ਜੀਂਦ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।

ਜੀਂਦ. ਰੋਹਤਕ ਤੋਂ ੨੫ ਮੀਲ ਉੱਤਰ ਪੱਛਮ ਇੱਕ ਨਗਰ, ਜਿਸ ਦਾ ਪੁਰਾਣਾ ਨਾਮ ਜਯੰਤਿ ਦੇਵੀ ਦੇ ਮੰਦਿਰ ਕਾਰਣ “ਜਯੰਤਿਪੁਰ” ਸੀ. ਫੂਲਵੰਸ਼ੀ ਪ੍ਰਤਾਪੀ ਰਾਜਾ ਗਜਪਤਿ ਸਿੰਘ ਬਹਾਦੁਰ ਨੇ ਸਤਾਰਾਂ ਵਰ੍ਹੇ ਦੀ ਉਮਰ ਵਿੱਚ ਦਿੱਲੀ ਦੀ ਸਲਤਨਤ ਦੇ ਪਰਗਨੇ ਜੀਂਦ ਅਤੇ ਸਫੀਦੋਂ, ਸਨ ੧੭੫੫ ਵਿੱਚ ਫਤੇ ਕੀਤੇ ਅਰ ਸਨ ੧੭੬੬ ਵਿੱਚ ਜੀਂਦ ਨੂੰ ਆਪਣੀ ਰਾਜਧਾਨੀ ਥਾਪਿਆ. ਸਨ ੧੭੭੫ ਵਿੱਚ ਇੱਥੇ “ਫਤ੍ਹੇਗੜ੍ਹ” ਨਾਉਂ ਦਾ ਸੁੰਦਰ ਕਿਲਾ ਰਚਿਆ.

ਭਾਵੇਂ ਸਨ ੧੮੨੭ ਵਿੱਚ ਰਾਜਾ ਸੰਗਤ ਸਿੰਘ ਨੇ ਸੰਗਰੂਰ ਨੂੰ ਰਾਜਧਾਨੀ ਬਣਾ ਲਿਆ, ਪਰ ਸਰਕਾਰੀ ਕਾਗਜਾਂ ਵਿੱਚ ਰਿਆਸਤ ਦਾ ਨਾਮ ਜੀਂਦ ਹੀ ਲਿਖਿਆ ਜਾਂਦਾ ਹੈ, ਅਰ ਮਸਨਦਨਸ਼ੀਨੀ ਦੀ ਰਸਮ ਭੀ ਜੀਂਦ ਵਿੱਚ ਹੁੰਦੀ ਹੈ.

     ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜੀਂਦ ਨਗਰ ਨੂੰ ਚਰਣਾਂ ਨਾਲ ਪਵਿਤ੍ਰ ਕੀਤਾ ਹੈ ਅਤੇ ਕੁਝ ਸਮਾਂ ਗੁਰੂ ਤੇਗਬਹਾਦੁਰ ਸਾਹਿਬ ਭੀ ਵਿਰਾਜੇ ਹਨ. ਰਾਜਾ ਗਜਪਤਿ ਸਿੰਘ ਜੀ ਨੇ ਸੁੰਦਰ ਗੁਰਦ੍ਵਾਰਾ ਬਣਾਕੇ ਤੇਗਬਹਾਦੁਰਪੁਰ ਪਿੰਡ (ਪ੍ਰਸਿੱਧ ਛੰਨਾ) ਜਾਗੀਰ ਵਿੱਚ ਅਰਪਿਆ. ਗੁਰਦ੍ਵਾਰੇ ਦਾ ਪ੍ਰਬੰਧ ਰਿਆਸਤ ਦੀ ਕਮੇਟੀ ਦੇ ਹੱਥ ਹੈ. ਨਿੱਤ ਕੀਰਤਨ ਹੁੰਦਾ ਅਤੇ ਲੰਗਰ ਵਰਤਦਾ ਹੈ.

ਹੁਣ ਜੀਂਦ ਨਾਰਥ ਵੈਸਟਰਨ ਰੇਲਵੇ ਦਾ ਸਟੇਸ਼ਨ ਹੈ, ਜੋ ਭਟਿੰਡੇ ਤੋਂ ੧੦੫ ਅਤੇ ਦਿੱਲੀ ਤੋਂ ੭੯ ਮੀਲ ਹੈ.

ਜੀਂਦ ਰਿਆਸਤ

ਜੀਂਦ ਰਿਆਸਤ ਫੂਲਕੀਆਂ ਰਿਆਸਤਾਂ ਵਿੱਚੋਂ ਸਿੱਖ ਰਿਆਸਤ ਹੈ, ਇਸ ਦਾ ਦਰਜਾ ਪੰਜਾਬ ਵਿੱਚ ਤੀਜਾ ਹੈ.1 ਰਕਬਾ ੧੨੬੮ ਵਰਗ ਮੀਲ ਹੈ. ਸਨ ੧੯੨੧ ਦੀ ਮਰਦੁਮਸ਼ੁਮਾਰੀ ਅਨੁਸਾਰ ਜਨਸੰਖ੍ਯਾ ੩੦੮, ੧੮੩ ਹੈ. ਆਮਦਨ ਸਤਾਈ ਲੱਖ ਰੁਪਯਾ ਸਾਲਾਨਾ ਹੈ.

ਜੀਂਦ ਰਾਜ ਵਿੱਚ ਚਾਰ ਨਗਰ (ਜੀਂਦ, ਸੰਗਰੂਰ, ਦਾਦਰੀ, ਸਫੀਦੋਂ) ਅਤੇ ੪੪੨ ਪਿੰਡ ਹਨ. ਆਬਪਾਸ਼ੀ ਪੱਛਮੀ ਜਮਨਾ ਕਨਾਲ ਅਤੇ ਸਰਹਿੰਦ ਕਨਾਲ ਤੋਂ ਹੁੰਦੀ ਹੈ, ਜਿਸ ਵਿੱਚ ਰਿਆਸਤ ਦਾ ਹਿੱਸਾ ਹੈ.2

ਰਿਆਸਤ ਦੀ ਫੌਜ ੭੦੦ ਸਿਪਾਹੀ ਇੰਪੀਰੀਅਲ ਸਰਵਿਸ ਪਲਟਨ ਦਾ, ੧੫੦ ਲੋਕਲ ਪਲਟਨ ਦਾ, ਮਹਾਰਾਜਾ ਦਾ ਬਾਡੀ ਗਾਰਡ ਰਸਾਲਾ ੧੧੨, ਖੱਚਰ ਬਾਟਰੀ Mule Battery ਦੇ ਸਿਪਾਹੀ ੨੭ ਹਨ. ਪੁਲਿਸ ਦੇ ਸਿਪਾਹੀ ੩੧੧ ਅਤੇ ਪਿੰਡਾਂ ਦੇ ਚੌਕੀਦਾਰ ੫੦੮ ਹਨ.

ਰਿਆਸਤ ਵਿੱਚ ਇੱਕ ਹਾਈ ਸਕੂਲ , ੨੫ ਮਿਡਲ ਸਕੂਲ, ੩੯ ਪ੍ਰਾਇਮਰੀ ਸਕੂਲ ਬਾਲਕਾਂ ਲਈ, ਅਤੇ ੪ ਗਰਲ ਸਕੂਲ ਹਨ.

ਸੰਗਰੂਰ ਵਿੱਚ ਇੱਕ ਵਡਾ ਹਾਸਪਿਟਲ, ਜਿਸ ਵਿੱਚ ੩੦ ਬੀਮਾਰ ਰਹਿ ਸਕਦੇ ਹਨ, ਜੀਂਦ ਦਾ ਹਾਸਪਿਟਲ ਜਿਸ ਵਿੱਚ ੧੫ ਰੋਗੀ ਰਹਿ ਸਕਦੇ ਹਨ, ਸੁੰਦਰ ਬਣੇ ਹੋਏ ਹਨ ਅਤੇ ਇਲਾਕੇ ਵਿੱਚ ੧੦ ਡਿਸਪੈਨਸਰੀਆਂ (Dispensaries) ਹਨ.

ਬਾਬਾ ਫੂਲ ਦੇ ਵਡੇ ਸੁਪੁਤ੍ਰ ਚੌਧਰੀ ਤਿਲੋਕ ਸਿੰਘ ਦੇ ਛੋਟੇ ਪੁਤ੍ਰ ਸੁਖਚੈਨ ਸਿੰਘ ਤੋਂ ਜੀਂਦ ਦੀ ਸ਼ਾਖ ਚੱਲੀ ਹੈ. ਸੁਖਚੈਨ ਸਿੰਘ ਦੇ ਘਰ ਮਾਈ ਆਗਾਂ ਦੇ ਉਦਰ ਤੋਂ ਗਜਪਤਿ ਸਿੰਘ ਦਾ ਜਨਮ ਸਨ ੧੭੩੮ ਵਿੱਚ ਹੋਇਆ. ਸਨ ੧੭੫੧ ਵਿੱਚ ਪਿਤਾ ਸੁਖਚੈਨ ਸਿੰਘ ਦੇ ਦੇਹਾਂਤ ਪਿੱਛੋਂ ਗਜਪਤਿ ਸਿੰਘ ਨੇ ਛੋਟੀ ਉਮਰ ਵਿੱਚ ਹੀ ਘਰ ਦਾ ਕੰਮ ਸਾਂਭਿਆ ਅਰ ਜੁਆਨ ਹੋ ਕੇ ਆਪਣੇ ਉੱਦਮ ਨਾਲ ਤਲਵਾਰ ਦੇ ਬਲ ਕਈ ਇਲਾਕੇ ਮੱਲੇ. ਸਨ ੧੭੬੩ ਵਿੱਚ ਸਰਹਿੰਦ ਦੇ ਸੂਬੇ ਜੈਨਖ਼ਾਂ ਦੇ ਵਿਰੁੱਧ ਆਪਣੇ ਭਾਈਆਂ ਨਾਲ ਮਿਲਕੇ ਘੋਰ ਯੁੱਧ ਕੀਤਾ. ਇਸ ਫਤੇ ਵਿੱਚ ਬਹੁਤ ਮਾਲ ਅਤੇ ਕਈ ਪਿੰਡ ਗਜਪਤਿ ਸਿੰਘ ਦੇ ਹੱਥ ਆਏ.

ਸਨ ੧੭੭੨ ਵਿੱਚ ਕੁਲਦੀਪਕ ਗਜਪਤਿ ਸਿੰਘ ਨੇ ਰਾਜਾ ਪਦਵੀ ਪ੍ਰਾਪਤ ਕੀਤੀ ਅਤੇ ਰਾਜ ਕਾਜ ਦੇ ਉੱਤਮ ਨਿਯਮ ਥਾਪੇ. ਇਸ ਦੀ ਸੁਪੁਤ੍ਰੀ ਬੀਬੀ ਰਾਜਕੌਰ ਦਾ ਸਨ ੧੭੭੪ ਵਿੱਚ ਵੱਡੀ ਧੂਮ ਧਾਮ ਨਾਲ ਸਰਦਾਰ ਮਹਾਂਸਿੰਘ ਸੁਕ੍ਰਚੱਕੀਏ ਨਾਲ ਵਿਆਹ ਹੋਇਆ. ਮਹਾਰਾਜਾ ਰਣਜੀਤ ਸਿੰਘ ਪੰਜਾਬ ਕੇਸਰੀ ਦੀ ਮਾਤਾ ਹੋਣ ਕਰਕੇ ਬੀਬੀ ਰਾਜ ਕੌਰ ਦਾ ਨਾਮ ਵਡੇ ਸਨਮਾਨ ਨਾਲ ਦੇਸ਼ ਵਿੱਚ ਲਿਆ ਜਾਂਦਾ ਹੈ.

ਸਨ ੧੭੮੯ ਵਿੱਚ ਰਾਜਾ ਗਜਪਤਿ ਸਿੰਘ ੫੧ ਵਰ੍ਹੇ ਦੀ ਉਮਰ ਭੋਗਕੇ ਚਲਾਣਾ ਕਰ ਗਿਆ, ਅਰ ਉਸ ਦਾ ਪੁਤ੍ਰ ਰਾਜਾ ਭਾਗ ਸਿੰਘ ੨੧ਵਰ੍ਹੇ ਦੀ ਉਮਰ ਵਿੱਚ ਗੱਦੀ ਤੇ ਬੈਠਾ. ਇਸ ਨੇ ਸਨ ੧੮੦੩ ਵਿੱਚ ਜਨਰਲ ਲੇਕ (General Lake) ਨਾਲ ਮਿਤ੍ਰਤਾ ਗੰਢੀ ਅਰ ਕਈ ਜੰਗਾਂ ਵਿੱਚ ਸਹਾਇਤਾ ਦਿੱਤੀ. ਸਨ ੧੮੦੫ ਵਿੱਚ ਆਪਣੇ ਭਾਣਜੇ ਮਹਾਰਾਜਾ ਰਣਜੀਤ ਸਿੰਘ ਪਾਸ ਰਾਜਾ ਭਾਗ ਸਿੰਘ ਅੰਗ੍ਰੇਜ਼ੀ ਸਰਕਾਰ ਦਾ ਵਕੀਲ ਬਣਕੇ ਗਿਆ ਕਿ ਜਸਵੰਤਰਾਉ ਹੁਲਕਰ ਨੂੰ ਪੰਜਾਬ ਸਰਕਾਰ ਤੋਂ ਕਿਸੇ ਤਰਾਂ ਦੀ ਸਹਾਇਤਾ ਨਾ ਮਿਲੇ. ਇਸ ਕਾਰਜ ਵਿੱਚ ਰਾਜੇ ਨੂੰ ਸਫਲਤਾ ਪ੍ਰਾਪਤ ਹੋਈ ਅਰ ਕੰਪਨੀ ਸਰਕਾਰ ਤੋਂ ਬਵਾਨਾ ਅਤੇ ਗੋਹਾਨਾ ਇਲਾਕਾ ਮਿਲਿਆ.

ਸਨ ੧੮੧੯ ਵਿੱਚ ਰਾਜਾ ਭਾਗ ਸਿੰਘ ਦਾ ਦੇਹਾਂਤ ਹੋਣ ਪੁਰ ਉਸ ਦਾ ਪੁਤ੍ਰ ਰਾਜਾ ਫਤੇ ਸਿੰਘ ਗੱਦੀ ਤੇ ਬੈਠਾ, ਪਰ ਇਹ ਚਿਰ ਤੀਕ ਰਾਜ ਨਹੀਂ ਕਰ ਸਕਿਆ ੩ ਫਰਵਰੀ ਸਨ ੧੮੨੨ ਨੂੰ ਇਸ ਦਾ ਦੇਹਾਂਤ ਹੋ ਗਿਆ.

੩੦ ਜੁਲਾਈ ਸਨ ੧੮੨੨ ਨੂੰ ੧੧ ਵਰ੍ਹੇ ਦੀ ਉਮਰ ਵਿੱਚ ਰਾਜਾ ਫਤੇ ਸਿੰਘ ਦਾ ਪੁਤ੍ਰ ਸੰਗਤ ਸਿੰਘ ਜੀਂਦ ਦੀ ਗੱਦੀ ਤੇ ਬੈਠਾ. ਇਸ ਦਾ ਮਹਾਰਾਜਾ ਰਣਜੀਤ ਸਿੰਘ ਨਾਲ ਬਹੁਤ ਪਿਆਰ ਸੀ. ਰਾਜਾ ਸੰਗਤ ਸਿੰਘ ਬਹੁਤ ਸੁੰਦਰ ਅਤੇ ਸ਼ਾਹਸਵਾਰ ਸੀ, ਪਰ ਰਾਜ ਕਾਜ ਵੱਲ ਘੱਟ ਧਿਆਨ ਦੇਂਦਾ ਸੀ. ਇਸ ਦਾ ਦੇਹਾਂਤ ਤੇਈ ਵਰ੍ਹੇ ਦੀ ਉਮਰ ਵਿੱਚ ੩ ਨਵੰਬਰ ਸਨ ੧੮੩੪ ਨੂੰ ਹੋਇਆ. ਰਾਜਾ ਸੰਗਤ ਸਿੰਘ ਦੇ ਪੁਤ੍ਰ ਨਾ ਹੋਣ ਕਰਕੇ ਬਜੀਦਪੁਰ ਦੇ ਸਰਦਾਰ ਸਰੂਪ ਸਿੰਘ ਨੂੰ, ਜੋ ਕਰੀਬੀ ਹੱਕਦਾਰ ਸੀ, ਸਨ ੧੮੩੭ ਵਿੱਚ ਜੀਂਦ ਦੀ ਗੱਦੀ ਪ੍ਰਾਪਤ ਹੋਈ.

ਰਾਜਾ ਸਰੂਪ ਸਿੰਘ ਨੇ ਉੱਤਮ ਰੀਤਿ ਨਾਲ ਰਾਜ ਦਾ ਪ੍ਰਬੰਧ ਕੀਤਾ. ਇਹ ਵਡਾ ਕੱਦਾਵਰ, ਸ਼ੂਰਵੀਰ, ਦੂਰੰਦੇਸ਼ ਅਤੇ ਨੀਤਿਨਿਪੁਣ ਰਾਜਾ ਸੀ.1

ਸਨ ੧੮੫੭ ਦੇ ਗਦਰ ਵੇਲੇ ਗਵਰਨਮੇਂਟ ਨੂੰ ਇਸ ਨੇ ਤਨ ਮਨ ਧਨ ਤੋਂ ਪੂਰੀ ਸਹਾਇਤਾ ਦਿੱਤੀ ਅਤੇ ਆਪਣੀ ਫੌਜ ਦਾ ਮੁਖੀਆ ਹੋ ਕੇ ਆਪ ਦਿੱਲੀ ਪੁੱਜਾ. ਰਾਜਾ ਸਰੂਪ ਸਿੰਘ ਨੂੰ ਸਰਕਾਰ ਵੱਲੋਂ ਦਾਦਰੀ ਦਾ ਪਰਗਨਾ ਅਤੇ ਸੰਗਰੂਰ ਪਾਸ ਤੇਰਾਂ ਪਿੰਡ ਪ੍ਰਾਪਤ ਹੋਏ ਅਰ ਸਨ ੧੮੬੩ ਵਿੱਚ ਜੀ. ਸੀ. ਐਸ. ਆਈ.2 ਦਾ ਖ਼ਿਤਾਬ ਮਿਲਿਆ.

ਇਸ ਪ੍ਰਤਾਪੀ ਰਾਜੇ ਦਾ ਦੇਹਾਂਤ ੨੬ ਜਨਵਰੀ ਸਨ ੧੮੬੪ ਨੂੰ ਹੋਇਆ ਅਤੇ ਇਸ ਦਾ ਯੋਗ੍ਯ ਪੁਤ੍ਰ ਰਾਜਾ ਰਘੁਬੀਰ ਸਿੰਘ ਤੀਹ ਵਰ੍ਹੇ ਦੀ ਉਮਰ ਵਿੱਚ ੩੧ ਮਾਰਚ ਸਨ ੧੮੬੪ ਨੂੰ ਗੱਦੀ ਤੇ ਬੈਠਾ ਅਰ ਸ਼ਲਾਘਾ ਯੋਗ੍ਯ ਰਾਜ ਕੀਤਾ. ਇਸ ਦੇ ਅਹਿਦ ਵਿੱਚ ਸਰਹਿੰਦ ਕਨਾਲ ਜਾਰੀ ਹੋਈ ਅਤੇ ਪਿੰਡ ਸੰਗਰੂਰ ਉੱਤਮ ਸ਼ਹਿਰ ਬਣ ਗਿਆ. ਰਾਜਾ ਰਘੁਬੀਰ ਸਿੰਘ ਜੀ ਨੂੰ ਸਨ ੧੮੭੬ ਵਿੱਚ ਜੀ. ਸੀ. ਐਸ. ਆਈ. ਦਾ ਖ਼ਿਤਾਬ ਮਿਲਿਆ. ਇਸ ਚਤੁਰ ਰਾਜੇ ਨੇ ਦੂਜੇ ਅਫਗਾਨ ਜੰਗ (ਸਨ ੧੮੭੬) ਵਿੱਚ ਗਵਰਨਮੇਂਟ ਨੂੰ ਫੌਜ ਅਤੇ ਰੁਪਯੇ ਦੀ ਸਹਾਇਤਾ ਦਿੱਤੀ, ਅਤੇ “ਰਾਜਾਏ ਰਾਜਗਾਨ” ਆਦਿਕ ਖ਼ਿਤਾਬ ਪ੍ਰਾਪਤ ਕੀਤੇ.

ਰਾਜਾ ਰਘੁਬੀਰ ਸਿੰਘ ਦੇ ਪੁਤ੍ਰ ਟਿੱਕਾ ਬਲਬੀਰ ਸਿੰਘ ਦਾ ਦੇਹਾਂਤ ਪਿਤਾ ਦੇ ਹੁੰਦੇ ਹੀ ਸਨ ੧੮੮੩ ਵਿੱਚ ਹੋ ਗਿਆ ਸੀ, ਇਸ ਲਈ ਸਨ ੧੮੮੭ ਵਿੱਚ ਰਾਜਾ ਰਘੁਬੀਰ ਸਿੰਘ ਜੀ ਦਾ ਦੇਹਾਂਤ ਹੋਣ ਪੁਰ ਉਸਦਾ ਪੋਤਾ ਰਾਜਕੁਮਾਰ ਰਨਬੀਰ ਸਿੰਘ ਅੱਠ ਵਰ੍ਹੇ ਦੀ ਉਮਰ ਵਿੱਚ ਰਾਜਸਿੰਘਾਸਨ ਤੇ ਵਿਰਾਜਿਆ.

ਵਰਤਮਾਨ ਮਹਾਰਾਜਾ ਰਨਬੀਰ ਸਿੰਘ ਜੀ ਦਾ ਜਨਮ ੧੧ ਅਕਤੂਬਰ ਸਨ ੧੮੭੯ ਨੂੰ ਹੋਇਆ ਹੈ. ਆਪ ਦਾਦਾ ਜੀ ਦੇ ਦੇਹਾਂਤ ਪਿੱਛੋਂ ਸਨ ੧੮੮੭ ਵਿੱਚ ਗੱਦੀ ਤੇ ਬੈਠੇ ਅਤੇ ਬਾਲਿਗ ਹੋ ਕੇ ਸਨ ੧੮੯੯ ਵਿੱਚ ਰਾਜਪ੍ਰਬੰਧ ਆਪਣੇ ਹੱਥ ਲਿਆ. ਇਨ੍ਹਾਂ ਨੂੰ ੧ ਜਨਵਰੀ ਸਨ ੧੯੦੯ ਨੂੰ ਕੇ. ਸੀ. ਐਸ. ਆਈ,3 ਅਤੇ ੧ ਜਨਵਰੀ ਸਨ ੧੯੧੬ ਨੂੰ ਜੀ. ਸੀ. ਆਈ. ਈ.4 ਖਿਤਾਬ ਮਿਲਿਆ. ਸਨ ੧੯੧੧ ਦਾ ਸ਼ਾਹੀ ਦਰਬਾਰ ਦਿੱਲੀ ਵਿੱਚ ਮੌਰੂਸੀ (hereditary) ਮਹਾਰਾਜਾ ਪਦਵੀ ਪ੍ਰਾਪਤ ਹੋਈ.

ਮਹਾਰਾਜਾ ਰਨਬੀਰ ਸਿੰਘ ਜੀ ਨੇ ਸਨ ੧੮੯੭—੯੮ ਦੇ ਤੀਰਾ ਜੰਗ ਅਤੇ ਸਨ ੧੯੧੪ ਦੇ ਵਡੇ ਜੰਗ ਵਿੱਚ ਸਰਕਾਰ ਨੂੰ ਲੱਖਾਂ ਰੁਪਯਾਂ ਦੀ ਸਹਾਇਤਾ ਅਤੇ ਆਪਣੀ ਸਾਰੀ ਫੌਜ ਦੀ ਸੇਵਾ ਅਰਪਕੇ ਗਵਰਨਮੇਂਟ ਦੀ ਪ੍ਰਸੰਨਤਾ ਅਤੇ ਧੰਨਵਾਦ ਪ੍ਰਾਪਤ ਕੀਤਾ.

ਮਹਾਰਾਜਾ ਰਨਬੀਰ ਸਿੰਘ ਜੀ ਦੇ ਅਹਿਦ ਵਿੱਚ ਰਿਆਸਤ ਦੀ ਸ਼ਾਹੀ ਇਮਾਰਤਾਂ, ਪੁ੎ਤਕਾਲਯ, ਸਕੂਲ, ਹਾਸਪਿਟਲ ਆਦਿ ਬਹੁਤ ਸੁੰਦਰ ਬਣੇ ਹਨ ਅਤੇ ਸਨ ੧੯੦੧ ਵਿੱਚ ਲੁਦਿਆਨਾ ਧੂਰੀ ਜਾਖਲ ਰੇਲਵੇ ਬਣਾਈ ਗਈ ਹੈ, ਜਿਸ ਤੇ ਰਿਆਸਤ ਦਾ ਖਰਚ ੩੮, ੧੩, ੬੬੧ ਰੁਪਯੇ ਹੋਇਆ ਅਰ ਇਸ ਦੀ ਆਮਦਨ ਸਾਢੇ ਤਿੰਨ ਲੱਖ ਰੁਪਯਾ ਸਾਲਾਨਾ ਹੈ. ਇਸ ਤੋਂ ਛੁੱਟ ਜੀਂਦ ਪਾਨੀਪਤ ਰੇਲਵੇ ਤੇ ੧੭, ੦੦, ੦੦, ਖਰਚ ਕੀਤਾ ਗਿਆ ਹੈ, ਜਿਸ ਤੋਂ ਇੱਕ ਲੱਖ ਰੁਪਯਾ ਸਾਲਾਨਾ ਆਉਂਦਾ ਹੈ.

ਮਹਾਰਾਜਾ ਰਨਬੀਰ ਸਿੰਘ ਜੀ ਦਾ ਪੂਰਾ ਖ਼ਿਤਾਬ ਹੈ—ਕਰਨੈਲ ਹਿਜ਼ ਹਾਈਨੈਸ (Colonel His Highness) ਫ਼ਰਜ਼ੰਦੇ ਦਿਲਬੰਦ, ਰਸੂਖ਼ੁਲ ਇਤਕ਼ਾਦ, ਦਉਲਤੇ ਇੰਗਲਿਸ਼ੀਆ, ਰਾਜਾਏਰਾਜਗਾਨ, ਮਹਾਰਾਜਾ ਸਰ (Sir) ਰਨਬੀਰ ਸਿੰਘ, ਰਾਜੇਂਦ੍ਰ ਬਹਾਦੁਰ, ਜੀ. ਸੀ. ਆਈ. ਈ., ਕੇ. ਸੀ. ਐਸ. ਆਈ., ਵਾਲੀਏ ਜੀਂਦ.

ਰਿਆਸਤ ਜੀਂਦ ਦੀ ਸਲਾਮੀ ੧੩ ਤੋਪਾਂ ਦੀ ਹੈ, ਪਰ ਮਹਾਰਾਜਾ ਦੀ ਜ਼ਾਤੀ ਸਲਾਮੀ ੧੫ ਤੋਪਾਂ ਹਨ.

ਪਹਿਲਾਂ ਇਸ ਰਿਆਸਤ ਦਾ ਨੀਤਿਸੰਬੰਧ ਪੰਜਾਬ ਦੇ ਲਾਟਸਾਹਿਬ ਨਾਲ ਸੀ, ੧ ਨਵੰਬਰ ਸਨ ੧੯੨੧ ਤੋਂ ਗਵਰਨਮੇਂਟ ਇੰਡੀਆ ਨਾਲ ਏ. ਜੀ. ਸੀ. (Agent to the Governor General Panjab States) ਦ੍ਵਾਰਾ ਹੈ. ਦੇਖੋ, ਸੰਗਰੂਰ ਅਤੇ ਫੂਲਵੰਸ਼। ੨ ਖੂਹ ਦੀ ਗਾਰ ਨੂੰ ਭੀ ਪੰਜਾਬੀ ਵਿੱਚ ਜੀਂਦ ਆਖਦੇ ਹਨ. ਜਿਵੇਂ—ਖੂਹ ਦੀ ਜੀਂਦ ਕੱਢਣ ਤੋਂ ਪਾਣੀ ਡੂੰਘਾ ਅਤੇ ਸਾਫ਼ ਹੋ ਗਿਆ ਹੈ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3571, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਜੀਂਦ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਜੀਂਦ (ਨਗਰ): ਇਕ ਪ੍ਰਾਚੀਨ ਨਗਰ ਜੋ ਕਦੇ ਇਸੇ ਨਾਂ ਦੀ ਸਿੱਖ ਰਿਆਸਤ ਦੀ ਰਾਜਧਾਨੀ ਰਿਹਾ ਹੈ ਅਤੇ ਹੁਣ ਹਰਿਆਣਾ ਪ੍ਰਾਂਤ ਦੇ ਇਸੇ ਨਾਂ ਦੇ ਜ਼ਿਲ੍ਹੇ ਦਾ ਸਦਰ ਮੁਕਾਮ ਹੈ। ਇਸ ਨਗਰ ਵਿਚ ਜਯੰਤਿ ਦੇਵੀ ਦਾ ਮੰਦਿਰ ਹੋਣ ਕਾਰਣ ਇਸ ਦਾ ਨਾਂ ‘ਜਯੰਤਿਪੁਰ’ ਪ੍ਰਚਲਿਤ ਹੋਇਆ। ਹੁਣ ਇਸੇ ਦਾ ਨਾਂ ‘ਜੀਂਦ’ ਹੈ। ਇਸ ਵਿਚ ‘ਫਤਹਿਗੜ੍ਹ’ ਨਾਂ ਦਾ ਇਕ ਕਿਲ੍ਹਾ ਰਾਜਾ ਗਜਪਤਿ ਸਿੰਘ ਨੇ ਬਣਵਾਇਆ ਸੀ

ਮਾਲਵੇ ਦੀ ਧਰਮ-ਪ੍ਰਚਾਰ ਯਾਤ੍ਰਾ ਵੇਲੇ ਗੁਰੂ ਤੇਗ ਬਹਾਦਰ ਜੀ ਇਥੇ ਕੁਝ ਸਮੇਂ ਲਈ ਬਿਰਾਜੇ ਸਨ। ਰਿਆਸਤ ਜੀਂਦ ਦੇ ਸੰਸਥਾਪਕ ਰਾਜਾ ਗਜਪਤਿ ਸਿੰਘ ਨੇ ਨੌਵੇਂ ਗੁਰੂ ਜੀ ਦੀ ਆਮਦ ਦੀ ਯਾਦ ਵਿਚ ‘ਗੁਰਦੁਆਰਾ ਮੰਜੀ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ’ ਦੀ ਉਸਾਰੀ ਕਰਵਾਈ ਸੀ। ਹੁਣ ਪੁਰਾਣੀ ਇਮਾਰਤ ਦੀ ਥਾਂ ਬੜੀ ਸੁੰਦਰ ਨਵੀਂ ਇਮਾਰਤ ਉਸਾਰ ਦਿੱਤੀ ਗਈ ਹੈ। ਦੀਵਾਨ-ਸਥਾਨ ਦੇ ਪੂਰਬ ਵਲ ਸਰੋਵਰ ਬਣਿਆ ਹੋਇਆ ਹੈ। ਇਹ ਗੁਰੂ-ਧਾਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸੰਬੰਧਿਤ ਹੈ, ਪਰ ਇਸ ਦੀ ਵਿਵਸਥਾ ਸਥਾਨਕ ਕਮੇਟੀ ਕਰਦੀ ਹੈ। ਮਹਾਨਕੋਸ਼ਕਾਰ ਅਨੁਸਾਰ ਇਸ ਨਗਰ ਵਿਚ ਗੁਰੂ ਨਾਨਕ ਦੇਵ ਜੀ ਵੀ ਆਏ ਸਨ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3539, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਜੀਂਦ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ

ਜੀਂਦ : ਰਿਆਸਤ––ਭਾਰਤ ਦੇ ਪੰਜਾਬ ਰਾਜ ਦੀਆਂ ਫੂਲਕੀਆਂ ਰਿਆਸਤਾਂ ਵਿਚੋਂ ਇਹ ਇਕ ਸਾਬਕਾ ਸਿੱਖ ਰਿਆਸਤ ਹੁੰਦੀ ਸੀ। ਇਸ ਦਾ ਕੁੱਲ ਰਕਬਾ 3,310 ਵ. ਕਿ. ਮੀ. (1,332 ਵ. ਮੀਲ) ਹੁੰਦਾ ਸੀ ਅਤੇ ਇਸ ਵਿਚ ਇਸ ਦੀਆਂ ਤਿੰਨ ਤਹਿਸੀਲਾਂ––ਸੰਗਰੂਰ, ਜੀਂਦ ਅਤੇ ਦਾਦਰੀ ਸ਼ਾਮਲ ਸਨ। ਰਿਆਸਤ ਵਿਚ 4 ਮੁੱਖ ਸ਼ਹਿਰ (ਜੀਂਦ, ਸੰਗਰੂਰ, ਦਾਦਰੀ ਅਤੇ ਸਫੀਦੋਂ) ਅਤੇ 442 ਪਿੰਡ ਸ਼ਾਮਲ ਸਨ।

          ਜੀਂਦ ਦਾ ਇਤਿਹਾਸ ਇਕ ਵੱਖਰੀ ਸ਼ਾਹੀ ਰਿਆਸਤ ਦੇ ਰੂਪ ਵਿਚ 1763 ਤੋਂ ਆਰੰਭ ਹੁੰਦਾ ਹੈ। ਇਸ ਸਾਲ ਵਿਚ ਹੀ ਮਿਸਲੀ ਸਿੱਖਾਂ ਨੇ ਅਹਿਮਦ ਸ਼ਾਹ ਦੁਰਾਨੀ ਦੇ ਸੂਬੇਦਾਰ ਕੋਲੋਂ ਸਰਹੰਦ ਸ਼ਹਿਰ ਆਪਣੇ ਕਬਜ਼ੇ ਵਿਚ ਲੈ ਲਿਆ ਸੀ। ਇਸ ਰਿਆਸਤ ਦੀ ਸਥਾਪਨਾ ਸੁਖਚੈਨ ਸਿੰਘ ਨੇ ਕੀਤੀ ਸੀ। ਸੁਖਚੈਨ ਸਿੰਘ ਦੇ ਘਰ ਹੀ ਮਾਈ ਆਗਾਂ ਦੀ ਕੁੱਖੋਂ 1738 ਵਿਚ ਗਜਪਤਿ ਸਿੰਘ ਨੇ ਜਨਮ ਲਿਆ। ਸੰਨ 1751 ਵਿਚ ਸੁਖਚੈਨ ਸਿੰਘ ਦੀ ਮੌਤ ਹੋ ਜਾਣ ਤੇ ਉਸ ਦੇ ਸਭ ਤੋਂ ਵੱਡੇ ਪੁੱਤਰ ਆਲਮ ਸਿੰਘ ਨੂੰ ਬਾਲਾਂ ਵਾਲੀ, ਦੂਜੇ ਪੁੱਤਰ ਗਜਪਤਿ ਸਿੰਘ ਨੂੰ ਬਡਰੁੱਖਾਂ ਅਤੇ ਤੀਜੇ ਪੁੱਤਰ ਬੁਲਾਕੀ ਨੂੰ ਦਿਆਲਪੁਰਾ ਮਿਲਿਆ।

          ਆਪਣੇ ਤਿੰਨਾਂ ਭਰਾਵਾਂ ਵਿਚੋਂ ਗਜਪਤਿ ਸਿੰਘ ਹੀ ਵਧੇਰੇ ਸਾਹਸੀ ਸੀ। ਸੰਨ 1754 ਵਿਚ ਆਲਮ ਸਿੰਘ ਦੀ ਮੌਤ ਹੋ ਜਾਣ ਤੇ ਬਾਲਾਂਵਾਲੀ ਵੀ ਗਜਪਤਿ ਸਿੰਘ ਅਧੀਨ ਚਲਾ ਗਿਆ। ਸੰਨ 1755 ਵਿਚ ਗਜਪਤਿ ਸਿੰਘ ਨੇ ਜੀਂਦ ਅਤੇ ਸਫੀਦੋਂ ਦੇ ਪਰਗਨੇ ਜਿੱਤ ਲਏ। ਉਸ ਨੇ ਪਾਣੀਪਤ ਤੇ ਕਰਨਾਲ ਵੀ ਤਬਾਹ ਕਰ ਦਿੱਤੇ ਪਰ ਉਹ ਉਨ੍ਹਾਂ ਤੇ ਕੋਈ ਬਹੁਤਾ ਚਿਰ ਕਬਜ਼ਾ ਨਾ ਜਮਾ ਸਕਿਆ। ਅਗਲੇ ਸਾਲ ਉਸ ਨੇ ਜੀਂਦ ਸ਼ਹਿਰ ਨੂੰ ਆਪਣੀ ਰਾਜਧਾਨੀ ਬਣਾਇਆ। ਸੰਨ 1772 ਵਿਚ ਉਸ ਨੂੰ ਰਾਜੇ ਦਾ ਖ਼ਿਤਾਬ ਮਿਲਿਆ ਅਤੇ ਉਸ ਸਮੇਂ ਤੋਂ ਉਹ ਦਿੱਲੀ ਸਲਤਨਤ ਦਾ ਇਕ ਜਾਗੀਰਦਾਰ ਬਣਿਆ ਰਿਹਾ। ਸੰਨ 1773 ਵਿਚ ਉਸਨੇ ਅਮਲੋਹ, ਭਾਦਸੋਂ ਅਤੇ ਸੰਗਰੂਰ (ਜਿਹੜੇ ਉਸ ਸਮੇਂ ਨਾਭਾ ਰਿਆਸਤ ਵਿਚ ਹੀ ਹੁੰਦੇ ਸਨ) ਉੱਤੇ ਹਮਲੇ ਕੀਤੇ। ਜਦੋਂ ਪਟਿਆਲੇ ਦੇ ਰਾਜੇ ਨੇ ਉਸ ਉੱਤੇ ਦਬਾਅ ਪਾਇਆ ਤਾਂ ਅਮਲੋਹ ਅਤੇ ਭਾਦਸੋਂ ਤਾਂ ਉਸ ਦੇ ਹੱਥੋਂ ਨਿਕਲ ਗਏ ਪਰ ਉਸ ਨੇ ਸੰਗਰੂਰ ਉੱਤੇ ਆਪਣਾ ਕਬਜ਼ਾ ਜਮਾਈ ਰੱਖਿਆ। ਉਦੋਂ ਤੋਂ ਹੀ ਇਹ ਜੀਂਦ ਰਿਆਸਤ ਦਾ ਹਿੱਸਾ ਬਣਿਆ ਰਿਹਾ। ਸੰਨ 1774 ਵਿਚ ਦਿੱਲੀ ਸਹਿਨਸ਼ਾਹ ਨੇ ਜੀਂਦ ਨੂੰ ਮੁੜ ਹਾਸਲ ਕਰਨ ਲਈ ਇਕ ਅਸਫ਼ਲ ਹਮਲਾ ਕੀਤਾ। ਸੰਨ 1775 ਵਿਚ ਗਜਪਤਿ ਸਿੰਘ ਨੇ ਪਟਿਆਲੇ ਦੇ ਰਾਜੇ ਨਾਲ ਰਲਕੇ ਰੋਹਤਕ ਤੇ ਹਮਲਾ ਕੀਤਾ ਪਰ ਅੱਗੋਂ ਮੁਗ਼ਲ ਫੌਜਾਂ ਨੇ ਇਕ ਮੁੱਠ ਹੋ ਕੇ ਇਸ ਹਮਲੇ ਨੂੰ ਪਛਾੜ ਦਿੱਤਾ। ਸੰਨ 1780 ਵਿਚ ਉਸ ਨੇ ਦੂਜੀਆਂ ਰਿਆਸਤਾਂ ਨਾਲ ਮਿਲਕੇ ਮੇਰਠ ਵੱਲ ਇਕ ਅਸਫ਼ਲ ਹਮਲਾ ਕੀਤਾ। ਰਾਜਾ ਗਜਪਤਿ ਸਿੰਘ ਨੂੰ ਕੈਦੀ ਬਣਾ ਲਿਆ ਗਿਆ ਸੀ ਅਤੇ ਬਹੁਤ ਚੋਖਾ ਭੁਗਤਾਨ ਕਰਕੇ ਉਸ ਨੂੰ ਰਿਹਾ ਕਰਵਾ ਲਿਆ ਗਿਆ।

          ਸੰਨ 1789 ਵਿਚ ਰਾਜਾ ਗਜਪਤਿ ਸਿੰਘ ਦੀ ਮੌਤ ਹੋ ਗਈ। ਉਸ ਦੇ ਪੁੱਤਰ ਭਾਗ ਸਿੰਘ ਨੂੰ ਰਾਜੇ ਦਾ ਖ਼ਿਤਾਬ ਦਿੱਤਾ ਗਿਆ ਅਤੇ ਨਾਲ ਹੀ ਜੀਂਦ ਅਤੇ ਸਫੀਦੋਂ ਦੇ ਇਲਾਕੇ ਉਸ ਨੂੰ ਸੌਂਪੇ ਗਏ। ਉਸ ਦੇ ਦੂਜੇ ਪੁੱਤਰ ਭੂਪ ਸਿੰਘ ਨੂੰ ਬਡਰੁੱਖਾਂ ਦਾ ਇਲਾਕਾ ਮਿਲਿਆ। ਜਦੋਂ ਲਾਰਡ ਲੇਕ ਜਸਵੰਤ ਰਾਓ ਹੋਲਕਰ ਦਾ ਪਿੱਛਾ ਕਰ ਰਿਹਾ ਸੀ ਤਾਂ ਰਾਜਾ ਭਾਗ ਸਿੰਘ ਨੇ ਵੀ ਬਿਆਸ ਤੱਕ ਉਸ ਦਾ ਸਾਥ ਦਿੱਤਾ। ਇਸ ਤੋਂ ਇਲਾਵਾ ਉਸ ਨੂੰ ਮਹਾਰਾਜਾ ਰਣਜੀਤ ਸਿੰਘ ਕੋਲ ਵੀ ਜਸਵੰਤ ਰਾਓ ਹੋਲਕਰ ਨੂੰ ਉਸ ਦੇ ਇਲਾਕੇ ਵਿਚ ਭਜਾ ਦੇਣ ਲਈ ਭੇਜਿਆ ਗਿਆ। ਲਾਰਡ ਲੇਕ ਦਾ ਮਨੋਰਥ ਪੂਰਾ ਹੋ ਗਿਆ ਅਤੇ ਹੋਲਕਰ ਨੂੰ ਪੰਜਾਬੋਂ ਨਸਾ ਦਿੱਤਾ ਗਿਆ। ਇਨਾਮ ਵਜੋਂ ਰਾਜਾ ਭਾਗ ਸਿੰਘ ਨੂੰ ਪਾਣੀਪਤ ਦੇ ਦੱਖਣ-ਪੱਛਮ ਵਿਚ ਪੈਂਦਾ ਬਵਾਨਾ ਦਾ ਪਰਗਨਾ ਦਿੱਤਾ ਗਿਆ। ਇਸ ਤੋਂ ਇਲਾਵਾ ਉਸ ਨੇ ਜੰਡਾਲਾ, ਰਾਏਕੋਟ, ਬਸੀਆਂ ਅਤੇ ਜਗਰਾਓਂ ਮਹਾਰਾਜਾ ਰਣਜੀਤ ਸਿੰਘ ਕੋਲੋਂ ਪ੍ਰਾਪਤ ਕੀਤੇ।

          ਸੰਨ 1819 ਵਿਚ ਭਾਗ ਸਿੰਘ ਦੀ ਮੌਤ ਹੋ ਗਈ। ਮਗਰੋਂ ਉਸ ਦਾ ਪੁੱਤਰ ਫ਼ਤਹਿ ਸਿੰਘ ਰਾਜ ਗੱਦੀ ਤੇ ਬੈਠਾ ਪਰ 1822 ਵਿਚ ਉਸ ਦੀ ਵੀ ਮੌਤ ਹੋ ਗਈ। ਸੰਨ 1834 ਵਿਚ ਸੰਗਤ ਸਿੰਘ (ਫ਼ਤਹਿ ਸਿੰਘ ਦਾ ਲੜਕਾ) ਬੇ-ਔਲਾਦਾ ਮਰ ਗਿਆ ਅਤੇ ਜਾਂਨਸ਼ੀਨੀ ਲਈ ਝਗੜਾ ਚਲ ਪਿਆ। ਆਖਰ 1837 ਵਿਚ ਇਹ ਝਗੜਾ ਤੈਅ ਹੋ ਗਿਆ। ਇਸ ਸਮੇਂ ਸਰੂਪ ਸਿੰਘ ਨੂੰ ਆਪਣੇ ਪੜਦਾਦੇ ਦੇ ਥੱਲੇ ਰਹੇ ਸਾਰਿਆਂ ਇਲਾਕਿਆਂ ਦਾ ਸਰਦਾਰ ਮੰਨ ਲਿਆ ਗਿਆ। ਬਾਕੀ ਇਲਾਕੇ ਜਿਹੜੇ ਰਾਜਾ ਸਰੂਪ ਸਿੰਘ ਨੇ ਆਪ ਜਿੱਤੇ ਸਨ ਜਾਂ ਪ੍ਰਾਪਤ ਕੀਤੇ ਸਨ, ਅੰਗਰੇਜ਼ਾਂ ਨੇ ਮੁੜ ਆਪਣੇ ਅਧੀਨ ਕਰ ਲਏ। ਪਹਿਲੇ ਸਿੱਖ ਯੁੱਧ ਤੋਂ ਪਹਿਲਾਂ ਰਾਜਾ ਸਰੂਪ ਸਿੰਘ ਦਾ ਅੰਗਰੇਜ਼ਾਂ ਪ੍ਰਤਿ ਰਵੱਈਆ ਕੋਈ ਬਹੁਤਾ ਚੰਗਾ ਨਹੀਂ ਸੀ ਪਰ ਜਦੋਂ ਉਸ ਨੇ ਅੰਗਰੇਜ਼ਾਂ ਨੂੰ ਟ੍ਰਾਂਸਪੋਰਟ ਦੀਆਂ ਸਹੂਲਤਾਂ ਪ੍ਰਦਾਨ ਨਾ ਕੀਤੀਆਂ ਤਾਂ ਉਸ ਨੂੰ 10,000 ਰੁਪਏ ਜੁਰਮਾਨਾ ਕੀਤਾ ਗਿਆ। ਪਹਿਲੇ ਸਿੱਖ ਯੁੱਧ ਦੇ ਦੌਰਾਨ ਉਸ ਨੇ ਅੰਗਰੇਜ਼ਾਂ ਦੀ ਸਹਾਇਤਾ ਲਈ ਆਪਣੀਆਂ ਫ਼ੌਜਾਂ ਭੇਜੀਆਂ ਅਤੇ ਨਾਲ ਹੀ ਰਾਸ਼ਨ ਵੀ ਸਪਲਾਈ ਕੀਤਾ। ਇਸੇ ਸੇਵਾ ਦੀ ਅੰਗਰੇਜ਼ਾਂ ਨੇ ਬਹੁਤ ਤਾਰੀਫ਼ ਕੀਤੀ ਅਤੇ ਪਹਿਲਾਂ ਕੀਤਾ ਜੁਰਮਾਨਾ (10,000 ਰੁਪਏ) ਵੀ ਮੁਆਫ਼ ਕਰ ਦਿੱਤਾ ਅਤੇ ਉਸ ਨੂੰ 3000 ਰੁਪਏ ਦੀ ਸਾਲਾਨਾ ਆਮਦਨ ਦੇਣ ਵਾਲੀ ਜ਼ਮੀਨ ਦੀ ਸਨਦ ਦਿੱਤੀ ਗਈ। ਗਦਰ ਦੌਰਾਨ ਰਾਜਾ ਸਰੂਪ ਸਿੰਘ ਨੇ ਨਾ ਕੇਵਲ ਅੰਗਰੇਜ਼ਾਂ ਦੀ ਮਦਦ ਹੀ ਕੀਤੀ ਸਗੋਂ ਆਪਣੇ 800 ਆਦਮੀਆਂ ਨਾਲ ਕਰਨਾਲ ਛਾਉਣੀ ਉੱਪਰ ਕਬਜ਼ਾ ਜਮਾਈ ਰੱਖਿਆ। ਇਸ ਨੇ ਅਲੀਪੁਰ ਦੀ ਲੜਾਈ ਵਿਚ ਵੀ ਆਪਣੀਆਂ ਫ਼ੌਜਾਂ ਦੀ ਅਗਵਾਈ ਕੀਤੀ। ਗਦਰ ਉਪਰੰਤ ਉਸ ਨੂੰ ਦਾਦਰੀ ਦਾ ਇਲਾਕਾ, ਸੰਗਰੂਰ ਦੇ ਗੁਆਂਢ ਵਿਚ ਪੈਂਦੇ ਕੁਲਾਰਾਂ ਪਰਗਣੇ ਦੇ 13 ਪਿੰਡ ਅਤੇ ਦਿੱਲੀ ਵਿਖੇ ਇਕ ਮਕਾਨ ਦਿੱਤਾ ਗਿਆ। ਦੂਜੇ ਫੂਲਕੀਆਂ ਸਰਦਾਰਾਂ ਵਾਂਗ ਉਸ ਨੂੰ ਵੀ 11 ਤੋਪਾਂ ਦੀ ਸਲਾਮੀ ਦਿੱਤੀ ਜਾਣ ਲੱਗ ਪਈ।

          ਸੰਨ 1864 ਵਿਚ ਰਾਜਾ ਸਰੂਪ ਸਿੰਘ ਦੀ ਮੌਤ ਹੋ ਗਈ ਅਤੇ ਇਸ ਤੋਂ ਪਿੱਛੋਂ ਉਸ ਦਾ ਪੁੱਤਰ ਰਘਬੀਰ ਸਿੰਘ ਰਾਜਗੱਦੀ ਤੇ ਬੈਠਾ। ਰਾਜਾ ਬਣਨ ਤੋਂ ਤੁਰੰਤ ਪਿੱਛੋਂ ਉਸ ਨੇ ਦਾਦਰੀ ਇਲਾਕੇ ਵਿਚ ਮਾਲੀਏ ਸਬੰਧੀ ਉੱਠੇ ਵਿਦਰੋਹ ਨੂੰ ਆਪਣੇ 2000 ਆਦਮੀਆਂ ਨਾਲ ਬੁਰੀ ਤਰ੍ਹਾਂ ਕੁਚਲ ਦਿੱਤਾ। ਰਾਜਾ ਰਘਬੀਰ ਸਿੰਘ ਨੇ ਅੰਗਰੇਜ਼ਾਂ ਦੀ 1872 ਵਿਚ ਕੂਕਾ ਲਹਿਰ ਸਮੇਂ ਅਤੇ 1878 ਵਿਚ ਅਫ਼ਗਾਨ ਯੁੱਧ ਵੇਲੇ ਬਹੁਤ ਸਹਾਇਤਾ ਕੀਤੀ।

          ਇਨਾਮ ਵਜੋਂ ਉਸ ਨੂੰ ਰਾਜਾ-ਇ-ਰਾਜਾਗਨ (Raja-i-Rajagan) ਦੇ ਆਨਰੇਰੀ ਖ਼ਿਤਾਬ ਨਾਲ ਸਨਮਾਨਿਆ ਗਿਆ। ਸੰਨ 1887 ਵਿਚ ਰਘਬੀਰ ਸਿੰਘ ਦੀ ਮੌਤ ਹੋ ਗਈ ਅਤੇ ਪਿੱਛੇ ਰਾਜਗੱਦੀ ਲਈ ਆਪਣਾ ਪੋਤਰਾ ਰਣਬੀਰ ਸਿੰਘ ਛੱਡ ਗਿਆ। ਉਸ ਸਮੇਂ ਉਸ ਦੀ ਉਮਰ ਮਸਾਂ ਅੱਠਾਂ ਸਾਲਾਂ ਦੀ ਸੀ। ਉਸ ਦੀ ਨਾਬਾਲਗੀ ਦੌਰਾਨ ਰਿਆਸਤ ਦਾ ਰਾਜ ਪ੍ਰਬੰਧ ਚਲਾਉਣ ਲਈ ਇਕ ਕੌਂਸਲ ਆਫ਼ ਰੀਜੈਂਸੀ ਸਥਾਪਿਤ ਕੀਤੀ ਗਈ। ਨਵੰਬਰ 1899 ਵਿਚ ਸੰਗਰੂਰ ਵਿਖੇ ਇਕ ਦਰਬਾਰ ਹੋਇਆ ਜਿਸ ਵਿਚ ਉਸ ਨੂੰ ਰਾਜੇ ਦੇ ਪੂਰੇ ਇਖ਼ਤਿਆਰ ਸੌਂਪੇ ਗਏ।

          ਸੰਨ 1947 ਵਿਚ ਆਜ਼ਾਦੀ ਪ੍ਰਾਪਤ ਹੋਣ ਸਮੇਂ ਵੀ ਰਾਜਾ ਰਣਬੀਰ ਸਿੰਘ ਦੀ ਹੀ ਜੀਂਦ ਰਿਆਸਤ ਵਿਚ ਹਕੂਮਤ ਚੱਲ ਰਹੀ ਸੀ। 5 ਮਈ 1948 ਨੂੰ ਹੋਰਨਾਂ 8 ਸ਼ਾਹੀ ਰਿਆਸਤਾਂ––ਪਟਿਆਲਾ, ਜੀਂਦ, ਨਾਭਾ, ਫ਼ਰੀਦਕੋਟ, ਕਪੂਰਥਲਾ, ਮਲੇਰਕੋਟਲਾ, ਨਾਲਾਗੜ੍ਹ ਅਤੇ ਕਲਸੀਆਂ ਦੇ ਨਾਲ ਹੀ ਇਸ ਨੂੰ ਪੈਪਸੂ ਵਿਚ ਸ਼ਾਮਲ ਕਰ ਲਿਆ ਗਿਆ। ਸੰਨ 1966 ਵਿਚ ਜਦੋਂ ਪੰਜਾਬ ਰਾਜ ਵਿਚੋਂ ਹਰਿਆਣਾ ਨਾਂ ਦਾ ਨਵਾਂ ਰਾਜ ਬਣਿਆ ਤਾਂ ਇਸ ਰਿਆਸਤ ਦਾ ਕੁਝ ਹਿੱਸਾ ਪੰਜਾਬ ਵਿਚ ਰਹਿ ਗਿਆ ਅਤੇ ਕੁਝ ਹਿੱਸਾ ਹਰਿਆਣਾ ਰਾਜ ਵਿਚ ਚਲਾ ਗਿਆ।

          ਹ. ਪੁ.––ਇੰਪ. ਗ. ਇੰਡ. 14 : 165; ਸੋਸਿ. ਆਫ਼ ਇੰਡੀਆ––1961; ਡਿ. ਸ. ਹੈਂ. ਬੁ––ਸੰਗਰੂਰ ਡਿਸਟ੍ਰਿਕਟ


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2925, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-05-30, ਹਵਾਲੇ/ਟਿੱਪਣੀਆਂ: no

ਜੀਂਦ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ

ਜੀਂਦ : ਸ਼ਹਿਰ––ਹਰਿਆਣਾ ਰਾਜ (ਭਾਰਤ) ਦਾ ਇਕ ਸ਼ਹਿਰ ਹੈ ਜਿਹੜਾ ਇਸੇ ਹੀ ਨਾਂ ਦੇ ਜ਼ਿਲ੍ਹੇ ਦਾ ਸਦਰ-ਮੁਕਾਮ ਹੈ ਅਤੇ ਪਹਿਲਾਂ ਇਸੇ ਹੀ ਨਾਂ ਦੀ ਸਾਬਕਾ ਰਿਆਸਤ ਦੀ ਇਹ ਰਾਜਧਾਨੀ ਹੁੰਦਾ ਸੀ। ਜੀਂਦ ਸੰਗਰੂਰ ਤੋਂ 100 ਕਿ. ਮੀ. (60 ਮੀਲ) ਦੱਖਣ-ਪੂਰਬ ਵੱਲ ਅਤੇ ਰੋਹਤਕ ਦੇ ਲ. 40 ਕਿ. ਮੀ. (25 ਮੀਲ) ਉੱਤਰ-ਪੱਛਮ ਵੱਲ ਸਥਿਤ ਹੈ। ਜੀਂਦ ਦੇ ਰਾਜਿਆਂ ਦੀ ਇਥੇ ਹੀ ਤਖ਼ਤ-ਨਸ਼ੀਨੀ ਹੋਇਆ ਕਰਦੀ ਸੀ। ਇਹ ਸ਼ਹਿਰ ਕੁਰੂਕਸ਼ੇਤਰ ਦੇ ਪਵਿੱਤਰ ਖੇਤਰ ਵਿਚ ਪੈਂਦਾ ਹੈ। ਰਵਾਇਤ ਇਹ ਹੈ ਕਿ ਇਸ ਸ਼ਹਿਰ ਦੀ ਨੀਂਹ ਪਾਂਡਵਾਂ ਨੇ ਰੱਖੀ ਸੀ। ਪਾਂਡਵਾਂ ਨੇ ਇਥੇ ਹੀ ਜੈਯੰਤੀ ਦੇਵੀ (ਜਿੱਤ ਦੀ ਦੇਵੀ) ਦਾ ਮੰਦਰ ਬਣਵਾਇਆ ਸੀ ਅਤੇ ਇਸ ਮੰਦਰ ਦੇ ਆਲੇ-ਦੁਆਲੇ ਜੈਯੰਤਾਪੁਰੀ ਨਾਂ ਦਾ ਕਸਬਾ ਉੱਨਤ ਹੋ ਗਿਆ ਅਤੇ ਇਹੀ ਨਾਂ ਵਿਗੜ ਕੇ ਜੀਂਦ ਦਾ ਰੂਪ ਧਾਰ ਗਿਆ। ਮੁਸਲਮਾਨਾਂ ਦੇ ਰਾਜ ਕਾਲ ਵੇਲੇ ਇਹ ਕੋਈ ਬਹੁਤੀ ਪ੍ਰਸਿੱਧੀ ਵਾਲਾ ਸ਼ਹਿਰ ਨਹੀਂ ਸੀ। ਸੰਨ 1775 ਵਿਚ ਇਸ ਨੂੰ ਜੀਂਦ ਦੇ ਪਹਿਲੇ ਰਾਜੇ ਗਜਪਤਿ ਸਿੰਘ ਨੇ ਆਪਣੇ ਅਧੀਨ ਕਰ ਲਿਆ। ਸੰਨ 1775 ਵਿਚ ਦਿੱਲੀ ਦੀ ਸਰਕਾਰ ਨੇ ਜੀਂਦ ਨੂੰ ਮੁੜ ਹਥਿਆਉਣ ਲਈ ਰਹੀਮ ਦਾਦ ਖ਼ਾਂ ਨੂੰ ਭੇਜਿਆ ਪਰ ਉਸ ਨੂੰ ਬੁਰੀ ਹਾਰ ਹੋਈ ਅਤੇ ਉਹ ਲੜਾਈ ਦੇ ਮੈਦਾਨ ਵਿਚ ਹੀ ਮਾਰਿਆ ਗਿਆ। ਉਸ ਦਾ ਮਕਬਰਾ ਅਜੇ ਵੀ ਸਫੀਦੋਂ ਦਰਵਾਜ਼ੇ ਕੋਲ ਮੌਜੂਦ ਹੈ। ਇਸ ਸ਼ਹਿਰ ਵਿਚ ਕਈ ਪੁਰਾਣੇ ਮੰਦਰ ਅਤੇ ਤੀਰਥ ਯਾਤਰਾ ਲਈ ਕਈ ਥਾਵਾਂ ਹਨ। ਇਥੇ ਇਕ ਫਤਹਿਗੜ੍ਹ ਨਾਂ ਦਾ ਕਿਲਾ ਹੈ ਜਿਸ ਨੂੰ ਰਾਜ ਗਜਪਤਿ ਸਿੰਘ ਨੇ ਬਣਾਇਆ ਸੀ।

          ਇਹ ਅਨਾਜ ਦਾ ਇਕ ਸਥਾਨਕ ਵਪਾਰਕ ਕੇਂਦਰ ਹੈ। ਇਥੇ ਕਪਾਹ ਵੇਲਣ ਦੇ ਕਈ ਕਾਰਖਾਨੇ ਹਨ। ਇਸ ਤੋਂ ਇਲਾਵਾ ਇਥੇ ਇਕ ਸਰਕਾਰੀ ਕਾਲਜ ਹੈ।

          ਆਬਾਦੀ––85,315 (1991)

          29° 20' ਉ. ਵਿਥ.; 76° 19' ਪੂ. ਲੰਬ.

          ਹ. ਪੁ.––ਇੰਪ. ਗ. ਇੰਡ. 14 : 176; ਐਨ. ਬ੍ਰਿ. ਮਾ. 5 : 560


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2925, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-05-30, ਹਵਾਲੇ/ਟਿੱਪਣੀਆਂ: no

ਜੀਂਦ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਜੀਂਦ  :  ਰਿਆਸਤ– ਇਹ ਫੂਲਕੀਆਂ ਰਿਆਸਤਾਂ ਵਿਚੋਂ ਇਕ ਸਿੱਖ ਰਿਆਸਤ ਰਹੀ ਹੈ। ਇਸ ਦਾ ਦਰਜਾ ਪੰਜਾਬ ਵਿਚ ਤੀਜਾ ਰਿਹਾ ਹੈ। ਇਸ ਦਾ ਰਕਬਾ 3310 ਵ. ਕਿ. ਮੀ. ਸੀ। ਜੀਂਦ ਰਿਆਸਤ ਵਿਚ ਚਾਰ ਨਗਰ ਜੀਂਦ, ਸੰਗਰੂਰ, ਦਾਦਰੀ ਤੇ ਸਫੀਦੋਂ ਅਤੇ 442 ਪਿੰਡ ਸ਼ਾਮਲ ਸਨ।

    ਇਸ ਰਿਆਸਤ ਕੋਲ ਭਾਰੀ ਫ਼ੌਜ ਚਾਹੇ ਨਹੀਂ ਸੀ ਪਰ ਫ਼ਿਰ ਵੀ 700 ਸਿਪਾਹੀ ਇੰਪੀਰੀਅਲ ਸਰਵਿਸ ਪਲਟਨ ਦੇ, 150 ਲੋਕਲ ਪਲਟਨ ਦੇ, ਮਹਾਰਾਜੇ ਦਾ ਬਾਡੀ ਗਾਰਡ ਰਸਾਲਾ 112 ਅਤੇ ਖੱਚਰ ਬੈਟਰੀ ਦੇ 27 ਸਿਪਾਹੀ ਸਨ।  311 ਸਿਪਾਹੀ ਪੁਲਿਸ ਦੇ ਅਤੇ 508 ਪਿੰਡਾਂ ਦੇ ਚੌਕੀਦਾਰ ਸਨ। ਰਿਆਸਤ ਵਿਚ ਇਕ ਹਾਈ ਸਕੂਲ, 25 ਮਿਡਲ ਸਕੂਲ, 38 ਪ੍ਰਾਇਮਰੀ ਸਕੂਲ ਅਤੇ ਲੜਕੀਆਂ ਲਈ 4 ਸਕੂਲ ਸਨ। ਰਿਆਸਤ ਦੇ ਸੰਗਰੂਰ ਅਤੇ ਜੀਂਦ ਨਗਰ ਵਿਚ ਹਸਪਤਾਲ ਅਤੇ 10 ਡਿਸਪੈਂਸਰੀਆਂ ਵੀ ਸਨ।

    ਜੀਂਦ ਦਾ ਬੰਸ ਬਾਬਾ ਫੂਲ ਸਿੰਘ ਦੇ ਪੋਤਰੇ ਸੁਖਚੈਨ ਸਿੰਘ ਤੋਂ ਚਲਿਆ। ਸੁਖਚੈਨ ਸਿੰਘ ਦੇ ਘਰ ਮਾਈ ਆਗਾਂ ਦੀ ਕੁੱਖੋਂ ਗਜਪਤਿ ਸਿੰਘ ਦਾ ਜਨਮ 1738 ਈ. ਵਿਚ ਹੋਇਆ। ਸੰਨ 1751 ਵਿਚ ਸੁਖਚੈਨ ਸਿੰਘ ਦੀ ਮੌਤ ਮਗਰੋਂ ਗਜਪਤਿ ਸਿੰਘ ਨੇ ਛੋਟੀ ਉਮਰ ਵਿਚ ਹੀ ਸਭ ਕੰਮ ਸੰਭਾਲ ਲਏ। ਜਵਾਨ ਹੋ ਕੇ ਉਸ ਨੇ ਉੱਦਮ ਤੇ ਤਲਵਾਰ ਦੇ ਬਲ ਨਾਲ ਕਈ ਇਲਾਕੇ ਜਿੱਤ ਲਏ। ਸੰਨ 1763 ਵਿਚ ਸਰਹਿੰਦ ਦੇ ਸੂਬੇਦਾਰ ਜ਼ੈਨ ਖ਼ਾਨ ਦੇ ਵਿਰੁੱਧ ਆਪਣੇ ਭਾਈਆਂ ਨਾਲ ਮਿਲ ਦੇ ਯੁੱਧ ਕੀਤਾ ਅਤੇ ਉਸ ਦਾ ਕਾਫ਼ੀ ਮਾਲ ਅਤੇ ਕਈ ਪਿੰਡ ਜਿੱਤ ਲਏ।

     ਸੰਨ 1772 ਵਿਚ ਗਜਪਤਿ ਸਿੰਘ ਨੇ ਰਾਜੇ ਦੀ ਪਦਵੀ ਹਾਸਲ ਕੀਤੀ ਅਤੇ ਰਾਜ ਕਾਜ ਦੇ ਚੰਗੇ ਨਿਯਮ ਥਾਪੇ। ਸੰਨ 1774 ਵਿਚ ਉਸ ਨੇ ਆਪਣੀ ਧੀ ਬੀਬੀ ਰਾਜ ਕੌਰ ਦਾ ਵਿਆਹ ਬੜੀ ਧੂਮ ਧਾਮ ਨਾਲ ਸ਼ੁੱਕਰਚਕੀਆ ਮਿਸਲ ਦੇ ਮਹਾਂ ਸਿੰਘ ਨਾਲ ਕਰ ਦਿੱਤਾ ਅਤੇ ਰਾਜ ਕੌਰ ਨੂੰ ਮਹਾਰਾਜਾ ਰਣਜੀਤ ਸਿੰਘ ਦੀ ਮਾਂ ਹੋਣ ਦਾ ਸੁਭਾਗ ਮਿਲਿਆ।

      ਸੰਨ 1789 ਵਿਚ ਗਜਪਤਿ ਸਿੰਘ ਅਕਾਲ ਚਲਾਣਾ ਕਰ ਗਿਆ ਅਤੇ ਉਸ ਤੋਂ ਪਿੱਛੋਂ ਉਸ ਦਾ ਪੁੱਤਰ ਰਾਜਾ ਭਾਗ ਸਿੰਘ 21 ਸਾਲ ਦੀ ਉਮਰ ਵਿਚ ਗੱਦੀ ਤੇ ਬੈਠਿਆ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2553, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-08-30-04-53-01, ਹਵਾਲੇ/ਟਿੱਪਣੀਆਂ: ਹ. ਪੁ. –ਮ. ਕੋ. : 525; ਇੰਪ. ਗ. ਇੰਡ. 14:176.

ਜੀਂਦ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਜੀਂਦ : ਸ਼ਹਿਰ –   ਹਰਿਆਣਾ ਰਾਜ ਦਾ ਇਹ ਸ਼ਹਿਰ ਇਸੇ ਨਾਂ ਦੇ ਜ਼ਿਲ੍ਹੇ ਦਾ ਸਦਰ ਮੁਕਾਮ ਹੈ ਜਿਹੜਾ ਰੋਹਤਕ ਤੋਂ 55 ਕਿ.ਮੀ. ਉੱਤਰ-ਪੱਛਮ ਵੱਲ ਅਤੇ ਦਿੱਲੀ ਤੋਂ 110 ਕਿ.ਮੀ. ਦੱਖਣ-ਪੂਰਬ ਵੱਲ ਵਾਕਿਆ ਹੈ। ਪਹਿਲਾਂ ਇਹ ਇਸੇ ਨਾਂ ਦੀ ਸਾਬਕਾ ਰਿਆਸਤ ਦੀ ਰਾਜਧਾਨੀ ਹੁੰਦੀ ਸੀ। ਸੰਨ 1966 ਦੇ ਪੁਨਰਗਠਨ ਤੋਂ ਪਹਿਲਾਂ ਇਹ ਪੰਜਾਬ ਦਾ ਹੀ ਇਕ ਹਿੱਸਾ ਸੀ।

         ਜੀਂਦ ਦੇ ਰਾਜਿਆਂ ਦੀ ਇਥੇ ਹੀ ਤਖ਼ਤ-ਨਸ਼ੀਨੀ ਹੋਇਆ ਕਰਦੀ ਸੀ। ਰਵਾਇਤ ਹੈ ਕਿ ਇਸ ਸ਼ਹਿਰ ਦੀ ਨੀਂਹ ਪਾਂਡਵਾਂ ਨੇ ਰੱਖੀ ਸੀ। ਇਸ ਨਗਰ ਦਾ ਪੁਰਾਣਾ ਨਾਂ ‘ਜਯੰਤਿਪੁਰ' ਸੀ। ਕਿਹਾ ਜਾਂਦਾ ਹੈ ਕਿ ਪਾਂਡਵਾਂ ਨੇ ਇਥੇ ਜੈਯੰਤੀ ਦੇਵੀ (ਜਿੱਤ ਦੀ ਦੇਵੀ) ਦਾ ਮੰਦਰ ਬਣਵਾਇਆ ਸੀ ਅਤੇ ਇਸ ਮੰਦਰ ਦੇ ਆਲੇ ਦੁਆਲੇ ਇਕ ਕਸਬਾ ਉੱਨਤ ਹੋ ਗਿਆ ਜਿਸ ਦਾ ਨਾਂ ਜੈਯੰਤਪੁਰੀ (ਜਯੰਤਿਪੁਰ) ਤੋਂ ਵਿਗੜ ਕੇ ਜੀਂਦ ਰਹਿ ਗਿਆ। ਮੁਸਲਮਾਨਾਂ ਦੇ ਰਾਜ ਕਾਲ ਵੇਲੇ ਇਹ ਕੋਈ ਬਹੁਤੀ ਪ੍ਰਸਿੱਧੀ ਵਾਲਾ ਸ਼ਹਿਰ ਨਹੀਂ ਸੀ।ਸੰਨ 1755 ਵਿਚ ਫੂਲਬੰਸੀ ਪ੍ਰਤਾਪੀ ਰਾਜਾ ਗਜਪਤਿ ਸਿੰਘ ਨੇ ਦਿੱਲੀ ਦੀ ਸਲਤਨਤ ਤੋਂ ਜੀਂਦ ਅਤੇ ਸਫੀਦੋਂ ਦੇ ਪਰਗਣੇ ਜਿੱਤ ਲਏ ਅਤੇ 1766 ਈ. ਵਿਚ ਜੀਂਦ ਨੂੰ ਆਪਣੀ ਰਾਜਧਾਨੀ ਬਣਾ ਲਿਆ। ਸੰਨ 1775 ਵਿਚ ਇਥੇ ਇਸ ਨੇ ‘ਫ਼ਤਹਿਗੜ੍ਹ' ਨਾਂ ਦਾ ਕਿਲਾ ਬਣਵਾਇਆ।

      ਜੀਂਦ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਚਰਨ ਪਾ ਕੇ ਪਵਿੱਤਰ ਕੀਤਾ। ਸ੍ਰੀ ਗੁਰੂ ਤੇਗ ਬਹਾਦਰ ਵੀ ਇਥੇ ਬਿਰਾਜੇ ਸਨ। ਰਾਜਾ ਗਜਪਤਿ ਸਿੰਘ ਨੇ ਗੁਰੂ ਜੀ ਦੀ ਯਾਦ ਵਿਚ ਇਕ ਗੁਰਦੁਆਰਾ ਬਣਵਾਇਆ। ਇਸ ਸ਼ਹਿਰ ਵਿਚ ਇਸ ਇਤਿਹਾਸਕ ਗੁਰਦੁਆਰੇ ਤੋਂ ਇਲਾਵਾ ਕਈ ਹੋਰ ਪੁਰਾਣੇ ਮੰਦਰ ਵੀ ਹਨ।

    ਜੀਂਦ ਅਨਾਜ ਦਾ ਇਕ ਸਥਾਨਕ ਵਪਾਰਕ ਕੇਂਦਰ ਹੈ।ਇਥੇ ਕਪਾਹ ਵੇਲਣ ਦੇ ਕਈ ਕਾਰਖਾਨੇ ਹਨ। ਇਸ ਤੋਂ ਇਲਾਵਾ ਇਥੇ ਚੰਗੇ ਸਕੂਲ ਅਤੇ ਸਰਕਾਰੀ ਕਾਲਜ ਵੀ ਹਨ।

 ਆਬਾਦੀ  –   85,315   (1991)

 


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2553, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-08-30-04-54-01, ਹਵਾਲੇ/ਟਿੱਪਣੀਆਂ: ਹ. ਪੁ. –ਮ. ਕੋ. : 525; ਇੰਪ. ਗ. ਇੰਡ. 14.176; ਐਨ. ਬ੍ਰਿ. ਮਾ. : 6: 554

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.