ਜੈਦੇਵ ਸਰੋਤ :
ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਜੈਦੇਵ: ਸੰਸਕ੍ਰਿਤ ਸਾਹਿਤ ਵਿੱਚ ਜੈਦੇਵ ਦਾ ਸਥਾਨ ਮਹੱਤਵਪੂਰਨ ਹੈ। ਇਹ ਬੰਗਾਲ ਦੇ ਰਾਜਾ ਲਛਮਣਸੈਨ ਤੇ ਆਸ਼ਰਿਤ ਕਵੀ ਸੀ। ਉਸ ਦੇ ਪਿਤਾ ਦਾ ਨਾਂ ਭੋਜਦੇਵ ਅਤੇ ਮਾਤਾ ਦਾ ਨਾਂ ਰਾਧਾਦੇਵੀ ਸੀ।
ਜੈਦੇਵ ਨੇ ਗੀਤਗੋਵਿੰਦ ਦੀ ਰਚਨਾ ਕਰ ਕੇ ਗੀਤ ਕਾਵਿ ਪਰੰਪਰਾ ਵਿੱਚ ਆਪਣਾ ਮਹੱਤਵਪੂਰਨ ਯੋਗਦਾਨ ਦਿੱਤਾ ਹੈ। ਇਸ ਕਾਵਿ ਵਿੱਚ ਰਾਧਾ ਤੇ ਕ੍ਰਿਸ਼ਨ ਦੀ ਕਥਾ ਦਾ ਵਰਣਨ ਹੈ। ਇਸ ਵਿੱਚ ਸ਼ਿੰਗਾਰ ਰਸ ਦੇ ਵਿਯੋਗ ਅਤੇ ਸੰਯੋਗ ਦੋਨਾਂ ਪੱਖਾਂ ਦਾ ਚਰਮ ਉਤਕਰਸ਼ ਦੇਖਣ ਨੂੰ ਮਿਲਦਾ ਹੈ। ਇਸ ਕਾਵਿ ਵਿੱਚ ਬਾਰਾਂ ਸਰਗ ਹਨ। ਕ੍ਰਿਸ਼ਨ ਨਾਇਕ ਹੈ ਅਤੇ ਰਾਧਾ ਨਾਇਕਾ। ਸੰਖੇਪ ਵਿੱਚ ਗੀਤਗੋਵਿੰਦ ਦੀ ਕਥਾ ਇਸ ਪ੍ਰਕਾਰ ਹੈ-ਕ੍ਰਿਸ਼ਨ ਗੋਪੀਆਂ ਦੇ ਨਾਲ ਰਾਸ-ਲੀਲ੍ਹਾ ਕਰਦੇ ਹਨ। ਇਹ ਦੇਖ ਕੇ ਰਾਧਾ ਆਪਣੀ ਸਹੇਲੀ ਨੂੰ ਕਈ ਉਲਾਂਭੇ ਭਰੇ ਵਚਨ ਕਹਿੰਦੀ ਹੈ। ਇਸ ਦੇ ਨਾਲ ਹੀ ਉਹ ਆਪਣਾ ਕ੍ਰਿਸ਼ਨ ਦੇ ਪ੍ਰਤਿ ਅਨੁਰਾਗ ਵੀ ਪ੍ਰਗਟ ਕਰ ਦਿੰਦੀ ਹੈ। ਕ੍ਰਿਸ਼ਨ ਵੀ ਰਾਧਾ ਵੱਲ ਜ਼ਿਆਦਾ ਆਕਰਸ਼ਿਤ ਹੋ ਜਾਂਦੇ ਹਨ। ਰਾਧਾ ਦੀ ਸਹੇਲੀ ਉਸ ਦੇ ਅਨੁਰਾਗ ਅਤੇ ਵਿਯੋਗ ਦਾ ਵਰਣਨ ਕਰਦੀ ਹੈ। ਉਹ ਕ੍ਰਿਸ਼ਨ ਅਤੇ ਰਾਧਾ ਨੂੰ ਮਿਲਣ ਲਈ ਪ੍ਰੇਰਿਤ ਕਰਦੀ ਹੈ। ਕ੍ਰਿਸ਼ਨ ਰਾਧਾ ਦੇ ਪ੍ਰੇਮ ਪ੍ਰਤਿ ਬਿਹਬਲ ਹੋ ਕੇ ਉਸ ਨੂੰ ਮਿਲਣ ਲਈ ਨਹੀਂ ਆਉਂਦੇ। ਰਾਧਾ ਆਪਣੀ ਬਿਰਹਾ-ਵੇਦਨਾ ਨੂੰ ਪ੍ਰਗਟ ਕਰਦੀ ਹੈ। ਉਸੀ ਵਕਤ ਕ੍ਰਿਸ਼ਨ ਆ ਜਾਂਦੇ ਹਨ। ਰਾਧਾ ਕ੍ਰਿਸ਼ਨ ਨੂੰ ਕਈ ਤਰ੍ਹਾਂ ਦੇ ਉਲਾਂਭੇ ਦਿੰਦੀ ਹੈ। ਰਾਧਾ ਦੀ ਸਹੇਲੀ ਉਸ ਨੂੰ ਸਮਝਾਉਂਦੀ ਹੈ। ਫੇਰ ਕ੍ਰਿਸ਼ਨ ਰਾਧਾ ਨੂੰ ਮਨਾਉਂਦੇ ਹਨ। ਅੰਤ ਵਿੱਚ ਰਾਧਾ ਗੁੱਸਾ ਛੱਡ ਕੇ ਕ੍ਰਿਸ਼ਨ ਨੂੰ ਮਿਲਣ ਲਈ ਚਲੀ ਜਾਂਦੀ ਹੈ।
ਇਸ ਗੀਤ-ਕਾਵਿ ਦੀ ਕਥਾ ਤੋਂ ਹੀ ਸਪਸ਼ਟ ਹੋ ਜਾਂਦਾ ਹੈ ਕਿ ਜੈਦੇਵ ਨੇ ਇਸ ਵਿੱਚ ਸ਼ਿੰਗਾਰ ਰਸ ਦਾ ਵਰਣਨ ਕੀਤਾ ਹੈ। ਇਸ ਵਿੱਚ ਆਸ਼ਾ-ਨਿਰਾਸ਼ਾ, ਈਰਖਾ, ਮਾਣ, ਕ੍ਰੋਧ, ਵਿਯੋਗ ਮਿਲਣ ਆਦਿ ਕਈ ਸ਼ਿੰਗਾਰਕ ਅਵਸਥਾਵਾਂ ਦਾ ਵਰਣਨ ਕੀਤਾ ਗਿਆ ਹੈ। ਸ਼ਿੰਗਾਰ ਦੇ ਕਈ ਪੱਖਾਂ ਦਾ ਵਰਣਨ ਕਰ ਕੇ ਵੀ ਰਾਧਾ ਕ੍ਰਿਸ਼ਨ ਦੀ ਭਗਤੀ ਦੇ ਰੂਪ ਵਿੱਚ ਜੈਦੇਵ ਨੇ ਸ਼ਿੰਗਾਰਕ ਕਾਵਿ, ਲੀਲ੍ਹਾਗਾਨ ਅਤੇ ਸਤੋਤਰ ਦਾ ਇੱਕ ਅਨੋਖਾ ਸੁਮੇਲ ਪੇਸ਼ ਕੀਤਾ ਹੈ।
ਅਨੋਖੀ ਗਾਇਨ ਯੋਗਤਾ ਅਤੇ ਕੋਮਲ ਭਾਸ਼ਾ ਸੰਯੋਜਨ ਦੇ ਕਾਰਨ ਗੀਤਗੋਵਿੰਦ ਵਰਗਾ ਸਰਲ, ਸੋਹਣਾ ਅਤੇ ਮਧੁਰਕਾਵਿ ਵਿਸ਼ਵ ਸਾਹਿਤ ਵਿੱਚ ਲੱਭਣ ਤੇ ਵੀ ਨਹੀਂ ਮਿਲਦਾ। ਇਸ ਦੀ ਭਾਸ਼ਾ ਭਾਵਾਂ ਦੇ ਅਨੁਸਾਰ ਹੈ। ਸ਼ਬਦਾਂ ਅਤੇ ਅਰਥਾਂ ਦਾ ਵਿਚਿੱਤਰ ਸੁਮੇਲ ਹੈ। ਇਸ ਦੀ ਸ਼ੈਲੀ ਸਰਲ ਹੈ। ਅਲੰਕਾਰਾਂ ਅਤੇ ਛੰਦਾਂ ਦੇ ਪ੍ਰਯੋਗ ਨੇ ਇਸ ਕਾਵਿ ਵਿੱਚ ਇੱਕ ਅਨੋਖੀ ਗਤੀ ਪ੍ਰਦਾਨ ਕਰ ਦਿੱਤੀ ਹੈ। ਇਹਨਾਂ ਸੰਗੀਤ ਅਤੇ ਸ੍ਵਰਾਂ ਨਾਲ ਪਾਠਕ ਜਾਂ ਸ੍ਰੋਤਾ ਮੋਹਿਤ ਹੋ ਜਾਂਦਾ ਹੈ। ਇਹਨਾਂ ਗੀਤਾਂ ਦੇ ਪਾਠ ਕਰਨ ਨਾਲ ਹੀ ਰਸਿਕਾਂ ਦੇ ਦਿਲ ਵਿੱਚ ਰਸ ਪੈਦਾ ਹੋ ਜਾਂਦਾ ਹੈ। ਪ੍ਰੇਮ ਦੇ ਕੋਮਲ ਭਾਵਾਂ ਦੀ ਵਿਅੰਜਨਾ ਅਤੇ ਸਾਹਿਤਿਕ ਗੁਣਾਂ ਕਰ ਕੇ ਇਹ ਕਾਵਿ ਆਪਣਾ ਉਪਮਾਨ ਆਪ ਹੈ।
ਜੈਦੇਵ ਨੇ ਗੀਤਗੋਵਿੰਦ ਵਿੱਚ ਜਿਸ ਪ੍ਰੇਮ ਦਾ ਵਰਣਨ ਕੀਤਾ ਹੈ, ਭਾਰਤ ਦੇ ਵਿਆਖਿਆਕਾਰਾਂ ਨੇ ਰਾਧਾ ਕ੍ਰਿਸ਼ਨ ਦੇ ਪਿਛੋਕੜ ਵਿੱਚ ਉਸ ਪ੍ਰੇਮ ਦੀਆਂ ਪ੍ਰਤੀਕਾਤਮਿਕ ਦਾਰਸ਼ਨਿਕ ਵਿਆਖਿਆਵਾਂ ਪੇਸ਼ ਕੀਤੀਆਂ ਹਨ। ਨਾਇਕਾ ਰਾਧਾ ਜੀਵਾਤਮਾ ਹੈ ਅਤੇ ਨਾਇਕ ਕ੍ਰਿਸ਼ਨ ਪਾਰਬ੍ਰਹਮ। ਕ੍ਰਿਸ਼ਨ ਦਾ ਗੋਪੀਆਂ ਨਾਲ ਰਾਸ ਕਰਨਾ ਪਰਮਾਤਮਾ ਦਾ ਅਣਗਿਣਤ ਜੀਵਾਤਮਾ ਨਾਲ ਰਮਣ ਕਰਨਾ ਹੈ। ਪ੍ਰੇਮ ਨਾਲ ਵਿਆਕੁਲ ਅਤੇ ਮਿਲਣ ਦੀ ਇੱਛਾ ਨਾਲ ਹੀ ਉਸ ਦਾ ਕ੍ਰਿਸ਼ਨ ਨਾਲ ਮੇਲ ਹੋ ਸਕਿਆ, ਇਹ ਜੀਵ ਅਤੇ ਪਾਰਬ੍ਰਹਮ ਦਾ ਮਿਲਣ ਹੈ। ਇਹੀ ਜੀਵਨ ਅਤੇ ਆਤਮਾ ਦੀ ਅਭੇਦਤਾ ਹੈ।
ਪਰਵਰਤੀ ਕਾਲ ਵਿੱਚ ਗੀਤਗੋਵਿੰਦ ਬਹੁਤ ਪ੍ਰਸਿੱਧ ਹੋਇਆ। ਇਸ ਦੀਆਂ ਬਹੁਤ ਵਿਆਖਿਆਵਾਂ ਅਤੇ ਟੀਕਿਆਂ ਤੋਂ ਇਸ ਦੀ ਪ੍ਰਸਿੱਧੀ ਦਾ ਪ੍ਰਮਾਣ ਮਿਲਦਾ ਹੈ। ਚੈਤਨਯ ਸੰਪਰਦਾਇ ਨੇ ਤਾਂ ਗੀਤਗੋਬਿੰਦ ਨੂੰ ਸੰਪਰਦਾਇਕ ਮਹੱਤਵ ਪ੍ਰਦਾਨ ਕੀਤਾ ਅਤੇ ਇਸ ਨੂੰ ਕਾਵਿ ਦੀ ਜ਼ਮੀਨ ਤੋਂ ਚੁੱਕ ਕੇ ਪਰਮ ਪਵਿੱਤਰ ਧਾਰਮਿਕ ਗ੍ਰੰਥ ਦੇ ਰੂਪ ਵਿੱਚ ਪ੍ਰਤਿਸ਼ਠਿਤ ਕਰ ਦਿੱਤਾ। ਵੈਸ਼ਨਵ ਪਰੰਪਰਾ ਵਿੱਚ ਇਹ ਪੱਕੀ ਮਾਨਤਾ ਹੈ ਕਿ ਅਯੋਗ ਥਾਂ ਤੇ ਗੀਤਗੋਵਿੰਦ ਦਾ ਗਾਣ ਨਹੀਂ ਕਰਨਾ ਚਾਹੀਦਾ ਕਿਉਂਕਿ ਜਿੱਥੇ ਵੀ ਗੀਤ ਗੋਵਿੰਦ ਗਾਇਆ ਜਾਂਦਾ ਹੈ, ਉੱਥੇ ਪ੍ਰਤੱਖ ਰੂਪ ਵਿੱਚ ਕ੍ਰਿਸ਼ਨ ਭਗਵਾਨ ਜ਼ਰੂਰ ਪ੍ਰਗਟ ਹੁੰਦੇ ਹਨ।
ਇਸ ਤਰ੍ਹਾਂ ਗੀਤਗੋਵਿੰਦ ਸੰਗੀਤ, ਨਾਚ, ਭਗਤੀ, ਸ਼ਿੰਗਾਰ ਅਤੇ ਅਧਿਆਤਮ ਦਾ ਅਨੋਖਾ ਸੁਮੇਲ ਹੈ। ਗੀਤਗੋਵਿੰਦ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਸ ਦਾ ਸੰਸਕ੍ਰਿਤਿਕ ਯੋਗਦਾਨ ਹੈ। ਇਸ ਛੋਟੇ ਜਿਹੇ ਗ੍ਰੰਥ ਨੇ ਆਪਣੀ ਅਲੌਕਿਕ ਸ਼ਕਤੀ ਨਾਲ ਉੱਤਰ ਤੋਂ ਦੱਖਣ ਅਤੇ ਪੂਰਬ ਤੋਂ ਪੱਛਮ ਤੱਕ ਸਾਰੇ ਭਾਰਤ ਨੂੰ ਇੱਕ ਭਾਵ-ਧਾਰਾ ਨਾਲ ਜੋੜ ਦਿੱਤਾ ਹੈ।
ਲੇਖਕ : ਰੰਜਨਾ ਮਹਿਤਾ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 2818, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no
ਜੈਦੇਵ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਜੈਦੇਵ ਸੰ. ਜਯਦੇਵ. ਵਿਕ੍ਰਮਾਦਿਤ੍ਯ ਦੇ ਦਰਬਾਰ ਦਾ ਇੱਕ ਪੰਡਿਤ, ਜਿਸ ਦਾ ਪ੍ਰਸਿੱਧ ਨਾਮ “ਪਧਰਮਿਸ੍ਰ” ਹੈ। ੨ ਕਨੌਜ ਨਿਵਾਸੀ ਭੋਜਦੇਵ ਬ੍ਰਾਹਮਣ ਦਾ ਪੁਤ੍ਰ, ਜੋ ਰਮਾਦੇਵੀ ਦੇ ਉਦਰ ਤੋਂ ਕੇਂਦੂਲੀ (ਜਿਲਾ ਬੀਰਭੂਮਿ ਬੰਗਾਲ) ਵਿੱਚ ਪੈਦਾ ਹੋਇਆ. ਜਯਦੇਵ ਵੈਨਵ ਮਤਧਾਰੀ ਕ੍ਰਿਨਉਪਾਸਕ ਸੀ, ਪਰ ਤਤ੍ਵਵੇਂਤਾ ਸਾਧੂਆਂ ਦੀ ਸੰਗਤਿ ਕਰਕੇ ਕਰਤਾਰ ਦਾ ਅਨੰਨ ਸੇਵਕ ਹੋਇਆ. ਇਹ ਸੰਸਕ੍ਰਿਤ ਅਤੇ ਪ੍ਰਾਕ੍ਰਿਤ ਦਾ ਪੂਰਣ ਪੰਡਿਤ ਸੀ. ਇਸ ਦਾ ਰਚਿਆ ਗੀਤਗੋਬਿੰਦ ਮਨੋਹਰ ਕਾਵ੍ਯ ਹੈ. ਜੈਦੇਵ ਰਾਗਵਿਦ੍ਯਾ ਦਾ ਪ੍ਰੇਮੀ ਸੀ ਅਤੇ ਆਪਣੀ ਇਸਤ੍ਰੀ ਪਦਮਾਵਤੀ ਨਾਲ ਮਿਲਕੇ ਮਨੋਹਰ ਸੁਰ ਨਾਲ ਆਪਣੇ ਰਚੇ ਪਦ ਗਾਇਆ ਕਰਦਾ ਸੀ. ਇਸ ਨੇ ਆਪਣੀ .ਉਮਰ ਦਾ ਬਹੁਤਾ ਹਿ਼ੱ ਬੰਗਾਲ ਦੇ ਰਾਜਾ ਬੱਲਾਲਸੇਨ ਦੇ ਪੁਤ੍ਰ ਰਾਜਾ ਲਮਣਸੇਨ ਦੇ ਪਾਸ ਰਹਿਕੇ ਵਿਤਾਇਆ.1 ਇਸੇ ਜੈਦੇਵ ਦੇ ਦੋ ਸ਼ਬਦ ਗੁਰੂ ਗ੍ਰੰਥਸਾਹਿਬ ਵਿੱਚ ਹਿੰਦੀ ਅਤੇ ਪ੍ਰਾਕ੍ਰਿਤ ਭਾ ਦੇ ਪਾਏ ਜਾਂਦੇ ਹਨ. “ਜੈਦੇਵ ਤਿਆਗਿਓ ਅਹੰਮੇਵ.” (ਬਸੰ ਅ: ਮ: ੫) ੩ ਵਿਜਯ ਰੂਪ ਪਰਮਾਤਮਾ ਸਭ ਨੂੰ ਜੈ ਕਰਨ ਵਾਲਾ, ਜੋ ਕਿਸੇ ਤੋਂ ਪਰਾਸ੍ਤ ਨਹੀਂ ਹੁੰਦਾ. “ਬਦਤ ਜੈਦੇਵ ਜੈਦੇਵ ਕਉ ਰੰਮਿਆ.” (ਮਾਰੂ ਜੈਦੇਵ)
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2607, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no
ਜੈਦੇਵ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ
ਜੈਦੇਵ : ਇਹ ‘ਗੀਤ ਗੋਬਿੰਦ’ ਕਾਵਿ ਗ੍ਰੰਥ ਦਾ ਰਚਣਹਾਰ ਸੰਸਕ੍ਰਿਤ ਦਾ ਪ੍ਰਸਿੱਧ ਕਵੀ ਸੀ ਜਿਸ ਨੂੰ ਬੰਗਾਲ ਦਾ ਰਾਜਾ ਲਕਸ਼ਮਣ (1119-1170 ਈ.) ਦੀ ਸਭਾ ਦੇ ਪੰਜ ਰਤਨਾਂ ਵਿਚੋਂ ਮੰਨਿਆ ਜਾਂਦਾ ਹੈ। ਇਸ ਦਾ ਜਨਮ ਪਿੰਡ ਵਿੰਦੂਬਲਿਵ ਜ਼ਿਲ੍ਹਾ ਬੀਰਭੂਮੀ ਵਿਖੇ ਹੋਇਆ। ‘ਭਗਤਮਾਲਾ’ ਵਿਚ ਇਸ ਦੀ ਚਰਚਾ ਵਿਸ਼ੇਸ਼ ਕ੍ਰਿਸ਼ਨ ਭਗਤਾਂ ਵਿਚ ਕੀਤੀ ਗਈ ਹੈ। ਭਾਵੇਂ ਉਸ ਅਨੁਸਾਰ ਇਸ ਦੀ ਜਨਮ ਭੂਮੀ ਪੁਰੀ ਦੇ ਨੇੜੇ ਵਿੰਦੂਬਲਿਵ ਪਿੰਡ ਸੀ। ਕਿਹਾ ਜਾਂਦਾ ਹੈ ਕਿ ਮਥੁਰਾ ਬਿੰਦਰਾਬਨ ਦੀ ਯਾਤਰਾ ਕਰਦਿਆਂ ਹੋਇਆਂ ਇਕ ਵਾਰ ਇਹ ਜਗਨਨਾਥਪੁਰੀ ਪਹੁੰਚੇ। ਉਥੇ ਇਕ ਬ੍ਰਾਹਮਣ ਨੂੰ ਸੁਪਨਾ ਆਇਆ ਕਿ ਉਹ ਆਪਣੀ ਲੜਕੀ ਪਦਮਾਵਤੀ ਦਾ ਵਿਆਹ ਜੈਦੇਵ ਨਾਲ ਕਰ ਦੇਵੇ। ਉਸ ਨਾਲ ਵਿਆਹ ਕਰਵਾ ਕੇ ਇਸ ਕਵੀ ਦੀ ਅਲੌਕਿਕ ਪ੍ਰਤਿਭਾ ਨਿੱਖਰ ਪਈ। ਇਸ ਨੇ ਗੀਤ ਗੋਬਿੰਦ ਵਿਚ ਪਦਮਾਵਤੀ ਦਾ ਧੰਨਵਾਦ ਵੀ ਕੀਤਾ ਹੈ।
ਗੀਤ ਗੋਬਿੰਦ ਭਾਰਤੀ ਸਾਹਿਤ ਵਿਚ ਸ਼ਕੁੰਤਲਾ ਦੇ ਮੇਘਦੂਤ ਵਾਂਗ ਮਹੱਤਵਪੂਰਨ ਪ੍ਰਤਿਨਿਧ ਕਾਵਿ ਹੈ। ਇਸ ਦੀ ਲੋਕਪ੍ਰਿਯਤਾ ਦੇਸ਼ ਤੇ ਬਿਦੇਸ਼ ਦੋਹਾਂ ਵਿਚ ਹੈ। ਗੇਟੇ ਜਿਹੇ ਮਹਾਨ ਕਵੀ ਇਸ ਤੇ ਮੁਗਧ ਹੋ ਗਏ ਸਨ। ਇਸ ਦੇ ਕਈ ਟੀਕੇ ਲਿਖੇ ਗਏ ਹਨ ਤੇ ਇਸ ਦੀ ਨਕਲ ਤੇ ਕਾਵਿ ਰਚਨਾ ਕੀਤੀ ਗਈ।
ਗੀਤ ਗੋਬਿੰਦ ਸ਼੍ਰੀਮਦ ਭਾਗਵਤ ਤੇ ਬ੍ਰਹਮਵੈਵਰਤ ਪੁਰਾਣਾ ਤੋਂ ਪ੍ਰਭਾਵਿਤ ਹੈ। ਸ੍ਰੀਮਦਭਾਗਵਤ ਵਾਂਗ ਇਸ ਦੇ ਵੀ 12 ਸਰਗ ਹਨ। ਹਰ ਸਰਗ ਨੂੰ ਕਵੀ ਨੇ 24 ਅਸ਼ਟਪਦੀਆਂ ਵਿਚ ਅਲੰਕ੍ਰਿਤ ਕੀਤਾ ਹੈ। ਕੋਮਲ ਅਤੇ ਮਧੁਰ ਅਨੁਪ੍ਰਾਸਮਈ ਸ਼ਬਦਾਵਲੀ ਤੇ ਛੰਦਾਬੰਦੀ ਦਾ ਪ੍ਰਯੋਗ ਸੰਗੀਤ, ਨਾਚ, ਅਭਿਨਯ ਨਾਲ ਮਿਲ ਕੇ ਇਸ ਵਿਚ ਕਮਾਨ ਦੇ ਸੁਮੇਲ ਦਾ ਅਵਿਸ਼ਕਾਰ ਕਰਦੇ ਹਨ ਜੋ ਸੰਸਕ੍ਰਿਤ ਸਾਹਿਤ ਲਈ ਬਿਲਕੁਲ ਨਵਾਂ ਸੀ। ਜੈਦੇਵ ਸੰਸਕ੍ਰਿਤ ਦਾ ਅੰਤ੍ਰਿਮ ਮਹਾਂਕਵੀ ਸੀ। ਇਸ ਨੇ ਪ੍ਰਾਚੀਨ ਰਾਜਾ ਕ੍ਰਿਸ਼ਨ ਦੀਆਂ ਲੀਲ੍ਹਾਵਾਂ ਦੀ ਪਰੰਪਰਾ ਨੂੰ ਲੋਕ ਭਾਸ਼ਾਵਾਂ ਦੀਆਂ ਜੀਵਿਤ ਸ਼ਕਤੀਆਂ ਦੇ ਸਹਾਰੇ ਸੰਸਕ੍ਰਿਤ ਵਿਚ ਸਥਾਪਿਤ ਕਰਕੇ ਯੁਗਾਂ ਤਕ ਸੰਸਕ੍ਰਿਤ ਕਾਵਿ ਨੂੰ ਲੋਕਪ੍ਰਿਯ ਬਣਾਈ ਰੱਖਿਆ। ਪ੍ਰਾਚੀਨ ਮਿਥਿਲਾ ਤੇ ਆਧੁਨਿਕ ਨੇਪਾਲ ਵਿਚ ਜੈਦੇਵ ਦੀ ਸੰਗੀਤ ਪਰੰਪਰਾ ਸੁਰੱਖਿਅਤ ਰਹੀ ਹੈ।
ਗੀਤ ਗੋਬਿੰਦ ਦੇ ਆਰੰਭ ਵਿਚ ਕਵੀ ਨੇ ਆਪਣਾ ਪਰਿਚੈ ਦਿੱਤਾ ਹੈ। ਇਸ ਮਗਰੋਂ ਦਸ ਅਵਤਾਰ ਦਾ ਜਸ ਵਰਣਨ ਹੈ ਤੇ ਇਸ ਮਗਰੋਂ ਕ੍ਰਿਸ਼ਨ ਅਵਤਾਰ ਦੀਆਂ ਪ੍ਰਾਚੀਨ ਲੀਲਾਵਾਂ ਦਾ ਵਰਣਨ ਕੀਤਾ ਹੈ। ਕਥਾਨਕ ਦਾ ਆਰੰਭ ਬਸੰਤ ਵਿਚ ਕ੍ਰਿਸ਼ਨ ਦੀ ਰਾਸ ਲੀਲਾ ਤੋਂ ਹੁੰਦਾ ਹੈ। ਪ੍ਰੇਮ ਵਿਚ ਬਿਹਬਲ ਗੋਪੀਆਂ ਕ੍ਰਿਸ਼ਨ ਜੀ ਨੂੰ ਘੇਰ ਲੈਂਦੀਆਂ ਹਨ ਅਤੇ ਉਨ੍ਹਾਂ ਨਾਲ ਮਿਲਣ ਦੀ ਤੀਬਰ ਅਭਿਲਾਸ਼ਾ ਪ੍ਰਗਟ ਕਰਦੀਆਂ ਹਨ। ਦੂਜੇ ਪਾਸੇ ਕ੍ਰਿਸ਼ਨ ਜੀ ਵੀ ਪ੍ਰੇਮ ਵਿਚ ਬੇਤਾਬ ਦਿਖਾਏ ਗਏ ਹਨ ਉਹ ਕਾਮਦੇਵ ਤੇ ਰਾਧਾ ਨੂੰ ਯਾਦ ਕਰਦੇ ਹਨ। ਇਸੇ ਦੌਰਾਨ ਰਾਧਾ ਦੀ ਸਹੇਲੀ ਕ੍ਰਿਸ਼ਨ ਜੀ ਨੂੰ ਉਸ ਦੀ ਹਾਲਤ ਦੱਸਣ ਲਈ ਆਉਂਦੀ ਹੈ ਪਰ ਉਹ ਗੋਪੀਆਂ ਨਾਲ ਚਲੇ ਗਏ ਹਨ ਅਤੇ ਰਾਧਾ ਨਿਰਾਸ਼ ਪਈ ਰਹਿੰਦੀ ਹੈ। ਰਾਤ ਨੂੰ ਚੰਦਰਮਾ ਦੀਆਂ ਕਿਰਣਾਂ ਰਾਧਾ ਨੂੰ ਹੋਰ ਸਤਾਉਂਦੀਆਂ ਹਨ।
ਅਖ਼ੀਰ ਜਦੋਂ ਕ੍ਰਿਸ਼ਨ ਜੀ ਆਪ ਰਾਧਾ ਪਾਸ ਪੁੱਜ ਜਾਂਦੇ ਹਨ ਤਾਂ ਉਸ ਅੰਦਰ ਮਾਣ ਦੀ ਭਾਵਨਾ ਜਾਗਦੀ ਹੈ। ਜਦੋਂ ਰਾਧਾ ਦਾ ਮਾਣ ਟੁੱਟਦਾ ਹੈ ਤਾਂ ਰਾਧਾ ਤੇ ਕ੍ਰਿਸ਼ਨ ਦਾ ਮਿਲਾਪ ਹੁੰਦਾ ਹੈ।
ਜੈਦੇਵ ਦੀਆਂ ਹੋਰ ਰਚਨਾਵਾਂ ਬਾਰੇ ਸ਼ੱਕ ਹੈ ਕਿ ਇਹ ਕਿਸ ਜੈਦੇਵ ਦੀਆਂ ਹਨ। ਜੈਦੇਵ ਦੇ ਸਬੰਧ ਵਿਚ ਮੌਲਿਕ ਗ੍ਰੰਥ ਨਹੀਂ ਲਿਖਿਆ ਗਿਆ ਪਰੰਤੂ ਸੰਸਕ੍ਰਿਤ ਸਾਹਿਤ ਦੇ ਸਾਰੇ ਇਤਿਹਾਸਾਂ ਵਿਚ ਇਸ ਦੀ ਚਰਚਾ ਕੀਤੀ ਗਈ ਮਿਲਦੀ ਹੈ।
ਹ. ਪੁ.––ਹਿੰ. ਵਿ. ਕੋ. 4 : 390; ਮ. ਕੋ.
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1904, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-05-31, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First