ਝੋਲਨਾ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।
ਝੋਲਨਾ. ਸੰਗ੍ਯਾ—ਹਿੰਡੋਲਾ. ਝੂਲਾ। ੨ ਇੱਕ ਛੰਦ. ਦੇਖੋ, ਝੂਲਨੇ ਦਾ ਤੀਜਾ ਰੂਪ । ੩ ਚੌਥੇ ਸਤਿਗੁਰੂ ਦੀ ਮਹਿਮਾ ਵਿੱਚ ਭੱਟਾਂ ਨੇ ਵਿਖਮਪਦ “ਝੋਲਨਾ” ਰਚਿਆ ਹੈ, ਜਿਸ ਦੇ ਪੰਜ ਪਦਾਂ ਵਿਚ ੨੧, ੪੧, ੪੬, ੪੧ ਅਤੇ ੪੧ ਕ੍ਰਮ ਨਾਲ ਮਾਤ੍ਰਾ ਹਨ.1
ਉਦਾਹਰਣ—
ਗੁਰੂ ਗੁਰੁ ਗੁਰੂ ਗੁਰੁ ਜਪੁ ਪ੍ਰਾਨੀਅਹੁ,
ਸਬਦ ਹਰਿ ਹਰਿ ਜਪੈ ਨਾਮੁ ਨਵ ਨਿਧਿ ਅਪੈ,
ਰਸਨਿ ਅਹਿ ਨਿਸਿ ਰਸੈ, ਸੱਤਿਕਰਿ ਜਾਨੀਅਹੁ,
ਫੁਨਿ ਪ੍ਰੇਮਰੰਗ ਪਾਈਐ, ਗੁਰਮੁਖਹਿ ਧਿਆਈਐ,
ਅੰਨਮਾਰਗ ਤਜਹੁ, ਭਜਹੁ ਹਰਿ ਗ੍ਯਾਨੀਅਹੁ,
ਬਚਨਗੁਰ ਰਿਦ ਧਰਹੁ ਪੰਚ ਭੂ ਬਸਿ ਕਰਹੁ,
ਜਨਮੁ ਕੁਲ ਉੱਧਰਹੁ, ਦ੍ਵਾਰਹਰਿ ਮਾਨੀਅਹੁ,
ਜਉਤ ਸਭ ਸੁੱਖ ਇਤ ਉੱਤ ਤੁਮ ਬੰਛਵਹੁ,
ਗੁਰੂ ਗੁਰੁ ਗੁਰੂ ਗੁਰੁ ਗੁਰੂ ਜਪੁ ਪ੍ਰਾਨੀਅਹੁ.
(ਸਵੈਯੇ ਮ: ੪ ਕੇ)
੪ ਕ੍ਰਿ—ਛਿੜਕਣਾ. ਤ੍ਰੌਂਕਣਾ। ੫ ਘੋਲਨਾ. ਹੱਲ ਕਰਨਾ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4043, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no
ਝੋਲਨਾ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਝੋਲਨਾ (ਛੰਦ): ਗੁਰੂ ਗ੍ਰੰਥ ਸਾਹਿਬ ਵਿਚ ਦਰਜ ਭੱਟ-ਬਾਣੀ ਦੇ ‘ਸਵਈਏ ਮ.੫’ ਪ੍ਰਕਰਣ ਵਿਚ ਇਕ ਥਾਂ (ਅੰਕ 13) ‘ਝੋਲਨਾ’ ਉਪ-ਸਿਰਲੇਖ ਦਿੱਤਾ ਹੈ। ਇਸ ਦਾ ਪਾਠ ਇਸ ਪ੍ਰਕਾਰ ਹੈ— ਗੁਰੂ ਗੁਰੁ ਗੁਰੂ ਗੁਰੁ ਗੁਰੂ ਜਪੁ ਪ੍ਰਾਨੀਅਹੁ। ਸਬਦ ਹਰਿ ਹਰਿ ਜਪੈ ਨਾਮੁ ਨਵਨਿਧਿ ਅਪੈ ਰਸਨਿ ਅਹਿਨਿਸ ਰਸੈ ਸਤਿ ਕਰਿ ਜਾਨੀਅਹੁ। ਫੁਨਿ ਪ੍ਰੇਮ ਰੰਗ ਪਾਈਐ ਗੁਰਮੁਖਹਿ ਧਿਆਈਐ ਅੰਨ ਮਾਰਗ ਤਜਹੁ ਭਜਹੁ ਹਰਿ ਗੑਯਾਨੀਅਹੁ। ਬਚਨ ਗੁਰ ਰਿਦਿ ਧਰਹੁ ਪੰਚ ਭੂ ਬਸਿ ਕਰਹੁ ਜਨਮੁ ਕਲ ਉਧਰਹੁ ਦ੍ਵਾਰਿ ਹਰਿ ਮਾਨੀਅਹੁ। ਜਉ ਤ ਸਭ ਸੁਖ ਇਤ ਉਤ ਤੁਮ ਬੰਛਵਹੁ ਗੁਰੂ ਗੁਰੁ ਗੁਰੂ ਗੁਰੁ ਗੁਰੂ ਜਪ ਪ੍ਰਾਨੀਅਹੁ। (ਗੁ.ਗ੍ਰੰ.1400)।
ਇਸ ਦੇ ਮੂਲ ਰੂਪ ਵਿਚ ਚਾਰ ਚਰਣ ਹਨ, ਪਰ ਅੰਤਿਮ ਚਰਣ ਦਾ ਉੱਤਰਾਰਧ ਟੇਕ ਵਜੋਂ ਸ਼ੁਰੂ ਵਿਚ ਵੀ ਲਿਖਿਆ ਹੈ। ਚਰਣਾਂ ਵਿਚ ਕ੍ਰਮਵਾਰ ਮਾਤ੍ਰਾਵਾਂ ਇਸ ਪ੍ਰਕਾਰ ਹਨ— 41, 46, 41 ਅਤੇ 41।
ਭਾਈ ਕਾਨ੍ਹ ਸਿੰਘ ਨੇ ‘ਗੁਰਛੰਦ ਦਿਵਾਕਰ’ ਵਿਚ ਇਸ ਨੂੰ ‘ਝੂਲਨਾ ਛੰਦ’ ਦੇ ਤੀਜੇ ਰੂਪ ਨਾਲ ਸੰਬੰਧਿਤ ਕੀਤਾ ਹੈ ਜਿਸ ਵਿਚ ਪ੍ਰਤਿ-ਚਰਣ 37 ਮਾਤ੍ਰਾਵਾਂ, ਤਿੰਨ ਵਿਸ਼੍ਰਾਮ ਦਸ ਦਸ ਪਰ, ਚੌਥਾ ਸੱਤ ਮਾਤ੍ਰਾ ਪਰ, ਅੰਤ ਯਗਣ (ISS) ਹੁੰਦਾ ਹੈ। ਪਰ ਵਿਚਾਰਾਧੀਨ ਝੋਲਨਾ ਭਾਈ ਕਾਨ੍ਹ ਸਿੰਘ ਦੇ ਦਸੇ ਲੱਛਣ ਅਨੁਸਾਰ ਸਿੱਧ ਨਹੀਂ ਹੁੰਦਾ। ਭਾਈ ਸਾਹਿਬ ਵਲੋਂ ਇਸ ਉਤੇ ਝੂਲਨਾ ਛੰਦ ਦੇ ਲੱਛਣ ਦਾ ਹਠੈਤ ਆਰੋਪ ਕੀਤਾ ਗਿਆ ਪ੍ਰਤੀਤ ਹੁੰਦਾ ਹੈ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4022, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First