ਜੁਗਰਾਫ਼ੀਆ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਜੁਗਰਾਫ਼ੀਆ [ਨਾਂਪੁ] ਭੂਗੋਲ , ਧਰਤੀ ਬਾਰੇ ਜਾਣਕਾਰੀ ਦੇਣ ਵਾਲ਼ਾ ਵਿਗਿਆਨ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 260, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਜੁਗਰਾਫ਼ੀਆ ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਪਹਿਲੀ

ਜੁਗਰਾਫ਼ੀਆ : ਆਦਿ ਮਨੁੱਖ ਆਪਣੇ ਕੁਦਰਤੀ ਵਾਤਾਵਰਨ ਨਾਲ ਸਿੱਧੇ ਰੂਪ ਵਿੱਚ ਸੰਬੰਧਿਤ ਰਿਹਾ ਹੈ। ਉਹ ਹੋਰ ਜੀਵਾਂ ਦੀ ਤਰ੍ਹਾਂ ਆਪਣੇ ਨਿਵਾਸ ਖੇਤਰ (living space) ਦਾ ਜਾਣੂੰ ਸੀ ਪਰ ਇਸ ਤੋਂ ਇਲਾਵਾ, ਉਹ ਹਮੇਸ਼ਾ ਆਪਣੇ ਨਿਵਾਸ ਖੇਤਰ ਤੋਂ ਦੂਰ-ਦੁਰਾਡੇ ਖੇਤਰਾਂ ਨੂੰ ਜਾਣਨ ਲਈ ਵੀ ਉਤਸਕ ਰਹਿੰਦਾ ਸੀ। ਮਨੁੱਖ ਦੀ ਅਜਿਹੀ ਜਗਿਆਸਾ ਨੇ ਉਸ ਨੂੰ ਆਪਣੇ ਨਿਵਾਸ ਸਥਾਨ ਦੀਆਂ ਸਰਹੱਦਾਂ ਤੋਂ ਪਾਰ ਦੀ ਦੁਨੀਆ ਨੂੰ ਖੋਜਣ ਲਈ ਮਜ਼ਬੂਰ ਕੀਤਾ। ਮਨੁੱਖ ਦੀ ਇਸ ਤਰ੍ਹਾਂ ਦੀ ਚਾਹ ਨੂੰ ਪੂਰਾ ਕਰਨ ਦੀ ਇੱਛਾ ਨੇ ‘ਜੁਗਰਾਫ਼ੀਆ’ (Geographia) ਵਿਸ਼ੇ ਨੂੰ ਜਨਮ ਦਿੱਤਾ, ਜਿਸ ਨੇ ਉਸ ਨੂੰ ਜਾਣੀ-ਪਛਾਣੀ ਦੁਨੀਆ ਤੋਂ ਕਿਤੇ ਦੂਰ-ਦੁਰਾਡੇ ਖੇਤਰਾਂ ਅਤੇ ਉੱਥੇ ਵੱਸਦੇ ਲੋਕਾਂ ਬਾਰੇ ਗਿਆਨ ਪ੍ਰਾਪਤ ਕਰਨ ਲਈ ਸਮਰੱਥਾ ਦਿੱਤੀ।

ਜੁਗਰਾਫ਼ੀਆ (geographia) ਸ਼ਬਦ ਦਾ ਪਹਿਲੀ ਵਾਰੀ ਪ੍ਰਯੋਗ ਸਕੰਦਰੀਆ (alexandria) ਵਿਖੇ ਅਜਾਇਬ-ਘਰ ਦੇ ਮੁੱਖ ਲਾਈਬ੍ਰੇਰੀਅਨ (librarian), ਇਰੈਸਟੋਸਥੀਨਜ਼ (erastosthenes 276-194 BC) ਨੇ ਕੀਤਾ ਸੀ। ਇਹ ਸ਼ਬਦ ਯੂਨਾਨੀ (greek) ਭਾਸ਼ਾ ਦੇ ਦੋ ਸ਼ਬਦਾਂ ਜਿਓ ਅਤੇ ਗਰਾਫ਼ੀਆ (Geo Graphia) ਦੇ ਜੋੜ ਤੋਂ ਬਣਿਆ ਹੈ। ਜਿਓ (geo) ਦਾ ਭਾਵ ਹੈ ਧਰਤੀ (earth) ਅਤੇ ਗਰਾਫ਼ੀਆ (graphia) ਦਾ ਭਾਵ ਹੈ ਵਰਣਨ ਕਰਨਾ (to describe), ਅਰਥਾਤ ਜੁਗਰਾਫ਼ੀਆ ਪ੍ਰਿਥਵੀ ਦੇ ਵਰਣਨ ਨਾਲ ਸੰਬੰਧਿਤ ਹੈ। ਕਿਉਂਕਿ ਧਰਤੀ ਮਨੁੱਖ ਦਾ ਘਰ ਹੈ ਇਸ ਕਰਕੇ ਇਸ ਪ੍ਰਤਿ ਹਰ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨਾ ਜੁਗਰਾਫ਼ੀਆ ਵਿਸ਼ੇ ਦਾ ਮੁੱਖ ਉਦੇਸ਼ ਹੈ। ਇਸ ਲਈ, ਧਰਤੀ ਦੇ ਧਰਾਤਲ ਉੱਤੇ ਹਰ ਤਰ੍ਹਾਂ ਦਾ ਦ੍ਰਿਸ਼ਟ ਅਤੇ ਆਦ੍ਰਿਸ਼ਟ ਵਸਤੂ-ਜਗਤ (phenomena) ਜੁਗਰਾਫ਼ੀਆਈ ਵਿਸ਼ਾ-ਵਸਤੂ ਹੈ, ਜਿਸ ਅਧੀਨ ਧਰਤੀ ਉੱਤੇ ਉਪਲਬਧ ਖੇਤਰੀ ਭਿੰਨਤਾਵਾਂ ਅਤੇ ਉਹਨਾਂ ਵਿੱਚ ਸਮੇਂ ਅਨੁਸਾਰ ਆਉਣ ਵਾਲੀਆਂ ਤਬਦੀਲੀਆਂ ਦਾ ਅਧਿਐਨ ਕੀਤਾ ਜਾਂਦਾ ਹੈ।

ਜੁਗਰਾਫ਼ੀਆ ਸ਼ੁਰੂ ਤੋਂ ਮੁੱਖ ਤੌਰ ’ਤੇ ਤਿੰਨ ਪ੍ਰਸ਼ਨਾਂ, ਜਿਵੇਂ ਕਿ-ਕੀ?, ਕਿੱਥੇ?, ਅਤੇ ਕਿਉਂ? ਦਾ ਉੱਤਰ ਲੱਭਣ ਵਿੱਚ ਲੱਗਿਆ ਹੋਇਆ ਹੈ। ਇਹਨਾਂ ਪ੍ਰਸ਼ਨਾਂ ਦੇ ਉੱਤਰਾਂ ਵਿੱਚ ਹੀ ਸਾਰੇ ਬ੍ਰਹਿਮੰਡ ਦੀ ਜਾਣਕਾਰੀ ਛੁਪੀ ਹੋਈ ਹੈ। ਧਰਤੀ ਇਸ ਬ੍ਰਹਿਮੰਡ ਦਾ ਇੱਕ ਅੰਗ ਹੈ ਅਤੇ ਉਹ ਤੱਤ ਜੋ ਸਿੱਧੇ ਜਾਂ ਅਸਿੱਧੇ ਤੌਰ ਤੇ ਮਨੁੱਖ ਨਾਲ ਸੰਬੰਧਿਤ ਹਨ ਜਾਂ ਮਨੁੱਖ ਨੂੰ ਪ੍ਰਭਾਵਿਤ ਕਰਦੇ ਹਨ ਜਾਂ ਉਹ ਮਨੁੱਖ ਦੁਆਰਾ ਪ੍ਰਭਾਵਿਤ ਹੁੰਦੇ ਹਨ, ਜੁਗਰਾਫ਼ੀਆਈ ਅਧਿਐਨ ਦਾ ਵਿਸ਼ਾ ਹਨ। ਦੂਜੇ ਸ਼ਬਦਾਂ ਵਿੱਚ ਇਸ ਤਰ੍ਹਾਂ ਕਿਹਾ ਜਾ ਸਕਦਾ ਹੈ ਕਿ ਧਰਤੀ ‘ਮਨੁੱਖ ਦਾ ਘਰ’ ਹੈ, ਜਿੱਥੇ ਹਰ ਮੌਜੂਦ ਪਈ ਵਸਤੂ ਅਤੇ ਵਾਪਰਦੀ ਘਟਨਾ, ਜਿਨ੍ਹਾਂ ਨੂੰ ਸਾਡੀਆਂ ਗਿਆਨ ਇੰਦਰੀਆਂ ਅਨੁਭਵ ਕਰਦੀਆਂ ਹਨ, ਉਹ ਜੁਗਰਾਫ਼ੀਏ ਦਾ ਵਿਸ਼ਾ-ਵਸਤੂ ਹਨ।

ਇਸ ਤਰ੍ਹਾਂ, ਜੁਗਰਾਫ਼ੀਆ ਅਤੇ ਸਮਾਜ ਇੱਕ ਹੀ ਸਿੱਕੇ ਦੇ ਦੋ ਪਾਸੇ ਹਨ, ਜਿਨ੍ਹਾਂ ਨੂੰ ਆਪਸ ਵਿੱਚੋਂ ਨਿਖੇੜਿਆ ਨਹੀਂ ਜਾ ਸਕਦਾ। ਦਰਅਸਲ, ਮਨੁੱਖ ਹੀ ਜੁਗਰਾਫ਼ੀਏ ਦੇ ਅਧਿਐਨ ਦਾ ਧੁਰਾ ਹੈ, ਜਿਸ ਕਰਕੇ ਜੁਗਰਾਫ਼ੀਆ ਸਮਾਜਿਕ ਜੀਵਨ ਦੇ ਹਰ ਪਹਿਲੂ ਨਾਲ ਸੰਬੰਧਿਤ ਹੈ। ਜੁਗਰਾਫ਼ੀਏ ਦਾ ਗਿਆਨ ਮਨੁੱਖ ਦੇ ਹਰ ਇੱਕ ਕੰਮ ਵਿੱਚ, ਜਿਵੇਂ ਕਿ, ਸਵੇਰ ਦੀ ਸੈਰ ਤੋਂ ਲੈ ਕੇ ਪੁਲਾੜ ਦੀ ਉਡਾਰੀ ਤੱਕ ਕੰਮ ਆਉਂਦਾ ਹੈ।

ਵਿਸ਼ਾ-ਵਸਤੂ ਵਿੱਚ ਅਨੇਕਤਾ ਦੇ ਕਾਰਨ ਜੁਗਰਾਫ਼ੀਏ ਵਿੱਚ ਦ੍ਵੈਤਵਾਦ ਪੈਦਾ ਹੋਏ ਜਿਵੇਂ ਕਿ, ਭੌਤਿਕ (physical) ਅਤੇ ਮਾਨਵ (human) ਜੁਗਰਾਫ਼ੀਆ ਅਤੇ ਕ੍ਰਮ-ਬੱਧ (systematic) ਅਤੇ ਪ੍ਰਦੇਸ਼ਿਕ (regional) ਜੁਗਰਾਫ਼ੀਆ, ਪਰੰਤੂ ਫਿਰ ਵੀ ਜੁਗਰਾਫ਼ੀਆ ਇੱਕ ਹੀ ਹੈ। ਅਸਲ ਵਿੱਚ, ਜੁਗਰਾਫ਼ਰ ਵਿਸ਼ੇ ਦੇ ਵਿਸ਼ਾ-ਵਸਤੂ ਨੂੰ ਇਕੱਠਾ ਦੇਖਣ (to see together) ਦਾ ਯਤਨ ਕਰਦੇ ਹਨ। ਇਹ ਕਲਾ ਬੜੀ ਮਿਹਨਤ ਅਤੇ ਲਗਨ ਨਾਲ ਪ੍ਰਾਪਤ ਹੁੰਦੀ ਹੈ। ਕ੍ਰਮ-ਬੱਧ ਜੁਗਰਾਫ਼ੀਆ ਨਿਯਮ ਬਣਾਉਂਦਾ ਹੈ ਜਿਹੜੇ ਪ੍ਰਦੇਸ਼ਿਕ ਜੁਗਰਾਫ਼ੀਏ ਅੰਦਰ ਨਿਯਮ-ਬੱਧ, ਪ੍ਰਤੱਖ ਅਤੇ ਪੜਚੋਲਵੀਂ ਦ੍ਰਿਸ਼ਟੀ ਦੁਆਰਾ ਪਰਖੇ (Test) ਕੀਤੇ ਜਾਂਦੇ ਹਨ। ਇਸ ਲਈ ਦੋਨੋਂ ਇੱਕ ਦੂਜੇ ਦੇ ਪੂਰਕ ਹਨ।

ਜੁਗਰਾਫ਼ੀਆ ਇੱਕ ਮਾਂ-ਵਿਸ਼ਾ (A Mother discipline) ਹੈ ਜਿੱਥੋਂ ਵਿਸ਼ੇਸ਼ਗਤਾ ਵਾਲੇ ਵਿਸ਼ਿਆਂ ਦਾ ਜਨਮ ਹੋਇਆ ਹੈ। ਇਸ ਲਈ ਜੁਗਰਾਫ਼ੀਆ ਬਾਹਰ-ਦਰਸ਼ੀ ਵਿਸ਼ਾ (outward-looking discipline) ਹੈ, ਜਿਸ ਨੇ ਅਕਸਰ ਨਵੀਆਂ ਵਿਸ਼ੇਸ਼ਗਤਾਵਾਂ ਪੈਦਾ ਕੀਤੀਆਂ ਹਨ। ਇਹ ਬਹੁਮੁਖੀ ਦ੍ਰਿਸ਼ਟੀਕੋਣ ਸਾਡੀ ਹੋਂਦ ਦਾ ਮਕਸਦ ਹੈ ਅਤੇ ਗਿਆਨ ਦੇ ਸਾਗਰ ਵਿੱਚ ਸਾਡੀ ਜੀਵਨ ਸ਼ਕਤੀ ਹੈ। ਜੇਕਰ ਸਾਡਾ ਆਲਾ-ਦੁਆਲਾ ਸੁੰਦਰ ਅਤੇ ਦਿਲਚਸਪ ਮਹਿਸੂਸ ਹੁੰਦਾ ਹੈ ਤਾਂ ਕਿਉਂ ਨਾ ਇਸ ਦੀ ਖੋਜ ਕਰੀਏ, ਇਹ ਜੁਗਰਾਫ਼ੀਏ ਦੇ ਘੇਰੇ ਨੂੰ ਹੋਰ ਵਿਸ਼ਾਲ ਕਰੇਗਾ।

ਜੁਗਰਾਫ਼ੀਏ ਦਾ ਵਿਸ਼ਾ-ਵਸਤੂ ਹੋਰਨਾਂ ਵਿਸ਼ਿਆਂ ਨਾਲ ਸਾਂਝਾ ਹੈ। ਇਹ ਨਾ ਤਾਂ ਜੁਗਰਾਫ਼ੀਏ ਦਾ ਵਿਸ਼ੇਸ਼ ਅਧਿਕਾਰ ਹੈ ਅਤੇ ਨਾ ਹੀ ਕੋਈ ਕਮਜ਼ੋਰੀ, ਸਗੋਂ ਆਧੁਨਿਕ ਗਿਆਨ ਦੇ ਵਿਕਾਸ ਲਈ ਵਿਸ਼ਿਆਂ ਦੀ ਅੰਤਰ-ਨਿਰਭਰਤਾ ਵੱਲ ਮੁੱਖ ਝੁਕਾਅ ਹੈ। ਜੁਗਰਾਫ਼ੀਏ ਦੀ ਭਾਵੇਂ ਹੋਰਨਾਂ ਵਿਗਿਆਨਾਂ ਨਾਲ ਸਾਂਝ ਹੈ ਪਰ ਜੁਗਰਾਫ਼ੀਏ ਦੇ ਆਪਣੇ ਮੰਤਵ ਸਾਫ਼ ਅਤੇ ਸਪਸ਼ਟ ਹਨ।

ਪਿਛਲੇ ਪੰਜਾਹ ਕੁ ਵਰ੍ਹਿਆਂ ਦੌਰਾਨ ਜੁਗਰਾਫ਼ੀਏ ਦੀ ਖੋਜ ਦੇ ਮੰਤਵਾਂ ਅਤੇ ਵਿਸ਼ਿਆਂ ਦਾ ਬਹੁਤ ਵਿਕਾਸ ਹੋਇਆ ਹੈ। ਹੁਣ ਜ਼ਰੂਰਤ ਹੈ ਕਿ ਪ੍ਰਚਲਿਤ ਧਾਰਨਾਵਾਂ ਦਾ ਮੁੜ ਮੁੱਲਾਂਕਣ ਕੀਤਾ ਜਾਵੇ ਅਤੇ ਉਹਨਾਂ ਦੀ ਮੁੜ ਠੋਸ ਉਸਾਰੀ ਕੀਤੀ ਜਾਵੇ। ਪਿਛਲੇ ਕੁਝ ਦਹਾਕਿਆਂ ਅੰਦਰ ਜੁਗਰਾਫ਼ੀਏ ਦੇ ਵਿਸ਼ਾ-ਵਸਤੂ, ਸਮਗਰੀ ਅਤੇ ਖੋਜ-ਵਿਧੀ ਉੱਤੇ ਖੁੱਲ੍ਹ ਕੇ ਬਹਿਸਾਂ ਹੋਈਆਂ ਹਨ, ਜਿਨ੍ਹਾਂ ਵਿੱਚ ਵਿਸ਼ੇ ਦੀ ਰਵਾਇਤੀ ਵੰਡ ਦੀ ਨਿਖੇਧੀ ਕੀਤੀ ਗਈ ਹੈ ਅਤੇ ਸਪਸ਼ਟ ਕੀਤਾ ਗਿਆ ਹੈ ਕਿ ਜੁਗਰਾਫ਼ੀਏ ਦਾ ਕੇਂਦਰੀ ਕਾਰਜ ਹੈ ਕਿ ਉਹ ਇੱਕ ਏਕੀਕਰਨ ਵਿਗਿਆਨ (synthesizing science) ਦੀ ਭੂਮਿਕਾ ਨਿਭਾਵੇ। ਜੁਗਰਾਫ਼ੀਏ ਦੀ ਜਾਣਕਾਰੀ ਸਾਡੇ ਜੀਵਨ ਦੇ ਹਰ ਪਹਿਲੂ ਵਿੱਚ ਕੰਮ ਆਉਂਦੀ ਹੈ। ਇਸ ਕਰਕੇ, ਇਸ ਦੀ ਉਪਯੋਗਤਾ ਦਿਨ-ਬਦਿਨ ਵਧਦੀ ਹੀ ਜਾ ਰਹੀ ਹੈ। ਇਸ ਦੇ ਨਾਲ ਜੁਗਰਾਫ਼ੀਆ ਵਿਸ਼ਾ ਆਪਣੇ-ਆਪ ਵਧੇਰੇ ਪ੍ਰਗਤੀਸ਼ੀਲ ਅਤੇ ਸੁਤੰਤਰ ਮਾਰਗ ਉੱਤੇ ਚੱਲਦਾ ਦਿਖਾਈ ਦੇਂਦਾ ਹੈ।


ਲੇਖਕ : ਐੱਸ.ਐੱਸ.ਚਿੱਬ,
ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਪਹਿਲੀ , ਹੁਣ ਤੱਕ ਵੇਖਿਆ ਗਿਆ : 71, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2019-03-28-10-01-29, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.