ਜੱਥਾ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਜੱਥਾ: ਸੰਸਕ੍ਰਿਤ ਦੇ ‘ਯੂਥ’ ਸ਼ਬਦ ਤੋਂ ਵਿਉਤਪੰਨ ਇਸ ਸ਼ਬਦ ਦਾ ਅਰਥ ਹੈ ਟੋਲਾ , ਗਰੋਹ , ਸਮੂਹ ਆਦਿ। ਸਿੱਖ ਸਮਾਜ ਵਿਚ ਹੁਣ ਇਹ ਸ਼ਬਦ ਸਿੱਖਾਂ ਦੇ ਟੋਲੇ ਲਈ ਰੂੜ੍ਹ ਹੋ ਚੁਕਿਆ ਹੈ। ਬੰਦਾ ਬਹਾਦਰ ਦੀ ਸ਼ਹਾਦਤ ਤੋਂ ਬਾਦ ਜਦੋਂ ਸਿੱਖਾਂ ਉਤੇ ਜ਼ੁਲਮਾਂ ਦੀ ਹਨੇਰੀ ਚੜ੍ਹ ਆਈ, ਤਾਂ ਉਨ੍ਹਾਂ ਨੇ ਆਪਣੀਆਂ ਜਾਨਾਂ ਬਚਾਉਣ ਲਈ ਛੋਟੇ ਛੋਟੇ ਟੋਲਿਆਂ ਵਿਚ ਇਧਰ ਉਧਰ ਲੁਕ ਛਿਪ ਕੇ ਸੰਕਟ ਦਾ ਸਮਾਂ ਬਤੀਤ ਕਰਨਾ ਸ਼ੁਰੂ ਕੀਤਾ। ਇਹ ਟੋਲੇ ਹੀ ਜੱਥਿਆਂ ਦੇ ਨਾਂ ਨਾਲ ਪ੍ਰਸਿੱਧ ਹੋਏ ਹਰ ਟੋਲੇ ਦਾ ਮੁਖੀਜੱਥੇਦਾਰ ’ ਅਖਵਾਉਂਦਾ ਸੀ। ਹਰ ਜੱਥੇ ਦੇ ਸਿੰਘਾਂ ਲਈ ਅੰਮ੍ਰਿਤ ਪਾਨ ਕਰਨਾ ਜ਼ਰੂਰੀ ਸੀ। ਚੂੰਕਿ ਉਨ੍ਹਾਂ ਨੇ ਜ਼ਾਲਮਾਂ ਵਿਰੁੱਧ ਗੁਰੀਲਾ ਯੁੱਧ ਕਰਨਾ ਹੁੰਦਾ ਸੀ, ਇਸ ਲਈ ਸ਼ਸਤ੍ਰ ਅਤੇ ਅਸਤ੍ਰ ਨੂੰ ਚਲਾਉਣ ਵਿਚ ਉਨ੍ਹਾਂ ਦਾ ਨਿਪੁਣ ਹੋਣਾ ਜ਼ਰੂਰੀ ਸੀ। ਹਰ ਇਕ ਨੂੰ ਚੰਗਾ ਘੋੜਸਵਾਰ ਵੀ ਹੋਣਾ ਚਾਹੀਦਾ ਸੀ। ਪਰ ਹਰ ਇਕ ਜੱਥੇ ਵਿਚ ਕਿਤਨੇ ਸਿੰਘ ਹੋਣ ? ਇਸ ਬਾਰੇ ਕੋਈ ਗਿਣਤੀ ਨਿਸਚਿਤ ਨਹੀਂ ਸੀ।

            ਸੰਨ 1734 ਈ. ਵਿਚ ਨਵਾਬ ਕਪੂਰ ਸਿੰਘ ਨੇ ਇਨ੍ਹਾਂ ਜੱਥਿਆਂ ਨੂੰ ਬੁੱਢਾ ਦਲ ਅਤੇ ਤਰੁਣਾ ਦਲ ਵਿਚ ਵੰਡ ਦਿੱਤਾ। ਇਨ੍ਹਾਂ ਜੱਥਿਆਂ ਲਈ ਵਿਸਾਖੀ ਅਤੇ ਦੀਵਾਲੀ ਦੇ ਮੌਕਿਆਂ’ਤੇ ਅੰਮ੍ਰਿਤਸਰ ਵਿਚ ਜੁੜਨ ਵਾਲੇ ਸਰਬੱਤ ਖ਼ਾਲਸਾ ਵਿਚ ਸ਼ਾਮਲ ਹੋਣਾ ਜ਼ਰੂਰੀ ਸੀ। ਸਿੱਖਾਂ ਦੀਆਂ ਸਾਂਝੀਆਂ ਸਮਸਿਆਵਾਂ ਜਾਂ ਕਾਰਜਾਂ ਲਈ ‘ਗੁਰਮਤਾ ’ ਕੀਤਾ ਜਾਂਦਾ ਸੀ। ਸੰਨ 1745 ਈ. ਵਿਚ ਇਨ੍ਹਾਂ ਜੱਥਿਆਂ ਨੂੰ ਸੌ, ਸੌ ਸਿੰਘਾਂ ਦੇ 25 ਜੱਥਿਆਂ ਵਿਚ ਵਿਵਸਥਿਤ ਕੀਤਾ ਗਿਆ। ਪੰਜਾਬ ਵਿਚ ਜਿਉਂ ਜਿਉਂ ਮੁਗ਼ਲ ਹਕੂਮਤ ਕਮਜ਼ੋਰ ਹੁੰਦੀ ਗਈ , ਸਿੱਖਾਂ ਦੇ ਜੱਥਿਆਂ ਦੀ ਗਿਣਤੀ ਵਧਦੀ ਗਈ। ਸੰਨ 1748 ਈ. ਤਕ ਹੋਂਦ ਵਿਚ ਆ ਚੁਕੇ 65 ਜੱਥਿਆਂ ਨੂੰ ‘ਦਲ ਖ਼ਾਲਸਾਅਧੀਨ 11 ਮਿਸਲਾਂ (ਫੂਲਕੀਆਂ ਤੋਂ ਬਿਨਾ) ਵਿਚ ਵੰਡ ਦਿੱਤਾ ਗਿਆ। ਇਸ ਤੋਂ ਬਾਦ ਜੱਥੇ ਦੀ ਥਾਂ ‘ਮਿਸਲ ’ ਅਤੇ ਜੱਥੇਦਾਰ ਦੀ ਥਾਂ ‘ਸਰਦਾਰ ’ ਸ਼ਬਦਾਂ ਦੀ ਵਰਤੋਂ ਸ਼ੁਰੂ ਹੋ ਗਈ। ਮਹਾਰਾਜਾ ਰਣਜੀਤ ਸਿੰਘ ਨੇ ਇਹ ਸਾਰੀ ਮਰਯਾਦਾ ਖ਼ਤਮ ਕਰ ਦਿੱਤੀ।

            ਸਿੰਘ ਸਭਾ ਲਹਿਰ ਦੇ ਪ੍ਰਚਾਰ ਪ੍ਰਸਾਰ ਲਈ ਕੀਰਤਨ ਕਰਨ ਵਾਲੇ ਸਿੰਘਾਂ ਦੇ ਜੁਟ ਲਈ ‘ਜੱਥਾ’ ਸ਼ਬਦ ਦੀ ਵਰਤੋਂ ਨਾਲ ਇਸ ਦਾ ਪੁਨਰ ਪ੍ਰਚਲਨ ਸ਼ੁਰੂ ਹੋਇਆ। ਢਾਡੀਆਂ ਦੇ ਜੁਟ ਲਈ ਵੀ ‘ਜੱਥਾ’ ਸ਼ਬਦ ਵਰਤਿਆ ਜਾਣ ਲਗਾ। ਇਸ ਤੋਂ ਬਾਦ ਗੁਰਦੁਆਰਾ ਸੁਧਾਰ ਲਹਿਰ ਦੇ ਚਲਣ ਨਾਲ ਮੋਰਚਿਆਂ ਲਈ ਭੇਜੇ ਜਾਂਦੇ ਸਿੰਘਾਂ ਦੇ ਟੋਲਿਆਂ ਨੂੰ ਵੀ ਜੱਥੇ ਕਿਹਾ ਜਾਣ ਲਗਿਆ। ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਨਾਲ ‘ਦਲ ’ ਸ਼ਬਦ ਦਾ ਵੀ ਪੁਨਰ-ਪ੍ਰਯੋਗ ਆਰੰਭ ਹੋ ਗਿਆ। ਅਕਾਲੀ ਦਲ ਦੀਆਂ ਸ਼ਾਖਾਵਾਂ ਨੂੰ ਜੱਥੇ ਕਿਹਾ ਜਾਣ ਲਗਾ ਅਤੇ ਉਨ੍ਹਾਂ ਦੇ ਮੁਖੀ ਸਿੰਘਾਂ ਲਈ ਜੱਥੇਦਾਰ ਸ਼ਬਦ ਦੀ ਵਰਤੋਂ ਚਲ ਪਈ। ਉਸ ਤੋਂ ਬਾਦ ਅਨੇਕ ਪ੍ਰਕਾਰ ਦੇ ਅੰਦੋਲਨਾਂ ਨੂੰ ਚਲਾਉਣ ਲਈ ਜੱਥੇ ਭੇਜੇ ਜਾਂਦੇ ਰਹੇ। ਅਕਾਲੀਆਂ ਦੇ ਅਨੇਕ ਪ੍ਰਸਿੱਧ ਆਗੂਆਂ ਨੂੰ ‘ਜੱਥੇਦਾਰ’ ਸ਼ਬਦ ਨਾਲ ਵਿਸ਼ਿਸ਼ਟ ਕੀਤਾ ਜਾਣ ਲਗਿਆ। ਹੁਣ ਵੀ ‘ਜੱਥਾ’ ਅਤੇ ‘ਜੱਥੇਦਾਰ’ ਸ਼ਬਦ ਸਿੱਖ ਸਮਾਜ ਵਿਚ ਖ਼ੂਬ ਪ੍ਰਚਲਿਤ ਹਨ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4628, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.