ਜੁਲਾਹਾ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਜੁਲਾਹਾ (ਨਾਂ,ਪੁ) ਖੱਡੀ ’ਤੇ ਕੱਪੜਾ ਬੁਣਨ ਦਾ ਕੰਮ ਕਰਨ ਵਾਲੀ ਜਾਤੀ ਦਾ ਬੰਦਾ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8723, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਜੁਲਾਹਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਜੁਲਾਹਾ [ਨਾਂਪੁ] ਕੱਪੜਾ ਬੁਣਨ ਵਾਲ਼ਾ ਵਿਅਕਤੀ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8718, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਜੁਲਾਹਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਜੁਲਾਹਾ ਫ਼ਾਜੁਲਾਹ: ਸੰਗ੍ਯਾ—ਸੂਤ ਦਾ ਜੁਲਹ. (ਪਿੰਨਾ)ਬੁਣਨ ਵਾਲਾ. ਕਪੜਾ ਬੁਣਨ ਵਾਲਾ. “ਜਾਤਿ ਜੁਲਾਹਾ ਮਤਿ ਕਾ ਧੀਰ.” (ਗੌਂਡ ਕਬੀਰ) “ਜਿਉ ਸਤਸੰਗਤਿ ਤਰਿਓ ਜੁਲਾਹੋ.” (ਕਾਨ ਅ: ਮ: ੪) ਦੇਖੋ, ਜੋਲਾਹਾ। ੨ ਪਾਣੀ ਉੱਪਰ ਫਿਰਨ ਵਾਲਾ ਇੱਕ ਜਲਜੰਤੁ. ਗੰਗੇਰੀ। ੩ ਦੇਖੋ, ਗਜ ਨਵ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8628, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਜੁਲਾਹਾ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ

ਜੁਲਾਹਾ : ਇਹ ਤਾਣੀ (ਹੱਥ ਖੱਡੀ ਤੇ ਕੱਪੜਾ) ਬੁਨਣ ਵਾਲੀ ਇਕ ਜਾਤੀ ਹੈ ਜਿਸ ਨੂੰ ਪੱਛਮੀ ਪੰਜਾਬ ਦੇ ਉੱਤਰ-ਪੱਛਮੀ ਜ਼ਿਲ੍ਹਿਆਂ ਵਿਚ ਪਲੋਈ ਅਤੇ ਪੂਰਬੀ ਪੰਜਾਬ ਦੇ ਦੱਖਣ-ਪੂਰਬੀ ਪਿੰਡਾਂ ਵਿਚ ਜੁਲਾਹਾ ਕਿਹਾ ਜਾਂਦਾ ਸੀ। ਇਹ ਇਕ ਮਹੱਤਵਪੂਰਨ ਕਾਰੀਗਰ ਸ਼੍ਰੇਣੀ ਹੈ। ਪੱਛਮੀ ਜ਼ਿਲ੍ਹਿਆਂ ਵਿਚ ਇਸ ਦਾ ਖ਼ਾਸ ਮਹੱਤਵ ਹੈ ਕਿਉਂਕਿ ਇਥੇ ਸਫ਼ਾਈ ਸੇਵਕ ਤੇ ਚਮੜੇ ਦਾ ਕੰਮ ਕਰਨ ਵਾਲੇ ਤਾਣੀ ਬੁਣਨ ਦਾ ਕੰਮ ਨਹੀਂ ਕਰਦੇ। ਸਰ ਜੇਮਜ਼ ਵਿਲਸਨ ਦੇ ਵਿਚਾਰ ਵਿਚ ਚਮੜੇ ਦਾ ਕੰਮ ਕਰਨ ਵਾਲੇ ਜੁਲਾਹੇ ਸ਼ਾਇਦ ਇਕੋ ਮੂਲ ਦੇ ਹਨ। ਫ਼ਰਕ ਕੇਵਲ ਇਨ੍ਹਾਂ ਦੇ ਕੰਮਾਂ ਦੀ ਕਿਸਮ ਦੇ ਵਖਰੇਵੇਂ ਕਰਕੇ ਹੈ। ਜੁਲਾਹੇ ਹੁਣ ਚਮੜੇ ਦਾ ਕੰਮ ਨਹੀਂ ਕਰਦੇ। ਨਾ ਮੁਰਦਾਰ ਖਾਂਦੇ ਹਨ ਤੇ ਨਾ ਹੀ ਮਰੇ-ਪਸ਼ੁਆਂ ਨੂੰ ਢੋਣ-ਚੁੱਕਣ ਦਾ ਕੰਮ ਕਰਦੇ ਹਨ। ਸਗੋਂ ਹਿੰਦੂਆਂ ਤੇ ਮੁਸਲਮਾਨਾਂ ਦੋਹਾਂ ਵਿਚ ਜੁਲਾਹਿਆਂ ਨੂੰ ਧਾਰਮਕ ਬਰਾਬਰੀ ਦਿੱਤੀ ਹੋਈ ਹੈ। ਅਸਲੀਅਤ ਇਹ ਜਾਪਦੀ ਹੈ ਕਿ ਜੁਲਾਹਾ ਸ਼ਬਦ ਫ਼ਾਰਸੀ ਦੇ ਜੁਲਾਹ ਸ਼ਬਦ ਤੋਂ ਬਣਿਆ ਹੈ ਜਿਸ ਦਾ ਮਤਲਬ ਹੈ ਧਾਗੇ ਦਾ ਗੋਲਾ ਤੇ ਇਸ ਦਾ ਹਿੰਦੀ ਰੂਪਾਂਤਰ ਹੈ ਤਾਂਤੀ ਅਤੇ ਇਹ ਕਿਸੇ ਵੀ ਸਮਾਜਕ ਤਬਕੇ ਦੇ ਬੇਘਰੇ ਵਿਅਕਤੀ ਨੂੰ ਸੌਂਪਿਆ ਜਾਣ ਵਾਲਾ ਇਕ ਉੱਚ ਧੰਦਾ ਹੁੰਦਾ ਸੀ ਜਿਸ ਕਰਕੇ ਵੱਖ-ਵੱਖ ਤਬਕਿਆਂ ਦੇ ਵੱਖ-ਵੱਖ ਜੁਲਾਹੇ ਹੁੰਦੇ ਸਨ ਜਿਵੇਂ ਕੋਲੀ ਜੁਲਾਹੇ, ਚਮੜੇ ਦਾ ਕੰਮ ਕਰਨ ਵਾਲੇ ਜੁਲਾਹੇ, ਮੋਚੀ ਜੁਲਾਹੇ ਅਤੇ ਰਾਮਦਾਸੀਏ ਜੁਲਾਹੇ ਆਦਿ। ਹੋ ਸਕਦਾ ਹੈ ਕਿ ਕੁਝ ਪੀੜ੍ਹੀਆਂ ਤੋਂ ਬਾਅਦ ਇਨ੍ਹਾਂ ਲੋਕਾਂ ਦੇ ਜੁਲਾਹੇ ਦੇ ਅਗੇਤਰ ਸ਼ਬਦਾਂ ਨੂੰ ਛੱਡ ਦਿੱਤਾ ਹੋਵੇ ਜੋ ਇਨ੍ਹਾਂ ਦੀਆਂ ਨੀਵੀਆਂ ਜਾਤਾਂ ਦਰਸਾਉਂਦੇ ਸਨ ਤੇ ਸਿੱਧਾ ਜੁਲਾਹਾ ਹੀ ਕਹਾਉਣ ਲੱਗ ਪਏ।

          ਦੱਖਣ-ਪੂਰਬੀ ਪੰਜਾਬ ਵਿਚ ਅਜਿਹੇ ਜੁਲਾਹੇ ਨਾ ਹੋਣ ਬਰਾਬਰ ਹਨ ਤੇ ਇਨ੍ਹਾਂ ਦੀ ਥਾਂ ਤੇ ਕੋਲੀ ਜਾਂ ਚਮੜੇ ਦਾ ਕੰਮ ਕਰਨ ਵਾਲੇ ਤਾਣੀ ਦਾ ਕੰਮ ਕਰਦੇ ਹਨ। ਡੇਰਾਜਾਤ (ਪਾਕਿਸਤਾਨ) ਵਿਚ ਤਾਂ ਜੁਲਾਹੇ ਹਨ ਹੀ ਨਹੀਂ ਉਥੇ ਜੱਟ ਹੀ ਤਾਣੀ ਦਾ ਕੰਮ ਕਰਦੇ ਹਨ। ਕਾਂਗੜਾ, ਦਿੱਲੀ, ਅੰਬਾਲਾ, ਕਰਨਾਲ ਅਤੇ ਹੁਸ਼ਿਆਰਪੁਰ ਦੇ ਇਲਾਕਿਆਂ ਵਿਚ ਹਿੰਦੂ ਜੁਲਾਹੇ ਹਨ ਪਰ ਜੁਲਾਹਿਆਂ ਦੀ ਕੁੱਲ ਗਿਣਤੀ ਵਿਚੋਂ 92% ਮੁਸਲਮਾਨ ਸਨ।

          ਜੁਲਾਹਿਆਂ ਦੇ ਕਈ ਗੋਤ ਹਨ ਜਿਨ੍ਹਾਂ ਵਿਚੋਂ ਭੱਟੀ, ਖੋਖਰ, ਜੰਜੂਆ, ਅਵਾਨ, ਸਿੰਧੂ ਅਤੇ ਕਬੀਰਬੰਸੀ ਆਦਿ ਮੁੱਖ ਹਨ। ਉਪਰੋਕਤ ਵਿਚ ਹਿੰਦੂ ਤੇ ਮੁਸਲਮਾਨ ਜੁਲਾਹੇ ਸ਼ਾਮਲ ਹਨ। ਕਬੀਰਬੰਸੀ ਜੁਲਾਹੇ ਆਪਣੇ ਆਪ ਨੂੰ ਭਗਤ ਕਬੀਰ ਜੀ ਨਾਲ ਜੋੜਦੇ ਹਨ ਜੋ ਖ਼ੁਦ ਤਾਣੀ ਬੁਣਨ ਦਾ ਕੰਮ ਕਰਦੇ ਸਨ ਤੇ ਇਹ ਲੋਕ ਇਨ੍ਹਾਂ ਦੀ ਧਾਰਮਿਕ ਸਿੱਖਿਆ ਨੂੰ ਮੰਨਦੇ ਹਨ।

          ਕਬੀਰ ਪੰਥੀਆਂ ਦੇ ਨਾਲ ਸਾਬਕਾ ਫੂਲਕੀਆਂ ਰਿਆਸਤ ਵਿਚ ਇਕ ਹੋਰ ਸ਼੍ਰੇਣੀ ਦੇ ਹਿੰਦੂ ਜੁਲਾਹੇ ਵੀ ਸਨ ਜਿਨ੍ਹਾਂ ਨੂੰ ਰਾਮਦਾਸੀ ਜੁਲਾਹੇ ਕਿਹਾ ਜਾਂਦਾ ਹੈ। ਇਹ ਲੋਕ ਚਮੜੇ ਦਾ ਕੰਮ ਕਰਨ ਵਾਲਿਆਂ ਨਾਲ ਕਿਸੇ ਕਿਸਮ ਦੀ ਸਾਂਝ ਨਹੀਂ ਰੱਖਦੇ ਅਤੇ ਸਿੱਖਾਂ ਤੇ ਹਿੰਦੂਆਂ ਦੇ ਰਲਵੇਂ ਜਿਹੇ ਰਸਮੋਂ ਰਿਵਾਜ ਕਰਦੇ ਹਨ। ਭੰਗਰ, ਬਰਾਹ, ਬਰਵਾਲ, ਸੋਕਰੀ, ਚੌਹਾਨ, ਸਰੋਏ, ਸੈਨਮਰ, ਮਾਤੀ ਅਤੇ ਗੋਰੂ ਆਦਿ ਰਾਮਦਾਸੀ ਜੁਲਾਹਿਆਂ ਦੇ ਕੁਝ ਗੋਤ ਹਨ।

          ਉਪਰੋਕਤ ਤੋਂ ਇਲਾਵਾ ਮੁਸਲਮਾਨ ਜੁਲਾਹਿਆਂ ਦੇ ਕਈ ਨਾਂ ਉਨ੍ਹਾਂ ਦੇ ਇਲਾਕੇ ਦੇ ਨਾਂ ਤੇ ਵੀ ਸਨ ਜਿਵੇਂ ਜੀਂਦ ਵਿਚ ਜੰਗਲੀ ਆਦਿ। ਨਾਭੇ ਦੇ ਜੁਲਾਹੇ ਆਪਣੇ ਛੇ ਉਪ ਗੋਤ ਦਸਦੇ ਹਨ ਜਿਨ੍ਹਾਂ ਵਿਚੋਂ ਚਾਰ ਤਾਂ ਇਲਾਕਾਈ ਗਰੁੱਪ ਸਨ ਜਿਵੇਂ ਜੰਗਲ, ਪੁਆਧੀ, ਬਾਗੜੀ ਤੇ ਮੁਲਤਾਨੀ। ਜੰਗਲੀ ਇਲਾਕੇ ਦੇ ਮੁਸਲਮਾਨ ਜੁਲਾਹਿਆਂ ਦੇ ਜੱਦੀ ਪੀਰ ਤੇ ਸੱਯਦ ਹੁੰਦੇ ਸਨ। ਇਥੋਂ ਦੇ ਜੁਲਾਹਿਆਂ ਦੇ ਗੋਤ ਜੱਟਾਂ ਦੇ ਰਾਜਪੂਤਾਂ ਵਾਲੇ ਸਨ ਤੇ ਕਿਹਾ ਜਾਂਦਾ ਹੈ ਕਿ ਇਹ ਲੋਕ ਔਰੰਗਜ਼ੇਬ ਦੇ ਸਮੇਂ ਤੋਂ ਮੁਸਲਮਾਨ ਬਣੇ ਸਨ।

          ਹ. ਪੁ.––ਗ. ਟ੍ਰਾ. ਕਾ. 2 : 413


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 6308, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-05-31, ਹਵਾਲੇ/ਟਿੱਪਣੀਆਂ: no

ਜੁਲਾਹਾ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਜੁਲਾਹਾ : ਇਹ ਕੱਪੜਾ ਬੁਣਨ ਵਾਲੀ ਜਾਤੀ ਹੈ। ਪੂਰਬੀ ਖੇਤਰਾਂ ਵਿਚ ਇਨ੍ਹਾਂ ਨੂੰ ਜੁਲਾਹਾ ਅਤੇ ਪੱਛਮ ਵੱਲ ਪਾਉਲੀ ਕਿਹਾ ਜਾਂਦਾ ਹੈ। ਜੁਲਾਹੇ ਅਤੇ ਚਮਾਰਾਂ ਦੀ ਉਤਪਤੀ ਦਾ ਮੁੱਢ ਇਕੋ ਮੰਨਿਆ ਜਾਂਦਾ ਹੈ। ਬਾਅਦ ਵਿਚ ਵੱਖ ਵੱਖ ਕਿੱਤੇ ਅਪਣਾਉਣ ਨਾਲ ਇਹ ਦੋ ਵੱਖਰੀਆਂ ਜਾਤਾਂ ਬਣ ਗਈਆਂ। ਇਸ ਦੇ ਨਾਲ ਹੀ ਇਹ ਸਪਸ਼ਟ ਹੈ ਕਿ ਜੁਲਾਹੇ ਚਮੜੇ ਦਾ ਕੰਮ ਨਹੀਂ ਕਰਦੇ, ਮੁਰਦੇ ਨੂੰ ਹੱਥ ਨਹੀਂ ਲਾਉਂਦੇ ਅਤੇ ਹਿੰਦੂ ਅਤੇ ਮੁਸਲਮਾਨਾਂ ਵੱਲੋਂ ਧਾਰਮਿਕ ਖੇਤਰ ਵਿਚ ਇਨ੍ਹਾਂ ਨੂੰ ਮਾਨਤਾ ਪ੍ਰਾਪਤ ਹੈ।

 ਜੁਲਾਹਾ ਸ਼ਬਦ ਫਾਰਸੀ ਦੇ ‘ਜੁਲਾਹ' ਸ਼ਬਦ ਤੋਂ ਪੈਦਾ ਹੋਇਆ ਮੰਨਿਆ ਜਾਂਦਾ ਹੈ ਜਿਸ ਦਾ ਅਰਥ ਹੈ ਧਾਗੇ ਦਾ ਗੋਲਾ। ਹਿੰਦੀ ਭਾਸ਼ਾ ਵਿਚ ਇਸ ਨੂੰ ਤਾਂਤੀ ਕਿਹਾ ਜਾਂਦਾ ਹੈ। ਜੁਲਾਹਿਆਂ ਵਿਚ ਕੋਲੀ-ਜੁਲਾਹਾ, ਚਮਾਰ-ਜੁਲਾਹਾ, ਮੋਚੀ-ਜੁਲਾਹਾ ਅਤੇ ਰਾਮਦਾਸੀ-ਜੁਲਾਹਾ ਵਰਗ ਮਿਲਦੇ ਹਨ ਜੋ ਆਪਣੇ ਆਪ ਨੂੰ ਕੇਵਲ ਜੁਲਾਹਾ ਹੀ ਅਖਵਾਉਣਾ ਪਸੰਦ ਕਰਦੇ ਹਨ। ਪਿਸ਼ਾਵਰ ਦੇ ਇਲਾਕੇ ਵਿਚ ਇਨ੍ਹਾਂ ਨੂੰੰ ਗੋਲਾਹ ਅਤੇ ਹਜ਼ਾਰਾ ਵਿਚ ਕਾਸਬੀ ਕਿਹਾ ਜਾਂਦਾ ਹੈ। ਦੱਖਣ-ਪੱਛਮੀ ਪੰਜਾਬ ਵਿਚ ਜੁਲਾਹਿਆਂ ਦੀ ਥਾਂ ਚਮਾਰ-ਜੁਲਾਹੇ ਅਤੇ ਧਨਕ ਜਾਤ ਦੇ ਲੋਕ ਬੁਣਾਈ ਦਾ ਕੰੰਮ ਕਰਦੇ ਹਨ। ਡੇਰਾਜਾਤ ਦੇ ਇਲਾਕੇ ਵਿਚ ਇਹ ਬੁਣਾਈ ਦਾ ਕੰਮ  ਜਾਟ ਕਰਦੇੇ ਹਨ। ਦਿੱਲੀ, ਕਰਨਾਲ, ਅੰਬਾਲਾ, ਹੁਸ਼ਿਆਰਪੁਰ ਅਤੇ ਕਾਂਗੜਾ ਜ਼ਿਲ੍ਹਿਆਂ ਵਿਚ ਆਮ ਤੌਰ ਤੇ ਬਹੁਤੇ ਮੁਸਲਮਾਨ ਜੁਲਾਹੇ ਹਨ, ਕੁਝ ਹਿੰਦੂ ਅਤੇ ਥੋੜ੍ਹੇ ਸਿੱਖ ਹਨ।

   ਇਸ ਜਾਤ ਦੇ ਲੋਕ ਕੱਪੜਾ ਬੁਣ ਕੇ ਅਤੇ ਵੇਚ ਕੇ ਆਪਣਾ ਗੁਜ਼ਾਰਾ ਕਰਦੇ ਹਨ। ਕਾਰੀਗਰ ਵਰਗਾਂ ਵਿਚ ਇਹ ਸਭ ਤੋਂ ਝਗੜਾਲੂ ਮੰਨੇ ਜਾਂਦੇ ਹਨ। ਇਨ੍ਹਾਂ ਦੇ ਪ੍ਰਮੁੱਖ ਉਪ-ਵਰਗ ਹਨ ਭੱਟੀ, ਖੋਖਰ, ਜੰਜੂਆ, ਅਵਾਣ, ਸਿੰਧੂ ਅਤੇ ਜਰਿਆਲ। ਕਬੀਰਪੰਥੀ ਜੁਲਾਹੇ ਅੰਬਾਲਾ ਅਤੇ ਕਾਂਗੜਾ ਦੇ ਖੇਤਰਾਂ ਵਿਚ ਮਿਲਦੇ ਹਨ। ਪੂਰਬੀ ਖੇਤਰ ਦੇ ਜੁਲਾਹੇ ਦੋ ਵਰਗਾਂ ਵਿਚ ਵੰਡੇ ਹੋਏ ਹਨ – ਦੇਸਵਾਲੇ ਅਤੇ ਤੇਲ। ਜਮਨਾ ਦੇ ਜ਼ਿਲ੍ਹਿਆਂ ਵਿਚ ਗੰਗਾਪੁਰੀ ਅਤੇ ਮੁਲਤਾਨੀ ਵਰਗ ਵੀ ਮਿਲਦੇ ਹਨ।

    ਮੁਸਲਮਾਨ ਜੁਲਾਹੇ ਇਲਾਕੇ ਦੇ ਹਿਸਾਬ ਨਾਲ ਕਈ ਸ਼੍ਰੇਣੀਆਂ ਵਿਚ ਵੰਡੇ ਹੋਏ ਹਨ– ਜੀਂਦ ਵਿਚ ਜਾਂਗਲੀ,ਦੇਸ਼ਵਾਲੀ,ਬਜਵਰੀਆ ਅਤੇ ਪਾਰੀਆ; ਨਾਭਾ ਵਿਚ ਗਾਂਗਲਾ, ਪਵਾਧਰੇਠ, ਬਾਗੜੀ ਅਤੇ ਮੁਲਤਾਨੀ ਅਤੇ ਸੰਗਰੂਰ ਤਹਿਸੀਲ ਵਿਚ ਜਾਂਗਲੀ। ਇਨ੍ਹਾਂ ਦੇ ਸਯੱਦ ਪੀਰ ਹੁੰਦੇ ਹਨ।ਪੀਰ ਦੇ ਹੱਥੋਂ ਸ਼ਰਬਤ ਦਾ ਇਕ ਪਿਆਲਾ ਪੀ ਕੇ ਮੁਰੀਦ ਬਹਿਸ਼ਤ ਜਾਂ ਸਵਰਗ ਦਾ ਹੱਕਦਾਰ ਹੋ ਜਾਂਦਾ ਹੈ। ਜਾਂਗਲੀ ਗੋਤਾਂ ਜੱਟਾਂ ਅਤੇ ਰਾਜਪੂਤਾਂ ਦੀਆਂ ਹਨ ਅਤੇ ਮੰਨਿਆ ਜਾਂਦਾ ਹੈ ਕਿ ਔਰੰਗਜ਼ੇਬ ਦੇ ਰਾਜ ਸਮੇਂ ਇਨ੍ਹਾਂ ਲੋਕਾਂ ਨੇ ਇਹ ਗੋਤਾਂ ਸ਼ੁਰੂ ਕੀਤੀਆਂ। ਕਈਆਂ ਵਿਚ ਅਜੇ ਵੀ ਬ੍ਰਾਹਮਣ ਪੁਰੋਹਿਤਾਂ ਨੂੰ ਮੰਨਿਆ ਜਾਂਦਾ ਹੈ ਅਤੇ ਵਿਆਹ ਸਮੇਂ ਉਸ ਨੂੰ ਪੈਸੇ ਆਦਿ ਭੇਟਾ ਦਿੱਤੇ ਜਾਂਦੇ ਹਨ। ਇਨ੍ਹਾਂ ਲੋਕਾਂ ਵਿਚ ਵਿਆਹ ਸਮੇਂ ਕੇਵਲ ਆਪਣੇ ਹੀ ਗੋਤ ਛੱਡ ਕੇ ਹੋਰ ਸਾਰੇ ਗੋਤਾਂ ਵਿਚ ਵਿਆਹ ਕਰਨ ਦੀ ਖੁਲ੍ਹ ਹੁੰਦੀ ਹੈ। ਨਾਭੇ ਵਿਚ ਪਾਰੇ ਗੋਤ ਵਾਲੇ ਵਿਆਹ ਲਈ ਮੁਸਲਮਾਨੀ ਕਾਨੂੰਨ  ਨੂੰ ਮੰਨਦੇ ਹਨ। ਮੁਸਲਮਾਨ ਜੁਲਾਹੇ ਈਦ-ਉਦ-ਫਿਤਰ ਬੜੀ ਧੂਮ-ਧਾਮ ਮਨਾਉਂਦੇ ਹਨ।

     ਹਿੰਦੂ ਜੁਲਾਹੇ ਰਾਮਦਾਸੀ ਅਤੇਕਬੀਰਪੰਥੀ ਦੋ ਵਰਗਾਂ ਵਿਚ ਵੰਡੇ ਹੋਏ ਹਨ। ਰਾਮਦਾਸੀ ਚਮਾਰਾਂ ਨਾਲ ਰਲ ਕੇ ਖਾਂਦੇ ਨਹੀਂ ਅਤੇ ਨਾ ਹੀ ਉਨ੍ਹਾਂ ਵਿਚ ਵਿਆਹ ਕਰਦੇ ਹਨ। ਇਹ ਲੋਕ ਵਿਆਹ ਸਮੇਂ ਅਨੰਦੁ ਸਾਹਿਬ ਦੀ ਬਾਣੀ ਪੜ੍ਹਦੇ ਹਨ। ਅੱਗ ਦੁਆਲੇ ਸੱਤ ਫੇਰੇ ਲਗਾਉਂਦੇ ਹਨ ਅਤੇ ਕਰੇਵੇ ਦੇ ਰਿਵਾਜ ਨੂੰ ਵੀ ਪਾਲਦੇ ਹਨ। ਇਸ ਕਾਰਜ ਸਮੇਂ ਬ੍ਰਾਹਮਣ ਨੂੰ ਨਹੀਂ ਬੁਲਾਇਆ ਜਾਂਦਾ। ਇਹ ਲੋਕ ਮੁਰਦੇ ਨੂੰ ਸਾੜ ਕੇ ਗੰਗਾ ਵਿਚ ਫੁੱਲ ਪਾਉਂਦੇ ਹਨ। ਡੇਗਰ, ਬਰਾਹ, ਬਰਵਾਲ, ਸੋਕਰੀ, ਚੌਹਾਨ, ਸਰੋ, ਸਮਜਵ, ਮਾਤੀ ਅਤੇ ਗੋਰੂ ਇਨ੍ਹਾਂ ਦੀਆਂ ਕੁਝ ਪ੍ਰਸਿੱਧ ਗੋਤਾਂ ਹਨ।

     ਕਬੀਰਪੰਥੀ ਲੋਕ ਭਗਤ ਕਬੀਰ ਦੇ ਚੇਲੇ ਮੰਨੇ ਜਾਂਦੇ ਹਨ। ਇਹ ਕੱਪੜਾ ਬੁਣਦੇ ਹਨ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 5033, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-08-31-04-28-35, ਹਵਾਲੇ/ਟਿੱਪਣੀਆਂ: ਹ. ਪੁ. –ਗ. ਟ੍ਰਾ. ਕਾ.: 413

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.