਚੀ ਅਨੁਸਾਰ ਵਖਰੀ ਰਚਨਾ-ਸ਼ੈਲੀ ਵਿਚ ਸਮੁੱਚੇ ‘ਜਾਪੁ’ ਵਿਚ ਕੀਤੀ ਹੈ। ਨਮਸਤੰ ਸੁ ਏਕੈ ਵਿਚ ਪਰਮਾਤਮਾ ਦੇ ‘ਇਕ’ ਹੋਣ ਦੀ ਗੱਲ ਸਪੱਸ਼ਟ ਹੁੰਦੀ ਹੈ। ‘ਓਅੰਕਾਰ ’ ਦੀ ਪੁਸ਼ਟੀ ਓਅੰਕਾਰ ਆਦਿ ਕਥਨ ਤੋਂ ਹੋ ਜਾਂਦੀ ਹੈ। ‘ਸਤਿਨਾਮ ’ ਦੀ ਗੱਲ ਸਦੈਵੰ ਸਰੂਪ ਹੈ ਤੋਂ ਸਪੱਸ਼ਟ ਹੁੰਦੀ ਹੈ। ਉਹ ਪਰਮਾਤਮਾ ਕਰਤਾ-ਪੁਰਖ ਵੀ ਹੈ— ਸਰਬੰ ਕਰਤਾ, ਜਗ ਕੇ ਕਰਨ ਹੈ, ਅਜੋਨ ਪੁਰਖ ਅਪਾਰ ਆਦਿ ਉਕਤੀਆਂ ਤੋਂ ਇਸ ਦਾ ਸਮਰਥਨ ਹੋ ਜਾਂਦਾ ਹੈ। ‘ਨਿਰਭਉਗੁਣ ਦੀ ਪੁਸ਼ਟੀ ਵਜੋਂ ‘ਜਾਪੁ’ ਵਿਚ ਅਨਭਉ ਅਤੇ ਅਭੈ ਸ਼ਬਦ ਵਰਤੇ ਗਏ ਹਨ। ਸਤ੍ਰੈ ਮਿਤ੍ਰੈ ਕਥਨ ਰਾਹੀਂ ਪਰਮਾਤਮਾ ਦਾ ਨਿਰਵੈਰ ਰੂਪ ਉਘੜਦਾ ਹੈ। ਪਰਮਾਤਮਾ ਲਈ ‘ਅਕਾਲ ’ ਸ਼ਬਦ ਦੀ ਵਰਤੋਂ ‘ਜਾਪੁ’ ਵਿਚ ਅਨੇਕ ਥਾਂਵਾਂ ਉਤੇ ਹੋਈ ਹੈ। ਉਸ ਨੂੰ ਆਦਿ ਰੂਪ ਅਨਾਦ ਮੂਰਤਿ ਅਜੋਨ ਪੁਰਖ ਅਪਾਰ ਕਹਿ ਕੇ ‘ਮੂਰਤਿ’ ਸੰਕਲਪ ਵੀ ਸਪੱਸ਼ਟ ਕਰ ਦਿੱਤਾ ਗਿਆ ਹੈ। ‘ਅਜੂਨੀ’ ਸੰਕਲਪ ਦਾ ਸਮਰਥਨ ‘ਅਜੋਨ ’ ਸ਼ਬਦ ਰਾਹੀਂ ਹੋਇਆ ਹੈ। ਪਰਮਾਤਮਾ ਦੇ ‘ਸੈਭੰ ’ ਦੀ ਗੱਲ ਵੀ ‘ਜਾਪੁ’ ਵਿਚ ਹੋਈ ਹੈ— ਸਯੰਭਵ ਸੁਭੰ ਸਰਬਦਾ ਸਰਬ ਜੁਗਤੇ ਸਪੱਸ਼ਟ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਮੂਲ-ਮੰਤ੍ਰ ਦੇ ਸਿੱਧਾਂਤਾਂ ਦੀ ਪੁਨਰ-ਸਥਾਪਨਾ ਕੀਤੀ ਹੈ।

     ਪਰਮਾਤਮਾ ਨੂੰ ਨਿਰਗੁਣ ਮੰਨਦੇ ਹੋਇਆਂ ਗੁਰੂ ਜੀ ਨੇ ‘ਜਾਪੁ’ ਦੇ ਆਰੰਭਿਕ ਛਪੇ ਛੰਦ ਵਿਚ ਸਪੱਸ਼ਟ ਕੀਤਾ ਹੈ ਕਿ ਪਰਮਾਤਮਾ ਦਾ ਸਰੂਪ ਸੰਸਾਰਿਕ ਵਸਤੂਆਂ ਦੀ ਤੁਲਨਾ ਦੀ ਪਕੜ ਤੋਂ ਬਾਹਰ ਹੈ। ਉਸ ਦਾ ਕੋਈ ਚਕ੍ਰ , ਚਿੰਨ੍ਹ , ਵਰਣ , ਜਾਤਿ-ਪਾਤਿ, ਰੂਪ, ਰੰਗ , ਰੇਖ-ਭੇਖ ਆਦਿ ਨਹੀਂ ਹੈ। ਇਸ ਲਈ ਉਹ ਵਰਣਨ ਤੋਂ ਪਰੇ ਹੈ। ਉਹ ਅਚਲ ਸਰੂਪ, ਸੁਤੈ-ਸਿਧ ਪ੍ਰਕਾਸ਼ਮਾਨ ਅਤੇ ਅਸੀਮ ਓਜ ਵਾਲਾ ਹੈ। ਉਹ ਕਰੋੜਾਂ ਇੰਦ੍ਰਾਂ ਦਾ ਇੰਦ੍ਰ, ਬਾਦਸ਼ਾਹਾਂ ਦਾ ਬਾਦਸ਼ਾਹ ਹੈ। ਸੰਸਾਰ ਦੀਆਂ ਸਾਰੀਆਂ ਸ਼ਕਤੀਆਂ ਉਸ ਨੂੰ ‘ਨੇਤਿ ਨੇਤਿ’ ਕਹਿ ਕੇ ਬਸ ਕਰ ਜਾਂਦੀਆਂ ਹਨ। ਉਹ ਪਰਮ ਸੱਤਾ ਸਭ ਨੂੰ ਜਾਣਦੀ ਹੈ, ਸਭ ਭੇਖਾਂ ਤੋਂ ਉੱਚੀ ਹੈ। ਉਸ ਦੇ ਸਰੂਪ ਦਾ ਚਿਤ੍ਰਣ ਸ਼ਾਸਤ੍ਰ, ਵੇਦ , ਪੁਰਾਣ ਆਦਿ ਨਹੀਂ ਕਰ ਸਕਦੇ। ਸੰਸਾਰ ਰਚਨਾ ਦਾ ਮੂਲ ਮੁੱਦਾ ਇਕ ਤੋਂ ਅਨੇਕ ਹੋਣ ਦਾ ਹੈ। ਇਸ ਦ੍ਰਿਸ਼ਮਾਨ ਏਕਤਾ ਵਿਚ ਮੂਲ ਜਾਂ ਬੁਨਿਆਦੀ ਤੱਤ੍ਵ ਇਕ ਹੀ ਹੈ। ਸੋਨੇ ਤੋਂ ਗਹਿਣੇ ਬਣਨ ਵਾਂਗ, ਮਿੱਟੀ ਤੋਂ ਬਰਤਨ ਘੜਨ ਵਾਂਗ, ਜਲ ਤੋਂ ਜਲ-ਤਰੰਗ ਪੈਦਾ ਹੋਣ ਵਾਂਗ ਸਾਰੀਆਂ ਵਸਤੂਆਂ ਆਪਣਾ ਵਖਰਾ ਵਖਰਾ ਰੂਪ ਧਾਰ ਕੇ ਅੰਤ ਵਿਚ ਆਪਣੇ ਮੂਲ ਤੱਤ੍ਵ ਵਿਚ ਹੀ ਸਮਾ ਜਾਂਦੀਆਂ ਹਨ। ਅਨੇਕਤਾ ਦਾ ਕੇਵਲ ਅਹਿਸਾਸ ਹੈ, ਪਰ ਇਹ ਯਥਾਰਥ ਨਹੀਂ, ਵਾਸਤਵਿਕ ਸੱਤਾ ਤਾਂ ਇਕ ਹੀ ਹੈ— ਅਨੇਕ ਹੈਂ ਫਿਰ ਏਕ ਹੈਂ ਗੁਰੂ ਜੀ ਦੀ ਧਾਰਣਾ ਹੈ ਕਿ ਉਸ ਇਕ ਪਰਮਾਤਮਾ ਨੇ, ਜੋ ਅਨੇਕ ਰੂਪ ਧਾਰਣ ਕੀਤੇ ਹੋਏ ਹਨ, ਉਹ ਅਸਲੋਂ ਇਕੋ ਮੂਰਤ ਦੇ ਅਨੇਕ ਦਰਸ਼ਨ ਹਨ। ਪਰਮਾਤਮਾ ਬਾਜੀਗਰ ਵਾਂਗ ਸੰਸਾਰਿਕ ਪ੍ਰਪੰਚ ਦੀ ਖੇਡ ਰਚਦਾ ਹੈ, ਖੇਡ ਖੇਡਣ ਉਪਰੰਤ ਬਾਜੀਗਰ ਵਾਂਗ ਸਾਰੇ ਵਿਖਾਵੇ ਨੂੰ ਸਮੇਟ ਲੈਂਦਾ ਹੈ, ਅਰਥਾਤ ਆਪਣੇ ਵਿਚ ਲੀਨ ਕਰ ਲੈਂਦਾ ਹੈ :

ਏਕੁ ਮੂਰਤਿ ਅਨੇਕ ਦਰਸਨ ਕੀਨ ਰੂਪ ਅਨੇਕ

   ਖੇਲ ਖੇਲ ਅਖੇਲ ਖੇਲਨ ਅੰਤ ਕੋ ਫਿਰ ਏਕੁ੮੧

            ਅਸਲ ਵਿਚ, ਹਰ ਪ੍ਰਕਾਰ ਦੇ ਪਰਸਪਰ ਵਿਰੋਧੀ ਦਿਸਣ ਵਾਲੇ ਸਰੂਪ ਪਰਮਾਤਮਾ ਦਾ ਵਖ ਵਖ ਢੰਗਾਂ ਨਾਲ ਹੋਇਆ ਪਸਾਰਾ ਹੀ ਹੈ। ਇਹ ਪਰਮਾਤਮਾ ਦੀ ਸਰਬ ਵਿਆਪਕਤਾ ਹੈ। ਉਹ ਸੰਸਾਰ ਦੇ ਜ਼ੱਰੇ ਜ਼ੱਰੇ ਵਿਚ ਰਮਿਆ ਹੋਇਆ ਹੈ। ਇਹ ਸਰਬ-ਵਿਆਪਕ ਸਰੂਪ ਹੀ ਨਿਰਗੁਣ ਸਰੂਪ ਦੀ ਆਧਾਰ-ਭੂਮੀ ਹੈ। ਇਸੇ ਕਰਕੇ ਗੁਰੂ ਜੀ ਨੇ ਪਰਮਾਤਮਾ ਦੇ ਲਗਭਗ ਸਾਰੇ ਵਾਚਕ ਨਾਂਵਾਂ ਨਾਲ ਉਸਤਤਿ ਕੀਤੀ ਹੈ।

            ਮੱਧ-ਯੁਗ ਦੇ ਸੰਤ ਸਾਹਿਤ ਅਤੇ ਗੁਰਬਾਣੀ ਵਿਚ ਪਰਮਾਤਮਾ ਦਾ ਸਰੂਪ ਅਧਿਕਤਰ ਸੌਮੑਯ ਜਾਂ ਕੋਮਲ ਰਿਹਾ ਹੈ। ਉਹ ਕ੍ਰਿਪਾਲੂ, ਦਿਆਲੂ, ਭਗਤ-ਵੱਛਲ, ਪ੍ਰਤਿਪਾਲਕ ਅਤੇ ਪਰ-ਉਪਕਾਰੀ ਹੈ। ਪਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਤਕ ਇਤਿਹਾਸਿਕ ਪਰਿਸਥਿਤੀਆਂ ਕਾਫ਼ੀ ਬਦਲ ਚੁਕੀਆਂ ਸਨ। ਆਤਮ ਰਖਿਆ ਦਾ ਪ੍ਰਸ਼ਨ ਸਾਹਮਣੇ ਸੀ। ਗੁਰੂ ਅਰਜਨ ਦੇਵ ਜੀ ਅਤੇ ਗੁਰੂ ਤੇਗ ਬਹਾਦਰ ਜੀ ਦੇ ਮਹਾ-ਬਲਿਦਾਨਾਂ ਨੇ ਸਿੱਖ ਸਮਾਜ ਨੂੰ ਝੰਜੋੜ ਦਿੱਤਾ ਸੀ। ਭੈ -ਭੀਤ ਅਤੇ ਘਬਰਾਏ ਹੋਏ ਲੋਕਾਂ ਦੇ ਮਨ ਵਿਚ ਵੀਰਤਾ ਦੀ ਭਾਵਨਾ ਦਾ ਸੰਚਾਰ ਕਰਨਾ ਅਤੇ ਧਰਮ-ਯੁੱਧ ਲਈ ਪ੍ਰੇਰਣਾ ਦੇਣਾ ਉਸ ਵਕਤ ਦੇ ਲੋਕ-ਨਾਇਕ ਗੁਰੂ ਗੋਬਿੰਦ ਸਿੰਘ ਜੀ ਤੋਂ ਜਨ-ਮਾਨਸ ਦੀ ਜ਼ੋਰਦਾਰ ਮੰਗ ਸੀ। ਲੋਕਾਂ ਦੀ ਨਬਜ਼ ਨੂੰ ਪਛਾਣਦੇ ਹੋਇਆਂ ਗੁਰੂ ਜੀ ਨੇ ਪਰਮਾਤਮਾ ਤੋਂ ਜਨਤਾ ਦੇ ਸੰਕਟ ਹਰਨ ਦੀ ਆਸ ਕੀਤੀ। ਪਰਮਾਤਮਾ ਦੇ ਕੋਮਲ ਰੂਪ ਦੇ ਨਾਲ ਜੁਝਾਰੂ ਰੂਪ ਦੀ ਕਲਪਨਾ ਜੁੜਨ ਲਗੀ ਅਤੇ ਭਗਤੀ ਦੇ ਨਾਲ ਸ਼ਕਤੀ ਦਾ ਮੇਲ ਹੋਣ ਲਗਾ

            ਭਾਰਤੀ ਧਾਰਮਿਕ ਸਾਹਿਤ ਵਿਚ ਪਰਮਾਤਮਾ ਦਾ ਸੰਘਾਰਕ ਪਖ ਰੁਦ੍ਰ ਰੂਪ ਰਾਹੀਂ ਪ੍ਰਗਟਾਇਆ ਗਿਆ ਹੈ। ਸੰਸਾਰ ਵਿਚ ਸੰਤੁਲਨ ਦੀ ਸਥਿਤੀ ਬਣਾਈ ਰਖਣ ਲਈ ਵਿਰੋਧੀ ਜਾਂ ਵਿਘਨਕਾਰੀ ਸ਼ਕਤੀਆਂ ਨੂੰ ਦਬਾਉਣਾ ਅਤਿ ਜ਼ਰੂਰੀ ਹੈ। ਇਨ੍ਹਾਂ ਸ਼ਕਤੀਆਂ ਨੂੰ ਅਸੁਰੀ ਜਾਂ ਰਾਖਸ਼ੀ ਸ਼ਕਤੀਆਂ ਕਿਹਾ ਜਾਂਦਾ ਹੈ। ‘ਭਗਵਦ ਗੀਤਾ’ ਦਾ ਸਿੱਧਾਂਤ ਹੈ ਕਿ ਧਰਮ ਦੀ ਹਾਨੀ ਅਤੇ ਅਧਰਮ ਦੇ ਵਾਧੇ ਨੂੰ ਰੋਕਣ ਲਈ ਕਿਸੇ ਈਸ਼ਵਰੀ ਸ਼ਕਤੀ ਦੀ ਦਖ਼ਲ-ਅੰਦਾਜ਼ੀ ਦੀ ਲੋੜ ਹੁੰਦੀ ਹੈ। ਇਸੇ ਭਾਵਨਾ ਨੇ ਅਵਤਾਰਵਾਦ ਨੂੰ ਜਨਮ ਦਿੱਤਾ। ਪਰਮਾਤਮਾ ਤੋਂ ਸੰਸਾਰਿਕ ਸੰਤੁਲਨ ਕਾਇਮ ਰਖਣ ਦੀ ਆਸ ਕੀਤੀ ਗਈ ਹੈ। ਇਸ ਲਈ ਕੋਮਲ ਰੂਪ ਦੇ ਨਾਲ ਨਾਲ ਸੰਘਾਰਕ ਰੂਪ ਦੀ ਕਲਪਨਾ ਕਰਕੇ ਗੁਰੂ ਗੋਬਿੰਦ ਸਿੰਘ ਜੀ ਨੇ ਪਰਮਾਤਮਾ ਦੇ ਅਸ਼ਾਂਤ ਜਾਂ ਭਿਆਨਕ ਰੂਪ ਦੀ ਸਥਾਪਨਾ ਕੀਤੀ ਹੈ। ਉਨ੍ਹਾਂ ਨੇ ਉਸ ਪਰਮਾਤਮਾ ਨੂੰ ਪ੍ਰਣਾਮ ਕੀਤਾ ਹੈ ਜੋ ਯੁੱਧਾਂ ਦਾ ਯੁੱਧ , ਯੁੱਧ ਦਾ ਕਰਤਾ ਅਤੇ ਸ਼ਾਂਤ ਰੂਪ ਵਾਲਾ ਹੈ। ਇਸ ਤਰ੍ਹਾਂ ਪਰਮਾਤਮਾ ਇਕੋ ਸਮੇਂ ਵਿਰੋਧੀ ਸ਼ਕਤੀਆਂ ਦਾ ਇਕ-ਸਮਾਨ ਸੁਆਮੀ ਹੈ।

      ਗੁਰੂ ਗੋਬਿੰਦ ਸਿੰਘ ਜੀ ਨੇ ‘ਜਾਪੁ’ ਆਦਿ ਰਚਨਾਵਾਂ ਵਿਚ ਪਰਮਾਤਮਾ ਦੇ ਨਾਂ ਵੀ ਵੀਰ-ਨਾਇਕਾਂ ਦੀ ਪਰੰਪਰਾ ਵਾਲੇ ਰਖੇ ਹਨ, ਜਿਵੇਂ ਅਸਿਪਾਣ, ਸਸਤ੍ਰਪਾਣ, ਅਸਿਧੁਜ, ਅਸਿਕੇਤੁ ਆਦਿ। ਉਸ ਪਰਮਾਤਮਾ ਨੂੰ ਕਲਿਆਣ- ਕਾਰੀ ਅਤੇ ਕਠੋਰ ਕਰਮ ਕਰਨ ਵਾਲਾ ਵੀ ਦਸਿਆ ਹੈ—ਨਮੋ ਨਿਤ ਨਰਾਇਣੇ ਕਰੂਰ ਕਰਮੈ ਉਹ ਸਭ ਨੂੰ ਜਿਤਣ ਵਾਲਾ ਅਤੇ ਸਭ ਨੂੰ ਭੈ ਦੇਣ ਵਾਲਾ ਹੈ—ਨਮੋ ਸਰਬ ਜੀਤੇ ਨਮੋ ਸਰਬ ਭੀਤੇ ਉਹ ਸੁੰਦਰ ਸਰੂਪ ਵਾਲਾ ਪੂਰਣ ਪੁਰਖ ਹੈ ਜੋ ਸਭ ਨੂੰ ਬਣਾਉਂਦਾ ਅਤੇ ਢਾਹੁੰਦਾ ਹੈ :

      ਪਰਮ ਰੂਪ ਪੁਨੀਤ ਮੂਰਤਿ ਪੂਰਨ ਪੁਰਖੁ ਅਪਾਰ

            ਸਰਬ ਬਿਸ੍ਵ ਰਚਿਓ ਸੁਯੰਭਵ ਗੜਨ ਭੰਜਨਹਾਰ੮੩

            ਇਸ ਰਚਨਾ ਵਿਚ ਪਰਮਾਤਮਾ ਨੂੰ ਨਾਸ਼ਕ ਇਸ ਲਈ ਮੰਨਿਆ ਗਿਆ ਹੈ ਕਿਉਂਕਿ ਉਸ ਵੇਲੇ ਵੈਰੀਆਂ ਨੂੰ ਨਾਸ਼ ਕਰਨਾ ਜਾਂ ਉਨ੍ਹਾਂ ਤੋਂ ਸੁਰਖਿਅਤ ਹੋਣਾ ਬੜਾ ਜ਼ਰੂਰੀ ਸੀ। ਇਸ ਲੋੜ ਦੀ ਪੂਰਤੀ ਲਈ ਹੀ ਪਰਮਾਤਮਾ ਦੇ ਸਰੂਪ -ਚਿਤ੍ਰਣ ਵਿਚ ਨਵਾਂ ਰੰਗ ਲਿਆਉਂਦਾ ਗਿਆ ਹੈ। ਸਮਾਜ ਵਿਚ ਪਸਰੇ ਅਨਾਚਾਰਾਂ ਕਰਕੇ ਪੈਦਾ ਹੋਈ ਮੰਦੀ ਹਾਲਤ ਨੂੰ ਸਾਂਵਿਆਂ ਕਰਨ ਲਈ ਗੋਸਵਾਮੀ ਤੁਲਸੀਦਾਸ ਨੂੰ ਜਿਵੇਂ ‘ਰਾਮ ਚਰਿਤ ਮਾਨਸ’ ਵਿਚ ਸ੍ਰੀ ਰਾਮ ਚੰਦਰ ਦੇ ਸਰੂਪ ਵਿਚ ਮਰਯਾਦਾ ਪੁਰਸ਼ੋਤਮ ਦੀ ਕਲਪਨਾ ਕਰਨੀ ਪਈ, ਮਹਾਤਮਾ ਸੂਰਦਾਸ ਨੂੰ ਸੰਸਾਰ ਵਿਚ ਪਸਰੀ ਵੈਰਾਗ ਦੀ ਅਤਿਵਾਦਿਤਾ ਖ਼ਤਮ ਕਰਨ ਲਈ ‘ਸੂਰਸਾਗਰ’ ਵਿਚ ਸ੍ਰੀ ਕ੍ਰਿਸ਼ਣ ਦੇ ਲੋਕ-ਰੰਜਨਕਾਰੀ ਸਰੂਪ ਦਾ ਚਿਤ੍ਰਣ ਕਰਨਾ ਪਿਆ, ਉਸੇ ਤਰ੍ਹਾਂ ਯੁਗ ਦੀਆਂ ਪਰਿਸਥਿਤੀਆਂ ਕਰਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਪਰਮਾਤਮਾ ਵਿਚ ਵੈਰੀ ਸੰਘਾਰਕ ਦੇ ਗੁਣਾਂ ਦੀ ਕਲਪਨਾ ਕਰਨੀ ਪਈ (ਰਿਪੁ ਤਾਪਨ ਹੈ, ਸਤ੍ਰੰ ਪ੍ਰਣਾਸੀ, ਅਰਿ ਘਾਲਯ ਹੈ, ਖਲ ਘਾਇਕ ਹੈ)।

            ਪਰਮਾਤਮਾ ਦੇ ਸਰੂਪ ਦੀ ਇਸ ਪ੍ਰਕਾਰ ਦੀ ਕਲਪਨਾ ਕਰਨ ਨਾਲ ਭੈ-ਭੀਤ ਸਮਾਜ ਵਿਚ ਵੈਰੀ ਦੇ ਨਸ਼ਟ ਹੋਣ ਦੀ ਉਦੋਂ ਆਸ ਬੱਝੀ ਸੀ ਅਤੇ ਸਿੱਖ ਸ਼ੂਰਵੀਰ ਆਸਵੰਤ ਹੋ ਕੇ ਅਤੇ ਪਰਮਾਤਮਾ ਨੂੰ ਆਪਣੇ ਪੱਖ ਵਿਚ ਪਾ ਕੇ ਉਤਸਾਹ-ਪੂਰਵਕ ਆਤਮ ਬਲ ਨਾਲ ਯੁੱਧ-ਭੂਮੀ ਵਿਚ ਆਪਣੇ ਜੌਹਰ ਵਿਖਾਉਣ ਦੇ ਸਮਰਥ ਹੋਏ ਸਨ। ਇਸ ਪ੍ਰਕਾਰ ਦੀ ਜੁਝਾਰੂ ਜਾਂ ਰੌਦ੍ਰ ਕਲਪਨਾ ਨਾਲ ਪਰਮਾਤਮਾ ਦੇ ਸੌਮੑਯ ਜਾਂ ਕੋਮਲ ਸਰੂਪ ਦਾ ਵਿਰੋਧ ਨਹੀਂ ਹੁੰਦਾ, ਸਗੋਂ ਉਸ ਦੇ ਦੋਵੇਂ ਪੱਖ ਸਾਹਮਣੇ ਆਉਂਦੇ ਹਨ। ਜਿਥੇ ਕਿਥੇ ਵੀ ਪਰਮਾਤਮਾ ਦਾ ਜੁਝਾਰੂ ਰੂਪ ਚਿਤਰਿਆ ਗਿਆ ਹੈ, ਉਥੇ ਨਾਲ ਹੀ ਸੌਮੑਯ ਰੂਪ ਵਿਚ ਸਪੱਸ਼ਟ ਕਰ ਦਿੱਤਾ ਗਿਆ ਹੈ। ਇਸ ਤਰ੍ਹਾਂ ਯੁਗ ਦੀਆਂ ਪਰਿਸਥਿਤੀਆਂ ਅਨੁਸਾਰ ਪਰਮਾਤਮਾ ਦੇ ਸਰਬ-ਪੱਖੀ ਸਰੂਪ ਦਾ ਚਿਤ੍ਰਣ ਹੋ ਸਕਿਆ ਹੈ। ਆਰੰਭਿਕ ਛਪੈ ਛੰਦ ਵਿਚ ਚਿਤਰੀ ਨਿਰਾਕਾਰ ਪਰਮ-ਸੱਤਾ ‘ਜਾਪੁ’ ਦੇ ਅੰਤ ਤਕ ਸੰਕਟ ਨੂੰ ਦੂਰ ਕਰਨ ਵਾਲੀ ਅਤੇ ਰਖਿਅਕ ਵੀ ਬਣ ਗਈ ਹੈ :

            ਦੁਕਾਲੰ ਪ੍ਰਣਾਸੀ ਦਿਆਲੰ ਸਰੂਪੈ

            ਸਦਾ ਅੰਗ ਸੰਗੇ ਅਭੰਗੰ ਬਿਭੂਤੇ੧੯੯

            ਇਸ ਰਚਨਾ ਵਿਚ ਗੁਰੂ ਜੀ ਨੇ ਪਰਮਾਤਮਾ ਦੇ ਸਰੂਪ-ਚਿਤ੍ਰਣ ਲਈ ਸਤੋਤ੍ਰ ਕਾਵਿ-ਰੂਪ ਦੀ ਵਰਤੋਂ ਕੀਤੀ ਹੈ। ਸਤੋਤ੍ਰ ਉਹ ਰਚਨਾ ਹੁੰਦੀ ਹੈ ਜਿਸ ਵਿਚ ਇਸ਼ਟ ਦੇਵ ਦਾ ਸਰੂਪ-ਚਿਤ੍ਰਣ, ਗੁਣ-ਕੀਰਤਨ ਜਾਂ ਉਸਤਤ ਕੀਤੀ ਜਾਏ। ਭਾਰਤੀ ਸਾਹਿਤ ਵਿਚ ਉਸਤਤਮਈ ਮੰਤ੍ਰਾਂ ਦੀ ਹੋਂਦ ‘ਰਿਗ ਵੇਦ’ ਵਿਚ ਵੇਖੀ ਜਾ ਸਕਦੀ ਹੈ ਜਿਸ ਦਾ ਵਿਕਾਸ ਬਾਦ ਦੇ ਧਾਰਮਿਕ ਅਤੇ ਪੌਰਾਣਿਕ ਸਾਹਿਤ ਵਿਚ ਹੋਇਆ ਅਤੇ ਫਿਰ ਸੁਤੰਤਰ ਜਾਂ ਮੌਲਿਕ ਰੂਪ ਵਿਚ ਸਤੋਤ੍ਰ ਲਿਖੇ ਜਾਣ ਦੀ ਪਰੰਪਰਾ ਹੀ ਚਲ ਪਈ। ਇਸ ਕਾਵਿ-ਰੂਪ ਵਿਚ ਚੂੰਕਿ ਪਰਮਾਤਮਾ ਦੇ ਨਾਂਵਾਂ, ਗੁਣਾਂ ਜਾਂ ਵਿਸ਼ੇਸ਼ਣਾਂ ਦੀ ਇਕ ਤਰ੍ਹਾਂ ਨਾਲ ਗਣਨਾ-ਸੂਚੀ ਹੁੰਦੀ ਹੈ, ਇਸ ਲਈ ਇਸ ਦਾ ਨਾਂ ਸੰਖਿਆ-ਪਰਕ ਜਾਂ ਗਿਣਤੀ-ਆਧਾਰਿਤ ਵੀ ਰਖਿਆ ਜਾਂਦਾ ਰਿਹਾ ਹੈ, ਜਿਵੇਂ ‘ਵਿਸ਼ਣੂ ਸਹੰਸ੍ਰਨਾਮਾ’। ਕਈ ਵਿਦਵਾਨਾਂ ਨੇ ‘ਜਾਪੁ’ ਨੂੰ ‘ਵਿਸ਼ਣੂ ਸਹੰਸ੍ਰਨਾਮਾ’ ਦੇ ਤੁਲ ਮੰਨ ਕੇ ਇਸ ਨੂੰ ‘ਅਕਾਲ ਸਹੰਸ੍ਰਨਾਮਾ’ ਦਾ ਨਾਂ ਦਿੱਤਾ ਹੈ। ਪਰ ਦੋਹਾਂ ਵਿਚ ਬੁਨਿਆਦੀ ਅੰਤਰ ਹੈ। ‘ਵਿਸ਼ਣੂ ਸਹੰਸ੍ਰਨਾਮਾ’ ਵਿਚ ਵਿਸ਼ਣੂ ਦੀ ਸ਼ਕਤੀ, ਸੌਂਦਰਯ, ਸ਼ੀਲ ਆਦਿ ਦਾ ਵਰਣਨ ਹੈ। ਇਸ ਲਈ ਉਸ ਦੀ ਬਿਰਤੀ ਸਗੁਣਾਤਮਕ ਹੈ, ਪਰ ‘ਜਾਪੁ’ ਵਿਚ ਯੁਗ ਦੀਆਂ ਪਰਿਸਥਿਤੀਆਂ ਅਨੁਸਾਰ ਨਿਰਗੁਣ ਪਰਮਾਤਮਾ ਦਾ ਸਰੂਪ ਚਿਤਰਿਆ ਗਿਆ ਹੈ। ਇਸਲਾਮ ਧਰਮ ਵਿਚ ਵੀ ਫ਼ਾਰਸੀ ਵਿਚ ਲਿਖੇ ਕੁਝ ਅਜਿਹੇ ਸਤੋਤ੍ਰ ਮਿਲਦੇ ਹਨ ਜਿਨ੍ਹਾਂ ਨੂੰ ‘ਹਮਦੋਸਨਾ’ ਨਾਂ ਦਿੱਤਾ ਗਿਆ ਹੈ। ਹਮਦੋਸਨਾ ਨਾਲੋਂ ‘ਜਾਪੁ’ ਵਿਚ ਫ਼ਰਕ ਇਹ ਹੈ ਕਿ ਇਸ ਵਿਚ ਹਰ ਧਰਮ ਦੀਆਂ ਭਾਵਨਾਵਾਂ ਦੀ ਸਮਾਈ ਹੋਈ ਹੈ। ਇਸ ਦੀ ਬਿਰਤੀ ਸਮਨਵੈਕਾਰੀ ਹੈ।

            ਗੁਰੂ ਜੀ ਨੇ ਵਿਸ਼ੇਸ਼ ਸ਼ੈਲੀ-ਪ੍ਰਯੋਗਾਂ ਰਾਹੀਂ ਵੀ ਪਰਮਾਤਮਾ ਦੇ ਸਰੂਪ-ਚਿਤ੍ਰਣ ਵਿਚ ਰੁਚੀ ਵਿਖਾਈ ਹੈ। ਇਸ ਪ੍ਰਕਾਰ ਦੀ ਪਹਿਲੀ ਸ਼ੈਲੀ ਵਿਰੋਧਾਤਮਕ ਜਾਂ ਵਿਰੋਧਾ- ਭਾਸਿਕ ਕਥਨਾਂ, ਨਾਂਵਾਂ ਜਾਂ ਅਲੰਕਾਰਾਂ ਦੀ ਯੋਜਨਾ ਵਿਚ ਵੇਖੀ ਜਾ ਸਕਦੀ ਹੈ। ਇਕ ਪਾਸੇ ਪਰਮਾਤਮਾ ਕਲਹ-ਕਰਤਾ ਹੈ ਤਾਂ ਦੂਜੇ ਪਾਸੇ ਸ਼ਾਂਤ ਰੂਪ, ਜੇ ਇਕ ਪਾਸੇ ਉਹ ਸਮੁੱਚ ਹੈ ਤਾਂ ਦੂਜੇ ਪਾਸੇ ਅਣੂ , ਜੇ ਇਕ ਪਾਸੇ ਅੰਧਕਾਰ ਹੈ ਤਾਂ ਦੂਜੇ ਪਾਸੇ ਤੇਜ—ਨਮੋ ਅੰਧਕਾਰੇ ਨਮੋ ਤੇਜ ਤੇਜੇ ਇਸੇ ਤਰ੍ਹਾਂ ਉਹ ਇਕ ਪਾਸੇ ਸੰਘਾਰਕ ਹੈ ਤਾਂ ਦੂਜੇ ਪਾਸੇ ਪ੍ਰਤਿਪਾਲਕ, ਜੇ ਇਕ ਪਾਸੇ ਸੁਕਾਉਣ ਵਾਲਾ ਹੈ ਤਾਂ ਦੂਜੇ ਪਾਸੇ ਭਰਨ ਵਾਲਾ, ਜੇ ਇਕ ਪਾਸੇ ਉਹ ਕਾਲ ਰੂਪ ਹੈ ਤਾਂ ਦੂਜੇ ਪਾਸੇ ਪਾਲਣਹਾਰਾ ਹੈ— ਕਿ ਸਰਬੱਤ੍ਰ ਕਾਲੈ ਕਿ ਸਰਬੱਤ੍ਰ ਪਾਲੈ

            ਵਿਸ਼ੇਸ਼ ਸ਼ੈਲੀ ਦਾ ਦੂਜਾ ਰੂਪ ਨਕਾਰਾਤਮਕ ਸ਼ਬਦਾਂ ਦੀ ਵਰਤੋਂ ਵਿਚ ਵੇਖਿਆ ਜਾ ਸਕਦਾ ਹੈ। ਇਸ ਸ਼ੈਲੀ ਪ੍ਰਯੋਗ ਰਾਹੀਂ ਪਰਮਾਤਮਾ ਵਿਚ ਕਿਸੇ ਗੁਣ ਦੀ ਕਲਪਨਾ ਨ ਕਰਕੇ ਉਸ ਨੂੰ ਗੁਣਾਂ ਜਾਂ ਵਿਸ਼ੇਸ਼ਣਾਂ ਦੀ ਪ੍ਰਭਾਵ ਸੀਮਾ ਤੋਂ ਪਰੇ ਦਸਿਆ ਗਿਆ ਹੈ—ਨਾ ਰਾਗੇ ਰੰਗੇ ਰੂਪੇ ਰੇਖੇ ਇਸ ਰਚਨਾ ਦੇ ਮੁੱਢਲੇ ਛਪੈ ਛੰਦ ਵਿਚ ਵੀ ਇਹ ਸ਼ੈਲੀ ਵਰਤੀ ਗਈ ਹੈ। ਇਸ ਸ਼ੈਲੀ ਨਾਲ ਮੇਲ ਖਾਂਦੀ ਇਕ ਹੋਰ ਸ਼ੈਲੀ ਹੈ ਨਿਸ਼ੇਧਾਤਮਕ। ਇਸ ਪ੍ਰਸੰਗ ਵੇਲੇ ਗੁਰੂ ਜੀ ਨੇ ਪਰਮਾਤਮਾ ਦੇ ਨਾਂਵਾਂ ਜਾਂ ਵਿਸ਼ੇਸ਼ਣਾਂ ਨਾਲ ‘ਅ’ ਉਪਸਰਗ ਦੀ ਵਰਤੋਂ ਕੀਤੀ ਹੈ—ਅਰੂਪ ਹੈਂ ਅਨੂਪ ਹੈਂ ਅਜੂ ਹੈਂ ਅਭੂ ਹੈਂ ਇਹ ਸ਼ੈਲੀ ਚਾਚਰੀ ਛੰਦ ਰਾਹੀਂ ਵਿਸ਼ੇਸ਼ ਉਘੜੀ ਹੈ।

            ਉਪਰੋਕਤ ਵਰਣਨ-ਸ਼ੈਲੀਆਂ ਤੋਂ ਇਲਾਵਾ ਗੁਰੂ -ਕਵੀ ਨੇ ‘ਨਮਸਤੰ’ ਜਾਂ ‘ਨਮੋ’ ਵਰਗੇ ਨਮਸਕਾਰਾਤਮਕ ਸ਼ਬਦਾਂ ਦੀ ਵਰਤੋਂ ਕਰਕੇ ਇਕ ਵਿਸ਼ੇਸ਼ ਕਥਨ-ਢੰਗ ਰਾਹੀਂ ਸੰਗੀਤਾਤਮਕਤਾ ਪੈਦਾ ਕੀਤੀ ਹੈ। ਇਸ ਨਾਲ ਜਿਗਿਆਸੂ ਦੇ ਮਨ ਵਿਚ ਇਕ ਪ੍ਰਕਾਰ ਦੀ ਕਰਮਸ਼ੀਲਤਾ ਜਾਂ ਉਦਮ ਕਰਨ ਦੀ ਬਿਰਤੀ ਦਾ ਵਿਕਾਸ ਹੁੰਦਾ ਹੈ ਅਤੇ ਉਹ ਹਰਿ- ਭਗਤੀ ਦੇ ਮਾਰਗ ਉਤੇ ਅਗੇ ਵਧਦਾ ਹੈ। ਕੁਝ ਇਕ ਛੰਦਾਂ ਵਿਚ ਗੁਰੂ ਜੀ ਨੇ ਹਰ ਇਕ ਤੁਕ ਦੇ ਸ਼ੁਰੂ ਵਿਚ ‘ਕਿ’ ਅਵੑਯਯ ਦੀ ਵਰਤੋਂ ਕਰਕੇ ਪਰਮਾਤਮਾ ਦੇ ਸਰੂਪ-ਚਿਤ੍ਰਣ ਵਿਚ ਨਵਾਂ ਪ੍ਰਯੋਗ ਕੀਤਾ ਹੈ। ਇਸ ‘ਕਿ’ ਪਦ ਦਾ ਅਰਥ ਕੁਝ ਟੀਕਾਕਾਰਾਂ ਨੇ ‘ਜੋ’ ਅਤੇ ਕੁਝ ਨੇ ‘ਜਾਂ’ ਕੀਤਾ ਹੈ। ਪਹਿਲਾ ਅਰਥ ਸਰਵਨਾਮ ਸੂਚਕ ਹੈ ਅਤੇ ਦੂਜਾ ਅਵੑਯਯ ਬੋਧਕ। ਇਸ ਕਿਸਮ ਦਾ ਪ੍ਰਯੋਗ ਭਗਵਤੀ ਛੰਦ ਰਾਹੀਂ ਹੋਇਆ ਹੈ— ਕਿ ਸਾਹਿਬ ਦਿਮਾਗ ਹੈਂ ਕਿ ਹੁਸਨਲ ਚਰਾਗ ਹੈਂ ਕਿ ਕਾਮਲ ਕਰੀਮ ਹੈਂ ਕਿ ਰਾਜਕ ਰਹੀਮ ਹੈਂ

            ਪਰਮਾਤਮਾ ਦੇ ਸਰੂਪ-ਵਰਣਨ ਵਿਚ ਇਕ ਵਿਸ਼ੇਸ਼ਤਾ ਇਹ ਵੀ ਵੇਖੀ ਗਈ ਹੈ ਕਿ ਗੁਰੂ-ਕਵੀ ਨੇ ਪਹਿਲਾਂ ਕਿਸੇ ਪ੍ਰਤਿਸ਼ਠਿਤ ਸੱਤਾ ਜਾਂ ਸ਼ਕਤੀ ਦਾ ਉਲੇਖ ਕਰਕੇ ਫਿਰ ਪਰਮਾਤਮਾ ਨੂੰ ਉਸ ਤੋਂ ਉਪਰ ਜਾਂ ਸ੍ਰੇਸ਼ਠ ਦਸਿਆ ਹੈ। ਇਸ ਨਾਲ ਤੁਲਨਾਤਮਕ ਵਿਧੀ ਰਾਹੀਂ ਪਰਮਾਤਮਾ ਦੀ ਮਹਾਨਤਾ ਅਤੇ ਸਮਰਥਤਾ ਉਤੇ ਪ੍ਰਕਾਸ਼ ਪੈਂਦਾ ਹੈ, ਜਿਵੇਂ :

            ਨਮੋਂ ਚੰਦ੍ਰ ਚੰਦ੍ਰੈ ਨਮੋ ਭਾਨ ਭਾਨੇ੪੭      

            ਨਮੋ ਜੋਗ ਜੋਗੇਸ੍ਵਰੰ ਪਰਮ ਸਿਧੇ

            ਨਮੋ ਰਾਜ ਰਾਜੇਸ੍ਵਰੰ ਪਰਮ ਬ੍ਰਿਧੇ੫੧

            ਨਮੋ ਸਾਹ ਸਹੰ ਨਮੋ ਭੂਮ ਭੂਪੇ੫੫

            ਪਰਮਾਤਮਾ ਦੇ ਗੁਣਾਂ ਦੇ ਵਰਣਨ ਵਿਚ ਸਤੋਤ੍ਰ ਤੋਂ ਪੈਦਾ ਹੋਣ ਵਾਲੀ ਨੀਰਸਤਾ ਨੂੰ ਖ਼ਤਮ ਕਰਨ ਲਈ ਅਤੇ ਰੋਚਕਤਾ ਦਾ ਸੰਚਾਰ ਕਰਨ ਲਈ ਗੁਰੂ ਜੀ ਨੇ ਜਲਦੀ ਜਲਦੀ ਛੰਦ ਬਦਲੇ ਹਨ। ਇਤਨਾ ਹੀ ਨਹੀਂ, ਨਿੱਕੇ ਨਿੱਕੇ ਅਤੇ ਇਕਹਿਰੇ ਛੰਦਾਂ ਦੀ ਵਰਤੋਂ ਨਾਲ ਉਪਾਸਕ ਦੇ ਮਨ ਵਿਚ ਹਰਿ-ਭਗਤੀ ਲਈ ਤੀਬਰ ਇੱਛਾ ਪੈਦਾ ਕੀਤੀ ਹੈ।

            ਇਸ ਰਚਨਾ ਦੀ ਕੁਲ ਛੰਦ-ਗਿਣਤੀ 199 ਹੈ। ਪਰ ਕੁਝ ਵਿਦਵਾਨਾਂ ਨੇ ਇਸ ਨੂੰ 200 ਛੰਦਾਂ ਦੀ ਰਚਨਾ ਮੰਨਿਆ ਹੈ ਕਿਉਂਕਿ ਉਨ੍ਹਾਂ ਅਨੁਸਾਰ ਅੰਕ 185 ਵਾਲਾ ਭੁਜੰਗ ਪ੍ਰਯਾਤ ਛੰਦ ਅਸਲੋਂ ਦੋ ਅਰਧ ਭੁਜੰਗ ਪ੍ਰਯਾਤ ਛੰਦ ਹਨ। ਪਰ ਸਾਰੀਆਂ ਪੁਰਾਣੀਆਂ ਬੀੜਾਂ ਵਿਚ ਇਸ ਰਚਨਾ ਦੀ ਛੰਦ-ਗਿਣਤੀ 199 ਸਹੀ ਹੈ। ਇਸ ਵਿਚ ਕੁਲ 10 ਕਿਸਮਾਂ ਦੇ ਛੰਦ ਵਰਤੇ ਗਏ ਹਨ। ਇਨ੍ਹਾਂ ਛੰਦਾਂ ਦਾ 22 ਵਾਰ ਪਰਿਵਰਤਨ ਹੋਇਆ ਹੈ। ਇਸ ਵਿਚਲੇ ਛੰਦਾਂ ਦਾ ਸਰੂਪ ਅਧਿਕਤਰ ਛੋਟਾ ਅਤੇ ਤੀਬਰ ਗਤੀ ਵਾਲਾ ਹੈ। ਪੁਰਾਤਨ ਕਾਲ ਵਿਚ ਸਿੱਖ ਯੁੱਧ-ਵੀਰ ਇਨ੍ਹਾਂ ਛੰਦਾਂ ਦੀ ਚਾਲ ਤੇ ਗਤਕੇ ਦੇ ਪੈਂਤੜੇ ਨਿਸਚਿਤ ਕਰਨ ਦੀ ਰੀਤ ਨੂੰ ਅਪਣਾਉਂਦੇ ਸਨ। ਇਸ ਤਰ੍ਹਾਂ ਇਸ ਰਚਨਾ ਦੇ ਛੰਦਾਂ ਦੀ ਯੋਜਨਾ ਸ਼ਸਤ੍ਰ-ਅਭਿਆਸ ਅਤੇ ਯੁੱਧ-ਸੰਘਰਸ਼ ਦੀ ਭੂਮਿਕਾ ਨਿਭਾਉਂਦੀ ਹੈ।

            ਇਸ ਰਚਨਾ ਵਿਚ ਗੁਰੂ ਜੀ ਨੇ ਅਨੇਕ ਭਾਸ਼ੀ ਸ਼ਬਦਾਂ ਦੀ ਵਰਤੋਂ ਕਰਕੇ ਇਕ ਪਾਸੇ ਇਸ ਦੀ ਭਾਸ਼ਾ ਦਾ ਸੰਬੰਧ ਸੰਸਕ੍ਰਿਤ ਅਤੇ ਹੋਰ ਭਾਰਤੀ ਭਾਸ਼ਾਵਾਂ ਨਾਲ ਜੋੜਿਆ ਹੈ ਅਤੇ ਦੂਜੇ ਪਾਸੇ ਉਸ ਵਿਚ ਅਰਬੀ , ਫ਼ਾਰਸੀ ਆਦਿ ਸਾਮੀ ਭਾਸ਼ਾਵਾਂ ਤੋਂ ਵੀ ਖੁਲ੍ਹ ਕੇ ਸ਼ਬਦਾਵਲੀ ਵਰਤੀ ਹੈ। ਇਹ ਸ਼ਬਦ ਆਪਣੀਆਂ ਭਾਸ਼ਾਵਾਂ ਨਾਲ ਸੰਬੰਧਿਤ ਧਰਮਾਂ ਵਿਚਲੇ ਬ੍ਰਹਮ ਚਿੰਤਨ ਦੇ ਭਾਸ਼ਾਈ ਪ੍ਰਯੋਗਾਂ ਨੂੰ ਨਾਲ ਲੈ ਕੇ ਆਏ ਹਨ। ਇਸ ਤਰ੍ਹਾਂ ਇਸ ਰਚਨਾ ਵਿਚ ਅਨੇਕ ਪਰੰਪਰਾਵਾਂ , ਭਾਵਨਾਵਾਂ, ਧਰਮਾਂ, ਵਿਸ਼ਵਾਸਾਂ ਤੋਂ ਪਰਮਾਤਮਾ ਦੇ ਗੁਣ- ਵਾਚਕ ਸ਼ਬਦਾਂ ਨੂੰ ਇਕ ਥਾਂ ਇਕੱਠਾ ਕਰ ਦਿੱਤਾ ਗਿਆ ਹੈ। ਇਸ ਸ਼ਬਦ-ਸੰਯੋਗ ਨਾਲ ਇਹ ਰਚਨਾ ਸਾਰੇ ਧਰਮਾਂ ਦੀ ਪ੍ਰਤਿਨਿਧਤਾ ਕਰਦੀ ਹੋਈ ਸਰਬ-ਧਰਮ-ਗ੍ਰਾਹੀ ਬਣ ਗਈ ਹੈ। ਅਜਿਹੇ ਸ਼ਬਦ-ਸੁਮੇਲ ਨਾਲ ਭਾਵਾਤਮਕ ਏਕਤਾ ਨੂੰ ਸਰਲਤਾ ਪੂਰਵਕ ਕਾਇਮ ਰਖਿਆ ਜਾ ਸਕਿਆ ਹੈ। ਇਹੀ ਕਾਰਣ ਹੈ ਕਿ ਹਰ ਧਰਮ ਵਾਲੇ ਇਸ ਰਚਨਾ ਵਿਚ ਆਪਣੇ ਧਰਮ ਬਾਰੇ ਗੱਲ ਕਹੀ ਹੋਣ ਦਾ ਅਹਿਸਾਸ ਕਰਦੇ ਹਨ।

            ਕੁਲ ਮਿਲਾ ਕੇ ‘ਜਾਪੁ’ ਭਗਤੀ ਕਾਵਿ ਦੀ ਇਕ ਉਤਮ ਰਚਨਾ ਹੈ ਜੋ ਨ ਕੇਵਲ ਆਪਣੇ ਰਚਨਾ-ਮਨੋਰਥ ਵਿਚ ਸਫਲ ਹੈ, ਸਗੋਂ ਪਰਮਾਤਮਾ ਦੇ ਸਰੂਪ ਦੀਆਂ ਸੀਮਾਵਾਂ ਦਾ ਵਿਸਤਾਰ ਕਰਦੀ ਹੋਈ ਸਰਬ-ਸਾਂਝੇ ਇਸ਼ਟ ਨੂੰ ਪੇਸ਼ ਕਰਦੀ ਹੈ। ਇਸ ਵਿਚ ਵਰਣਿਤ ਪਰਮਾਤਮਾ ਨਿਰਗੁਣ, ਨਿਰਵਿਕਾਰ, ਨਿਰਾਕਾਰ ਹੋਣ ਤੋਂ ਇਲਾਵਾ ਸੌਮੑਯ ਅਤੇ ਕਠੋਰ, ਸੁੰਦਰ ਅਤੇ ਭਿਆਨਕ, ਸ਼ਾਂਤ ਅਤੇ ਕਰੂਰ ਸਾਰੇ ਗੁਣਾਂ ਦਾ ਸੁਆਮੀ ਹੈ। ਅਜਿਹਾ ਚਿਤ੍ਰਣ ਯੁਗ ਦੀਆਂ ਪਰਿਸਥਿਤੀਆਂ ਕਰਕੇ ਹੋਇਆ ਹੈ। ਇਸ ਵਿਚ ਭਗਤੀ ਅਤੇ ਸ਼ਕਤੀ ਦੋਹਾਂ ਤਰ੍ਹਾਂ ਦੀਆਂ ਬਿਰਤੀਆਂ ਦਾ ਸੁੰਦਰ ਸੁਮੇਲ ਹੈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 11209, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਜਾਪੁ ਸਾਹਿਬ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ

ਜਾਪੁ ਸਾਹਿਬ : ਜਾਪੁ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਪਵਿੱਤਰ ਬਾਣੀ ਹੈ ਜਿਸ ਦਾ ਸਿੱਖ ਅਧਿਆਤਮਕ ਜਗਤ ਵਿਚ ਅਥਾਹ ਮਹੱਤਵ ਹੈ। ਦਸਮ ਗਰੰਥ ਦੇ ਸੰਕਲਨ ਸਮੇਂ ਇਸ ਨੂੰ ਸਭ ਤੋਂ ਪਹਿਲਾ ਸਥਾਨ ਦਿੱਤਾ ਗਿਆ ਹੈ। ਇਸ ਬਾਣੀ ਨੂੰ ਦਸਮ ਗ੍ਰੰਥ ਵਿਚ ਉਹੋ ਸਥਾਨ ਪ੍ਰਾਪਤ ਹੈ ਜੋ ਜਪੁ ਜੀ ਸਾਹਿਬ ਨੂੰ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਹੈ। ਗੁਰੂ ਨਾਨਕ ਦੇਵ ਜੀ ਦਾ ‘ਜਪੁ ਜੀ ਸਾਹਿਬ’ ਤੇ ਗੁਰੂ ਗੋਬਿੰਦ ਜੀ ਦਾ ‘ਜਾਪੁ ਸਾਹਿਬ’ ਇਹ ਦੋਵੇਂ ਬਾਣੀਆਂ ਸਿੱਖਾਂ ਦੇ ਨਿਤਨੇਮ ਵਿਚ ਸ਼ਾਮਲ ਹਨ।

          ਵਿਦਵਾਨ ‘ਜਾਪੁ ਸਾਹਿਬ’ ਨੂੰ ਗੁਰਦੇਵ ਦੀ ਪਹਿਲੀ ਰਚਨਾ ਮੰਨਦੇ ਹਨ ਜਿਸ ਦਾ ਉਚਾਰਣ ‘ਪਾਉਂਟੇ’ ਵਿਖੇ ਕੀਤਾ ਗਿਆ ਕਿਉਂਕਿ ਜਦੋਂ 1699 ਦੀ ਵਿਸਾਖੀ ਨੂੰ ਖ਼ਾਲਸਾ ਸਾਜਿਆ ਗਿਆ ਤਾਂ ਉਸ ਵੇਲੇ ਇਸ ਨੂੰ ਨਿਤਨੇਮ ਵਿਚ ਸ਼ਾਮਲ ਕੀਤਾ ਗਿਆ। ਇਸ ਤੋਂ ਸਹਿਜੇ ਹੀ ਅਨੁਮਾਨ ਲਗਾਇਆ ਜਾ ਸਕਦਾ ਹੈ ਕਿ ਬਹੁਤੇ ਸਿੱਖਾਂ ਨੂੰ ਇਹ ਬਾਣੀ ਜ਼ਬਾਨੀ ਯਾਦ ਹੋਵੇਗੀ। ਜਾਪੁ ਸਾਹਿਬ ਦੇ ਕੁੱਲ 199 ਬੰਦ ਹਨ ਜੋ ਦਸ ਛੰਦਾਂ ਵਿਚ ਹਨ। ਜਾਪੁ ਸਾਹਿਬ ਅਸਲ ਵਿਚ ਇਕ ‘ਸਤੋਤ੍ਰ’ ਹੈ। ਭਾਰਤ ਵਿਚ ‘ਸਤੋਤ੍ਰ’ ਦੀ ਪਰੰਪਰਾ ਬੜੀ ਪੁਰਾਣੀ ਹੈ। ਇਸ ਦਾ ਕੋਸ਼ਗਤ ਅਰਥ ‘ਉਸਤਤੀ ਤੇ ਗੁਣਾਂ ਦਾ ਵਰਣਨ’ ਹੈ। ਕਿਸੇ ਆਰਾਧਨਾਯੋਗ ਹਸਤੀ ਦਾ ਛੰਦਬੱਧ ਰੂਪ ਵਿਚ ਗੁਣ-ਗਾਇਨ ਜਾਂ ਉਸਤਤੀ ਨੂੰ ਸਤੋਤ੍ਰ ਆਖਿਆ ਜਾਂਦਾ ਹੈ ਪਰ ਉਪਰੋਕਤ ਸਾਧਾਰਣ ਸਤੋਤ੍ਰ ਤੇ ਜਾਪੁ ਸਾਹਿਬ ਵਿਚ ਇਕ ਵਿਸ਼ੇਸ਼ ਤੇ ਬੁਨਿਆਦੀ ਅੰਤਰ ਹੈ ਕਿ ਪਰੰਪਰਾਗਤ ਸਤੋਤ੍ਰ ਕਿਸੇ ਦੇਹਧਾਰੀ ਦੇਵਤਾ ਜਾਂ ਦੇਵੀ ਦਾ ਹੁੰਦਾ ਹੈ ਜਦੋਂ ਕਿ ਜਾਪੁ ਸਾਹਿਬ ਦਾ ਕੇਂਦਰ ਬਿੰਦੂ ਨਿਰੰਕਾਰ ਹੈ ਜੋ ਦੇਸ਼ ਕਾਲ ਤੋਂ ਰਹਿਤ ਤੇ ਪੰਜਾਂ ਤੱਤਾਂ ਤੋਂ ਨਿਆਰਾ ਹੈ ਪਰ ਫਿਰ ਵੀ ਜਾਪੁ ਸਾਹਿਬ ਸਤੋਤ੍ਰ ਹੈ ਜਿਸ ਨੂੰ ‘ਅਕਾਲ ਸਤੋਤ੍ਰ’ ਆਖਿਆ ਜਾ ਸਕਦਾ ਹੈ।

          ਸਤੋਤ੍ਰ ਦਾ ਇਕ ਰੂਪ ਹੈ––ਨਾਮ ਗਣਨਾ। ਉਸਤਤੀ ਯੋਗ ਦੈਵੀ ਸ਼ਕਤੀ ਦੇ ਅਨੇਕ ਪੱਖ ਜਾਂ ਵਿਸ਼ੇਸ਼ਤਾਵਾਂ ਨੂੰ ਆਧਾਰ ਬਣਾ ਕੇ ਉਸ ਲਈ ਅਨੇਕ ਵਿਸ਼ੇਸ਼ਣਾਂ ਦੀ ਰਚਨਾ ਭਗਤੀ ਸਾਹਿਤ ਦਾ ਇਕ ਅੰਗ ਰਿਹਾ ਹੈ। ਇਹੋ ਵਿਸ਼ੇਸ਼ਣ ਭਗਵਾਨ ਦੇ ਨਾਮ ਬਣ ਜਾਂਦੇ ਹਨ ਜਿਨ੍ਹਾਂ ਦਾ ਨਿਤਨੇਮ ਭਗਤਾਂ ਲਈ ਕਲਿਆਣਕਾਰੀ ਹੁੰਦਾ ਹੈ। ਭਾਰਤੀ ਭਾਗਵਤ ਗ੍ਰੰਥ ਵਿਚ ‘ਵਿਸ਼ਨੂੰ ਸਹੰਸ੍ਰਨਾਮਾ’ ਇਕ ਮਹੱਤਵਪੂਰਨ ਰਚਨਾ ਹੈ ਜਿਸ ਵਿਚ ਵਿਸ਼ਨੂੰ ਦੇ ਸ਼ੀਲ, ਸੰਜਮ ਤੇ ਸੌਂਦਰਯ ਨੂੰ ਲੈ ਕੇ ਸੈਂਕੜੇ ਨਾਵਾਂ ਦੀ ਕਲਪਨਾ ਕੀਤੀ ਗਈ ਹੈ। ਵਿਸ਼ਨੂੰ ਸਹੰਸ੍ਰਨਾਮਾ ਦੀ ਕੋਟੀ ਵਿਚ ਜਾਪੁ ਸਾਹਿਬ ਨੂੰ ਵੀ ਰੱਖਿਆ ਜਾ ਸਕਦਾ ਹੈ। ਸ਼ਾਇਦ ਇਸੇ ਕਰਕੇ ਹੀ ਸਿੱਖ ਵਿਦਵਾਨ ਖ਼ਾਸ ਕਰਕੇ ਸੰਪ੍ਰਦਾਈ ਜਾਂ ਨਿਰਮਲੇ ਵਿਦਵਾਨ ਇਸ ਨੂੰ ‘ਅਕਾਲ ਸਹੰਸ੍ਰਨਾਮਾ’ ਵੀ ਆਖ ਦਿੰਦੇ ਹਨ ਪਰ ਫਿਰ ਵੀ ਇਨ੍ਹਾਂ ਦੋਹਾਂ ਰਚਨਾਵਾਂ ਵਿਚ ਇੰਨਾ ਫ਼ਰਕ ਜ਼ਰੂਰ ਦ੍ਰਿਸ਼ਟੀਗੋਚਰ ਹੁੰਦਾ ਹੈ ਜਿੰਨਾ ਕਿ ਸਰਗੁਣ ਤੇ ਨਿਰਗੁਣ ਭਗਤੀ ਵਿਚ ਬ੍ਰਹਮ ਦੇ ਰੂਪ ਵਰਣਨ ਵਿਚ ਹੈ।

          ਜਾਪੁ ਸਾਹਿਬ ਨਿਰਗੁਣ ਸਾਹਿਤ ਦਾ ਉੱਤਮ ਨਮੂਨਾ ਹੈ। ਗੁਰੂ ਨਾਨਕ ਦੇਵ ਜੀ ਨੇ ਜਿਸ ਪੰਥ ਦੀ ਨੀਂਹ ਰੱਖੀ ਸੀ ਉਹ ਨਿਰਗੁਣ ਦਾ ਉਪਾਸ਼ਕ ਸੀ। ਉਸੇ ਪੰਥ ਦੇ ਦਸਵੇਂ ਜਾਮੇ ਵਿਚ ਅਵਤਾਰ ਧਾਰ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਜਿਸ ਜਾਪੁ ਬਾਣੀ ਦੀ ਰਚਨਾ ਕੀਤੀ, ਉਸ ਦਾ ਉਨ੍ਹਾਂ ਦੇ ਅਨੁਕੂਲ ਨਿਰਗੁਣ ਭਾਵ ਵਾਲਾ ਹੋਣਾ ਇਕ ਸੰਭਵ ਘਟਨਾ ਹੈ। ਜਾਪੁ ਦਾ ਕੇਂਦਰ ਬਿੰਦੂ ਅਕਾਲ ਨਿਰਗੁਣ ਬ੍ਰਹਮ ਹੀ ਹੈ ਜੋ ਉਸ ਵੇਲੇ ਜਾਤ-ਪਾਤ ਵਿਚ ਵੰਡੇ ਭਾਰਤ ਦੀ ਬੜੀ ਭਾਰੀ ਜ਼ਰੂਰਤ ਸੀ।

          ਗੁਰੂ ਗੋਬਿੰਦ ਸਿੰਘ ਜੀ ਦਾ ਵਿਸ਼ਵਾਸ ਹੈ ਕਿ ਬ੍ਰਹਮ ਚੱਕਰ, ਚਿਹਨ, ਵਰਨ, ਜਾਤ-ਪਾਤ, ਰੂਪ-ਰੰਗ, ਰੇਖ-ਭੇਖ ਦੀਆਂ ਵੰਡਾਂ ਤੋਂ ਉਪਰ ਹੈ ਭਾਵ ਇਹ ਕਿ ਉਹ ਅਕਾਲ ਪੁਰਖ ਵਿਸ਼ਵ ਦੇ ਸਮੂਹ ਚੱਕਰਾਂ, ਚਿਹਨਾਂ ਵਰਨਾਂ, ਜਾਤਾਂ, ਰੂਪਾਂ, ਰੰਗਾਂ, ਰੇਖਾਂ-ਭੇਖਾਂ ਵਿਚ ਹਾਜ਼ਰ ਨਾਜ਼ਰ ਹੈ। ਜੋ ਦਿਸਦਾ ਵਸਦਾ ਹੈ ਉਸ ਦਾ ਹੀ ਰੂਪ ਹੈ, ਉਸੇ ਦਾ ਹੀ ਪ੍ਰਗਟਾਵਾ ਹੈ। ਇਹ ਅਣਵੰਡਿਆ ਸੱਚ-ਬ੍ਰਹਮ, ਅਚਲ ਮੂਰਤਿ, ਅਨਭਉ ਪ੍ਰਕਾਸ ਅਮਿਤੋਜਿ, ਸਾਹਿ-ਸਹਾਨਿ, ਨੇਤ ਨੇਤ ਅਤੇ ਨਾਮ ਸਰੂਪ ਹੈ। ਉਸ ਦਾ ਸੰਪੂਰਨ ਸਰੂਪ ਕਲਪਨਾ ਤੋਂ ਪਰ੍ਹੇ ਹੈ। ਉਹ ਸਤਿ ਤੇ ਰਾਗ ਸਰੂਪ ਹੈ ਪਰ ਉਹ ਸਦੀਵੀਂ ਅਬਨਾਸ਼ੀ ਹੈ। ਉਹ ਅੰਤਰ-ਆਤਮੇ ਦਾ ਨਿਰੰਤਰ ਗਿਆਨ (ਅਨਭਉ ਪ੍ਰਕਾਸ਼) ਹੈ। ਬ੍ਰਹਮ ਸੋਚ ਨਿਰੰਤਰ ਏਕਤਾ ਹੈ। ਅਬਨਾਸ਼ੀ ਸੁੰਦਰਤਾ ਹੈ, ਅਬਨਾਸ਼ੀ ਪ੍ਰਕਾਸ਼ ਹੈ, ਆਲੌਕਿਕ ਸਰਬ ਸਮਰਥ ਸ਼ਕਤੀ ਹੈ। ਉਸ ਦੀ ਲਖਤਾ ਉਸ ਦੇ ਕਰਮ ਤੋਂ ਹੀ ਹੁੰਦੀ ਹੈ। ਏਕਤਾ, ਸੁੰਦਰਤਾ, ਪ੍ਰਕਾਸ਼ ਸਮਰਥਾ ਅਤੇ ਇਨ੍ਹਾਂ ਸਾਰਿਆਂ ਅਨੁਸਾਰ ਕਰਮ ਹੀ ਮਨੁੱਖਤਾ ਦੇ ਆਦਰਸ਼ ਹਨ। ‘ਬ੍ਰਹਮ’ ਮਾਨਵਤਾ ਦੁਆਰਾ ਹੀ ਪ੍ਰਗਟ ਹੈ। ਉਪਰੋਕਤ ਗੁਣ ਜਦੋਂ ਮਾਨਵਤਾ ਵਿਚ ਵਸਦੇ ਹਨ ਤਾਂ ਪਰਮਾਤਮਾ ਰੂਪਮਾਨ ਹੁੰਦਾ ਹੈ ਤੇ ਇਨ੍ਹਾਂ ਦੀ ਅਣਹੋਂਦ ਜਾਂ ਮੱਧਮ ਪੈ ਜਾਣ ਤੇ ਉਹ ਲੁਪਤ ਹੋ ਜਾਂਦਾ ਹੈ।

          ਜਾਪੁ ਸਾਹਿਬ ਵਿਚ ਅਕਾਲ ਦਾ ਵਰਣਨ ਵੀ ਇਕ ਵਿਚਾਰਨ ਯੋਗ ਕਾਵਿ ਵਿਧੀ ਹੈ। ਦਸਮ ਸਤਿਗੁਰੂ ਦੀ ਦ੍ਰਿਸ਼ਟੀ ਵਿਚ ਅਕਾਲ ਪੁਰਖ ਇਕ ਵਿਲੱਖਣ ਤੱਤ ਹੈ। ਉਹ ਵੇਦਾਂਤੀਆਂ ਦੇ ਗਿਆਨਮਈ ਬ੍ਰਹਮ ਤੋਂ ਵੱਖਰਾ ਹੈ। ਬੁੱਧ ਧਰਮੀਆਂ ਦੇ ਸ਼ੂਨ ਤਤ ਤੋਂ ਵੀ ਓਪਰਾ ਹੈ। ਉਹ ਕੋਰੇ ਗਿਆਨ ਦਾ ਵਿਸ਼ਾ ਨਹੀਂ ਹੈ ਤੇ ਨਾ ਹੀ ਉਹ ਸਰੀਰਕ ਸਾਧਨਾਂ ਨਾਲ ਪ੍ਰਾਪਤ ਹੋ ਸਕਦਾ ਹੈ। ਉਹ ਤਾਂ ਦਵੈਤ ਅਦਵੈਤ, ਵਿਲੱਖਣ ਪਰਮਤੱਤ ਸਰੂਪ ਹਿਰਦੇਵਾਸੀ ਯੋਗ ਬ੍ਰਹਮ ਹੈ। ‘ਅਨਭਉ ਪ੍ਰਕਾਸ਼’ ਹੈ ਜੋ ਅਨਭਉ ਨਾਲ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ।

          ਜਾਪੁ ਸਾਹਿਬ ਵਿਚ ਦਰਸਾਏ ‘ਅਕਾਲ’ ਦਾ ਬਿਆਨ ਸੰਭਵ ਨਹੀਂ ਹੈ। ਇਹ ਸਾਰੀ ਬਾਣੀ ਦਾ ਅਧਿਐਨ ਸਪਸ਼ਟ ਕਰ ਦਿੰਦਾ ਹੈ ਕਿ ਪਰਮਾਤਮਾ ਦਾ ਇਹ ਬਿਆਨ ਬਾਹਰੀ ਸਥਿਤੀ ਦਾ ਹੀ ਵਰਣਨ ਮਾਤਰ ਹੈ ਕਿਉਂਕਿ ਉਹ ਰੂਪ, ਰੰਗ, ਰੇਖ, ਭੇਖ ਆਦਿ ਦੀ ਪਕੜ ਵਿਚ ਆਉਣ ਵਾਲੀ ਹਸਤੀ ਨਹੀਂ ਹੈ। ‘ਨੇਤਿ ਨੇਤਿ’ ਸ਼ੈਲੀ ਵਿਚ ਉਸ ਦੀ ਸਮਰਥਾ ਤੇ ਵਡੱਪਣ ਦਰਸਾਉਣ ਦਾ ਸਫ਼ਲ ਯਤਨ ਕੀਤਾ ਗਿਆ ਹੈ।

          ਭਾਰਤੀ ਨਿਰਗੁਣ ਕਾਵਿ ਵਿਚ ਬ੍ਰਹਮ ਨਿਰੂਪਣ ਬੜੇ ਵਿਸਥਾਰ ਸਹਿਤ ਹੋਇਆ ਮਿਲਦਾ ਹੈ ਪਰ ਗੁਰੂ ਗੋਬਿੰਦ ਸਿੰਘ ਜੀ ਨੇ ਪਰੰਪਰਾ ਤੋਂ ਅਗਾਂਹ ਲੰਘ ਕੇ ਉਸ ਪਰਮਾਤਮਾ ਨੂੰ ਸ਼ਸਤਰ-ਅਸਤ੍ਰ ਵਾਲਾ ਤੇਜ ਪ੍ਰਚੰਡ ਤੇ ਅਖੰਡ ਓਜ ਵਾਲਾ ਦਰਸਾਇਆ ਹੈ ਜਿਸ ਦੀ ਸ਼ਰਣ ਵਿਚ ਰਹਿ ਕੇ ਮਾਨਵ ਸੁਖ ਪ੍ਰਾਪਤ ਕਰ ਸਕਦਾ ਹੈ ਕਿਉਂਕਿ ਉਹ ਬ੍ਰਹਮ ‘ਸਦਾ ਅੰਗ ਸੰਗੇ’ ਹੈ। ਉਹ ਰਹਿਮਤਾਂ, ਮਿਹਰਾਂ, ਬਖ਼ਸ਼ਿਸ਼ਾਂ ਦਾ ਭੰਡਾਰ ਹੈ। ਉਹ ਕਰੁਣਾਮਈ, ਰਹੀਮ, ਕਿਰਪਾਲੂ ਤੇ ਦਿਆਲੂ ਹੈ।

          ਗੁਰੂ ਗੋਬਿੰਦ ਸਿੰਘ ਜੀ ਨੇ ‘ਅਕਾਲ’ ਦਾ ਸੌਂਦਰਯ ਦ੍ਰਿਸ਼ਟੀ ਤੋਂ ਨਿਰੂਪਣ ਕਰਦਿਆਂ ਉਸ ਨੂੰ ਅਦੁਤੀ ਹੁਸਨ ਆਖਿਆ ਹੈ––ਕਲੰਕੰ ਬਿਨਾ ਨੇ ਕਲੰਕੀ ਸਰੂਪੇ॥ ਨਮੋ ਰਾਜ ਰਾਜੇਸ੍ਵਰੰ ਪਰਮ ਰੂਪੇ॥ ੫੦॥ ਇਸ ਭਾਵ ਨੂੰ ਹੋਰ ਵਿਸਥਾਰ ਦਿੰਦਿਆਂ ਦਸਮ ਗੁਰੂ ਜੀ ਨੇ ਲਿਖਿਆ ਹੈ :––

          ਕਿ ਸਾਹਿਬ ਦਿਮਾਗ ਹੈਂ॥

          ਕਿ ਹੁਸਨਲ ਚਰਾਗ ਹੈਂ ॥੧੫੧॥

          ਕਰੀਮੁਲ ਕਮਾਲ ਹੈ॥

          ਕਿ ਹੁਸਨੁਲ ਜਮਾਲ ਹੈ॥੧੫੨॥

          ਗੁਰੂ ਗੋਬਿੰਦ ਸਿੰਘ ਜੀ ਅਨੁਸਾਰ ‘ਅਕਾਲ’ ਦੀ ਬ੍ਰਹਿਮੰਡੀ ਵਿਸ਼ਾਲਤਾ ਦਾ ਕੋਈ ਸ਼ੁਮਾਰ ਨਹੀਂ ਹੈ। ਉਸ ਵਿਚ ਧਰਮ ਦੇ ਦੱਸੇ ਗੁਣ ਸਮਾਏ ਹੋਏ ਹਨ। ਇਉਂ ਉਹ ਪਰਮਾਤਮਾ ਨਿਰੰਕਾਰ ਹੁੰਦਿਆਂ ਹੋਇਆਂ ਵੀ ਭਗਤੀ ਤੇ ਸ਼ਕਤੀ ਦਾ ਸ਼ਹਿਨਸ਼ਾਹ, ਹੁਸਨ ਤੇ ਸੁਹਜ ਦਾ ਵੀ ਖ਼ਜ਼ਾਨਾ ਹੈ।

          ਜਾਪੁ ਸਾਹਿਬ ਨਿਰੋਲ ਤੇ ਸ਼ੁੱਧ ਕਾਵਿ ਹੈ ਕਿਉਂਕਿ ਇਸ ਵਿਚ ਕਿਸੇ ਗੋਸ਼ਟੀ, ਸਾਖੀ, ਪ੍ਰਸ਼ਨੋਤਰੀ, ਪੁਰਾਣ, ਕਥਾ-ਪ੍ਰਮਾਣ, ਮਿਥਿਹਾਸ, ਨਾਟਕ, ਆਤਮਕਥਾ, ਆਲੋਚਨਾ, ਪਾਖੰਡ ਦਮਨ, ਉਪਹਾਸ, ਯੁੱਧ ਚਿਤ੍ਰ, ਵੀਰਤਾ, ਕਰੁਣਾ ਆਦ ਦਾ ਸਹਾਰਾ ਨਹੀਂ ਲਿਆ ਗਿਆ ਸਗੋਂ ਉਸ ਅਕਾਲ ਦੇ ਨਿਰਗੁਣ ਸਰੂਪ ਦਾ ਵਰਣਨ ਕਰਦਿਆਂ ਉਸ ਦੇ ਅਥਾਹ ਗੁਣਾਂ ਨੂੰ ਦਰਸਾਉਣ ਦਾ ਯਤਨ ਕੀਤਾ ਗਿਆ ਹੈ।

          ਜਾਪੁ ਸਾਹਿਬ ਵਿਚ ਛਪੈ, ਭੁਜੰਗ ਪ੍ਰਯਾਤ, ਚਾਚਰੀ, ਚਰਪਟ ਰੂਆਲ, ਭਗਵਤੀ, ਰਸਾਵਲ, ਮਧੁਭਾਰ, ਹਹਿਬੋਲਮਨਾ ਤੇ ਏਕ ਅਛਰੀ ਛੰਦਾਂ ਦਾ ਪ੍ਰਯੋਗ ਕੀਤਾ ਹੈ। ਸ਼ਬਦ ਚੋਣ ਤੇ ਸ਼ਬਦ ਘਾੜਤ ਬੜੇ ਕਮਾਲ ਦੀ ਹੈ। ਸੰਸਕ੍ਰਿਤ ਤੇ ਫ਼ਾਰਸੀ ਸ਼ਬਦਾਂ ਦੀ ਵਰਤੋਂ ਬਹੁਤ ਸੁਚੱਜੇ ਢੰਗ ਨਾਲ ਕੀਤੀ ਗਈ ਹੈ। ਇਹ ਆਧੁਨਿਕ ਸਹੰਸਰਨਾਮਾ ਹੈ। ਉਪਨਿਸ਼ਦਾਂ ਦਾ ਸ੍ਰੇਸ਼ਟ ਸਾਰ ਹੈ। ਇਹ ਕਿਸੇ ਬੜੇ ਉੱਚੇ ਗਗਨਾਂ ਦੇ ਸੂਖ਼ਮ ਮੰਡਲਾਂ ਦਾ ਰੱਬੀ ਗੀਤ ਹੈ ਜਿਥੇ ਲੈਅ, ਧੁਨੀ ਤੇ ਰਾਗ ਆਪਣੇ ਆਪ ਜੁੜਦੇ ਬਣਦੇ ਤੇ ਪਰਸਦੇ ਜਾ ਰਹੇ ਹਨ।

          ਜਾਪੁ ਸਾਹਿਬ ਦੀ ਕਲਾ ਨੂੰ ਉਸ ਦੀ ਸਮੂਹਕਤਾ ਵਿਚ ਮਾਣਨਾ ਉਚਿੱਤ ਹੈ। ਉਸ ਨੂੰ ਅੰਗ ਅੰਗ ਕਰਕੇ ਦਰਸਾਉਣਾ ਉਸ ਦੇ ਕਲਾਤਮਕ ਸੁਹੱਪਣ ਨਾਲ ਅਨਿਆਂ ਹੋਵੇਗਾ। ਜਾਪੁ ਸਾਹਿਬ ਦੇ ਪੀਰੀ ਪ੍ਰਭਾਵ, ਅਮੀਰੀ ਬਹੁਲਤਾ, ਸ਼ਕਤੀ, ਅਥਾਹ-ਅਸਗਾਹ ਵਹਿਣ ਨਿਰੰਤਰ ਤੌਰ ਤੇ ਹਨ। ਇਹ ਰਚਨਾ ਬੌਧਿਕ ਵਿਲਾਸ ਦੀ ਉਪਜ ਨਹੀਂ ਹੈ ਸਗੋਂ ਸੁਭਾਵਿਕ ਉਗਮਦਾ ਚਸ਼ਮਾ ਹੈ ਜੋ ਆਪਣੇ-ਆਪ ਹੀ ਫੁੱਟ ਕੇ ਵਹਿ ਤੁਰਿਆ ਹੈ। ਸਾਰਾ ਜਾਪੁ ਸਾਹਿਬ ਸਮਾਧੀ ਪ੍ਰਕਾਸ਼ ਦਾ ਪ੍ਰਗਟਾਵਾ ਹੈ। ਇਸ ਨੂੰ ਕਿਸ ਕਸਵੱਟੀ ਤੇ ਪਰਵਿਆ ਜਾਵੇ? ਇਹ ਨਿਰਣਾ ਅਜੇ ਹੋਣਾ ਹੈ।

          ਜਾਪੁ ਸਾਹਿਬ ਦੀ ਭਾਸ਼ਾ ਤੋਂ ਵੀ ਕਰਤਾ ਦੇ ਵਿਆਪਕ ਦ੍ਰਿਸ਼ਟੀਕੋਣ ਦਾ ਪਤਾ ਲਗਦਾ ਹੈ। ਗੁਰੂ ਸਾਹਿਬ ਦੇ ਮਨ ਵਿਚ ਜਿਸ ਰੱਬੀ ਬਾਣੀ ਦਾ ਆਵੇਸ਼ ਹੋਇਆ, ਉਸ ਦਾ ਪ੍ਰਗਟਾਵਾ ਅਵਧੀ, ਬ੍ਰਜ, ਸੰਸਕ੍ਰਿਤ, ਅਰਬੀ, ਫ਼ਾਰਸੀ ਤੇ ਪੰਜਾਬੀ ਦੇ ਸੁਮੇਲ ਵਿਚ ਹੋਇਆ, ਭਾਵੇਂ ਇਸ ਵਿਚ ਬਹੁਲਤਾ ਬ੍ਰਜ ਦੀ ਹੀ ਹੈ। ਗੁਰੂ ਜੀ ਨੇ ਭਾਰਤੀ ਅਧਿਆਤਮਕ ਚਿੰਤਨ ਧਾਰਾ ਦੇ ਨਾਲ ਨਾਲ ਇਸਲਾਮੀ ਧਾਰਮਿਕ ਸ਼ਬਦਾਵਲੀ ਵੀ ਅਪਣਾਈ ਹੈ ਜਿਸ ਤੋਂ ਜਿਥੇ ਆਪ ਦੀ ਉਦਾਰ ਬਿਰਤੀ ਦਾ ਬੋਧ ਹੁੰਦਾ ਹੈ, ਉਥੇ ਉਨ੍ਹਾਂ ਦੇ ਵਿਸ਼ਾਲ ਗਿਆਨ ਦਾ ਵੀ ਪਤਾ ਲਗਦਾ ਹੈ।

          ਜਾਪੁ ਸਾਹਿਬ ਦਾ ਹਰ ਸ਼ਬਦ ਹੀ ਕਵਿਤਾ ਹੈ। ਇਹ ਇਕ ਰੱਬੀ ਗੀਤ ਹੈ ਜੋ ਅਕਾਲ ਦੀ ਅਨੰਤ ਮਹਿਮਾ ਕਰ ਰਿਹਾ ਹੈ। ਜਾਪੁ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦੀ ਇਕ ਮਹਾਨ ਰਚਨਾ ਹੈ ਜੋ ਚਿੰਤਨ ਵਿਚਾਰ ਤੇ ਕਲਾ ਪੱਖੋਂ ਉੱਤਕ੍ਰਿਸ਼ਟ ਕਿਰਤ ਹੈ।

          ਹ. ਪੁ.––ਦਸਮ ਗ੍ਰੰਥ ਰੂਪ ਤੇ ਰਸ ––ਡਾ.ਤਾਰਨ ਸਿੰਘ; ਨਿਤਨੇਮ ਸਟੀਕ–ਪ੍ਰੋ. ਸਾਹਿਬ ਸਿੰਘ; ਆਲੋਚਨਾ (ਗੁਰੂ ਗੋਬਿੰਦ ਸਿੰਘ ਅੰਕ) ਜੁਲਾਈ, ਦਸੰਬਰ 1966; ਗੁਰੂ ਗੋਬਿੰਦ ਸਿੰਘ ਔਰ ਉਨ ਕੀ ਹਿੰਦੀ ਕਵਿਤਾ–ਡਾ. ਮਹੀਪ ਸਿੰਘ


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 9280, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-05-30, ਹਵਾਲੇ/ਟਿੱਪਣੀਆਂ: no

ਜਾਪੁ ਸਾਹਿਬ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਜਾਪੁ ਸਾਹਿਬ : ਜਾਪੁ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਪਵਿੱਤਰ ਬਾਣੀ ਹੈ ਜਿਸ ਦਾ ਸਿੱਖ ਅਧਿਆਤਮਕ ਜਗਤ ਵਿਚ ਅਥਾਹ ਮਹੱਤਵ ਹੈ।ਦਸਮ ਗਰੰਥ ਦੇ ਸੰਕਲਨ ਸਮੇਂ ਇਸ ਨੂੰ ਸਭ ਤੋਂ ਪਹਿਲਾ ਸਥਾਨ ਦਿੱਤਾ ਗਿਆ ਹੈ ਇਸ ਬਾਣੀ ਨੂੰ ਦਸਮ ਗ੍ਰੰਥ ਵਿਚ ਉਹੋ ਸਥਾਨ ਪ੍ਰਾਪਤ ਹੈ ਜੋ ਜਪੁ ਜੀ ਸਾਹਿਬ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਹੈ। ਗੁਰੂ ਨਾਨਕ ਦੇਵ ਜੀ ਦਾ ‘ਜਪੁ ਜੀ ਸਾਹਿਬ’ ਅਤੇ ਗੁਰੂ ਗੋਬਿੰਦ ਸਿੰਘ ਜੀ ਦਾ ‘ਜਾਪੁ ਸਾਹਿਬ’ ਇਹ ਦੋਵੇਂ ਬਾਣੀਆਂ ਸਿੱਖਾਂ ਦੇ ਨਿਤਨੇਮ ਵਿਚ ਸ਼ਾਮਲ ਹਨ।

ਵਿਦਵਾਨ ‘ਜਾਪੁ ਸਾਹਿਬ’ ਨੂੰ ਗੁਰੂ ਜੀ ਦੀ ਪਹਿਲੀ ਰਚਨਾ ਮੰਨਦੇ ਹਨ ਜਿਸ ਦਾ ਉਚਾਰਣ ‘ਪਾਉਂਟੇ’ ਵਿਖੇ ਕੀਤਾ ਗਿਆ ਕਿਉਂਕਿ ਜਦੋਂ 1699 ਈ. ਦੀ ਵਿਸਾਖੀ ਨੂੰ ਖ਼ਾਲਸਾ ਸਾਜਿਆ ਗਿਆ ਤਾਂ ਉਸ ਤੋਂ ਸਹਿਜੇ ਹੀ ਅਨੁਮਾਨ ਲਗਾਇਆ ਜਾ ਸਕਦਾ ਹੈ ਕਿ ਬਹੁਤੇ ਸਿੱਖਾਂ ਨੂੰ ਇਹ ਬਾਣੀ ਜ਼ਬਾਨੀ ਯਾਦ ਹੋਵੇਗੀ। ਜਾਪੁ ਸਾਹਿਬ ਦੇ ਕੁੱਲ 199 ਬੰਦ ਹਨ ਜੋ ਦਸ ਛੰਦਾਂ ਵਿਚ ਹਨ। ਜਾਪੁ ਸਾਹਿਬ ਅਸਲ ਵਿਚ ਇਕ  ‘ਸਤੋਤ੍ਰ’ ਹੈ। ਭਾਰਤ ਵਿਚ ‘ਸਤੋਤ੍ਰ’ ਦੀ ਪਰੰਪਰਾ ਬੜੀ ਪੁਰਾਣੀ ਹੈ। ਇਸ ਦਾ ਕੋਸ਼ਗਤ ਅਰਥ, ‘ਉਸਤਤੀ ਅਤੇ ਗੁਣਾਂ ਦਾ ਵਰਣਨ’ ਹੈ। ਕਿਸੇ ਆਰਾਧਨਾਯੋਗ ਹਸਤੀ ਦਾ ਛੰਦਬੱਧ ਰੂਪ ਵਿਚ ਗੁਣ-ਗਾਇਨ ਜਾਂ ਉਸਤਤੀ ਨੂੰ ਸਤੋਤ੍ਰ ਆਖਿਆ ਜਾਂਦਾ ਹੈ ਪਰ ਉਪਰੋਕਤ ਸਾਧਾਰਣ ਸਤੋਤ੍ਰ ਅਤੇ ਜਾਪੁ ਸਾਹਿਬ ਦਾ ਕੇਂਦਰ ਬਿੰਦੂ ਨਿਰੰਕਾਰ ਹੈ ਜੋ ਦੇਸ਼ ਤੇ ਕਾਲ ਤੋਂ ਰਹਿਤ ਅਤੇ ਪੰਜਾਂ ਤੱਤਾਂ ਤੋਂ ਨਿਆਰਾ ਹੈ ਪਰ ਫ਼ਿਰ ਵੀ ਜਾਪੁ ਸਾਹਿਬ ਸਤੋਤ੍ਰ ਹੈ ਜਿਸ ਨੂੰ ‘ਅਕਾਲ ਸਤੋਤ੍ਰ’ ਆਖਿਆ ਜਾ ਸਕਦਾ ਹੈ।

ਸਤੋਤ੍ਰ ਦਾ ਇਕ ਰੂਪ ਹੈ–ਨਾਮ ਗਣਨਾ । ਉਸਤਤੀ ਯੋਗ ਦੈਵੀ ਸ਼ਕਤੀ ਦੇ ਅਨੇਕ ਪੱਖ ਜਾਂ ਵਿਸ਼ੇਸ਼ਤਾਵਾਂ ਨੂੰ ਆਧਾਰ ਬਣਾ ਕੇ ਉਸ ਲਈ ਅਨੇਕ ਵਿਸ਼ੇਸ਼ਣਾਂ ਦੀ ਰਚਨਾ ਭਗਤੀ ਸਾਹਿਤ ਦਾ ਇਕ ਅੰਗ ਰਿਹਾ ਹੈ। ਇਹੋ ਵਿਸ਼ੇਸ਼ਣ ਭਗਵਾਨ ਦੇ ਨਾਮ ਬਣ ਜਾਂਦੇ ਹਨ ਜਿਨ੍ਹਾਂ ਦਾ ਨਿਤਨੇਮ ਭਗਤਾਂ ਲਈ ਕਲਿਆਣਕਾਰੀ ਹੁੰਦਾ ਹੈ। ਭਾਰਤੀ ਭਾਗਵਤ ਗ੍ਰੰਥ ਵਿਚ ‘ਵਿਸ਼ਨੂੰ ਸਹੰਸ੍ਰਨਾਮਾ’ ਇਕ ਮਹੱਤਵਪੂਰਨ ਰਚਨਾ ਹੈ। ਜਿਸ ਵਿਚ ਵਿਸ਼ਨੂੰ ਦੇ ਸ਼ੀਲ, ਸੰਜਮ ਤੇ ਸੌਂਦਰਯ ਨੂੰ ਲੈ ਕੇ ਸੈਂਕੜੇ ਨਾਵਾਂ ਦੀ ਕਲਪਨਾ ਕੀਤੀ ਗਈ ਹੈ। ਵਿਸ਼ਨੂੰ ਸਹੰਸ੍ਰਨਾਮਾ ਦੀ ਕੋਟੀ ਵਿਚ ਜਾਪੁ ਸਾਹਿਬ ਨੂੰ ਰੱਖਿਆ ਜਾ ਸਕਦਾ ਹੈ। ਸ਼ਾਇਦ ਇਸੇ ਕਰ ਕੇ ਹੀ ਸਿੱਖ ਵਿਦਵਾਨ ਖ਼ਾਸ ਕਰ ਕੇ ਸੰਪ੍ਰਦਾਈ ਜਾਂ ਨਿਰਮਲੇ ਵਿਦਵਾਨ ਇਸ ਨੂੰ ‘ਅਕਾਲ ਸਹੰਸ੍ਰਨਾਮਾ’ ਵੀ ਆਖ ਦਿੰਦੇ ਹਨ ਪਰ ਫਿਰ ਵੀ ਇਨ੍ਹਾਂ ਦੋਹਾਂ ਰਚਨਾਵਾਂ ਵਿਚ ਇੰਨਾ ਫ਼ਰਕ ਜ਼ਰੂਰ ਦ੍ਰਿਸ਼ਟੀਗੋਚਰ ਹੁੰਦਾ ਹੈ ਜਿੰਨਾ ਕਿ ਸਰਗੁਣ ਤੇ ਨਿਰਗੁਣ ਭਗਤੀ ਵਿਚ ਬ੍ਰਹਮ ਦੇ ਰੂਪ ਵਰਣਨ ਵਿਚ ਹੈ।

ਜਾਪੁ ਸਾਹਿਬ ਨਿਰਗੁਣ ਸਾਹਿਤ ਦਾ ਉੱਤਮ ਨਮੂਨਾ ਹੈ। ਗੁਰੂ ਨਾਨਕ ਦੇਵ ਜੀ ਨੇ ਜਿਸ ਪੰਥ ਦੀ ਨੀਂਹ ਰੱਖੀ ਸੀ ਉਹ ਨਿਰਗੁਣ ਦਾ ਉਪਾਸ਼ਕ ਸੀ। ਉਸੇ ਪੰਥ ਦੇ ਦਸਵੇਂ ਜਾਮੇ ਵਿਚ ਅਵਤਾਰ ਧਾਰ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਜਿਸ ਜਾਪੁ ਬਾਣੀ ਦੀ ਰਚਨਾ ਕੀਤੀ ਉਸ ਦਾ ਉਨ੍ਹਾਂ ਦੇ ਅਨੁਕੂਲ ਨਿਰਗੁਣ ਭਾਵ ਵਾਲਾ ਹੋਣਾ ਇਕ ਸੰਭਵ ਘਟਨਾ ਹੈ। ਜਾਪੁ ਸਾਹਿਬ ਦਾ ਕੇਂਦਰ ਬਿੰਦੂ ਅਕਾਲ ਨਿਰਗੁਣ ਬ੍ਰਹਮ ਹੀ ਹੈ ਜੋ ਉਸ ਵੇਲੇ ਜਾਤ-ਪਾਤ ਵਿਚ ਵੰਡੇ ਭਾਰਤ ਦੀ ਬੜੀ ਭਾਰੀ ਜ਼ਰੂਰਤ ਸੀ।

ਗੁਰੂ ਗੋਬਿੰਦ ਸਿੰਘ ਜੀ ਦਾ ਵਿਸ਼ਵਾਸ ਹੈ ਕਿ ਬ੍ਰਹਮ ਚੱਕਰ, ਚਿਹਨ, ਵਰਨ, ਜਾਤ-ਪਾਤ, ਰੂਪ-ਰੰਗ, ਰੇਖ-ਭੇਖ ਦੀਆਂ ਵੰਡਾਂ ਤੋਂ ਉੱਪਰ ਹੈ ਭਾਵ ਇਹ ਕਿ ਉਹ ਅਕਾਲ ਪੁਰਖ ਵਿਸ਼ਵ ਦੇ ਸਮੂਹ ਚੱਕਰਾਂ, ਚਿਹਨਾਂ, ਵਰਨਾਂ, ਜਾਤਾਂ, ਰੂਪਾਂ, ਰੰਗਾਂ, ਰੇਖਾਂ-ਭੇਖਾਂ ਵਿਚ ਹਾਜ਼ਰ ਨਾਜ਼ਰ ਹੈ। ਜੋ ਕੁਝ ਵੀ ਦਿਸਦਾ ਵਸਦਾ ਹੈ ਉਸੇ ਦਾ ਹੀ ਰੂਪ ਹੈ, ਉਸੇ ਦਾ ਹੀ ਪ੍ਰਗਟਾਵਾ ਹੈ। ਇਹ ਅਣਵੰਡਿਆ ਸੱਚ-ਬ੍ਰਹਮ, ਅਚਲ ਮੂਰਤਿ, ਅਨਭਉ ਪ੍ਰਕਾਸ, ਅਮਿਤੋਜਿ, ਸਾਹਿ-ਸਹਾਨਿ, ਨੇਤ ਨੇਤ ਅਤੇ ਨਾਮ ਸਰੂਪ ਹੈ।ਉਸ ਦਾ ਸੰਪੂਰਨ ਸਰੂਪ ਕਲਪਨਾ ਤੋਂ ਪਰ੍ਹੇ ਹੈ। ਉਹ ਸਤਿ ਤੇ ਰਾਗ ਸਰੂਪ ਹੈ ਪਰ ਉਹ ਸਦੀਵੀ ਅਬਿਨਾਸੀ ਹੈ। ਉਹ ਅੰਤਰ-ਆਤਮੇ ਦਾ ਨਿਰੰਤਰ ਗਿਆਨ (ਅਨਭਉ ਪ੍ਰਕਾਸ਼) ਹੈ। ਬ੍ਰਹਮ ਸੋਚ ਨਿਰੰਤਰ ਏਕਤਾ ਹੈ। ਅਬਿਨਾਸੀ ਸੁੰਦਰਤਾ ਹੈ, ਅਬਿਨਾਸੀ ਪ੍ਰਕਾਸ਼ ਹੈ, ਆਲੌਕਿਕ ਸਰਬ ਸਮਰਥ ਸ਼ਕਤੀ ਹੈ। ਉਸ ਦੀ ਲਖਤਾ ਉਸ ਦੇ ਕਰਮ ਤੋਂ ਹੀ ਹੁੰਦੀ ਹੈ। ਏਕਤਾ, ਸੁੰਦਰਤਾ, ਪ੍ਰਕਾਸ਼ ਸਮਰਥਾ ਅਤੇ ਇਨ੍ਹਾਂ ਸਾਰਿਆਂ ਅਨੁਸਾਰ ਕਰਮ ਹੀ ਮਨੁੱਖਤਾ ਦੇ ਆਦਰਸ਼ ਹਨ।‘ਬ੍ਰਹਮ’ ਮਾਨਵਤਾ ਦੁਆਰਾ ਹੀ ਪ੍ਰਗਟ ਹੈ। ਉਪਰੋਕਤ ਗੁਣ ਜਦੋਂ ਮਾਨਵਤਾ ਵਿਚ ਵਸਦੇ ਹਨ ਤਾਂ ਪਰਮਾਤਮਾ ਰੂਪਮਾਨ ਹੁੰਦਾ ਹੈ ਅਤੇ ਇਨ੍ਹਾਂ ਦੀ ਅਣਹੋਂਦ ਜਾਂ ਮੱਧਮ ਪੈ ਜਾਣ ਤੇ ਉਹ ਲੁਪਤ ਹੋ ਜਾਂਦਾ ਹੈ।   

ਜਾਪੁ ਸਾਹਿਬ ਵਿਚ ਅਕਾਲ ਦਾ ਵਰਣਨ ਵੀ ਇਕ ਵਿਚਾਰਨਯੋਗ ਕਾਵਿ ਵਿਧੀ ਹੈ। ਦਸਮ ਸਤਿਗੁਰੂ ਦੀ ਦ੍ਰਿਸ਼ਟੀ ਵਿਚ ਅਕਾਲ ਪੁਰਖ ਇਕ ਵਿਲੱਖਣ ਤੱਤ ਹੈ। ਬੁੱਧ ਧਰਮੀਆਂ ਦੇ ਸ਼ੂਨ ਤੱਤ ਤੋਂ ਹੀ ਓਪਰਾ ਹੈ। ਉਹ ਕੋਰੇ ਗਿਆਨ ਦਾ ਵਿਸ਼ਾ ਨਹੀਂ ਹੈ ਅਤੇ ਨਾ ਹੀ ਉਹ ਸਰੀਰਕ ਸਾਧਨਾ ਨਾਲ ਪ੍ਰਾਪਤ ਹੋ ਸਕਦਾ ਹੈ। ਉਹ ਤਾਂ ਦਵੈਤ ਅਦਵੈਤ, ਵਿਲੱਖਣ ਪਰਮਤੱਤ ਸਰੂਪ ਹਿਰਦੇਵਾਸੀ ਯੋਗ ਬ੍ਰਹਮ ਹੈ। ਉਹ ‘ਅਨਭਉ ਪ੍ਰਕਾਸ’ ਹੈ ਜੋ ਅਨਭਉ ਨਾਲ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ। 

ਜਾਪੁ ਸਾਹਿਬ ਵਿਚ ਦਰਸਾਏ ‘ਅਕਾਲ’ ਦਾ ਬਿਆਨ ਸੰਭਵ ਨਹੀ ਹੈ। ਇਸ ਸਾਰੀ ਬਾਣੀ ਦਾ ਅਧਿਐਨ ਸਪਸ਼ਟ ਕਰ ਦਿੰਦਾ ਹੈ ਕਿ ਪਰਮਾਤਮਾ ਦਾ ਇਹ ਬਿਆਨ ਬਾਹਰੀ ਸਥਿਤੀ ਦਾ ਹੀ ਵਰਣਨ ਮਾਤਰ ਹੈ ਕਿਉਂਕਿ ਉਹ ਰੂਪ, ਰੰਗ, ਰੇਖ, ਭੇਖ ਆਦਿ ਦੀ ਪਕੜ ਵਿਚ ਆਉਣ ਵਾਲੀ ਹਸਤੀ ਨਹੀਂ ਹੈ।‘ਨੇਤਿ ਨੇਤਿ’ ਸ਼ੈਲੀ ਵਿਚ ਉਸ ਦੀ ਸਮਰਥਾ ਤੇ ਵਡੱਪਣ ਦਰਸਾਉਣ ਦਾ ਸਫ਼ਲ ਯਤਨ ਕੀਤਾ ਗਿਆ ਹੈ। 

ਭਾਰਤੀ ਨਿਰਗੁਣ ਕਾਵਿ ਵਿਚ ਬ੍ਰਹਮ ਨਿਰੂਪਣ ਬੜੇ ਵਿਸਥਾਰ ਸਹਿਤ ਹੋਇਆ ਮਿਲਦਾ ਹੈ ਪਰ ਗੁਰੂ ਗੋਬਿੰਦ ਸਿੰਘ ਜੀ ਨੇ ਪਰੰਪਰਾ ਤੋਂ ਅਗਾਂਹ ਲੰਘ ਕੇ ਉਸ ਪਰਮਾਤਮਾ ਨੂੰ ਸ਼ਸਤਰ-ਅਸਤਰ ਵਾਲਾ ਤੇਜ ਪ੍ਰਚੰਡ ਤੇ ਅਖੰਡ ਓਜ ਵਾਲਾ ਦਰਸਾਇਆ ਹੈ ਜਿਸ ਦੀ ਸ਼ਰਣ ਵਿਚ ਰਹਿ ਕੇ ਮਾਨਵ ਸੁਖ ਪ੍ਰਾਪਤ ਕਰ ਸਕਦਾ ਹੈ ਕਿਉਂਕਿ ਉਹ ਬ੍ਰਹਮ ‘ਸਦਾ ਅੰਗ ਸੰਗੇ’ ਹੈ। ਉਹ ਰਹਿਮਤਾਂ, ਮਿਹਰਾਂ, ਬਖਸ਼ਿਸ਼ਾਂ ਦਾ ਭੰਡਾਰ ਹੈ। ਉਹ ਕਰੁਣਾਮਈ, ਰਹੀਮ, ਕਿਰਪਾਲੂ ਤੇ ਦਿਆਲੂ ਹੈ।  

ਗੁਰੂ ਗੋਬਿੰਦ ਸਿੰਘ ਜੀ ਨੇ ‘ਅਕਾਲ’ ਨੂੰ ਸੌਂਦਰਯ ਦ੍ਰਿਸ਼ਟੀ ਤੋਂ ਨਿਰੂਪਣ ਕਰਦਿਆਂ ਉਸ ਨੂੰ ਅਦੁਤੀ ਹੁਸਨ ਆਖਿਆ ਹੈ–ਕਲੰਕੰ ਬਿਨਾ ਨੇਕਲੰਕੀ ਸਰੂਪੇ। ਨਮੋ ਰਾਜ ਰਾਜੇਸ੍ਵਰੰ ਪਰਮ ਰੂਪੇ  ‖੫੦‖ ਇਸ ਭਾਵ ਨੂੰ ਹੋਰ ਵਿਸਥਾਰ ਦਿੰਦਿਆਂ ਦਸਮ ਗੁਰੂ ਜੀ ਨੇ ਲਿਖਿਆ ਹੈ :-

    ਕਿ ਸਾਹਿਬ ਦਿਮਾਗ ਹੈਂ ‖

    ਕਿ ਹੁਸਨਲ ਚਰਾਗ ਹੈਂ ‖ ੧੫੧‖

     ਕਰੀਮੁਲ ਕਮਾਲ ਹੈ‖

    ਕਿ ਹੁਸਨੁਲ ਜਮਾਲ ਹੈ  ‖੧੫੨‖

 ਗੁਰੂ ਗੋਬਿੰਦ ਸਿੰਘ ਜੀ ਅਨੁਸਾਰ ‘ਅਕਾਲ’ ਦੀ ਬ੍ਰਹਿਮੰਡੀ ਵਿਸ਼ਾਲਤਾ ਦਾ ਕੋਈ ਸ਼ੁਮਾਰ ਨਹੀਂ ਹੈ। ਉਸ ਵਿਚ ਧਰਮ ਦੇ ਦੱਸੇ ਗੁਣ ਸਮਾਏ ਹੋਏ ਹਨ। ਇਉਂ ਉਹ ਪਰਮਾਤਮਾ ਨਿਰੰਕਾਰ ਹੁੰਦਿਆਂ ਹੋਇਆਂ ਵੀ ਭਗਤੀ ਤੇ ਸ਼ਕਤੀ ਦਾ ਸ਼ਹਿਨਸ਼ਾਹ, ਹੁਸਨ ਤੇ ਸੁਹਜ ਦਾ ਵੀ ਖ਼ਜ਼ਾਨਾ ਹੈ। 

ਜਾਪੁ ਸਾਹਿਬ ਨਿਰੋਲ ਤੇ ਸ਼ੁੱਧ ਕਾਵਿ ਹੈ ਕਿਉਂਕਿ ਇਸ ਵਿਚ ਕਿਸੇ ਗੋਸ਼ਟੀ, ਸਾਖੀ, ਪ੍ਰਸ਼ਨੋਤਰੀ, ਪੁਰਾਣ, ਕਥਾ-ਪ੍ਰਮਾਣ, ਮਿਥਿਹਾਸ, ਨਾਟਕ, ਆਤਮਕਥਾ, ਆਲੋਚਨਾ, ਪਾਖੰਡ ਦਮਨ, ਉਪਹਾਸ, ਯੁੱਧ ਚਿੱਤ੍ਰ, ਵੀਰਤਾ ਕਰੁਣਾ ਆਦਿ ਦਾ ਸਹਾਰਾ ਨਹੀਂ ਲਿਆ ਗਿਆ ਸਗੋਂ ਉਸ ਅਕਾਲ ਦੇ ਨਿਰਗੁਣ ਸਰੂਪ ਦਾ ਵਰਣਨ ਕਰਦਿਆਂ ਉਸ ਦੇ ਅਥਾਹ ਗੁਣਾਂ ਨੂੰ ਦਰਸਾਉਣ ਦਾ ਯਤਨ ਕੀਤਾ ਗਿਆ ਹੈ। 

ਜਾਪੁ ਸਾਹਿਬ ਵਿਚ ਛਪੈ, ਭੁਜੰਗ ਪ੍ਰਯਾਤ, ਚਾਚਰੀ, ਚਰਪਟ, ਰੂਆਲ, ਭਗਵਤੀ, ਰਸਾਵਲ, ਮਧੁਭਾਰ, ਹਰਿਬੋਲਮਨਾ ਤੇ ਏਕ ਅਛਰੀ ਛੰਦਾਂ ਦਾ ਪ੍ਰਯੋਗ ਕੀਤਾ ਹੈ। ਸ਼ਬਦ ਚੋਣ ਤੇ ਸ਼ਬਦ ਘਾੜਤ ਬੜੇ ਕਮਾਲ ਦੀ ਹੈ। ਸੰਸਕ੍ਰਿਤ ਤੇ ਫ਼ਾਰਸੀ ਸ਼ਬਦਾਂ ਦੀ ਵਰਤੋਂ ਬਹੁਤ ਸੁਚੱਜੇ ਢੰਗ ਨਾਲ ਕੀਤੀ ਗਈ ਹੈ। ਇਹ ਆਧੁਨਿਕ ਸਹੰਸ੍ਰਨਾਮਾ ਹੈ, ਉਪਨਿਸ਼ਦਾਂ ਦਾ ਸ੍ਰੇਸ਼ਟ ਸਾਰ ਹੈ। ਇਹ ਕਿਸੇ ਬੜੇ ਉੱਚੇ ਗਗਨਾਂ ਦੇ ਸੂਖਮ ਮੰਡਲਾਂ ਦਾ ਰੱਬੀ ਗੀਤ ਹੈ ਜਿਥੇ ਲੈਅ, ਧੁਨੀ ਤੇ ਰਾਗ ਆਪਣੇ ਆਪ ਜੁੜਦੇ ਬਣਦੇ ਤੇ ਪਰਸਦੇ ਜਾ ਰਹੇ ਹਨ। 

ਜਾਪੁ ਸਾਹਿਬ ਦੀ ਕਲਾ ਨੂੰ ਇਸ ਦੀ ਸਮੂਹਕਤਾ ਵਿਚ ਮਾਣਨਾ ਉੱਚਿਤ ਹੈ। ਇਸ ਨੂੰ ਅੰਗ ਅੰਗ ਕਰ ਕੇ ਦਰਸਾਉਣਾ ਇਸ ਦੇ ਕਲਾਤਮਕ ਸੁਹੱਪਣ ਨਾਲ ਅਨਿਆਂ ਹੋਵੇਗਾ। ਜਾਪੁ ਸਾਹਿਬ ਦੇ ਪੀਰੀ ਪ੍ਰਭਾਵ, ਅਮੀਰੀ ਬਹੁਲਤਾ, ਸ਼ਕਤੀ, ਅਥਾਹ-ਅਸਗਾਹ ਵਹਿਣ ਨਿਰੰਤਰ ਤੌਰ ਤੇ ਹਨ। ਇਹ ਰਚਨਾ ਬੌਧਿਕ ਵਿਲਾਸ ਦੀ ਉਪਜ ਨਹੀਂ ਹੈ ਸਗੋਂ ਸੁਭਾਵਿਕ ਉਗਮਦਾ ਚਸ਼ਮਾ ਹੈ ਜੋ ਆਪਣੇ ਆਪ ਹੀ ਫੁੱਟ ਕੇ ਵਹਿ ਤੁਰਿਆ ਹੈ। ਸਾਰਾ ਜਾਪੁ ਸਾਹਿਬ ਸਮਾਧੀ ਪ੍ਰਕਾਸ਼ ਦਾ ਪ੍ਰਗਟਾਵਾ ਹੈ। ਇਹ ਨਿਰਣਾ ਅਜੇ ਨਹੀਂ ਹੋ ਸਕਿਆ ਕਿ ਇਸ ਨੂੰ ਕਿਸ ਕਸਵੱਟੀ ਤੇ ਪਰਖਿਆ ਜਾਵੇ ? 

ਜਾਪੁ ਸਾਹਿਬ ਦੀ ਭਾਸ਼ਾ ਤੋਂ ਵੀ ਕਰਤਾ ਦੇ ਵਿਆਪਕ ਦ੍ਰਿਸ਼ਟੀਕੋਣ ਦਾ ਪਤਾ ਲਗਦਾ ਹੈ। ਗੁਰੂ ਸਾਹਿਬ ਦੇ ਮਨ ਵਿਚ ਜਿਸ ਰੱਬੀ ਬਾਣੀ ਦਾ ਆਵੇਸ਼ ਹੋਇਆ, ਉਸ ਦਾ ਪ੍ਰਗਟਾਵਾ ਅਵਧੀ, ਬ੍ਰਜ, ਸੰਸਕ੍ਰਿਤ, ਅਰਬੀ, ਫ਼ਾਰਸੀ ਤੇ ਪੰਜਾਬੀ ਦੇ ਸੁਮੇਲ ਵਿਚ ਹੋਇਆ। ਭਾਵੇਂ ਇਸ ਵਿਚ ਬਹੁਲਤਾ ਬ੍ਰਜ ਦੀ ਹੀ ਹੈ। ਗੁਰੂ ਜੀ ਨੇ ਭਾਰਤ ਅਧਿਆਤਮਕ ਚਿੰਤਨ ਧਾਰਾ ਦੇ ਨਾਲ ਨਾਲ ਇਸਲਾਮੀ ਧਾਰਮਿਕ ਸ਼ਬਦਾਵਲੀ ਵੀ ਅਪਣਾਈ ਹੈ ਜਿਸ ਤੋਂ ਜਿਥੇ ਆਪ ਦੀ ਉਦਾਰ ਬਿਰਤੀ ਦਾ ਬੋਧ ਹੁੰਦਾ ਹੈ, ਉਥੇ ਆਪ ਦੇ ਵਿਸ਼ਾਲ ਗਿਆਨ ਦਾ ਵੀ ਪਤਾ ਲਗਦਾ ਹੈ। 

ਜਾਪੁ ਸਾਹਿਬ ਦਾ ਹਰ ਸ਼ਬਦ ਹੀ ਕਵਿਤਾ ਹੈ। ਇਹ ਇਕ ਰੱਬੀ ਗੀਤ ਹੈ ਜੋ ਅਕਾਲ ਦੀ ਅਨੰਦ ਮਹਿਮਾ ਕਰ ਰਿਹਾ ਹੈ। ਜਾਪੁ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦੀ ਇਕ ਮਹਾਨ ਰਚਨਾ ਹੈ ਜੋ ਚਿੰਤਨ ਵਿਚਾਰ ਤੇ ਕਲਾ ਪੱਖੋਂ ਉੱਤਕ੍ਰਿਸ਼ਟ ਕਿਰਤ ਹੈ। 


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 4467, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-08-29-04-12-25, ਹਵਾਲੇ/ਟਿੱਪਣੀਆਂ: ਹ. ਪੁ. –ਦਸਮ ਗ੍ਰੰਥ ਰੂਪ ਤੇ ਰਸ-ਡਾ. ਤਾਰਨ ਸਿੰਘ; ਨਿਤਨੇਮ ਸਟੀਕ–ਪ੍ਰੋ. ਸਾਹਿਬ ਸਿੰਘ; ਆਲੋਚਨਾ (ਗੁਰੂ ਗੋਬਿੰਦ ਸਿੰਘ ਅੰਕ) ਜੁਲਾਈ, ਦਸੰਬਰ 1966; ਗੁਰੂ ਗੋਬਿੰਦ ਸਿੰਘ ਔਰ ਉਠ ਕੀ ਹਿੰਦੀ ਕਵਿਤਾ-ਡਾ. ਮਹੀਪ ਸਿੰਘ

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.