ਜੁਰਮ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਜੁਰਮ [ਨਾਂਪੁ] ਦੋਸ਼, ਕਸੂਰ , ਅਪਰਾਧ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5436, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਜੁਰਮ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਜੁਰਮ. ਅ਼ਸੰਗ੍ਯਾ—ਅਪਰਾਧ. ਕ਼ੁ੉੤ਰ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5254, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਜੁਰਮ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Crime_ਜੁਰਮ: ਫ਼ੌਜਦਾਰੀ ਕਾਨੂੰਨ ਦੀ ਉਲੰਘਣਾ ਵਿਚ ਕੀਤੇ ਗਏ ਕੰਮ ਨੂੰ ਅਪਰਾਧ ਗਿਣਿਆ ਜਾਂਦਾ ਹੈ।

       ਜੁਰਮ ਦਾ ਲਫ਼ਜ਼ੀ ਅਰਥ ਕੋਈ ਅਜਿਹਾ ਕੰਮ ਹੈ ਜੋ ਕਾਨੂੰਨ ਦੁਆਰਾ ਸਜ਼ਾਯੋਗ ਹੋਵੇ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5226, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਜੁਰਮ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ

ਜੁਰਮ : ਜਿਸ ਸਮੇਂ ਮਨੁੱਖੀ ਸਮਾਜ ਦੀ ਰਚਨਾ ਹੋਈ, ਉਸੇ ਸਮੇਂ ਉਸ ਨੇ ਆਪਣੇ ਸਮਾਜਿਕ ਸੰਗਠਨ ਦੀ ਰੱਖਿਆ ਲਈ ਸਮਾਜਿਕ ਨਿਯਮ ਬਣਾਏ ਅਤੇ ਇਨ੍ਹਾਂ ਨਿਯਮਾਂ ਦੀ ਪਾਲਣਾ ਕਰਨਾ ਮਨੁੱਖ ਦਾ ਧਰਮ ਮੰਨਿਆ ਗਿਆ ਪਰ ਇਨ੍ਹਾਂ ਨਿਯਮਾਂ ਵਿਰੁੱਧ ਕੰਮ ਕਰਨ ਵਾਲੇ ਮਨੁੱਖ ਵੀ ਉਸੇ ਸਮੇਂ ਤੋਂ ਸਮਾਜ ਵਿਚ ਉਪਲੱਬਧ ਹੁੰਦੇ ਰਹੇ ਅਤੇ ਹਰ ਕਿਸਮ ਦੇ ਜੁਰਮ ਹੁੰਦੇ ਰਹੇ।

          ਪ੍ਰਾਚੀਨ ਕਾਲ ਤੋਂ ਹੀ ‘ਜੁਰਮ’ ਦੀ ਵਿਆਖਿਆ ਕਰਨ ਦੀ ਕੋਸ਼ਿਸ਼ ਹੁੰਦੀ ਰਹੀ। ਪੂਰਬੀ ਤੇ ਪੱਛਮੀ ਦੇਸ਼ਾਂ ਦੇ ਆਰੰਭਿਕ ਵਿਧਾਨਾਂ ਦੇ ਨੈਤਿਕ, ਧਾਰਮਿਕ ਤੇ ਸਮਾਜਿਕ ਨਿਯਮਾਂ ਦੀ ਉਲੰਘਣਾ ਜੁਰਮ ਸੀ। ਸਾਰਜੈਂਟ ਸਟੀਫ਼ਨ ਨੇ ਲਿਖਿਆ ਹੈ ਕਿ ਸਮੁਦਾਇ ਦਾ ਬਹੁਮਤ ਜਿਸ ਗੱਲ ਨੂੰ ਮੰਨੇ, ਉਸ ਦੇ ਉਲਟ ਕੰਮ ਕਰਨਾ ਹੀ ਜੁਰਮ ਹੈ। ਕਿਸੇ ਦੂਸਰੇ ਦੇ ਅਧਿਕਾਰ ਨੂੰ ਸੱਟ ਮਾਰਨੀ ਜਾਂ ਸਮਾਜ ਪ੍ਰਤਿ ਕਰਤੱਵ ਦੀ ਪਾਲਣਾ ਨਾ ਕਰਨੀ ਜੁਰਮ ਹੈ। ਰੋਮ ਵਿਚ ਜੁਰਮ ਦਾ ਨਿਰਣਾ ਸਮੁੱਚੀ ਜਨਤਾ ਕਰਦੀ ਸੀ। ਉਦੋਂ ਤੋਂ ਜੁਰਮ ਨੂੰ ਸਰਵਜਨਕ ਭੁਲ ਕਿਹਾ ਜਾਣ ਲੱਗਾ। ਅੱਜ ਦੇ ਕਾਨੂੰਨ ਵਿਚ ਜੁਰਮ ਨੂੰ ‘ਸਰਵਜਨਕ ਹਾਨੀ’ ਸਮਝਿਆ ਜਾਂਦਾ ਹੈ।

          ਦੋ ਸੌ ਵਰ੍ਹੇ ਪਹਿਲਾਂ ਤੱਕ ਸੰਸਾਰ ਦੇ ਸਾਰੇ ਦੇਸ਼ਾਂ ਦੀ ਇਹ ਨਿਸ਼ਚਿਤ ਨੀਤੀ ਸੀ ਕਿ ਜਿਸ ਨੇ ਸਮਾਜ ਦੇ ਹੁਕਮਾਂ ਦੀ ਉਲੰਘਣਾ ਕੀਤੀ ਹੈ, ਉਸ ਤੋਂ ਬਦਲਾ ਲੈਣਾ ਚਾਹੀਦਾ ਹੈ। ਇਸੇ ਲਈ ਜੁਰਮ ਕਰਨ ਵਾਲੇ ਨੂੰ ਦੁੱਖ-ਤਕਲੀਫ਼ਾਂ ਦਿੱਤੀਆਂ ਜਾਂਦੀਆਂ ਹਨ। ਜੇਲ੍ਹਾਂ ਵਿਚ ਉਸ ਨਾਲ ਪਸ਼ੂਆਂ ਤੋਂ ਵੀ ਬੁਰਾ ਵਿਹਾਰ ਕੀਤਾ ਜਾਂਦਾ ਸੀ ਪਰ ਹੁਣ ਇਹ ਭਾਵਨਾ ਬਦਲ ਗਈ ਹੈ। ਹੁਣ ਸਮਾਜ ਦੀ ਇਹ ਨਿਸ਼ਚਿਤ ਧਾਰਨਾ ਹੈ ਕਿ ਜੁਰਮ ਸਰੀਰਕ ਤੇ ਮਾਨਸਕ ਦੋਹਾਂ ਕਿਸਮਾਂ ਦਾ ਰੋਗ ਹੈ। ਇਸ ਲਈ ਜੁਰਮ ਕਰਨ ਵਾਲੇ ਦਾ ਇਲਾਜ ਕਰਨਾ ਚਾਹੀਦਾ ਹੈ। ਉਸ ਨੂੰ ਸਮਾਜ ਵਿਚ ਇਕ ਸਭਿਅਕ, ਸ਼ਿਸ਼ਟ ਤੇ ਨੈਤਿਕ ਨਾਗਰਿਕ ਬਣਾ ਕੇ ਵਾਪਸ ਭੇਜਿਆ ਜਾਂਦਾ ਹੈ। ਇਸ ਲਈ ਜੇਲ੍ਹਾਂ ਦੁੱਖ-ਤਕਲੀਫ਼ ਦੇਣ ਲਈ ਨਹੀਂ, ਸੁਧਾਰ ਲਈ ਹਨ ਅਤੇ ਇਸੇ ਲਈ ਅੱਜਕਲ੍ਹ ਜੇਲਾਂ ਦਾ ਨਾਂ ਸੁਧਾਰ ਘਰ ਰੱਖਿਆ ਗਿਆ ਹੈ।

          ਜਿਵੇਂ ਕਿ ਇਹ ਸਪਸ਼ਟ ਹੋ ਗਿਆ ਹੈ ਕਿ ਜੁਰਮ ਜੇ ਸਮਾਜਿਕ ਤੇ ਨੈਤਿਕ ਹੁਕਮਾਂ ਦੀ ਉਲੰਘਣਾ ਦਾ ਨਾਂ ਹੈ ਤਾਂ ਇਸ ਸ਼ਬਦ ਦਾ ਕੋਈ ਨਿਸ਼ਚਿਤ ਅਰਥ ਨਹੀਂ ਦੱਸਿਆ ਜਾ ਸਕਦਾ। ਡਾਕਟਰ ਫ਼ਰਾਇਡ ਹਰ ਜੁਰਮ ਦਾ ਆਧਾਰ ਕਾਮਵਾਸਨਾ ਨੂੰ ਦੱਸਦਾ ਹੈ ਜਦੋਂ ਕਿ ਕੁਝ ਹੋਰ ਵਿਦਵਾਨ ਇਸ ਨੂੰ ਸਮਾਜਿਕ ਵਾਤਾਵਰਣ ਦਾ ਸਿੱਟਾ ਮੰਨਦੇ ਹਨ। ਕੁਝ ਵਿਦਵਾਨ ਇਸ ਨੂੰ ਪਰਿਵਾਰਕ ਦੇਣ ਮੰਨਦੇ ਹਨ। ਪ੍ਰਾਚੀਨ ਭਾਰਤੀ ਸ਼ਾਸਤ੍ਰਕਾਰਾਂ ਨੇ ਜਿਨ੍ਹਾਂ ਗੱਲਾਂ ਨੂੰ ਜੀਵਨ ਦੀ ਮੌਲਿਕ ਨੈਤਿਕਤਾ ਮੰਨ ਲਿਆ ਸੀ, ਉਨ੍ਹਾਂ ਦੀ ਅਵਗਿਆ ਨੂੰ ਭਾਰਤੀ ਦ੍ਰਿਸ਼ਟੀਕੋਣ ਵਿਚ ਜੁਰਮ ਕਹਿਣਾ ਉਚਿਤ ਹੋਵੇਗਾ। ਸੰਯੁਕਤ ਰਾਸ਼ਟਰ ਸੰਘ ਨੇ ਵੀ ਸਮਾਜਿਕ ਅਥਵਾ ਸਮਾਜ ਵਿਰੋਧੀ ਕੰਮਾਂ ਨੂੰ ਜੁਰਮ ਮੰਨਿਆ ਹੈ। ਮੋਟੇ ਤੌਰ ਤੇ ਸੱਚ ਬੋਲਣਾ, ਚੋਰੀ ਨਾ ਕਰਨਾ, ਦੂਸਰੇ ਦੇ ਧਨ ਜਾਂ ਜੀਵਨ ਦਾ ਅਪਹਰਣ ਨਾ ਕਰਨਾ, ਮਾਤਾ-ਪਿਤਾ ਤੇ ਗੁਰੂਜਨਾਂ ਦਾ ਆਦਰ ਕਰਨਾ, ਕਾਮ ਵਾਸਨਾ ਤੇ ਕੰਟਰੋਲ ਕਰਨਾ ਆਦਿ ਮੌਲਿਕ ਨੇਤਿਕਤਾ ਹੈ ਜਿਸਦੀ ਹਰ ਸਮਾਜ ਵਿਚ ਪਾਲਣਾ ਹੁੰਦੀ ਹੈ ਅਤੇ ਇਸ ਤੋਂ ਉਲਟ ਕੰਮ ਕਰਨਾ ਜੁਰਮ ਹੈ।

          ਇਟਲੀ ਦਾ ਡਾ. ਲਾਂਬ੍ਰੇਜੋ ਪਹਿਲਾ ਵਿਦਵਾਨ ਸੀ ਜਿਸ ਨੇ ਜੁਰਮ ਦੀ ਥਾਂ ਜੁਰਮ ਕਰਨ ਵਾਲੇ ਨੂੰ ਪਹਿਚਾਨਣ ਦੀ ਕੋਸ਼ਿਸ਼ ਕੀਤੀ। ਗੈਰੋਫਾਲੀ ਜੁਰਮ ਨੂੰ ਮਨੋਵਿਗਿਆਨ ਦਾ ਵਿਸ਼ਾ ਮੰਨਦਾ ਹੈ। ਉਸ ਅਨੁਸਾਰ ਹਰ ਕਿਸਮ ਦੇ ਅਪਰਾਧੀ ਹੁੰਦੇ ਹਨ––ਹਤਿਆਰੇ, ਉਗਰ ਅਪਰਾਧੀ, ਜਾਇਦਾਦ ਵਿਰੁਧ ਅਪਰਾਧੀ ਅਤੇ ਕਾਮ ਵਾਸਨਾ ਦੇ ਅਪਰਾਧੀ। ਉਸ ਦੇ ਮੱਤ ਵਿਚ ਪ੍ਰਾਣਦੰਡ, ਉਮਰ ਕੈਦ ਅਤੇ ਦੇਸ਼ ਨਿਕਾਲਾ ਇਹ ਤਿੰਨ ਸਜ਼ਾਵਾਂ ਹੋਣੀਆਂ ਚਾਹੀਦੀਆਂ ਹਨ। ਫਾੱਨ ਹਾਮੇਲ ਨੇ ਪਹਿਲੀ ਵਾਰ ਅਪਰਾਧੀ ਦੇ ਸੁਧਾਰ ਦੀ ਚਰਚਾ ਕੀਤੀ। ਫ਼ਰਾਂਸ ਦੀ ਰਾਜ ਕ੍ਰਾਂਤੀ ਨੇ ਮਾਨਵ ਅਧਿਕਾਰ ਦੀ ਘੋਸ਼ਣਾ ਕੀਤੀ। ਜੁਰਮ ਕਰਨ ਵਾਲਾ ਵੀ ਮਨੁੱਖ ਹੈ। ਉਸ ਦਾ ਵੀ ਕੁਝ ਅਧਿਕਾਰ ਹੈ। ਜੁਰਮ ਕਰਨ ਵਾਲਾ ਵੀ ਜੁਰਮ ਦੀ ਵਿਆਖਿਆ ਚਾਹੁੰਦਾ ਹੈ। ਇਸ ਦੀ ਸਭ ਤੋਂ ਸਪਸ਼ਟ ਵਿਆਖਿਆ 1934 ਵਿਚ ਫ਼ਰਾਂਸੀਸੀ ਦੰਡ-ਵਿਧਾਨ ਨੇ ਕੀਤੀ। ਜਿਸ ਅਨੁਸਾਰ ਜੁਰਮ ਉਹ ਹੈ ਜਿਸ ਨੂੰ ਕਾਨੂੰਨੀ ਤੌਰ ਤੇ ਮਨ੍ਹਾ ਕੀਤਾ ਗਿਆ ਹੋਵੇ। ਅੱਜ ਉਸ ਨਿਯਮ ਦੀ ਉਲੰਘਣਾ ਨੂੰ ਜੁਰਮ ਮੰਨਿਆ ਜਾਂਦਾ ਹੈ ਜਿਸ ਦੀ ਉਲੰਘਣਾ ਜਾਣਬੁਝ ਕੇ ਕੀਤੀ ਗਈ ਹੋਵੇ। ਮਿਸਾਲ ਵਜੋਂ ਜੇ ਛੱਤ ਤੇ ਪਤੰਗ ਉਡਾਉਂਦਿਆ ਕਿਸੇ ਲੜਕੇ ਦੇ ਪੈਰ ਨਾਲ ਇਕ ਪੱਥਰ ਹੇਠਾਂ ਸੜਕ ਤੇ ਆ ਪਵੇ ਅਤੇ ਕਿਸੇ ਹੋਰ ਵਿਅਕਤੀ ਦੇ ਸਿਰ ਤੇ ਲੱਗ ਕੇ ਉਸ ਦੀ ਮੌਤ ਹੋ ਜਾਵੇ ਤਾਂ ਉਹ ਲੜਕਾ ਹੱਤਿਆ ਦਾ ਅਪਰਾਧੀ ਨਹੀਂ। ਇਸ ਤਰ੍ਹਾਂ ਮੁੱਖ ਗੱਲ ਨੀਅਤ ਦੀ ਹੈ। ਜੁਰਮ ਅਤੇ ਉਸ ਦੇ ਕਰਨ ਦੀ ਨੀਅਤ-ਇਨ੍ਹਾਂ ਦੋਹਾਂ ਨੂੰ ਮਿਲਾ ਦੇਣ ਨਾਲ ਹੀ ਵਾਸਤਵਿਕ ਨਿਆਂ ਹੋ ਸਕਦਾ ਹੈ।

          ਜਿਥੋਂ ਤੱਕ ਜੁਰਮ ਕਰਨ ਵਾਲੇ ਨੂੰ ਦੰਡ ਦੇਣ ਜਾਂ ਉਸ ਨਾਲ ਕਿਹੋ ਜਿਹਾ ਵਿਹਾਰ ਕਰਨਾ ਚਾਹੀਦਾ ਹੈ, ਇਸਦੇ ਸਬੰਧ ਵਿਚ ਅਫ਼ਲਾਤੂਨ ਦਾ ਮੱਤ ਸੀ ਕਿ ਨੁਕਸਾਨ ਪਹੁੰਚਾਉਣ ਵਾਲੇ ਦਾ ਨੁਕਸਾਨ ਕਰਨਾ ਅਨੁਚਿਤ ਹੈ। ਪ੍ਰਸਿੱਧ ਸਮਾਜ-ਸ਼ਾਸਤ੍ਰੀ ਸਿਜਵਿਕ ਨੇ ਸਪਸ਼ਅ ਕਿਹਾ ਸੀ ਕਿ ਨਿਆਂ ਕਦੇ ਨਹੀਂ ਚਾਹੁੰਦਾ ਕਿ ਜੁਰਮ ਕਰਨ ਵਾਲੇ ਨੂੰ ਦੁੱਖ ਦਿੱਤਾ ਜਾਵੇ। ਲਾਰਡ ਹਾਲਡੇਨ ਨੇ ਵੀ ਜੁਰਮ ਦਾ ਵਿਚਾਰ ਨਾ ਕਰਕੇ ਜੁਰਮ ਕਰਨ ਵਾਲੇ ਵਿਅਕਤੀ, ਉਸ ਦੀਆਂ ਸਮੱਸਿਆਵਾਂ ਅਤੇ ਉਸ ਦੇ ਵਾਤਾਵਰਣਾਂ ਤੇ ਵੀ ਸਲਾਹ ਦਿੱਤੀ। ਬ੍ਰਿਟੇਨ ਦੇ ਪ੍ਰਸਿੱਧ ਰਾਜਨੀਤਕ ਨੇਤਾ ਅਤੇ ਕਈ ਵਾਰ ਬਣੇ ਪ੍ਰਧਾਨ ਮੰਤਰੀ ਚਰਚਿਲ ਦਾ ਕਥਨ ਹੈ ਕਿ ਜੁਰਮ ਤੇ ਜੁਰਮ ਕਰਨ ਵਾਲੇ ਵਿਅਕਤੀ ਪ੍ਰਤੀ ਲੋਕਾਂ ਦੀ ਕਿਹੋ ਜਿਹੀ ਭਾਵਨਾ ਤੇ ਦ੍ਰਿਸ਼ਟੀ ਹੈ, ਉਸੇ ਤੋਂ ਉਸ ਦੇਸ਼ ਦੀ ਸਭਿਅਤਾ ਦਾ ਵਾਸਤਵਿਕ ਅਨੁਮਾਨ ਲਗਾਇਆ ਜਾ ਸਕਦਾ ਹੈ।

          ਅੱਜ ਜੁਰਮ ਬਾਰੇ ਧਾਰਣਾਵਾਂ ਬਦਲ ਗਈਆਂ ਹਨ। ਪ੍ਰੋ. ਵਿਨਫੋਲਡ ਦਾ ਮੱਤ ਅੱਜ ਵੀ ਮਹੱਤਵਪੂਰਨ ਹੈ ਕਿ ਹਰ ਇਕ ਜੁਰਮ ਮਨੁੱਖ ਦੇ ਉਸ ਆਚਰਣ ਦਾ ਫ਼ਲ ਹੈ ਜਿਸ ਨੂੰ ਕਾਨੂੰਨ ਰੋਕਣਾ ਚਾਹੁੰਦਾ ਹੈ। ਇਸ ਲਈ ਜੁਰਮ ਇਕ ਭੌਤਿਕ ਘਟਨਾ ਹੈ। ਵਕੀਲਾਂ ਨੇ ਸਿਰਫ਼ ਇਹ ਸਾਬਤ ਕਰਨਾ ਹੁੰਦਾ ਹੈ ਕਿ ਜੁਰਮ ਕਰਨ ਵਾਲੇ ਵਿਅਕਤੀ ਨੇ ਅਜਿਹਾ ਕੰਮ ਕੀਤਾ ਹੈ। ਪਰ ਅਜਿਹਾ ਕੰਮ ਕੋਈ ਕਿਉਂ ਕਰਦਾ ਹੈ? ਵਿਲੀਅਮ ਟਕਰ ਨੇ ਇਸ ਨੂੰ ਮਨ ਦਾ ਰੋਗ ਕਿਹਾ ਹੈ। ਫ੍ਰਾਂਕਰੋਸ ਇਸ ਨੂੰ ਉਸ ਵਾਤਾਵਰਣ ਦਾ ਫਲ ਦਸਦਾ ਹੈ ਜਿਸ ਵਿਚ ਮਨੁੱਖ ਪਲਦਾ ਹੈ ਪਰ ਹੁਣ ਇਹ ਗੱਲ ਮੰਨੀ ਨਹੀਂ ਜਾਂਦੀ ਕਿ ਗਰੀਬੀ ਅਥਵਾ ਕਿਸੇ ਚੀਜ਼ ਦੀ ਘਾਟ ਕਾਰਨ ਜੁਰਮ ਹੁੰਦੇ ਹਨ।

          ਨਵੀਂ ਉਦਯੋਗਿਕ ਸਭਿਅਤਾ ਵਿਚ ਜੁਰਮ ਦਾ ਰੂਪ ਤੇ ਪ੍ਰਕਾਰ ਬਦਲ ਗਿਆ ਹੈ। ਨਵੇਂ ਕਿਸਮ ਦੇ ਜੁਰਮ ਹੋਣ ਲੱਗ ਪਏ ਹਨ, ਜਿਨ੍ਹਾਂ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਇਸ ਲਈ ਅੱਜਕਲ੍ਹ ਹਰ ਉਸ ਕੰਮ ਨੂੰ ਜੁਰਮ ਮੰਨਿਆ ਜਾਂਦਾ ਹੈ ਜਿਹੜਾ ਕਾਨੂੰਨੀ ਤੌਰ ਤੇ ਮਨ੍ਹਾਂ ਹੋਵੇ। ਜਿਸ ਕਿਸੇ ਨੇ ਮਨ੍ਹਾਂ ਕੀਤਾ ਹੋਇਆ ਕੰਮ ਕੀਤਾ ਹੈ, ਉਹ ਅਪਰਾਧੀ ਹੈ ਅਤੇ ਅਪਰਾਧੀ ਆਪਣੇ ਹਾਲਾਤ ਦਾ ਦਾਸ ਹੋ ਸਕਦਾ ਹੈ, ਮਜਬੂਰ ਹੋ ਸਕਦਾ ਹੈ। ਇਸ ਲਈ ਉਸ ਨੂੰ ਪਹਿਚਾਣਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਅੱਜ ਦਾ ਜੁਰਮ-ਸ਼ਾਸਤਰ ਇਸ ਗੱਲ ਵਿਚ ਵਿਸ਼ਵਾਸ ਨਹੀਂ ਰੱਖਦਾ ਕਿ ਕੋਈ ਵਿਅਕਤੀ ਜਮਾਂਦਰੂ ਅਪਰਾਧੀ ਹੁੰਦਾ ਹੈ ਜਾਂ ਜਾਣ-ਬੁਝ ਕੇ ਅਜਿਹਾ ਜੀਵਨ ਬਤੀਤ ਕਰਨਾ ਚਾਹੁੰਦਾ ਹੈ। ਇਸ ਲਈ ਹਰ ਇਕ ਜੁਰਮ ਦਾ ਅਤੇ ਅਪਰਾਧੀ ਦਾ ਅਧਿਐਨ ਹੋਣਾ ਚਾਹੀਦਾ ਹੈ। ਇਸ ਤਰ੍ਹਾਂ ਅੱਜ ਹਰ ਇਕ ਜੁਰਮ ਤੇ ਹਰ ਇਕ ਅਪਰਾਧੀ ਵਿਅਕਤੀਗਤ ਅਧਿਐਨ ਤੇ ਵਿਅਕਤੀਗਤ ਉਪਚਾਰ ਦਾ ਵਿਸ਼ਾ ਬਣ ਗਿਆ ਹੈ।

          ਹ. ਪੁ.––ਹਿੰ. ਵਿ. ਕੋ. 1 : 135; ਐਨ. ਬ੍ਰਿ. ਮਾ. 3 : 24


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 4007, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-05-31, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.