ਢੋਲਾ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਢੋਲਾ (ਨਾਂ,ਪੁ) 1 ਇੱਕ ਪ੍ਰਸਿਧ ਪ੍ਰੇਮੀ ਦਾ ਨਾਂ; ਪਿਆਰਾ; ਪ੍ਰੇਮੀ 2 ਪੱਛਮੀ ਪੰਜਾਬ ਦਾ ਲੋਕ-ਗੀਤ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 12958, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਢੋਲਾ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਢੋਲਾ [ਨਾਂਪੁ] ਲੋਕ ਗੀਤ ਦੀ ਮਰਦਾਂ ਦੀ ਉੱਚੀ ਅਵਾਜ਼ ਵਿੱਚ ਗਾਉਣ ਵਾਲ਼ੀ ਇੱਕ ਵੰਨਗੀ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 12943, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਢੋਲਾ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਢੋਲਾ ਵਿ—ਪਿਆਰਾ. “ਭਾਖੈਂ, ਢੋਲਨ ਕਹਾਂ ਰੇ?” (ਰਾਮਾਵ) “ਸਦਰੰਗ ਢੋਲਾ.” (ਸੂਹੀ ਮ: ੧) ੨ ਸੰਗ੍ਯਾ—ਪਤਿ. ਦੁਲਹਾ. ਲਾੜਾ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 12675, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no
ਢੋਲਾ ਸਰੋਤ :
ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਢੋਲਾ: ਢੋਲਾ ਪੱਛਮੀ ਪੰਜਾਬ ਦਾ ਲੋਕ–ਗੀਤ ਹੈ। ਇਹ ਬਾਰ ਦੇ ਲੋਕਾਂ ਵਿਚ ਬਹੁਤ ਹਰਮਨ–ਪਿਆਰਾ ਹੈ। ਉਂਜ ਨੀਲੀ ਬਾਰ, ਕਿੜਾਣਾ ਬਾਰ ਤੇ ਸ਼ੇਖੂ–ਪੁਰਾ ਬਾਰ ਵਿਚ ਵੀ ਢੇਲੇ ਆਮ ਗਾਏ ਜਾਂਦੇ ਹਨ। ਜ਼ਾਹਰਾ ਤੌਰ ਪੁਰ ਢੋਲਾ ਢੋਲ ਤੋ ਬਣਿਆ ਲੱਗਦਾ ਹੈ। ਢੋਲ ਢੋਲਕ ਵਾਂਗ ਵੱਡਾ ਸਾਜ਼ ਵੀ ਹੈ ਜੋ ਬਾਰ ਦੇ ਲੋਕਾਂ ਵਿਚ ਖ਼ੁਸ਼ੀ, ਕੌਡੀ, ਧਮਾਲ ਤੇ ਨਾਚ ਦੇ ਸਮੇਂ ਵਜਾਇਆ ਜਾਂਦਾ ਹੈ, ਪਰ ਢੋਲਾ ਗਾਉਣ ਸਮੇਂ ਢੋਲ ਬਿਲਕੁਲ ਨਹੀਂ ਵਜਾਇਆ ਜਾਂਦਾ ਸਗੋਂ ਸਰੋਤੇ ਸ਼ਾਂਤ ਤੇ ਚੁੱਪ ਰਹਿ ਕੇ ਇਸ ਦਾ ਰਸ ਮਾਣਦੇ ਹਨ। ਇਸ ਲਈ ਢੋਲਾ ਸ਼ਬਦ ਢੋਲ ਸਾਜ਼ ਤੋਂ ਨਹੀਂ ਬਣਿਆ ਲੱਗਦਾ।
ਲੋਕ–ਗੀਤਾਂ ਦੀ ਖੋਜ ਅਨੁਸਾਰ ਢੋਲੇ ਦਾ ਸੰਬੰਧ ਰਾਜਸਥਾਨ ਦੇ ਢੋਲਾ–ਮਾਰੂ (ਵੇਖੋ) ਨਾਲ ਜਾ ਜੁੜਦਾ ਹੈ। ਢੋਲ ਨਰਵਰ ਦੇ ਰਾਜਾ ਨਾਲ ਦਾ ਪੁੱਤਰ ਸੀ ਅਤੇ ਮਾਰੂ ਜਾਂ ਮਾਰਵਾਣੀ ਇਕ ਮਾਰਵਾੜੀ ਸ਼ਹਿਜ਼ਾਦੀ ਸੀ। ਬਾਰ ਦੇ ਇਕ ਲੋਕ–ਗੀਤ ਵਿਚ ਇਸ ਤਰ੍ਹਾਂ ਆਇਆ ਹੈ :
ਕੰਨਾਂ ਨੂੰ ਸੁਹਾਣੇ ਬੁੰਦੇ, ਗਲ ਮਸ਼ਰੂ ਦਾ ਜਾਮਾ,
ਤੁਰ ਗਿਆਂ ਸਜਣਾਂ ਦਾ ਸਾਨੂੰ ਰਾਹੰਦਾ ਏ ਵਾਹਮਾ,
ਕੋਈ ਨਰਵਰ ਕੋਟ ਸੁਹਾਇਆ ਨੇ, ਦੇਸ ਬਿਗਾਨਾ,
ਢੂੰਡਾਂ ਥਲ ਤੇ ਮਾਰੂ, ਬਾਰ ਜੰਗਲ ਦੀਆਂ ਲ੍ਹਾਮਾਂ,
ਉਹ ਡੱਭ ਵੀ ਨਾ ਚਰਦੇ ਓ, ਮਾਸ ਜਿਨ੍ਹਾਂ ਦਾ ਤਾਮਾ,
ਗਿਉਂ ਤਾਂ ਮਿਲਣੋਂ ਰਿਹੋਂ ਤੋੜੇ ਆਪਣੇ ਹੱਥਾਂ ਦਾ
ਸਾਧਿਰ ਲਿਖ ਘਲੇਂ ਆ ਚਾ ਨਾਮਾ। ––(‘ਨੈਂ ਝਨਾਂ’)
ਨਰਵਰ ਕੋਟ ਢੋਲ ਬਾਦਸ਼ਾਹ ਦੇ ਜਨਮ ਸਥਾਨ ਵੱਲ ਸੰਕੇਤ ਕਰਦਾ ਹੈ। ਢੋਲ ਰਾਜ–ਕੁਮਾਰ ਦਾ ਅਸਲ ਨਾਂ ਸਾਲ੍ਹ ਕੁਮਾਰ ਵੀ ਲਿਖਿਆ ਹੈ। ਢੋਲ ਤੇ ਮਾਰਵਾਣੀ ਦਾ ਪਿਆਰ ਕਿਵੇਂ ਨਿਭਿਆ, ਇਸ ਸੰਬੰਧ ਵਿਚ ਕੋਈ ਪੱਕੀ ਤਾਰੀਖ਼ੀ ਜਾਣਕਾਰੀ ਪ੍ਰਾਪਤ ਨਹੀਂ। ਹਾਂ, ਸਮਾਜ–ਵਿਗਿਆਨੀਆਂ ਤੇ ਤਾਰੀਖ਼ਦਾਨਾਂ ਦੀ ਪੱਕੀ ਰਾਏ ਹੈ ਕਿ ਬਾਰ ਦੇ ਬਹੁਤ ਸਾਰੇ ਵਸਨੀਕ ਇੱਥੇ ਪਹੁੰਚਣ ਤੋਂ ਪਹਿਲੇ ਰਾਜਸਥਾਨ ਤੇ ਗੁਜਰਾਤ ਵਿਚ ਆਬਾਦ ਸਨ ਅਤੇ ਬਾਰ ਦੇ ਮੁਸਲਮਾਨ ਜ਼ਿੰਮੀਦਾਰ ਆਪਣਾ ਪਿੱਛਾ ਰਾਜਪੂਤਾਂ ਨਾਲ ਜੋੜਦੇ ਹਨ ਤੇ ਆਪਣੇ ਆਪ ਨੂੰ ਰਾਜਾ ਕਰਨਪਤ (ਰਾਜਾ ਕਰਨ) ਦੀ ਔਲਾਦ ਕਹਿ ਕੇ ਵਡਿਆਉਂਦੇ ਹਨ। ਹੋਰ ਵੀ ਢੋਲੇ ਕੁਝ ਇਸ ਤਰ੍ਹਾਂ ਦੇ ਮਿਲਦੇ ਹਨ ਜਿੱਥੋਂ ਇਹੀ ਸਿੱਧ ਹੁੰਦਾ ਹੈ ਕਿ ਢੋਲਾ ਗੀਤ ਦਾ ਢੋਲਾ ਮਾਰੂ ਦੇ ਪਿਆਰ ਨਾਲ ਡੂੰਘਾ ਸੰਬੰਧ ਹੈ।
ਕੁਝ ਵੀ ਹੋਵੇ ਢੋਲਾ ਬਾਰ ਦੇ ਲੋਕਾਂ ਦਾ ਸਰਬ–ਪ੍ਰਿਯ ਗੀਤ ਹੈ। ਇਹ ਗੀਤ ਬੁੱਢੇ ਵੀ ਗਾਉਂਦੇ ਹਨ ਤੇ ਜੁਆਨ ਵੀ। ਪਰ ਚੰਗੀ ਸੁਰ ਵਿਚ ਗਾਉਣ ਵਾਲੇ ਆਮ ਤੌਰ ਪੁਰ 15 ਤੋਂ 30 ਸਾਲ ਦੇ ਵਿਚਕਾਰ ਦੇ ਗੱਭਰੂ ਤੇ ਜੁਆਨ ਹੀ ਮਿਲਦੇ ਹਨ। ਕਿਸੇ ਮੇਲੇ ਵਿਚ ਜਿੱਥੇ ਕੌਡੀ ਖੇਡਣ ਵਾਲੇ, ਝੁੱਮਰ ਪਾਉਣ ਵਾਲੇ, ਤੂੰਬੇ ਵਾਲੇ ਆਪਣੇ ਪਿੜ ਬੰਨ੍ਹਦੇ ਹਨ, ਉੱਥੇ ਢੋਲੇ ਗਾਉਣ ਵਾਲਿਆਂ ਦੀਆਂ ਵੀ ਟੋਲੀਆਂ ਜ਼ਰੂਰ ਹੁੰਦੀਆਂ ਹਨ।
ਇਨ੍ਹਾਂ ਢੋਲਿਆਂ ਦੇ ਲੇਖਕ ਲੋਕ ਕਵੀ ਹੀ ਹੁੰਦੇ ਹਨ। ਬਾਰ ਦੇ ਵਸਨੀਕ ਉਨ੍ਹਾਂ ਨੂੰ ਸ਼ਾਇਰ ਕਹਿੰਦੇ ਹਨ। ਪਰ ਕਿਸੇ ਢੋਲੇ ਵਿਚ ਕਿਸੇ ਸਾਇਰ ਦਾ ਨਾਂ ਅੰਕਿਤ ਨਹੀਂ ਮਿਲਦਾ। ਇਹ ਸਾਇਰ ਆਮ ਤੌਰ ਪੁਰ ਅਨਪੜ੍ਹ ਹੀ ਹੁੰਦੇ ਹਨ, ਪਰ ਲੋਕ ਜੀਵਨ ਨੂੰ ਇਨ੍ਹਾਂ ਸਾਇਰਾਂ ਨੇ ਇਤਨੀ ਨੀਝ ਲਾ ਕੇ ਤਕਿਆ ਹੁੰਦਾ ਹੈ ਕਿ ਉਹ ਆਪਣੇ ਬੋਲਾਂ ਵਿਚ ਆਪਣੇ ਸਮਾਜ ਦਾ ਸਹੀ ਚਿੱਤਰ ਖਿੱਚ ਦਿੰਦੇ ਹਨ ਅਤੇ ਇਹ ਬੋਲ ਚੂੰਕਿ ਅੰਤਰ–ਆਤਮਾ ਵਿਚੋਂ ਨਿਕਲਦੇ ਹਨ ਇਸ ਲਈ ਇਨ੍ਹਾਂ ਵਿਚ ਵਲਵਲਾ ਤੇ ਜਜ਼ਬਾ ਕਹਿਰਾਂ ਦਾ ਭਰਿਆ ਹੁੰਦਾ ਹੈ। ਕੋਮਲ ਭਾਵ ਢੁੱਕਵੀਆਂ ਤਸ਼ਬੀਹਾਂ ਨਾਲ ਇਸ ਤਰ੍ਹਾਂ ਪੇਸ਼ ਕੀਤੇ ਜਾਂਦੇ ਹਨ ਕਿ ਸਰੋਤੇ ਕੁਰਬਾਨ ਪਏ ਜਾਂਦੇ ਹਨ। ਢੋਲੇ ਦੀ ਬਣਤਰ ਬੜੀ ਸਾਦ–ਮੁਰਾਦੀ ਹੈ। ਇਸ ਵਿਚ ਕਿਸੇ ਪ੍ਰਮਾਣਿਕ ਛੰਦ ਦੀ ਵਰਤੋਂ ਨਹੀਂ ਕੀਤੀ ਜਾਂਦੀ ਤੇ ਨਾ ਹੀ ਕਿਸੇ ਨਜ਼ਮ ਦੇ ਬਹਿਰ ਅਰੂਜ਼ ਪੁਰ ਆਧਾਰਿਤ ਹੁੰਦੀ ਹੈ, ਸਗੋਂ ਇਹ ਪੰਜਾਬ ਦੀ ਅਤਿ ਪੁਰਾਤਨ ਪੰਜਾਬ ਕਵਿਤਾ ਹੈ ਜਿਸ ਵਿਚ ਵਜ਼ਨ ਅਥਵਾ ਤੋਲ ਨਾਲੋਂ ਰਿਦਮ ਤੇ ਸੰਗੀਤ ਦਾ ਵਧੇਰੇ ਧਿਆਨ ਰੱਖਿਆ ਜਾਂਦਾ ਰਿਹਾ ਹੈ। ਇਹੀ ਕਾਰਣ ਹੈ ਕਿ ਦੋ ਚਰਣਾਂ ਵਿਚ ਵਰਣਾਤਮਕ ਅਥਵਾ ਮਾਤ੍ਰਿਕ ਸਮਾਨਤਾ ਭਾਵੇਂ ਨਾ ਹੋਵੇ ਪਰ ਉਨ੍ਹਾਂ ਦੇ ਗਾਉਣ ਤੇ ਇਕੋ ਜਿਨਾ ਸਮਾਂ ਖਰਚ ਹੁੰਦਾ ਹੈ। ਚਰਣ ਛੋਟਾ ਹੋਵੇ ਤਾਂ ਗਾਉਣ ਵਾਲਾ ‘ਓ’, ‘ਅ’ ਜਾਂ ‘ਈ’ ਆਦਿ ਦੀ ਸੁਰ ਨੂੰ ਲੰਮਾ ਕਰ ਦਿੰਦਾ ਹੈ ਤੇ ਇਸ ਤਰ੍ਹਾਂ ਚਰਣਾਂ ਵਿਚ ਸਮਤੁਲਤਾ ਪੈਦਾ ਕਰ ਲੈਂਦਾ ਹੈ।
ਢੋਲਾ ਗਾਉਣ ਵੇਲੇ ਗੱਭਰੂ ਸੱਜਾ ਹੱਥ ਕੰਨ ਤੇ ਰੱਖਦਾ ਹੈ ਤੇ ਫਿਰ ਗਾਉਣਾ ਸ਼ੁਰੂ ਕਰਦਾ ਹੈ। ਆਮ ਤੌਰ ਪੁਰ ਉਹ ਇਕ ਸਤਰ ਵਿਚ ਪੂਰਾ ਵਾਕ ਕਹਿ ਜਾਂਦਾ ਹੈ। ਇਸ ਤਰ੍ਹਾਂ ਢੋਲਾ ਕਈ ਵਾਰ ਵਾਰਤਕ ਗੀਤ ਲੱਗਦਾ ਹੈ। ਗਾਉਣ ਸਮੇਂ ਗੱਭਰੂ ਜਜ਼ਬੇ ਅਧੀਨ ਹਟਕੋਰੇ ਭਰਦਾ ਹੈ। ਦਿਲ ਦੀ ਧੜਕਣ ਨਾਲ ਉਸ ਦੀ ਆਵਾਜ਼ ਉੱਚੀ ਨੀਵੀਂ ਹੁੰਦੀ ਰਹਿੰਦੀ ਹੈ, ਇਕ ਸੁਰ ਨਹੀਂ ਚਲਦੀ। ਇਹੀ ਕਾਰਣ ਹੈ ਕਿ ਪੱਕੇ ਰਾਗ ਸੁਣਨ ਵਾਲੇ ਜਾਂ ਛੋਟੇ ਤੇ ਹਲਕੇ ਫੁਲਕੇ ਗੀਤਾਂ ਦੇ ਸ਼ੌਕੀਨ ਪਹਿਲੀ ਵਾਰ ਢੋਲੇ ਦੀ ਗੀਤ ਦਾ ਰਸ ਨਹੀਂ ਮਾਣ ਸਕਦੇ। ਢੋਲੇ ਵਿਚ ਬਾਰ ਦੇ ਲੋਕਾਂ ਦੇ ਦਿਲਾਂ ਦੀਆਂ ਦਰਦ ਭਰੀਆਂ ਘਨਘੋਰਾਂ ਹੁੰਦੀਆ ਹਨ। ਬਾਰ ਦੇ ਜੀਵਨ ਨਾਲ ਜਾਣ ਪਛਾਣ ਰੱਖਣ ਵਾਲੇ ਹੀ ਇਸ ਦਾ ਰਸ ਮਾਣ ਸਕਦੇ ਹਨ। ਗੀਤ ਵਿਚ ਵਧੇਰੇ ਦਰਦ ਵਾਲੀ ਸਤਰ ਆਮ ਤੌਰ ਪੁਰ ਲੰਮੇਰੀ ਹੁੰਦੀ ਹੈ, ਅੰਤਿਮ ਵਾਧੂ ਸੁਰ ਛੁਹੇਰੀ ਹੁੰਦੀ ਹੈ ਪਰ ਪ੍ਰਭਾਵ ਦੀ ਏਕਤਾ ਬਣਾਈ ਰੱਖਣ ਲਈ ਗਾਉਣ ਵਾਲਾ ਇਹ ਲੰਮੇਰੀ ਤੇ ਵਾਧੂ ਸੁਰ ਇਕੋ ਸਾਹੇ ਬੋਲ ਜਾਂਦਾ ਹੈ ਅਤੇ ਅਜਿਹਾ ਆਮ ਤੌਰ ਪੁਰ ਗੀਤ ਦੇ ਅਖ਼ੀਰ ਵਿਚ ਹੁੰਦਾ ਹੈ।
ਢੋਲੇ ਬਾਰ ਦੇ ਸਮੁੱਚੇ ਜੀਵਨ ਨੂੰ ਪੇਸ਼ ਕਰਦੇ ਹਨ। ਪਿਆਰ, ਬਾਰ (ਜੰਗਲ), ਮੱਝਾਂ, ਊਠ, ਨੂੰਹ ਸੱਸ, ਸੱਸੀ ਪੁੰਨੂ, ਡਾਕੂ, ਦੋ ਧੜਿਆਂ ਦੀਆਂ ਲੜਾਈਆਂ ਆਦਿ ਸਭ ਪੁਰ ਢੋਲੇ ਬਣੇ ਮਿਲਦੇ ਹਨ। ਪਿਆਰ ਦੇ ਗੀਤ ਬਹੁਤੇ ਮੁਟਿਆਰਾਂ ਵੱਲੋਂ ਹੁੰਦੇ ਹਨ ਪਰ ਉਨ੍ਹਾਂ ਨੂੰ ਤਿਆਰ ਕਰਨ ਵਾਲੇ ਤੇ ਗਾਉਣ ਵਾਲੇ ਸਦਾ ਗੱਭਰੂ ਮੁੰਡੇ ਹੀ ਹੁੰਦੇ ਹਨ। ਬਾਰ ਦੀ ਕੋਈ ਕੁੜੀ ਢੋਲੇ ਨਹੀਂ ਗਾਉਂਦੀ। ਪਿਆਰ ਦੇ ਗੀਤ ਮੁਟਿਆਰ ਦੀ ਸੁੰਦਰਤਾ ਨਾਲ ਸ਼ੁਰੂ ਹੁੰਦੇ ਹਨ। ਮੁਟਿਆਰ ਦੀ ਸੁੰਦਰਤਾ ਦੇ ਅੰਗ ਹਨ ਉਸ ਦੇ ਬੁੰਦੇ, ਉਸ ਦੇ ਛੱਤੇ, ਬੋਦੀ ਆਦਿ। ਗੀਤ ਸ਼ੁਰੂ ਹੁੰਦਾ ਹੈ :
(1) ਕੰਨਾਂ ਨੂੰ ਸੋਹਣੇ ਬੁੰਦੇ, ਸਿਰ ਤੋਂ ਬੋਦੀ ਝੁਲ ਪਈ।
(2) ਕੰਨਾਂ ਨੂੰ ਸੋਹਣੇ ਬੁੰਦੇ ਸਿਰ ਤੇ ਛੱਤਿਆਂ ਦੀਆਂ ਕੋਰਾਂ।
ਬਾਰ ਦੇ ਵਸਨੀਕ ਖੁੱਲ੍ਹੀ ਤੇ ਆਜ਼ਾਦ ਦੁਨੀਆ ਦੇ ਮਤਵਾਲੇ ਹਨ। ਜੰਗਲ ਉਨ੍ਹਾਂ ਦੇ ਜੀਵਨ ਦਾ ਇਕ ਵੱਡਮੁਲਾ ਅੰਗ ਹੈ, ਇਸ ਲਈ ਮੁਟਿਆਰ ਵਿਆਹ ਤੋਂ ਪਹਿਲੇ ਇੱਛਾ ਪ੍ਰਗਟ ਕਰਦੀ ਹੈ ਕਿ ਉਸ ਦਾ ਵਿਆਹ ਬਾਰ ਵਿਚ ਹੀ ਹੋਵੇ, ਜਿੱਥੇ ਵਣ ਥਾਂ ਥਾਂ ਉੱਗੇ ਹੋਣ, ਝੱਨਾ ਵਗਦੀ ਹੋਵੇ, ਤੇ ਉਹ ਕਚਾਵੇ ਤੇ ਚੜ੍ਹ ਕੇ ਸੈਰ ਕਰ ਸਕੇ, ਜਿਵੇਂ :
ਕੰਨਾਂ ਨੂੰ ਸੁਹਣੇ ਬੁੰਦੇ, ਸਿਰ ਤੇ ਛੱਤੇ ਸੈ ਮਣਾਂ ਦੇ,
ਉਥੇ ਦੇਵੀਂ ਬਾਬਲਾ ਜਿੱਥ ਟਾਲ੍ਹ ਵਣਾਂ ਦੇ,
ਬਹਾਂ ਚੜ੍ਹ ਕਚਾਵੇ, ਕਰਾਂ ਸੈਲ ਝਨਾਂ ਦੇ,
ਹਿੱਕਨਾਂ ਨੂੰ ਵਰ ਢੈਹਿ ਪਹੁਤੇ ਪੁੰਨੇ, ਹਿਕਨਾਂ ਦੇ,
ਝੋਲੀ ਪਏ ਬਾਲ ਥਣਾਂ ਦੇ।
ਇਨ੍ਹਾਂ ਬਾਰ ਦੇ ਵਾਸੀਆਂ ਦਾ ਵੱਡਾ ਧਨ ਪਸ਼ੂ ਧਨ ਹੈ ਜਿਸ ਵਿਚ ਮੱਝ ਤੇ ਊਠ ਨੂੰ ਖ਼ਾਸ ਥਾਂ ਪ੍ਰਾਪਤ ਹੈ। ਬਾਰ ਦੇ ਹਰ ਇਕ ਜ਼ਿਮੀਂਦਾਰ ਦੇ ਬੂਹੇ ਬੱਝੀ ਮੱਝ ਘਰ ਦਾ ਸ਼ਿੰਗਾਰ ਹੈ। ਇਕ ਜ਼ਿਮੀਂਦਾਰ ਪਾਸ ਵੀਹ ਵੀਹ ਮੱਝਾਂ ਆਮ ਹੁੰਦੀਆਂ ਹਨ ਤੇ ਕਈ ਵਾਰ ਇਸ ਤੋਂ ਵੀ ਵੱਧ। ਮੱਝਾਂ ਦੀ ਤਾਰੀਫ਼ ਵਿਚ ਕਈ ਢੋਲੇ ਲਿਖੇ ਮਿਲਦੇ ਹਨ। ਇਕ ਢੋਲਾ ਇਸ ਤਰ੍ਹਾਂ ਚਲਦਾ ਹੈ :
ਕੈਲੀਆਂ ਤੇ ਕਾਲੀਆਂ ਮੱਝਾਂ,
ਅਲ੍ਹਾ ਅਰਸ਼ਾਂ ਤੋਂ ਆਂਦੀਆਂ।
ਦਰਯਾ ਪਏ ਸੁਹਣੇ ਲਗਦੇ ਨੇ,
ਜਿਸ ਵੇਲੇ ਚਰ ਚਰ ਕੇ ਬੇਲੇ ਚੋਂ
ਪੱਤਣਾਂ ਤੇ ਲਾਹੰਦੀਆਂ।
ਮਾਰਣ ਟੁੰਭੀਆਂ, ਲੈਣ ਤਾਰੀਆਂ,
ਜਿਵੇਂ ਝਾਬਾਂ ਨਾਲ ਪਕੇ ਦੇ ਖਾਂਹਦੀਆ।
ਛੇੜੂਆਂ ਗੋਡੇ ਮਾਰ ਉਠਾਲੀਆਂ,
ਸਾਵਣ ਮਾਹ ਖਾੜੀਂ ਜਾਣ ਉਗਲਾਂਦੀਆਂ।
ਸਾਵਣੀਆਂ ਨੂੰ ਟੁੱਕਰ ਨ ਰੁੱਚਦਾ,
ਜਿਸ ਵੇਲੇ ਵੇਖਣ ਭੁਖੀਆਂ ਤੇ ਮਾਂਦੀਆਂ।
ਖੜੀਆਂ ਤੇ ਮੋਈਆਂ ਦੀਆਂ ਸੱਟਾਂ ਉਹ ਝਲਦੇ ਨੇ,
ਜਿਨ੍ਹਾਂ ਦੀਆਂ ਪੱਸਲੀਆਂ ਸਾਰ ਦੀਆਂ।
ਮੱਝਾਂ ਮਾਲ ਵਰਿਆਮਾਂ ਦਾ,
ਮਾੜਿਆਂ ਕੋਲ ਨ ਰਾਹੰਦੀਆਂ।
ਮੱਝੀਆਂ ਉਡਾਰ ਪਰੀਆਂ ਦਾ,
ਨਾਲ ਨਸੀਬੇ ਦੇ ਆਂਦੀਆਂ।
ਜਿੱਥੇ ਮੱਝਾਂ ਨੂੰ ‘ਉਡਾਰ ਪਰੀਆਂ’ ਕਿਹਾ ਹੈ ਉੱਥੇ ਕਰ੍ਹੇ (ਊਂਠ) ਨੂੰ ਘਟ ਮਾਣ ਨਹੀਂ ਦਿੱਤਾ, ਜਿਵੇਂ :
ਕਰ੍ਹੇਂ ਵੀ ਨਾਹੀਂ, ਚਾਂਦੀ ਦੀਆਂ ਡੱਲੀਆਂ,
ਭਾਰਾਂ ਨੂੰ ਦੇਂਦੇ ਕਸਕਾਂ, ਬਾਂਹਦੇ ਮਾਰ ਪੱਥਲੀਆਂ।
ਡਾਕੇ, ਲੜਾਈ–ਭਿੜਾਈ ਦੇ ਢੋਲਿਆਂ ਵਿਚ ਸੋਗੀ ਵਾਤਾਵਰਣ ਪੈਦਾ ਕਰਨ ਲਈ ਉਨ੍ਹਾਂ ਦਾ ਆਰੰਭ ‘ਕਾਲ ਪਈ ਬੁਲੇਂਦੀ’ ਦੀ ਤੁਕ ਨਾਲ ਕੀਤਾ ਜਾਂਦਾ ਹੈ।
ਚਰਖੇ ਦੇ ਢੋਲਿਆਂ ਵਿਚ ਰਹੱਸਮਈ ਰੰਗ ਭਰਿਆ ਹੈ। ਸ਼ਾਹ ਹੁਸੈਨ ਤੇ ਬੁੱਲ੍ਹੇ ਸ਼ਾਹ ਤੋਂ ਬਹੁਤੇ ਪਹਿਲਾਂ ਚਰਖਾ ਪੰਜਾਬੀ ਜੀਵਨ ਵਿਚ ਸ਼ਾਮਲ ਹੋ ਚੁੱਕਾ ਸੀ। ਪੂਣੀ, ਕੱਤਣਾ, ਦਾਜ ਆਦਿ ਦੇ ਸੰਕੇਤ ਇਨ੍ਹਾਂ ਢੋਲਿਆਂ ਵਿਚ ਸਹਿਜੇ ਹੀ ਭਰੇ ਪਏ ਹਨ :
ਘੂਕ ਵੇ ਚਰਖਾ ਘੂਕ, ਤੈਨੂੰ ਲਵੈਨੀਆਂ ਤਾਕੇ,
ਰੀਝਾਂ ਨਾਲ ਫੁਲ ਜੁੜਾਏ, ਪਿਪਲ ਨੂੰ ਸੋਂਹਦੇ ਨੇ ਪਾਪੇ।
ਕਲ ਲੈ ਕੁੜੀਏ ਪੂਣੀਆਂ ਗੱਡੀਆਂ,
ਆਪ ਦੇ ਨ ਗਲ ਘੱਤੀਂ ਆਪ ਸਿਆਪੇ।
ਘੱਤਨੀਆਂ ਤੰਦ ਲਮਕਾ ਕੇ, ਅਰਕ ਨਾਲ ਪੀੜ੍ਹੇ ਦੇ ਠਾਹਕੇ।
ਹਿਕ ਦਿਹਾੜੇ ਤੇਰੀ ਝੋਕ ਲਦੀਵਣੀ ਬੰਦਿਆ, ਇਸ ਜਹਾਨ ਤੂੰ
ਦੇ ਕੇ ਕਪੜੇ ਵਿਚ ਕਰ ਟੁਰੇਸਨੀ ਮਾਪੇ।
ਜਾਂਦੇ ਰੂਹ ਨੂੰ ਬੁਤ ਪੁਕਰੇਂਦਾ ਏ, ਛੋੜੀ ਜਾਨਾ ਏਂ
ਤੇਰੀਆਂ ਤੇ ਮੇਰੀਆਂ ਲੱਗੀਆਂ ਵੇਲੇ ਕੁੰਨ ਦੇ
ਉਥੋਂ ਅਜੇ ਹਿਕ ਦੂਏ ਦੇ ਜਾਣੂ ਨ ਹਾਸੇ
ਇਸੇ ਤਰ੍ਹਾਂ ਇਕ ਹੋਰ ਢੋਲੇ ਵਿਚ ਚਰਖੇ ਨੂੰ ਰਬਾਣੀ ਦਾਤ ਕਿਹਾ ਹੈ।
ਢੋਲੇ ਬਾਰ ਦੇ ਜੀਵਨ ਦੀ ਮੂੰਹ ਬੋਲਦੀ ਤਸਵੀਰ ਹਨ। ਬਾਰ ਦੇ ਜੀਵਨ ਵਿਚ ਆਏ ਵਿਕਾਸ ਦੇ ਹਰ ਪੜਾ ਸੰਬੰਧੀ ਲਿਖੇ ਢੋਲੇ ਪ੍ਰਾਪਤ ਹਨ। ਦਿਲ ਕੀ ਹੂਕ, ਪ੍ਰੇਮ ਚੰਗਿਆਰੀ ਦੀਆਂ ਚਿਣਗਾਂ, ਪਸ਼ੂ ਧਨ ਦਾ ਪਿਆਰ, ਜੰਗਲ ਦੇ ਖੁੱਲੇ ਜੀਵਨ ਦਾ ਪਿਆਰ, ਜੀਵਨ ਦੀਆਂ ਨਿੱਕੀਆਂ ਰੀਝਾਂ ਤੇ ਘਟਨਾਵਾਂ ਸਭ ਕੁਝ ਢੋਲੇ ਵਿਚ ਅੰਕਿਤ ਹਨ। ਢੋਲੇ ਦੀ ਬੋਲੀ ਇਸ ਦੀ ਸਾਦ–ਮੁਰਾਦੀ ਸ਼ੈਲੀ ਤੇ ਇਸ ਦੇ ਸੰਗੀਤ ਨੂੰ ਵੇਖ ਵੱਡੇ ਵੱਡੇ ਕਲਾਕਾਰ ਹੈਰਾਨ ਰਹਿ ਜਾਂਦੇ ਹਨ।
[ਸਹਾ. ਗ੍ਰੰਥ––ਹਰਜੀਤ ਸਿੰਘ : ‘ਨੈਂ ਝਨਾਂ’; ਰਾਮ ਸਿੰਘ ਨਰੋਤਮ ਦਾਸ : ‘ਢੋਲਾ ਮਾਰੂ’; ਦੇਵਿੰਦਰ ਸਤਿਆਰਥੀ : ‘ਗਿੱਧਾ’; Richard Temple : Folk Tales of the Punjab]
ਲੇਖਕ : ਪ੍ਰਿੰ. ਗੁਰਦਿਤ ਸਿੰਘ ਪ੍ਰੇਮੀ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 10667, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-13, ਹਵਾਲੇ/ਟਿੱਪਣੀਆਂ: no
ਢੋਲਾ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਬਾਰਵੀਂ, ਭਾਸ਼ਾ ਵਿਭਾਗ ਪੰਜਾਬ
ਢੋਲਾ : ਢੋਲਾ ਰਾਜਸਥਾਨ, ਅਲਵਾ, ਬ੍ਰਜ ਅਤੇ ਉੱਤਰ-ਭਾਰਤੀ ਹਿੰਦੀ ਭਾਸ਼ਾ ਬੋਲਣ ਵਾਲੇ ਖੇਤਰ ਦਾ ਲੋਕ-ਕਾਵਿ ਹੈ। ਬਰਸਾਤ ਵਿਚ ਅਕਸਰ ਚਿਕੋੜੇ (ਚਿਕਾਰਾ ਭਾਵ ਸਾਰੰਗੀ ਵਰਗਾ ਇਕ ਛੋਟਾ ਸਾਜ਼) ਤੇ ਇਸ ਨੂੰ ਗਾਇਆ ਜਾਂਦਾ ਹੈ। ਢੋਲਕ ਤੇ ਮਜੀਰੇ ਨਾਲ ਵਜਦੇ ਹਨ। ‘ਸੂਰੈਯਾ’ ਨਾਮ ਦਾ ਦੂਜਾ ਗਾਇਕਾ ਪ੍ਰਮੁਖ ਗਾਇਕ ਨੂੰ ਸਾਹ ਦੁਆਉਣ ਲਈ ਸੁਰ ਭਰਦਾ ਹੈ। ਢੋਲੇ ਦੀ ਪ੍ਰਥਾ ਰਾਜਸਥਾਨ ਦੇ ਢੋਲਾ ਮਾਰੂ ਤੇ ਆਧਾਰਤ ਹੈ ਜਿਸ ਵਿਚ ਜਵਾਨ ਹੋਣ ਤੇ ਢੋਲਾ ਆਪਣੀ ਬਚਪਨ ਵਿਚ ਵਿਆਹੀ ਪਤਨੀ ਮਾਰਵਣ ਨੂੰ ਅਨੇਕਾਂ ਮੁਸ਼ਕਲਾਂ ਝੱਲ ਕੇ ਪ੍ਰਾਪਤ ਕਰਦਾ ਹੈ। ‘ਢੋਲਾ ਮਾਰੂ ਦਾ ਦੂਹਾ’, ਗ੍ਰੰਥ ਨਾਗਰੀ ਪ੍ਰਚਾਰਣੀ ਸਭਾ, ਕਾਸ਼ੀ ਨੇ ਪ੍ਰਕਾਸ਼ਤ ਕੀਤਾ। ਇਸ ਦੀ ਰਚਨਾ ਅਤੇ ਸਭ ਤੋਂ ਪੁਰਾਣਾ ਸਰੂਪ ਗਿਆਰ੍ਹਵੀਂ ਜਾ ਬਾਰ੍ਹਵੀਂ ਸਦੀ ਦਾ ਪ੍ਰਤੀਤ ਹੁੰਦਾ ਹੈ। ਛਤੀਸਗੜ੍ਹ ਵਿਚ ਪ੍ਰਾਪਤ ਢੋਲੇ ਦੀ ਕਥਾ ਵਿਚ ਕੇਵਲ ਮਾਰੂ ਦੇ ਗੌਣੇ ਦਾ ਵਰਣਨ ਹੈ। ਇਸ ਵਿਚ ਰੇਵਾ ਨਾਂ ਦੀ ਜਾਦੂਗਰਨੀ ਢੋਲੇ ਤੇ ਮੋਹਿਤ ਹੋ ਕੇ ਉਨ੍ਹਾਂ ਦੇ ਮਿਲਣ ਵਿਚ ਰੁਕਵਾਟਾਂ ਪੈਦਾ ਕਰਦੀ ਹੈ। ਕਹਾਣੀ ਦੇ ਹੋਰ ਵੀ ਰੂਪ ਮਿਲਦੇ ਹਨ। ਸੰਨ 1890 ਵਿਚ ਇਹ ਕਹਾਣੀ ਦੋ ਵਾਰੀ ਲਿਪੀਬਧ ਕੀਤੀ ਗਈ।‘ਆਰਕਿਆਲੋਜੀਕਲ ਸਰਵੇ ਰਿਪੋਟ’ ਅਨੁਸਾਰ ਢੋਲੇ ਦੀ ਵਾਰਤਾ ਪੌਰਾਣਕ ਨਲ ਅਤੇ ਦਮਯੰਤੀ ਦੀ ਕਥਾ ਨਾਲ ਜੋੜੀ ਗਈ ਹੈ। ਛਤੀਸਗੜ ਦੀਆਂ ਦੂਜੀਆਂ ਕਹਾਣੀਆਂ ਵਿਚ ਢੋਲੇ ਨੂੰ ‘ਦੁਲਹਨ’ ਕਿਹਾ ਗਿਆ ਹੈ ਜਿਸ ਦਾ ਵਿਆਹ ਬਚਪਨ ਵਿਚ ਗੜ੍ਹ ਪਿੰਗਲਾ ਦੀ ਰਾਜਕੁਮਾਰੀ ਸਰਵਣ ਨਾਲ ਹੋਇਆ ਸੀ। ਰਾਜਕੁਮਾਰੀ ਨੇ ਜਵਾਨ ਹੋਣ ਤੇ ਢੋਲੇ ਨੂੰ ਸੁਨੇਹੇ ਭੇਜੇ ਪਰ ਆਪਣੀਆਂ ਹੋਰ ਦੋ ਰਾਣੀਆਂ ਦੇ ਪ੍ਰੇਮ ਵਿਚ ਫਸਿਆ ਹੋਇਆ ਢੋਲਾ ਉਸ ਨੂੰ ਪ੍ਰਾਪਤ ਨਾ ਕਰ ਸਕਿਆ।
ਅੰਤ ਵਿਚ ਸੁਨੇਹਾ ਮਿਲਣ ਤੇ ਉਹ ਅੰਨੀ ਊਠਣੀ ਉੱਤੇ ਸਵਾਰ ਹੋ ਕੇ ਮਾਰਵਣ ਦੇ ਕੋਲ ਪਹੁੰਚਦਾ ਹੈ ਤੇ ਉਸ ਨੂੰ ਪ੍ਰਾਪਤ ਕਰਦਾ ਹੈ। ਇਕ ਕਹਾਣੀ ਵਿਚ ਮਾਰੂ ਤੋਤੇ ਦੇ ਹੱਥੇ ਢੋਲੇ ਨੂੰ ਸੁਨੇਹਾ ਭੇਜਦੀ ਹੈ। ਰੇਵਾ ਨੂੰ ਕਈ ਥਾਈਂ ਮਾਲਣ ਵੀ ਦੱਸਿਆ ਹੈ। ਬ੍ਰਜ ਵਿਚ ਪ੍ਰਚੱਲਤ ਢੋਲਾ ਦੂਲਹ ਜਾਂ ਦੁਰਲਭ ਤੋਂ ਬਣਿਆ ਪ੍ਰਤੀਤ ਹੁੰਦਾ ਹੈ। ਇਸਤਰੀਆਂ ਵਿਚ ਗਾਏ ਜਾਣ ਵਾਲੇ ‘ਢੋਲਾ’ ‘ਡੋਲਨਾ’ ਕਿਰਿਆ ਨਾਲ ਸਬੰਧਤ ਗੀਤ ਹੈ ਜੋ ਰਸਤੇ ਵਿਚ ਚਲਣ ਸਮੇਂ ਗਾਏ ਜਾਂਦੇ ਹਨ। ਆਪਣੀ ਵਿਸ਼ੇਸ਼ ਪ੍ਰਸਿੱਧੀ ਦੇ ਕਾਰਨ ‘ਢੋਲਾ’ ਰਾਜਸਥਾਨ ਅਤੇ ਮਾਲਵੇ ਵਿਚ ਪਿਆਰੇ ਦਾ ਪ੍ਰਯਾਇ ਬਣ ਗਿਆ ਹੈ। ਹੁਣ ਢੋਲਾ ਗਾਉਣ ਵਾਲੇ ਬਹੁਤ ਘੱਟ ਗਵਈਏ ਮਿਲਦੇ ਹਨ, ਉਨ੍ਹਾਂ ਨੂੰ ‘ਦੁਲੈਯਾ’ ਆਖਿਆ ਜਾਂਦਾ ਹੈ। ਸਮੇਂ ਦੇ ਨਾਲ ਢੋਲੇ ਦੀ ਕਹਾਣੀ ਦੇ ਕਈ ਰੂਪ ਬਣ ਗਏ ਹਨ। ਗੋਰਖ ਸੰਪ੍ਰਦਾਇ ਅਤੇ ਸ਼ਾਕਤਾਂ ਦਾ ਪ੍ਰਭਾਵ ਸਪਸ਼ਟ ਤੌਰ ਤੇ ਇਸ ਕਹਾਣੀ ਉਪਰ ਪਿਆ ਹੈ।
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਬਾਰਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 9413, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2017-03-03-04-24-03, ਹਵਾਲੇ/ਟਿੱਪਣੀਆਂ: ਹ. ਪੁ. –ਹਿ. ਸਾ. ਕੋ. 2: 212
ਢੋਲਾ ਸਰੋਤ :
ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ
ਢੋਲਾ : ਇਹ ਪੱਛਮੀ ਪੰਜਾਬ ਦਾ ਬਹੁਤ ਹਰਮਨ ਪਿਆਰਾ ਲੋਕ-ਗੀਤ ਹੈ। ਇਹ ਗੀਤ ਤਕਰੀਬਨ ਹਰ ਉਮਰ ਦੇ ਗੱਭਰੂ ਗਾਉਂਦੇ ਹਨ ਪਰ ਚੰਗੀ ਸੁਰ ਵਿਚ ਗਾਉਣ ਵਾਲੇ ਆਮ ਤੌਰ ਤੇ 15 ਤੋਂ 30 ਸਾਲ ਦੇ ਵਿਚਕਾਰ ਦੀ ਉਮਰ ਵਾਲੇ ਹੀ ਮਿਲਦੇ ਹਨ। ਪੰਜਾਬ ਦੇ ਕਿਸੇ ਮੇਲੇ ਵਿਚ ਜਿਥੇ ਕਬੱਡੀ ਖੇਡਣ ਵਾਲੇ, ਝੂੰਮਰ ਪਾਉਣ ਵਾਲੇ ਜਾਂ ਤੂੰਬੇ ਵਾਲੇ ਆਪਣੇ ਪਿੜ ਬੰਨ੍ਹਦੇ ਹਨ ਉਥੇ ਢੋਲੇ ਗਾਉਣ ਵਾਲਿਆਂ ਦੀਆਂ ਟੋਲੀਆਂ ਵੀ ਜ਼ਰੂਰ ਹੁੰਦੀਆਂ ਹਨ ।
ਢੋਲਾ ਖ਼ਾਸ ਕਰ ਕੇ ਬਾਰ ਦੇ ਲੋਕਾਂ ਵਿਚ ਬਹੁਤ ਪ੍ਰਚੱਲਿਤ ਹੈ। ਢੋਲਿਆਂ ਦੇ ਲਿਖਾਰੀ ਲੋਕ-ਕਵੀ ਹੀ ਹੁੰਦੇ ਹਨ। ਬਾਰ ਦੇ ਲੋਕ ਉਨ੍ਹਾਂ ਨੂੰ ਸ਼ਾਇਰ ਆਖਦੇ ਹਨ ਪਰ ਕਿਸੇ ਢੋਲੇ ਵਿਚ ਕਿਸੇ ਸ਼ਾਇਰ ਦਾ ਨਾਂ ਅੰਕਿਤ ਨਹੀਂ ਮਿਲਦਾ । ਇਹ ਸ਼ਾਇਰ ਆਮ ਤੌਰ ਤੇ ਅਨਪੜ੍ਹ ਹੀ ਹੁੰਦੇ ਹਨ ਪਰ ਲੋਕ ਜੀਵਨ ਨੂੰ ਇਨ੍ਹਾਂ ਸ਼ਾਇਰਾਂ ਨੇ ਇੰਨਾ ਨੇੜਿਓਂ ਦੇਖਿਆ ਹੁੰਦਾ ਹੈ ਕਿ ਉਹ ਆਪਣੇ ਬੋਲਾਂ ਵਿਚ ਆਪਣੇ ਸਮਾਜ ਦਾ ਬਿਲਕੁਲ ਸਹੀ ਚਿੱਤਰ ਖਿਚ ਦਿੰਦੇ ਹਨ। ਅੰਤਰ ਆਤਮਾ ਵਿਚੋਂ ਨਿਕਲੇ ਹੋਣ ਕਾਰਨ ਇਨ੍ਹਾਂ ਦੇ ਬੋਲਾਂ ਵਿਚ ਕਹਿਰ ਦਾ ਜਜ਼ਬਾ ਭਰਿਆ ਹੁੰਦਾ ਹੈ। ਢੋਲੇ ਦੀ ਬਣਤਰ ਬਹੁਤ ਸਾਦੀ ਹੁੰਦੀ ਹੈ। ਇਸ ਵਿਚ ਕਿਸੇ ਪ੍ਰਮਾਣਕ ਛੰਦ ਦੀ ਵਰਤੋਂ ਨਹੀਂ ਕੀਤੀ ਜਾਂਦੀ ਅਤੇ ਨਾ ਹੀ ਕਿਸੀ ਨਜ਼ਮ ਦੇ ਬਹਿਰ ਅਰੂਜ਼ ਤੇ ਅਧਾਰਿਤ ਹੁੰਦੀ ਹੈ ਸਗੋਂ ਇਹ ਪੰਜਾਬ ਦੀ ਪ੍ਰਾਚੀਨ ਆਜ਼ਾਦ ਕਵਿਤਾ ਹੈ ਜਿਸ ਵਿਚ ਵਜ਼ਨ (ਤੋਲ) ਨਾਲੋਂ ਰਿਦਮ ਅਤੇ ਸੰਗੀਤ ਦਾ ਵਧੇਰੇ ਧਿਆਨ ਰੱਖਿਆ ਜਾਂਦਾ ਹੈ। ਇਸ ਕਰ ਕੇ ਹੀ ਢੋਲੇ ਦੇ ਚਰਣਾਂ ਵਿਚ ਭਾਵੇਂ ਮਾਤ੍ਰਿਕ ਸਮਾਨਤਾ ਨਾ ਹੋਵੇ ਪਰ ਗਾਉਣ ਤੇ ਇਕੋ ਜਿੰਨਾ ਸਮਾਂ ਖ਼ਰਚ ਹੁੰਦਾ ਹੈ। ਜੇ ਚਰਣ ਛੋਟਾ ਹੋਵੇ ਤਾਂ ਗਾਉਣ ਵਾਲਾ ‘ਓ’ , ‘ਆ’, ਜਾਂ ‘ਈ’, ਆਦਿ ਦੀ ਸੁਰ ਨੂੰ ਲੰਮਾ ਕਰ ਲੈਂਦਾ ਹੈ ਅਤੇ ਇਸ ਤਰ੍ਹਾਂ ਚਰਣਾਂ ਵਿਚ ਸਮਤੁਲਤਾ ਪੈਦਾ ਕਰ ਲੈਂਦਾ ਹੈ।
ਢੋਲਾ ਗਾਉਣ ਵੇਲੇ ਗਾਇਕ ਆਪਣਾ ਸੱਜਾ ਹੱਥ ਕੰਨ ਤੇ ਰੱਖ ਕੇ ਗਾਉਣਾ ਸ਼ੁਰੂ ਕਰਦਾ ਹੈ। ਆਮ ਤੌਰ ਤੇ ਗਾਇਕ ਇਕ ਸਤਰ ਵਿਚ ਪੂਰਾ ਵਾਕ ਕਹਿ ਜਾਂਦਾ ਹੈ। ਇਸ ਤਰ੍ਹਾਂ ਢੋਲਾ ਕਈ ਵਾਰ ਵਾਰਤਕ ਗੀਤ ਲਗਦਾ ਹੈ। ਗਾਇਕ ਦੀ ਆਵਾਜ਼ ਇਕ ਸੁਰ ਨਹੀਂ ਚਲਦੀ, ਜਜ਼ਬੇ ਅਧੀਨ ਉਹ ਹਟਕੋਰੇ ਭਰਦਾ ਹੈ ਅਤੇ ਉਸ ਦੇ ਦਿਲ ਦੀ ਧੜਕਣ ਉੱਚੀ ਨੀਵੀਂ ਰਹਿੰਦੀ ਹੈ। ਇਸ ਕਰਕੇ ਹੀ ਹਲਕੇ ਫੁਲਕੇ ਗੀਤ ਸੁਣਨ ਵਾਲਿਆਂ ਨੂੰ ਪਹਿਲੀ ਵਾਰ ਢੋਲੇ ਦੇ ਗੀਤ ਦਾ ਰਸ ਨਹੀਂ ਆਉਂਦਾ । ਢੋਲੇ ਵਿਚ ਬਾਰ ਦੇ ਲੋਕਾਂ ਦੇ ਦਿਲਾਂ ਦੀਆਂ ਦਰਦ ਭਰੀਆਂ ਘਨਘੋਰਾਂ ਹੁੰਦੀਆਂ ਹਨ। ਬਾਰ ਦੇ ਜੀਵਨ ਨਾਲ ਜਾਣ ਪਛਾਣ ਰਖਣ ਵਾਲੇ ਇਸ ਦਾ ਰਸ ਵਧੇਰੇ ਮਾਣ ਸਕਦੇ ਹਨ। ਗੀਤ ਵਿਚ ਵਧੇਰੇ ਦਰਦ ਵਾਲੀ ਸਤਰ ਆਮ ਤੌਰ ਤੇ ਲੰਮੇਰੀ ਹੁੰਦੀ ਹੈ ਤੇ ਅੰਤਿਮ ਸੁਰ ਟੋਕੀ ਹੁੰਦੀ ਹੈ ਪਰ ਪ੍ਰਭਾਵ ਦੀ ਏਕਤਾ ਬਣਾਈ ਰੱਖਣ ਲਈ ਗਾਇਕ ਸਾਰੀਆਂ ਤੁੱਕਾਂ ਇਕੋ ਸਾਹੇ ਬੋਲ ਜਾਂਦਾ ਹੈ।
ਢੋਲੇ ਬਾਰ ਦੇ ਸਮੁੱਚੇ ਜੀਵਨ ਨੂੰ ਪੇਸ਼ ਕਰਦੇ ਹਨ। ਪਿਆਰ, ਬਾਰ, ਮੱਝਾਂ, ਊਠ, ਨੂੰਹ, ਸੱਸ, ਸੱਸੀ ਪੁੰਨੂੰ, ਡਾਕੂ, ਦੋ ਧੜਿਆਂ ਦੀਆਂ ਲੜਾਈਆਂ ਆਦਿ ਸਭ ਵਿਸ਼ਿਆਂ ਤੇ ਢੋਲੇ ਲਿਖੇ ਮਿਲਦੇ ਹਨ। ਪਿਆਰ ਦੇ ਗੀਤ ਬਹੁਤੇ ਮੁਟਿਆਰਾਂ ਵੱਲੋਂ ਹੁੰਦੇ ਹਨ ਪਰ ਉਨ੍ਹਾ ਨੂੰ ਤਿਆਰ ਕਰਨ ਵਾਲੇ ਅਤੇ ਗਾਉਣ ਵਾਲੇ ਗਭਰੂ ਮੁੰਡੇ ਹੀ ਹੁੰਦੇ ਹਨ । ਬਾਰ ਦੀ ਕੋਈ ਲੜਕੀ ਢੋਲੇ ਨਹੀਂ ਗਾਉਂਦੀ । ਕਈ ਖੋਜੀਆਂ ਅਨੁਸਾਰ ਢੋਲੇ ਦਾ ਸਬੰਧ ਰਾਜਸਥਾਨ ਦੇ ਢੋਲਾ-ਮਾਰੂ ਨਾਲ ਹੈ। ਢੋਲਾ ਮਾਰੂ ਨਾਂ ਦੀ ਇਸ ਰਾਜਸਥਾਨੀ ਕਥਾ ਅਨੁਸਾਰ ਬਚਪਨ ਵਿਚ ਹੀ ਦੋਹਾਂ ਦਾ ਵਿਆਹ ਹੋ ਗਿਆ ਸੀ ਮਗਰੋਂ ਆਪਣੇ ਦੇਸ਼ ਵਿਚ ਇਸ ਦਾ ਵਿਆਹ ਮਾਲਵਣੀ ਨਾਲ ਹੋ ਗਿਆ ਢੋਲਾ ਮਾਰੂ (ਮਾਰਵਣੀ) ਨੂੰ ਨਰਵਰ ਵਿਖੇ ਲਿਆਉਣਾ ਚਾਹੁੰਦਾ ਸੀ । ਪਰ ਮਾਲਵਣੀ ਅਜਿਹਾ ਹੋਣ ਨਹੀਂ ਸੀ ਦੇ ਰਹੀ। ਬਹੁਤ ਔਕੜਾਂ ਦਾ ਮੁਕਾਬਲਾ ਕਰਨ ਉਪਰੰਤ ਹੀ ਦੋਵੇਂ ਇਕਠੇ ਰਹੇ ਪਰ ਢੋਲਾ ਨਰਵਰ ਦੇ ਰਾਜਾ ਨਲ ਦਾ ਪੁੱਤਰ ਸੀ ਅਤੇ ਮਾਰੂ ਇਕ ਮਾਰਵਾੜੀ ਸ਼ਹਿਜ਼ਾਦੀ ਸੀ। ਇਨ੍ਹਾਂ ਦੋਹਾਂ ਦਾ ਆਪਸ ਵਿਚ ਬਹੁਤ ਪਿਆਰ ਸੀ। ਇਸ ਪ੍ਰੇਮ ਕਥਾ ਦਾ ਗਾਇਨ ਢੋਲੇ ਦੇ ਰੂਪ ਵਿਚ ਹੁੰਦਾ ਹੈ।
ਇਸ ਪ੍ਰੇਮ ਕਥਾ ਦਾ ਗਾਇਨ ਢੋਲੇ ਦੇ ਰੂਪ ਵਿਚ ਇਉਂ ਆਇਆ ਹੈ :-
ਕੰਨਾਂ ਨੂੰ ਸੁਹਣੇ ਬੁੰਦੇ, ਗਲ ਮਸ਼ਰੂ ਦਾ ਜਾਮਾ,
ਤੁਕ ਗਿਆ ਸਜਣਾਂ ਦਾ ਸਾਨੂੰ ਰਾਹੰਦਾ ਏ ਵਾਹਮਾ,
ਕੋਈ ਨਰਵਰ ਕੋਟ ਸੁਹਾਇਆ ਨੇ, ਦੇਸ ਬਿਗਾਨਾ,
ਢੂੰਡਾਂ ਥਲ ਤੇ ਮਾਰੂ, ਬਾਰ ਜੰਗਲ ਦੀਆਂ ਲ੍ਹਾਮਾ,
ਉਹ ਡੱਭ ਵੀ ਨ ਚਰਦੇ ਓ, ਮਾਸ ਜਿਨ੍ਹਾਂ ਦਾ ਤਾਮਾ,
ਗਿਉਂ ਤਾਂ ਮਿਲਣੋਂ ਰਿਹੋਂ ਤੋੜੇ ਆਪਣੇ ਹੱਥਾਂ ਦਾ,
ਸਾਧਿਰ ਲਿਖ ਘਲੇਂ ਆ ਚ’ ਨਾਮਾ
(ਨੈਂ ਝਨਾਂ)
ਢੋਲੇ ਬਾਰ ਦੇ ਲੋਕਾਂ ਦੇ ਜੀਵਨ ਦਾ ਚਿੱਤਰ ਪੇਸ਼ ਕਰਦੇ ਹਨ। ਦਿਲ ਦੀ ਹੂਕ, ਪ੍ਰੇਮ ਚੰਗਿਆਰੀ ਦੀਆਂ ਚਿਣਗਾਂ, ਪਸ਼ੂ ਧੰਨ ਦਾ ਪਿਆਰ ,ਜੰਗਲ ਦੇ ਖੁਲ੍ਹੇ ਜੀਵਨ ਦਾ ਪਿਆਰ, ਜੀਵਨ ਦੀਆਂ ਨਿਕੀਆਂ ਘਟਨਾਵਾਂ ਅਤੇ ਰੀਝਾਂ ਆਦਿ ਦੇ ਨਾਲ ਨਾਲ ਬਾਰ ਜੀਵਨ ਵਿਚ ਆਏ ਵਿਕਾਸ ਦੇ ਹਰ ਪੜ੍ਹਾ ਸਬੰਧੀ ਢੋਲੇ ਲਿਖੇ ਮਿਲਦੇ ਹਨ ।
* ਐਂਟਰੀ ਵਿਚ ਹਾਈਲਾਈਟ ਕੀਤਾ ਸ਼ਬਦ ਤੁਕ ਕਿਤਾਬ ਵਿਚ ਗਲਤ ਲਿਖਿਆ ਹੋਇਆ ਹੈ । ਸਹੀ ਸ਼ਬਦ ਤੁਰ ਹੈ।
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 8126, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-01-19-11-43-00, ਹਵਾਲੇ/ਟਿੱਪਣੀਆਂ: ਹ. ਪੁ. –ਪੰ. ਸਾ. ਕੋ. 1 : 293
ਵਿਚਾਰ / ਸੁਝਾਅ
Please Login First