ਝੋਨਾ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਝੋਨਾ (ਨਾਂ,ਪੁ) ਇਸਤਰੀਆਂ ਦੇ ਸਿਰ ਉੱਤੇ ਓੜ੍ਹਨ ਵਾਲਾ ਦੁਪੱਟਾ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5002, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਝੋਨਾ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਝੋਨਾ (ਨਾਂ,ਪੁ) ਜੀਰੀ ਦੀ ਫ਼ਸਲ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5002, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਝੋਨਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਝੋਨਾ 1 [ਨਾਂਪੁ] ਛਿਲਕੇ ਸਮੇਤ ਚਾਵਲ/ਜੀਰੀ/ ਧਾਨ 2 ਓੜਨੀ, ਔਰਤ ਦੇ ਸਿਰ ਦਾ ਦੁਪੱਟਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4994, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਝੋਨਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਝੋਨਾ. ਸੰਗ੍ਯਾ—ਚੀਣਾ. ਕੰਗੁਣੀ ਜੇਹਾ ਸਾਉਂਣੀ ਦਾ ਇੱਕ ਅੰਨ । ੨ ਧਾਨ. Paddy। ੩ ਦੇਖੋ, ਝੋਣਾ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4793, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no

ਝੋਨਾ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਗਿਆਰਵੀਂ, ਭਾਸ਼ਾ ਵਿਭਾਗ ਪੰਜਾਬ

ਝੋਨਾ : ਇਹ ਇਕ ਅਨਾਜ ਵਾਲੀ ਫ਼ਸਲ ਹੈ ਜਿਸ ਤੋਂ ਤਿਆਰ ਕੀਤੇ ਚੌਲ ਕਰੀਬ ਅੱਧੀ ਦੁਨੀਆ ਦੀ ਵਸੋਂ ਭੋਜਨ ਵਜੋਂ ਵਰਤਦੀ ਹੈ। ਚੀਨ, ਜਾਪਾਨ, ਕੋਰੀਆ, ਫ਼ਿਲਪਾਈਨ, ਭਾਰਤ ਅਤੇ ਕਈ ਹੋਰ ਦੇਸ਼ਾ ਵਿਚ ਕਣਕ ਤੋਂ ਵੱਧ ਮਹੱਤਵਪੂਰਨ ਕਾਰਬੋਹਾਈਡ੍ਰੇਟ ਦਾ ਸੋਮਾ ਹੈ। ਪੂਰਬ ਦੇ ਕਈ ਦੇਸ਼ਾਂ ਵਿਚ ਚੌਲਾਂ ਦੀ ਖ਼ਪਤ 90 ਤੋਂ 180 ਕਿ. ਗ੍ਰਾ. ਪ੍ਰਤਿ ਸਾਲ ਪ੍ਰਤਿ ਵਿਅਕਤੀ ਹੈ।
ਭਾਰਤ ਵਿਚ ਫ਼ਸਲ ਸੰਨ 1976-77 ਵਿਚ ਕਰੀਬ 38,606,000 ਹੈਕਟੇਅਰ ਭੂਮੀ ਵਿਚ ਬੀਜੀ ਗਈ ਅਤੇ ਇਸ ਤੋਂ 42,787,000 ਟਨ ਝੋਨੇ ਦੀ ਉਪਜ ਪ੍ਰਾਪਤ ਹੋਈ।
 ਇਸ ਫ਼ਸਲ ਦੀ ਉਤਪਤੀ ਬਾਰੇ ਇਹ ਖ਼ਿਆਲ ਕੀਤਾ ਜਾਂਦਾ ਹੈ ਕਿ ਇਹ ਫ਼ਸਲ ਦੱਖਣੀ ਭਾਰਤ ਦੇ ਊਸ਼ਣ-ਖੰਡੀ ਇਲਾਕੇ ਵਿਚ ਉਤਪੰਨ ਹੋਈ ਅਤੇ ਪੂਰਬੀ ਪਾਸੇ ਵਲ ਚੀਨ ਅਤੇ ਪੱਛਮੀ ਵੱਲ ਪਰਸ਼ੀਆ ਅਤੇ ਮਿਸਰ ਵਿਚ 5000 ਸਾਲ ਪਹਿਲਾਂ ਫੈਲ ਗਈ।


ਦੂਸਰੀਆਂ ਅਨਾਜ ਵਾਲੀਆਂ ਫ਼ਸਲਾਂ ਦੀ ਤਰ੍ਹਾਂ ਝੋਨੇ ਦੀਆਂ ਕਾਸ਼ਤ ਕੀਤੀਆਂ ਜਾਂਦੀਆਂ ਕਿਸਮਾਂ ਇਕੋ ਹੀ ਜਾਤੀ ਨਾਲ ਸਬੰਧਤ ਹਨ ਅਤੇ ਇਨ੍ਹਾਂ ਵਿਚ ਕ੍ਰੋਮੋਸੋਮਾਂ ਦੇ 12 ਜੋੜ ਹੁੰਦੇ ਹਨ। ਇਸ ਦਾ ਪੌਦਾ ਇਕ ਸਾਲ ਵਾਲਾ ਹੁੰਦਾ ਹੈ ਜੋ 0.6 ਮੀ. ਤੋਂ ਕਰੀਬ 1.8 ਮੀ. ਤਕ ਉੱਚਾ ਹੋ ਸਕਦਾ ਹੈ। ਪੌਦਾ ਕਾਫ਼ੀ ਝਾੜ ਮਾਰਦਾ ਹੈ ਜਿਸ ਦੀ ਗਿਣਤੀ ਪੌਦੇ ਤੋਂ ਪੌਦੇ ਦੀ ਦੂਰੀ ਅਤੇ ਜ਼ਮੀਨ ਦੀ ਜ਼ਰਖੇਜੀ ਤੇ ਨਿਰਭਰ ਕਰਦੀ ਹੈ। ਬਹੁਤ ਸਾਰੀਆਂ ਕਿਸਮਾਂ 20 ਦਿਨਾਂ ਵਿਚ ਪੱਕ ਜਾਂਦੀਆਂ ਹਨ।
ਕਾਸ਼ਤ––ਪੂਰਬ ਦੇ ਸਾਰੇ ਦੇਸ਼ਾਂ ਵਿਚ ਬਿਜਾਈ ਇਕੋ ਹੀ ਢੰਗ ਨਾਲ ਕੀਤੀ ਜਾਂਦੀ ਹੈ। ਕਈ ਦੇਸ਼ਾਂ ਵਿਚ ਜਿਵੇਂ ਸੰਯੁਕਤ ਰਾਜ ਅਮਰੀਕਾ ਵਿਚ, ਪੂਰਬੀ ਢੰਗ, ਮਜ਼ਦੂਰੀ ਦੀ ਕੀਮਤ ਜ਼ਿਆਦਾ ਹੋਣ ਕਾਰਨ ਨਹੀਂ ਅਪਣਾਇਆ ਜਾ ਸਕਦਾ। ਉਥੇ ਝੋਨੇ ਦੀ ਬਿਜਾਈ ਬੀਜ ਡਰਿਲ ਨਾਲ ਕੀਤੀ ਜਾਂਦੀ ਹੈ। ਇਥੇ ਹੀ ਇਕ ਰਾਜ ਕੈਲੀਫ਼ੋਰਨੀਆ ਵਿਚ ਤਾਂ ਬਿਜਾਈ ਹਵਾਈ ਜਹਾਜ਼ ਰਾਹੀਂ ਬੀਜ ਦਾ ਛਿੱਟਾ ਦੇ ਕੇ ਵੀ ਕੀਤੀ ਜਾਂਦੀ ਹੈ, ਜਿਸ ਤੋਂ ਬਾਅਦ ਖੇਤਾਂ ਨੂੰ ਪਾਣੀ ਲਗਾ ਦਿੱਤਾ ਜਾਂਦਾ ਹੈ।
ਝੋਨੇ ਦੀ ਫ਼ਸਲ ਚੀਕਣੀ ਮੈਰਾ ਜ਼ਮੀਨ, ਜੋ ਨਰਮ ਗਾਰਾ ਬਣਾਉਂਦੀ ਹੈ, ਉਸ ਵਿਚ ਕਾਫ਼ੀ ਚੰਗੀ ਹੁੰਦੀ ਹੈ, ਇਸ ਦੀ ਕਾਸ਼ ਤਰ ਕਛਾਰੀ, ਹਲਕੀ ਰੇਤਲੀ ਜਾਂ ਰੋੜਾਂ ਵਾਲੀ ਭੋਂ ਤੇ ਵੀ ਕੀਤੀ ਜਾ ਸਕਦੀ ਹੈ। ਇਨ੍ਹਾਂ ਤੋਂ ਇਲਾਵਾ ਇਹ ਫ਼ਸਲ ਡੂੰਘੀਆਂ, ਖਾਰੀਆਂ, ਤੇਜ਼ਾਬੀ ਜ਼ਮੀਨਾਂ ਤੇ ਵੀ ਹੋ ਜਾਂਦੀ ਹੈ। ਲੰਮੀ ਦੇਰ ਤਕ ਖੇਤ ਵਿਚ ਰਹਿਣ ਵਾਲੀਆਂ ਕਿਸਮਾਂ ਲਈ ਨੀਵੀਆਂ ਮੈਰਾ ਜ਼ਮੀਨ ਨੂੰ ਪਹਿਲ ਦਿੱਤੀ ਜਾਂਦੀ ਹੈ ਜਦ ਕਿ ਛੇਤੀ ਪੱਕਣ ਵਾਲੀਆਂ ਫ਼ਸਲਾਂ ਲਈ ਉੱਚੀਆਂ ਮੈਰਾ ਅਤੇ ਹਲਕੀਆਂ ਜ਼ਮੀਨਾਂ ਚੁਣੀਆਂ ਜਾਂਦੀਆਂ ਹਨ।
ਇਹ ਫ਼ਸਲ ਵੱਧ ਤਾਪਮਾਨ ਅਤੇ ਨਮੀ ਵਾਲੀਆਂ ਹਾਲਤਾਂ ਵਿਚ ਬਹੁਤ ਚੰਗੀ ਤਰ੍ਹਾਂ ਵਧਦੀ ਫੁਲਦੀ ਹੈ। ਫਿਰ ਵੀ ਘੱਟ ਤੋਂ ਘੱਟ ਬਾਰਸ਼ ਜਿਵੇਂ 35 ਸੈਂ. ਮੀ. ਤੋਂ ਲੈ ਕੇ 500 ਸੈਂ. ਮੀ. ਪ੍ਰਤੀ ਸਾਲ ਬਾਰਸ਼ ਵਾਲੀਆਂ ਥਾਵਾਂ ਤੇ ਕਾਸ਼ਤ ਕਰਨ ਲਈ ਵੀ ਕਿਸਮਾਂ ਮਿਲ ਜਾਂਦੀਆਂ ਹਨ ਕਿਉਂਕਿ ਇਹ ਨੀਮ-ਜਲੀ ਪੌਦਾ ਹੈ। ਇਸ ਦੀ ਕਾਸ਼ਤ ਵਿਚ ਮੁੱਖ ਔਕੜ ਪਾਣੀ ਦੀ ਅਣਹੋਂਦ ਹੁੰਦੀ ਹੈ।
ਊਸ਼ਣ ਅਤੇ ਉਪ ਊਸ਼ਣ-ਖੰਡੀ ਖੇਤਰਾਂ ਵਿਚ ਜਿਵੇਂ ਦੱਖਣੀ ਭਾਰਤ ਵਿਚ ਝੋਨੇ ਦੀ ਫ਼ਸਲ ਸਾਰਾ ਸਾਲ ਹੀ ਉਗਾਈ ਜਾ ਸਕਦੀ ਹੈ। ਸੀਤ-ਖੰਡੀ ਖੇਤਰਾਂ ਵਿਚ ਉੱਚੇ ਥਾਵਾਂ ਤੇ ਇਹ ਗਰਮ ਮੌਸਮ ਵਿਚ ਬੀਜੀ ਜਾਂਦੀ ਹੈ। ਜੁਲਾਈ ਦਾ ਦੂਜਾ ਹਿੱਸਾ ਲੰਬੀ ਦੇਰ ਤਕ ਰਹਿਣ ਵਾਲੀਆਂ ਕਿਸਮਾਂ ਲਈ ਆਸਾਮ, ਬੰਗਾਲ, ਉੜੀਸਾ, ਬਿਹਾਰ, ਉੱਤਰ ਪ੍ਰਦੇਸ਼, ਪੰਜਾਬ, ਮੱਧ ਪ੍ਰਦੇਸ਼ ਅਤੇ ਮਹਾਰਾਸ਼ਟਰ ਵਿਚ ਢੁੱਕਵਾਂ ਸਮਾਂ ਹੈ। ਕੁਝ ਰਾਜਾਂ ਵਿਚ ‘ਦੋਹਰੀ ਫ਼ਸਲ’ (ਇਕ ਸਾਲ ਵਿਚ ਇਕੋ ਜ਼ਮੀਨ ਤੇ ਦੋ ਫ਼ਸਲਾਂ ਲੈਣੀਆਂ) ਲਈ ਜਾਂਦੀ ਹੈ। ਜਿਵੇਂ ਆਂਧਰਾ ਪ੍ਰਦੇਸ਼, ਤਾਮਿਲਨਾਡੂ, ਮੈਸੂਰ ਅਤੇ ਕੇਰਲ ਆਦਿ ਵਿਚ ਇਕ ਜਲਦੀ ਪੱਕਣ ਵਾਲੀ ਕਿਸਮ ਤੋਂ ਬਾਅਦ ਲੰਮੀ ਦੇਰ ਨਾਲ ਪੱਕਣ ਵਾਲੀ ਫ਼ਸਲ ਬੀਜੀ ਜਾਂਦੀ ਹੈ। ਇਸ ਤੋਂ ਉਲਟ ਕਈ ਜਗ੍ਹਾ ਤੇ ‘ਤਿਹਰੀ ਫ਼ਸਲ’ ਵੀ ਲਈ ਗਈ ਹੈ। ਖ਼ਾਸ ਕਰਕੇ ਜਿਥੇ ਪਾਣੀ ਦੀ ਸਹੂਲੀਅਤ ਆਮ ਹੁੰਦੀ ਹੈ। ਕੇਂਦਰੀ ਚੌਲ ਖੋਜ ਸੰਸਥਾ ਦੇ ਫਾਰਮ ਵਿਚ ਅਜਿਹਾ ਕੀਤਾ ਗਿਆ ਹੈ ਜਿਥੇ ਬਿਜਾਈ ਦੀ ਯੋਜਨਾ ਵਿਚ ਤਬਦੀਲੀਆਂ ਕਰਕੇ ਇਕ ਏਕੜ ਤੋਂ 4100 ਕਿ. ਗ੍ਰਾ. ਝਾੜ ਪ੍ਰਾਪਤ ਕੀਤਾ ਜਾ ਸਕਿਆ ਹੈ।
ਇਸ ਫ਼ਸਲ ਦੀ ਬਿਜਾਈ ਲਈ ਜ਼ਮੀਨੀ ਤਿਆਰੀ ਇਸ ਗਲ ਤੇ ਵੀ ਨਿਰਭਰ ਕਰਦੀ ਹੈ ਕਿ ਫ਼ਸਲ ਖ਼ੁਸ਼ਕ ਭੋਂ ਵਿਚ ਬੀਜੀ ਜਾਂਦੀ ਹੈ ਜਾਂ ਪਾਣੀ ਵਾਲੀ ਹਾਲਤ ਵਿਚ। ਖ਼ੁਸ਼ਕ ਹਾਲਤ ਵਿਚ ਭੋਂ ਨੂੰ ਬਾਰ ਬਾਰ ਵਾਹ ਕੇ ਚੰਗੀ ਬਾਰੀਕ ਕਰ ਲਿਆ ਜਾਂਦਾ ਹੈ। ਖੇਤ ਵਿਚੋਂ ਪਿਛਲੀ ਫ਼ਸਲ ਦੀ ਰਹਿੰਦ ਖੂੰਹਦ ਸਭ ਕੱਢ ਦਿੱਤੀ ਜਾਂਦੀ ਹੈ। ਫ਼ਾਰਮੀ ਖਾਦ ਜੇਕਰ ਪਾਉਣੀ ਹੋਵੇ ਤਾਂ ਪਹਿਲੀਆਂ ਇਕ ਦੋ ਵਹਾਈਆਂ ਸਮੇਂ ਪਾ ਦਿੱਤੀ ਜਾਂਦੀ ਹੈ ਤਾਂ ਕਿ ਇਸ ਬਿਜਾਈ ਤੋਂ ਪਹਿਲਾਂ ਜ਼ਮੀਨ ਵਿਚ ਚੰਗੀ ਤਰ੍ਹਾਂ ਰਚ ਮਿਚ ਸਕੇ। ਪਾਣੀ ਵਾਲੀ ਹਾਲਤ ਵਿਚ ਬਿਜਾਈ ਕਰਨ ਲਈ ਜ਼ਮੀਨ ਵਿਚ ਇਕ ਮਹੀਨਾ ਪਹਿਲਾਂ ਪਾਣੀ ਲਗਾਇਆ ਜਾਂਦਾ ਹੈ ਅਤੇ ਇਸ ਖੜ੍ਹੇ ਪਾਣੀ ਵਿਚ ਹੀ ਖੇਤ ਦੀ ਵਹਾਈ ਕੀਤੀ ਜਾਂਦੀ ਹੈ। ਇਸ ਤਰ੍ਹਾਂ ਕਾਫ਼ੀ ਵਹਾਈ ਤੋਂ ਬਾਅਦ ਖੇਤ ਬਿਜਾਈ ਲਈ ਤਿਆਰ ਹੋ ਜਾਂਦਾ ਹੈ।
ਬਿਜਾਈ ਜੇਕਰ ਖ਼ੁਸ਼ਕ ਹਾਲਤ ਵਿਚ ਕੀਤੀ ਜਾਣੀ ਹੋਵੇ ਤਾਂ ਬੀਜ ਨੂੰ ਕਤਾਰਾਂ ਵਿਚ ਬੀਜਿਆ ਜਾਂਦਾ ਹੈ ਪਰ ਜਿਥੇ ਬਾਰਸ਼ ਘੱਟ ਪੈਂਦੀ ਹੋਵੇ ਉਥੇ ਬੀਜ ਨੂੰ ਛਿੱਟਾ ਦੇ ਕੇ ਬੀਜਿਆ ਜਾਂਦਾ ਹੈ। ਦੂਸਰੀ ਹਾਲਤ ਵਿਚ ਬਿਜਾਈ ਕਰਨ ਲਈ ਪਹਿਲਾਂ ਨਰਸਰੀ ਤਿਆਰ ਕੀਤੀ ਜਾਂਦੀ ਹੈ। ਨਰਸਰੀ ਲਈ ਨਿੱਕੀਆਂ ਕਿਆਰੀਆਂ ਚੰਗੀ ਤਰ੍ਹਾਂ ਤਿਆਰ ਕੀਤੀਆਂ ਜਾਂਦੀਆਂ ਹਨ ਅਤੇ ਇਨ੍ਹਾਂ ਵਿਚ ਬੀਜ ਸੰਘਣਾ ਬੀਜਿਆ ਜਾਂਦਾ ਹੈ। ਜਦ ਇਹ ਪਨੀਰੀ 4 ਤੋਂ 6 ਹਫ਼ਤਿਆਂ ਦੀ ਹੋ ਜਾਂਦੀ ਹੈ ਤਾਂ ਇਸ ਨੂੰ ਪੁੱਟ ਕੇ ਤਿਆਰ ਕੀਤੇ ਖੇਤਾਂ ਵਿਚ ਲਗਾਇਆ ਜਾਂਦਾ ਹੈ। ਜਿਥੋਂ ਤਕ ਸੰਭਵ ਹੋ ਕੇ ਪਨੀਰੀ ਕਤਾਰਾਂ ਵਿਚ ਹੀ ਲਗਾਈ ਜਾਣੀ ਚਾਹੀਦੀ ਹੈ। ਆਮ ਤੌਰ ਤੇ ਜਲਦੀ ਪੱਕਣ ਵਾਲੀਆਂ ਕਿਸਮਾਂ 15 ਸੈਂ. ਮੀ. ਦੀ ਵਿੱਥ (ਕਤਾਰ ਤੋਂ ਕਤਾਰ ਅਤੇ ਪੌਦੇ ਤੋਂ ਪੌਦੇ ਦੀ ਵਿੱਥ) ਤੇ ਲਗਾਈਆਂ ਜਾਣੀਆਂ ਚਾਹੀਦੀਆਂ ਹਨ ਜਦ ਕਿ ਵਿਚਕਾਰਲੀ ਜਾਂ ਦੇਰੀ ਨਾਲ ਪੱਕਣ ਵਾਲੀਆਂ ਕਿਸਮਾਂ ਨੂੰ 23 x 23 ਸੈਂ. ਮੀ. ਕ੍ਰਮਵਾਰ ਵਿੱਥ ਤੇ ਲਗਾਇਆ ਜਾਣਾ ਚਾਹੀਦਾ ਹੈ।
ਝੋਨੇ ਦੀ ਫ਼ਸਲ ਨਾਈਟ੍ਰੋਜਨ ਖਾਦ ਨੂੰ ਬਹੁਤ ਮੰਨਦੀ ਹੈ ਭਾਵੇਂ ਕਾਰਬਾਨਿਕ ਹੋਵੇ ਜਾਂ ਅਕਾਰਬਨਿਕ। ਇਸ ਦੀ ਮਿਕਦਾਰ 20 ਕਿ. ਗ੍ਰਾ. ਨਾਈਟ੍ਰੋਜਨ (N) ਹੈ ਇਹ ਭਾਵੇਂ ਕਾਰਬਾਨਿਕ ਜਾਂ ਦੋਹਾਂ ਦਾ ਮਿਸ਼ਰਣ ਹੋਵੇ। ਹਰੀ ਖਾਦ ਦੇਣ ਨਾਲ ਵੀ ਫ਼ਸਲ ਕਾਫ਼ੀ ਚੰਗੀ ਪੈਦਾਵਾਰ ਦੇ ਜਾਂਦੀ ਹੈ। ਇਸ ਲਈ ਚੰਗੀ ਹਰੀ ਖਾਦ ਪੈਦਾ ਕਰਨ ਲਈ ਫ਼ਸਲ ਨੂੰ 22 ਤੋਂ 70 ਕਿ. ਗ੍ਰਾ. ਸੁਪਰ ਫ਼ਾੱਸਫ਼ੇਟ ਖਾਦ ਦੇਣੀ ਚਾਹੀਦੀ ਹੈ। ਜਦੋਂ ਕਾਰਬਨਿਕ ਖਾਦ ਉਪਲੱਬਧ ਨਾ ਹੋਵੇ ਤਾਂ ਫ਼ਸਲ ਨੂੰ 50 ਤੋਂ 70 ਕਿ. ਗ੍ਰਾ. ਅਮੋਨੀਅਮ ਸੁਪਰਫ਼ਾੱਸਫ਼ੇਟ ਖਾਦ ਦੇ ਦੇਣੀ ਚਾਹੀਦੀ ਹੈ ਜੋ ਬਿਜਾਈ ਤੋਂ ਇਕ ਦਮ ਪਹਿਲਾਂ ਹੀ ਪਾ ਦੇਣੀ ਚਾਹੀਦੀ ਹੈ ਅਤੇ ਇਹੋ ਹੀ ਮਿਕਦਾਰ ਜਦ ਫ਼ਸਲ ਇਕ ਮਹੀਨੇ ਦੀ ਹੋ ਜਾਏ ਤਾਂ ਦੇ ਦੇਣੀ ਚਾਹੀਦੀ ਹੈ। ਫ਼ਾੱਸਫ਼ੋਰਸ ਖਾਦ 10 ਤੋਂ 20 ਕਿ. ਗ੍ਰਾ. ਦੇ ਹਿਸਾਬ P2O5 ਪਾਉਣੀ ਚਾਹੀਦੀ ਹੈ। ਤੇਜ਼ਾਬੀ ਅਤੇ ਲੇਟਰਾਈਟ੍ਰਿਕ ਜ਼ਮੀਨਾਂ ਤੇ ਹੱਡੀਆਂ ਦੀ ਖਾਦ ਜੋ P2O5  ਦੀ ਹਾਲਤ ਵਿਚ ਪਾਈ ਜਾਵੇ ਤਾਂ ਲਾਹੇਵੰਦ ਰਹਿੰਦੀ ਹੈ।
ਜਿੰਨਾਂ ਚਿਰ ਤਕ ਪੌਦਾ ਪੂਰੀ ਤਰ੍ਹਾਂ ਪਕੜ ਨਾ ਫੜ ਜਾਏ ਪਾਣੀ ਖੇਤ ਵਿਚ 2.5 ਸੈਂ. ਮੀ. ਤਕ ਖੜ੍ਹਾ ਰੱਖਣਾ ਚਾਹੀਦਾ ਹੈ। ਇਸ ਤੋਂ ਬਾਅਦ 5 ਸੈਂ. ਮੀ. ਪਾਣੀ ਦਾਣੇ ਬਣਨ ਤਕ ਰਹਿਣਾ ਲਾਜ਼ਮੀ ਹੈ। ਇਹ ਪਾਣੀ ਕੁਝ ਦੇਰ ਬਾਅਦ ਕੱਢ ਦੇਣਾ ਚਾਹੀਦਾ ਹੈ ਅਤੇ ਦੁਬਾਰਾ ਫਿਰ ਪਾਣੀ ਭਰ ਦੇਣਾ ਚਾਹੀਦਾ ਹੈ। ਫ਼ਸਲ ਦੀ ਕਟਾਈ ਤੋਂ ਦੋ ਹਫ਼ਤੇ ਪਹਿਲਾਂ ਪਾਣੀ ਕੱਢ ਦੇਣਾ ਚਾਹੀਦਾ ਹੈ ਜਿਸ ਨਾਲ ਫ਼ਸਲ ਜਲਦੀ ਤੇ ਇਕ ਸਾਰ ਪੱਕ ਜਾਂਦੀ ਹੈ। ਫ਼ਸਲ ਵਿਚ ਖੜ੍ਹੀਆਂ ਜੜ੍ਹੀ ਬੂਟੀਆਂ ਨੂੰ ਹੱਥ ਨਾਲ ਕੱਢ ਦੇਣਾ ਚਾਹੀਦਾ ਹੈ।
ਫ਼ਸਲ ਦੀ ਕਟਾਈ ਲਈ ਉਹ ਹਾਲਤ ਸਭ ਤੋਂ ਚੰਗੀ ਤਰ੍ਹਾਂ ਹੁੰਦੀ ਹੈ ਜਦ ਮੁੰਜਰਾਂ ਚੰਗੀ ਤਰ੍ਹਾਂ ਪੱਕ ਜਾਣ ਅਤੇ ਤਣੇ ਅਜੇ ਹਰੇ ਹੀ ਹੋਣ। ਜਦ ਦਾਣੇ ਪੂਰੀ ਤਰ੍ਹਾਂ ਪੱਕੇ ਹੋਣ ਤਾਂ ਕਟਾਈ ਕਰਨ ਸਮੇਂ ਬਹੁਤ ਸਾਰੇ ਦਾਣੇ ਝੜ ਜਾਂਦੇ ਹਨ ਅਤੇ ਝੜਾਈ ਵਿਚ ਫਰਕ ਪੈ ਜਾਂਦਾ ਹੈ। ਇਸ ਫਸਲ ਦੀ ਕਟਾਈ ਦਾਤਰੀਆਂ ਨਾਲ ਕੀਤੀ ਜਾਂਦੀ ਹੈ ਅਤੇ ਇਸ ਨੂੰ ਦੋ ਜਾਂ ਤਿੰਨ ਦਿਨਾਂ ਲਈ ਸੁਕਾਇਆ ਜਾਂਦਾ ਹੈ। ਜਿਸ ਤੋਂ ਬਾਅਦ ਇਕ ਹਫ਼ਤੇ ਲਈ ਇਕੱਠੀ ਕਰਕੇ ਰਖਿਆ ਜਾਂਦਾ ਹੈ ਅਤੇ ਬਾਅਦ ਵਿਚ ਛੋਟੇ-ਛੋਟੇ ਬੰਡਲਾਂ ਵਿਚ ਬੰਨ੍ਹ ਕੇ ਇਕ ਵੱਡੀ ਲੱਕੜ ਜਾਂ ਮਿੱਟੀ ਦੀ ਬਾਣੀ ਹੋਈ ਬੰਨੀ ਤੇ ਝਾੜਨ ਨਾਲ ਦਾਣੇ ਅਲੱਗ ਕੀਤੇ ਜਾਂਦੇ ਹਨ। ਅੱਜਕਲ੍ਹ ਹਾਰਵੈਸਟ ਕੰਬਾਈਨਾਂ ਦੀ ਮਦਦ ਨਾਲ ਫ਼ਸਲ ਦੀ ਕਟਾਈ ਅਤੇ ਝੜਾਈ ਹੋ ਜਾਂਦੀ ਹੈ।
ਇਸ ਫ਼ਸਲ ਦਾ ਝਾੜ 500 ਤੋਂ 2500 ਕਿ. ਗ੍ਰਾ. ਪ੍ਰਤੀ ਏਕੜ ਤਕ ਮਿਲ ਸਕਦਾ ਹੈ ਪਰ ਇਹ ਝਾੜ ਜ਼ਮੀਨ, ਕਾਸ਼ਤ ਦੇ ਮੌਸਮ, ਖਾਦ, ਸਿੰਜਾਈ ਅਤੇ ਕਾਸ਼ਤ ਦੇ ਚੰਗੇ ਤਰੀਕਿਆਂ ਤੇ ਨਿਰਭਰ ਕਰਦਾ ਹੈ।

ਝੋਨੇ ਦੀਆਂ ਬਿਮਾਰੀਆਂ

ਝੋਨੇ ਦੀਆਂ ਬੀਮਾਰੀਆਂ : ਕਿਉਂਕਿ ਇਸ ਫ਼ਸਲ ਤੋਂ ਏਸ਼ੀਆ ਦੇ ਬਹੁਤ ਸਾਰੇ ਲੋਕ ਭੋਜਨ ਅਤੇ ਵਿਸ਼ੇਸ਼ ਕਰਕੇ ਕਾਰਬੋਹਾਈਡ੍ਰੇਟ ਪ੍ਰਾਪਤ ਕਰਦੇ ਹਨ, ਇਸ ਲਈ ਇਸ ਫ਼ਸਲ ਦੀਆਂ ਬੀਮਾਰੀਆਂ ਵੀ ਕਾਫ਼ੀ ਮਹੱਤਵ ਪੂਰਨ ਹਨ। ਸੰਨ 1934 ਵਿਚ ਝੋਨੇ ਦੇ ਬਲਾਸਟ ਰੋਗ ਨਾਲ ਜਾਪਾਨ ਦੇ ਕਈ ਜ਼ਿਲ੍ਹਿਆਂ ਵਿਚ ਕਾਲ ਤਕ ਵੀ ਪੈ ਗਿਆ। ਭਾਰਤ ਵਿਚ ਸੰਨ 1943 ਵਿਚ ਬੰਗਾਲ ਰਾਜ ਵਿਚ ਜੋ ਕਾਲ ਪਿਆ ਉਸ ਦਾ ਮੂਲ ਕਾਰਨ ਝੋਨੇ ਦੀ ਹੀ ਇਕ ਬੀਮਾਰੀ (Helmintho-sporim leaf spot) ਸੀ।

ਝੋਨੇ ਦੀਆਂ ਪ੍ਰਮੁੱਖ ਬੀਮਾਰੀਆਂ ਵਿਚ ਹੈਲਮਿੰਥੋਸਪੋਰੀਅਮ, ਬਲਾਸਟ ਜਾਂ ਸਿਰੇ ਗਲਣ ਦਾ ਰੋਗ ਸ਼ਾਮਲ ਹੈ ਜੋ ਇਕ ਪ੍ਰਕਾਰ ਦੀ ਉੱਲੀ (Piriculoria oryzae) ਦੁਆਰਾ ਫੈਲਦੀ ਹੈ। ਬੀਮਾਰੀਆਂ ਲਗਣ ਕਾਰਨ ਝਾੜ 60 ਪ੍ਰਤਿਸ਼ਤ ਤਕ ਵੀ ਘੱਟ ਹੋ ਸਕਦਾ ਹੈ। ਝੋਨੇ ਦੀ ਇਕ ਹੋਰ ਬੀਮਾਰੀ ਜੋ ਜਾਪਾਨ ਵਿਚ ਮਿਲਦੀ ਹੈ ਅਤੇ ਇਸ ਨੂੰ ਬੈਕੇਨੀ ਬੀਮਾਰੀ ਕਿਹਾ ਜਾਂਦਾ ਹੈ। ਇਹ ਇਕ ਖ਼ਾਸ ਦਿਲਚਸਪੀ ਵਾਲੀ ਬੀਮਾਰੀ ਹੈ ਕਿਉਂਕਿ ਇਸ ਤੋਂ ਇਕ ਪਦਾਰਥ ਪੈਦਾ ਹੁੰਦਾ ਹੈ ਜੋ ਪੌਦਿਆਂ ਦੇ ਵਾਧੇ ਲਈ ਸਹਾਇਕ ਹੁੰਦਾ ਹੈ।


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਗਿਆਰਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 3789, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-12-05-03-29-36, ਹਵਾਲੇ/ਟਿੱਪਣੀਆਂ: ਹ. ਪੁ.––ਹੈਂਡ ਬੁੱਕ ਆਫ਼ ਐਗਰੀਕਲਚਰ : 140; ਮੈਕ. ਐਨ. ਸ. ਟ. 11 : 562

ਝੋਨਾ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਝੋਨਾ––ਇਸ ਫ਼ਸਲ ਦੀ ਕਾਸ਼ਤ ਲਗਭਗ 17 ਲੱਖ ਹੈਕਟੇਅਰ ਵਿਚ ਕੀਤੀ ਜਾਂਦੀ ਹੈ ਅਤੇ 1994-95 ਈ. ਦੇ ਅੰਕੜਿਆਂ ਅਨੁਸਾਰ ਇਸ ਦਾ ਔਸਤ ਝਾੜ 33.91 ਕੁਇੰਟਲ ਪ੍ਰਤੀ ਹੈਕਟੇਅਰ ਹੈ। ਪਿਛਲੇ ਕੁਝ ਸਾਲਾਂ ਦੌਰਾਨ ਪੰਜਾਬ ਵਿਚ ਝੋਨੇ ਦੀ ਪੈਦਾਵਾਰ ਵਿਚ ਇਨਕਲਾਬੀ ਵਾਧਾ ਹੋਇਆ ਹੈ। ਸੰਨ 1960 ਵਿਚ ਕੇਵਲ 3,024 ਟਨ ਝੋਨਾ ਪੈਦਾ ਹੁੰਦਾ ਸੀ ਜਿਹੜਾ ਕਿ 1986 ਈ. ਵਿਚ ਵਧ ਕੇ 45 ਲੱਖ ਟਨ ਹੋ ਗਿਆ। ਪੰਜਾਬ ਭਾਵੇਂ ਝੋਨੇ ਦੀ ਪੈਦਾਵਾਰ ਵਾਲਾ ਸੂਬਾ ਨਹੀਂ ਗਿਣਿਆ ਜਾਂਦਾ ਪਰ ਫਿਰ ਵੀ ਪੰਜਾਬ ਵਿਚ ਸਾਰੇ ਦੇਸ਼ ਤੋਂ ਵੱਧ ਪ੍ਰਤਿ ਏਕੜ ਝਾੜ ਪ੍ਰਾਪਤ ਹੁੰਦਾ ਹੈ। ਝੋਨੇ ਲਈ ਗਰਮ ਅਤੇ ਤਰ ਮੌਸਮ ਚਾਹੀਦਾ ਹੈ। ਨਾਲ ਹੀ ਸਿੰਜਾਈ ਦੀਆਂ ਸਹੂਲਤਾਂ ਦੀ ਵੀ ਲੋੜ ਹੈ। ਇਸ ਦੇ ਵਧਣ ਫੁੱਲਣ ਲਈ 20° ਸੈਂ. ਤੋਂ 37° ਸੈਂ ਤਾਪਮਾਨ ਲੋੜੀਂਦਾ ਹੈ। ਰੇਤਲੀਆਂ ਜਮੀਨਾਂ ਨੂੰ ਛੱਡ ਕੇ ਬਾਕੀ ਸਾਰੀਆਂ ਜ਼ਮੀਨਾਂ ਵਿਚ ਹੀ ਝੋਨੇ ਦੀ ਕਾਸ਼ਤ ਹੋਣ ਲਗ ਪਈ ਹੈ। ਝੋਨੇ ਦੀ ਕਾਸ਼ਤ ਪਨੀਰੀ ਰਾਹੀਂ ਕੀਤੀ ਜਾਂਦੀ ਹੈ। ਇਸ ਦੀ ਪਨੀਰੀ ਮਈ ਦੇ ਅੱਧ ਵਿਚ ਬੀਜੀ ਜਾਂਦੀ ਹੈ। ਬਾਸਮਤੀ ਅਤੇ ਪਛੇਤੀਆਂ ਕਿਸਮਾਂ ਦੀ ਪਨੀਰੀ ਮਹੀਨਾ ਪਿਛੋਂ ਵੀ ਬੀਜੀ ਜਾ ਸਕਦੀ ਹੈ। ਇਕ ਏਕੜ ਦੀ ਲੁਆਈ ਲਈ 8 ਕਿ. ਗ੍ਰਾ. ਬੀਜ ਕਾਫ਼ੀ ਹੁੰਦਾ ਹੈ। ਇਕ ਮਹੀਨੇ ਵਿਚ ਪਨੀਰੀ ਲਗਾਉਣ ਵਾਲੀ ਹੋ ਜਾਂਦੀ ਹੈ। ਝੋਨੇ ਦੀ ਪਨੀਰੀ ਲਗਾਉਣ ਦਾ ਸਹੀ ਸਮਾਂ ਅੱਧ ਜੂਨ ਤੋਂ ਅੱਧ ਜੁਲਾਈ ਹੈ। ਪਨੀਰੀ ਲਗਾਉਣ ਲਈ ਖੇਤ ਵਿਚ ਪਾਣੀ ਖੜ੍ਹਾ ਕਰਕੇ ਕੱਦੂ ਕੀਤਾ ਜਾਂਦਾ ਹੈ ਤਾਂ ਜੋ ਪਨੀਰੀ ਠੀਕ ਢੰਗ ਨਾਲ ਲਗਾਈ ਜਾ ਸਕੇ। ਖੜ੍ਹੇ ਪਾਣੀ ਵਿਚ ਬੂਟਿਆਂ ਨੂੰ ਜੜਾਂ ਸਮੇਤ ਪੁੱਟ ਕੇ ਕਤਾਰਾਂ ਵਿਚ 20x15 ਸੈਂ ਮੀ. ਦੇ ਫ਼ਾਸਲੇ ਉਤੇ ਲਗਾਉਣਾ ਠੀਕ ਢੰਗ ਹੈ। ਵੱਧ ਝਾੜ ਦੇਣ ਵਾਲੀਆਂ ਕਿਸਮਾਂ ਤੋਂ ਪੂਰਾ ਝਾੜ ਪ੍ਰਾਪਤ ਕਰਨ ਲਈ ਰਸਾਇਣਕ ਖਾਦਾਂ ਬਹੁਤ ਜ਼ਰੂਰੀ ਹਨ। ਝੋਨੇ ਵਿਚ ਪਾਣੀ ਖੜਾ ਹੀ ਰਖਿਆ ਜਾਂਦਾ ਹੈ ਅਤੇ ਸੋਕਾ ਨਹੀਂ ਲਗਣ ਦਿੱਤਾ ਜਾਂਦਾ।

        ਸਤੰਬਰ ਦੇ ਅਖ਼ੀਰ ਵਿਚ ਫ਼ਸਲ ਪੱਕ ਕੇ ਤਿਆਰ ਹੋ ਜਾਂਦੀ ਹੈ। ਫ਼ਸਲ ਨੂੰ ਕਟ ਕੇ ਝਾੜਿਆ ਜਾਂਦਾ ਹੈ। ਹੁਣ ਜ਼ਿਆਦਾਤਰ ਮਸ਼ੀਨਾਂ ਨਾਲ ਹੀ ਕਟਾਈ ਹੋਣ ਲਗ ਪਈ ਹੈ। ਪੰਜਾਬ ਵਿਚ ਕਾਸ਼ਤ ਹੋਣ ਵਾਲੀਆਂ ਝੋਨੇ ਦੀਆਂ ਕੁੱਝ ਉੱਨਤ ਕਿਸਮਾਂ ਹਨ :-

        ਆਈ. ਆਰ.-8, ਜੈਯਾ, ਪੀ. ਆਰ-106, ਪੀ.ਆਰ-108, ਪੀ.ਆਰ-109, ਬਾਸਮਤੀ-370, ਪੰਜਾਬ ਬਾਸਮਤੀ 1   । ਚੌਲ ਸ਼ਗਨਾਂ ਦੀ ਨਿਸ਼ਾਨੀ ਹਨ। ਕੋਈ ਸ਼ਗਨ ਅਤੇ ਧਾਰਮਕ ਕਾਰਜ ਚੌਲਾਂ ਬਿਨਾਂ ਪੂਰਾ ਨਹੀਂ ਹੁੰਦਾ। ਇਸ ਲਈ ਚੌਲਾਂ ਦੀ ਮਹੱਤਤਾ ਲੋਕ ਗੀਤਾਂ ਵਿਚ ਵੀ ਹੈ।


ਲੇਖਕ : ਡਾ. ਰਣਜੀਤ ਸਿੰਘ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 3175, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-01-11-12-23-51, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.