ਜੈਤਸਰੀ ਰਾਗ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਜੈਤਸਰੀ ਰਾਗ (ਬਾਣੀ): ਗੁਰੂ ਗ੍ਰੰਥ ਸਾਹਿਬ ਦੇ ਇਸ ਰਾਗ ਵਿਚ ਕੁਲ 27 ਚਉਪਦੇ , ਤਿੰਨ ਛੰਤ ਅਤੇ ਇਕ ਵਾਰ ਮਹਲਾ ੫ ਦੀ ਹੈ। ਭਗਤ-ਬਾਣੀ ਪ੍ਰਕਰਣ ਵਿਚ ਇਕ ਸ਼ਬਦ ਭਗਤ ਰਵਿਦਾਸ ਦਾ ਹੈ।
ਚਉਪਦੇ ਪ੍ਰਕਰਣ ਦੇ ਗੁਰੂ ਰਾਮ ਦਾਸ ਜੀ ਦੇ ਲਿਖੇ ਯਾਰ੍ਹਾਂ ਚਉਪਦਿਆਂ ਵਿਚ ਸਪੱਸ਼ਟ ਕੀਤਾ ਗਿਆ ਹੈ ਕਿ ਹਰਿ-ਨਾਮ ਵਰਗੀ ਅਮੋਲਕ ਵਸਤੂ ਸਾਡੇ ਅੰਦਰ ਵਸਦੀ ਹੈ, ਪਰ ਬ੍ਰਹਮ-ਗਿਆਨ ਤੋਂ ਬਿਨਾ ਲਭਦੀ ਨਹੀਂ। ਗੁਰੂ ਅਰਜਨ ਦੇਵ ਜੀ ਨੇ 13 ਚਉਪਦਿਆਂ ਵਿਚੋਂ ਦੋ ਚਾਰ ਚਾਰ ਪਦਿਆਂ ਵਾਲੇ ਅਤੇ 11 ਦੋ ਦੋ ਪਦਿਆਂ ਵਾਲੇ ਲਿਖੇ ਹਨ। ਗੁਰੂ ਜੀ ਦਾ ਮਤ ਹੈ ਕਿ ਸਿਵਾਏ ਹਰਿ-ਨਾਮ ਦੇ ਹੋਰ ਕੋਈ ਵਸਤੂ ਨਾਲ ਜਾਣ ਵਾਲੀ ਨਹੀਂ। ਗੁਰੂ ਤੇਗ ਬਹਾਦਰ ਦੇ ਤਿੰਨ ਚਉਪਦਿਆਂ ਵਿਚੋਂ ਇਕ ਤ੍ਰਿਪਦਾ ਹੈ ਅਤੇ ਦੋ ਦੁਪਦੇ। ਇਨ੍ਹਾਂ ਵਿਚ ਗੁਰੂ ਜੀ ਨੇ ਪਰਮਾਤਮਾ ਦੀ ਸ਼ਰਣ ਵਿਚ ਜਾਣ ਦੀ ਗੱਲ ਉਤੇ ਬਹੁਤ ਬਲ ਦਿੱਤਾ ਹੈ।
ਛੰਤ ਪ੍ਰਕਰਣ ਵਿਚ ਪੰਜਵੇਂ ਗੁਰੂ ਜੀ ਦੇ ਲਿਖੇ ਤਿੰਨ ਛੰਤ ਚਾਰ ਚਾਰ ਪਦਿਆਂ ਦੇ ਸਮੁੱਚ ਹਨ। ਪਹਿਲੇ ਛੰਦ ਦੇ ਆਰੰਭ ਵਿਚ ਇਕ ਸ਼ਲੋਕ ਹੈ ਅਤੇ ਦੂਜੇ ਦੇ ਹਰ ਪਦੇ ਤੋਂ ਪਹਿਲਾਂ ਇਕ ਇਕ ਸ਼ਲੋਕ ਹੈ। ਇਸ ਤਰ੍ਹਾਂ ਇਨ੍ਹਾਂ ਛੰਤਾਂ ਨਾਲ ਪੰਜ ਸ਼ਲੋਕ ਵੀ ਦਰਜ ਹਨ। ਛੰਤਾਂ ਦੇ ਮੂਲ ਭਾਵ ਸ਼ਲੋਕਾਂ ਵਿਚ ਸਮੋਏ ਹੋਏ ਹਨ। ਇਸ ਤੋਂ ਬਾਦ ‘ਜੈਤਸਰੀ ਕੀ ਵਾਰ ਮ.੫’ ਹੈ ਜਿਸ ਬਾਰੇ ਸੁਤੰਤਰ ਇੰਦਰਾਜ ਦਿੱਤਾ ਹੈ।
ਭਗਤ-ਬਾਣੀ ਪ੍ਰਕਰਣ ਵਿਚ ਭਗਤਿ ਰਵਿਦਾਸ ਨੇ ਆਪਣੇ ਇਸ ਸ਼ਬਦ ਰਾਹੀਂ ਕਮਜ਼ੋਰ ਮਨੁੱਖ ਨੂੰ ਮਾਇਆ ਦੇ ਪ੍ਰਭਾਵ ਤੋਂ ਬਚਾਉਣ ਲਈ ਪ੍ਰਭੂ ਅਗੇ ਪ੍ਰਾਰਥਨਾ ਕੀਤੀ ਹੈ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1777, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First