ਠਾਕੁਰ ਸਿੰਘ ਸੰਧਾਵਾਲੀਆ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਠਾਕੁਰ ਸਿੰਘ ਸੰਧਾਵਾਲੀਆ (1837-1887 ਈ.): ਸਿੰਘ ਸਭਾ ਲਹਿਰ ਦੇ ਸੰਸਥਾਪਕਾਂ ਵਿਚੋਂ ਇਕ, ਜਿਸ ਦਾ ਜਨਮ ਮਹਾਰਾਜਾ ਰਣਜੀਤ ਸਿੰਘ ਦੇ ਸੱਕੇ ਸੰਬੰਧੀ ਸ. ਲਹਿਣਾ ਸਿੰਘ ਸੰਧਾਵਾਲੀਆ ਦੇ ਘਰ ਸੰਨ 1837 ਈ. ਵਿਚ ਹੋਇਆ। ਅਜੇ ਇਹ ਕੇਵਲ ਛੇ ਸਾਲਾਂ ਦਾ ਸੀ ਜਦੋਂ ਇਸ ਦੇ ਪਿਤਾ ਦਾ 16 ਸਤੰਬਰ 1843 ਈ. ਨੂੰ ਲਾਹੌਰ ਦੇ ਕਿਲ੍ਹੇ ਵਿਚ ਕਤਲ ਹੋਇਆ। ਇਸ ਨੇ ਬਚਪਨ ਵਿਚ ਸੰਸਕ੍ਰਿਤ ਅਤੇ ਫ਼ਾਰਸੀ ਭਾਸ਼ਾਵਾਂ ਦੇ ਗਿਆਨ ਤੋਂ ਇਲਾਵਾ ਭਾਰਤੀ ਧਰਮਾਂ ਅਤੇ ਇਸਲਾਮ ਦੀ ਵੀ ਜਾਣਕਾਰੀ ਪ੍ਰਾਪਤ ਕੀਤੀ। ਵੱਡਾ ਹੋਣ ’ਤੇ ਇਸ ਨੂੰ ਅੰਮ੍ਰਿਤਸਰ ਜ਼ਿਲ੍ਹੇ ਦਾ ਐਕਟ੍ਰਾ ਐਸਿਸਟੈਂਟ ਕਮਿਸ਼ਨਰ ਨਿਯੁਕਤ ਕੀਤਾ ਗਿਆ। ਇਸ ਤੋਂ ਇਲਾਵਾ ਇਸ ਨੂੰ ਦਰਬਾਰ ਸਾਹਿਬ ਦੀ ਪ੍ਰਬੰਧਕੀ ਕਮੇਟੀ ਦਾ ਮੈਂਬਰ ਵੀ ਨਾਮਜ਼ਦ ਕੀਤਾ ਗਿਆ। ਉਸ ਦੌਰਾਨ ਇਸ ਨੂੰ ਸਿੱਖ ਧਰਮ ਵਿਚ ਮਨਮਤੀਆਂ ਦੁਆਰਾ ਪ੍ਰਚਲਿਤ ਕੀਤੀਆਂ ਜਾ ਚੁਕੀਆਂ ਰਸਮਾਂ , ਰੀਤਾਂ, ਭਰਮਾਂ ਦਾ ਅਹਿਸਾਸ ਹੋਇਆ। ਸੰਨ 1873 ਈ. ਵਿਚ ਜਦੋਂ ਮਿਸ਼ਨ ਹਾਈ ਸਕੂਲ ਦੇ ਚਾਰ ਸਿੱਖ ਵਿਦਿਆਰਥੀਆਂ ਨੇ ਈਸਾਈ ਮਤ ਧਾਰਣ ਕਰਨ ਦੀ ਘੋਸ਼ਣਾ ਕੀਤੀ, ਉਦੋਂ ਇਸ ਨੇ ਕੁਝ ਚੋਣਵੇਂ ਸਿੱਖ ਆਗੂਆਂ, ਜਿਵੇਂ ਬਾਬਾ ਖੇਮ ਸਿੰਘ ਬੇਦੀ , ਕੰਵਰ ਬਿਕ੍ਰਮਾ ਸਿੰਘ (ਕਪੂਰਥਲਾ), ਗਿਆਨੀ ਗਿਆਨ ਸਿੰਘ ਆਦਿ, ਦੀ ਇਕ ਬੈਠਕ ਬੁਲਾਈ ਅਤੇ 1 ਅਕਤੂਬਰ 1873 ਈ. ਨੂੰ ਸ੍ਰੀ ਗੁਰੂ ਸਿੰਘ ਸਭਾ ਦੀ ਸਥਾਪਨਾ ਕੀਤੀ। ਇਸ ਨੂੰ ਉਸ ਸਭਾ ਦਾ ਪਹਿਲਾ ਪ੍ਰਧਾਨ ਬਣਾਇਆ ਗਿਆ। ਇਸ ਦੀ ਆਜ਼ਾਦਾਨਾ ਗਤਿਵਿਧੀ ਨੂੰ ਵੇਖਦੇ ਹੋਇਆਂ ਇਸ ਨੂੰ ਸਰਕਾਰੀ ਪਦ ਤੋਂ ਹਟਾ ਦਿੱਤਾ ਗਿਆ।

            ਸੰਨ 1883 ਈ. ਵਿਚ ਲਿੰਡਨ ਵਿਚ ਰਹਿ ਰਹੇ ਮਹਾਰਾਜਾ ਦਲੀਪ ਸਿੰਘ ਨੇ ਇਸ ਨੂੰ ਤਾਰ ਭੇਜ ਕੇ ਲੰਡਨ ਵਿਚ ਨਿਮੰਤਰਿਤ ਕੀਤਾ ਅਤੇ ਪੰਜਾਬ ਵਿਚਲੀ ਆਪਣੀ ਜਾਇਦਾਦ ਦੀ ਸੂਚੀ ਮੰਗੀ। 28 ਸਤੰਬਰ 1884 ਈ. ਨੂੰ ਇਹ ਆਪਣੇ ਦੋ ਪੁੱਤਰਾਂ (ਨਰਿੰਦਰ ਸਿੰਘ ਅਤੇ ਗੁਰਦਿੱਤ ਸਿੰਘ) ਅਤੇ ਇਕ ਗ੍ਰੰਥੀ ਭਾਈ ਪਰਤਾਬ ਸਿੰਘ ਸਹਿਤ ਅੰਮ੍ਰਿਤਸਰ ਤੋਂ ਲਿੰਡਨ ਜਾਣ ਲਈ ਚਲ ਪਿਆ। ਮਹਾਰਾਜਾ ਨਾਲ ਸਿੱਖ ਧਰਮ ਬਾਰੇ ਸੰਵਾਦ ਰਚਾ ਕੇ ਅਤੇ ਗੁਰਬਾਣੀ ਦਾ ਪਾਠ ਸੁਣਾ ਕੇ ਉਸ ਦਾ ਮਨ ਸਿੱਖ ਧਰਮ ਵਿਚ ਪ੍ਰਵੇਸ਼ ਕਰਨ ਲਈ ਤਿਆਰ ਕਰ ਲਿਆ। ਅਗਸਤ 1885 ਈ. ਵਿਚ ਇਹ ਪੰਜਾਬ ਨੂੰ ਪਰਤ ਆਇਆ। 30 ਮਾਰਚ 1886 ਈ. ਨੂੰ ਦਲੀਪ ਸਿੰਘ ਵੀ ਲਿੰਡਨ ਤੋਂ ਚਲ ਪਿਆ। ਉਸ ਨੇ ਠਾਕੁਰ ਸਿੰਘ ਨੂੰ ਬੰਬਈ ਬੁਲਵਾਇਆ ਕਿ ਉਸ ਨੂੰ ਸਿੰਘ ਸਜਾਇਆ ਜਾਏ। ਅੰਗ੍ਰੇਜ਼ ਸਰਕਾਰ ਨੇ ਦਲੀਪ ਸਿੰਘ ਨੂੰ ਅਦਨ ਰੋਕ ਲਿਆ ਅਤੇ ਬੰਬਈ ਆਉਣ ਦੀ ਆਗਿਆ ਨ ਦਿੱਤੀ। ਠਾਕੁਰ ਸਿੰਘ ਨੇ ਸਿੱਖ ਗ੍ਰੰਥੀਆਂ ਨੂੰ ਅਦਨ ਭੇਜ ਕੇ ਦਲੀਪ ਸਿੰਘ ਨੂੰ ਅੰਮ੍ਰਿਤ ਛਕਾਇਆ। ਇਸ ਨੇ ਦਲੀਪ ਸਿੰਘ ਵਾਸਤੇ ਮਦਦ ਹਾਸਲ ਕਰਨ ਲਈ ਗੁਰੂ-ਧਾਮਾਂ ਦੀ ਯਾਤ੍ਰਾ ਸ਼ਰੂ ਕੀਤੀ ਅਤੇ ਭਾਰਤ ਦੀਆਂ ਕਈ ਰਿਆਸਤਾਂ ਵਿਚ ਖ਼ੁਫ਼ੀਆ ਢੰਗ ਨਾਲ ਗਿਆ। ਰੂਸ ਤੋਂ ਵੀ ਫ਼ੌਜੀ ਸਹਾਇਤਾ ਪ੍ਰਾਪਤ ਕਰਨ ਲਈ ਯਤਨ ਕੀਤੇ। ਇਸ ਨੇ ਮੇਜਰ ਇਵਨਸ ਸੈਲ ਦੀ ਪੁਸਤਕ The Annexation of The Punjab and the Maharajah Duleep Singh ਦਾ ਪੰਜਾਬੀ ਅਨੁਵਾਦ ਕਰਾ ਕੇ ਲੋਕਾਂ ਵਿਚ ਵੰਡਿਆ। ਇਸ ਨਾਲ ਠਾਕੁਰ ਸਿੰਘ ਬ੍ਰਿਟਿਸ਼ ਸਰਕਾਰ ਦੀਆਂ ਨਜ਼ਰਾਂ ਵਿਚ ਰੜਕਣ ਲਗ ਗਿਆ। ਸਰਕਾਰ ਦੀ ਨੀਤੀ ਨੂੰ ਭਾਂਪਦੇ ਹੋਇਆ 6 ਨਵੰਬਰ 1886 ਈ. ਨੂੰ ਇਹ ਪਾਂਡੀਚਰੀ (ਫ੍ਰਾਂਸੀਸੀ ਬਸਤੀ) ਵਲ ਖਿਸਕ ਗਿਆ। ਉਥੇ ਇਸ ਦਾ ਘਰ ਮਹਾਰਾਜਾ ਦਲੀਪ ਸਿੰਘ ਨੂੰ ਫਿਰ ਤੋਂ ਰਾਜ ਦਿਵਾਉਣ ਦੀ ਕਾਰਵਾਈ ਦਾ ਕੇਂਦਰ ਬਣ ਗਿਆ। ਇਸ ਨੇ ਉਥੇ ਪੰਜਾਬ, ਲਿੰਡਨ ਅਤੇ ਕਈ ਹੋਰ ਇਲਾਕਿਆਂ ਵਿਚ ਨਿਜੀ ਡਾਕ ਵਿਵਸਥਾ ਰਾਹੀਂ ਆਪਣੇ ਸੰਬੰਧ ਕਾਇਮ ਕਰ ਲਏ। ਪਰ ਇਸ ਦੇ ਬੀਮਾਰ ਹੋ ਕੇ 18 ਅਗਸਤ 1887 ਈ. ਨੂੰ ਅਕਾਲ ਚਲਾਣੇ ਕਾਰਣ ਸਾਰੀ ਵਿਵਸਥਾ ਅਸਫਲ ਹੋ ਗਈ। ਇਸ ਦੀਆਂ ਅਸਥੀਆਂ ਨੂੰ ਰਾਜਾ-ਸਾਂਸੀ ਲਿਆਉਂਦਾ ਗਿਆ। ਇਸ ਦਾ ਵੱਡਾ ਲੜਕਾ ਗੁਰਬਚਨ ਸਿੰਘ ਪਾਂਡੀਚਰੀ ਵਿਚ ਰਹਿ ਕੇ ਮਹਾਰਾਜਾ ਦਲੀਪ ਸਿੰਘ ਦਾ ਪ੍ਰਧਾਨਮੰਤਰੀ ਅਖਵਾਉਂਦਾ ਰਿਹਾ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3821, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.