ਡਾਇਰੀ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਡਾਇਰੀ: ਡਾਇਰੀ ਵਾਰਤਕ ਸਾਹਿਤ ਦਾ ਰੂਪ ਹੈ। ਡਾਇਰੀ ਸ਼ਬਦ ਅੰਗਰੇਜ਼ੀ ਭਾਸ਼ਾ ਦਾ ਹੈ ਜਿਸ ਦਾ ਮੂਲ ਸ੍ਰੋਤ ਲੇਟਿਨ ਸ਼ਬਦ diarium ਹੈ ਜਿਸ ਦਾ ਅਰਥ ਹੈ ਰੋਜ਼ਾਨਾ ਜਾਂ ਪ੍ਰਤਿ ਦਿਨ। ਪੰਜਾਬੀ ਅਤੇ ਹਿੰਦੀ ਵਿੱਚ ਇਸ ਨੂੰ ਜਿਉਂ ਦਾ ਤਿਉਂ ਅਪਣਾ ਲਿਆ ਗਿਆ ਹੈ।

     ਇਹ ਅਜਿਹੀ ਵਾਰਤਕ ਰਚਨਾ ਹੈ ਜਿਸ ਵਿੱਚ ਕੋਈ ਵਿਅਕਤੀ ਪ੍ਰਤਿਦਿਨ, ਤਿਥੀ, ਸੰਨ ਅਤੇ ਸਮਾਂ ਦੱਸਦਾ ਹੋਇਆ ਆਪਣੀਆਂ ਘਟਨਾਵਾਂ ਨੂੰ ਉਸੇ ਤਰਤੀਬ ਵਿੱਚ ਪੇਸ਼ ਕਰਦਾ ਹੈ, ਜਿਸ ਤਰਤੀਬ ਵਿੱਚ ਉਸ ਦੀ ਜੀਵਨ ਪ੍ਰਕਿਰਿਆ ਦੌਰਾਨ ਉਹ ਘਟਨਾਵਾਂ ਵਾਪਰਦੀਆਂ ਰਹੀਆਂ ਹੋਣ। ਡਾਇਰੀ ਨਿਜੀ ਅਨੁਭਵ ਤੇ ਆਧਾਰਿਤ ਹੁੰਦੀ ਹੈ ਜੋ ਕਿ ਵਿਅਕਤੀ ਵਿਸ਼ੇਸ਼ ਦੀ ਮਲਕੀਅਤ ਹੁੰਦੀ ਹੈ ਪਰੰਤੂ ਪ੍ਰਕਾਸ਼ਿਤ ਹੋਣ ਤੋਂ ਬਾਅਦ ਇਸ ਦੀ ਸਮਾਜਿਕ ਅਤੇ ਸਾਹਿਤਿਕ ਹੋਂਦ ਹੋ ਜਾਂਦੀ ਹੈ। ਡਾਇਰੀ ਸਾਹਿਤ ਨਿਜੀ ਬਿਰਤਾਂਤ ਦਾ ਧਾਰਨੀ ਹੁੰਦਾ ਹੈ। ਇਸ ਦੇ ਅੰਤਰਗਤ ਨਿਤਾਪ੍ਰਤੀ ਦਿਨ ਦੀਆਂ ਘਟਨਾਵਾਂ ਦਾ ਵੇਰਵਾ, ਮਾਨਸਿਕ ਗਤੀਵਿਧੀਆਂ ਦਾ ਵੇਰਵਾ, ਲੇਖਕ ਤੇ ਪਏ ਸਮਾਜਿਕ, ਰਾਜਨੀਤਿਕ ਜਾਂ ਸਮਿਅਕ ਪ੍ਰਭਾਵਾਂ ਦਾ ਚਿਤਰਨ ਜਾਂ ਕੋਈ ਵੀ ਅਜਿਹੀ ਗੱਲ ਜਿਸ ਦਾ ਲੇਖਕ ਦੇ ਮਨ ਤੇ ਅਸਰ ਹੋਵੇ, ਦੀ ਪੇਸ਼ਕਾਰੀ ਹੁੰਦੀ ਹੈ। ਲੇਖਕ ਆਪਣੀ ਪ੍ਰਸਤੁਤੀ ਵਿੱਚ ਘਟਨਾਵਾਂ ਪ੍ਰਤਿ ਆਪਣੇ ਪ੍ਰਤਿਕਰਮ ਬਿਆਨ ਕਰਦਾ ਹੈ ਘਟਨਾਵਾਂ ਦੇ ਪ੍ਰਸੰਗ ਨਿਜੀ ਅਤੇ ਲੇਖਕ ਦਾ ਅਨੁਭਵ ਤਾਜ਼ਾ ਅਤੇ ਨਿਕਟਵਰਤੀ ਹੁੰਦਾ ਹੈ। ਵਿਸ਼ੇਸ਼ ਤੌਰ ਤੇ ਸਪਸ਼ਟਤਾ, ਨਿਕਟਤਾ ਅਤੇ ਆਤਮ ਪ੍ਰਕਾਸ਼ ਦੇ ਗੁਣ ਲੇਖਕ ਦੀ ਲਿਖਤ ਦਾ ਹਿੱਸਾ ਹੁੰਦੇ ਹਨ। ਇਸ ਦਾ ਮਹੱਤਵ ਇਹ ਵੀ ਹੈ ਕਿ ਇਹ ਕਿਸੇ ਵੀ ਲੇਖਕ ਸੰਬੰਧੀ ਪ੍ਰਾਥਮਿਕ ਸ੍ਰੋਤ ਹੈ। ਲੇਖਕ ਜੋ ਕੁਝ ਵੀ ਇਸ ਵਿੱਚ ਲਿਖਦਾ ਹੈ ਉਹ ਕਿਸੇ ਵੀ ਇਤਿਹਾਸਕਾਰ ਜਾਂ ਸਾਹਿਤ ਰੂਪਾਕਾਰ ਨਾਲੋਂ ਵੱਧ ਪ੍ਰਮਾਣਿਕ ਹੁੰਦਾ ਹੈ। ਜੀਵਨੀ, ਸ੍ਵੈਜੀਵਨੀ, ਪੱਤਰ, ਸਫ਼ਰਨਾਮਾ, ਰਿਪੋਰਟ ਆਦਿ ਵਾਰਤਕ ਰੂਪ ਵਿੱਚ ਵੀ ਡਾਇਰੀ ਨਾਲ ਮਿਲਦੇ-ਜੁਲਦੇ ਹੋਣ ਤੇ ਵੀ ਇਸ ਨਾਲੋਂ ਭਿੰਨ ਹੁੰਦੇ ਹਨ। ਡਾਇਰੀ ਦੇ ਲੇਖਕ ਤੋਂ ਇਹ ਆਸ ਕੀਤੀ ਜਾਂਦੀ ਹੈ ਕਿ ਉਹ ਆਪਣੇ ਜੀਵਨ ਦੀ ਅਸਲੀਅਤ, ਵਾਪਰੀਆਂ ਘਟਨਾਵਾਂ, ਖ਼ਿਆਲਾਂ, ਭਾਵਾਂ, ਜਜ਼ਬਾਤਾਂ ਨੂੰ ਜਿਉਂ ਦਾ ਤਿਉਂ ਪੇਸ਼ ਕਰੇ ਅਤੇ ਅਤਿਕਥਨੀ ਜਾਂ ਗਲਪ ਦਾ ਸਹਾਰਾ ਨਾ ਲਵੇ। ਲੇਖਕ ਘਟਨਾਵਾਂ, ਵਿਅਕਤੀ ਕਾਰਜਾਂ, ਸਮੇਂ ਸਥਾਨ ਨੂੰ ਬਿਆਨ ਕਰਦਾ ਹੋਇਆ ਆਪਣੇ ਅਨੁਭਵ ਵਿੱਚੋਂ ਗ੍ਰਹਿਣ ਕੀਤੇ ਭਾਵਾਂ ਨੂੰ ਵਿਅਕਤ ਕਰਦਾ ਹੈ। ਮੂਲ ਰੂਪ ਵਿੱਚ ਨਿਤਾਪ੍ਰਤੀ ਦੇ ਜੀਵਨ ਦੇ ਯਥਾਰਥਿਕ ਅਨੁਭਵਾਂ ਵਿੱਚੋਂ ਚੁਣੇ ਹੋਏ ਅਨੁਭਵਾਂ ਦੀ ਹੀ ਪੇਸ਼ਕਾਰੀ ਹੈ, ਜਿਸ ਦੇ ਪਿਛੋਕੜ ਵਿੱਚ ਲੇਖਕ ਦਾ ਵਿਅਕਤਿਤਵ ਅਤੇ ਉਸ ਦੇ ਇਕਾਗਰਚਿਤ ਭਾਵਾਂ ਦਾ ਪ੍ਰਗਟਾਵਾ ਹੁੰਦਾ ਹੈ। ਇਸੇ ਕਰ ਕੇ ਡਾਇਰੀ ਦੇ ਲੇਖਕ ਦਾ ਆਪਾ ਇਸ ਵਿੱਚੋਂ ਸਹਿਜ ਰੂਪ ਵਿੱਚ ਹੀ ਉਜਾਗਰ ਹੋ ਜਾਂਦਾ ਹੈ। ਡਾਇਰੀ ਨੂੰ ਲਿਖਣ ਲਈ ਵਿਸ਼ੇਸ਼ ਸ਼ੈਲੀ ਦੀ ਲੋੜ ਹੁੰਦੀ ਹੈ। ਇਹ ਸ਼ੈਲੀ ਸੱਚ ਅਤੇ ਸਪਸ਼ਟਤਾ ਦੇ ਨੇੜੇ ਹੋਣ ਕਾਰਨ ਕਈ ਵਾਰ ਇਤਿਹਾਸਿਕ ਤੱਥਾਂ ਵਰਗੀ ਜਾਪਣ ਲੱਗ ਪੈਂਦੀ ਹੈ। ਇਸ ਦਾ ਲੇਖਕ ਅਚੇਤ ਰੂਪ ਵਿੱਚ ਜਿਹੜੇ ਉਪਮਾ, ਰੂਪਮ, ਵਿਅੰਗ ਅਤੇ ਕਟਾਖਸ਼ ਸਿਰਜਦਾ ਹੈ ਉਹਨਾਂ ਦੁਆਰਾ ਡਾਇਰੀ ਦੀ ਸ਼ੈਲੀ ਵਿਲੱਖਣ ਬਣ ਜਾਂਦੀ ਹੈ। ਉਸ ਦੁਆਰਾ ਚੁਣੀ ਹਰ ਘਟਨਾ ਉਸ ਦੀ ਸ਼ਖ਼ਸੀਅਤ ਨੂੰ ਉਭਾਰਦੀ ਹੈ। ਡਾਇਰੀ ਵਿੱਚ ਪੇਸ਼ ਹਰ ਘਟਨਾ ਦੀ ਕਲਾਤਮਿਕ ਪੇਸ਼ਕਾਰੀ ਹੀ ਉਸ ਦੀ ਸ਼ਖ਼ਸੀਅਤ ਦੇ ਵਿਭਿੰਨ ਪੱਖਾਂ ਨੂੰ ਉਜਾਗਰ ਕਰਦੀ ਹੋਈ ਜ਼ਿੰਦਗੀ ਪ੍ਰਤਿ ਸਪਸ਼ਟਤਾ ਅਤੇ ਵਫ਼ਾ ਦਾ ਪ੍ਰਤੀਕ ਬਣਦੀ ਹੈ। ਇਸ ਲਈ ਡਾਇਰੀ ਅਜਿਹਾ ਵਾਰਤਕ ਰੂਪ ਹੈ ਜੋ ਭਾਵ ਅਤੇ ਅਨੁਭਵ ਦੀ ਵਿਸ਼ੇਸ਼ ਵਿਧੀ ਦਾ ਲਖਾਇਕ ਹੈ। ਅੰਗਰੇਜ਼ੀ ਵਿੱਚ Pepys ਦੀ ਡਾਇਰੀ ਇੱਕ ਵਿਸ਼ਵ ਪ੍ਰਸਿੱਧ ਰਚਨਾ ਹੈ। ਪੰਜਾਬੀ ਸਾਹਿਤ ਵਿੱਚ ਭਾਵੇਂ ਡਾਇਰੀ ਸਾਹਿਤ ਘੱਟ ਪ੍ਰਕਾਸ਼ਿਤ ਹੋਇਆ ਹੈ ਪਰ ਫਿਰ ਵੀ ਭਾਈ ਮੋਹਨ ਸਿੰਘ ਵੈਦ, ਬਲਰਾਜ ਸਾਹਨੀ, ਭਗਤ ਸਿੰਘ, ਕਰਮਜੀਤ ਸਿੰਘ, ਕੇਸਰ ਸਿੰਘ ਆਦਿ ਦੀਆਂ ਡਾਇਰੀਆਂ ਪੜ੍ਹਨਯੋਗ ਹਨ।


ਲੇਖਕ : ਅੰਮ੍ਰਿਤਪਾਲ ਕੌਰ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 8397, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਡਾਇਰੀ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਡਾਇਰੀ [ਨਾਂਇ] ਰੋਜ਼ਨਾਮਚਾ, ਦੈਨਕੀ, ਦਿਨਵਾਰ ਵੇਖਣ ਵਾਲ਼ਾ ਕਿਤਾਬਚਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8385, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਡਾਇਰੀ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Diary_ਡਾਇਰੀ: ਡਾਇਰੈਕਟੋਰੇਟ ਆਫ਼ ਐਨਫ਼ੋਰਸਮੈਂਟ ਬਨਾਮ ਦੀਪਕ ਮਹਾਜਾਨ (ਏ ਆਈ ਆਰ 1994 ਐਸ ਸੀ 1775) ਅਨੁਸਾਰ ਜ਼ਾਬਤਾ ਫ਼ੌਜਦਾਰੀ ਸੰਘਤਾ , 1973 ਦੀ ਧਾਰਾ 167 (1) ਵਿਚ ਆਉਂਦੇ ਸ਼ਬਦ ਡਾਇਰੀ ਦਾ ਮਤਲਬ ਉਹ ਵਿਸ਼ੇਸ ਡਾਇਰੀ ਹੈ ਜਿਸ ਦਾ ਜ਼ਿਕਰ ਧਾਰਾ 167 (2) ਵਿਚ ਕੀਤਾ ਗਿਆ ਹੈ ਅਤੇ ਜਿਸ ਵਿਚ ਉਨ੍ਹਾਂ ਵਿਅਕਤੀਆਂ ਦੇ ਪੂਰੇ ਅਤੇ ਅਣ-ਸੰਖਪਿਤ ਬਿਆਨ ਦਰਜ ਹੋਣੇ ਚਾਹੀਦੇ ਹਨ ਜਿਨ੍ਹਾਂ ਦੀ ਪਰੀਖਿਆ ਪੁਲਿਸ ਦੁਆਰਾ ਕੀਤੀ ਗਈ ਹੈ। ਇਸ ਦਾ ਕਾਰਨ ਇਹ ਹੈ ਕਿ ਉਸ ਨਾਲ ਮੈਜਿਸਟਰੇਟ ਨੂੰ ਉਹ ਮੁਕੰਮਲ ਅਤੇ ਸੰਤੋਸ਼ਜਨਕ ਸੂਚਨਾ ਮਿਲ ਸਕਦੀ ਹੈ ਜਿਸ ਦੇ ਆਧਾਰ ਤੇ ਉਹ ਫ਼ੈਸਲਾ ਕਰ ਸਕਦਾ ਹੈ ਕਿ ਮੁਲਜ਼ਮ ਵਿਅਕਤੀ ਨੂੰ ਹਿਰਾਸਤ ਵਿਚ ਨਜ਼ਰਬੰਦ ਰਖਣਾ ਚਾਹੀਦਾ ਹੈ ਜਾਂ ਨਹੀਂ। ਪਰ ਇਹ ਡਾਇਰੀ ਉਸ ਜਨਰਲ ਡਾਇਰੀ ਤੋਂ ਵਖਰੀ ਚੀਜ਼ ਹੈ ਜੋ ਪੁਲਿਸ ਐਕਟ ਦੀ ਧਾਰਾ 44 ਅਧੀਨ ਰਖੀ ਜਾਂਦੀ ਹੈ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8028, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਡਾਇਰੀ ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਡਾਇਰੀ : ਆਮ ਅਰਥਾਂ ਵਿਚ ਡਾਇਰੀ ਉਹ ਕਾਪੀ, ਨੋਟ–ਬੁੱਕ ਜਾਂ ਰੋਜ਼ਨਾਮਚਾ ਹੁੰਦਾ ਹੈ ਜਿਸ ਵਿਚ ਕੋਈ ਵਿਅਕਤੀ ਆਪਣੇ ਨਾਲ ਸੰਬੰਧਿਤ ਰੋਜ਼ ਬੀਤਣ ਵਾਲੀਆਂ ਘਟਨਾਵਾਂ ਦਾ ਜ਼ਿਕਰ ਕਰਦਾ ਹੈ। ਸਾਹਿਤਿਕ ਅਰਥਾਂ ਵਿਚ ਡਾਇਰੀ ਆਤਮ–ਪ੍ਰਕਾਸ਼ ਸਾਹਿੱਤ ਦੀ ਇਕ ਵੰਨਗੀ ਹੈ ਜਿਸ ਵਿਚ ਲੇਖਕ ਆਪਣੇ ਕਾਲ ਵਿਚ ਬੀਤਣ ਵਾਲੀਆਂ ਮਹੱਤਵਪੂਰਣ ਨਿੱਜੀ, ਸਾਹਿਤਿਕ, ਸਮਾਜਕ ਅਤੇ ਰਾਜਨੀਤਿਕ ਘਨਨਾਵਾਂ ਦਾ ਰਿਕਾਰਡ ਰੱਖਦਾ ਹੈ। ਡਾਇਰੀ ਦੇ ਅਧਿਐਨ ਦੁਆਰਾ ਲੇਖਕ ਘਟਨਾਵਾਂ ਪ੍ਰਤਿ ਆਪਣੇ ਪ੍ਰਤਿਕਰਮ ਵਿਅਕਤ ਕਰਦਾ ਹੈ। ਡਾਇਰੀ ਦਾ ਮਹੱਤਵ ਇਸ ਗੱਲ ਵਿਚ ਹੈ ਕਿ ਘਟਨਾਵਾਂ ਦੇ ਪ੍ਰਸੰਗ ਵਿਚ ਲੇਖਕ ਦਾ ਅਨੁਭਵ ਤਾਜ਼ਾ ਅਤੇ ਨਿਕਟਵਰਤੀ ਹੁੰਦਾ ਹੈ ਤੇ ਅਸੀਂ ਬੇਲਾਗ਼ ਹੋ ਕੇ ਵਿਸ਼ੇਸ਼ ਘਟਨਾਵਾਂ ਬਾਰੇ ਆਪਣੀ ਧਾਰਣਾ ਬਣਾ ਸਕਦੇ ਹਾਂ। ਲੇਖਕ ਦੇ ਮਨ ਉੱਤੇ ਪਏ ਹੋਏ ਸਾਮਿਅਕ ਪ੍ਰਭਾਵ ਤਾਜ਼ੇ ਹੋਣ ਕਾਰਣ, ਲਿਖਤ ਦੀ ਸ਼ੈਲੀ ਭਾਵੇਂ ਕਲਾਤਮਕ ਨਾ ਹੋਵੇ ਉਸ ਸਮੇਂ ਦੇ ਪ੍ਰਤਿਕਰਮਾਂ ਦਾ ਸਾਨੂੰ ਬੋਧ ਹੋ ਜਾਂਦਾ ਹੈ। ਸਪਸ਼ਟ ਕਥਨ, ਨਿਕਟਤਾ ਅਤੇ ਆਤਮ–ਪ੍ਰਕਾਸ਼ ਦੇ ਗੁਣ, ਇਸ ਦੀ ਕਲਾਤਮਕ ਤਰੁੱਟੀ ਨੂੰ ਢੱਕ ਲੈਂਦੇ ਹਨ। ਡਾਇਰੀ ਵਾਸਤਵ ਵਿਚ ਆਤਮ–ਕਥਾ ਦਾ ਹੀ ਇਕ ਰੂਪ ਹੁੰਦਾ ਹੈ। ਆਤਮ–ਕਥਾਂ ਵਾਂਗ ਇਸ ਵਿਚ ਵੀ ਵਿਅਕਤਿੱਤਵ ਦਾ ਪ੍ਰਕਾਸ਼ ਹੁੰਦਾ ਹੈ, ਪਰੰਤੂ ਆਤਮ–ਕਥਾ ਵਾਂਗ ਇਸ ਵਿਚ ਸਵੈ–ਵਿਸ਼ਲੇਸ਼ਣ ਨਹੀਂ ਹੁੰਦਾ। ਡਾਇਰੀ ਲੇਖਕ ਹੋਰ ਘਟਨਾਵਾਂ, ਵਿਕਤੀਆਂ ਅਤੇ ਕਾਰਜਾਂ ਉੱਤੇ ਪ੍ਰਕਾਸ਼ ਪਾਉਂਦਾ ਹੋਇਆ ਫੋਟੋਗ੍ਰਾਫ਼ਰ ਵਾਂਗ ਤਸਵੀਰ ਵਿਚੋਂ ਲੋਪ ਨਹੀਂ ਹੁੰਦਾ ਸਗੋਂ ਉਨ੍ਹਾਂ ਦੀ ਛਾਂ ਹੇਠ ਖੜਾ ਰਹਿ ਕੇ ਉਨ੍ਹਾਂ ਦੇ ਪ੍ਰਕਾਸ਼ ਦਾ ਪ੍ਰਭਾਵ ਆਪਣੇ ਭਾਵਾਂ ਰਾਹੀਂ ਵਿਅਕਤ ਕਰਦਾ ਹੈ।

          ਡਾਇਰੀ ਦੀ ਮਹਾਨਤਾ ਇਸ ਗੱਲ ਵਿਚ ਹੈ ਕਿ ਡਾਇਰੀ ਲੇਖਕ ਆਪਣੇ ਸਮੇਂ ਦਾ ਉੱਘਾ ਰਾਜਨੀਤੀ–ਵੇਤਾ, ਦਾਰਸ਼ਨਿਕ, ਧਾਰਮਿਕ ਨੇਤਾ ਜਾਂ ਸਮਾਜ ਸੁਧਾਰਕ ਹੋ ਸਕਦਾ ਹੈ, ਜਾਂ ਇਕ ਸੂਖ਼ਮ ਭਾਵਾਂ ਵਾਲਾ ਸਾਹਿੱਤਕਾਰ ਹੋ ਸਕਦਾ ਹੈ। ਅੰਕਿਤ ਕੀਤੀਆਂ ਹੋਈਆਂ ਘਟਨਾਵਾਂ ਬਾਰੇ ਉਨ੍ਹਾਂ ਦੇ ਵਿਚਾਰ ਸਾਨੂੰ ਸਮੇਂ ਦੀ ਸੋਚ ਵਿਧੀ ਦਾ ਗਿਆਨ ਕਰਵਾਉਂਦੇ ਹਨ ਅਤੇ ਉਨ੍ਹਾਂ ਘਟਨਾਵਾਂ ਦੀ ਖੋਜ ਬਾਰੇ ਠੀਕ ਨਿਰਣੇ ਤੇ ਪੁੱਜਣ ਵਿਚ ਸਹਾਈ ਹੁੰਦੇ ਹਨ।

          ਅੰਗ੍ਰੇਜੀ ਵਿਚ ਪੈਪੀਜ਼ (Pepys) ਦੀ ਡਾਇਰੀ ਜਗਤ ਪ੍ਰਸਿੱਧੀ ਰਚਨਾ ਹੈ। ਪੰਜਾਬੀ ਵਿਚ ਭਾਈ ਮੋਹਨ ਸਿੰਘ ਵੈਦ ਦੀ ਡਾਇਰੀ ਮਿਲਦੀ ਹੈ ਜਿਸ ਵਿਚ ਵੀਹਵੀਂ ਸਦੀ ਈ. ਦੇ ਮੁੱਢ ਵਿਚ ਪੰਜਾਬ ਵਿਚ ਰਾਜਨੀਤਿਕ, ਸਮਾਜਕ ਅਤੇ ਸਾਹਿਤਿਕ ਮੁਆਮਲਿਆਂ ਬਾਰੇ ਜ਼ਿਕਰ ਹੈ। ਪੰਜਾਬ ਦੀ ਵੰਡ ਤੋਂ ਪਹਿਲਾਂ ਦੇ ਹਾਲਾਤ ਅਤੇ ਪੰਜਾਬ ਦੀ ਵੰਡ ਤਕ ਦੀਆਂ ਘਟਨਾਵਾਂ ਬਾਰੇ ਲਿਖੀ ਡਾਇਰੀ ਡਾ. ਗੰਡਾ ਸਿੰਘ ਨੇ ਛਪਵਾਈ ਹੈ ਪਰ ਇਹ ਅੰਗ੍ਰੇਜ਼ੀ ਵਿਚ ਹੈ। ਬਲਰਾਜ ਸਾਹਨੀ ਦੀ ‘ਮੇਰੀ ਗ਼ੈਰਜਜ਼ਬਾਤੀ ਡਾਇਰੀ’ ਨਾਮ–ਮਾਤਰ ਡਾਇਰੀ ਹੈ ਕਿਉਂਕਿ ਉਸ ਪੁਸਤਕ ਵਿਚ ਗਲਪ ਅੰਸ਼ ਦੀ ਪ੍ਰਧਾਨਤਾ ਹੈ ਅਤੇ ਤਿੱਥੀ ਅਨੁਸਾਰ ਵਰਣਨ ਦਾ ਸਥਾਨ ਗੌਣ ਹੈ।                                                              


ਲੇਖਕ : ਡਾ. ਮਹਿੰਦਰ ਪਾਲ ਕੋਹਲੀ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 6632, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-13, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.