ਜੰਮੂ ਰਿਆਸਤ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਜੰਮੂ ਰਿਆਸਤ: ਇਕ ਪਹਾੜੀ ਰਿਆਸਤ ਜੋ ਅਜ ਕਲ ‘ਜੰਮੂ ਅਤੇ ਕਸ਼ਮੀਰ ’ ਨਾਂ ਦੇ ਪ੍ਰਾਂਤ ਦਾ ਇਕ ਪ੍ਰਮੁਖ ਭਾਗ ਹੈ। ਇਸ ਵਿਚ ਜੰਮੂ, ਕਠੂਆ, ਊਧਮਪੁਰ, ਦੋਦਾ , ਪੁੰਛ ਆਦਿ ਜ਼ਿਲ੍ਹੇ ਸ਼ਾਮਲ ਹਨ। ਦੇਸ਼ ਦੀ ਵੰਡ ਤਕ ਇਸ ਉਤੇ ਡੋਗਰੇ ਰਾਜਪੂਤਾਂ ਦਾ ਰਾਜ ਕਿਹਾ ਹੈ। ਮਹਾਰਾਜਾ ਰਣਜੀਤ ਸਿੰਘ ਨੇ ਇਸ ਨੂੰ ਜਿਤ ਕੇ ਆਪਣੇ ਰਾਜ ਦੇ ਕਸ਼ਮੀਰ ਸੂਬੇ ਦਾ ਅੰਗ ਬਣਾਇਆ। ਇਥੋਂ ਦਾ ਡੋਗਰਾ ਰਾਜਪੂਤ ਧਿਆਨ ਸਿੰਘ, ਮਹਾਰਾਜਾ ਰਣਜੀਤ ਸਿੰਘ ਦਾ ਪ੍ਰਧਾਨ ਮੰਤਰੀ ਰਿਹਾ ਹੈ। ਉਸ ਦੇ ਦੋ ਹੋਰ ਭਰਾ , ਗੁਲਾਬ ਸਿੰਘ ਅਤੇ ਸਚੇਤ ਸਿੰਘ, ਵੀ ਲਾਹੌਰ ਦਰਬਾਰ ਵਿਚ ਉੱਚੇ ਔਹਦਿਆਂ ਉਤੇ ਲਗੇ ਹੋਏ ਸਨ। ਪੰਜਾਬ ਉਤੇ ਕਬਜ਼ਾ ਕਰਨ ਉਪਰੰਤ ਅੰਗ੍ਰੇਜ਼ਾਂ ਨੇ ਕਸ਼ਮੀਰ ਦਾ ਸੂਬਾ ਰਾਜਾ ਗੁਲਾਬ ਸਿੰਘ ਨੂੰ ਜੰਮੂ ਸਮੇਤ 75 ਲੱਖ ਰੁਪਏ ਵਿਚ ਵੇਚ ਦਿੱਤਾ। ਉਸੇ ਦੀ ਸੰਤਾਨ ਇਸ ਉਤੇ ਕਾਬਜ਼ ਰਹੀ। ਖ਼ਾਲਸਾ ਰਾਜ ਦੀ ਤਬਾਹੀ ਵਿਚ ਇਨ੍ਹਾਂ ਤਿੰਨਾਂ ਭਰਾਵਾਂ ਨੇ ਬੜੀ ਨਕਾਰਾਤਮਕ ਭੂਮਿਕਾ ਨਿਭਾਈ।
ਸੰਨ 1947 ਈ. ਵਿਚ ਜਦੋਂ ਦੇਸ਼ ਦੀ ਵੰਡ ਹੋਈ ਤਾਂ ਉਦੋਂ ਦੇ ਮਹਾਰਾਜਾ ਹਰੀ ਸਿੰਘ ਨੇ ਕਸ਼ਮੀਰ ਨੂੰ ਸੁਤੰਤਰ ਰਖਣ ਦਾ ਯਤਨ ਕੀਤਾ, ਪਰ ਕਬਾਇਲੀਆਂ ਵਲੋਂ ਹਮਲਾ ਕੀਤੇ ਜਾਣ ਕਾਰਣ ਮਹਾਰਾਜਾ ਹਰੀ ਸਿੰਘ ਨੇ ਭਾਰਤ ਨਾਲ ਰਲਣ ਦਾ ਫ਼ੈਸਲਾ ਕੀਤਾ। ਸੰਨ 1952 ਈ. ਵਿਚ ਕਸ਼ਮੀਰ ਵਿਚ ਰਾਜ-ਸੱਤਾ ਖ਼ਤਮ ਕਰ ਦਿੱਤੀ ਗਈ ਅਤੇ ਸੰਨ 1957 ਈ. ਵਿਚ ਇਸ ਨੂੰ ਭਾਰਤੀ ਸੰਵਿਧਾਨ ਅਧੀਨ ਲਿਆ ਕੇ ਇਸ ਰਾਜ ਦਾ ਨਾਂ ‘ਜੰਮੂ ਅਤੇ ਕਸ਼ਮੀਰ’ ਰਖਿਆ ਗਿਆ ਅਤੇ ਇਸ ਨੂੰ ਹੋਰਨਾਂ ਪ੍ਰਾਂਤਾਂ ਨਾਲੋਂ ਕੁਝ ਵਖਰਾ ਦਰਜਾ ਵੀ ਦਿੱਤਾ ਗਿਆ।
ਜੰਮੂ ਖੇਤਰ ਦਾ ਮੁੱਖ ਨਗਰ ਜੰਮੂ ਹੈ ਜੋ ਤਵੀ ਨਦੀ ਦੇ ਸੱਜੇ ਕੰਢੇ ਉਤੇ ਵਸਿਆ ਹੈ। ਪਹਿਲਾਂ ਇਹ ਨਦੀ ਦੇ ਕੇਵਲ ਸੱਜੇ ਕੰਢੇ ਉਤੇ ਵਸਿਆ ਸੀ ਪਰ ਬਾਦ ਵਿਚ ਦੋਹਾਂ ਪਾਸੇ ਇਹ ਨਗਰ ਪਸਰ ਗਿਆ ਹੈ। ਰਵਾਇਤ ਅਨੁਸਾਰ ਇਹ ਨਗਰ ਰਾਜਾ ਜਾਂਮੂ ਲੋਚਨ ਨੇ ਵਸਾਇਆ ਸੀ ਜੋ ਰਘੂ ਕੁਲ ਦਾ ਸੂਰਜਵੰਸ਼ੀ ਰਾਜਾ ਸੀ। ਤਵੀ ਨਦੀ ਦੇ ਸੱਜੇ ਕੰਢੇ ਤੇ ਵਸਣ ਵਾਲੇ ਰਾਜਪੂਤ ‘ਜਮਵਾਲ’ ਅਖਵਾਉਂਦੇ ਸਨ ਅਤੇ ਖੱਬੇ ਕੰਢੇ ਵਾਲੇ ‘ਬਾਹਵਾਲ’।
‘ਰਾਜਤਰੰਗਣੀ’ ਅਨੁਸਾਰ ਦਸਵੀਂ-ਯਾਰ੍ਹਵੀਂ ਸਦੀਆਂ ਤੋਂ ਜੰਮੂ ਨਗਰ ਰਿਆਸਤ ਦਾ ਸਦਰ-ਮੁਕਾਮ ਚਲਿਆ ਆ ਰਿਹਾ ਹੈ। ਦਰਵਾਜ਼ਿਆਂ ਦੇ ਖੰਡਰਾਂ ਤੋਂ ਪਤਾ ਚਲਦਾ ਹੈ ਕਿ ਕਦੇ ਇਸ ਨਗਰ ਦੇ ਇਰਦ-ਗਿਰਦ ਪ੍ਰਕੋਟਾ ਬਣਿਆ ਹੋਇਆ ਸੀ। ਹੁਣ ਇਹ ਜੰਮੂ ਅਤੇ ਕਸ਼ਮੀਰ ਪ੍ਰਾਂਤ ਦੀ ਸਰਦੀਆਂ ਦੀ ਰਾਜਧਾਨੀ ਵੀ ਹੈ। ਨਗਰ ਵਿਚ ਥਾਂ ਥਾਂ ਖਿਲਰੇ ਪਏ ਖੰਡਰ ਇਸ ਗੱਲ ਦੀ ਗਵਾਹੀ ਦਿੰਦੇ ਹਨ ਕਿ ਇਹ ਨਗਰ ਬਹੁਤ ਪੁਰਾਤਨ ਹੈ। ਤਵੀ ਨਦੀ ਦੇ ਖੱਬੇ ਕੰਢੇ’ਤੇ ਪੁਰਾਣਾ ਕਿਲ੍ਹਾ ਹੈ ਜੋ ਨਦੀ ਦੇ ਜਲ ਤੋਂ ਲਗਭਗ 15 ਫੁਟ ਉੱਚਾ ਬਣਿਆ ਹੋਇਆ ਹੈ।
ਭਾਈ ਸੰਤੋਖ ਸਿੰਘ ਨੇ ‘ਗੁਰੂ ਨਾਨਕ ਪ੍ਰਕਾਸ਼ ’ ਵਿਚ ਲਿਖਿਆ ਹੈ ਕਿ ਇਥੇ ਗੁਰੂ ਨਾਨਕ ਦੇਵ ਜੀ ਪਧਾਰੇ ਸਨ, ਪਰ ਇਸ ਨਗਰ ਵਿਚ ਗੁਰੂ ਜੀ ਦੀ ਆਮਦ ਸੰਬੰਧੀ ਹੁਣ ਕੋਈ ਸਮਾਰਕ ਮੌਜੂਦ ਨਹੀਂ ਹੈ। ਜੰਮੂ ਨਗਰ ਵਿਚ ਪ੍ਰਸਿੱਧ ਸੇਵਾਪੰਥੀ ਸਾਧਕ ਭਾਈ ਅੱਡਣਸ਼ਾਹ ਨੇ ਆਪਣਾ ਡੇਰਾ ਸਥਾਪਿਤ ਕੀਤਾ ਸੀ ਜਿਸ ਵਿਚ ਅਨੇਕ ਧਰਮ-ਸਾਧਕ ਹਰਿ-ਭਗਤੀ ਵਿਚ ਲੀਨ ਰਹਿੰਦੇ ਸਨ ਅਤੇ ਧਰਮ ਗ੍ਰੰਥਾਂ ਦੀ ਵਿਆਖਿਆ ਹੁੰਦੀ ਸੀ। ਇਸ ਨਗਰ ਵਿਚ ਹੀ ਭਾਈ ਅੱਡਣਸ਼ਾਹ ਦਾ ਸੰਨ 1757 ਈ. ਵਿਚ ਦੇਹਾਂਤ ਹੋਇਆ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1896, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First