ਤਲਾਕ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਤਲਾਕ [ਨਾਂਪੁ] ਪਤੀ-ਪਤਨੀ ਦਾ ਸੰਬੰਧ-ਤਿਆਗ, ਛੱਡ-ਛੜਾਅ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 10403, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਤਲਾਕ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Divorce_ਤਲਾਕ: ਅੰਗਰੇਜ਼ੀ ਦਾ ਇਹ ਸ਼ਬਦ ਲਾਤੀਨੀ ਦੇ ਸ਼ਬਦ ਡਾਈਵੋਰਸ਼ੀਅਮ ਦਾ ਸੁਧਰਿਆ ਰੂਪ ਹੈ। ਡਾਈਵੋਰਸ਼ੀਅਮ ਦਾ ਮਤਲਬ ਹੈ ‘ਪਾਸੇ ਕਰ ਦੇਣਾ’ ਅਤੇ ਉਸ ਤੋਂ ਪਤੀ ਪਤਨੀ ਦੀ ਕਾਨੂੰਨਨ ਅਲਹਿਦਗੀ ਲਿਆ ਜਾਣ ਲਗ ਗਿਆ ਸੀ। ਭਾਵੇਂ ਲਫ਼ਜ਼ੀ ਤੌਰ ਤੇ ਅਜ ਵੀ ਇਸ ਦਾ ਮਤਲਬ ਅਦਾਲਤ ਦੀ ਡਿਗਰੀ ਦੁਆਰਾ ਪਤੀ ਪਤਨੀ ਦੀ ਮੁਕੰਮਲ ਜਾਂ ਅੰਸ਼ਕ ਅਲਹਿਦਗੀ ਹੈ, ਜਿਸ ਵਿਚ ਪਤੀ ਪਤਨੀ ਵਿਚਕਾਰ ਸਹਿਵਾਸ ਦੀ ਮੁਅਤਲੀ ਵੀ ਸ਼ਾਮਲ ਹੈ। ਲੇਕਿਨ ਅਸਲ ਵਿਚ ਇਸ ਤਾ ਮਤਲਬ ਅਦਾਲਤ ਦੀ ਡਿਗਰੀ ਦੁਆਰਾ ਵਿਆਹ ਦਾ ਤੁੜਾਉ ਹੈ। ਮੁਅਤਲੀ ਲਈ ਹੋਰ ਸ਼ਬਦਾਂ ਦੀ ਜਿਵੇਂ ਕਿ ਅਲਹਿਦਗੀ ਆਦਿ ਦੀ ਵਰਤੋਂ ਕੀਤੀ ਜਾਂਦੀ ਹੈ। ਮਸਮਾਤ ਜ਼ੁਹਰਾ ਖ਼ਾਤੂਨ ਬਨਾਮ ਮੁਹੰਮਦ ਇਬਰਾਹੀਮ (ਏ ਆਈ ਆਰ 1981 ਐਸ ਸੀ 1243) ਵਿਚ ਅਦਾਲਤ ਨੇ ਵੈਬਸਟਰਜ਼ ਥਰਡ ਨਿਊ ਇੰਟਰਨੈਸ਼ਨਲ ਡਿਕਸ਼ਨਰੀ ਦਾ ਹਵਾਲਾ ਦੇ ਕੇ ਕਿਹਾ ਹੈ ਕਿ ਹੋਰਨਾਂ ਅਰਥਾ ਤੋਂ ਇਲਾਵਾ ਤਲਾਕ ਦਾ ਮਤਲਬ ਹੈ :-
(ੳ) ਅਮੂਮਨ ਅਦਾਲਤ ਜਾਂ ਕਿਸੇ ਹੋਰ ਸ਼ਕਤਵਾਨ ਅਥਾਰਿਟੀ ਦੁਆਰਾ ਵਿਆਹ ਦਾ ਮੁਕੰਮਲ ਜਾਂ ਭਾਗ ਰੂਪ ਵਿਚ ਤੁੜਾਉ;
(ਅ) ਵਿਆਹ ਤੋਂ ਪਿਛੋਂ ਦੇ ਕਿਸੇ ਕਾਨੂੰਨ-ਪੂਰਨ ਕਾਰਨ ਦੇ ਆਧਾਰ ਤੇ ਕਾਨੂੰਨ ਮੰਨਵੇਂ ਕਿਸੇ ਵਿਆਹ ਦਾ ਨਿਰਪੇਖ ਤੁੜਾਉ;
(ੲ) ਵਿਆਹ ਦੀ ਕਿਸੇ ਇਕ ਧਿਰ ਦੇ ਕਿਸੇ ਕੰਮ ਜਾ ਰਜ਼ਾਮੰਦੀ ਨਾਲ ਸਥਾਪਤ ਰਵਾਜ ਦੀ ਅਨੁਸਾਰਤਾ ਵਿਚ ਪਤੀ ਪਤਨੀ ਦੀ ਯਥਾ-ਰੀਤੀ ਅਲਹਿਦਗੀ। ਅਦਾਲਤ ਅਨੁਸਾਰ ਤਲਾਕ ਦਾ ਜੋ ਸਾਧਾਰਨ ਤੌਰ ਤੇ ਅਰਥ ਲਿਆ ਜਾਂਦਾ ਹੈ ਉਹ ਵਿਆਹ ਦੇ ਤੁੜਾਉ ਤੋਂ ਵੱਧ ਜਾਂ ਘਟ ਕੁਝ ਨ ਹੋ ਕੇ ਵਿਆਹ ਦਾ ਤੁੜਾਉ ਹੈ; ਭਾਵੇਂ ਉਹ ਦੋਹਾਂ ਵਿਚੋਂ ਕਿਸੇ ਧਿਰ ਦੇ ਕਿਸੇ ਕੰਮ ਦਾ ਨਤੀਜਾ ਹੋਵੇ ਜਾਂ ਕਾਨੂੰਨੀ ਕਾਰਵਾਈਆਂ ਦਾ ਪਰਿਣਾਮ ਹੋਵੇ।
ਅਕਸਰ ਭਾਰਤ ਨੂੰ ਨਿਜੀ ਕਾਨੂੰਨਾਂ ਦਾ ਅਜਾਇਬ ਘਰ ਕਿਹਾ ਜਾਂਦਾ ਹੈ ਕਿਉਂਕਿ ਮੁਲਕ ਵਿਚ ਵਿਆਹ, ਵਿਰਾਸਤ ਆਦਿ ਬਾਰੇ ਸਭਨਾਂ ਭਾਰਤੀਆਂ ਲਈ ਇਕਸਾਰ ਨਿਜੀ ਕਾਨੂੰਨ ਮੌਜੂਦ ਨਹੀਂ ਹੈ। ਇਸ ਹੀ ਕਾਰਨ ਹਿੰਦੂਆਂ, ਸਿੱਖਾਂ, ਬੋਧੀਆਂ ਅਤੇ ਜੈਨੀਆਂ ਦੀ ਸੂਰਤ ਵਿਚ ਤਲਾਕ ਦੇ ਵਿਸ਼ੇ ਤੇ ਕਾਨੂੰਨ ਹਿੰਦੂ ਵਿਆਹ ਐਕਟ 1955 ਵਿਚ ਦਰਜ ਹੈ। ਮੁਸਲਮਾਨਾਂ ਬਾਰੇ ਵੀ ਵਖਰਾ ਪ੍ਰਵਿਧਾਨਕ ਕਾਨੂੰਨ ਮੌਜੂਦ ਹੇ ਪਰ ਪੁਰਾਣੇ ਇਸਲਾਮੀ ਕਾਨੂੰਨ ਅਧੀਨ ਵੀ ਤਲਾਕ ਜਾਇਜ਼ ਸਮਝਿਆ ਜਾਂਦਾ ਹੈ।
ਮੁਸਲਿਮ ਕਾਨੂੰਨ ਅਧੀਨ ਸਰ ਆਰ.ਕੇ. ਵਿਲਸਨ ਦੇ ਡਾਇਜੈਸਟ ਔਫ਼ ਐਂਗਲੋ ਮੁਹੰਮੇਡਨ ਲਾ ਅਨੁਸਾਰ, ‘‘ਤਲਾਕ ਜਾਂ ਤਾਂ ਤਲਾਕ ਬਐਨ (ਬੈਨੀ) (bain) ਹੁੰਦਾ ਹੈ ਜਾਂ ਰਜਾ। ਬੈਨੀ ਕਿਸਮ ਦਾ ਤਲਾਕ ਵਾਪਸ ਨਹੀਂ ਲਿਆ ਜਾ ਸਕਦਾ ਜਦ ਕਿ ਰਜਾ ਵਾਪਸ ਲਿਆ ਜਾ ਸਕਦਾ ਹੈ। ਬੈਨੀ ਤਲਾਕ ਤੁਰਤ ਅਮਲ ਵਿਚ ਆ ਜਾਂਦਾ ਹੈ ਅਤੇ ਵਿਆਹਕ ਸਬੰਧਾਂ ਨੂੰ ਮੁਕੰਮਲ ਤੌਰ ਤੇ ਤੋੜ ਦਿੰਦਾ ਹੈ। ਇਹ ਤਲਾਕ ਪਤਨੀ ਨੂੰ ਸੰਬੋਧਤ ਉਨ੍ਹਾਂ ਲਫ਼ਜ਼ਾਂ ਦੁਆਰਾ ਦਿੱਤਾ ਜਾਂਦਾ ਹੈ ਜਿਨ੍ਹਾਂ ਤੋਂ ਵਿਆਹ ਨੂੰ ਤੋੜ ਦੇਣ ਦਾ ਇਰਾਦਾ ਸਪਸ਼ਟ ਹੁੰਦਾ ਹੋਵੇ। ਬਐਨ ਜਾਂ ਬੈਨੀ ਦੀ ਪਹਿਲੀ ਕਿਸਮ ਉਹ ਹੈ ਜਿਸ ਵਿਚ ਇਕ ਵਾਰ ‘ਤਲਾਕ’ ਕਿਹਾ ਜਾਂਦਾ ਹੈ ਅਤੇ ਇੱਦਤ ਦੀ ਮੱਦਤ ਲਈ ਲਿੰਗ-ਭੋਗ ਨਹੀਂ ਕੀਤਾ ਜਾਂਦਾ। ਦੂਜੀ ਕਿਸਮ ਉਹ ਹੈ ਜਿਸ ਵਿਚ ਤਿੰਨ ਮਾਹਰਵਾਰੀਆਂ ਦੇ ਦੌਰਾਨ ਤਿੰਨਵਾਰੀ-ਹਰੇਕ ਮਾਹਵਾਰੀ ਦੇ ਦੌਰਾਨ ਇਕ ਵਾਰੀ-‘ਤਲਾਕ’ ਕਿਹਾ ਜਾਂਦਾ ਹੈ ਅਤੇ ਉਪਰੋਕਤ ਸਾਰੀ ਮੁੱਦਤ ਦੇ ਦੌਰਾਨ ਲਿੰਗ-ਭੋਗ ਨਹੀਂ ਕੀਤਾ ਜਾਂਦਾ। ਤੀਜੀ ਕਿਸਮ ਉਹ ਹੈ ਜਿਸ ਵਿਚ ਥੋੜ੍ਹੇ ਥੋੜ੍ਹੇ ਵਕਫ਼ੇ ਮਗਰੋਂ ਜਾਂ ਉਤੋੜਿਤੀ ਤਿੰਨ ਵਾਰੀ ‘ਤਲਾਕ’ ਕਿਹਾ ਜਾਂਦਾ ਹੈ। ਚੌਥੀ ਕਿਸਮ ਉਹ ਹੈ ਜਿਸ ਵਿਚ ‘ਤਲਾਕ’ ਇਕੋ ਵਾਰੀ ਕਿਹਾ ਜਾਂਦਾ ਹੈ ਅਤੇ ਉਸ ਨਾਲ ਅਜਿਹੇ ਸ਼ਬਦ ਜੋੜੇ ਜਾਂਦੇ ਹਨ ਜਿਨ੍ਹਾਂ ਤੋਂ ਤਲਾਕ ਦੇਣ ਵਾਲੇ ਦਾ ਇਹ ਇਰਾਦਾ ਸਪਸ਼ਟ ਹੁੰਦਾ ਹੈ ਕਿ ਤਲਾਕ ਤੁਰਤ ਪ੍ਰਭਾਵੀ ਹੋਵੇਗਾ ਅਤੇ ਵਾਪਸ ਨਹੀਂ ਲਿਆ ਜਾ ਸਕੇਗਾ। ਉਪਰੋਕਤ ਪਹਿਲੀਆਂ ਦੋ ਕਿਸਮਾਂ ਨੂੰ ਅਹਸਨ ਅਥਵਾ ਹਸਨੀ (ਸਰਬੋਤਮ ਅਤੇ ਚੰਗਾ) ਕਿਹਾ ਜਾਂਦਾ ਹੈ ਜਦ ਕਿ ਤੀਜੀ ਅਤੇ ਚੌਥੀ ਕਿਸਮ ਨੂੰ ਪਾਪ-ਭਰਿਆ ਸਮਝਿਆ ਜਾਂਦਾ ਹੈ, ਪਰ ਸੁੰਨੀ ਵਕੀਲਾਂ ਅਨੁਸਾਰ ਉਹ ਕਿਸਮਾਂ ਕਾਨੂੰਨੀ ਤੌਰ ਤੇ ਜਾਇਜ਼ ਸਮਝੀਆਂ ਜਾਂਦੀਆਂ ਹਨ।....ਇਹ ਜ਼ਰੂਰੀ ਨਹੀਂ ਕਿ ਜਦੋਂ ਤਲਾਕ ਕਿਹਾ ਜਾਵੇ ਉਦੋਂ ਪਤਨੀ ਹਾਜ਼ਰ ਹੋਵੇ। ਪਰ ਜਦੋਂ ਤਕ ਉਸ ਨੂੰ ਤਲਾਕ ਬਾਰੇ ਸੂਚਿਤ ਨਹੀਂ ਕੀਤਾ ਜਾਂਦਾ ਉਹ ਗੁਜ਼ਾਰੇ ਦੀ ਹੱਕਦਾਰ ਹੁੰਦੀ ਹੈ। ਕਿਸੇ ਮਜਬੂਰੀ ਅਧੀਨ ਜਾਂ ਮਜ਼ਾਕ ਨਾਲ ਕਿਹਾ ਗਿਆ ਤਲਾਕ ਵੀ ਜਾਇਜ਼ ਅਤੇ ਪ੍ਰਭਾਵੀ ਹੁੰਦਾ ਹੈ। [ਸਈਅਦ ਰਸ਼ੀਦ ਅਹਿਮਦ ਬਨਾਮ ਮਸਮਾਤ ਅਨੀਸਾ ਖ਼ਾਤੂਨ - ਏ ਆਈ ਆਰ 1932 ਪ੍ਰੀ. ਕੌ. 25]।
ਇਸਲਾਮੀ ਕਾਨੂੰਨ ਅਧੀਨ ਵਿਆਹ ਦੇ ਮੁਆਇਦੇ ਦਾ ਤੁੜਾਉ ਜਾਂ ਤਾਂ
(i) ਪਤੀ ਦੀ ਮਰਜ਼ੀ ਤੇ ਬਿਨਾਂ ਅਦਾਲਤ ਦੇ ਦਖ਼ਲ ਤੋਂ, ਜਾਂ
(ii) ਪਤੀ ਪਤਨੀ ਦੀ ਆਪਸੀ ਰਜ਼ਾਮੰਦੀ ਨਾਲ ਬਿਨਾਂ ਅਦਾਲਤ ਦੇ ਦਖ਼ਲ ਤੋਂ, ਜਾਂ
(iii) ਪਤੀ ਜਾਂ ਪਤਨੀ ਦੇ ਦਾਵੇ ਤੇ ਨਿਆਂਇਕ ਡਿਗਰੀ ਦੁਆਰਾ ਕੀਤਾ ਜਾ ਸਕਦਾ ਹੈ।
ਪਤਨੀ ਕੇਵਲ ਆਪਣੀ ਮਰਜ਼ੀ ਨਾਲ ਉਦੋਂ ਹੀ ਤਲਾਕ ਦੇ ਸਕਦੀ ਹੈ ਜੇ ਉਸ ਦਾ ਪਤੀ ਨਾਲ ਵਿਆਹ ਤੋਂ ਪਹਿਲਾਂ ਜਾਂ ਪਿਛੋਂ ਇਸ ਭਾਵ ਦਾ ਕੋਈ ਮੁਆਇਦਾ ਹੋਇਆ ਹੋਵੇ। ਇਸ ਦੇ ਉਲਟ ਸਵਸਥ ਚਿਤ ਅਤੇ ਬਾਲਗ ਉਮਰ ਦਾ ਪਤੀ ਜਦੋਂ ਚਾਹੇ ਆਪਣੀ ਪਤਨੀ ਨੂੰ ਤਲਾਕ ਦੇ ਸਕਦਾ ਹੈ। ਪਤੀ ਦੁਆਰਾ ਤਲਾਕ ਜ਼ਬਾਨੀ ਵੀ ਦਿੱਤਾ ਜਾ ਸਕਦਾ ਹੈ ਅਤੇ ਲਿਖਤ ਦੁਆਰਾ ਵੀ। ਤਲਾਕ ਦੇਣ ਲਈ ਸ਼ਬਦਾਂ ਦਾ ਕੋਈ ਖ਼ਾਸ ਰੂਪ ਨਿਸਚਿਤ ਨਹੀਂ ਕੀਤਾ ਗਿਆ। ਜੇ ਸ਼ਬਦ ਸਹੀ (ਸਪਸ਼ਟ ਜਾਂ ਚੰਗੀ ਤਰ੍ਹਾਂ ਸਮਝ ਵਿਚ ਆਉਣ ਵਾਲੇ) ਹੋਣ , ਜਿਨ੍ਹਾਂ ਤੋਂ ਤਲਾਕ ਦੇਣ ਦੇ ਅਰਥ ਨਿਕਲਦੇ ਹੋਣ ਤਾਂ ਉਸ ਭਾਵ ਦਾ ਇਰਾਦਾ ਸਾਬਤ ਕਰਨ ਦੀ ਲੋੜ ਨਹੀਂ ਹੁੰਦੀ। ਜੇ ਸ਼ਬਦ ਦੁਅਰਥੇ (ਕਿਨਾਇਆਤ) ਹੋਣ ਤਾਂ ਇਰਾਦਾ ਸਾਬਤ ਕਰਨਾ ਜ਼ਰੂਰੀ ਹੋ ਜਾਂਦਾ ਹੈ। ਕਲਕੱਤੇ ਦੇ ਇਕ ਕੇਸ ਵਿਚ ਪਤੀ ਨੇ ਕੇਵਲ ‘ਤਲਾਕ’ ਸ਼ਬਦ ਕਿਹਾ ਸੀ ਅਤੇ ਪਤਨੀ ਦਾ ਨਾਂ ਨਹੀਂ ਸੀ ਲਿਆ। ਇਸ ਤਲਾਕ ਨੂੰ ਕਾਨੂੰਨ ਦੁਆਰਾ ਮਾਨਤਾ ਨਹੀਂ ਸੀ ਦਿੱਤੀ ਗਈ। ਤਲਾਕ ਪਤਨੀ ਦੀ ਗ਼ੈਰਹਾਜ਼ਰੀ ਵਿਚ ਵੀ ਦਿੱਤਾ ਜਾ ਸਕਦਾ ਹੈ, ਪਰ ਮੇਹਰ ਦੇ ਪ੍ਰਯੋਜਲਾਂ ਲਈ ਇਹ ਜ਼ਰੂਰੀ ਹੈ ਕਿ ਤਲਾਕ ਪਤਨੀ ਦੀ ਗਿਆਤ ਵਿਚ ਆਵੇ।
ਤਲਾਕਨਾਮਾ ਜ਼ਬਾਨੀ ਤਲਾਕ ਦਾ ਰਿਕਾਰਡ ਵੀ ਹੋ ਸਕਦਾ ਹੈ ਜਾਂ ਉਸ ਲਿਖਤ ਦੁਆਰਾ ਤਲਾਕ ਵੀ ਦਿੱਤਾ ਜਾ ਸਕਦਾ ਹੈ। ਤਲਾਕ ਨਾਮਾ ਕਾਜ਼ੀ ਜਾਂ ਪਤਨੀ ਦੇ ਪਿਤਾ ਜਾਂ ਹੋਰ ਗਵਾਹਾਂ ਦੀ ਹਾਜ਼ਰੀ ਵਿਚ ਕੀਤਾ ਜਾ ਸਕਦਾ ਹੈ।
ਮੁਸਲਿਮ ਵਿਆਹਾਂ ਦਾ ਤੁੜਾਉ ਐਕਟ, 1939:- ਮੁਸਲਿਮ ਵਿਆਹਾਂ ਦੇ ਤੁੜਾਉ ਨਾਲ ਸਬੰਧਤ ਕਾਨੂੰਨ ਨੂੰ ਸੰਕਲਤ ਕਰਨ ਅਤੇ ਇਸਲਾਮ ਦੇ ਤਿਆਗ ਦਾ ਵਿਆਹ ਤੇ ਪੈਣ ਵਾਲੇ ਪ੍ਰਭਾਵ ਨੂੰ ਸਪਸ਼ਟ ਕਰਨ ਲਈ 1939 ਵਿਚ ਮੁਸਲਿਮ ਵਿਆਹਾਂ ਦਾ ਤੁੜਾਉ ਐਕਟ ਪਾਸ ਕੀਤਾ ਗਿਆ। ਉਸ ਐਕਟ ਅਨੁਸਾਰ ਮੁਸਲਿਮ ਪਤਨੀ ਹੇਠ-ਲਿਖੇ ਆਧਾਰਾਂ ਤੇ ਤਲਾਕ ਮੰਗ ਸਕਦੀ ਹੈ:-
(i) ਜੇ ਪਤਨੀ ਨੂੰ ਚਾਰ ਸਾਲਾ ਤੋਂ ਇਹ ਨ ਪਤਾ ਹੋਵੇ ਕਿ ਚਾਰ ਸਾਲਾਂ ਤੋਂ ਉਸ ਦਾ ਪਤੀ ਕਿਥੇ ਹੈ?
(ii) ਜੇ ਪਤੀ ਦੋ ਸਾਲ ਤੋਂ ਪਤਨੀ ਦੇ ਭਰਣਪੋਖਣ ਵਿਚ ਅਸਮਰਥ ਰਿਹਾ ਹੋਵੇ,
(iii) ਪਤੀ ਨੂੰ ਸਤ ਸਾਲ ਦੀ ਕੈਦ ਦਾ ਦੰਡ ਹੁਕਮ ਦਿੱਤਾ ਗਿਆ ਹੋਵੇ;
(iv) ਪਤੀ ਵਾਜਬ ਕਾਰਨ ਤੋਂ ਬਿਨਾਂ ਵਿਆਹਕ ਜ਼ਿੰਮੇਵਾਰੀਆਂ ਨ ਨਿਭਾ ਰਿਹਾ ਹੋਵੇ;
(v) ਪਤੀ ਨਿਪੁੰਸਕ ਹੋਵੇ;
(vi) ਪਤੀ ਪਾਗਲ ਹੋਵੇ;
(vii) ਪਤੀ ਵਲੋਂ ਨਿਰਦਇਅਤਾ ਦੇ ਆਧਾਰ ਤੇ। ਨਿਰਦਇਅਤਾ ਵਿਚ ਪਤੀ ਦੁਆਰਾ ਪਤਨੀ ਤੇ ਆਦਤਨ ਹਮਲਾ ਕਰਨਾ; ਮਾੜੀ ਸ਼ੁਹਰਤ ਵਾਲੀਆਂ ਔਰਤਾਂ ਦੀ ਸੰਗਤ ਕਰਨਾ; ਪਤਨੀ ਨੂੰ ਅਣਸਦਾਚਾਰਕ ਜੀਵਨ ਬਿਤਾਉਣ ਲਈ ਮਜਬੂਰ ਕਰਨਾ; ਪਤਨੀ ਦੀ ਸੰਪਤੀ ਦਾ ਨਿਬੇੜੀ ਕਰਨਾ ਜਾਂ ਉਸ ਤੇ ਪਤਨੀ ਨੂੰ ਆਪਣੇ ਕਾਨੂੰਨੀ ਅਧਿਕਾਰਾਂ ਦੀ ਵਰਤੋਂ ਨ ਕਰਨ ਦੇਣਾ; ਆਪਣੇ ਧਰਮ ਨੂੰ ਮੰਨਣ ਵਿਚ ਰੁਕਾਵਟ ਪਾਉਣਾ; ਪਤੀ ਦੀਆਂ ਇਕ ਤੋਂ ਵਧ ਪਤਨੀਆਂ ਹੋਣ ਦੀ ਸੂਰਤ ਵਿਚ ਕੁਰਾਨ ਸ਼ਰੀਫ਼ ਦੀ ਅਨੁਸਾਰਤਾ ਵਿਚ ਉਸ ਪਤਨੀ ਨਾਲ ਸਮਤਾ-ਪੂਰਬਕ ਸਲੂਕ ਨ ਕਰਨਾਂ
ਭਾਰਤੀ ਤਲਾਕ ਐਕਟ, 1869 ਕੇਵਲ ਈਸਾਈਆਂ ਨੂੰ ਲਾਗੂ ਹੁੰਦਾ ਹੈ।
ਉਸ ਐਕਟ ਦੀ ਧਾਰਾ10 ਅਨੁਸਾਰ ਪਤੀ ਜ਼ਿਲ੍ਹਾ ਅਦਾਲਤ ਜਾਂ ਉੱਚ ਅਦਾਲਤ ਨੂੰ ਆਪਣੇ ਵਿਆਹ ਦੇ ਤੁੜਾਉ ਲਈ ਅਰਜ਼ੀ ਇਸ ਆਧਾਰ ਤੇ ਦੇ ਸਕਦਾ ਹੈ ਕਿ ਵਿਆਹ ਸੰਸਕਾਰ ਤੋਂ ਬਾਦ ਉਸ ਦੀ ਪਤਨੀ ਪਰਗਮਨ ਦੀ ਦੋਸ਼ੀ ਰਹੀ ਹੈ। ਇਸ ਦੇ ਮੁਕਾਬਲੇ ਵਿਚ ਈਸਾਈ ਪਤਨੀ ਇਸ ਆਧਾਰ ਤੇ ਆਪਣੇ ਵਿਆਹ ਦੇ ਤੁੜਾਉ ਲਈ ਅਰਜ਼ੀ ਦੇ ਸਕਦੀ ਹੈ ਕਿ ਉਸ ਦਾ ਪਤੀ ਵਿਆਹ ਸੰਸਕਾਰ ਤੋਂ ਬਾਦ ਈਸਾਈ ਧਰਮ ਦੀ ਥਾਂ ਕਿਸੇ ਹੋਰ ਧਰਮ ਨੂੰ ਮੰਨਣ ਲਗ ਪਿਆ ਹੈ ਅਤੇ ਕਿਸੇ ਹੋਰ ਔਰਤ ਨਾਲ ਵਿਆਹ ਕਰਾ ਲਿਆ ਹੈ, ਜਾਂ ਗੋਤਰ ਪਰਗਮਨ ਦਾ ਦੋਸ਼ੀ ਰਿਹਾ ਹੈ, ਜਾਂ ਦੁਵਿਆਹ ਨਾਲ ਪਰਗਮਨ ਜਾਂ ਕਿਸੇ ਹੋਰ ਔਰਤ ਨਾਲ ਵਿਆਹ ਤਥਾ-ਪਰਗਮਨ ਜਾਂ ਜਬਰ ਜ਼ਨਾਹ, ਗੁੱਦਾ ਭੋਗ ਜਾਂ ਪਸ਼ੂ ਨਾਲ ਲਿੰਗ ਭੋਗ, ਜਾਂ ਪਰਗਮਨ-ਤਥਾ ਅਜਿਹੀ ਨਿਰਦਇਅਤਾ ਦਾ ਦੋਸ਼ੀ ਰਿਹਾ ਹੈ ਜੋ ਪਰਗਮਨ ਤੋਂ ਬਿਨਾਂ ਉਸ ਨੂੰ a mensa toro ਅਰਥਾਤ ਰੋਟੀ ਅਤੇ ਸੇਜ ਤੋਂ ਤਲਾਕ ਦਾ ਹੱਕਦਾਰ ਬਣਾਉਦੀ ਹੈ ਜਾਂ ਪਰਗਮਨ-ਤਥਾ ਬਿਨਾਂ ਵਾਜਬ ਕਾਰਨ ਦੇ ਛਡਣ ਦਾ ਦੋ ਸਾਲਾਂ ਤੋਂ ਵਧ ਦੇ ਸਮੇਂ ਲਈ ਦੋਸ਼ੀ ਰਿਹਾ ਹੈ।
ਪਰਗਮਨ ਦਾ ਦੋਸ਼ ਸਾਬਤ ਕਰਨ ਲਈ ਸ਼ਹਾਦਤ ਦਾ ਪ੍ਰਕਿਰਤੀ ਹਾਲਾਤੀ ਸ਼ਹਾਦਤ ਦੇ ਪੱਧਰ ਦੀ ਕਾਫ਼ੀ ਸਮਝੀ ਜਾਂਦੀ ਹੈ। (ਏ ਆਈ ਆਰ 1981 ਐਮ.ਪੀ. 112)। ਇਸ ਦਾ ਕਾਰਨ ਇਹ ਹੈ ਕਿ ਅਜਿਹੇ ਕੇਸਾਂ ਵਿਚ ਸਿੱਧੀ ਸ਼ਹਾਦਤ ਮਿਲਣੀ ਕਾਫ਼ੀ ਔਖੀ ਹੁੰਦੀ ਹੈ।
ਭਾਰਤੀ ਤਲਾਕ ਐਕਟ 1869 ਦੀ ਧਾਰਾ 11 ਅਨੁਸਾਰ ਜੇ ਅਰਜ਼ੀ ਪਤੀ ਦੁਆਰਾ ਦਿੱਤੀ ਗਈ ਹੋਵੇ ਤਾਂ ਤਥਾ-ਕਥਿਤ ਪਰਗਮਨਕਾਰ ਨੂੰ ਸਹਿ-ਉੱਤਰਦਾਰ ਬਣਾਉਣਾ ਜ਼ਰੂਰੀ ਹੈ। ਪਤੀ ਨੂੰ ਇਸ ਗੱਲ ਤੋਂ ਛੋਟ ਤਦ ਹੀ ਦਿੱਤੀ ਜਾ ਸਕਦੀ ਹੈ ਜੇ ਪਤਨੀ ਵੇਸ਼ਵਾ ਦਾ ਜੀਵਨ ਬਤੀਤ ਕਰ ਰਹੀ ਹੋਵੇ ਅਤੇ ਪਤੀ ਇਹ ਨ ਜਾਣਦਾ ਹੋਵੇ ਕਿ ਉਹ ਕਿਸ ਮਰਦ ਨਾਲ ਪਰਗਮਨ ਦੀ ਦੋਸ਼ੀ ਹੈ ਜਾਂ ਬਣਦੀ ਕੋਸ਼ਿਸ਼ ਕਰਨ ਦੇ ਬਾਵਜੂਦ ਉਹ ਤਥਾਕਥਤ ਪਰਗਮਨਕਾਰ ਦੇ ਨਾਂ ਤੋਂ ਜਾਣੂ ਨ ਹੋ ਸਕਿਆ ਹੋਵੇ।
ਭਾਰਤੀ ਤਲਾਕ ਐਕਟ, 1869 ਦੀ ਧਾਰਾ 3(9) ਅਧੀਨ ‘ਛਡਣ’ ਦੀ ਪਰਿਭਾਸ਼ਾ ਦਿੰਦਿਆਂ ਕਿਹਾ ਗਿਆ ਹੈ ਕਿ ‘ਦੋਸ਼ ਲਾਉਣ ਵਾਲੇ ਵਿਅਕਤੀ ਦੀ ਇੱਛਾ ਦੇ ਵਿਰੁਧ ਉਸ ਨੂੰ ਤਿਆਗਣਾ’ ਛਡਣਾ ਹੈ। ਵਿਆਹਕ ਘਰ ਨੂੰ ਰਜ਼ਾਮੰਦੀ ਨਾਲ ਛਡਣਾ ਜਾਂ ਆਪਸੀ ਰਜ਼ਾਮੰਦੀ ਭਾਵੇਂ ਅਭਿਵਿਅਕਤ ਹੋਵੇ ਜਾਂ ਅਰਥਾਵੀਂ, ਨਾਲ ਅਲੱਗ ਰਹਿਣ ਨੂੰ ਛਡਣਾ ਨਹੀਂ ਕਿਹਾ ਜਾ ਸਕਦਾ। ਵਿਆਹਕ ਘਰ ਤੋਂ ਚਲੇ ਜਾਣ ਦੀ ਹਰੇਕ ਸੂਰਤ ਨੂੰ ਛਡਣਾ ਨਹੀਂ ਕਿਹਾ ਜਾ ਸਕਦਾ। ਇਸ ਦੇ ਛਡਣ ਹੋਣ ਲਈ ਜ਼ਰੂਰੀ ਹੈ ਕਿ ਦੋਸ਼ ਲਾਉਣ ਵਾਲੇ ਵਿਅਕਤੀ ਨੂੰ ਉਸਦੀ ਖਾਹਿਸ਼ ਦੇ ਵਿਰੁਧ ਤਿਆਗ ਦਿੱਤਾ ਗਿਆ ਹੋਵੇ। ਅਤੇ ਇਸ ਤੋਂ ਇਲਾਵਾ ਭਾਰਤੀ ਤਲਾਕ ਐਕਟ ਦੀ ਧਾਰਾ 10 ਦੇ ਆਖ਼ਰੀ ਖੰਡ ਅਧੀਨ ਛਡਣਾ ਤਲਾਕ ਦਾ ਆਧਾਰ ਤਦ ਹੀ ਹੋ ਸਕਦਾ ਹੈ ਜੇ ਵਾਜਬ ਕਾਰਨ ਤੋਂ ਬਿਨਾਂ ਛਡਿਆ ਗਿਆ ਹੋਵੇ। ਦੂਜੇ ਸ਼ਬਦਾਂ ਵਿਚ ਜੇ ਛਡਣ ਪਿਛੇ ਵਾਜਬ ਕਾਰਨ ਹੈ ਤਾਂ ਉਹ ਛਡਣ ਤਲਾਕ ਦਾ ਆਧਾਰ ਨਹੀਂ ਹੋ ਸਕਦਾ। (ਏ ਆਈ ਆਰ 1968 ਕਲ. 133)
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9999, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਤਲਾਕ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Talaq_ਤਲਾਕ: ਮੁਸਲਮਾਨੀ ਕਾਨੂੰਨ ਵਿਚ ਵਿਆਹ ਭੰਗ ਦਾ ਇਕ ਰੂਪ ਤਲਾਕ ਹੈ। ਪਤੀ ਆਪਣੀ ਪਤਨੀ ਨੂੰ ਬਿਨਾਂ ਕਿਸੇ ਕਾਰਨ ਅਤੇ ਉਸ ਦੇ ਕਦਾਚਾਰ ਤੋਂ ਬਿਨਾਂ ਉਸ ਨੂੰ ਤਲਾਕ ਦੇ ਸਕਦਾ ਹੈ; ਪਰ ਤਲਾਕ ਦੇ ਪੱਕਾ ਹੋਣ ਤੋਂ ਪਹਿਲਾਂ ਪਤੀ ਨੂੰ ਤਿੰਨ ਵਾਰੀ ਤਲਾਕ, ਤਲਾਕ, ਤਲਾਕ ਕਹਿਣਾ ਪੈਂਦਾ ਹੈ ਅਤੇ ਹਰ ਵਾਰੀ ‘ਤਲਾਕ’ ਕਹਿਣ ਤੋਂ ਪਹਿਲਾਂ ਇਕ ਮਹੀਨੇ ਦਾ ਸਮਾਂ ਗੁਜ਼ਰ ਚੁੱਕਾ ਹੋਣਾ ਜ਼ਰੂਰੀ ਹੈ। ਉਸ ਵਕਫ਼ੇ ਦੇ ਦੌਰਾਨ ਉਹ ਤਲਾਕ ਦੇਣ ਦਾ ਖ਼ਿਆਲ ਛੱਡ ਵੀ ਸਕਦਾ ਹੈ ਜਿਸ ਦਾ ਉਹ ਅਰਥਾਵੇਂ ਜਾਂ ਸਪਸ਼ਟ ਰੂਪ ਵਿਚ ਇਜ਼ਹਾਰ ਕਰ ਸਕਦਾ ਹੈ। ਇਥੋਂ ਤਕ ਕਿ ਜੇ ਪਤਨੀ ਮਰਨ ਕਿਨਾਰੇ ਹੋਵੇ ਤਦ ਵੀ ਪਤੀ ਉਸ ਨੂੰ ਤਲਾਕ ਦੇ ਸਕਦਾ ਹੈ। ਜੇ ਪਤੀ ਤਲਾਕ ਦੇਣ ਤੋਂ ਚਾਰ ਮਹੀਨੇ ਅਤੇ ਦਸ ਦਿਨ ਦੇ ਅੰਦਰ ਮਰ ਜਾਵੇ ਤਾਂ ਉਹ ਪਤਨੀ ਉਸ ਦੀ ਵਾਰਸ ਮੰਨੀ ਜਾਂਦੀ ਹੈ।
ਪਤਨੀ ਪਤੀ ਦੀ ਸੰਮਤੀ ਨਾਲ ਵਿਆਹ ਦੇ ਬੰਧਨ ਤੋਂ ਛੁਟਕਾਰਾ ਹਾਸਲ ਕਰ ਸਕਦੀ ਹੈ। ਇਸ ਪ੍ਰਕਾਰ ਦੇ ਵਿਆਹ-ਭੰਗ ਨੂੰ ਖੁਲਾ ਕਿਹਾ ਜਾਂਦਾਹੈ। ਤਲਾਕ ਦਾ ਇਹ ਰੂਪ ਤੁਰਤ ਪ੍ਰਭਾਵੀ ਹੋ ਜਾਂਦਾ ਹੈ।
ਮੁਸਲਮਾਨੀ ਕਾਨੂੰਨ ਵਿਚ ਇਆਨ ਤਲਾਕ ਦਾ ਇਕ ਹੋਰ ਰੂਪ ਹੈ। ਇਸ ਵਿਚ ਪਤਨੀ ਤੇ ਬੇਵਫ਼ਾਈ ਦਾ ਦੋਸ਼ ਲਾਇਆ ਜਾਂਦਾ ਹੈ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9993, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਤਲਾਕ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਬਾਰਵੀਂ, ਭਾਸ਼ਾ ਵਿਭਾਗ ਪੰਜਾਬ
ਤਲਾਕ : ਤਲਾਕ ਦੇ ਅਰਥ ਹਨ ਪਤੀ ਦਾ ਪਤਨੀ ਨੂੰ ਵਿਆਹ ਦੇ ਮੁਆਹਿਦੇ ਤੋਂ ਆਜ਼ਾਦ ਕਰ ਦੇਣਾ। (ਤਲਕ-ਊਠ ਦਾ ਰੱਸੀ ਤੋਂ ਛੁੱਟ ਜਾਣਾ) ਇਹ ਇਸਲਾਮੀ ਕਾਨੂੰਨ ਦਾ ਇਕ ਮਹੱਤਵਪੂਰਨ ਅੰਗ ਹੈ। ਤਲਾਕ ਮਰਦ ਹੀ ਦੇ ਸਕਦਾ ਹੈ ਤੇ ਇਸ ਦੇ ਲਈ ਸ਼ਰਤ ਹੈ ਕਿ ਉਹ :–
1. ਬਾਲਿਗ਼ ਹੋਵੇ
2. ਪਾਗਲ ਨਾ ਹੋਵੇ
3. ਨੀਂਦ ਵਿਚ ਨਾ ਹੋਵੇ ਭਾਵ ਜਾਗਦਾ ਹੋਵੇ
4. ਹੋਸ਼ ਵਿਚ ਹੋਵੇ
5. ਜਿਸ ਔਰਤ ਨੂੰ ਤਲਾਕ ਦਿਤਾ ਜਾ ਰਿਹਾ ਹੈ ਉਸ ਔਰਤ ਦਾ ਤਲਾਕ ਦੇਣਾ ਵਾਲੇ ਮਰਦ ਨਾਲ ਨਿਕਾਹ ਹੋਇਆ ਹੋਣਾ ਚਾਹੀਦਾ ਹੈ।
ਪਤੀ ਦਾ ਪਤਨੀ ਨੂੰ ਇਹ ਕਹਿ ਦੇਣਾ ਕਿ ‘ਮੈਂ ਤੈਨੂੰ ਤਲਾਕ ਦੇਂਦਾ ਹਾਂ ਜਾਂ ਤੈਨੂੰ ਨਿਕਾਹ ਤੋਂ ਆਜ਼ਾਦ ਕਰਦਾ ਹਾਂ, ਤਲਾਕ ਦੇਣ ਲਈ ਕਾਫ਼ੀ ਹੈ। ਉਹ ‘ਤਲਾਕ’ ਸ਼ਬਦ ਇਕ ਤੋਂ ਤਿੰਨ ਵਾਰ ਵਰਤ ਸਕਦਾ ਹੈ। ਇਸ ਤੋਂ ਵੱਧ ਜੇ ਤਲਾਕ ਸ਼ਬਦ ਦੀ ਵਰਤੋਂ ਕਰੇ ਤਾਂ ਵੀ ਗਿਣਤੀ ਤਿੰਨ ਹੀ ਸਮਝੀ ਜਾਵੇਗੀ। ਤਲਾਕ ਦੀਆਂ 3 ਕਿਸਮਾਂ ਹਨ :–
ਤਲਾਕ ਰਜਈ – ਜਦੋਂ ਪਤੀ ਸਾਫ਼ ਸ਼ਬਦਾਂ ਵਿਚ ਇਕ ਜਾਂ ਦੋ ਵਾਰੀ ਪਤਨੀ ਨੂੰ ਤਲਾਕ ਦੇ ਦੇਂਦਾ ਹੈ ਤਾਂ ਇੱਦਤ ਦਾ ਸਮਾਂ ਪੂਰਾ ਹੋਣ ਤੋਂ ਪਹਿਲਾਂ ਜੇ ਉਹ ਤਲਾਕ ਵਾਪਸ ਲੈਣਾ ਚਾਹੇ ਤਾਂ ਪਤਨੀ ਦੀ ਰਜ਼ਾਮੰਦੀ ਤੋਂ ਬਿਨਾਂ ਵੀ ਲੈ ਸਕਦਾ ਹੈ। ਜਦੋਂ ਇਹ ਸਮਾਂ (ਇੱਦਤ) ਲੰਘ ਜਾਵੇ ਤਾਂ ਪਤੀ ਦਾ ਤਲਾਕ ਵਾਪਸ ਲੈਣ ਦਾ ਇਖ਼ਤਿਆਰ ਨਹੀਂ ਰਹਿੰਦਾ। ਇਸ ਤੋਂ ਬਾਅਦ ਜੇ ਪਤੀ ਪਤਨੀ ਚਾਹੁਣ ਤਾਂ ਦੁਬਾਰਾ ਨਿਕਾਹ ਕਰ ਕੇ ਪਤੀ ਪਤਨੀ ਬਣ ਸਕਦੇ ਹਨ।
ਇੱਦਤ – ਇੱਦਤ ਦੇ ਸਮੇਂ ਵਿਚ ਪਤੀ ਪਤਨੀ ਨੂੰ ਮੌਕਾ ਦਿਤਾ ਜਾਂਦਾ ਹੈ ਕਿ ਉਹ ਜਲਦਬਾਜ਼ੀ ਵਿਚ ਕੀਤਾ ਫੈਸਲਾ ਵਾਪਸ ਲੈ ਸਕਣ ਤੇ ਜੇ ਪਤਨੀ ਮਾਂ ਬਣਨ ਵਾਲੀ ਹੈ ਅਤੇ ਇਸ ਗੱਲ ਦਾ ਪਤਾ ਲੱਗ ਜਾਵੇ ਤਾਂ ਬੱਚਾ ਬਾਪ ਦੇ ਨਾਂ ਤੇ ਵਿਰਾਸਤ ਪਾ ਸਕਦਾ ਹੈ। ਇੱਦਤ ਦੇ ਸਮੇਂ ਵਿਚ ਔਰਤ ਘਰ ਵਿਚ ਹੀ ਰਹਿੰਦੀ ਹੈ। ਜਿਨ੍ਹਾਂ ਔਰਤਾਂ ਨੂੰ ਮਹੀਨਾ ਆਉਂਦਾ ਹੈ ਉਨ੍ਹਾਂ ਦਾ ਇੱਦਤ ਦਾ ਸਮਾਂ 3 ਮਹਾਵਾਰੀ ਆਉਣ ਤਕ ਹੈ (ਸੂਰਾਹ 2-228) ਤੇ ਜਿਨ੍ਹਾਂ ਔਰਤਾਂ ਨੂੰ ਮਹੀਨਾ ਨਹੀਂ ਆਉਂਦਾ ਉਨ੍ਹਾਂ ਦਾ ਇੱਦਤ ਸਮਾਂ 3 ਮਹੀਨੇ ਹੈ (ਸੂਰਾਹ 65-4)। ਵਿਧਵਾ ਦੀ ਇੱਦਤ 4 ਮਹੀਨੇ 10 ਦਿਨ ਹੈ (ਸੂਰਾਹ 2-234)। ਤਲਾਕ ਦੀ ਇੱਦਤ ਦੇ ਸਮੇਂ ਔਰਤ ਦੇ ਖਾਣੇ, ਕੱਪੜੇ ਅਤੇ ਰਿਹਾਇਸ਼ ਦਾ ਖਰਚ ਪਤੀ ਦੇ ਜ਼ਿੰਮੇ ਹੈ।
ਤਲਾਕ ਬਾਇਨ – ਸਾਫ਼ ਸ਼ਬਦਾਂ ਵਿਚ ਇਕ ਜਾਂ ਦੋ ਵਾਰ ਤਲਾਕ ਦੇਣ ਨਾਲ ਜਾਂ ਸ਼ਬਦ ‘ਬਾਇਨ’ ਆਖਣ ਨਾਲ ‘ਤਲਾਕੇ ਬਾਇਨ’ ਹੋ ਜਾਂਦਾ ਹੈ। ਹੁਣ ਪਤੀ ਤਲਾਕ ਨੂੰ ਵਾਪਸ ਲੈਣ ਦਾ ਅਧਿਕਾਰ ਗੁਆ ਬੈਠਦਾ ਹੈ। ਜੇ ਪਤੀ ਤੇ ਪਤਨੀ ਦੋਹਾਂ ਦੀ ਮਰਜ਼ੀ ਹੋਵੇ ਤਾਂ ਦੂਜੀ ਵਾਰੀ ਨਿਕਾਹ ਕਰਕੇ ਪਤੀ ਪਤਨੀ ਬਣ ਸਕਦੇ ਹਨ। ਚਾਹੇ ਨਿਕਾਹ ਇੱਦਤ ਦੇ ਸਮੇਂ ਵਿਚ ਕਰਨ ਜਾਂ ਕਿਸੇ ਹੋਰ ਸਮੇਂ ਜਦੋਂ ਚਾਹੁਣ ਜੇ ਪਤਨੀ ਦਾ ਮੁਕਲਾਵਾ ਨਹੀ ਹੋਇਆ ਜਾਂ ਦੋਵਾਂ ਦਾ ਸਰੀਰਕ ਸਬੰਧ ਵੀ ਨਹੀਂ ਹੋਇਆ ਤਾਂ ਇਕੋ ਵਾਰ ਤਲਾਕ ਆਖਣ ਨਾਲ ਪਤਨੀ ਆਪ ਬਾਇਨ ਹੋ ਜਾਂਦੀ ਹੈ ਅਤੇ ਦੁਬਾਰਾ ਨਿਕਾਹ ਕਰਨਾ ਪਵੇਗਾ। ਜੇ ਪਤਨੀ ਆਪ ਤਲਾਕ ਲੈ ਲਵੇ (ਖੁਲਾ) ਜਾਂ ਮਾਲ ਦੇ ਬਦਲੇ ਪਤੀ ਕੋਲੋਂ ਤਲਾਕ ਲੈ ਲਵੇ ਤਾਂ ਵੀ ਤਲਾਕੇ ਬਾਇਨ ਹੈ ਅਤੇ ਉਸਨੂੰ ਦੁਬਾਰਾ ਨਿਕਾਹ ਕਰਨਾ ਪਵੇਗਾ।
ਖ਼ੁਲਾ – ਪਤੀ-ਪਤਨੀ ਨੂੰ ਇਹ ਅਧਿਕਾਰ ਹੈ ਕਿ ਉਹ ਤਲਾਕ ਦੀ ਮੰਗ ਕਰੇ। ਇਸ ਨੂੰ ਖ਼ੁਲਾ ਆਖਿਆ ਜਾਂਦਾ ਹੈ। ਤਲਾਕ ਦੇਣ ਦਾ ਹੱਕ ਪਤੀ, ਪਤਨੀ ਨੂੰ ਆਪ ਵੀ ਦੇ ਸਕਦਾ ਹੈ ਅਤੇ ਇਹ ਗੱਲ ਨਿਕਾਹ ਵੇਲੇ ਨਿਕਾਹ ਦੇ ਕਾਗਜ਼ ਉਤੇ ਲਿਖੀ ਜਾਂਦੀ ਹੈ ਕਿ ਮੈਂ ਤਲਾਕ ਦਾ ਹੱਕ ਪਤਨੀ ਨੂੰ ਦਿੰਦਾ ਹਾਂ ਤਾਂ ਪਤਨੀ ਜਦੋਂ ਚਾਹੇ ਆਪਣੇ ਆਪ ਨੂੰ ਤਲਾਕ ਦੇ ਸਕਦੀ ਹੈ ਇਸ ਨੂੰ ‘ਤਫ਼ਵੀਜ਼ੇ ਤਲਾਕ’ ਆਖਦੇ ਹਨ। ਜੇ ਪਤਨੀ ਮਹਿਰ ਛਡ ਦੇਵੇ ਜਾਂ ਕੁਝ ਹੋਰ ਮਾਲ ਦੇ ਕੇ ਤਲਾਕ ਚਾਹੇ ਤਾਂ ਇਸ ਨੂੰ ‘ਖੁਲ੍ਹਾ ਬਾਇਵਜ਼ ਮਾਲ’ ਆਖਦੇ ਹਨ। ਜੇ ਪਤੀ ਪਤਨੀ ਦੇ ਤਲਾਕ ਮੰਗਣ ਦੇ ਤਲਾਕ ਨਾ ਦੇਵੇ ਤਾਂ ਪਤਨੀ ਸ਼ਰਈ ਅਦਾਲਤ ਵਿਚ ਜਾ ਸਕਦੀ ਹੈ ਤੇ ਅਦਾਲਤ ਆਪਣੇ ਜ਼ੋਰ ਤੇ ਤਲਾਕ ਦਿਵਾ ਸਕਦੀ ਹੈ। ਇਸ ਲਈ ਇਹ ਸ਼ਰਤਾਂ ਹਨ: 1. ਪਤੀ ਦੀ ਖਤਰਨਾਕ ਛੂਤ ਦੀ ਬੀਮਾਰੀ-ਇਸ ਦੇ ਠੀਕ ਹੋਣ ਲਈ ਇਕ ਸਾਲ ਦੀ ਮੁਹਲਤ 2. ਪਤੀ ਦਾ ਪਾਗਲ ਹੋਣਾ–ਇਕ ਸਾਲ ਦੀ ਮੁਹਲਤ 3. ਪਤੀ ਦਾ ਲਾਪਤਾ ਹੋਣਾ 4. ਸਾਲ ਦਾ ਇੰਤਜ਼ਾਰ 5. ਪਤੀ ਦਾ ਖਰਚਾ ਪਾਣੀ ਨਾ ਦੇਣਾ 6. ਪਤੀ ਨਾ ਮਰਦ ਹੋਵੇ– ਇਕ ਸਾਲ ਦੀ ਮੁਹਲਤ 7. ਦੋਵੇਂ ਇਕ ਦੂਜੇ ਨੂੰ ਪਸੰਦ ਨਾ ਕਰਦੇ ਹੋਣ, ਝਗੜਾ ਐਨਾ ਹੋਵੇ ਕਿ ਮਿਲਣ ਦੀ ਕੋਈ ਸੂਰਤ ਨ ਰਹੇ ਅਜਿਹੇ ਹਾਲਾਤ ਵਿਚ ਅਦਾਲਤ ਦੋਵਾਂ ਵਿਚ ਆਪਣੇ ਅਖ਼ਤਿਆਰ ਨਾਲ ਤਲਾਕ ਕਰਵਾ ਸਕਦੀ ਹੈ। ਤਲਾਕੇ ਮੁਗਲਜ਼ਾ – ਜੇ ਪਤੀ ਇਕੋ ਵਾਰ 3 ਤਲਾਕ ਦੇ ਦੇਵੇ ਤਾਂ ਇਹ ਮੁਗ਼ਲਜ਼ਾ ਤਲਾਕ ਹੈ। ਇਸਤੋਂ ਬਾਅਦ ਪਤੀ ਤਲਾਕ ਵਾਪਸ ਨਹੀਂ ਲੈ ਸਕਦਾ–ਦੋਵੇਂ ਦੁਬਾਰਾ ਨਿਕਾਹ ਨਹੀਂ ਕਰ ਸਕਦੇ। ਇਕ ਸੂਰਤ ਹੈ ਕਿ ਪਤਨੀ ਕਿਸੀ ਹੋਰ ਮਰਦ ਨਾਲ ਨਿਕਾਹ ਕਰ ਲਵੇ ਤੇ ਦੋਹਾਂ ਦਾ ਸਰੀਰਕ ਸਬੰਧ ਵੀ ਹੋਵੇ ਫੇਰ ਉਹ ਮਰਦ ਤਲਾਕ ਦੇ ਦੇਵੇ ਜਾਂ ਮਰ ਜਾਵੇ ਤਾਂ ਪਹਿਲੇ ਪਤੀ ਨਾਲ ਨਿਕਾਹ ਕਰ ਸਕਦੀ ਹੈ ਇਸ ਨੂੰ ‘ਹਲਾਲਾ’ ਆਖਦੇ ਹਨ। ਇਸਲਾਮੀ ਵਿਦਵਾਨਾਂ ਨੇ ਤਲਾਕ ਦੇਣ ਦੇ 3 ਤਰੀਕੇ ਦਸੇ ਹਨ।
1. ਤਲਾਕੇ ਅਹਸਨ–ਜਦੋਂ ਔਰਤ ਨੂੰ ਮਹੀਨਾ ਨਾ ਆ ਰਿਹਾ ਹੋਵੇ ਤੇ ਉਸ ਸਮੇਂ ਵਿਚ ਸਰੀਰਕ ਸਬੰਧ ਵੀ ਨਾ ਹੋਇਆ ਹੋਵੇ ਤਾਂ ਤਲਾਕ ਦਿੱਤਾ ਜਾਵੇ ਤੇ ਉਸ ਨੂੰ ਇੱਦਤ ਦਾ ਸਮਾਂ ਗੁਜ਼ਾਰਨ ਦਿਤਾ ਜਾਵੇ। ਇਹ ਸਹੀ ਤਰੀਕਾ ਹੈ। ਇਸ ਸਮੇਂ ਵਿਚ ਜਾਂ ਤਾਂ ਦੋਵੇਂ ਇਕੱਠੇ ਹੋ ਜਾਣਗੇ ਜਾਂ ਤਲਾਕੇ ਬਾਇਨ ਹੋ ਜਾਵੇਗੀ।
2. ਤਲਾਕੇ ਹਸਨ–ਇਸ ਵਿਚ ਹਰ ਮਹੀਨੇ ਇਕ ਇਕ ਵਾਰ ਤਲਾਕ ਦਿਤਾ ਜਾਂਦਾ ਹੈ ਤੇ ਤਿੰਨ ਵਾਰ ਤਲਾਕ ਪਿੱਛੋਂ ਪੂਰਾ ਤਲਾਕ ਹੋ ਜਾਂਦਾ ਹੈ। ਇਹ ਤਰੀਕਾ ਪਹਿਲੇ ਨਾਲੋਂ ਘੱਟ ਚੰਗਾ ਹੈ ਕਿਉਂਕਿ ਹਰ ਮਹੀਨੇ ਪਾਕੀ ਦੀ ਹਾਲਤ ਵਿਚ ਜਦੋਂ ਕਿ ਸਰੀਰਕ ਮਿਲਾਪ ਵੀ ਨਾ ਹੋਇਆ ਹੋਵੇ ਤਲਾਕ ਦਿੱਤਾ ਜਾਂਦਾ ਹੈ ਇਸ ਨਾਲ ਇੱਦਤ ਦਾ ਸਮਾਂ ਵਧਦਾ ਜਾਂਦਾ ਹੈ ਅਤੇ ਦੂਜੇ ਤਲਾਕ ਪਿਛੋਂ ਬਿਨਾਂ ਹਲਾਲਾ ਨਿਕਾਹ ਦੀ ਗੁੰਜਾਇਸ਼ ਨਹੀਂ ਰਹਿੰਦੀ।
3. ਤਲਾਕੇ ਬਦਇ–ਇਸ ਤਰੀਕੇ ਨੂੰ ਸ਼ਰੀਅਤ ਪਸੰਦ ਨਹੀਂ ਕਰਦੀ ਪਰ ਫੇਰ ਵੀ ਤਲਾਕ ਹੋ ਜਾਂਦਾ ਹੈ ਉਹ ਇਹ ਹੈ ਕਿ ਇਕੋ ਵਾਰੀ 3 ਤਲਾਕ ਦੇ ਦੇਵੇ ਜਾਂ ਉਸ ਸਮੇਂ ਵਿਚ ਤਲਾਕ ਦੇਵੇ ਜਦੋਂ ਔਰਤ ਨੂੰ ਮਹੀਨਾ ਆਇਆ ਹੋਵੇ ਜਾਂ ਉਸ ਨਾਲ ਸਰੀਰਕ ਮਿਲਾਪ ਕੀਤਾ ਹੋਵੇ ਇਸ ਤਰੀਕੇ ਨੂੰ ਸਭ ਨੇ ਭੈੜਾ ਆਖਿਆ ਹੈ। ਕੁਝ ਕੇਸਾਂ ਵਿਚ 3 ਵਾਰੀ ਤਲਾਕ ਆਖਣ ਨੂੰ 1 ਵਾਰੀ ਮੰਨਦੇ ਹਨ। ਇਸ ਉਤੇ ਬਹਿਸ ਸਦੀਆਂ ਤੋਂ ਚਲ ਰਹੀ ਹੈ ਕਿ ਇਕ ਵਾਰੀ ਵਿਚ 3 ਵਾਰ ਤਲਾਕ ਕਹਿ ਕੇ ਪਤਨੀ ਨੂੰ ਛੱਡ ਦੇਣਾ ਠੀਕ ਹੈ ਕਿ ਨਹੀਂ । ਕੁਝ ਮੁਸਲਮਾਨੀ ਫਿਰਕੇ ਇਸਨੂੰ ਤਲਾਕ ਹੀ ਨਹੀਂ ਮੰਨਦੇ, ਕੁਝ ਦਾ ਵਿਚਾਰ ਹੈ ਕਿ ਤਲਾਕ ਤਾਂ ਹੋ ਜਾਂਦਾ ਹੈ ਪਰ ਤਲਾਕ ਦੇਣ ਵਾਲਾ ਪਾਪ (ਗੁਨਾਹ) ਕਰਦਾ ਹੈ।
ਤਲਕਾ ਆਖ਼ਰੀ ਕਦਮ ਹੈ ਤੇ ਹਦੀਸ ਵਿਚ ਲਿਖਿਆ ਹੈ ਕਿ ਹਜ਼ਰਤ ਮੁਹੰਮਦ ਸਾਹਿਬ ਨੂੰ ਹਲਾਲ ਚੀਜ਼ਾਂ ਵਿਚੋਂ ਸਭ ਤੋਂ ਨਾ ਪਸੰਦ ਚੀਜ਼ ਤਲਾਕ ਹੈ।
ਹਿੰਦੂ ਕਾਨੂੰਨ ਅਨੁਸਾਰ ਤਲਾਕ – ਹਿੰਦੂ ਸਮਾਜ ਵਿਚ ਵਿਆਹ ਇਕ ਸੰਸਕਾਰ ਸਮਝਿਆ ਜਾਂਦਾ ਹੈ ਨਾ ਕਿ ਮੁਸਲਮ ਕਾਨੂੰਨ ਅਨੁਸਾਰ ਇਕ ਮੁਆਹਿਦਾ। ਹਿੰਦੂ ਮਤ ਅਨੁਸਾਰ ਵਿਆਹ ਇਕ ਸਥਾਈ ਬੰਧਨ ਮੰਨਿਆ ਜਾਂਦਾ ਸੀ ਅਤੇ ਇਕ ਵਾਰੀ ਬੰਧਨ ਵਿਚ ਬੱਝ ਜਾਣ ਤੇ ਇਸ ਨੂੰ ਭੰਗ ਕਰਨਾ ਕੋਈ ਸੌਖੀ ਗੱਲ ਨਹੀਂ ਸੀ। ਔਰਤ ਨੂੰ ਆਪਣੀ ਜ਼ਿੰਦਗੀ ਵਿਚ ਸਿਰਫ਼ ਇਕ ਵਾਰ ਵਿਆਹ ਕਰਵਾਉਣ ਦੀ ਪੂਰੀ ਖੁਲ੍ਹ ਸੀ, ਜਦੋਂ ਕਿ ਮਰਦ ਨੂੰ ਪਹਿਲੀ ਪਤਨੀ ਦੇ ਜਿਉਂਦਿਆਂ ਜੀ ਦੂਜਾ ਵਿਆਹ ਕਰਵਾਉਣ ਦੀ ਪੂਰੀ ਖੁਲ੍ਹ ਸੀ। ਜੇਕਰ ਪਤੀ ਆਪਣੀ ਪਤਨੀ ਨਾਲ ਜ਼ਾਲਮਾਨਾ ਸਲੂਕ ਕਰਦਾ ਸੀ ਤਾਂ ਵੀ ਪਤਨੀ ਨੂੰ ਉਸ ਤੋਂ ਵਖ ਹੋ ਕੇ ਰਹਿਣ ਭਾਵ ਤਲਾਕ ਲੈਣ ਦਾ ਅਧਿਕਾਰ ਪ੍ਰਾਪਤ ਨਹੀਂ ਸੀ। ਪਤੀ ਦੇ ਗੁਜ਼ਰ ਜਾਣ ਤੇ ਵੀ ਔਰਤ ਨੂੰ ਆਪਣੇ ਸਹੁਰੇ ਘਰ ਰਹਿਣ ਲਈ ਮਜਬੂਰ ਕੀਤਾ ਜਾਂਦਾ ਸੀ ਅਤੇ ਇਸ ਘਰ ਵਿਚ ਪ੍ਰਾਣ ਤਿਆਗਣ ਨੂੰ ਸ਼ੁਭ ਮੰਨਿਆ ਜਾਂਦਾ ਸੀ।
ਪਤੀ-ਪਤਨੀ ਦੀ ਆਪਸੀ ਅਣਬਣ ਅਤੇ ਨਿਤ ਦੇ ਸੰਸੇ ਕਲੇਸ਼ਾਂ ਤੋਂ ਮੁਕਤ ਹੋਣ ਲਈ ‘ਤਲਾਕ’ ਦੀ ਕੋਈ ਵਿਵਸਥਾ ਨਹੀਂ ਸੀ। ਪਰ ਸਮੇਂ ਦੇ ਬਦਲਣ ਨਾਲ ਸਮਾਜਿਕ ਤਬਦੀਲੀ ਆਉਣੀ ਸੁਭਾਵਿਕ ਹੈ। ਸਮਾਜਿਕ ਜ਼ਰੂਰਤਾਂ ਨੂੰ ਵੇਖਦਿਆਂ ਹੋਇਆ ਭਾਰਤ ਸਰਕਾਰ ਨੇ ਸੰਨ 1955 ਵਿਚ ‘ਹਿੰਦੂ ਵਿਆਹ ਐਕਟ’ ਪਾਸ ਕੀਤਾ। ਇਥੇ ‘ਹਿੰਦੂ ਸ਼ਬਦ ਦੇ ਆਰਥ ਕਾਫ਼ੀ ਵਿਸ਼ਾਲ ਹਨ। ‘ਹਿੰਦੂ’ ਸ਼ਬਦ ਵਿਚ ਹਿੰਦੂ, ਸਿੱਖ, ਬੋਧੀ, ਜੈਨੀ ਆਦਿ ਸਾਰੇ ਸ਼ਾਮਲ ਹਨ। ਇਸ ਤਰ੍ਹਾਂ ਹਿੰਦੂ ਵਿਆਹ ਕਾਨੂੰਨ ਹਿੰਦੂਆਂ, ਬੋਧੀਆਂ, ਸਿੱਖਾਂ, ਤੇ ਜੈਨੀਆ ਸਾਰਿਆਂ ਤੇ ਲਾਗੂ ਹੁੰਦਾ ਹੈ।
ਉਕਤ ਹਿੰਦੂ ਵਿਆਹ ਐਕਟ ਦੀ ਧਾਰਾ 13 ਅਧੀਨ ਪਤੀ ਪਤਨੀ ਦੋਨਾਂ ਨੂੰ ਇਕ ਦੂਜੇ ਤੋਂ ਤਲਾਕ ਲੈਣ ਦਾ ਅਧਿਕਾਰ ਹੈ। ਇਸ ਐਕਟ ਦੀ ਧਾਰਾ 13(1) ਅਨੁਸਾਰ ਪਤੀ ਪਤਨੀ ਦੋਹਾਂ ਵਿਚੋਂ ਜੇ ਕੋਈ ਵੀ ਵਿਵਹਾਰਕ ਸਬੰਧ ਵਿਗੜਨ ਲਈ ਦੋਸ਼ੀ ਹੈ ਤਾਂ ਦੂਜੀ ਧਿਰ ਹੇਠ ਵਿਖੇ ਕਾਰਨਾਂ ਵਿਚੋਂ ਕਿਸੇ ਇਕ ਕਾਰਨ ਦੇ ਹੋਣ ਤੇ ਵੀ ਤਲਾਕ ਦੀ ਡਿਗਰੀ ਲੈਣ ਲਈ ਅਦਾਲਤ ਵਿਚ ਅਰਜ਼ੀ ਦੇ ਸਕਦੀ ਹੈ :
1. ਜੇ ਕਰ ਪਤੀ–ਪਤਨੀ ਆਪਣੇ ਸਬੰਧਾਂ ਤੋਂ ਬਿਨਾਂ ਕਿਸੇ ਹੋਰ ਤੀਸਰੀ ਧਿਰ ਨਾਲ ਸਰੀਰਕ ਸਬੰਧ ਸਥਾਪਿਤ ਕਰਨ ਦਾ ਦੋਸ਼ੀ ਹੈ।
2. ਜੇਕਰ ਪਤੀ ਪਤਨੀ ਵਿਚੋਂ ਕਈ ਵੀ ਇਕ ਦੂਜੇ ਨਾਲ ਨਿਰਦਾਇਤਾ ਵਾਲਾ ਵਿਵਹਾਰ ਕਰਦਾ ਹੈ। ਇਹ ਨਿਰਦਾਇਤਾ ਸਰੀਰਕ ਜਾਂ ਮਾਨਸਿਕ ਜਾਂ ਦੋਹਾਂ ਤਰ੍ਹਾਂ ਦੀ ਹੋ ਸਕਦੀ ਹੈ।
3. ਜੇਕਰ ਇਕ ਧਿਰ ਨੇ ਦੂਜੀ ਧਿਰ ਨੂੰ ਬਿਨਾਂ ਕਿਸੇ ਕਾਰਨ ਦੂਜੀ ਧਿਰ ਦੀ ਮਰਜ਼ੀ ਦੇ ਖਿਲਾਫ਼ ਦੋ ਸਾਲ ਜਾਂ ਇਸ ਤੋਂ ਵੱਧ ਸਮੇਂ ਤੋਂ ਛੱਡ ਰੱਖਿਆ ਹੈ।
4. ਜੇਕਰ ਦੋਹਾਂ ਵਿਚੋਂ ਇਕ ਧਿਰ ਨੇ ਆਪਣਾ ਧਰਮ ਭਾਵ, ਹਿੰਦੂ, ਸਿੱਖ, ਬੋਧੀ, ਜੈਨੀ ਬਦਲ ਕੇ ਕੋਈ ਹੋਰ ਧਰਮ ਭਾਵ ਮੁਸਲਮਾਨ, ਯਹੂਦੀ, ਈਸਾਈ ਆਦਿ ਧਾਰਨ ਕਰ ਲਿਆ ਹੈ।
5. ਜੇਕਰ ਇਕ ਧਿਰ ਲਾ ਇਲਾਜ ਦਿਮਗੀ ਜਾਂ ਪਾਗਲਪਣ ਦਾ ਸ਼ਿਕਾਰ ਹੋ ਗਈ ਹੋਵੇ ਅਤੇ ਇਸ ਦੇ ਨਾਲ ਰਹਿਣ ਤੇ ਦੂਜੀ ਧਿਰ ਨੂੰ ਆਪਣੀ ਜਾਨ ਦਾ ਖ਼ਤਰਾ ਹੋਵੇ।
6. ਜੇਕਰ ਇਕ ਧਿਰ ਲਿੰਗ ਰੋਗ ਦੀ ਸ਼ਿਕਾਰ ਹੈ, ਜਿਸ ਨਾਲ ਦੂਜੀ ਧਿਰ ਨੂੰ ਸਰੀਰਕ ਸਬੰਧਾਂ ਰਾਹੀਂ ਛੂਤ ਹੋ ਸਕਦੀ ਹੈ।
7. ਜੇਕਰ ਇਕ ਧਿਰੇ ਕਿਸੇ ਧਾਰਮਿਕ ਪ੍ਰਭਾਵ ਹੇਠ ਆ ਕੇ ਦੁਨੀਆ ਦਾ ਤਿਆਗ ਕਰਕੇ ਸੰਨਿਆਸੀ ਬਣ ਜਾਵੇ।
8. ਜੇਕਰ ਇਕ ਧਿਰ ਪਿਛਲੇ 7 ਸਾਲਾਂ ਤੋਂ ਘਰ ਤੋਂ ਬਾਹਰ ਰਹਿ ਰਹੀ ਹੋਵੇ ਤੇ ਉਸ ਦੇ ਜ਼ਿੰਦਾ ਰਹਿਣ ਦੀ ਕੋਈ ਆਸ ਨਾ ਰਹਿ ਗਈ ਹੋਵੇ।
ਜੇ ਪਤੀ-ਪਤਨੀ ਦੋਵੇਂ ਮਿਲ ਕੇ ਅਦਾਲਤ ਵਿਚ ਅਰਜ਼ੀ ਦੇਣ ਕਿ ਉਹ ਤਲਾਕ ਚਾਹੁੰਦੇ ਹਨ ਅਤੇ ਉਹ ਇਕ ਸਾਲ ਜਾਂ ਇਸ ਤੋਂ ਵੱਧ ਸਮੇਂ ਤੋਂ ਵੱਖ ਰਹਿ ਰਹੇ ਹਨ ਤਾਂ ਅਦਾਲਤ ਤਲਾਕ ਦਾ ਹੁਕਮ ਦੇ ਦੇਵੇਗੀ। ਇਹ ਆਪਸੀ ਸਹਿਮਤੀ ਦਾ ਤਰੀਕਾ ਸਭ ਤੋਂ ਸੌਖਾ ਤੇ ਸੰਖੇਪ ਹੈ।
ਉਕਤ ਆਧਾਰਾਂ ਤੇ ਪਤੀ-ਪਤਨੀ ਦੋਹਾਂ ਨੂੰ ਇਕ ਦੂਜੇ ਤੋਂ ਤਲਾਕ ਲੈਣ ਦੇ ਬਰਾਬਰ ਦੇ ਅਧਿਕਾਰ ਪ੍ਰਾਪਤ ਹਨ। ਭਾਰਤੀ ਸੰਵਿਧਾਨ ਦਾ ਅਨੁਛੇਦ 14 ਤੇ 15 ਵੀ ਸਮਾਨਤਾ ਦੇ ਅਧਿਕਾਰ ਦੀ ਹਾਮੀ ਭਰਦਾ ਹੈ। ਭਾਰਤੀ ਸੰਵਿਧਾਨ ਦੇ ਅਨੁਛੇਦ 15 ਅਨੁਸਾਰ ਰਾਜ ਕਿਸੇ ਵੀ ਨਾਗਰਿਕ ਨਾਲ ਧਰਮ, ਨਸਲ, ਜਾਤ, ਲਿੰਗ, ਜਨਮ ਸਥਾਨ ਜਾਂ ਇਨ੍ਹਾਂ ਵਿਚੋਂ ਕਿਸੇ ਵੀ ਆਧਾਰ ਤੇ ਵਿਤਕਰਾ ਨਹੀਂ ਕਰੇਗਾ। ਭਾਵੇਂ ਭਾਰਤੀ ਸੰਵਿਧਾਨ ਵਿਚ ਸਾਫ਼ ਲਿਖਿਆ ਹੈ ਕਿ ਲਿੰਗ ਦੇ ਆਧਾਰ ਤੇ ਵਿਤਕਰਾ ਨਹੀਂ ਕੀਤਾ ਜਾਵੇਗਾ ਪਰ ਫਿਰ ਵੀ ਭਾਰਤ ਸਰਕਾਰ ਨੇ ਔਰਤਾਂ ਨੂੰ ਸਮਾਜ ਦਾ ਵਿਸ਼ੇਸ਼ ਵਰਗ ਸਮਝ ਕੇ ਕੁਝ ਵਿਸ਼ੇਸ਼ ਅਧਿਕਾਰ ਵੀ ਦਿਤੇ ਹੋਏ ਹਨ। ਸ਼ਾਇਦ ਇਸੇ ਗੱਲ ਨੂੰ ਧਿਆਨ ਵਿਚ ਰੱਖਦਿਆਂ ਹਿੰਦੂ ਵਿਆਹ ਐਕਟ, 1955 ਦੀ ਧਾਰਾ 13(2) ਅਧੀਨ ਔਰਤਾਂ ਨੂੰ ਤਲਾਕ ਸਬੰਧੀ ਵਿਸ਼ੇਸ਼ ਅਧਿਕਾਰ ਉਪਲੱਬਧ ਕੀਤੇ ਹਨ। ਹਿੰਦੂ ਵਿਆਹ ਐਕਟ, 1955 ਦੀ ਧਾਰਾ 13(2) ਅਧੀਨ ਹੇਠ ਲਿਖੇ ਆਧਾਰਾਂ ਤੇ ਸਿਰਫ਼ ਪਤਨੀ ਹੀ ਆਪਣੇ ਪਤੀ ਤੋਂ ਤਲਾਕ ਲੈਣ ਦੀ ਮੰਗ ਕਰ ਸਕਦੀ ਹੈ:
(ੳ) ਹਿੰਦੂ ਵਿਆਹ ਐਕਟ ਲਾਗੂ ਹੋਣ ਤੋਂ ਪਿਛੋਂ ਕੋਈ ਵੀ ਵਿਅਕਤੀ ਆਪਣੀ ਪਹਿਲੀ ਪਤਨੀ ਦੇ ਜੀਉਂਦਿਆਂ ਦੂਜਾ ਵਿਆਹ ਨਹੀਂ ਕਰ ਸਕਦਾ। ਜੇ ਕਰ ਉਹ ਅਜਿਹਾ ਕਰਦਾ ਹੈ ਤਾਂ ਕਾਨੂੰਨ ਮੁਤਾਬਿਕ ਇਸ ਨੂੰ ਜੁਰਮ ਮੰਨਿਆ ਜਾਂਦਾ ਹੈ। ਹਿੰਦੂ ਵਿਆਹ ਐਕਟ ਦੀ ਧਾਰਾ 13(2) (1) ਵਿਚ ਸਪਸ਼ਟ ਲਿਖਿਆ ਹੈ ਕਿ ਇਸ ਐਕਟ ਦੇ ਪਾਸ ਹੋਣ ਤੋਂ ਪਹਿਲਾਂ ਜਿਸ ਪਤੀ ਦੀਆਂ ਦੋ ਪਤਨੀਆਂ ਹਨ ਤਾਂ ਉਨ੍ਹਾਂ ਦੋਹਾਂ ਵਿਚੋਂ ਕੋਈ ਇਕ ਪਤਨੀ ਆਪਣੇ ਪਤੀ ਵਿਰੁੱਧ ਤਲਾਕ ਦੀ ਅਰਜ਼ੀ ਦੇ ਸਕਦੀ ਹੈ ਪਰ ਸ਼ਰਤ ਇਹ ਹੈ ਅਰਜ਼ੀ ਦੇਣ ਸਮੇਂ ਦੋਵੇਂ ਪਤਨੀਆਂ ਜਿਉਂਦੀਆਂ ਹੋਣ।
(ਅ) ਜੇ ਕਰ ਕੋਈ ਪਤੀ ਜਬਰਜਨਾਹ ਜਾਂ ਗ਼ੈਰ-ਕੁਦਰਤੀ ਢੰਗਾਂ ਨਾਲ ਜਾਂ ਪਸ਼ੂਗਮਨ ਰਾਹੀਂ ਆਪਣੀ ਵਾਸ਼ਨਾ ਦੀ ਤ੍ਰਿਪਤੀ ਕਰਦਾ ਹੈ ਤਾਂ ਪਤਨੀ ਨੂੰ ਆਪਣੇ ਪਤੀ ਤੋਂ ਤਲਾਕ ਲੈਣ ਦਾ ਪੂਰਾ ਅਧਿਕਾਰ ਹੈ। ਭਾਰਤੀ ਦੰਡ ਸੰਹਿਤਾ ਦੀ ਧਾਰਾ 375 ਅਧੀਨ ਜਬਰ ਜਨਾਹ ਇਕ ਫੌਜਦਾਰੀ ਅਪਰਾਧ ਅਤੇ ਸਜ਼ਾ ਯੋਗ ਹੈ।
(ੲ) ਹਿੰਦੂ ਵਿਆਹ ਐਕਟ ਦੀ ਧਾਰਾ 13 (2) (iii) ਅਨੁਸਾਰ ਜੇ ਕਰ ਪਤਨੀ ਗੁਜ਼ਾਰਾ ਐਕਟ ਦੀ ਧਾਰਾ 18 ਅਧੀਨ ਜਾਂ ਜ਼ਾਬਤਾ ਫੌਜਦਾਰੀ ਕਾਨੂੰਨ ਦੀ ਧਾਰਾ 125 ਅਧੀਨ ਗੁਜ਼ਾਰੇ ਲਈ ਖ਼ਰਚੇ ਦੀ ਡਿਗਰੀ ਹਾਸਲ ਕਰ ਚੁਕੀ ਹੋਵੇ ਅਤੇ ਇਸ ਪਿਛੋਂ ਇਕ ਸਾਲ ਜਾਂ ਇਕ ਸਾਲ ਤੋਂ ਵੱਧ ਦੋਹਾਂ ਧਿਰਾਂ ਦੇ ਸਰੀਰਕ ਸਬੰਧ ਸਥਾਪਿਤ ਨਾ ਹੋਏ ਹੋਣ।
(ਸ) ਪੰਦਰਾਂ ਸਾਲ ਤੋਂ ਘੱਟ ਉਮਰ ਦੀ ਵਿਆਹੀ ਗਈ ਲੜਕੀ ਨੂੰ ਆਪਣੇ ਪਤੀ ਤੋਂ ਤਲਾਕ ਲੈਣ ਦਾ ਅਧਿਕਾਰ ਪ੍ਰਾਪਤ ਹੈ। ਪੰਦਰਾਂ ਸਾਲ ਦੀ ਉਮਰ ਪੂਰੀ ਕਰ ਲੈਣ ਦੇ ਬਾਦ ਤੇ 18 ਸਾਲ ਦੀ ਉਮਰ ਪੂਰੀ ਕਰ ਲੈਣ ਤੋਂ ਪਹਿਲਾਂ ਪਤਨੀ ਨੂੰ ਆਪਣੇ ਪਤੀ ਤੋਂ ਤਲਾਕ ਲੈਣ ਦਾ ਹੱਕ ਪ੍ਰਾਪਤ ਹੋਵੇਗਾ।
ਲੇਖਕ : ਬੇਗਮ ਜ਼ਬੈਦਾ ਮਦਾਨ ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਬਾਰਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 7304, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2017-03-09-03-35-05, ਹਵਾਲੇ/ਟਿੱਪਣੀਆਂ:
ਤਲਾਕ ਸਰੋਤ :
ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਦੂਜੀ
ਤਲਾਕ : ਹਿੰਦੂ ਸ਼ਾਸਤਰਾਂ ਅਨੁਸਾਰ ਵਿਆਹ ਇੱਕ ਅਟੁੱਟ ਬੰਧਨ ਹੈ। ਪਤਨੀ ਆਪਣੇ ਪਤੀ ਦੀ ਦੇਵਤਾ ਵਾਂਗ ਪੂਜਾ ਕਰਦੀ ਹੈ। ਹਿੰਦੂ ਧਰਮ ਵਿੱਚ ਤਲਾਕ (divorce) ਨਾਂ ਦੀ ਕੋਈ ਵੀ ਚੀਜ਼ ਨਹੀਂ ਸੀ। ਤਲਾਕ ਦਾ ਰਿਵਾਜ ਕੇਵਲ ਨੀਵੀਆਂ ਜਾਤੀਆਂ ਵਿੱਚ ਹੀ ਸੀ। 1955 ਦੇ ਹਿੰਦੂ ਵਿਆਹ ਐਕਟ ਨੇ ਹਿੰਦੂ ਇਸਤਰੀ ਨੂੰ ਵੀ ਤਲਾਕ ਦਾ ਅਧਿਕਾਰ ਦੇ ਦਿੱਤਾ ਹੈ। ਪਤੀ ਜਾਂ ਪਤਨੀ ਨਿਮਨ ਲਿਖਤ ਕਾਰਨਾਂ ਦੇ ਆਧਾਰ ’ਤੇ ਤਲਾਕ ਦੇ ਸਕਦੇ ਹਨ :
1. ਪਤੀ ਜਾਂ ਪਤਨੀ ਦੇ ਵਿਭਚਾਰੀ ਹੋਣ ਕਰਕੇ;
2. ਕਿਸੇ ਹੋਰ ਧਰਮ ਨੂੰ ਅਪਣਾਉਣ ਕਰਕੇ;
3. ਤਲਾਕ ਲਈ ਅਰਜ਼ੀ ਦੇਣ ਤੋਂ ਤੁਰੰਤ ਪਹਿਲਾਂ ਉਹ ਲਗਾਤਾਰ ਘੱਟੋ-ਘੱਟ ਤਿੰਨ ਸਾਲਾਂ ਦੇ ਸਮੇਂ ਲਈ ਇਸ ਪ੍ਰਕਾਰ ਦਾ ਪਾਗਲ ਰਿਹਾ ਹੋਵੇ ਜਾਂ ਰਹੀ ਹੋਵੇ, ਜਿਸ ਦਾ ਕਿ ਇਲਾਜ ਸੰਭਵ ਨਾ ਹੋਵੇ।
4. ਤਲਾਕ ਲਈ ਅਰਜ਼ੀ ਦੇਣ ਤੋਂ ਪਹਿਲਾਂ ਘੱਟੋ-ਘੱਟ ਤਿੰਨ ਸਾਲ ਸਮੇਂ ਲਈ ਕੋੜ੍ਹ ਦੇ ਘਾਤਕ ਅਤੇ ਲਾਇਲਾਜ ਰੋਗ ਦਾ ਸ਼ਿਕਾਰ ਰਿਹਾ ਹੋਵੇ ਜਾਂ ਰਹੀ ਹੋਵੇ।
5. ਤਲਾਕ ਲਈ ਅਰਜ਼ੀ ਦੇਣ ਤੋਂ ਪਹਿਲਾਂ ਘੱਟੋ-ਘੱਟ ਤਿੰਨ ਸਾਲ ਦੇ ਸਮੇਂ ਲਈ ਲਾਗ ਨਾਲ ਹੋਣ ਵਾਲੀਆਂ ਲਿੰਗੀ ਬਿਮਾਰੀਆਂ ਵਿੱਚ ਗ੍ਰਸਤ ਰਿਹਾ ਹੋਵੇ ਜਾਂ ਰਹੀ ਹੋਵੇ।
6. ਕਿਸੇ ਧਾਰਮਿਕ ਸੰਪਰਦਾਇ ਵਿੱਚ ਸ਼ਾਮਲ ਹੋ ਕੇ ਸੰਸਾਰ ਦਾ ਤਿਆਗ ਕਰ ਦਿੱਤਾ ਹੋਵੇ।
7. ਸੱਤ ਸਾਲਾਂ ਤੋਂ ਉਸਦੇ ਜਿਊਂਦੇ ਹੋਣ ਦਾ ਪਤਾ ਨਾ ਲੱਗਾ ਹੋਵੇ।
8. ਅਦਾਲਤੀ ਅਲਹਿਦਗੀ ਦਾ ਹੁਕਮ ਜਾਰੀ ਹੋਣ ਤੋਂ ਬਾਅਦ ਦੋ ਸਾਲਾਂ ਦੇ ਸਮੇਂ ਲਈ ਸਹਿਵਾਸ ਨਾ ਕੀਤਾ ਹੋਵੇ।
9. ਅਦਾਲਤ ਹੁਕਮ ਜਾਰੀ ਹੋਣ ਤੋਂ ਬਾਅਦ ਦੋ ਸਾਲਾਂ ਜਾਂ ਅਧਿਕ ਸਮੇਂ ਤੋਂ ਵਿਆਹੁਕ ਅਧਿਕਾਰ ਬਹਾਲ ਕਰਨ ਵਿੱਚ ਅਸਫਲ ਰਿਹਾ ਹੋਵੇ ਜਾਂ ਰਹੀ ਹੋਵੇ।
ਇਹਨਾਂ ਕਾਰਨਾਂ ਤੋਂ ਇਲਾਵਾ ਪਤਨੀ ਨਿਮਨ ਹੋਰ ਕਾਰਨਾਂ ਕਰਕੇ ਵੀ ਵਿਆਹ-ਭੰਗ ਹੋਣ ਲਈ ਬਿਨੈ ਕਰ ਸਕਦੀ ਹੈ :
1. ਐਕਟ ਦੇ ਲਾਗੂ ਹੋਣ ਤੋਂ ਪਹਿਲਾਂ ਕਿਸੇ ਵਿਆਹ ਦੀ ਸੂਰਤ ਵਿੱਚ, ਜੇ ਪਤੀ ਨੇ ਐਕਟ ਦੇ ਲਾਗੂ ਹੋਣ ਤੋਂ ਪਹਿਲਾਂ ਦੂਜਾ ਵਿਆਹ ਕਰ ਲਿਆ ਹੋਵੇ, ਪਤੀ ਦੀ ਕੋਈ ਪਤਨੀ ਐਕਟ ਦੇ ਲਾਗੂ ਹੋਣ ਤੋਂ ਪਹਿਲਾਂ ਜੀਵਿਤ ਹੋਵੇ;
2. ਪਤੀ ਵਿਆਹ ਹੋਣ ਦੇ ਸਮੇਂ ਬਲਾਤਕਾਰ, ਲੌਂਡੇਬਾਜ਼ੀ ਜਾਂ ਪਸ਼ੂਪੁਣੇ ਦਾ ਕਸੂਰਵਾਰ ਹੋਵੇ।
ਕੁਝ ਕਾਰਨਾਂ ਕਰਕੇ ਅਦਾਲਤੀ ਤੌਰ ਤੇ ਅਲਹਿਦਗੀ ਵੀ ਪ੍ਰਾਪਤ ਕੀਤੀ ਜਾ ਸਕਦੀ ਹੈ, ਉਹ ਕਾਰਨ ਇਹ ਹਨ :
1. ਇਸ ਮੰਤਵ ਲਈ ਅਰਜ਼ੀ ਦੇਣ ਤੋਂ ਪਹਿਲਾਂ ਘੱਟੋ-ਘੱਟ ਲਗਾਤਾਰ ਦੋ ਸਾਲਾਂ ਦੇ ਸਮੇਂ ਲਈ ਇੱਕ ਦੂਜੇ ਤੋਂ ਮੂੰਹ ਮੋੜਿਆ ਹੋਇਆ ਹੋਵੇ ਅਰਥਾਤ ਛੁੱਟੜ ਹੋਵੇ।
2. ਬਿਨੈਕਾਰ ਨਾਲ ਅਜਿਹਾ ਜ਼ਾਲਮਾਨਾ ਵਿਹਾਰ ਕੀਤਾ ਹੋਵੇ ਕਿ ਉਸ ਦੇ ਮਨ ਵਿੱਚ ਉੱਚਿਤ ਰੂਪ ਵਿੱਚ ਇਹ ਭੈਅ ਪੈਦਾ ਹੋ ਜਾਵੇ ਕਿ ਉਸ ਨਾਲ ਰਹਿਣਾ ਮੌਤ ਨੂੰ ਗਲੇ ਲਗਾਉਣ ਦੇ ਸਮਾਨ ਹੋਵੇਗਾ।
3. ਅਰਜ਼ੀ ਦੇਣ ਤੋਂ ਘੱਟੋ-ਘੱਟ ਇੱਕ ਸਾਲ ਪਹਿਲਾਂ ਉਹ ਕੋੜ੍ਹ ਦੇ ਘਾਤਕ ਰੂਪ ਦਾ ਸ਼ਿਕਾਰ ਹੋਵੇ;
4. ਘੱਟੋ-ਘੱਟ ਤਿੰਨ ਸਾਲਾਂ ਦੇ ਸਮੇਂ ਲਈ ਲਾਗ ਵਾਲੀਆਂ ਲਿੰਗ ਬਿਮਾਰੀਆਂ ਦਾ ਸ਼ਿਕਾਰ ਹੋਵੇ, ਪਰੰਤੂ ਇਹ ਰੋਗ ਉਸ ਨੂੰ ਦੂਜੀ ਧਿਰ ਤੋਂ ਨਾ ਲੱਗਿਆ ਹੋਵੇ।
5. ਅਰਜ਼ੀ ਦੇਣ ਤੋਂ ਘੱਟੋ-ਘੱਟ ਦੋ ਸਾਲ ਪਹਿਲਾਂ ਲਗਾਤਾਰ ਪਾਗਲ ਚੱਲਿਆ ਆ ਰਿਹਾ ਹੋਵੇ।
6. ਵਿਆਹ ਤੋਂ ਬਾਅਦ ਆਪਣੇ ਵਿਆਹੁਤਾ ਸਾਥੀ ਤੋਂ ਬਿਨਾਂ ਕਿਸੇ ਹੋਰ ਨਾਲ ਲਿੰਗੀ ਸੰਭੋਗ ਦੇ ਸੰਬੰਧ ਹੋਣ।
ਭਾਵੇਂ ਇਹ ਕਿਹਾ ਜਾ ਸਕਦਾ ਹੈ ਕਿ ਤਲਾਕ ਨੇ ਇਸਤਰੀਆਂ ਵਿੱਚ ਅਜ਼ਾਦੀ ਦੀ ਭਾਵਨਾ ਵਿਕਸਿਤ ਕੀਤੀ ਹੈ ਅਤੇ ਉਹ ਆਪਣੇ-ਆਪ ਨੂੰ ਸਮਾਨ ਪਾਰਟਨਰ ਸਮਝਣ ਲੱਗੀਆਂ ਹਨ, ਪਰੰਤੂ ਇਸ ਗੱਲ ਦਾ ਮਤਲਬ ਇਹ ਨਹੀਂ ਸਮਝਣਾ ਚਾਹੀਦਾ ਕਿ ਅਦਾਲਤਾਂ ਦੁਆਰਾ ਅਸਾਨੀ ਨਾਲ ਤਲਾਕ ਨੂੰ ਪ੍ਰਵਾਨ ਕੀਤਾ ਜਾਵੇਗਾ। ਤਲਾਕ ਪਰਵਾਰ ਵਿੱਚ ਅਸਥਿਰਤਾ ਪੈਦਾ ਕਰਦਾ ਹੈ। ਇਸ ਦੇ ਗੰਭੀਰ ਨਤੀਜਿਆਂ ਨੂੰ ਮੁੱਖ ਰੱਖਦੇ ਹੋਏ ਤਲਾਕ ਅਸਾਨੀ ਨਾਲ ਨਹੀਂ ਹੋਣ ਦਿੱਤਾ ਜਾਂਦਾ। ਪਤੀ ਅਤੇ ਪਤਨੀ ਵਿਚਕਾਰ ਦੁਬਾਰਾ ਮਿਲਾਪ ਕਰਾਉਣ ਦੇ ਯਤਨ ਕੀਤੇ ਜਾਣੇ ਚਾਹੀਦੇ ਹਨ। ਤਲਾਕ ਕੇਵਲ ਓਦੋਂ ਪ੍ਰਵਾਨ ਕੀਤਾ ਜਾਣਾ ਚਾਹੀਦਾ ਹੈ ਜਦੋਂ ਹੋਰ ਕੋਈ ਰਾਹ ਬਾਕੀ ਨਾ ਰਹਿ ਗਿਆ ਹੋਵੇ ਅਤੇ ਇਹ ਪਤੀ, ਪਤਨੀ ਅਤੇ ਸਮਾਜ ਸਭ ਦੇ ਹਿੱਤਾਂ ਵਿੱਚ ਹੋਵੇ।
ਐਕਟ ਅਧੀਨ ਸ਼ਬਦ ‘ਹਿੰਦੂ’ ਵਿੱਚ ਬੋਧੀ, ਜੈਨ ਅਤੇ ਸਿੱਖ ਵੀ ਸ਼ਾਮਲ ਹਨ ਅਤੇ ਉਹ ਵਿਅਕਤੀ ਵੀ ਸ਼ਾਮਲ ਹਨ ਜੋ ਮੁਸਲਮਾਨ, ਈਸਾਈ, ਪਾਰਸੀ ਜਾਂ ਯਹੂਦੀ ਨਾ ਹੋਣ।
ਇਸ ਐਕਟ ਕਾਰਨ ਮਹੱਤਵਪੂਰਨ ਪਰਿਵਰਤਨ ਹੋਂਦ ਵਿੱਚ ਆਏ ਹਨ। ਐਕਟ ਨਾ ਕੇਵਲ ਅੰਤਰ-ਜਾਤੀ ਵਿਆਹ ਦੀ ਆਗਿਆ ਦਿੰਦਾ ਹੈ ਸਗੋਂ ਹਿੰਦੂ, ਜੈਨ, ਸਿੱਖ ਅਤੇ ਬੋਧੀ ਨੂੰ ਵੀ ਆਪਸ ਵਿੱਚ ਵਿਆਹ ਕਰਨ ਦੀ ਆਗਿਆ ਦਿੰਦਾ ਹੈ। ਇਸ ਨੇ ਵਰਜਿਤ ਸੰਬੰਧਾਂ ਵਿਚਕਾਰ ਵੀ ਵਿਆਹ ਕਰਨ ਦੀ ਆਗਿਆ ਪ੍ਰਦਾਨ ਕੀਤੀ ਹੈ। ਹੁਣ ਅਜਿਹੇ ਸੰਬੰਧੀ ਵੀ ਆਪਸ ਵਿੱਚ ਵਿਆਹ ਕਰ ਸਕਦੇ ਹਨ, ਜਿਨ੍ਹਾਂ ਦੀ ਪਰੰਪਰਾਗਤ ਹਿੰਦੂ ਵਿਆਹ ਅਧੀਨ ਆਗਿਆ ਨਹੀਂ ਸੀ।
ਮੁਸਲਮਾਨਾਂ ਅਤੇ ਈਸਾਈਆਂ ਵਿੱਚ ਤਲਾਕ ਦੀ ਪ੍ਰਥਾ ਬਹੁਤ ਪੁਰਾਣੀ ਅਤੇ ਅਸਾਨ ਹੈ। ਮੁਸਲਮਾਨ ਪਤੀ ਤਾਂ ਕੇਵਲ ਤਿੰਨ ਵਾਰ ਆਪਣੀ ਪਤਨੀ ਨੂੰ ‘ਤਲਾਕ, ਤਲਾਕ, ਤਲਾਕ’ ਕਹਿ ਕੇ ਛੱਡ ਸਕਦਾ ਹੈ। ਈਸਾਈਆਂ ਵਿੱਚ ਤਲਾਕ ਦੀ ਪ੍ਰਥਾ ਆਮ ਹੈ। ਉਹਨਾਂ ਵਿੱਚ ਮਾਮੂਲੀ ਕਾਰਨਾਂ ਕਰਕੇ ਤਲਾਕ ਹੋ ਜਾਂਦੇ ਹਨ। ਮੁਸਲਮਾਨ ਤਲਾਕਸ਼ੁਦਾ ਪਤਨੀ ਨਾਲ ਓਦੋਂ ਤੱਕ ਦੁਬਾਰਾ ਵਿਆਹ ਨਹੀਂ ਕਰ ਸਕਦਾ ਜਦੋਂ ਤੱਕ ਕਿ ਇੱਦਤ ਦੀ ਮੁੱਦਤ ਪੂਰੀ ਨਾ ਹੋਵੇ ਅਤੇ ਉਸਦੀ ਪਤਨੀ ਨੇ ਦੂਜਾ ਵਿਆਹ ਕਰਾ ਕੇ ਅਤੇ ਆਪਣੇ ਦੂਜੇ ਪਤੀ ਨਾਲ ਰਾਤ ਬਿਤਾ ਕੇ ਉਸ ਤੋਂ ਫਿਰ ਤਲਾਕ ਨਾ ਲੈ ਲਿਆ ਹੋਵੇ। ਹੁਣ ਮੁਸਲਮਾਨਾਂ ਵਿੱਚ ਇਸ ਸੰਬੰਧੀ ਜਾਗ੍ਰਿਤੀ ਪੈਦਾ ਹੋ ਰਹੀ ਹੈ ਅਤੇ ਉਹ ਇਸਲਾਮੀ ਤਲਾਕ ਦੇ ਕਨੂੰਨ ਵਿੱਚ ਸੋਧ ਕਰਨ ਦੇ ਹਾਮੀ ਬਣਦੇ ਜਾ ਰਹੇ ਹਨ ਤਾਂ ਜੋ ਮੁਸਲਮਾਨ ਇਸਤਰੀਆਂ ਵੀ ਪੁਰਸ਼ਾਂ ਦੇ ਸਮਾਨ ਅਧਿਕਾਰ ਪ੍ਰਾਪਤ ਕਰ ਸਕਣ।
ਲੇਖਕ : ਡੀ. ਆਰ. ਸਚਦੇਵਾ,
ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਦੂਜੀ, ਹੁਣ ਤੱਕ ਵੇਖਿਆ ਗਿਆ : 3795, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-03-24-03-44-51, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First