ਜੰਞ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਜੰਞ: ਵਿਆਹ ਸਮੇਂ ਲਾੜੀ ਨੂੰ ਵਿਆਹੁਣ ਹਿਤ ਲਾੜੇ ਨਾਲ ਜਾਣ ਵਾਲੇ ਅੰਗ-ਸਾਕ, ਮਾਪੇ ਅਤੇ ਮਿੱਤਰ ਸਨੇਹੀਆਂ ਦੇ ਇਕੱਤਰ ਸਮੂਹ ਨੂੰ ਜੰਞ ਕਹਿੰਦੇ ਹਨ। ਖੇਤਰੀ ਬੋਲੀ ਦੇ ਵਖਰੇਵੇਂ ਅਨੁਸਾਰ, ਜੰਞ ਨੂੰ ਜੰਨ, ਜਨੇਤ, ਬਰਾਤ ਆਦਿ ਵੀ ਕਿਹਾ ਜਾਂਦਾ ਹੈ। ਬਰਾਤ ਦੇ ਕੋਸ਼ਗਤ ਅਰਥ, ਵਿਆਹ ਸਮੇਂ ਲਾੜੀ ਵਰਨ ਲਈ ਵਰ ਯਾਤਰਾ ਵਜੋਂ ਨਾਲ ਜਾਣ ਵਾਲੀ ਮੰਡਲੀ ਦੇ ਹਨ।

     ਇੱਕ ਧਾਰਨਾ ਅਨੁਸਾਰ, ਤਲਵਾਰ ਆਦਿ ਫੜ ਕੇ ਸ਼ਸਤਰਧਾਰੀ ਲਾੜੇ ਦਾ ਸਰਬਾਲ੍ਹੇ (ਸਹਾਇਕ) ਅਤੇ ਅੰਗਾਂ-ਸਾਕਾਂ ਸਮੇਤ ਘੋੜੀ `ਤੇ ਚੜ੍ਹ ਕੇ ਲਾੜੀ ਨੂੰ ਵਿਆਹੁਣ ਜਾਣਾ ਤਦ ਤੋਂ ਪ੍ਰਚਲਿਤ ਹੋਇਆ ਜਦ ਤੋਂ ਸੁੰਨੇ, ਉਜਾੜ, ਲੰਮੇਰੇ, ਕੱਚੇ ਅਤੇ ਅਸੁਰੱਖਿਅਕ ਰਾਹਾਂ ਵਿੱਚ ਧਾੜਵੀਆਂ ਜਾਂ ਲੁਟੇਰਿਆਂ ਵੱਲੋਂ ਡੋਲੇ (ਲਾੜੀ, ਜੇਵਰ, ਅਸਬਾਬ ਆਦਿ) ਲੁੱਟਣ ਦੀਆਂ ਵਾਰਦਾਤਾਂ ਸ਼ੁਰੂ ਹੋਈਆਂ। ਪਰ ਅਜੋਕੇ ਸਮੇਂ ਜਦੋਂ ਕਿ ਲੁੱਟਾਂ-ਖੋਹਾਂ ਦਾ ਖ਼ਤਰਾ ਨਹੀਂ ਹੈ, ਜੰਞ ਦੀ ਰੀਤ ਬਦਲਵੇਂ ਰੂਪ ਵਿੱਚ, ਜੰਞ ਵਿੱਚ ਜਾਣ ਵਾਲੇ ਵਿਅਕਤੀਆਂ ਦੀ ਸ਼ਾਨ, ਅਮੀਰੀ, ਮਾਣ-ਪ੍ਰਤਿਸ਼ਠਾ ਅਤੇ ਕਿਸੇ ਵਿਅਕਤੀ ਵਿਸ਼ੇਸ਼ ਦੀ ਸ਼ਮੂਲੀਅਤ ਨੂੰ ਲਾੜੇ ਦੀ ਪਰਿਵਾਰਿਕ ਸੰਪੰਨਤਾ ਨਾਲ ਜੋੜ ਕੇ ਵੇਖੇ ਜਾਣ ਦੇ ਰੂਪ ਵਿੱਚ ਪ੍ਰਚਲਿਤ ਹੋ ਗਈ ਹੈ। ਇਸ ਲਈ ਹਰ ਜਾਂਞੀ ਦਾ ਦਿੱਖ ਵਜੋਂ ਸਜ-ਸੰਵਰ ਕੇ ਜਾਣਾ ਜੰਞ ਦਾ ਇੱਕ ਵਿਸ਼ੇਸ਼ ਅੰਗ ਬਣ ਗਿਆ ਹੋਇਆ ਹੈ।

     ਲਾੜੇ ਨਾਲ ਵਿਆਹੁਣ ਜਾਣ ਸਮੇਂ ਜੰਞ ਜਾਣ ਨੂੰ ਜੰਞ ਚੜ੍ਹਨਾ ਵੀ ਕਹਿੰਦੇ ਹਨ। ਇੱਕ ਧਾਰਨਾ ਹੈ ਕਿ ਪ੍ਰਾਚੀਨ ਸਮਿਆਂ ਵਿੱਚ ਜਦੋਂ ਵਿਆਹ ਲਈ ਕਿਸੇ ਕਬੀਲੇ ਵੱਲੋਂ ਕਿਸੇ ਦੂਜੇ ਕਬੀਲੇ ਦੀ ਮੁਟਿਆਰ ਨੂੰ ਜ਼ੋਰਾ-ਜਬਰੀ ਚੁੱਕ ਕੇ ਲੈ ਆਉਣ ਦਾ ਪ੍ਰਚਲਨ ਸੀ ਤਦ ਸੰਭਵ ਹੈ ਜੰਞ ਦਾ ਜਾਣਾ ਕਿਸੇ ਧਾੜਵੀ ਦੇ ਰੂਪ ਵਰਗ ਹੀ ਹੋਵੇ, ਇਸੇ ਲਈ ਗੁਰੂ ਨਾਨਕ ਸਾਹਿਬ ਨੇ ਵੀ ਬਾਬਰ ਦੀ ਫ਼ੌਜ ਨੂੰ ਜੰਞ ਕਹਿ ਕੇ ਸੰਬੋਧਨ ਕੀਤਾ। ਪਾਪ ਕੀ ਜੰਞ ਲੈ ਕਾਬਲਹੁ ਧਾਇਆ, ਜੋਰੀ ਮੰਗੇ ਦਾਨ ਵੇ ਲਾਲੋ॥ ਇਉਂ ਲਾੜੇ ਦਾ ਘੋੜੀ `ਤੇ ਚੜ੍ਹਨਾ, ਤਲਵਾਰ ਫੜਨੀ, ਸਹਾਇਕ (ਸਰਬਾਲ੍ਹਾ) ਦੇ ਰੂਪ ਵਿੱਚ ਕਿਸੇ ਸਕੇ-ਸੰਬੰਧੀ ਦਾ ਘੋੜੀ `ਤੇ ਨਾਲ ਬੈਠਣਾ, ਜੰਞ ਤੁਰਨ ਸਮੇਂ ਸ਼ਗਨ-ਅਪਸ਼ਗਨ ਵਿਚਾਰਨੇ, ਜੰਡੀ ਨੂੰ ਟੱਕ ਲਾ ਕੇ ਤਲਵਾਰ ਦੀ ਧਾਰ ਪਰਖਣੀ, ਧਾਰਮਿਕ ਅਸਥਾਨਾਂ `ਤੇ ਮੱਥਾ ਟੇਕ ਕੇ ਰਵਾਨਾ ਹੋਣਾ, ਕਿਸੇ ਮੁਹਿੰਮ ਜਿੱਤਣ ਲਈ ਕੀਤੀ ਜਾਣ ਵਾਲੀ ਚੜ੍ਹਾਈ ਦੇ ਹੀ ਪ੍ਰਤਿਰੂਪ ਹਨ।

     ਵਿਆਹ ਸਮੇਂ ਜੰਞ ਨਾਲ ਸੰਬੰਧਿਤ ਰਸਮਾਂ-ਰਿਵਾਜ ਇੱਕ ਤਰ੍ਹਾਂ ਮੁਖਤਾ ਰੂਪ ਵਿੱਚ ਲਾੜੇ ਨਾਲ ਹੀ ਜੁੜੇ ਹੋਏ ਹਨ। ਵਿਆਹ ਸਮੇਂ ਜੰਞ ਦਾ ਮੁੱਢ ਓਦੋਂ ਤੋਂ ਹੀ ਬੱਝਣਾ ਸ਼ੁਰੂ ਹੁੰਦਾ ਹੈ ਜਦੋਂ ਲਾੜੇ ਨੂੰ ਖਾਰੇ ਨ੍ਹਾਉਣ ਤੋਂ ਮਗਰੋਂ ਉਚੇਚਾ ਪਹਿਰਾਵਾ ਪਹਿਨਾਇਆ ਜਾਂਦਾ ਹੈ। ਖਾਰੇ ਲਾਹੁਣ ਤੋਂ ਲੈ ਕੇ ਜੰਞ ਦੇ ਜਾਣ ਤੱਕ ਲਾੜੇ ਨਾਲ ਸੰਬੰਧਿਤ ਕਈ ਰਸਮਾਂ ਨਿਭਾਈਆਂ ਜਾਂਦੀਆਂ ਹਨ ਜੋ ਥੋੜ੍ਹੇ ਜਿਹੇ ਖੇਤਰੀ ਫ਼ਰਕ ਨਾਲ ਪੰਜਾਬ ਦੇ ਹਰ ਖਿੱਤੇ ਵਿੱਚ ਮਿਲਦੀਆਂ ਹਨ। ਜਿਵੇਂ, ਲਾੜੇ ਵੱਲੋਂ ਚਿਹਰਾ ਕੱਜਣ ਲਈ ਮੱਥੇ ਪੁਰ ਸਿਹਰਾ ਬੰਨ੍ਹਣਾ, ਜੰਞ ਦੇ ਰਵਾਨਾ ਹੋਣ ਤੋਂ ਪਹਿਲਾਂ ਧਾਰਮਿਕ ਅਸਥਾਨ, ਜਿਵੇਂ ਜਠੇਰਿਆਂ ਦਾ ਅਸਥਾਨ, ਗੁਰਦੁਆਰਾ, ਮੰਦਿਰ, ਸ਼ਿਵ ਦੁਆਲਾ ਜਾਂ ਖੇੜੇ ਆਦਿ `ਤੇ ਮੱਥਾ ਟੇਕਣ ਸਮੇਂ, ਸਿਰ ਪੁਰ ਚੰਦੋਆ ਤਾਣਨਾ, ਸਰਬਾਲ੍ਹੇ ਦਾ ਲਾੜੇ ਦੇ ਅੰਗ-ਸੰਗ ਰਹਿਣਾ, (ਮਾਲਵਾ ਖੇਤਰ ਵਿੱਚ) ਭੈਣਾਂ ਦੁਆਰਾ ਲਾੜੇ ਦਾ ਬਾਰ (ਦਰਵਾਜ਼ਾ) ਰੋਕਣਾ ਅਤੇ ਵਾਗ ਫੜਨੀ, ਜਿਸਦੇ ਪ੍ਰਤਿਉੱਤਰ ਵਜੋਂ ਲਾੜੇ ਵੱਲੋਂ ਭੈਣ ਨੂੰ ਰੁਪੈ ਪੈਸੇ ਦੇ ਰੂਪ ਵਿੱਚ ਸ਼ਗਨ ਦੇਣਾ, ਭਰਜਾਈ ਨੇ ਪ੍ਰਤੀਕਾਤਮਕ ਜਿੱਤ ਦੀ ਖ਼ੁਸ਼ੀ ਵਿੱਚ (ਨਜ਼ਰ ਤੇਜ਼ ਕਰਨ ਦੀ ਇੱਛਾ ਅਧੀਨ) ਸੁਰਮਾਂ ਪਾਉਣਾ ਅਤੇ ਜੰਡੀ ਵੱਢਣ ਆਦਿ ਦੀਆਂ ਰਸਮਾਂ ਸ਼ਾਮਲ ਹਨ। ਜੰਡੀ ਨੂੰ ਟੱਕ ਲਾਉਣ ਦੀ ਰਸਮ ਬਾਰੇ ਤਾਂ ਕਈ ਗੀਤ ਵੀ ਮਿਲਦੇ ਹਨ, ਜਿਵੇਂ

ਜੇ ਤੂੰ ਚੜ੍ਹਿਆ ਘੋੜੀ ਵੇ

ਤੇਰੇ ਨਾਲ ਭਰਾਵਾਂ ਜੋੜੀ ਵੇ

ਜੇ ਤੂੰ ਵੱਢ੍ਹੀ ਜੰਡੀ ਵੇ

ਤੇਰੀ ਮਾਂ ਨੇ ਸ਼ੱਕਰ ਵੰਡੀ ਵੇ...।

ਇਤਿਆਦਿ...

     ਜੰਞ ਦੀ ਤਿਆਰੀ ਹਿਤ ਕੀਤੀਆਂ ਜਾਣ ਵਾਲੀਆਂ ਬਹੁਤੀਆਂ ਰਸਮਾਂ ਵਿੱਚ ਵਧੇਰੇ ਸ਼ਮੂਲੀਅਤ ਇਸਤਰੀਆਂ ਦੀ ਹੁੰਦੀ ਹੈ। ਇਹਨਾਂ ਨਿੱਕੀਆਂ ਰਸਮਾਂ ਸਮੇਂ ਜੰਞ ਜਾਣ ਵਾਲੇ ਗੱਭਰੂ, ਅੰਗ-ਸਾਕ ਉਚੇਚੇ ਪਹਿਰਾਵੇ ਵਿੱਚ ਤਿਆਰ ਹੁੰਦੇ ਰਹਿੰਦੇ ਹਨ। ਪਹਿਲੇ ਸਮਿਆਂ ਵਿੱਚ ਗੱਭਰੂ ਕੰਠੇ, ਮਾਮੇ ਮੁਰਕੀਆਂ, ਤੁੰਗਲ, ਨੱਤੀਆਂ, ਤਵੀਤ, ਮਾਵਾ ਲੱਗੀਆਂ ਪੱਗਾਂ, ਟੌਰੇ, ਸ਼ਮਲੇ, ਰੇਸ਼ਮੀ ਚਾਦਰਿਆਂ ਆਦਿ ਦੇ ਮੜਕਵੇਂ ਪਹਿਰਾਵੇ ਨਾਲ ਜੰਞ ਵਿੱਚ ਜਾਇਆ ਕਰਦੇ ਸਨ। ਜਿਨ੍ਹਾਂ ਸਮਿਆਂ ਵਿੱਚ ਜੰਞ ਬੈਲ-ਗੱਡੀਆਂ, ਊਠਾਂ, ਘੋੜੀਆ ਜਾਂ ਗੱਡਿਆਂ ਆਦਿ `ਤੇ ਜਾਇਆ ਕਰਦੀ ਸੀ, ਉਹਨਾਂ ਸਮਿਆਂ ਵਿੱਚ ਜੰਞ ਵਿੱਚ ਲੈ ਕੇ ਜਾਣ ਵਾਲੇ ਬੈਲਾਂ, ਊਠਾਂ, ਘੋੜੀਆਂ ਆਦਿ ਨੂੰ ਵੀ ਸ਼ਿੰਗਾਰ ਕੇ ਲਿਜਾਇਆ ਜਾਂਦਾ ਸੀ। ਜੰਞ ਜਾਣ ਵਾਲਾ ਪੈਂਡਾ ਦੁਰੇਡਾ ਹੁੰਦਾ ਤਾਂ ਜੰਞ ਨਾਲ ਬੈਲਾਂ ਦੁਆਰਾ ਖਿੱਚੀ ਜਾਣ ਵਾਲੀ ਰਥ (ਗਡ ਬਹਿਲ) ਵੀ ਭੇਜੀ ਜਾਂਦੀ ਜੋ ਸੰਬੰਧਿਤ ਪਰਿਵਾਰ ਦੇ ਲਾਗੀ ਹੋਣ ਵਜੋਂ ਅਕਸਰ ਪਿੰਡਾਂ ਦੇ ਤਰਖਾਣ ਲੈ ਕੇ ਜਾਂਦੇ। ਇਹ ਰਥ ਚੁਫੇਰਿਉਂ ਬਾਗ ਫੁਲਕਾਰੀਆਂ ਨਾਲ ਢਕ ਕੇ ਸ਼ਿੰਗਾਰੀ ਹੁੰਦੀ। ਜਿਸ ਵਿੱਚ ਸਜ-ਵਿਆਹੀ ਵਹੁਟੀ ਅਤੇ ਉਸ ਨਾਲ ਪਹਿਲੇ ਫੇਰੇ ਆਉਣ ਵਾਲੀ ਨੈਣ ਨੇ ਬੈਠ ਕੇ ਆਉਣਾ ਹੁੰਦਾ ਹੈ।

     ਜੰਞ ਵਿੱਚ ਲੈ ਕੇ ਜਾਣ ਵਾਲੇ ਵਿਅਕਤੀਆਂ ਦੀ ਚੋਣ ਪਰਿਵਾਰਿਕ ਸਾਕਾਦਾਰੀ ਦੀ ਦਰਜਾਬੰਦੀ ਵਜੋਂ ਕੀਤੀ ਜਾਂਦੀ ਹੈ। ਕਈ ਹਾਲਤਾਂ ਵਿੱਚ ਲਾੜੀ ਵਾਲੀ ਧਿਰ ਵੱਲੋਂ ਜੰਞ ਵਿੱਚ ਆਉਣ ਵਾਲੇ ਵਿਅਕਤੀਆਂ ਦੀ ਗਿਣਤੀ ਵਜੋਂ ਸੀਮਾ ਨਿਰਧਾਰਿਤ ਕੀਤੀ ਹੁੰਦੀ ਹੈ, ਅਜਿਹੀ ਹਾਲਤ ਵਿੱਚ ਜੰਞ ਲਈ ਅਤਿ ਨੇੜਲੀ ਸਾਕਾਦਾਰੀ ਵਿੱਚੋਂ ਚੋਣ ਕੀਤੀ ਜਾਂਦੀ ਹੈ। ਬੰਦਿਸ਼ ਨਾ ਹੋਣ ਦੀ ਸੂਰਤ ਵਿੱਚ ਵੀ ਗ਼ੈਰ-ਵਾਕਿਫ਼ ਵਿਅਕਤੀ ਨੂੰ ਜੰਞ ਵਿੱਚ ਲੈ ਕੇ ਜਾਣ ਤੋਂ ਸੰਕੋਚ ਪ੍ਰਗਟ ਕੀਤਾ ਜਾਂਦਾ ਹੈ, ਪਰ ਲਾੜੇ ਦੇ ਮਿੱਤਰਾਂ ਨੂੰ ਪਰਿਵਾਰ ਦੇ ਗ਼ੈਰ-ਵਾਕਿਫ਼ ਹੋਣ ਦੀ ਛੋਟ ਹੁੰਦੀ ਹੈ।

     ਜੰਞ ਦਾ ਸਮੁੱਚਾ ਮੰਤਵ, ਵਿਆਹ ਸਮੇਂ ਲਾੜੇ ਦੇ ਪਰਿਵਾਰ ਲਈ ਇੱਕ ਸਹਿਯੋਗੀ ਧਿਰ ਦੀ ਭੂਮਿਕਾ ਨਿਭਾਉਣਾ ਹੁੰਦਾ ਹੈ। ਇਹਨਾਂ ਕਾਰਜਾਂ ਵਿੱਚ ਲਾੜੀ ਦੇ ਘਰ ਨੇੜੇ ਜੰਞ ਦੇ ਢੁੱਕਣ (ਵਿਸਤਾਰ ਲਈ ਵੇਖੋ: ਢੁਕਾਅ) ਤੋਂ ਲੈ ਕੇ ਮਿਲਣੀ, ਲਾਵਾਂ-ਫੇਰੇ, ਅਤੇ ਵਿਦਾਈ, (ਵਿਸਤਾਰ ਲਈ ਵੇਖੋ: ਵਿਦਾਈ) ਪਹਿਲੇ ਸਮਿਆਂ ਵਿੱਚ ਜੰਞ ਦੇ ਰਾਤ ਨੂੰ ਰਹਿਣ ਸਮੇਂ ਖਾਧੀ ਜਾਣ ਵਾਲੀ ਕੁਆਰੀ ਰੋਟੀ, ਲਾੜੇ ਦਾ ਪਲੰਘੇ ਬਹਿਣਾ ਆਦਿ ਕਈ ਰਸਮਾਂ ਹਨ ਜਿਨ੍ਹਾਂ ਵਿੱਚ ਜੰਞ ਵਿੱਚ ਆਏ ਵਿਅਕਤੀਆਂ ਦੀ ਸ਼ਮੂਲੀਅਤ ਜ਼ਰੂਰੀ ਸਮਝੀ ਜਾਂਦੀ ਹੈ।

     ਲਾੜੀ (ਕੰਨਿਆ) ਵਾਲੀ ਧਿਰ ਦੀ ਹਰ ਸੰਭਵ ਕੋਸ਼ਿਸ਼, ਜੰਞ ਵਿੱਚ ਆਏ ਵਿਅਕਤੀਆਂ ਦੀ ਆਦਰ-ਮਾਣ ਨਾਲ ਆਉ ਭਗਤ ਕਰਨ ਦੀ ਹੁੰਦੀ ਹੈ। ਪਹਿਲੇ ਸਮਿਆਂ ਵਿੱਚ ਇਸਤਰੀਆਂ ਦਾ ਜੰਞ ਵਿੱਚ ਜਾਣਾ ਨਿਸ਼ੇਧ ਸਮਝਿਆ ਜਾਂਦਾ ਸੀ ਜਦ ਕਿ ਅਜੋਕੇ ਸਮੇਂ ਇਸਤਰੀਆਂ ਦੇ ਨਾਲ- ਨਾਲ ਵਾਕਫ਼ਾਂ ਅਤੇ ਗ਼ੈਰ-ਬਰਾਦਰੀ ਦੇ ਲੋਕਾਂ ਦੀ ਸ਼ਮੂਲੀਅਤ ਵੀ ਹੋਣ ਲੱਗ ਪਈ ਹੈ। ਆਵਾਜਾਈ ਦੇ ਸਾਧਨ ਬਦਲਣ ਨਾਲ ਜੰਞ ਮੋਟਰ-ਕਾਰਾਂ ਤੇ ਜਾਣ ਲੱਗੀ ਹੈ ਅਤੇ ਕੰਨਿਆ ਵਾਲੀ ਧਿਰ ਦੇ ਘਰ ਰਾਤ ਠਹਿਰਨ ਦਾ ਰਿਵਾਜ ਵੀ ਨਹੀਂ ਹੈ। ਲਾੜੀ ਨੂੰ ਜੰਞ ਦੁਆਰਾ ਵਿਆਹ ਕੇ ਲਿਆਉਣਾ, ਲਾੜੀ ਪ੍ਰਤਿ ਸਤਿਕਾਰ ਅਤੇ ਦੁਵੱਲੇ ਰਿਸ਼ਤੇ ਨੂੰ ਸਮਾਜਿਕ ਪ੍ਰਵਾਨਗੀ ਦੀ ਸੂਚਕ ਸਮਝੇ ਜਾਣ ਦੀ ਰੀਤ ਹੈ।


ਲੇਖਕ : ਗੁਰਬਖ਼ਸ਼ ਸਿੰਘ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 9330, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਜੰਞ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਜੰਞ (ਨਾਂ,ਇ) ਕੰਨਿਆਂ ਵਿਆਹੁਣ ਜਾਣ ਸਮੇਂ ਲਾੜੇ ਨਾਲ ਜਾਣ ਵਾਲੇ ਅੰਗ-ਸਾਕ ਅਤੇ ਸਹਿਯੋਗੀ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9328, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਜੰਞ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਜੰਞ [ਨਾਂਇ] ਵੇਖੋ ਜੰਜ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9314, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਜੰਞ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਜੰਞ. ਸੰ. ਜਨ੍ਯ. ਸੰਗ੍ਯਾ—ਜਨੇਤ. ਬਰਾਤ. ਦੇਖੋ, ਜੰਨ ੨. “ਹਰਿਜਨ ਮਿਲਿ ਜੰਞ ਸੁਹੰਦੀ.” (ਸ੍ਰੀ ਛੰਤ ਮ: ੪)


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9028, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਜੰਞ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਜੰਞ (ਸੰ.। ਪੁ.। ਪੰਜਾਬੀ ਜਨ+ਅੰਞੇ=ਆਏ ਹੋਏ ਲੋਕ) ਜਨੇਤ, ਲਾੜੇ ਨਾਲ ਆਏ ਹੋਏ ਲੋਕ। ਯਥਾ-‘ਪਾਪ ਕੀ ਜੰਞ ਲੈ ਕਾਬਲਹੁ ਧਾਇਆ’।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 8991, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਜੰਞ ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਜੰਞ : ਵੇਖੋ ‘ਪੱਤਲ’

ਪੱਤਲ : ਪਿਛਲੀਆਂ ਡੇਢ ਦੋ ਸਦੀਆਂ ਤੋਂ ਪੰਜਾਬ ਅਤੇ ਵਿਸ਼ੇਸ਼ਕਰ ਮਾਲਵੇ ਵਿਚ ਵਿਆਹ ਸਮੇਂ ਤੀਵੀਆਂ ਵੱਲੋਂ ਪੱਤਲ ਬੰਨ੍ਹਣ ਅਤੇ ਕਿਸੇ ਬਰਾਤੀ ਵੱਲੋਂ ਉਹ ਪੱਤਲ ਛੁਡਾਉਣ ਦੇ ਰਿਵਾਜ ਜਾਂ ਘਟਨਾ ਨੂੰ ਕਵੀਸ਼ਰਾਂ ਨੇ ਪੱਤਲ ਜਾਂ ਜੰਞ ਨਾਮਕ ਕਾਵਿ–ਰੂਪ ਵਿਚ ਬਿਆਨਿਆ ਹੈ। ਪੁਰਾਣੇ ਸਮੇਂ ਵਿਚ ਬਰਾਤ ਨੂੰ ਬਿਰਖਾਂ ਦੇ ਪੱਤਿਆਂ ਨਾਲ ਬਣਾਈ ਪੱਤਲ ਉੱਤੇ ਭੋਜਨ ਖੁਆਉਣ ਦਾ ਰਿਵਾਜ ਸੀ। ਆਮ ਤੌਰ ਤੇ ਫੇਰਿਆਂ ਜਾਂ ਆਨੰਦ ਕਾਰਜ ਮਗਰੋਂ ਦੁਪਹਿਰ ਦੇ ਭੋਜਨ ਸਮੇਂ ਬਰਾਤ ਦੀ ਪੱਤਲ ਬੰਨ੍ਹੀ ਜਾਂਦੀ ਸੀ। ਕਈ ਵਾਰੀ ਬਰਾਤ ਦੇ ਆਉਣ ’ਤੇ ਰਾਤ ਦੇ ਭੋਜਨ ਸਮੇਂ ਵੀ ਇਹ ਕ੍ਰਿਆ ਆਰੰਭ ਹੋ ਜਾਂਦੀ ਸੀ। ਭੋਜਨ ਪਰੋਸੇ ਜਾਣ ਤੋਂ ਐਨ ਬਾਅਦ ਮੇਲਣਾਂ ਵਿਚੋਂ ਕੋਈ ਤੀਵੀਂ ਕੁਝ ਕਵਿ–ਸੱਤਰਾਂ ਗਾ ਕੇ ਜੰਞ ਨੂੰ ਰੋਟੀ ਖਾਣ ਤੋਂ ਵਰਜ ਦਿੰਦੀ, ਇਸ ਨੂੰ ਜੰਞ ਜਾਂ ਪੱਤਲ ਬੰਨ੍ਹਣਾ ਆਖਿਆ ਜਾਂਦਾ ਸੀ। ਤਦ ਬਰਾਤੀਆਂ ਵਿਚੋਂ ਕਈ ਵਿਅਕਤੀ ਪ੍ਰਸੰਗ ਨਾਲ ਢੁੱਕਵੀਆਂ ਕਾਵਿ ਪੰਗਤੀਆਂ ਬੋਲ ਜਾਂ ਗਾ ਕੇ ਪੱਤਲ ਛੁਡਾਂਦਾ ਸੀ। ਇਹ ਵਿਅਕਤੀ ਆਮ ਤੌਰ ਤੇ ਕਵੀ ਜਾਂ ਕਾਵਿ ਪ੍ਰੇਮੀ ਹੁੰਦਾ ਸੀ। ਜੇ ਪੱਤਲ ਛੁਡਾਏ ਬਿਨਾ ਜੀ ਜੰਞ ਖਾਣਾ ਖਾਣ ਲੱਗ ਜਾਂਦੀ ਤਾਂ ਉਸ ਦੀ ਬੌਧਿਕ ਤੇ ਅਖ਼ਲਾਕੀ ਹਾਰ ਮੰਨੀ ਜਾਂਦੀ ਤੇ ਮੇਲਣਾਂ ਸਿੱਠਣੀਆਂ ਦੇ ਕੇ ਬਰਾਤੀਆਂ ਨੂੰ ਕਾਫ਼ੀ ਲਜਿੱਤ ਕਰਦੀਆਂ। ਇਨ੍ਹਾਂ ਸਿੱਠਣੀਆਂ ਵਿਚ ਅਸ਼ਲੀਲਤਾ ਦਾ ਅੰਸ਼ ਹੋਣ ਕਾਰਣ ਸਿੰਘ ਸਭਾਈ ਅਤੇ ਆਰਯ ਸਮਾਜੀ ਸੁਧਾਰਕਾਂ ਨੇ ਇਸ ਰਸਮ ਦਾ ਕਾਫ਼ੀ ਵਿਰੋਧ ਕੀਤਾ। ਅਪੱਤਲ ਸਦਾ ਛੰਦ–ਬੱਧੀ ਹੁੰਦੀ ਹੈ ਪਰੰਤੂ ਇਸ ਲਈ ਕਿਸੇ ਇਕ ਛੰਦ ਦੀ ਸ਼ਬਤ ਨਹੀਂ ਹੈ। ਇਹ ਕਿਸੇ ਇਕ ਜਾਂ ਕਈ ਛੰਦਾਂ ਵਿਚ ਲਿਖੀ ਜਾ ਸਕਦੀ ਹੈ। ਇਸ ਵਿਚ ਹਾਸ ਰਸ ਦੀ ਮਾਤ੍ਰਾ ਬਾਕੀ ਰਸਾਂ ਤੋਂ ਵੱਧ ਹੁੰਦੀ ਹੈ। ਪੰਜਾਬੀ ਵਿਚ ਢੇਡ ਸੌ ਤੋਂ ਵੱਧ ਪੱਤਲਾਂ ਪ੍ਰਾਪਤ ਹਨ। ਕਵੀ ਭਗਵਾਨ ਸਿੰਘ, ਜੀਵਾ ਸਿੰਘ, ਕੇਹਰ ਸਿੰਘ, ਨੱਥਾ ਸਿੰਘ, ਪੂਰਨ ਚੰਦ, ਬੂੜ ਸਿੰਘ, ਰਣ ਸਿੰਘ, ਰਾਮ ਸਿੰਘ ਸਿੱਧੂ ਅਤੇ ਵਰਿਆਮ ਸਿੰਘ ਦੀਆਂ ਪੱਤਲਾਂ ਜਾਂ ਜੰਞਾਂ ਵਧੇਰੇ ਪ੍ਰਸਿੱਧ ਹਨ।

          [ਸਹਾ. ਗ੍ਰੰਥ––ਡਾ. ਗੁਰਦੇਵ ਸਿੰਘ : ‘ਪੱਤਲ ਕਾਵਿ’; ਪਿਆਰਾ ਸਿੰਘ ਪਾਦਮ : ‘ਪੰਜਾਬੀ ਜੰਞਾਂ’]

                                                                                                      


ਲੇਖਕ : ਡਾ. ਪ੍ਰੀਤਮ ਸੈਨੀ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 7368, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-13, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.