ਜੌਂ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਜੌਂ (ਨਾਂ,ਪੁ) ਦਿੱਖ ਵਜੋਂ ਕਣਕ ਜਿਹੀ ਪਰ ਕਣਕ ਦੇ ਟਾਕਰੇ ਹੌਲੀ ਕਿਸਮ ਦੇ ਅਨਾਜ ਦੀ ਫ਼ਸਲ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 42155, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਜੌਂ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਜੌਂ. ਦੇਖੋ, ਜੌ ੨


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 41862, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਜੌਂ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ

ਜੌਂ : ਇਹ ਅਨਾਜ ਵਾਲੀਆਂ ਪੰਜ ਫ਼ਸਲਾਂ ਵਿਚੋਂ ਇਕ ਪ੍ਰਮੁੱਖ ਫ਼ਸਲ ਹੈ ਜੋ ਜ਼ਿਆਦਾਤਰ ਮਨੁੱਖੀ ਭੋਜਨ ਅਤੇ ਸ਼ਰਾਬ ਬਣਾਉਣ ਲਈ ਵਰਤੀ ਜਾਂਦੀ ਹੈ। ਕੁਝ ਖੋਜੀਆਂ ਦਾ ਵਿਚਾਰ ਹੈ ਕਿ ਜੌਂ ਕਾਸ਼ਤ ਕੀਤੀਆਂ ਜਾਣ ਵਾਲੀਆਂ ਫ਼ਸਲਾਂ ਵਿਚੋਂ ਸਭ ਤੋਂ ਪੁਰਾਣੀ ਹੈ, ਜਿਸ ਦੇ ਬਾਰੇ ਮਿਸਰ ਵਿਚ 5,000 ਈ. ਪੂ. ਮੈਸੋਪਟੇਮੀਆ ਵਿਚ 3,500 ਈ. ਪੂ. ਉੱਤਰ-ਪੱਛਮੀ ਯੂਰਪ ਵਿਚ 3,000 ਈ. ਪੂ. ਅਤੇ ਚੀਨ ਵਿਚ 2,000 ਈ. ਪੂ. ਤੋਂ ਗਿਆਨ ਹੁੰਦਾ ਹੈ। ਇਹ ਪੱਥਰ ਯੁਗ ਦੇ ਸਵਿਸ ਲੋਕ ਵਾਸੀਆਂ ਲਈ ਖਾਸ ਮਹੱਤਤਾ ਵਾਲੀ ਸੀ ਅਤੇ ਹੈਬਰੀਊਜ਼ ਯੂਨਾਨੀ ਅਤੇ ਰੋਮ ਲੋਕਾਂ ਦਾ ਖ਼ਾਸ ਭੋਜਨ ਸੀ। ਜੌਂ ਦਾ ਜ਼ਿਕਰ ਬਾਈਬਲ ਅਤੇ ਕਈ ਪੁਰਾਤਨ ਲਿਖਤਾਂ ਵਿਚ ਵੀ ਆਉਂਦਾ ਹੈ।

          ਸ਼ੁਰੂ ਵਿਚ ਇਹ ਖ਼ਿਆਲ ਕੀਤਾ ਜਾਂਦਾ ਸੀ ਕਿ ਜੌਂ ਦੀ ਉਤਪਤੀ ਦੱਖਣ-ਪੱਛਮੀ ਏਸ਼ੀਆ ਵਿਚ ਕਿਤੇ ਹੋਈ ਹੋਵੇਗੀ ਪਰ ਇਸ ਉਤਪਤੀ ਦੌਰਾਨ ਬੀਜ ਦੀ ਗਿਰੀ ਇਕੋ ਜਿਹੀ ਹੀ ਰਹੀ ਹੈ। ਜੌਂ ਹਾਰਡੀਅਮ ਪ੍ਰਜਾਤੀ ਅਤੇ ਗ੍ਰੈਮਿਨੀ ਕੁਲ ਨਾਲ ਸਬੰਧਿਤ ਹੈ। ਇਸ ਦੀਆਂ ਦੋ ਕਿਸਮਾਂ ਹਨ––ਕਾਸ਼ਤ ਕੀਤੀ ਜਾਣ ਵਾਲੀ ਅਤੇ ਜੰਗਲੀ, ਜੋ ਇਕ ਦੂਜੀ ਤੋਂ ਬਹੁਤ ਹੀ ਵੱਖਰੀਆਂ ਹਨ। ਇਹ ਫ਼ਸਲ ਕਿਸੇ ਵੀ ਹੋਰ ਅਨਾਜ ਵਾਲੀ ਫ਼ਸਲ ਦੇ ਮੁਕਾਬਲੇ ਜਲਵਾਯੂ ਦੀਆਂ ਅਨੇਕ ਹਾਲਤਾਂ ਸਹਿ ਸਕਦੀ ਹੈ, ਜਿਵੇਂ ਸੀਤ ਖੰਡੀ ਜਲਵਾਯੂ ਤੋਂ ਉਪ-ਆਰਕਟਿਕ ਅਤੇ ਉਪ-ਊਸ਼ਣ ਖੰਡੀ ਜਲਵਾਯੂ ਆਦਿ। ਇਸ ਫ਼ਸਲ ਲਈ ਕਣਕ ਨਾਲੋਂ ਘੱਟ ਸਿੰਜਾਈ ਦੀ ਲੋੜ ਹੈ ਪਰੰਤੂ ਗਰਮ ਹਵਾਵਾਂ ਚੱਲਣ ਨਾਲ ਇਹ ਫ਼ਸਲ ਸਮੇਂ ਤੋਂ ਪਹਿਲਾਂ ਹੀ ਪੱਕ ਜਾਂਦੀ ਹੈ ਅਤੇ ਜ਼ਿਆਦਾ ਨਮੀ ਨਾਲ ਵੀ ਇਹ ਫ਼ਸਲ ਪੂਰੀ ਤਰ੍ਹਾਂ ਨਹੀਂ ਪੱਕ ਸਕਦੀ। ਦੋਹਾਂ ਹਾਲਤਾਂ ਵਿਚ ਸ਼ਰਾਬ ਬਣਾ ਸਕਣ ਵਾਲੇ ਗੁਣਾਂ ਤੇ ਬੁਰਾ ਅਸਰ ਪੈਂਦਾ ਹੈ। ਫ਼ਸਲ ਦੀ ਕਟਾਈ ਸਮੇਂ ਬਾਰਸ਼ ਪੈ ਜਾਣ ਨਾਲ ਵੀ ਦਾਣਿਆਂ ਦਾ ਰੰਗ ਖ਼ਰਾਬ ਹੋ ਜਾਂਦਾ ਹੈ।

          ਭਾਰਤ ਵਿਚ ਇਸ ਦੀ ਕਾਸ਼ਤ ਲਗਭਗ 3.3 ਮਿਲੀਅਨ ਹੈਕਟੇਅਰ ਭੂਮੀ ਵਿਚ ਕੀਤੀ ਜਾਂਦੀ ਹੈ ਜਿਸ ਤੋਂ 3.2 ਮਿਲੀਅਨ ਮੀਟ੍ਰਿਕ ਟਨ ਅਨਾਜ ਪ੍ਰਾਪਤ ਹੁੰਦਾ ਹੈ। ਇਸ ਦੀ ਕੁੱਲ ਪੈਦਾਵਾਰ ਦਾ 83 ਫ਼ੀ ਸਦੀ ਹਿੱਸਾ ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਵਿਚ ਪੈਦਾ ਹੁੰਦਾ ਹੈ ਜਦ ਕਿ ਇਨ੍ਹਾਂ ਰਾਜਾਂ ਵਿਚ 73 ਫ਼ੀ ਸਦੀ ਕਾਸ਼ਤ ਹੇਠ ਰਕਬੇ ਵਿਚ ਇਹ ਫ਼ਸਲ ਬੀਜੀ ਜਾਂਦੀ ਹੈ।

          ਇਹ ਫ਼ਸਲ ਆਮ ਤੌਰ ਤੇ ਹਲਕੀ ਜ਼ਮੀਨ ਤੇ ਉਗਾਈ ਜਾਂਦੀ ਹੈ ਭਾਵੇਂ ਚੰਗੇ ਨਿਕਾਸ ਵਾਲੀ ਦਰਮਿਆਨੀ ਚੀਕਨੀ ਅਤੇ ਚੰਗੀ ਜ਼ਰਖੇਜ਼ ਅਤੇ ਬਾਰੀਕ ਸਤਾ ਵਾਲੀ ਜ਼ਮੀਨ ਵੀ ਇਸ ਦੀ ਕਾਸ਼ਤ ਲਈ ਬਿਹਤਰ ਰਹਿੰਦੀ ਹੈ। ਕਣਕ ਦੇ ਮੁਕਾਬਲੇ ਇਸ ਲਈ ਬਹੁਤ ਮੁਸਾਮਦਾਰ ਜ਼ਮੀਨ ਦੀ ਲੋੜ ਹੁੰਦੀ ਹੈ ਅਤੇ ਇਹ ਖਾਰਾਵਣ ਵੀ ਸਹਿਣ ਕਰ ਸਕਦੀ ਹੈ।

          ਜੌਂ ਦੀ ਬਿਜਾਈ ਦਾ ਸਮਾਂ ਅਕਤੂਬਰ ਤੋਂ ਨਵੰਬਰ ਦੇ ਮੱਧ ਤੱਕ ਹੈ। ਪੰਜਾਬ ਵਿਚ ਬਰਾਨੀ ਜ਼ਮੀਨਾਂ ਵਿਚ ਬਿਜਾਈ ਕੁਝ ਲੇਟ ਹੀ ਕੀਤੀ ਜਾਂਦੀ ਹੈ, ਦਸੰਬਰ ਤੱਕ ਇਹ ਬਿਜਾਈ ਮੁਕੰਮਲ ਹੋ ਜਾਂਦੀ ਹੈ। ਦੇਰ ਨਾਲ ਕੀਤੀ ਗਈ ਬਿਜਾਈ ਨਾਲ ਦਾਣਿਆਂ ਦੀ ਕੁਆਲਟੀ ਮਾੜੀ ਪੈ ਜਾਂਦੀ ਹੈ। ਜੌਂ ਦੀ ਬਿਜਾਈ ਲਈ ਜੇਕਰ ਜ਼ਮੀਨ ਚੰਗੀ ਤਰ੍ਹਾਂ ਵਾਹੀ ਸੁਆਰੀ ਹੋਵੇ ਅਤੇ ਜੜ੍ਹੀਆਂ ਬੂਟੀਆਂ ਰਹਿਤ ਹੋਵੇ ਤਾਂ ਝਾੜ ਚੰਗਾ ਪ੍ਰਾਪਤ ਹੋ ਸਕਦਾ ਹੈ। ਚੰਗੇ ਝਾੜ ਲਈ ਦੇਸੀ ਹਲ ਨਾਲ ਚਾਰ ਵਾਰੀ ਵਹਾਈ ਜਾਂ ਸੁਧਾਰੇ ਹੋਏ ਹਲ ਨਾਲ ਇਕ ਵਹਾਈ ਅਤੇ ਇਕ ਵਾਰ ਹੈਰੋ ਫੇਰ ਦਿੱਤੀ ਜਾਏ ਤਾਂ ਚੰਗਾ ਰਹਿੰਦਾ ਹੈ। ਫ਼ਸਲ ਦੀ ਬਿਜਾਈ ਜਾਂ ਤਾਂ ਛਿੱਕੇ ਰਾਹੀਂ ਜਾਂ ਬੀਜ ਡਰਿਲ ਰਾਹੀਂ ਕੀਤੀ ਜਾਂਦੀ ਹੈ। ਕਤਾਰ ਤੋਂ ਕਤਾਰ ਦਾ ਫਾਸਲਾ 22 ਸੈਂ. ਮੀ. ਰੱਖਿਆ ਜਾਂਦਾ ਹੈ। ਬੀਜ ਦੀ ਮਿਕਦਾਰ 55 ਕਿ. ਗ੍ਰਾ. ਤੋਂ 105 ਕਿ. ਗ੍ਰਾ. ਪ੍ਰਤੀ ਹੈਕਟੇਅਰ ਰੱਖੀ ਜਾਂਦੀ ਹੈ।

          ਇਸ ਫ਼ਸਲ ਲਈ ਖਾਦ ਦੀ ਵਰਤੋਂ ਭਾਵੇਂ ਬਰਾਨੀ ਇਲਾਕਿਆਂ ਵਿਚ ਨਹੀਂ ਵੀ ਕੀਤੀ ਜਾਂਦੀ ਪਰ ਖਾਦ ਦੀ ਵਰਤੋਂ ਨਾਲ ਚੰਗਾ ਝਾੜ ਪ੍ਰਾਪਤ ਹੋ ਸਕਦਾ ਹੈ। ਸੇਂਜੂ ਹਾਲਾਤਾਂ ਵਿਚ ਪ੍ਰਤੀ ਏਕੜ 7 ਤੋਂ 8 ਗੱਡੇ ਫ਼ਾਰਮੀ ਖਾਦ ਪਾਈ ਜਾਂਦੀ ਹੈ ਅਤੇ 25 ਤੋਂ 30 ਕਿਲੋ ਨਾਈਟ੍ਰੋਜਨ ਪ੍ਰਤੀ ਹੈਕਟੇਅਰ ਦੇ ਹਿਸਾਬ ਅਮੋਨੀਅਮ ਸਲਫੇਟ ਦੇ ਰੂਪ ਵਿਚ ਪਾ ਦਿੱਤੀ ਜਾਂਦੀ ਹੈ। ਕਈ ਵਾਰੀ ਨਾਈਟ੍ਰੋਜਨ ਦੀ ਮਿਕਦਾਰ ਜ਼ਿਆਦਾ ਵਧ ਜਾਣ ਕਾਰਨ ਸ਼ਰਾਬ ਬਨਾਉਣ ਦੀ ਕੁਆਲਟੀ ਘਟੀਆ ਹੋ ਜਾਂਦੀ ਹੈ। ਇਸ ਨੁਕਸ ਨੂੰ ਦੂਰ ਕਰਨ ਲਈ ਸੁਪਰਫ਼ਾਸਫ਼ੇਟ ਕਾਫ਼ੀ ਲਾਹੇਵੰਦ ਸਿੱਧ ਹੁੰਦੀ ਹੈ। ਕਈ ਥਾਵਾਂ ਤੇ 45 ਤੋਂ 65 ਕਿ. ਗ੍ਰਾ. ਨਾਈਟ੍ਰੋਜਨ ਅਤੇ 22 ਕਿ. ਗ੍ਰਾ. ਫ਼ਾਸਫ਼ੋਰਸ ਪਾਉਣ ਦੀ ਸਿਫਾਰਸ਼ ਕੀਤੀ ਜਾਂਦੀ ਹੈ।

          ਆਮ ਤੌਰ ਤੇ ਬਰਾਨੀ ਬਿਜਾਈ ਉਨ੍ਹਾਂ ਇਲਾਕਿਆਂ ਵਿਚ ਕੀਤੀ ਜਾਂਦੀ ਹੈ ਜਿਥੇ ਬਰਖਾ 38 ਤੋਂ 50 ਸੈਂ. ਮੀ. ਹੁੰਦੀ ਹੈ। ਬਰਾਨੀ ਇਲਾਕਿਆਂ ਵਿਚ ਇਸ ਫ਼ਸਲ ਨੂੰ ਦੋ ਤਿੰਨ ਵਾਰ ਸਿੰਜਾਈ ਕਰਨ ਦੀ ਲੋੜ ਹੁੰਦੀ ਹੈ। ਪਠਾਰ ਦੇ ਇਲਾਕਿਆਂ ਵਿਚ ਫ਼ਸਲ ਅਕਸਰ 10 ਦਿਨਾਂ ਦੇ ਵਕਫ਼ੇ ਬਾਅਦ ਸਿੰਜੀ ਜਾਂਦੀ ਹੈ।

          ਰਾਜਸਥਾਨ, ਪੰਜਾਬ ਅਤੇ ਪੱਛਮੀ ਉੱਤਰ ਪ੍ਰਦੇਸ਼ ਵਿਚ ਕਟਾਈ ਮਾਰਚ ਦੇ ਤੀਸਰੇ ਹਫ਼ਤੇ ਤੋਂ ਅਪ੍ਰੈਲ ਦੇ ਅੱਧ ਤੱਕ ਕੀਤੀ ਜਾਂਦੀ ਹੈ। ਪੂਰਬੀ ਉੱਤਰ ਪ੍ਰਦੇਸ਼, ਬਿਹਾਰ, ਬੰਗਾਲ ਵਿਚ ਇਹ ਇਕ ਹਫਤਾ ਪਹਿਲਾਂ ਸ਼ੁਰੂ ਹੋ ਜਾਂਦੀ ਹੈ ਜਦੋਂ ਕਿ ਮਹਾਂਰਾਸ਼ਟਰ ਅਤੇ ਮੱਧ ਪ੍ਰਦੇਸ਼ ਵਿਚ ਇਹ ਫ਼ਰਵਰੀ ਦੇ ਅੱਧ ਤੋਂ ਹੀ ਸ਼ੁਰੂ ਹੋ ਜਾਂਦੀ ਹੈ। ਇਸ ਦੀ ਕਟਾਈ ਵੀ ਕਣਕ ਦੀ ਕਟਾਈ ਵਾਂਗ ਹੀ ਕੀਤੀ ਜਾਂਦੀ ਹੈ। ਬੀਜ ਦੇ ਗਿਰਨ ਤੋਂ ਸਾਵਧਾਨੀ ਰੱਖਣ ਲਈ ਇਹ ਜ਼ਰੂਰੀ ਹੈ ਕਿ ਇਸ ਨੂੰ ਸਵੇਰ ਦੇ ਪਹਿਲੇ ਵੇਲੇ ਹੀ ਕੱਟ ਲਿਆ ਜਾਵੇ। ਫ਼ਸਲ ਦੀ ਗਹਾਈ ਮਸ਼ੀਨਾਂ ਨਾਲ ਜਾਂ ਜਾਨਵਰਾਂ ਦੇ ਪੈਰਾਂ ਹੇਠ ਲਿਆ ਕੇ ਕੀਤੀ ਜਾਂਦੀ ਹੈ।

          ਬਰਾਨੀ ਫ਼ਸਲ ਦਾ ਝਾੜ 675 ਤੋਂ 945 ਕਿ. ਗ੍ਰਾ. ਪ੍ਰਤੀ ਹੈਕਟੇਅਰ ਹੈ ਜਦੋਂ ਕਿ ਚੰਗੀ ਤਰ੍ਹਾਂ ਕਾਸ਼ਤ ਕੀਤੀ ਜਾਂਦੀ ਫ਼ਸਲ ਦਾ ਝਾੜ ਇਸ ਤੋਂ ਵੀ ਦੁੱਗਣਾ ਹੋ ਸਕਦਾ ਹੈ।

          ਵਰਤੋਂ––ਇਹ ਅੰਦਾਜ਼ਾ ਲਾਇਆ ਜਾਂਦਾ ਹੈ ਕਿ ਅੱਧੀ ਫ਼ਸਲ ਦੀ ਵਰਤੋਂ ਪਸ਼ੂ ਧਨ ਦੀ ਖ਼ੁਰਾਕ ਲਈ ਵਰਤੀ ਜਾਂਦੀ ਹੈ। ਇਸ ਦੇ ਅਨਾਜ ਵਿਚ ਤਕਰੀਬਨ ਕਾਰਬੋਹਾਈਡ੍ਰੇਟ ਦੀ ਉਹੋ ਹੀ ਮਾਤਰਾ ਹੁੰਦੀ ਹੈ ਜੋ ਮੱਕੀ ਵਿਚ ਹੁੰਦੀ ਹੈ, ਸਗੋਂ ਇਸ ਵਿਚ 3 ਫੀ ਸਦੀ ਜ਼ਿਆਦਾ ਪ੍ਰੋਟੀਨ ਅਤੇ ਚਿਕਨਾਹਟ ਘੱਟ ਹੁੰਦੀ ਹੈ।

          ਜੌਂ ਤੋਂ ਸ਼ਰਾਬ ਪੂਰਵ ਇਤਿਹਾਸਕ ਕਾਲ ਤੋਂ ਹੀ ਬਣਾਈ ਜਾਂਦੀ ਰਹੀ ਹੈ। ਜੌਂ ਦੀ ਕਰੀਬ ਸਾਰੀ ਉਪਜ ਹੀ ਬੀਅਰ ਬਣਾਉਣ ਵਿਚ ਹੀ ਵਰਤੀ ਜਾਂਦੀ ਹੈ ਅਤੇ ਦੁਨੀਆ ਦੀ ਉਪਜ ਦੀ 10 ਪ੍ਰਤਿਸ਼ਤ ਤੋਂ ਵੀ ਵੱਧ ਇਸੇ ਕੰਮ ਲਈ ਹੀ ਖ਼ਪਤ ਕੀਤੀ ਜਾਂਦੀ ਹੈ।

          ਸ਼ਰਾਬ ਬਣਾਉਣ ਜਾਂ ਮਾਲਟਿੰਗ ਵਿਚ ਲੋੜੀਂਦਾ ਜੌਂ ਪਾਣੀ ਵਿਚ ਭਿਉਂ ਲਿਆ ਜਾਂਦਾ ਹੈ ਤੇ ਇਸ ਨੂੰ ਉੱਗਣ ਦਿੱਤਾ ਜਾਂਦਾ ਹੈ ਅਤੇ ਇਸ ਸਟੇਜ ਤੇ ਇਸ ਨੂੰ ਗ੍ਰੀਨ ਮਾਲਟ ਕਿਹਾ ਜਾਂਦਾ ਹੈ। ਇਸ ਤੋਂ ਬਾਅਦ ਇਸ ਨੂੰ ਕਿਸੇ ਭੱਠੀ ਵਿਚ ਜਾਂ ਗਰਮ ਕਰਕੇ ਮਾਲਟਿੰਗ ਕਿਰਿਆ ਨੂੰ ਖ਼ਤਮ ਕੀਤਾ ਜਾਂਦਾ ਹੈ। ਸੁੱਕੇ ਹੋਏ ਮਾਦੇ ਵਿਚ ਉੱਗਣ ਕਿਰਿਆ ਤੋਂ ਉਤਪੰਨ ਹੋਇਆ ਇਕ ਐਨਜ਼ਾਈਮ ਡਾਇਆਸਟੇਜ਼ ਵੀ ਹੁੰਦਾ ਹੈ ਜੋ ਅਨੁਕੂਲ ਹਾਲਤਾਂ ਹੇਠ ਮਾਲਟ ਦੇ ਨਿਸ਼ਾਸਤੇ ਜਾਂ ਅਨਾਜ ਨੂੰ ਜੋ ਇਸ ਵਿਚ ਬੀਅਰ ਜਾਂ ਵਿਸਕੀ ਬਣਾਉਣ ਸਮੇਂ ਮਿਲਾਇਆ ਜਾਂਦਾ ਹੈ, ਨੂੰ ਸ਼ਰਾਬ ਵਿਚ ਬਦਲਣ ਯੋਗ ਹੁੰਦਾ ਹੈ।

          ਭਾਵੇਂ ਜੌਂ ਤੋਂ ਇਕ ਚੰਗੀ ਮੁਸਾਮਦਾਰ ਡਬਲ ਰੋਟੀ ਤਿਆਰ ਨਹੀਂ ਕੀਤੀ ਜਾ ਸਕਦੀ ਪਰ ਫਿਰ ਵੀ ਇਸ ਦੀ ਬਹੁਤ ਜ਼ਿਆਦਾ ਵਰਤੋਂ ਬਲੈਕ ਬ੍ਰੈੱਡ ਜਾਂ ਪੋਰਿਜ ਵਜੋਂ ਅਫ਼ਰੀਕਾ ਜਾਂ ਏਸ਼ੀਆ ਦੇ ਕੁਝ ਹਿੱਸਿਆਂ ਵਿਚ ਕੀਤੀ ਜਾਂਦੀ ਹੈ। ਜੌਂ ਦੀ ਤੂੜੀ ਪਸ਼ੂਆਂ ਹੇਠ ਸੁੱਕ ਵਜੋਂ ਵੀ ਪਾਈ ਜਾਂਦੀ ਹੈ।

          ਹ. ਪੁ.––ਐਨ. ਬ੍ਰਿ. 3 : 168; ਹੈ. ਬੁ. ਐਗ. ਆਈ. ਸੀ. ਏ. ਆਰ : 134


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 32331, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-05-31, ਹਵਾਲੇ/ਟਿੱਪਣੀਆਂ: no

ਜੌਂ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਜੌਂ –          ਹਾੜੀ ਦੀ ਦੂਜੀ ਅਨਾਜ ਵਾਲੀ ਫ਼ਸਲ ਜੌਂ ਹਨ। ਸੇਂਜੂ ਰਕਬੇ ਵਿਚ ਵਾਧੇ ਕਾਰਨ ਜੌਆਂ ਹੇਠ ਰਕਬਾ ਬਹੁਤ ਘੱਟ ਗਿਆ ਹੈ। ਜੌਆਂ ਦੀ ਕਾਸ਼ਤ ਆਮ ਤੌਰ ਉੱਤੇ ਉਨ੍ਹਾਂ ਜ਼ਮੀਨਾਂ ਵਿਚ ਕੀਤੀ ਜਾਂਦੀ ਹੈ ਜਿਥੇ ਸਿੰਜਾਈ ਦੀਆਂ ਸਹੂਲਤਾਂ ਘੱਟ ਹੋਣ। ਪੰਜਾਬ ਵਿਚ ਜੌਆਂ ਹੇਠ ਲਗਭਗ 40 ਹਜ਼ਾਰ ਹੈਕਟੇਅਰ ਰਕਬਾ ਹੈ ਅਤੇ ਔਸਤ ਪੈਦਾਵਾਰ 20 ਕੁਇੰਟਲ ਪ੍ਰਤਿ ਹੈਕਟੇਅਰ ਹੈ। ਜੌਆਂ ਨੂੰ ਸ਼ੁਰੂ ਵਿਚ ਠੰਡ ਦੀ ਲੋੜ ਹੈ ਪਰ ਪੱਕਣ ਲਈ ਗਰਮ ਅਤੇ ਖੁਸ਼ਕ ਮੌਸਮ ਚਾਹੀਦਾ ਹੈ। ਜੌਂ ਸੋਕੇ ਦਾ ਚੰਗਾ ਮੁਕਾਬਲਾ ਕਰ ਲੈਂਦੇ ਹਨ ਇਸ ਕਰ ਕੇ ਬਰਾਨੀ ਖੇਤੀ ਲਈ ਇਹ ਢੁੱਕਵੀਂ ਫ਼ਸਲ ਹੈ। ਜੌਆਂ ਦੀ ਫ਼ਸਲ ਚੰਗੇ ਜਲ ਨਿਕਾਸ ਵਾਲੀਆਂ ਜ਼ਮੀਨਾਂ ਵਿਚ ਚੰਗੀ ਹੁੰਦੀ ਹੈ। ਇਹ ਹਲਕੀਆਂ ਜ਼ਮੀਨਾਂ ਵਿਚ ਵੀ ਹੋ ਜਾਂਦੇ ਹਨ। ਜੌਆਂ ਦੀਆਂ ਪੀ. ਐਲ-56, ਡੀ. ਐਲ-70, ਅਤੇ ਪੀ. ਐਲ-172 ਸੁਧਰੀਆਂ ਕਿਸਮਾਂ ਹਨ। ਬਿਜਾਈ 15 ਅਕਤੂਬਰ ਤੋਂ 15 ਨਵੰਬਰ ਤਕ ਕਰ ਲੈਣੀ ਚਾਹੀਦੀ ਹੈ। ਬੀਜ ਦੀ ਮਾਤਰਾ 35 ਕਿ.ਗ੍ਰਾ. ਪ੍ਰਤਿ ਏਕੜ ਰੱਖੀ ਜਾਂਦੀ ਹੈ। 


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 26448, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-07-02-12-37-25, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.