ਠਾਕੁਰ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਠਾਕੁਰ. ਦੇਖੋ, ਠਕੁਰ. “ਠਾਕੁਰ ਸਰਬੇ ਸਮਾਣਾ.” (ਸ੍ਰੀ ਮ: ੫) ੨ ਹਿੰਦੀ ਦਾ ਇੱਕ ਪ੍ਰਸਿੱਧ ਕਵਿ, ਜਿਸ ਦਾ ਜਨਮ ਸਨ ੧੬੪੩ ਵਿੱਚ ਹੋਇਆ. ਦੇਖੋ, ਏਕਤਾ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7747, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no

ਠਾਕੁਰ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਠਾਕੁਰ: ਇਹ ਸ਼ਬਦ ਸੰਸਕ੍ਰਿਤ ਦੇ ‘ਠੱਕੁਰ’ ਸ਼ਬਦ ਦਾ ਪ੍ਰਾਕ੍ਰਿਤ ਰੂਪ ਹੈ। ਵੈਸ਼ਣਵ-ਧਰਮ ਵਿਚ ਇਸ ਨੂੰ ਇਸ਼ਟ- ਦੇਵਤਾ ਲਈ ਵਰਤਿਆ ਜਾਂਦਾ ਹੈ। ਵੈਸ਼ਣਵ-ਭਗਤੀ ਦੀ ਅਨੇਕ ਪ੍ਰਕਾਰ ਦੀ ਹੋਰ ਸ਼ਬਦਾਵਲੀ ਨਾਲ ਇਸ ਸ਼ਬਦ ਦੀ ਵਰਤੋਂ ਵੀ ਨਿਰਗੁਣਵਾਦੀ ਸੰਤਾਂ ਨੇ ਪਰਮਾਤਮਾ ਲਈ ਕੀਤੀ ਹੈ। ਗੁਰਬਾਣੀ ਵਿਚ ਇਸ ਨੂੰ ਪਰਮਾਤਮਾ ਦਾ ਵਾਚਕ ਮੰਨਿਆ ਗਿਆ ਹੈ। ਜਿਵੇਂ ਠਾਕੁਰ ਤੁਮ੍ਹ ਸਰਣਾਈ ਆਇਆ ਉਤਰਿ ਗਇਓ ਮੇਰੇ ਮਨ ਕਾ ਸੰਸਾ ਜਬ ਤੇ ਦਰਸਨੁ ਪਾਇਆ (ਗੁ. ਗ੍ਰੰ.1218); ਤੂ ਠਾਕੁਰੁ ਤੁਮ ਪਹਿ ਅਰਦਾਸਿ (ਗੁ.ਗ੍ਰੰ.268)।  


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7719, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਠਾਕੁਰ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਠਾਕੁਰ (ਸੰ.। ਸੰਸਕ੍ਰਿਤ ਠਕਕੁੑਰ। ਹਿੰਦੀ ਪੰਜਾਬੀ। ਠਾਕੁਰ) ਸੁਆਮੀ ਭਾਵ ਵਾਹਿਗੁਰੂ। ਯਥਾ-‘ਠਾਕੁਰ ਭਾਣੀ ਸਾ ਗੁਣਵੰਤੀ’।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 7719, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਠਾਕੁਰ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਗਿਆਰਵੀਂ, ਭਾਸ਼ਾ ਵਿਭਾਗ ਪੰਜਾਬ

ਠਾਕੁਰ : ਇਸ ਨਾਂ ਦੇ ਤਿੰਨ ਠਾਕੁਰ ਹਨ––ਅਸਨੀਵਾਲੇ ਪ੍ਰਾਚੀਨ ਠਾਕੁਰ, ਅਸਨੀਵਾਲੇ ਦੂਜੇ ਠਾਕੁਰ ਅਤੇ ਠਾਕੁਰ ਬੁੰਦੇਲਖੰਡੀ। ਇਨ੍ਹਾਂ ਤਿੰਨਾਂ ਨੂੰ ‘ਠਾਕੁਰ ਤਿਕੜੀ’ ਵੀ ਕਿਹਾ ਜਾਂਦਾ ਹੈ।

          1. ਅਸਨੀਵਾਲੇ ਪ੍ਰਾਚੀਨ ਠਾਕੁਰ : ਇਸ ਦਾ ਸਮਾਂ ਰੀਤੀਕਾਲ ਦੇ ਸ਼ੁਰੂ ਵਿਚ ਸੰਨ 1700 ਦੇ ਲਗਭਗ ਦਾ ਹੈ। ਰੀਤੀ ਬੱਧ ਰਚਨਾਵਾਂ ਕਰਨ ਦੀ ਥਾਂ ਇਸ ਨੇ ਆਪਣੇ ਮਨ ਮੁਤਾਬਿਕ ਪ੍ਰਚੱਲਤ ਅਤੇ ਸਾਫ਼ ਭਾਸ਼ਾ ਵਿਚ ਕਬਿੱਤ ਸਵਈਏ ਲਿਖੇ। ਇਸ ਦੀਆਂ ਫੁਟਕਲ ਕਵਿਤਾਵਾਂ ‘ਕਾਲੀਦਾਸ ਹਜ਼ਾਰਾ’ ਆਦਿ ਕਾਵਿ-ਸੰਗ੍ਰਹਿ ਵਿਚ ਹਨ।

          2. ਅਸਨੀਵਾਲੇ ਦੂਜੇ ਠਾਕੁਰ––ਰਾਮਨਰੇਸ਼ ਤ੍ਰਿਪਾਠੀ ਅਨੁਸਾਰ ਇਸ ਦਾ ਜਨਮ ਸੰਨ 1792 ਵਿਚ ਹੋਇਆ। ਸੰਨ 1861 ਵਿਚ ਇਸ ਨੇ ‘ਸਤਸਈ ਬਰਨਾਰਥ’ ਨਾਂ ਦੀ ‘ਬਿਹਾਰੀ ਸਤਸਈ’ ਦਾ ਇਕ ਟੀਕਾ (ਦੇਵਕੀ ਨੰਦਨ ਟੀਕਾ) ਬਣਾਇਆ। ਇਸ ਦੀ ਕਵਿਤਾ ਦਾ ਸਮਾਂ ਸੰਨ 1860 ਦੇ ਲਗਭਗ ਦਾ ਮੰਨਿਆ ਗਿਆ ਹੈ। ਇਸ ਦੀ ਕਵਿਤਾ ਭਾਵ, ਭਾਸ਼ਾ ਅਤੇ ਸਰਲਤਾ ਕਾਰਨ ਪ੍ਰਸਿੱਧ ਹੈ।

          3. ਠਾਕੁਰ ਬੁੰਦੇਲਖੰਡੀ––ਇਸ ਦਾ ਜਨਮ ਸੰਨ 1823 ਵਿਚ ਮੱਧ ਪ੍ਰਦੇਸ਼ ਵਿਚ ਓਰਛਾ ਵਿਖੇ ਹੋਇਆ। ਇਸ ਦਾ ਪੂਰਾ ਨਾਂ ਠਾਕੁਰ ਦਾਸ ਸੀ। ਇਹ ਜੈਤਪੂਰ (ਬੁੰਦੇਲਖੰਡ) ਦਾ ਰਹਿਣ ਵਾਲਾ ਅਤੇ ਉਥੋਂ ਦੇ ਰਾਜਾ ਕੇਸਰੀ ਦਾ ਦਰਬਾਰੀ ਕਵੀ ਸੀ। ਕੇਸਰੀ ਸਿੰਘ ਦੇ ਪੁੱਤਰ ਪਾਰੀਛਤ ਅਤੇ ਬਾਂਦਾ ਦੇ ਹਿੰਮਤ ਬਹਾਦੁਰ ਗੋਸਾਈਂ ਨੇ ਵੀ ਇਸ ਨੂੰ ਆਪਣੇ ਦਰਬਾਰ ਵਿਚ ਉਚਿਤ ਸਥਾਨ ਦਿੱਤਾ।

          ਸੰਨ 1880 ਦੇ ਲਗਭਗ ਇਸ ਦੀ ਮੌਤ ਹੋ ਗਈ। ਇਸ ਲਈ ਇਸ ਦੀ ਕਵਿਤਾ ਦਾ ਸਮਾਂ 1850 ਤੋਂ 1880 ਤੱਕ ਦਾ ਮੰਨਿਆ ਜਾਂਦਾ ਹੈ। ਲਾਲਾ ਭਗਵਾਨ ਦੀਨ ਜੀ ਨੇ ਇਸ ਦੀਆਂ ਕਵਿਤਾਵਾਂ ਦਾ ਇਕ ਸੰਗ੍ਰਹਿ ‘ਠਾਕੁਰ-ਠਸਕ’ ਦੇ ਨਾਂ ਹੇਠ ਕੱਢਿਆ। ਇਸ ਸੰਗ੍ਰਹਿ ਦੀ ਇਹ ਵਿਸ਼ੇਸ਼ਤਾ ਹੈ ਕਿ ਇਸ ਵਿਚ ਕਵੀ ਦੇ ਜੀਵਨ ਬਾਰੇ ਵੀ ਬਹੁਤ ਕੁਝ ਦਿੱਤਾ ਗਿਆ ਹੈ।

          ਦਰਬਾਰੀ ਕਵੀ ਹੁੰਦੇ ਹੋਏ ਵੀ ਇਸ ਨੇ ਕਦੇ ਕਿਸੇ ਦੀ ਵਾਧੂ ਪ੍ਰਸੰਸਾ ਨਹੀਂ ਕੀਤੀ। ਇਹ ਸਾਫ਼, ਮਨਮੌਜੀ, ਨਿੱਡਰ, ਸਪਸ਼ਟਵਾਦੀ, ਸਵੈਮਾਨੀ, ਸੁੰਦਰਤਾ-ਪ੍ਰੇਮੀ, ਭਾਵੁਕ, ਦੂਰਦਰਸ਼ੀ, ਕੁਸ਼ਲ ਵਿਅਕਤੀ ਸੀ। ਇਸ ਦੀਆਂ ਕਵਿਤਾਵਾਂ ਬਣਾਵਟ, ਅਣ-ਲੋੜੀਂਦੇ ਸ਼ਬਦਾਂ ਅਤੇ ਕਲਪਨਾ ਤੋਂ ਦੂਰ ਹਨ। ਇਸ ਨੇ ਪ੍ਰਚੱਲਤ ਬ੍ਰਜ ਭਾਸ਼ਾ ਦੀ ਹੀ ਵਰਤੋਂ ਕੀਤੀ ਹੈ। ਇਸ ਨੇ ਅਖਾਉਤਾਂ ਨੂੰ ਬਹੁਤ ਸੁੰਦਰ ਢੰਗ ਨਾਲ ਵਰਤਿਆ ਹੈ। ਇਨ੍ਹਾਂ ਵਿਚੋਂ ਕੁਝ ਅਖਾਉਤਾਂ ਤਾਂ ਪ੍ਰਚੱਲਤ ਹਨ ਅਤੇ ਕੁਝ ਖ਼ਾਸ ਬੁੰਦੇਲਖੰਡ ਦੀਆਂ ਹਨ। ਇਸ ਦੀਆਂ ਕਵਿਤਾਵਾਂ ਤੇ ਖ਼ਾਸ ਤੌਰ ਤੇ ਸਵੈਯੇ ਬਹੁਤ ਪ੍ਰਸਿੱਧ ਹੋਏ।


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਗਿਆਰਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 5739, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2017-01-16-01-18-27, ਹਵਾਲੇ/ਟਿੱਪਣੀਆਂ: ਹ. ਪੁ.––ਹਿੰ. ਵਿ. ਕੋ. 5 : 200; ਹਿੰ. ਸਾ. ਇਤਿ.––ਸ਼ੁਕਲ; ਹਿੰ. ਸਾ. ਕੋ.

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.