ਟੋਡੀ ਰਾਗ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਟੋਡੀ ਰਾਗ (ਬਾਣੀ): ਗੁਰੂ ਗ੍ਰੰਥ ਸਾਹਿਬ ਵਿਚ ਆਏ ਟੋਡੀ ਰਾਗ ਵਿਚ ਕੁਲ 32 ਚਉਪਦੇ ਹਨ ਅਤੇ ਭਗਤ- ਬਾਣੀ ਪ੍ਰਕਰਣ ਵਿਚ ਨਾਮਦੇਵ ਦੇ ਤਿੰਨ ਸ਼ਬਦ ਹਨ।
ਚਉਪਦੇ ਪ੍ਰਕਰਣ ਵਿਚ ਗੁਰੂ ਰਾਮਦਾਸ ਜੀ ਦੇ ਲਿਖੇ ਇਕ ਚਉਪਦੇ ਵਿਚ ਹਰਿ-ਨਾਮ ਲਈ ਤੀਬਰ ਇੱਛਾ ਨੂੰ ਦਰਸਾਇਆ ਗਿਆ ਹੈ। ਗੁਰੂ ਅਰਜਨ ਦੇਵ ਜੀ ਦੇ 30 ਚਉਪਦਿਆਂ ਵਿਚ 24 ਵਿਚ ਦੋ ਦੋ, ਪੰਜ ਵਿਚ ਚਾਰ ਚਾਰ ਅਤੇ ਇਕ ਵਿਚ ਪੰਜ ਪਦਿਆ ਦਾ ਸਮੁੱਚ ਹੈ। ਇਨ੍ਹਾਂ ਵਿਚ ਗੁਰਬਾਣੀ ਦੇ ਅਨੇਕ ਪੱਖਾਂ ਉਤੇ ਪ੍ਰਕਾਸ਼ ਪਾਇਆ ਗਿਆ ਹੈ। ਨਾਮ-ਸਿਮਰਨ ਇਨ੍ਹਾਂ ਸ਼ਬਦਾਂ ਦਾ ਕੇਂਦਰ-ਬਿੰਦੂ ਹੈ ਕਿਉਂਕਿ ਇਸ ਦੁਆਰਾ ਪ੍ਰਭੂ ਨਾਲ ਪ੍ਰੇਮ ਪੈਂਦਾ ਹੈ, ਜ਼ਿੰਦਗੀ ਦੇ ਦੁਖ-ਕਲੇਸ਼ ਨਸ਼ਟ ਹੁੰਦੇ ਹਨ। ਨੌਵੇਂ ਗੁਰੂ ਜੀ ਨੇ ਆਪਣੇ ਇਕ ਦੁਪਦੇ ਵਿਚ ਪਰਮਾਤਮਾ ਤੋਂ ਵਿਛੁੰਨੇ ਮਨੁੱਖ ਦੀ ਅਧਮ ਅਵਸਥਾ ਦਾ ਚਿਤਰ ਖਿਚਿਆ ਹੈ।
ਭਗਤ-ਬਾਣੀ ਪ੍ਰਕਰਣ ਵਿਚ ਭਗਤ ਨਾਮਦੇਵ ਨੇ ਆਪਣੇ ਤਿੰਨ ਸ਼ਬਦਾਂ ਵਿਚ ਦਸਿਆ ਹੈ ਕਿ ਪਰਮਾਤਮਾ ਦੇ ਗੁਣਗਾਨ ਨਾਲ ਪਾਪ ਧੁਲ ਜਾਂਦੇ ਹਨ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2045, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no
ਟੋਡੀ ਰਾਗ ਸਰੋਤ :
ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ
ਟੋਡੀ (ਰਾਗ ) : ਗੁਰਮਤਿ ਸੰਗੀਤ ਪੱਧਤੀ ਨਾ ਸਿਰਫ ਭਾਰਤੀ ਸੰਗੀਤ ਵਿਚ ਹੀ ਸਗੋਂ ਵਿਸ਼ਵ ਦੇ ਸੰਗੀਤ ਖੇਤਰ ਵਿਚ ਵਿਸ਼ੇਸ਼ ਮਹੱਤਵ ਰੱਖਦੀ ਹੈ । ਵੱਖ ਵੱਖ ਹਾਲਾਤਾਂ ਕਾਰਣ ਸੰਗੀਤ ਦੇ ਖੇਤਰ ਵਿਚ ਇਸ ਦਾ ਸਹੀ ਮੁਲਾਂਕਣ ਨਹੀਂ ਹੋ ਸਕਿਆ ਕਿਉਂਕਿ ਇਸ ਸੰਗੀਤ ਪੱਧਤੀ ਨੂੰ ਕੇਵਲ ਧਰਮ ਦੀ ਵਲਗਣ ਤਕ ਹੀ ਸੀਮਿਤ ਰੱਖਿਆ ਗਿਆ।
ਗੁਰੂ ਗ੍ਰੰਥ ਸਾਹਿਬ ਵਿਚ ਜਪੁਜੀ, ਸਵੱਯੇ, ਵਾਰਾਂ ਅਤੇ ਸਲੋਕਾਂ ਤੋਂ ਬਿਨਾਂ ਸਮੁੱਚੀ ਬਾਣੀ ਰਾਗਬੱਧ ਹੈ । ਸ਼ਬਦ ਦੇ ਭਾਵ ਅਤੇ ਸੰਗੀਤ ਸ਼ਾਸਤਰ ਅਨੁਸਾਰ ਅਤਿ ਢੁਕਵੇਂ ਰਾਗਾਂ ਨੂੰ ਗਾਇਨ ਲਈ ਬਾਣੀ ਉਪਰ ਅੰਕਿਤ ਕੀਤਾ ਗਿਆ ਹੈ । ਗੁਰਮਤਿ ਵਿਦਵਾਨਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਪ੍ਰਚਲਿਤ 31 ਰਾਗਾਂ ਨੂੰ ਸਵੀਕਾਰਿਆ ਹੈ । ਇਨ੍ਹਾਂ 31 ਰਾਗਾਂ ਅਧੀਨ 29 ਰਾਗ ਹੋਰ ਵੀ ਅੰਕਿਤ ਹਨ ਜਿਹੜੇ ਭਾਰਤੀ ਸੰਗੀਤ ਸ਼ਾਸਤਰ ਅਨੁਸਾਰ ਨਵੇਕਲੀ ਸੁਤੰਤਰ ਤੇ ਪਛਾਣਯੋਗ ਹੋਂਦ ਰੱਖਦੇ ਹਨ । ਟੋਡੀ ਰਾਗ ਉਪਰੋਕਤ 31 ਰਾਗਾਂ ਵਿਚੋਂ 12ਵਾਂ ਰਾਗ ਹੈ । ਰਾਗ ਟੋਡੀ ਇਕ ਸਰਲ ਤੇ ਮਧੁਰ ਰਾਗ ਹੈ। ਇਸ ਨੂੰ ਤੋੜੀ ਦੇ ਨਾਂ ਨਾਲ ਵੀ ਸੰਬੋਧਨ ਕੀਤਾ ਜਾਂਦਾ ਹੈ । ਉੱਤਰ ਭਾਰਤੀ ਸੰਗੀਤ ਪੱਧਤੀ ਦੇ ਦਸਾਂ ਥਾਟਾਂ ਵਿਚੋਂ ਇਹ ਤੋੜੀ ਥਾਟ ਦਾ ਆਸ਼ਰਯ ਰਾਗ ਵੀ ਹੈ । ਇਸ ਰਾਗ ਵਿਚ ਰਿਸ਼ਭ, ਗੰਧਾਰ, ਧੈਵਤ, ਕੋਮਲ, ਮਧਿਅਮ ਤੀਬਰ ਅਤੇ ਬਾਕੀ ਸਭ ਸੁਰ ਸ਼ੁੱਧ ਵਰਤੇ ਜਾਂਦੇ ਹਨ । ਇਹ ਉਤਰਾਗ ਪ੍ਰਧਾਨ ਰਾਗ ਹੈ ਜਿਸ ਦਾ ਵਿਸਥਾਰ ਤਿੰਨਾਂ ਸਪਤਕਾਂ ਵਿਚ ਕੀਤਾ ਜਾਂਦਾ ਹੈ । ਇਹ ਗੰਭੀਰ ਪ੍ਰਕ੍ਰਿਤੀ ਦਾ ਰਾਗ ਹੈ।
ਥਾਟ=ਟੋਡੀ (ਤੋੜੀ) ਜਾਤੀ=ਸ਼ਾੜਵ=ਸੰਪੂਰਣ; ਵਾਦੀ=ਧੈਵਤ ਸੰਵਾਦੀ=ਗੰਧਾਰ , ਸਮਾਂ=ਦਿਨ ਦਾ ਦੂਜਾ ਪਹਿਰ ।
ਆਰੋਹੀ - ਸ, ਰੇ, ਗ, ਮ, ਪ , ਧ, ਨੀ, ਸ, ਸਾਂ.
ਅਵਰੋਹੀ - ਸਂ , ਨੀ, ਧ, ਪ, ਮ, ਰੇ, ਗ.
ਇਸ ਰਾਗ ਨੂੰ ਗੁਰੂ ਰਾਮਦਾਸ ਜੀ, ਗੁਰੂ ਅਰਜਨ ਦੇਵ ਜੀ, ਗੁਰੂ ਤੇਗ ਬਹਾਦਰ ਜੀ ਅਤੇ ਭਗਤ ਰਵਿਦਾਸ ਨੇ ਆਪਣੀ ਬਾਣੀ ਦੇ ਗਾਇਨ ਲਈ ਵਰਤਿਆ ।
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1202, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-01-18-03-45-12, ਹਵਾਲੇ/ਟਿੱਪਣੀਆਂ: ਹ. ਪੁ. –ਮ. ਕੋ. 553. ਆ. ਗ੍ਰੰ. ਰਾ. ਕੋ.
ਵਿਚਾਰ / ਸੁਝਾਅ
Please Login First