ਟੂਣਾ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਟੂਣਾ: ਕਿਸੇ ਅਦਿੱਖ ਸ਼ਕਤੀ ਨੂੰ ਆਪਣੇ ਹੱਕ ਵਿੱਚ ਸਹਾਇਤਾ ਵਜੋਂ ਪ੍ਰੇਰਨ ਵਾਲੀ ਵਿਧੀ ਦਾ ਨਾਂ ਟੂਣਾ ਹੈ। ਟੂਣਾ ਦੋ ਤਰ੍ਹਾਂ ਦਾ ਮੰਨਿਆ ਗਿਆ ਹੈ; ਕਿਸੇ ਗ਼ੈਬੀ ਸ਼ਕਤੀ ਨਮਿਤ ਵਸਤੂਆਂ ਦੀ ਭੇਟਾ ਦੇ ਕੇ ਮੰਤਵ ਸਿੱਧੀ ਕਰਨ ਵਾਲਾ ਅਤੇ ਤਵੀਤ ਜਾਂ ਰੱਖ ਦੇ ਰੂਪ ਵਿੱਚ ਸਰੀਰ ਦੇ ਕਿਸੇ ਅੰਗ ਨਾਲ ਸਪਰਸ਼ ਕਰ ਕੇ ਗ਼ੈਬੀ ਸ਼ਕਤੀਆਂ ਤੋਂ ਮੰਤਰ ਸਿੱਧੀ ਅਧੀਨ ਮਨਇੱਛਿਤ ਕਾਰਜ ਕਰਵਾਉਣ ਦੀ ਵਿਧੀ ਵਾਲਾ। ਇਹ ਦੋਵੇਂ ਤਰ੍ਹਾਂ ਦੀਆਂ ਵਿਧੀਆਂ ਵਿੱਚੋਂ ਕਿਸੇ ਇੱਕ ਦੀ ਚੋਣ ਰੋਗੀ ਦੇ ਰੋਗ ਅਤੇ ਸਿਆਣਿਆਂ ਦੀ ਸਮਝ ਅਨੁਸਾਰ ਕੀਤੀ ਜਾਂਦੀ ਹੈ।

     ਟੂਣਾ ਅਤੇ ਜਾਦੂ ਦੋ ਵੱਖ-ਵੱਖ ਵਿਧੀਆਂ ਹਨ, ਪਰ ਇਹਨਾਂ ਦਾ ਮੰਤਵ ਲਗਪਗ ਰੋਗ-ਨਵਿਰਤੀ ਹੈ। ਦੋਹਾਂ ਰੂਪਾਂ ਵਿੱਚ ‘ਸਿਆਣੇ` ਦੀ ਮਦਦ ਲਈ ਜਾਂਦੀ ਹੈ। ਵਿਸ਼ਵਾਸ ਕੀਤਾ ਜਾਂਦਾ ਹੈ ਕਿ ਇਹਨਾਂ ਸਿਆਣਿਆਂ ਨੇ ਵਿਸ਼ੇਸ਼ ਯੋਗ ਸਿੱਧੀ ਨਾਲ ਕੁਝ ਗ਼ੈਬੀ ਸ਼ਕਤੀਆਂ ਤੇ ਜਿੱਤ ਹਾਸਲ ਕੀਤੀ ਹੁੰਦੀ ਹੈ।

     ‘ਸਿਆਣਾ` ਸ਼ਬਦ ਦੇ ਕੋਸ਼ਗਤ ਅਰਥ ਬੁੱਧੀਮਾਨ, ਸੂਝਵਾਨ ਅਤੇ ਅਕਲਮੰਦ ਵਿਅਕਤੀ ਤੋਂ ਲਏ ਜਾਂਦੇ ਹਨ ਪਰ ਜਾਦੂ ਅਤੇ ਟੂਣੇ ਦੇ ਸੰਦਰਭ ਵਿੱਚ ਸਿਆਣੇ ਤੋਂ ਭਾਵ ਉਸ ਵਿਅਕਤੀ ਵਿਸ਼ੇਸ਼ ਤੋਂ ਹੈ ਜੋ ਮੰਤਰ-ਸਿੱਧੀ ਨਾਲ ਪ੍ਰਕਿਰਤੀ ਦੀਆਂ ਕੁਝ ਅਦਿੱਖ ਸ਼ਕਤੀਆਂ ਨੂੰ ਆਪਣੇ ਵੱਸ ਵਿੱਚ ਕੀਤੀਆਂ ਹੋਣ ਦਾ ਦਾਅਵਾ ਕਰਦਾ ਹੋਵੇ ਅਤੇ ਉਹ ਸ਼ਕਤੀਆਂ ਭੇਟਾ ਦੇ ਚੜ੍ਹਾਵੇ ਜਾਂ ਮੰਤਰ ਸਿੱਧੀ ਦੀ ਵਿਧੀ ਨਾਲ ਸਿਆਣੇ ਦੇ ਕਹੇ ਅਨੁਸਾਰ, ਕਿਸੇ ਰੋਗੀ ਦਾ ਰੋਗ ਨਵਿਰਤ ਕਰ ਸਕਦੀਆਂ ਹੋਣ, ਅਤੇ ਚਾਹੁਣ `ਤੇ ਕਿਸੇ ਵਿਅਕਤੀ ਦਾ ਨੁਕਸਾਨ ਵੀ ਕਰ ਸਕਦੀਆਂ ਹੋਣ; ਅਜਿਹੀ ਟੂਣਾ ਵਿਧੀ ਜਾਦੂ ਦੇ ਘੇਰੇ ਵਿੱਚ ਆਉਂਦੀ ਹੈ ਜਿਸ ਨੂੰ ਕਾਲਾ ਜਾਦੂ ਕਿਹਾ ਜਾਂਦਾ ਹੈ। ਇਉਂ ਰੋਗ ਨਵਿਰਤ ਕਰਨ ਵਾਲੇ ਜਾਦੂ-ਟੂਣੇ ਨੂੰ ਚਿੱਟਾ ਜਾਦੂ ਕਿਹਾ ਜਾਂਦਾ ਹੈ ਅਤੇ ਨੁਕਸਾਨ ਪਹੁੰਚਾਉਣ ਵਾਲੇ ਜਾਦੂ-ਟੂਣੇ ਨੂੰ ਕਾਲਾ ਜਾਦੂ ਕਿਹਾ ਜਾਂਦਾ ਹੈ।

     ਟੂਣੇ ਦਾ ਮੁੱਢ ਓਦੋਂ ਬੱਝਿਆ ਜਦੋਂ ਆਦਿ ਮਾਨਵ ਨੇ ਪ੍ਰਕਿਰਤੀ ਵਿੱਚ ਕਿਸੇ ਜੀਵੰਤ ਆਤਮਾ ਦੇ ਹੋਂਦ ਨੂੰ ਮਹਿਸੂਸ ਕੀਤਾ ਅਤੇ ਉਸ ਆਤਮ-ਤੱਤ ਨੂੰ ਰਹੱਸਮਈ ਢੰਗ ਨਾਲ ਵੱਸ ਵਿੱਚ ਕਰਨ ਦੇ ਉਪਰਾਲੇ ਕੀਤੇ। ਇਸ ਤਰ੍ਹਾਂ ਟੂਣੇ ਦੀ ਉਤਪਤੀ ਮਨੁੱਖ ਦੀ ਸ੍ਵੈ-ਰੱਖਿਆ ਵਿੱਚੋਂ ਹੋਈ ਮੰਨੀ ਜਾਂਦੀ ਹੈ। ਇਉਂ ਮਨੁੱਖ ਇਸ ਧਾਰਨਾ ਦਾ ਕਾਇਲ ਹੋਇਆ ਕਿ ਇਸ ਸੰਸਾਰਿਕ ਬ੍ਰਹਿਮੰਡ ਦੇ ਪਿੱਛੇ ਕੋਈ ਨਾ ਕੋਈ ਅਚੇਤ ਅਤੇ ਨਿਰਵਿਅਕਤੀਤਵ ਸ਼ਕਤੀ ਕਾਰਜਸ਼ੀਲ ਹੈ ਜੋ ਕਿਸੇ ਨੇਮ ਵਿੱਚ ਬੱਝੀ ਹੋਈ ਸੰਸਾਰ ਨੂੰ ਚਲਾ ਰਹੀ ਹੈ। ਮਨੁੱਖ ਇਸ ਧਾਰਨਾ ਦਾ ਕਾਇਲ ਵੀ ਹੋਇਆ ਕਿ ਜੇਕਰ ਕੋਈ ਅਦਿੱਖ ਸ਼ਕਤੀ ਕਾਰਜਸ਼ੀਲ ਹੈ ਤਾਂ ਉਸ ਸ਼ਕਤੀ ਉੱਤੇ ਰਹੱਸਮਈ ਵਿਧੀਆਂ ਨਾਲ ਕਾਬੂ ਪਾ ਕੇ ਉਸ ਦੇ ਅਟੱਲ ਨਿਯਮਾਂ ਵਿੱਚ ਪਰਿਵਰਤਨ ਲਿਆਂਦਾ ਜਾ ਸਕਦਾ ਹੈ।

     ਇੱਕ ਤਰ੍ਹਾਂ ਧਰਮ ਨਾਲ ਜੁੜੀਆਂ ਧਾਰਨਾਵਾਂ ਦਾ ਵੀ ਵਿਸ਼ਵਾਸ ਹੈ ਕਿ ਪੂਜਾ ਅਰਾਧਨਾ ਜਾਂ ਭਜਨ ਸਿਮਰਨ ਨਾਲ ਕੁਦਰਤ ਦੇ ਨੇਮਾਂ ਨੂੰ ਬਦਲਿਆ ਜਾ ਸਕਦਾ ਹੈ। ਪਰ ਟੂਣੇ ਅਤੇ ਧਰਮ ਵਿੱਚ ਬੁਨਿਆਦੀ ਅੰਤਰ ਇਹ ਹੈ ਕਿ ਧਾਰਮਿਕ ਵਿਸ਼ਵਾਸ ਵਿੱਚ ਜਿੱਥੇ ਇਸ਼ਟ ਦੇਵ ਅੱਗੇ ਪੂਜਾ ਅਰਾਧਨਾ ਕਰ ਕੇ ਦੇਵ ਨੂੰ ਪ੍ਰਸੰਨ ਕੀਤਾ ਜਾਂਦਾ ਹੈ ਉੱਥੇ ਟੂਣੇ ਆਦਿ ਵਿੱਚ ਵੱਸ ਵਿੱਚ ਕੀਤੀਆਂ ਗ਼ੈਬੀ ਸ਼ਕਤੀਆਂ ਤੋਂ ਮਨਇੱਛਤ ਕਾਰਜ ਕਰਵਾਉਣ ਲਈ ਸਿਆਣਿਆਂ ਵੱਲੋਂ ਹੁਕਮ ਦਿੱਤਾ ਜਾਂਦਾ ਹੈ। ਇੱਕ ਧਾਰਨਾ ਅਨੁਸਾਰ, ਇਸ ਹੁਕਮ ਦੇਣ ਅਤੇ ਅੱਗੋਂ ਉਹਨੂੰ ਮੰਨਣ ਦੇ ਇਵਜ਼ ਵਿੱਚ ਜੋ ਵਸਤੂਆਂ ਕਿਸੇ ਵਿਸ਼ੇਸ਼ ਵਿਧੀ ਅਤੇ ਅਨੁਸ਼ਠਾਨ ਅਨੁਸਾਰ ਕਿਸੇ ਨਮਿਤ ਥਾਂ ਰੱਖੀਆਂ ਜਾਂਦੀਆਂ ਹਨ ਉਹਨਾਂ ਵਸਤਾਂ ਜਾਂ ਵਿਧੀਆਂ ਨੂੰ ਟੂਣਾ ਕਹਿੰਦੇ ਹਨ। ਇਹ ਅਨੁਸ਼ਠਾਨ ਕਿਸੇ ਵਿਸ਼ੇਸ਼ ਵਿਧੀ ਵਿਧਾਨ, ਸਮੇਂ ਸਥਾਨ ਅਤੇ ਢੰਗ ਤਰੀਕੇ ਨਾਲ ਸੰਬੰਧਿਤ ਹੁੰਦੇ ਹਨ ਕਿਉਂਕਿ ਟੂਣੇ ਵਿੱਚ ਵਰਤੀ ਜਾਣ ਵਾਲੀ ਸਮਗਰੀ ਭਾਵੇਂ ਰੋਜ਼ਾਨਾ ਜਨ-ਜੀਵਨ ਨਾਲ ਸੰਬੰਧਿਤ ਹੀ ਹੁੰਦੀ ਹੈ ਪਰ ਕਿਸੇ ਖ਼ਾਸ (ਉਚੇਚੇ) ਵਿਧੀ ਵਿਧਾਨ ਵਿੱਚ ਉਹ ਸਧਾਰਨ ਸਮਗਰੀ ਵਿਸ਼ੇਸ਼ ਅਸਰ ਦੀ ਧਾਰਨੀ ਬਣ ਜਾਂਦੀ ਹੈ ਜੋ ਬ੍ਰਹਿਮੰਡ ਦੀਆਂ ਅਦਿੱਖ ਸ਼ਕਤੀਆਂ ਨੂੰ ਆਪਣੀ ਇੱਛਾ ਅਨੁਸਾਰ ਢਾਲ ਲੈਣ ਦੀ ਬਿਰਤੀ ਵਾਲੀ ਬਣ ਗਈ ਸਮਝੀ ਜਾਂਦੀ ਹੈ।

     ਇੱਕ ਵਿਸ਼ਵਾਸ ਅਨੁਸਾਰ, ਟੂਣੇ ਦੀ ਸਮਗਰੀ ਜੇਕਰ ਚੁਰਸਤੇ ਵਿੱਚ ਪਈ ਹੋਵੇ ਤਾਂ ਉਸ ਉੱਤੋਂ ਟੱਪਣ ਵਾਲੇ ਪਹਿਲੇ ਵਿਅਕਤੀ `ਤੇ ਬੁਰਾ ਪ੍ਰਭਾਵ ਪੈਣ ਦਾ ਡਰ ਬਣਿਆ ਰਹਿੰਦਾ ਹੈ। ਟੂਣਾ ਕਰਨ ਉਪਰੰਤ, ਟੂਣੇ ਵਿੱਚ ਰੱਖੀ ਮਿਠਿਆਈ, ਫਲ, ਸੁੱਕੇ ਮੇਵੇ, ਖਾਣ ਅਤੇ ਕੱਪੜਾ ਭਾਂਡਾ ਚੁੱਕ ਕੇ ਘਰ ਵਿੱਚ ਇਸਤੇਮਾਲ ਕਰਨ ਨਾਲ ਵੀ ਮੰਦੇ ਪ੍ਰਭਾਵ ਦਾ ਡਰ ਬਣਿਆ ਰਹਿੰਦਾ ਹੈ। ਟੂਣਾ ਸਮਗਰੀ ਭੇਟਾ ਕਰਨ ਵਾਲੇ ਕੁਝ ਖ਼ਾਸ ਦੇਵੀ ਦੇਵ, ਪ੍ਰੇਤ, ਗੰਧਰਵ ਅਤੇ ਪੀਰ ਫ਼ਕੀਰ ਮੰਨੇ ਗਏ ਹਨ। ਜਿਵੇਂ ਕਾਲੀ ਮਾਈ, ਸੀਤਲਾ ਮਾਈ, ਹਾਕਨੀ ਡਾਕਨੀ, ਭੈਰੋਂ, ਹਨੂਮਾਨ, ਖ਼ੁਆਜਾ, ਲਾਲਾਂ ਵਾਲਾ, ਗੁੱਗਾ, ਮਸਾਣ ਆਦਿ...।

     ਕਿਸੇ ਖ਼ਾਸ ਦਿਨ/ਸਮੇਂ ਕਿਸੇ ਵਿਸ਼ੇਸ਼ ਵਿਧੀ ਵਿਧਾਨ ਅਨੁਸਾਰ, ਚੌਰਾਹੇ ਵਿੱਚ ਇਸ਼ਨਾਨ ਕਰਨਾ/ਜਾਨਵਰਾਂ ਨੂੰ ਭੋਜਨ ਖੁਆਉਣਾ, ਕਿਸੇ ਮਰਜ ਲਈ ਮੰਤਰ ਲਿਖ ਕੇ ਸਰੀਰ `ਤੇ ਤਵੀਤ (ਤਾਵੀਜ਼) ਪਹਿਨਣਾ, ਕਿਸੇ ਪੀਰ ਫ਼ਕੀਰ ਦੀ ਮਜ਼ਾਰ `ਤੇ ਕੁੱਕੜ, ਬੱਕਰੇ ਜਾਂ ਕੱਟੇ ਆਦਿ ਦੀ ਭੇਟਾ ਦੇਣੀ, ਚੁਰਸਤੇ ਜਾਂ ਕਿਸੇ ਵਿਸ਼ੇਸ਼ ਰੁੱਖ ਥੱਲੇ ਕਿਸੇ ਵਿਸ਼ੇਸ਼ ਸਮੇਂ ਦੀਵਾ ਜਗਾਉਣਾ, ਵਸਤਰ, ਅੰਨ ਜਾਂ ਰੁਪਏ ਪੈਸੇ ਕਿਸੇ ਵਿਸ਼ੇਸ਼ ਵਿਧੀ ਅਨੁਸਾਰ ਦਾਨ ਕਰਨੇ ਟੂਣਾ ਵਿਧੀ ਅਧੀਨ ਹੀ ਗਿਣੇ ਜਾਂਦੇ ਹਨ। ਜਿਵੇਂ ਜਾਦੂ ਦੋ ਕਿਸਮ (ਚਿੱਟਾ ਅਤੇ ਕਾਲਾ) ਦਾ ਗਿਣਿਆ ਗਿਆ ਹੈ; ਇਵੇਂ ਟੂਣੇ ਵੀ ਦੋ ਕਿਸਮ ਦੇ ਮੰਨੇ ਜਾਂਦੇ ਹਨ। ਕਿਸੇ ਇੱਛਤ ਕਾਮਨਾ ਦੀ ਪ੍ਰਾਪਤੀ ਹਿਤ ਕੀਤੇ ਟੂਣੇ ਸਿਆਣਿਆਂ ਦੀ ਦੱਸ ਮੁਤਾਬਕ ਕੀਤੇ ਜਾਂਦੇ ਹਨ। ਜਦ ਕਿ ਨਜ਼ਰ ਉਤਾਰਨ ਜਾਂ ਨਜ਼ਰ ਲੱਗਣ ਤੋਂ ਰੋਕਣ ਲਈ ਕੀਤੇ ਗਏ ਟੂਣੇ, ਲੋਕ-ਧਾਰਨਾ ਅਨੁਸਾਰ ਕੀਤੇ ਜਾਂਦੇ ਹਨ। ਜਿਵੇਂ, ਨਵੇਂ ਮਕਾਨ ਦੇ ਮੱਥੇ ਡਾਇਣ ਦੀ ਸ਼ਕਲ ਬਣਾ ਕੇ ਹਾਂਡੀ ਟੰਗਣੀ, ਕਿਸੇ ਨਵੀਂ ਦਿੱਖ ਤੋਂ ਧਿਆਨ ਹਟਾ ਕੇ ਨਜ਼ਰ ਤੋਂ ਬਚਾਉਣ ਲਈ ਕਾਲਾ ਰਿਬਨ ਜਾਂ ਧਾਗਾ ਬੰਨ੍ਹਣਾ; ਨਵੇਂ ਘਰ ਦੀ ਨੀਂਹ ਰੱਖਣ ਸਮੇਂ ਸਪੋਲੀਏ ਦੀ ਸ਼ਕਲ ਦਾ ਗਹਿਣਾ, ਸੂਰ ਦੀ ਨਸ਼ਤਰ, ਪੈਸੇ (ਸਿੱਕਾ) ਸੰਧੂਰ, ਤੇਲ, ਗੁੜ ਆਦਿ ਰੱਖਣਾ, ਜਾਂ ਕਿਸੇ ਖ਼ਾਸ ਦਿਨ ਚੁਰਸਤੇ ਵਿੱਚ ਆਟੇ ਦਾ ਚਮੁਖੀਆ ਦੀਵਾ ਆਦਿ ਬਾਲਣਾ ਸਧਾਰਨਤਾ ਟੂਣਾ ਵਿਧੀਆਂ ਹਨ। ਬਹੁਤ ਸਾਰੀਆਂ ਸਧਾਰਨ ਟੂਣਾ ਵਿਧੀਆਂ ਲੋਕ ਵਿਸ਼ਵਾਸਾਂ `ਤੇ ਆਧਾਰਿਤ ਹਨ। ਜਿਵੇਂ, ਜੇਕਰ ਨਵ-ਜਨਮਿਆ ਬਾਲ ਜਨਮ ਤੋਂ ਕੁਛ ਪਲ ਬਾਅਦ ਨਾ ਰੋਵੇ ਤਾਂ ਉਹਦੀ ਔਲ ਨੂੰ ਤਵੇ ਤੇ ਗਰਮ ਕਰਨ ਦਾ ਚਲਨ ਹੈ। ਇਵੇਂ ਹੀ ਜੇਕਰ ਬਾਲ ਜ਼ਿਆਦਾ ਰੋਵੇ ਤਾਂ ਜਿਸ ਥਾਂ ਬਾਲ ਦੀ ਔਲ ਦੱਬੀ ਹੋਵੇ, ਉਸ ਥਾਂ ਨੂੰ ਥਾਪੜਣ ਦਾ ਟੂਣਾ ਕੀਤਾ ਜਾਂਦਾ ਹੈ। ਪ੍ਰਸੂਤ ਪੀੜਾਂ ਦੌਰਾਨ ਮੰਜੇ ਤੇ ਪਈ ਇਸਤਰੀ ਦੇ ਮੰਜੇ ਪੁਰ ਲੋਹੇ ਦੀ ਧਾਤ ਰੱਖਣੀ ਵੀ ਟੂਣਾ ਵਿਧੀ ਅਧੀਨ ਗਿਣੀ ਜਾਂਦੀ ਹੈ।

     ਵਧੇਰੇ ਟੂਣਾ ਵਿਧੀਆਂ ਇੱਛਾ ਪ੍ਰਾਪਤੀ ਅਧੀਨ ਕੀਤੀਆਂ ਜਾਂਦੀਆਂ ਹਨ। ਜਦ ਕਿ ਕੁਝ ਟੂਣਾ ਵਿਧੀਆਂ ਕਿਸੇ ਦੂਜੇ ਨੂੰ ਨੁਕਸਾਨ ਪਹੁੰਚਾਉਣ ਹਿਤ ਵੀ ਕਰਨ ਦੇ ਪ੍ਰਮਾਣ ਮਿਲਦੇ ਹਨ। ਅਜਿਹੇ ਟੂਣੇ ਸਿਆਣਿਆਂ ਦੇ ਵਿਸ਼ੇਸ਼ ਵਿਧੀ ਵਿਧਾਨ `ਤੇ ਨਿਰਭਰ ਕਰਦੇ ਹਨ। ਇਉਂ ਟੂਣਾ ਸਮੁੱਚੇ ਰੂਪ ਵਿੱਚ ਮਨੁੱਖ ਦੀ ਸ੍ਵੈ-ਰੱਖਿਆ ਵਿੱਚੋਂ ਉਪਜਿਆ ਹੀ ਕਿਹਾ ਜਾ ਸਕਦਾ ਹੈ।


ਲੇਖਕ : ਕਿਰਪਾਲ ਕਜ਼ਾਕ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 10183, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਟੂਣਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਟੂਣਾ [ਨਾਂਪੁ] ਤੰਤਰ-ਮੰਤਰ, ਝਾੜਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 10172, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਟੂਣਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਟੂਣਾ ਸੰਗ੍ਯਾ—ਤੰਤ੍ਰ. ਜਾਦੂ. ਟਾਮਨ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9676, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.