ਜੈਤੋ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਜੈਤੋ ਰਾਜ ਨਾਭਾ ਦੀ ਨਜਾਮਤ ਫੂਲ ਦਾ ਇੱਕ ਪਿੰਡ , ਜੋ ਭਟਿੰਡਾ ਫ਼ਿਰੋਜ਼ਪੁਰ ਰੇਲਵੇ (ਅਤੇ ਬੀ.ਬੀ. ਅਰੁ ਸੀ. ਆਈ.) ਲੈਨ ਪੁਰ ਹੈ. ਇਸ ਥਾਂ ਕਿ਼ਲੇ ਦੇ ਪਾਸ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਦ੍ਵਾਰਾ ਹੈ. ਮਹਾਰਾਜਾ ਹੀਰਾ ਸਿੰਘ ਸਾਹਿਬ ਮਾਲਵੇਂਦ੍ਰ ਬਹਾਦੁਰ ਨੇ ਇਸ ਦੀ ਸੁੰਦਰ ਇਮਾਰਤ ਬਣਵਾਈ ਹੈ. ਗੁਰਦ੍ਵਾਰੇ ਪਾਸ ਦੇ ਤਾਲ ਦਾ ਨਾਮ “ਗੰਗਸਰ” ਹੈ. ਇਸ ਗੁਰਅਸਥਾਨ ਨਾਲ ੭੦ ਘੁਮਾਉਂ ਜ਼ਮੀਨ ਅਤੇ ੪੩੨ ਰੁਪਯੇ ਸਾਲਾਨਾ ਜਾਗੀਰ ਰਿਆਸਤ ਨਾਭੇ ਵੱਲੋਂ ਹੈ. ੧੮ ਘੁਮਾਉਂ ਜ਼ਮੀਨ ਪਿੰਡ ਵੱਲੋਂ ਹੈ. ਪੋਹ ਸੁਦੀ ੭ ਅਤੇ ਕੱਤਕ ਪੂਰਨਮਾਸੀ ਨੂੰ ਮੇਲਾ ਹੁੰਦਾ ਹੈ.

     ਇਸ ਗੁਰਦ੍ਵਾਰੇ ੧੪ ਸਿਤੰਬਰ ਸਨ ੧੯੨੩ ਨੂੰ ਅਖੰਡ ਪਾਠ ਬਾਬਤ ਅਕਾਲੀ ਦਲ ਅਤੇ ਰਿਆਸਤ ਦੇ ਐਡਮਿਨਿਸਟ੍ਰੇਟਰ (Wilson Johnston) ਅਰ ਕਰਮਚਾਰੀਆਂ ਦੀ ਗਲਤਫ਼ਹਿਮੀ ਤੋਂ ਮਾਮਲਾ ਇੰਨਾਂ ਵਧਿਆ ਕਿ ੨੧ ਫਰਵਰੀ ਸਨ ੧੯੨੪ ਨੂੰ ਅਕਾਰਣ ਗੋਲੀ ਚੱਲੀ, ਜਿਸ ਤੋਂ ਕਈ ਜਾਨਾਂ ਦਾ ਨੁਕਸਾਨ ਹੋਇਆ. ਅੰਤ ਨੂੰ ੨੧ ਜੁਲਾਈ ਸਨ ੧੯੨੫ ਨੂੰ ੧੦੧ ਅਖੰਡ ਪਾਠ ਆਰੰਭੇ ਗਏ ਅਤੇ ੬ ਅਗਸਤ ਨੂੰ ਭੋਗ ਪੈਕੇ ਸ਼ਾਂਤਿ ਹੋਈ.

     ਜੈਤੋ ਤੋਂ ਡੇਢ ਮੀਲ ਉੱਤਰ ਵੱਲ “ਟਿੱਬੀ ਸਾਹਿਬ” ਗੁਰਦ੍ਵਾਰਾ ਹੈ. ਇਸ ਥਾਂ ਕਲਗੀਧਰ ਸੰਝ ਸਮੇਂ ਰਹਿਰਾਸ ਦਾ ਦੀਵਾਨ ਸਜਾਇਆ ਕਰਦੇ ਸਨ. ਇਸ ਗੁਰਦ੍ਵਾਰੇ ਨਾਲ ੧੭ ਘੁਮਾਉਂ ਜ਼ਮੀਨ ਪਿੰਡ ਵੱਲੋਂ ਹੈ.

     ਜੈਤੋ ਦੀ ਮੰਡੀ ਬਹੁਤ ਪ੍ਰਸਿੱਧ ਹੈ, ਇਸ ਥਾਂ ਦੂਰ ਦੂਰ ਦੇ ਲੋਕ ਪਸ਼ੂ ਖ਼ਰੀਦਣ ਆਉਂਦੇ ਹਨ. ਜੈਤੋ ਬੀ. ਬੀ. ਅਤੇ ਸੀ. ਆਈ. ਰੇਲਵੇ ਦਾ ਭੀ ਸਟੇਸ਼ਨ ਹੈ. ਜੈਤੋ ਲਹੌਰੋਂ ੯੬ ਅਤੇ ਭਟਿੰਡੇ ਤੋਂ ੧੭ ਮੀਲ ਹੈ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 29503, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਜੈਤੋ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਜੈਤੋ (ਨਗਰ): ਪੰਜਾਬ ਦੇ ਫ਼ਰੀਦਕੋਟ ਜ਼ਿਲ੍ਹੇ ਦਾ ਇਕ ਨਗਰ ਜੋ ਮੰਡੀ ਕਰਕੇ ਬਹੁਤ ਪ੍ਰਸਿੱਧ ਹੈ। ਇਥੇ ਗੁਰੂ ਗੋਬਿੰਦ ਸਿੰਘ ਜੀ ਕੋਟਕਪੂਰੇ ਤੋਂ ਆ ਕੇ ਕੁਝ ਸਮੇਂ ਲਈ ਠਹਿਰੇ ਸਨ। ਗੁਰੂ ਜੀ ਦੀ ਠਹਿਰ ਵਾਲੀ ਥਾਂ ਉਤੇ ਪਹਿਲਾਂ ਇਕ ਛੋਟਾ ਜਿਹਾ ਸਮਾਰਕ ਬਣਾਇਆ ਗਿਆ ਸੀ। ਬਾਦ ਵਿਚ ਨਾਭਾ-ਪਤਿ ਮਹਾਰਾਜਾ ਹੀਰਾ ਸਿੰਘ ਨੇ ਸੁੰਦਰ ਇਮਾਰਤ ਬਣਵਾਈ ਜੋ ‘ਗੁਰਦੁਆਰਾ ਗੰਗਸਰ ਸਾਹਿਬ ਪਾਤਿਸ਼ਾਹੀ ਦਸਵੀਂ ’ ਦੇ ਨਾਂ ਨਾਲ ਪ੍ਰਸਿੱਧ ਹੋਈ। ਕਾਰਸੇਵਾ ਵਾਲੇ ਸੰਤ ਗੁਰਮੁਖ ਸਿੰਘ ਦੇ ਸੇਵਕਾਂ ਨੇ ਇਸ ਇਮਾਰਤ ਦਾ ਰੂਪ ਹੋਰ ਸੁਧਾਰਿਆ। ਇਸ ਗੁਰੂ-ਧਾਮ ਦਾ ਇਹ ਨਾਂ ਸਮੀਪ ਸਥਿਤ ਸਰੋਵਰ ‘ਗੰਗਸਰ’ ਕਰਕੇ ਪਿਆ। ਇਥੇ ਹੀ 14 ਸਤੰਬਰ 1923 ਈ. ਨੂੰ ਸ਼੍ਰੋਮਣੀ ਅਕਾਲੀ ਦਲ ਨੇ ਮੋਰਚਾ ਲਗਾਇਆ ਜੋ 6 ਅਗਸਤ 1925 ਈ. ਤਕ ਚਲਦਾ ਰਿਹਾ। (ਵਿਸਤਾਰ ਲਈ ਵੇਖੋ ‘ਜੈਤੋ ਦਾ ਮੋਰਚਾ ’)। ਇਸ ਗੁਰੂ-ਧਾਮ ਉਤੇ ਪਹਿਲਾਂ ਗੁਰੂ ਨਾਨਕ ਦੇਵ ਅਤੇ ਗੁਰੂ ਗੋਬਿੰਦ ਸਿੰਘ ਦੇ ਜਨਮ-ਦਿਨਾਂ ਉਤੇ ਖ਼ੂਬ ਸੰਗਤ ਜੁੜਦੀ ਸੀ। ਹੁਣ ਹਰ ਸਾਲ 21 ਫਰਵਰੀ ਨੂੰ ਵੀ ਇਥੇ ਭਾਰੀ ਦੀਵਾਨ ਸਜਦਾ ਹੈ ਕਿਉਂਕਿ 21 ਫਰਵਰੀ 1924 ਈ. ਨੂੰ ਹੀ ਮੋਰਚੇ ਵਿਚ ਭਾਗ ਲੈਣ ਲਈ ਜਾ ਰਹੇ ਪੰਜ ਸੌ ਸਿੰਘਾਂ ਦੇ ਪਹਿਲੇ ਜੱਥੇ ਉਤੇ ਸਰਕਾਰ ਵਲੋਂ ਗੋਲੀ ਚਲਾ ਕੇ ਅਨੇਕਾਂ ਨੂੰ ਸ਼ਹੀਦ ਕੀਤਾ ਗਿਆ ਸੀ।

            ਦੂਜਾ ਗੁਰੂ-ਧਾਮ ‘ਗੁਰਦੁਆਰਾ ਟਿੱਬੀ ਸਾਹਿਬ’ ਹੈ ਜੋ ਜੈਤੋ ਤੋਂ ਲਗਭਗ 2 ਕਿ.ਮੀ. ਉੱਤਰ ਵਲ ਹੈ ਅਤੇ ਜਿਥੇ ਗੁਰੂ ਗੋਬਿੰਦ ਸਿੰਘ ਜੀ ਰਹਿਰਾਸ ਦਾ ਦੀਵਾਨ ਸਜਾਉਂਦੇ ਹੁੰਦੇ ਸਨ। ਜੈਤੋ ਦੇ ਮੋਰਚੇ ਵੇਲੇ ਇਥੇ ਹੀ 500 ਸਿੰਘਾਂ ਦੇ ਸ਼ਹੀਦੀ ਜੱਥੇ ਉਤੇ ਗੋਲੀ ਚਲਾਈ ਗਈ ਸੀ। ਇਸ ਗੋਲੀ-ਕਾਂਡ ਵਿਚ ਸ਼ਹੀਦ ਹੋਏ ਸਿੰਘਾਂ ਦਾ ਸਸਕਾਰ ‘ਗੁਰਦੁਆਰਾ ਗੰਗਸਰ ਸਾਹਿਬ’ ਤੋਂ ਅੱਧੇ ਕਿ.ਮੀ. ਦੀ ਵਿਥ ਉਤੇ ਕੀਤਾ ਗਿਆ। ਇਸ ਸੰਬੰਧੀ ਬਣੇ ਸਮਾਰਕ ਦਾ ਨਾਂ ‘ਗੁਰਦੁਆਰਾ ਅੰਗੀਠਾ ਸਾਹਿਬ’ ਹੈ। ਇਹ ਤਿੰਨੋਂ ਗੁਰਦੁਆਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸੰਬੰਧਿਤ ਹਨ ਅਤੇ ਇਨ੍ਹਾਂ ਦੀ ਵਿਵਸਥਾ ਸਥਾਨਕ ਕਮੇਟੀ ਕਰਦੀ ਹੈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 29468, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਜੈਤੋ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਜੈਤੋ :  ਇਹ ਜ਼ਿਲ੍ਹਾ ਅਤੇ ਤਹਿਸੀਲ ਫ਼ਰੀਦਕੋਟ ਦਾ ਇਕ ਕਸਬਾ ਹੈ ਜਿਹੜਾ ਬਠਿੰਡਾ ਫਿਰੋਜ਼ਪੁਰ ਰੇਲਵੇ ਲਾਈਨ ਉੱਤੇ ਬਠਿੰਡੇ ਤੋਂ 25 ਕਿ. ਮੀ. ਦੂਰ ਸਥਿਤ ਹੈ।

  ਇਸ ਅਸਥਾਨ ਦੀ ਕਾਫ਼ੀ ਇਤਿਹਾਸਕ ਮਹੱਤਤਾ ਹੈ। ਇਥੇ ਗੁਰੂ ਗੋਬਿੰਦ ਸਿੰਘ ਜੀ ਦਾ ਇਕ ਗੁਰਦੁਆਰਾ ਹੈ। ਗੁਰਦੁਆਰੇ ਦੀ ਇਮਾਰਤ ਦੀ ਸੇਵਾ ਮਹਾਰਾਜਾ ਹੀਰਾ ਸਿੰਘ ਨੇ ਕਰਵਾਈ। ਗੁਰਦੁਆਰੇ ਦੇ ਨਾਲ ਇਕ ਸਰੋਵਰ ਹੈ ਜਿਸ ਨੂੰ ਗੰਗਸਰ ਆਖਦੇ ਹਨ। ਕੱਤਕ ਦੀ ਪੂਰਨਮਾਸ਼ੀ ਨੂੰ ਇਥੇ ਭਾਰੀ ਮੇਲਾ ਲਗਦਾ ਹੈ। ਇਸ ਗੁਰਦੁਆਰੇ ਵਿਚ ਅਗਸਤ, 1923 ਵਿਚ ਅਖੰਡ ਪਾਠ ਰਖਾਇਆ ਗਿਆ ਪਰ ਅੰਗਰੇਜ਼ਾਂ ਨੇ ਅਖੰਡ ਪਾਠ ਅੱਧ ਵਿਚਕਾਰ ਹੀ ਸਮਾਪਤ ਕਰਾ ਦਿੱਤਾ। ਰੋਸ ਵਿਚ ਅਕਾਲੀ ਦਲ ਨੇ ਜੈਤੋ ਦੇ ਮੋਰਚੇ ਦਾ ਐਲਾਨ ਕਰ ਦਿੱਤਾ ਤੇ ਫ਼ਰਵਰੀ, 1924 ਨੂੰ ਲਗਭਗ 500 ਸਿੱਖ ਸ਼ਹੀਦੀਆਂ ਪਾ ਗਏ। ਅਖ਼ੀਰ ਜੁਲਾਈ, 1925 ਨੂੰ 101 ਅਖੰਡ ਪਾਠ ਆਰੰਭ ਕੀਤੇ ਗਏ ਅਤੇ ਅਗਸਤ ਵਿਚ ਭੋਗ ਤੋਂ ਬਾਅਦ ਸ਼ਾਂਤੀ ਹੋਈ।

   ਉੱਤਰ ਵੱਲ ਟਿਬੀ ਸਾਹਿਬ ਗੁਰਦੁਆਰਾ ਹੈ ਜਿਥੇ ਗੁਰੂ ਗੋਬਿੰਦ ਸਿੰਘ ਜੀ ਸੰਝ ਵੇਲੇ ਰਹਿਰਾਸ ਦਾ ਦੀਵਾਨ ਸਜਾਇਆ ਕਰਦੇ ਸਨ।

     ਜੈਤੋ ਦੀ ਮੰਡੀ ਬਹੁਤ ਪ੍ਰਸਿੱਧ ਹੈ। ਦੂਰ ਦੂਰ ਤੋਂ ਲੋਕ ਇਥੇ ਪਸ਼ੂ ਖਰੀਦਣ ਆਉਂਦੇ ਹਨ। ਇਥੇ ਇਕ ਪ੍ਰਾਇਮਰੀ, ਇਕ ਮਿਡਲ ਤੇ ਇਕ ਹਾਈ ਸਕੂਲ ਤੋਂ ਇਲਾਵਾ ਕਾਲਜ, ਡਾਕਘਰ, ਹਸਪਤਾਲ ਤੇ ਡਿਸਪੈਂਸਰੀ ਵੀ ਸਥਾਪਤ ਹਨ। ਇਸ ਦਾ ਕੁੱਲ ਰਕਬਾ 4,617 ਹੈਕਟੇਅਰ ਹੈ।

     ਆਬਾਦੀ –     28,850 (1991)


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 18167, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-09-04-11-02-40, ਹਵਾਲੇ/ਟਿੱਪਣੀਆਂ: ਹ. ਪੁ. –ਮ. ਕੋ. 533; ਡਿ. ਸੈਂ. ਹੈਂ. ਬੁ. -ਫ਼ਰੀਦਕੋਟ-65

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.