ਜੈੱਲ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ
ਜੈੱਲ : ਇਹ ਦੋ ਫੇਜ਼ਾਂ ਵਾਲਾ ਇਕ ਕੋਲਾੱਇਡੀ ਸਿਸਟਮ ਹੈ ਜਿਸ ਵਿਚ ਇਕ ਠੋਸ ਅਤੇ ਦੂਸਰਾ ਤਰਲ ਹੁੰਦਾ ਹੈ। ਜੈੱਲ ਵਿਚਲੇ ਅਤਿ ਸੂਖਮਦਰਸ਼ੀ ਕਣ ਪ੍ਰੋਟੀਨਾਂ ਜਾਂ ਛੋਟੇ ਰਵਿਆਂ ਜਿਵੇਂ ਕਿ ਬੈਂਟੋਨਾਈਟ ਜਾਂ ਪਾਲੀਸਟਾਇਰੀਨ ਵਰਗੇ ਪਾਲ਼ੀਮਰ ਕਣਾਂ ਵਰਗੇ ਵੱਡੇ ਅਣੂ ਹੋ ਸਕਦੇ ਹਨ। ਉਚਿਤ ਤਰਲਾਂ ਵਿਚ ਜੈੱਲ ਫੁੱਲ ਜਾਂਦੇ ਹਨ। ਜੈੱਲ ਦਾ ਘੱਟ ਅਤੇ ਵਧ ਫੁੱਲਣਾ ਜੈੱਲ ਅਤੇ ਤਰਲ ਉੱਤੇ ਨਿਰਭਰ ਹੈ। ਬਹੁਤ ਫੁੱਲਣ ਨਾਲ ਜੈੱਲ ਹੌਲੀ ਹੌਲੀ ਕੋਲਾੱਇਡੀ ਘੋਲ ਵਿਚ ਬਦਲ ਜਾਂਦਾ ਹੈ। ਇਸ ਦੇ ਵਿਰੂਪਣ ਅਤੇ ਵਹਾਉ ਵਾਲੇ ਗੁਣ ਵਿਸਕਾੱਸੀ ਜਾਂ ਲਚਕੀਲੇ ਤਰਲ ਅਤੇ ਠੋਸ ਦੇ ਗੁਣਾਂ ਵਿਚਕਾਰ ਵਾਲੇ ਹਨ। ਜੈੱਲ ਆਪਣਾ ਲਛਣਿਕ ਰੂਪ ਬਣਾਈ ਰੱਖਦੇ ਹਨ ਜਦੋਂ ਕਿ ਇਨ੍ਹਾਂ ਦੇ ਸਾੱਲ ਕੋਲਾੱਇਡੀ ਸਸਪੈਂਸ਼ਨ ਜਿਸ ਬਰਤਨ ਵਿਚ ਪਾਏ ਜਾਂਦੇ ਹਨ, ਉਸੇ ਦਾ ਰੂਪ ਧਾਰ ਲੈਂਦੇ ਹਨ। ਜੈੱਲਾਂ ਵਿਚ ਠੋਸਾਂ ਦੀ ਮਾਤਰਾ ਘੱਟ ਹੁੰਦੀ ਹੈ ਜਿਵੇਂ ਕਿ 2-5% ਫੈਰਿਕ ਆੱਕਸਾਈਡ ਲਈ ਅਤੇ 0.1% ਸਕੰਦਿਤ ਖ਼ੂਨ ਲਈ। ਕਈ ਜੈੱਲਾਂ ਨੂੰ ਗਰਮ ਕਰਕੇ ਬਹੁਤ ਹੀ ਤਰਲ ਕੋਲਾੱਇਡੀ ਘੋਲਾਂ ਵਿਚ ਬਦਲਿਆ ਜਾ ਸਕਦਾ ਹੈ। ਦੂਸਰੇ ਥਿਕਸੋਟ੍ਰੋਪਿਕ ਜੈੱਲ (ਉਹ ਜੈੱਲ ਜਿਨ੍ਹਾਂ ਨੂੰ ਹਿਲਾਉਣ ਨਾਲ ਉਨ੍ਹਾਂ ਦੀ ਵਿਸਕਾੱਸਿਤਾ ਕੁਝ ਸਮੇਂ ਲਈ ਬਦਲ ਜਾਂਦੀ ਹੈ) ਯੰਤ੍ਰਿਕ ਕਿਰਿਆਵਾਂ ਦੁਆਰਾ ਦ੍ਰਵਿਤ ਕੀਤੇ ਜਾ ਸਕਦੇ ਹਨ। ਵਾਸ਼ਪੀਕਰਨ ਦੁਆਰਾ ਤਰਲ ਫ਼ੇਜ਼ ਕੱਢਣ ਨਾਲ ਜ਼ੀਰੋ ਜੈੱਲ (ਖੁਸ਼ਕ ਜੈੱਲ) ਬਣਦੇ ਹਨ। ਜੇਕਰ ਸਿਸਟਮ ਦੇ ਆਡੇ ਟੇਡੇ ਹਵਾ ਨਾਲ ਭਰੀਆਂ ਕੇਸ਼ਿਕਾਵਾਂ ਬਹੁਤੀਆਂ ਅਤੇ ਚੌੜੀਆਂ ਹੋਣ ਤਾਂ ਜ਼ੀਰੋ ਜੈੱਲਾਂ ਨੂੰ ਆਮ ਕਰਕੇ ਏਰੋਜੈੱਲ ਕਿਹਾ ਜਾਂਦਾ ਹੈ। ਜੈੱਲ ਅਤੇ ਜ਼ੀਰੋ ਜੈੱਲ ਵਿਚ ਭਿੰਨਤਾ ਦਰਸਾਉਣ ਲਈ ਜੈੱਲ ਵਿਚ ਪਾਣੀ ਦੀ ਹੋਂਦ ਲਈ ਜੈੱਲ ਦੀ ਥਾਂ ਦ੍ਰਵ ਜੈੱਲ ਸ਼ਬਦ ਵਰਤਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਜੇਕਰ ਕੋਈ ਹੋਰ ਤਰਲ ਵੀ ਮਹੱਤਵਪੂਰਨ ਹੋਵੇ ਤਾ ਇਨ੍ਹਾਂ ਦੀ ਥਾਂ ਹਾਈਡ੍ਰੋਜੈੱਲ ਅਤੇ ਅਲਕੋਜੈੱਲ ਆਦਿ ਸ਼ਬਦ ਵਰਤੇ ਜਾ ਸਕਦੇ ਹਨ। ਜਿਲੇਟਿਨ ਵਿਸ਼ੇਸ਼ ਕਿਸਮਾਂ ਦੇ ਦ੍ਰਵ ਜੈੱਲ ਬਣਾਉਂਦੀ ਹੈ। ਖੁਸ਼ਕ ਸਿਲੀਕਾ ਜੈੱਲ ਇਕ ਵਿਸ਼ੇਸ਼ ਕਿਸਮ ਦੀ ਜ਼ੀਰੋ ਜੈੱਲ ਹੈ। ਫੁੱਲਣ ਤੋਂ ਪਹਿਲਾਂ ਸਿਸਟਮ ਵਿਚ ਜਦੋਂ ਹਵਾ ਜਾਂ ਤਰਲ ਵਰਗੇ ਦੂਸਰੇ ਫ਼ੇਜ਼ ਦੀ ਹੋਂਦ ਦਾ ਪੱਕਾ ਪਤਾ ਨਾ ਹੋਵੇ ਤਾਂ ਵੀ ਜੈੱਲ ਸ਼ਬਦ ਦੀ ਵਰਤਿਆ ਜਾਂਦਾ ਹੈ। ਇਸ ਕਿਸਮ ਦੀ ਵਿਸ਼ੇਸ਼ ਜੈੱਲ ਰਬੜ ਹੈ।
ਦ੍ਰਵ ਵਿਰੋਧੀ ਜੈੱਲ ਉੱਚ ਰੀਏਜੰਟ ਸੰਘਣਤਾਵਾਂ ਦੀ ਵਰਤੋਂ ਕਰਕੇ ਦੂਹਰੇ ਅਪਘਟਨ ਦੀਆਂ ਕਿਰਿਆਵਾਂ ਦੁਆਰਾ ਤਿਆਰ ਕੀਤੇ ਜਾ ਸਕਦੇ ਹਨ ਜਦੋਂ ਕਿ ਦ੍ਰਵ ਸਨੇਹੀ ਜੈੱਲ ਜਿਵੇਂ ਕਿ ਜਿਲੇਟਿਨ, ਅਗਰ-ਅਗਰ ਅਤੇ ਕੁਝ ਵਿਸ਼ੇਸ਼ ਸਾਬਣ ਉੱਚ ਤਾਪਮਾਨ ਉੱਤੇ ਜਾਂ ਘੋਲਕ ਵਿਚ ਹਵਾ ਦੁਆਰਾ ਖੁਸ਼ਕ ਕੀਤੇ ਜੈੱਲਾਂ ਨੂੰ ਲਾ ਕੇ ਤਿਆਰ ਕੀਤੇ ਸਾੱਲ ਨੂੰ ਠੰਢਾ ਕਰਕੇ ਤਿਆਰ ਕੀਤੇ ਜਾਂਦੇ ਹਨ। ਕਿਸੇ ਸਾੱਲ ਦੀ ਸੈਟਿੰਗ ਜਾਂ ਜੈੱਲ ਬਣਨਾ ਇਨ੍ਹਾਂ ਗੱਲਾਂ ਦਾ ਲੱਛਣਿਕ ਹੈ (1) ਸੈੱਟ ਹੋਣ ਦਾ ਸਮਾਂ, (2) ਜੈੱਲ ਬਣਨ ਦਾ ਤਾਪਮਾਨ, (3) ਸੈਟਿੰਗ ਦੀ ਕ੍ਰਾਂਤਿਕ ਸੰਘਣਤਾ ਅਤੇ (4) ਵਿਸਕਾੱਸਿਤਾ ਵਧਣ ਦਾ ਦਰ।
ਸਾੱਲ ਤੇ ਜੈੱਲ ਦੀ ਰੂਪਾਂਤਰਣ ਕਿਰਿਆ ਸਮਤਾਪੀ ਹੁੰਦੀ ਹੈ ਕਈ ਵਾਰੀ ਕੋਲਾੱਇਡੀ ਘੋਲਾਂ ਦੇ ਤਲਛੱਟਾਂ ਨੂੰ ਵੀ ਜੈੱਲ ਕਿਹਾ ਜਾਂਦਾ ਹੈ। ਮਿੱਟੀ ਵਰਗੇ ਜੈੱਲ ਜਿਨ੍ਹਾਂ ਦੇ ਕਣ ਪਲੇਟਾਂ ਵਰਗੇ ਹੁੰਦੇ ਹਨ, ਨੂੰ ਹਿਲਾ ਕੇ ਸਾੱਲਾਂ ਵਿਚ ਬਦਲਿਆ ਜਾ ਸਕਦਾ ਹੈ ਅਤੇ ਇਹ ਸਾੱਲ ਕਣ ਤੇ ਮੁੜ ਜੈੱਲ ਬਣ ਜਾਂਦੇ ਹਨ। ਇਸ ਕਿਰਿਆ ਨੂੰ ਥਿਕਸੋਟ੍ਰੋਪੀ ਕਿਹਾ ਜਾਂਦਾ ਹੈ। ਇਸ ਦੇ ਉੱਲਟ ਵਿਧੀ ਨੂੰ ਰੀਹੋ ਪੈਕਸੀ ਕੀਤਾ ਜਾਂਦਾ ਹੈ। ਸਿਲੀਕਾ ਜੈੱਲ ਦੇ ਇਕ ਸੈਂਪਲ ਨੂੰ ਇਲੈਕਟ੍ਰਾੱਨ ਖੁਰਦਬੀਨ ਰਾਹੀਂ ਵੇਖਿਆਂ ਪਤਾ ਲਗਦਾ ਹੈ ਕਿ ਇਹ 100° A ਵਿਆਸ ਵਾਲੇ ਛੋਟੇ ਕਣਾਂ ਦੀ ਬਣੀ ਹੋਈ ਹੈ।
ਹ. ਪੁ.––ਐਨ. ਬ੍ਰਿ. 10 : 51; ਮੈਕ. ਐਨ. ਸ. ਟ. 6 : 93
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 14363, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-05-31, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First