ਜੀਵਨ ਦਾ ਇਤਿਹਾਸ ਸਰੋਤ : ਡਾ.ਸੁਰਜੀਤ ਸਿੰਘ ਢਿੱਲੋਂ, ਸਾਬਕਾ ਪ੍ਰੋਫ਼ੈਸਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਫਾੱਸਿਲਾਂ ਦੁਆਰਾ ਇਕੱਤਰ ਹੋਈ ਜਾਣਕਾਰੀ, ਜੀਵਨ ਦੇ ਇਤਿਹਾਸ ਨੂੰ ਕੁਝ ਕੁ ਨਿਮਤ ਪ੍ਰਕਾਰ ਵਿਸਤ੍ਰਿਤ ਕਰ ਰਹੀ ਹੈ।

 

3.5 ਅਰਬ ਵਰ੍ਹੇ ਪਹਿਲਾਂ ਜੀਵਨ ਦਾ ਆਰੰਭ ਹੋ ਜਾਣ ਉਪਰੰਤ, ਅੱਜ ਤੋਂ 80 ਕ੍ਰੋੜ ਵਰ੍ਹੇ ਪਹਿਲਾਂ ਤੱਕ ਪ੍ਰਿਥਵੀ ਉਪਰ ਕੇਵਲ ਕੀਟਾਣੂ ਹੀ ਜੀਵਨ ਦੀ ਪ੍ਰਤਿਨਿਧਤਾ ਕਰਦੇ ਰਹੇ ਸਨ। ਇਨ੍ਹਾਂ `ਚ ਉਹ ਕੀਟਾਣੂ ਵੀ ਸਨ,ਸਾਇਨੋ-ਕੀਟਾਣੂ, ਜਿਹੜੇ ਆਕਸੀਜਨ ਉਪਜਾ ਰਹੇ ਸਨ ਅਤੇ ਜਿਹੜੀ ਹੌਲੀ ਹੌਲੀ ਵਾਯੂਮੰਡਲ ਵਿਖੇ ਅਤੇ ਜਲ ਅੰਦਰ ਸਮੋਈ ਜਾ ਰਹੀ ਸੀ । ਇਹ ਕੀਟਾਣੂ ਅੱਜ ਵੀ ਹਨ ਅਤੇ ਸਾਗਰ ਤਹਿ ਉਪਰ ਵਿਛੇ ਹੋਏ ਆਕਸੀਜਨ ਉਪਜਾਈ ਜਾ ਰਹੇ ਹਨ। ਵਣਾਂ ਦੁਆਰਾ ਉਪਜਾਈ ਜਾ ਰਹੀ ਆਕਸੀਜਨ ਤੋਂ ਵੀ ਵੱਧ ਆਕਸੀਜਨ ਦਾ ਸ੍ਰੋਤ ਇਹ ਕੀਟਾਣੂ ਹਨ।

ਕੀਟਾਣੂਆਂ ਤੋਂ ਜਿਹੜੇ ਪਹਿਲੇ ਜੀਵ ਵਿਕਸਿਤ ਹੋਏ, ਉਹ ਇਕ ਸੈੱਲ ਦੀ ਦੇਹ ਵਾਲੇ ਸਨ ਅਤੇ ਇਹ ਕੀਟਾਣੂਆ ਨਾਲੋਂ ਇਸ ਵਿਸ਼ੇਸ਼ਤਾ `ਚ ਅਗਾਂਹ ਸਨ ਕਿ ਇਨ੍ਹਾਂ ਦਾ ਡੀ ਐਨ ਏ ਸੈੱਲ ਅੰਦਰਲੀ ਇਕ ਵਖਰੀ ਕੇਂਦਰੀ ਇੰਦਰੀ , ਨਿਊਕਲੀਅਸ `ਚ ਸੁਰਖਿਅਤ ਹੋ ਗਿਆ ਸੀ ਅਤੇ ਕੀਟਾਣੂਆਂ ਵਾਂਗ ਇਹ ਸੈੱਲ ਅੰਦਰ ਖਿੰਡਿਆ-ਪੁੰਡਿਆ ਨਹੀਂ ਸੀ ਰਿਹਾ। ਅਜਿਹਾ ਹੋ ਜਾਣ ਨਾਲ ਜੀਵ-ਸੰਸਾਰ ਦੇ ਵਿਕਾਸ ਦੇ ਰਾਹ ਮੋਕਲੇ ਹੋ ਗਏ ਸਨ। ਇਸ ਘਟਨਾਂ ਉਪਰੰਤ, ਸਾਗਰਾਂ ਅੰਦਰ ਜਿਹੜੇ ਜੀਵ ਵਿਚਰੇ, ਉਹ ਅੱਜ ਵਿਚਰ ਰਹੀਆਂ ਜੈਲੀ-ਮੱਛੀਆਂ ਅਤੇ ਮੂੰਗਿਆਂ ਦੇ ਪੂਰਵਜ ਸਨ। ਇਹ ਆਪ ਤਾਂ ਅੱਜ ਤੋ 54 ਕ੍ਰੋੜ ਵਰ੍ਹੇ ਪਹਿਲਾਂ ਲੁਪਤ ਹੋ ਗਏ ਸਨ, ਪਰ ਇਨ੍ਹਾਂ ਦਾ ਵੰਸ ਅੱਜ ਵੀ ਸਾਗਰਾਂ ਅੰਦਰ ਪਲਮ-ਪਸਰ ਰਿਹਾ ਹੈ।

ਅਰਬ ਕੁ ਵਰ੍ਹੇ ਪਹਿਲਾਂ, ਅਮੀਬੇ ਜਿਹੇ ਇਕ ਸੈੱਲ ਦੀ ਦੇਹ ਵਾਲੇ ਜੀਵ ਉਪਜ ਆਏ ਸਨ। ਇਨ੍ਹਾਂ ਜੀਵਾਂ ਦਾ ਆਪਣਾ ਵਖਰਾ ਕਬੀਲਾ ਅੱਜ ਵੀ ਸੰਸਾਰ ਵਿਖੇ ਫੁੱਲ-ਫਲ ਰਿਹਾ ਹੈ। ਮਲੇਰੀਆ ਅਤੇ ਹੋਰ ਕਈ ਰੋਗਾਂ ਦਾ ਕਾਰਨ ਬਣਦੇ ਪ੍ਰਜੀਵ ਇਸੇ ਕਬੀਲੇ ਦੇ ਜੀਵ ਹਨ।

ਇਸੇ ਦੌਰਾਨ ਫ਼ਫੂੰਦੀਆਂ ਅਤੇ ਉਲੀਆਂ ਦਾ ਜਨਮ ਹੋਇਆ, ਜਿਨ੍ਹਾਂ ਦੀ ਵਖਰੀ ਅਮਲਦਾਰੀ ਹੈ। ਇਹ ਨਾ ਪ੍ਰਾਣੀਆਂ `ਚ ਗਿਣੀਆਂ ਜਾ ਰਹੀਆਂ ਹਨ ਅਤੇ ਨਾ ਹੀ ਸਾਵੇ-ਸੰਸਾਰ `ਚ। ਇਨ੍ਹਾਂ `ਚ ਉਹ ਖੁੰਭਾਂ ਵੀ ਸ਼ਾਮਲ ਹਨ, ਜਿਹੜੀਆਂ ਅਸੀਂ ਖਾਂਦੇ ਹਾਂ, ਜਦ ਕਿ ਬੀਅਰ, ਵਾਈਨ, ਦਹੀਂ-ਪਨੀਰ ਆਦਿ ਦਾ ਨਿਰਮਾਣ ਕਰਨ ਵਾਲੇ ਯੀਸਟ ਵੀ ਇਸੇ ਅਮਲਦਾਰੀ ਚੋਂ ਹਨ।

ਅਸਫੰਜ, ਸੱਭ ਤੋਂ ਪਹਿਲਾਂ ਵਿਕਸਿਤ ਹੋਏ ਬਹੁ ਸੈੱਲੇ ਪ੍ਰਾਣੀ ਸਨ, ਜਿਹੜੇ 80 ਕ੍ਰੋੜ ਵਰ੍ਹਿਆ ਤੋਂ ਸੰਸਾਰ ਵਿਖੇ ਵਿਚਰਦੇ ਆ ਰਹੇ ਹਨ। ਇਨ੍ਹਾਂ ਤੋਂ ਫਿਰ ਅਗਾਂਹ ਥੈਲੀਆਂ ਜਿਹੇ, ਅੰਦਰੋਂ ਖੋਖਲੀਆਂ ਦੇਹਾਂ ਵਾਲੇ ਪ੍ਰਾਣੀ ਵਿਕਸਿਤ ਹੋਏ ਸਨ। ਅੱਜ ਵਿਚਰ ਰਹੇ ਹਾਈਡਰਾ, ਉਬੀਲੀਆ ਆਦਿ ਇਸੇ ਕਬੀਲੇ ਦੇ ਪ੍ਰਾਣੀ ਹਨ।

ਇਨ੍ਹਾਂ ਸਮਿਆਂ `ਚ ਜੀਵਨ ਦੋ ਵੱਖ ਵੱਖ ਦਿਸ਼ਾਵਾਂ `ਚ ਵਿਕਸਿਤ ਹੋਇਆ : ਇਨ੍ਹਾਂ ਚੋਂ ਇਕ ਦਿਸ਼ਾ `ਚ ਇਹ ਰੁੱਖਾਂ-ਪੌਦਿਆਂ ਵੱਲ ਨੂੰ ਵਿਕਸਿਤ ਹੋਣ ਲੱਗ ਪਿਆ ਅਤੇ ਦੂਜੀ ਦਿਸ਼ਾ `ਚ, ਪ੍ਰਾਣੀ ਸੰਸਾਰ ਵੱਲ ਨੂੰ। ਅੱਜ ਤੋਂ 59 ਕ੍ਰੋੜ ਵਰ੍ਹੇ ਪਹਿਲਾਂ ਰੀੜ੍ਹ-ਰਹਿਤ ਪ੍ਰਾਣੀਆਂ ਦੇ ਕਈ ਕਬੀਲੇ ਵੱਖ ਵੱਖ ਅਤੇ ਨਾਲੋ-ਨਾਲ ਵਿਕਸਿਤ ਹੋ ਰਹੇ ਸਨ, ਜਿਨ੍ਹਾਂ ਚੋਂ ਬਹੁਤਿਆਂ ਦੇ ਸਿਰ ਵੀ ਸਨ ਅਤੇ ਪੂਛਾਂ ਵੀ ਸਨ। ਇਹ ਅੰਗ ਇਨ੍ਹਾਂ ਤੋਂ ਪਹਿਲਾਂ ਵਿਚਰ ਰਹੇ ਪ੍ਰਾਣੀਆਂ `ਚ ਨਹੀਂ ਸਨ। ਨਵੇਂ ਵਿਕਸਿਤ ਹੋਏ ਪ੍ਰਾਣੀਆਂ `ਚ ਮਲ੍ਹੱਪ , ਕੀਟ-ਪਤੰਗੇ, ਮੱਕੜੀਆਂ, ਝੀਂਗੇ, ਬਿਛੂ ਆਦਿ ਸ਼ਾਮਲ ਸਨ। ਇਨ੍ਹਾਂ ਚੋਂ ਹੀ ਫਿਰ ਅਗਾਂਹ ਕੰਡਿਆਲੀ ਦੇਹ ਵਾਲੇ ਪ੍ਰਾਣੀ ਵਿਕਸਿਤ ਹੋਏ, ਜਿਹੜੇ ਪਹਿਲੇ ਰੀੜ੍ਹ- ਸਹਿਤ ਪ੍ਰਾਣੀਆਂ, ਭਾਵ ਮੱਛੀਆਂ ਦੇ ਪੂਰਵਜ ਸਨ। ਅੱਜ ਤੋਂ 44 ਕ੍ਰੋੜ ਵਰ੍ਹੇ ਪਹਿਲਾਂ ਮੱਛੀਆਂ ਵਿਕਸਿਤ ਹੋ ਚੁਕੀਆਂ ਸਨ। ਮੱਛੀਆਂ ਦੀਆਂ ਸੰਸਾਰ ਵਿਖੇ ਅੱਜ 23,500 ਨਸਲਾਂ ਹਨ। ਇਨ੍ਹਾਂ ਚੋਂ ਹੀ ਅਗਾਂਹ 150 ਨਸਲਾਂ ਅਜਿਹੀਆਂ ਮੱਛੀਆਂ ਦੀਆਂ ਵੀ ਵਿਕਸਿਤ ਹੋਈਆਂ,ਜਿਨ੍ਹਾਂ ਦੇ ਦੋ ਪ੍ਰਕਾਰ ਦੇ ਸ੍ਵਾਸ ਅੰਗ ਸਨ : ਇਨ੍ਹਾਂ `ਚ ਜਲ ਅੰਦਰ ਸ੍ਵਾਸ ਲੈਣ ਲਈ ਗਲਫੜਿਆਂ ਦੇ ਨਾਲ ਨਾਲ ਹਵਾ `ਚ ਸ੍ਵਾਸ ਲੈਣ ਲਈ ਫੇਫੜੇ ਵੀ ਸਨ। ਇਹੋ ਮੱਛੀਆਂ ਡੂੱਡੂਆਂ ਦੀਆਂ ਅਤੇ ਸਾਲਮੈਂਡਰਾਂ ਦੀਆਂ ਪੂਰਵਜ ਸਨ, ਜਿਹੜੀਆਂ ਕਿ ਅੱਜ ਤੋਂ 34 ਕ੍ਰੋੜ ਵਰ੍ਹੇ ਪਹਿਲਾਂ ਜਲ-ਕਿਨਾਰਿਆਂ ਦੁਆਲੇ ਦੀਆਂ ਦਲਦਲਾਂ `ਚ ਵਿਚਰ ਰਹੀਆਂ ਸਨ।

ਇਨ੍ਹਾਂ ਸਮਿਆਂ `ਚ ਕੁਝ ਪ੍ਰਾਣੀ ਜਲ ਦਾ ਵਾਸ ਤਿਆਗ ਕੇ ਖੁਸ਼ਕੀ ਉਪਰ ਵਸ ਗਏ ਸਨ,ਜਿਨ੍ਹਾਂ ਤੋਂ ਅਗਾਂਹ ਕਛੂ ,ਸੱਪ,ਕਿਰਲੇ,ਮਗਰ-ਮੱਛ ਵਿਕਸਿਤ ਹੋਏ। ਕਿਰਲਿਆਂ ਦੀ ਇਕ ਸ਼ਾਖ਼ ਡਾਇਨੋਸਰਾਂ ਚੋਂ ਦੀ ਹੁੰਦੀ ਹੋਈ ਪੰਛੀਆਂ ਤੱਕ ਪੁੱਜੀ, ਜਦ ਕਿ ਦੂਜੀ ਦਾ ਅੰਤ ਪਸ਼ੂਆਂ `ਚ ਹੋਇਆ। ਅੱਜ ਸੰਸਾਰ ਵਿਖੇ ਕਿਰਲਿਆਂ ਅਤੇ ਇਨ੍ਹਾਂ ਦੇ ਸਬੰਧੀਆਂ ਦੀਆਂ 7770 ਨਸਲਾਂ ਹਨ, ਪੰਛੀਆਂ ਦੀਆਂ 9600 ਨਸਲਾਂ ਹਨ ਅਤੇ ਪਸ਼ੂਆਂ ਦੀਆਂ, ਮਨੁੱਖ ਸਮੇਤ , 4600 ਨਸਲਾਂ ਹਨ।

ਡਾਇਨੋਸਾਰ ਅੱਜ ਤੋਂ 6.5 ਕ੍ਰੋੜ ਵਰ੍ਹੇ ਪਹਿਲਾਂ ਲੁਪਤ ਹੋਏ, ਜਿਹੜੇ ਕਿ 31 ਕ੍ਰੋੜ ਵਰ੍ਹਿਆਂ ਤੋਂ ਸੰਸਾਰ ਵਿਖੇ ਵਿਚਰਦੇ ਆ ਰਹੇ ਸਨ। ਡਾਇਨੋਸਾਰਾਂ ਦੇ ਲੁਪਤ ਹੋ ਜਾਣ ਉਪਰੰਤ ਹੀ ਪਸ਼ੂਆ ਦੇ ਵਿਕਾਸ ਨੇ ਰੰਗ ਫੜਿਆ ਅਤੇ ਤਦ ਹੀ ਹਿਰਨ, ਸ਼ੇਰ, ਚੀਤੇ, ਘੋੜੇ , ਉਠ, ਹਾਥੀ, ਗਾਵਾਂ -ਮੱਝਾਂ, ਬਕਰੀਆਂ ਭੇਡਾਂ ਆਦਿ ਵਿਕਸਿਤ ਹੋਏ। ਇਨ੍ਹਾਂ `ਚ ਬਾਂਦਰ ਵੀ ਸ਼ਾਮਲ ਸਨ, ਜਿਨ੍ਹਾ ਚੋਂ, ਅੱਜ ਤੋਂ 2.5 ਕ੍ਰੋੜ ਵਰ੍ਹੇ ਪਹਿਲਾਂ, ਬਣਮਾਨਸ ਵੱਖ ਹੋਏ ਅਤੇ ਫਿਰ ਬਣਮਾਨਸਾਂ ਦੀ ਹੀ ਇਕ ਨਸਲ ਚੋਂ, ਅੱਜ ਤੋ 60 ਲੱਖ ਵਰ੍ਹੇ ਪਹਿਲਾਂ,ਮਨੁੱਖ ਦੇ ਪੂਰਵਜ ਵੱਖ ਹੋਏ।  


ਲੇਖਕ : ਡਾ. ਸੁਰਜੀਤ ਸਿੰਘ ਢਿੱਲੋਂ,
ਸਰੋਤ : ਡਾ.ਸੁਰਜੀਤ ਸਿੰਘ ਢਿੱਲੋਂ, ਸਾਬਕਾ ਪ੍ਰੋਫ਼ੈਸਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 1718, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-16, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.