ਜੀਵ-ਨਸਲਾਂ ਦਾ ਲੁਪਤ ਹੋਣਾ ਸਰੋਤ : ਡਾ.ਸੁਰਜੀਤ ਸਿੰਘ ਢਿੱਲੋਂ, ਸਾਬਕਾ ਪ੍ਰੋਫ਼ੈਸਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਜੀਵ-ਨਸਲਾਂ ਲੁਪਤ ਹੁੰਦੀਆਂ ਰਹੀਆਂ ਹਨ ਅਤੇ ਭਾਰੀ ਗਿਣਤੀ’ਚ ਲੁਪਤ ਹੁੰਦੀਆਂ ਰਹੀਆਂ ਹਨ। ਜਿਹੜੀ ਨਸਲ ਲੁਪਤ ਹੋ ਜਾਂਦੀ ਹੈ, ਉਹ ਮੁੜਕੇ ਨਹੀਂ ਉਪਜਦੀ। ਅਸਲ ’ਚ, ਹਰ ਇਕ ਜੀਵ-ਨਸਲ ਦੀ ਇਹੋ ਤਕਦੀਰ ਹੈ। ਜਿਵੇਂ ਹਰ ਇਕ ਜੀਵ ਦਾ ਜੀਵਨ ਛੇਕੜ ਸਮਾਪਤ ਹੋ ਜਾਂਦਾ ਹੈ, ਉਸੇ ਪ੍ਰਕਾਰ ਜੀਵ-ਨਸਲਾਂ ਦਾ ਵੀ ਅੰਤ ਹੋ ਜਾਣਾ ਨਿਸ਼ਚਿਤ ਹੈ। ਬਦਲਦੇ ਹਾਲਾਤ ਅਨੁਕੂਲ ਨਾ ਢੱਲ ਸਕਣ ਦਾ ਜੀਵ-ਨਸਲ ਲਈ ਸਿੱਟਾ ਲੁਪਤ ਹੋਣ 'ਚ ਨਿਕਲਦਾ ਹੈ। ਸਾਧਾਰਨ ਤਾਂ ਨਸਲਾਂ ਇਕਾ-ਦੁਕਾ ਲੁਪਤ ਹੁੰਦੀਆਂ ਹਨ, ਪਰ ਕੁਦਰਤੀ ਸੰਕਟ ਦੌਰਾਨ, ਇਨ੍ਹਾਂ ਦੀਆਂ ਢਾਣੀਆਂ ਦੀਆਂ ਢਾਣੀਆਂ, ਥੋੜ੍ਹੇ ਸਮੇਂ 'ਚ ਹੀ, ਧੋਤੀਆਂ ਨਿਚੋੜੀਆਂ ਜਾਂਦੀਆਂ ਹਨ ਅਤੇ ਮਰ-ਮੁੱਕ ਜਾਂਦੀਆਂ ਹਨ। ਡਾਇਨੋ ਕਿਰਲੇ ਵੀ ਸਾਮੂਹਿਕ ਰੂਪ 'ਚ ਤਦ ਲੁਪਤ ਹੋਏ ਸਨ , ਜਦ 6.5 ਕਰੋੜ ਵਰ੍ਹੇ ਪਹਿਲਾਂ ਇਕ ਭਾਰੀ ਉਲਕਾ ਧਰਤੀ ਉਪਰ ਆ ਡਿੱਗੀ ਸੀ। ਹੋਰਨਾਂ ਕੁਦਰਤੀ ਆਪਤੀਆਂ ਕਾਰਨ ਵੀ ਜੀਵ ਵੱਡੇ ਪੈਮਾਨੇ ਤੇ ਲੁਪਤ ਹੁੰਦੇ ਰਹੇ ਹਨ। ਸਾਗਰੀ ਡੂੰਘਾਣਾਂ ਦੇ ਘੱਟਣ-ਵੱਧਣ ਨਾਲ ਵੀ ਅਜਿਹਾ ਹੁੰਦਾ ਰਿਹਾ ਹੈ ਅਤੇ ਜਵਾਲਾ-ਮੁੱਖੀਆਂ ਦੇ ਫੁਟਾਰਿਆਂ ਕਾਰਨ ਵੀ। ਇਨ੍ਹਾਂ ਤੋਂ ਬਿਨਾਂ, ਜੀਵ-ਨਸਲਾਂ ਦੇ ਆਪੋ-ਆਪਣੇ ਜੀਨ-ਪੁੰਜ’ਚ ਆਏ ਬਦਲਾਓ ਕਾਰਨ ਵੀ ਇਹ ਲੁਪਤ ਹੁੰਦੀਆਂ ਰਹੀਆਂ ਹਨ।

ਹਕੀਕਤ ਇਹ ਹੈ ਕਿ ਜਿੰਨੀਆਂ ਜੀਵ-ਨਸਲਾਂ ਹੁਣ ਤਕ , ਵਿਕਾਸ ਦੁਆਰਾ, ਹੋਂਦ 'ਚ ਆਈਆਂ ਹਨ, ਉਨ੍ਹਾਂ ਚੋਂ 99 ਪ੍ਰਤੀਸ਼ਤ ਲੁਪਤ ਹੋ ਗਈਆਂ ਹਨ। ਕੋਈ ਜੀਵ-ਨਸਲ ਵੀ ਨਿਰੋਲ ਆਪਣੇ ਆਪ ਆਸਰੇ ਜਿਉਂ ਨਹੀਂ ਰਹੀ। ਇਨ੍ਹਾਂ ਦਾ ਜੀਵਨ, ਆਪਸ’ਚ, ਇਕ ਦੂਜੇ ਉਪਰ ਨਿਰਭਰ ਬੀਤ ਰਿਹਾ ਹੈ। ਇਸੇ ਲਈ, ਇਕ ਨਸਲ ਦੇ ਲੁਪਤ ਹੋਣ ਨਾਲ ਕਈ ਹੋਰ ਨਸਲਾਂ, ਜਿਨ੍ਹਾਂ ਦਾ ਜੀਵਨ ਇਸ ਉਪਰ ਨਿਰਭਰ ਹੁੰਦਾ ਹੈ, ਉਹ ਵੀ ਨਾਲ ਹੀ ਢਹਿ-ਢੇਰੀ ਹੋ ਜਾਂਦੀਆਂ ਹਨ। ਵੱਡੇ ਪੈਮਾਨੇ ਤੇ ਜੀਵ-ਨਸਲਾਂ ਦੇ ਲੁਪਤ ਹੋਣ ਦੀਆਂ ਘਟਨਾਵਾਂ, ਵਿਕਾਸ ਦੇ ਰਾਹ ਵਿਚਲੇ ਮਹੱਤਵ ਮੋੜ ਬਣਦੀਆਂ ਰਹੀਆਂ ਹਨ। ਜੇਕਰ ਡਾਇਨੋਸਾਰ ਲੁਪਤ ਨਾ ਹੁੰਦੇ, ਤਦ ਪਸ਼ੂਆਂ ਦਾ ਅੱਜ ਵਾਲਾ ਪਸਾਰ ਸੰਭਵ ਨਹੀਂ ਸੀ ਅਤੇ ਨਾ ਹੀ ਅਸੀਂ ਸੰਸਾਰ ਵਿਖੇ ਪ੍ਰਵੇਸ਼ ਕਰਨਾ ਸੀ।

ਅੱਜ ਨਸਲਾਂ ਤੇਜ਼ੀ ਨਾਲ ਲੁਪਤ ਹੋ ਰਹੀਆਂ ਹਨ ਅਤੇ ਇਸ ਦਾ ਕਾਰਨ ਹੈ: ਮਨੁੱਖ ਅਤੇ ਮਨੁੱਖ ਦਾ ਅਪਣਾਇਆ ਜੀਵਨ-ਢੰਗ। ਮਨੁੱਖ ਦੀ ਵਸੋਂ ਦਾ ਵਿਤੋਂ ਬਾਹਰਾ ਪਸਾਰ ਵੀ ਜੀਵ-ਨਸਲਾਂ ਦੇ ਲੁਪਤ ਹੋਣ ਨੂੰ ਪ੍ਰੋਸਾਹਿਤ ਕਰ ਰਿਹਾ ਹੈ। ਫਿਰ, ਸਾਡੇ ਕਾਰ-ਵਿਹਾਰ ਵੀ ਜਿਵੇਂ ਕਿ ਖੇਤੀ-ਬਾੜੀ , ਕੀਟਨਾਸ਼ਕ, ਰਸਾਇਣਕ ਖਾਦਾਂ, ਉਦਯੋਗ , ਤੇਜ਼ਾਬੀ ਵਰਖਾ ਅਤੇ ਸਾਗਰਾਂ 'ਚ ਉਂਡੇਲੇ ਜਾ ਰਹੇ ਵਿਸ਼ੈਲੇ ਪਦਾਰਥ ਵੀ ਜੀਵਾਂ ਦੇ ਤੇਜ਼ੀ ਨਾਲ ਲੁਪਤ ਹੋਣ ਦਾ ਕਾਰਨ ਬਣ ਰਹੇ ਹਨ। ਜੀਵ-ਨਸਲ ਦੀ ਇਕ ਸੀਮਾ ਤੋਂ ਘਟੀ ਵਸੋਂ ਵੀ, ਆਪਣੇ ਆਪ 'ਚ, ਇਸ ਦੇ ਲੁਪਤ ਹੋਣ ਦਾ ਕਾਰਨ ਬਣ ਜਾਂਦੀ ਹੈ।

ਬਹੁ-ਸੈੱਲੇ ਜੀਵਾਂ ਦਾ 60 ਕਰੋੜ ਵਰ੍ਹਿਆਂ ਦਾ ਇਤਿਹਾਸ ਹੈ ਅਤੇ ਇਸ ਦੌਰਾਨ ਜੀਵ-ਨਸਲਾਂ ਪੰਜ ਵਾਰ ਵੱਡੇ ਪੈਮਾਨੇ ਤੇ ਲੁਪਤ ਹੋਈਆਂ ਹਨ। 6.5 ਕਰੋੜ ਵਰ੍ਹੇ ਪਹਿਲਾਂ ਡਾਇਨੋ ਕਿਰਲਿਆਂ ਦੀਆਂ ਅਤੇ ਹੋਰ ਵੀ ਅਨੇਕਾਂ ਜੀਵਾਂ ਦੀਆਂ ਨਸਲਾਂ ਲੁਪਤ ਹੋਈਆਂ ਸਨ ਅਤੇ 24.5 ਕਰੋੜ ਵਰ੍ਹੇ ਪਹਿਲਾਂ ਸਾਗਰ ਅੰਦਰਲੇ ਜੀਵ ਭਾਰੀ ਗਿਣਤੀ 'ਚ ਲੁਪਤ ਹੋਏ ਸਨ। ਇਨ੍ਹਾਂ ਦੇ ਅਤੇ ਅਜਿਹੀਆਂ ਹੋਰਨਾਂ ਘਟਨਾਵਾਂ ਦੇ ਸੰਕੇਤ ((ਫਾੱਸਿਲ) ਪਥਰਾਟ) ਪਥਰਾਟ ਦੇ ਰਹੇ ਹਨ।

ਲੁਪਤ ਹੋਏ ਜੀਵਾਂ ਦੇ (ਫਾੱਸਿਲ) ਪਥਰਾਟ, ਇਨ੍ਹਾਂ ਦੇ ਸੰਸਾਰ ਵਿਖੇ ਵਿਚਰੇ ਹੋਣ ਦਾ ਸਿੱਧਾ ਪ੍ਰਮਾਣ ਹਨ। ਧਰਤੀ ਹੇਠ ਦੱਬੇ ਗਏ ਜੀਵਾਂ ਦੇ ਸਮੁੱਚੇ ਸਰੀਰ ਜਾਂ ਇਨ੍ਹਾਂ ਦੇ ਅੰਗ , ਲੰਬੇ ਸਮੇਂ ਉਪਰੰਤ, ਖਣਿਜਾਂ ਦੇ ਇਨ੍ਹਾਂ ਅੰਦਰ ਰਚ ਜਾਣ ਨਾਲ ਪਥਰਾਏ ਜਾਂਦੇ ਹਨ ਅਤੇ ਇਨ੍ਹਾਂ ਦੇ ਆਕਾਰ ਚਟਾਨਾਂ ਅੰਦਰ ਸਦਾ ਲਈ ਖੁਣੇ ਰਹਿ ਜਾਂਦੇ ਹਨ। ਚਟਾਨਾਂ 'ਚ ਖੁਣੇ ਜੀਵਾਂ ਦੇ ((ਫਾੱਸਿਲ) ਪਥਰਾਟ) ਪਥਰਾਟ, ਜੀਵਾਂ ਦੇ ਅਸਲ ਸਰੂਪ ਨੂੰ ਪ੍ਰਦਰਸ਼ਿਤ ਕਰ ਰਹੇ ਹਨ।

ਅਜਿਹਾ, ਪਰ, ਹਰ ਇਕ ਜੀਵ ਨਾਲ ਨਹੀਂ ਵਾਪਰਦਾ। ਆਮ ਤੌਰ ਤੇ ਜੀਵਾਂ ਦੇ ਮ੍ਰਿਤਕ ਸਰੀਰ ਕਿਟਾਣੂਆਂ ਦੀ ਭੇਟ ਚੜ੍ਹਦੇ ਰਹਿੰਦੇ ਹਨ। ਜੇਕਰ ਕਿਧਰੇ ਇਹ, ਕਿਸੇ ਕਾਰਨ, ਕੀਟਾਣੂਆਂ ਦੀ ਲਾਗ ਤੋਂ ਬਚੇ ਰਹਿ ਜਾਣ ਤਾਂ ਉਸ ਹਾਲਾਤ 'ਚ ਇਹ ((ਫਾੱਸਿਲ) ਪਥਰਾਟ) ਪਥਰਾਟ’ਚ ਢੱਲਣ ਯੋਗ ਹੁੰਦੇ ਹਨ। ਜੀਵਾਂ ਦੇ, ਮਰਨ ਉਪਰੰਤ ਝੱਟ–ਪੱਟ ਨਮੀਦਾਰ ਭੂਮੀ ’ਚ ਖੁੱਭ ਜਾਣ ਕਾਰਨ ਅਜਿਹਾ ਆਮ ਹੁੰਦਾ ਰਿਹਾ ਹੈ। ਇਸ ਪ੍ਰਕਾਰ, ਜੀਵ ਦਾ ਮ੍ਰਿਤਕ ਸਰੀਰ ਆਕਸੀਜਨ ਦੀ ਪ੍ਰਕਿਰਿਆ ਤੋਂ ਤੇ ਕੀਟਾਣੂਆਂ ਦੀ ਲਾਗ ਤੋਂ ਬਚੇ ਰਹਿ ਜਾਂਦੇ ਹਨ। ਡਾਇਨੋ ਕਿਰਲਿਆਂ ਦਿਆਂ (ਫਾੱਸਿਲਾਂ) ਪਥਰਾਟ ਦੀ ਗਿਣਤੀ ਇਸ ਲਈ ਬਹੁਤ ਹੈ, ਕਿਉਂਕਿ ਉਲਕਾ ਦੇ ਧਰਤੀ ਉਪਰ ਡਿੱਗਣ ਨਾਲ ਉਡੀ ਧੂੜ ਦੀ ਮੋਟੀ ਤਹਿ 'ਚ ਇਹ ਦੱਬੇ ਗਏ ਸਨ। ਪ੍ਰਾਣੀਆਂ ਦੇ ਦਲਦਲਾਂ 'ਚ ਧੱਸ ਜਾਣ ਨਾਲ ਵੀ, ਇਨ੍ਹਾਂ ਦੇ (ਫਾੱਸਿਲ) ਪਥਰਾਟ ਹੋਂਦ 'ਚ ਆਉਂਦੇ ਰਹੇ ਹਨ।

ਭੁਚਾਲ ਦੌਰਾਨ, ਚਟਾਨਾਂ’ਚ ਉੱਥਲ-ਪੁਥੱਲ ਹੋ ਜਾਣਾ ਸੁਭਾਵਕ ਹੈ। ਤਦ, ਚਟਾਨਾਂ ਦੀਆਂ ਹੇਠਲੀਆਂ ਤਹਿਆਂ, ਸਮੇਤ (ਫਾੱਸਿਲਾਂ) ਪਥਰਾਟ ਦੇ, ਉਤਾਂਹ ਆ ਜਾਂਦੀਆਂ ਹਨ। ਇਸ ਸਥਿਤੀ 'ਚ, ਅਪਹੁੰਚ (ਫਾੱਸਿਲ) ਪਥਰਾਟ ਵੀ ਅਸਾਡੀ ਪਹੁੰਚ ’ਚ ਆ ਜਾਂਦੇ ਹਨ। ਬਹੁਤੇ (ਫਾੱਸਿਲ) ਪਥਰਾਟ ਤਾਂ, ਪਰ, ਅੱਜ ਤਕ ਵੀ ਚਟਾਨਾਂ ਦੀਆਂ ਹੇਠਲੀਆਂ ਤਹਿਆਂ 'ਚ ਦੱਬੇ ਹੋਏ, ਅਸਾਡੀ ਪਹੁੰਚੋਂ ਬਾਹਰ ਹਨ।

(ਫਾੱਸਿਲ) ਪਥਰਾਟ ਲੁਪਤ ਹੋ ਚੁਕੀਆਂ ਜੀਵ-ਨਸਲਾਂ ਬਾਰੇ ਸਿੱਧੀ ਜਾਣਕਾਰੀ ਭਾਵੇਂ ਦੇ ਰਹੇ ਹਨ, ਪਰ ਇਹ ਜੀਵ-ਸੰਸਾਰ ਦੇ ਵਿਕਾਸ ਦਾ ਪੂਰਾ ਇਤਿਹਾਸ ਨਹੀਂ ਦਰਸਾ ਰਹੇ। ਫਿਰ ਵੀ, ਕੁਝ ਕੁ ਨਸਲਾਂ ਦੇ ਹੋਏ ਵਿਕਾਸ ਨੂੰ ਇਹ ਸਪਸ਼ਟ ਪ੍ਰਗਟਾ ਰਹੇ ਹਨ, ਜਿਵੇਂ ਕਿ ਘੋੜੇ ਦੇ, ਉੱਠ ਦੇ ਅਤੇ ਹਾਥੀ ਦੇ ਵਿਕਾਸ ਨੂੰ। ਮਨੁੱਖ ਦੇ ਵਿਕਾਸ ਨੂੰ ਵੀ (ਫਾੱਸਿਲ) ਪਥਰਾਟ, ਦਿਨ-ਪਰ-ਦਿਨ, ਨਿਖੇਰੀ ਜਾ ਰਹੇ ਹਨ।

ਰੀੜ-ਰਹਿਤ ਪ੍ਰਾਣੀਆਂ ਚੋਂ ਵਧੇਰੇ (ਫਾੱਸਿਲ) ਪਥਰਾਟ ਘੋਗਿਆਂ ਅਤੇ ਸਿੱਪਾਂ ਦੇ ਮਿਲ ਰਹੇ ਹਨ, ਇਸ ਲਈ, ਕਿਉਂਕਿ ਇਨ੍ਹਾਂ ਦੇ ਬਾਹਰੀ ਪਿੰਜਰ ਕਿਸੇ ਵੀ ਹੋਰ ਪ੍ਰਾਣੀ ਦੀ ਖ਼ੁਰਾਕ ਨਹੀਂ ਬਣਦੇ। ਦੂਜੇ ਬੰਨੇ , ਰੀੜ-ਸਹਿਤ ਪ੍ਰਾਣੀਆਂ ਚੋਂ ਬੰਦਰ, ਬਣਮਾਨਸ ਅਤੇ ਮਨੁੱਖ ਦੇ ਪੂਰਵਜ, ਆਪਣੇ ਨਰਮ ਸਰੀਰ ਕਾਰਨ, ਸ਼ਿਕਾਰੀ ਪ੍ਰਾਣੀਆਂ ਦਾ ਮਨਭਾਉਂਦਾ ਭੋਜਨ ਬਣਦੇ ਰਹੇ ਹਨ। ਇਸੇ ਕਾਰਨ, ਇਨ੍ਹਾਂ ਦਿਆਂ (ਫਾੱਸਿਲਾਂ) ਪਥਰਾਟ ਦੀ ਵੀ ਤੋਟ ਹੀ ਹੈ।


ਲੇਖਕ : ਡਾ. ਸੁਰਜੀਤ ਸਿੰਘ ਢਿੱਲੋਂ,
ਸਰੋਤ : ਡਾ.ਸੁਰਜੀਤ ਸਿੰਘ ਢਿੱਲੋਂ, ਸਾਬਕਾ ਪ੍ਰੋਫ਼ੈਸਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 1459, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-17, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.