ਤਾਲਸਤਾਏ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਤਾਲਸਤਾਏ (1828–1910): ਰੂਸੀ ਲੇਖਕ ਲੀਓ ਤਾਲਸਤਾਏ (Leo Tolystoy) ਇੱਕ ਨੀਤੀ ਦਰਸ਼ਨਵੇਤਾ ਅਤੇ ਵਿਸ਼ਵ ਦੇ ਮਹਾਨ ਨਾਵਲਕਾਰਾਂ ਵਿੱਚੋਂ ਇੱਕ ਸੀ। ਉਸ ਦੀਆਂ ਲਿਖਤਾਂ ਨੇ ਵੀਹਵੀਂ ਸਦੀ ਦੇ ਸਾਹਿਤ ਉੱਤੇ ਬਹੁਤ ਡੂੰਘਾ ਪ੍ਰਭਾਵ ਪਾਇਆ। ਉਸ ਦੀਆਂ ਨੈਤਿਕ ਸਿੱਖਿਆਵਾਂ ਨੇ ਕਈ ਮਹੱਤਵਪੂਰਨ ਅਧਿਆਤਮਿਕ ਅਤੇ ਰਾਜਨੀਤਿਕ ਆਗੂਆਂ ਦੀ ਸੋਚ ਨੂੰ ਉਸਾਰਨ ਵਿੱਚ ਸਹਾਇਤਾ ਕੀਤੀ। ਉਹ ਵਧੇਰੇ ਕਰ ਕੇ ਆਪਣੇ ਨਾਵਲਾਂ ਵਾਰ ਐਂਡ ਪੀਸ (1869) ਅਤੇ ਐਨਾ ਕੈਰੇਨੀਨਾ (1877) ਕਰ ਕੇ ਜਾਣਿਆ ਜਾਂਦਾ ਹੈ। ਇਹਨਾਂ ਨਾਵਲਾਂ ਵਿੱਚ ਨੈਤਿਕ ਮਨੋਵਿਗਿਆਨਿਕ ਜਟਿਲਤਾ ਦੀ ਪੇਸ਼ਕਾਰੀ ਹੋਣ ਕਰ ਕੇ ਇਹ ਯਥਾਰਥਵਾਦੀ ਗਲਪ ਦੇ ਸ਼ਾਹਕਾਰ ਮੰਨੇ ਜਾਂਦੇ ਹਨ।

     ਤਾਲਸਤਾਏ ਦਾ ਜਨਮ ਯਾਸਨਾਯਾ ਪੋਲਿਆਨਾ ਵਿਖੇ ਇੱਕ ਰਈਸ ਘਰਾਣੇ ਵਿੱਚ ਹੋਇਆ, ਜਿਸ ਦੀ ਜਗੀਰ ਮਾਸਕੋ ਦੇ ਦੱਖਣ ਵਿੱਚ ਸੀ। ਉਸ ਨੇ ਮੁਢਲੀ ਵਿੱਦਿਆ ਘਰ ਰਹਿ ਕੇ ਹੀ ਪ੍ਰਾਪਤ ਕੀਤੀ। 1830 ਵਿੱਚ ਉਸ ਦੇ ਮਾਪਿਆਂ ਦੀ ਮੌਤ ਤੋਂ ਬਾਅਦ ਉਸ ਦੀ ਦੇਖ-ਰੇਖ ਰਿਸ਼ਤੇਦਾਰਾਂ ਨੇ ਕੀਤੀ। ਸੋਲ੍ਹਾਂ ਸਾਲਾਂ ਦੀ ਉਮਰ ਵਿੱਚ ਉਹ ਕਜ਼ਾਨ ਵਿਸ਼ਵਵਿਦਿਆਲੇ ਵਿੱਚ ਦਾਖ਼ਲ ਹੋ ਗਿਆ, ਪਰੰਤੂ ਉਸ ਨੇ ਆਪਣੇ ਆਪ ਨੂੰ ਸਿੱਖਿਅਤ ਬਣਾਉਣ ਲਈ ਸੁਤੰਤਰ ਯਤਨਾਂ ਨੂੰ ਪਹਿਲ ਦਿੱਤੀ। 1847 ਵਿੱਚ ਉਸ ਨੇ ਆਪਣੀ ਪੜ੍ਹਾਈ ਬਿਨਾਂ ਡਿਗਰੀ ਪੂਰੀ ਕੀਤਿਆਂ ਹੀ ਛੱਡ ਦਿੱਤੀ। ਉਸ ਦੇ ਅਗਲੇ ਪੰਦਰ੍ਹਾਂ ਵਰ੍ਹੇ ਅਸਥਿਰਤਾ ਵਾਲੇ ਸਨ। ਤਾਲਸਤਾਏ ਨੇ ਆਪਣੇ-ਆਪ ਨੂੰ ਬੌਧਿਕ, ਨੈਤਿਕ ਅਤੇ ਸਰੀਰਕ ਤੌਰ `ਤੇ ਵਿਕਸਿਤ ਕਰਨ ਲਈ ਅਤੇ ਖ਼ਾਸ ਕਰ ਕੇ ਆਪਣੇ ਮੁਜ਼ਾਰਿਆਂ ਦੀ ਬਿਹਤਰੀ ਲਈ ਕੰਮ ਕਰਨ ਦੇ ਦ੍ਰਿੜ੍ਹ ਇਰਾਦੇ ਅਤੇ ਆਪਣੀ ਪਰਿਵਾਰਿਕ ਜਗੀਰ ਨੂੰ ਸੰਭਾਲਣ ਲਈ ਵਾਪਸ ਪਰਤ ਆਉਣ ਦਾ ਫ਼ੈਸਲਾ ਕੀਤਾ। ਦੋ ਸਾਲਾਂ ਤੋਂ ਵੀ ਘੱਟ ਸਮੇਂ ਪਿੱਛੋਂ ਉਸ ਨੇ ਮਾਸਕੋ ਦੀ ਸ਼ਾਹਾਨਾ ਜ਼ਿੰਦਗੀ ਲਈ ਪੇਂਡੂ ਜ਼ਿੰਦਗੀ ਨੂੰ ਮੁਲਤਵੀ ਕਰ ਦਿੱਤਾ। 1851 ਵਿੱਚ ਤਾਲਸਤਾਏ ਨੇ ਕੋਕਾਸਿਸ ਦੀ ਯਾਤਰਾ ਕੀਤੀ। ਕੋਕਾਸਿਸ ਉਸ ਵੇਲੇ ਦੱਖਣੀ ਰੂਸ ਦਾ ਇੱਕ ਖਿੱਤਾ ਸੀ। ਉੱਥੇ ਉਸ ਦਾ ਭਰਾ ਫ਼ੌਜ ਵਿੱਚ ਨੌਕਰੀ ਕਰਦਾ ਸੀ। ਤਾਲਸਤਾਏ ਨੇ ਕਰੀਮੀਅਨ ਜੰਗ (1853–1856) ਦੌਰਾਨ ਫ਼ੌਜ ਵਿੱਚ ਵਲੰਟੀਅਰ ਦੇ ਤੌਰ `ਤੇ ਸ਼ਾਮਲ ਹੋ ਕੇ ਪ੍ਰਸੰਸਾਯੋਗ ਸੇਵਾਵਾਂ ਅਦਾ ਕੀਤੀਆਂ।

     ਤਾਲਸਤਾਏ ਨੇ ਆਪਣਾ ਸਾਹਿਤਿਕ ਸਫ਼ਰ ਫ਼ੌਜ ਦੀ ਨੌਕਰੀ ਦੌਰਾਨ ਸ਼ੁਰੂ ਕੀਤਾ। ਉਸ ਦੀ ਪਹਿਲੀ ਰਚਨਾ ਅਰਧ ਸ੍ਵੈ-ਜੀਵਨੀਪਰਕ ਇੱਕ ਲਘੂ ਨਾਵਲ ‘ਡੈਸਟੋਵੋ’ (1852) ਸੀ। ਡੈਸਟੋਵੋ (ਚਾਇਲਡਹੁੱਡ) ਤੋਂ ਮਗਰਲੀਆਂ ਰਚਨਾਵਾਂ ਓਟਰੋਚੈਸਟਵੋ (1854) (ਬੁਆਏਹੁੱਡ) ਅਤੇ ਇਊਨੋਸਟ (1886) (ਯੂਥ) ਦਸ ਸਾਲਾਂ ਤੋਂ ਲੈ ਕੇ ਕਿਸ਼ੋਰ ਅਵਸਥਾ ਤੱਕ ਦੇ ਨਾਇਕ ਦੀ ਨੈਤਿਕ ਤੇ ਮਨੋ- ਵਿਗਿਆਨਿਕ ਵਿਕਾਸ ਪ੍ਰਕਿਰਿਆ ਉਪਰ ਕੇਂਦਰਿਤ ਹਨ। ਚਾਇਲਡਹੁਡ ਵਿੱਚ ਬਚਪਨ ਦੀ ਭੋਲੀ-ਭਾਲੀ ਤੇ ਚਾਵਾਂ ਭਰੀ ਜ਼ਿੰਦਗੀ ਦੇ ਖੇੜੇ ਤੇ ਖ਼ੁਸ਼ੀ ਭਰੇ ਦ੍ਰਿਸ਼ ਹਨ, ਜੋ ਇੱਕ ਬੱਚੇ ਦੇ ਸੁਬਕ ਤੇ ਸੁਹਲ ਅਨੁਭਵ ਦੇ ਨਾਲ-ਨਾਲ ਪ੍ਰੋੜ੍ਹ ਜ਼ਿੰਦਗੀ ਦੇ ਅਨੁਭਵੀ ਬਿਰਤਾਂਤਕਾਰ ਦੇ ਰੂਪ ਵਿੱਚ ਸਾਮ੍ਹਣੇ ਆਉਂਦੇ ਹਨ। ਕਰੀਮੀਅਨ ਜੰਗ ਦੇ ਅਨੁਭਵ ਨੇ ਉਸ ਨੂੰ ਉਸ ਦੀ ਰਚਨਾ ਥ੍ਰੀ ਸੇਵਾਸਟੋਪੋਲਸਕੀ ਰਸਕਾਜ਼ੀ (1855-56) ਸੈਬੇਸਟੋਪੋਲ ਟੇਲਜ਼ ਦੇ ਲਈ ਵਸਤੂਗਤ ਸਮਗਰੀ ਪ੍ਰਦਾਨ ਕੀਤੀ, ਜਿਸ ਵਿੱਚ ਫ਼ੌਜੀ ਨੇਤਾਵਾਂ ਦੇ ਅਖੌਤੀ ਨਾਇਕਾਂ ਦੇ ਮੁਕਾਬਲੇ ਸਧਾਰਨ ਸਿਪਾਹੀਆਂ ਦੇ ਹੌਸਲੇ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਹੈ। ਤਾਲਸਤਾਏ ਦੇ ਕੋਕਾਸਿਸ ਦੇ ਤਜ਼ਰਬਿਆਂ ਨਾਲ ਸੰਬੰਧਿਤ ਇੱਕ ਹੋਰ ਲਘੂ ਨਾਵਲ ਕਜ਼ਾਕੀ ਦਾ ਕੌਸੈੱਕਸ ਹੈ। ਇਸ ਵਿੱਚ ਇੱਕ ਉੱਚ-ਵਰਗੀ ਸੱਭਿਅਕ ਨਾਇਕ ਪੇਂਡੂ ਜ਼ਿੰਦਗੀ ਦੀ ਖੁੱਲ੍ਹ ਤੇ ਅਜ਼ਾਦ ਤਬੀਅਤ ਦੇ ਮੁਕਾਬਲੇ ਉੱਤੇ ਦੁੱਖਾਂ ਵਿੱਚ ਘਿਰਿਆ ਦਿਖਾਇਆ ਗਿਆ ਹੈ।

     1856 ਵਿੱਚ ਤਾਲਸਤਾਏ ਨੇ ਫ਼ੌਜ ਦੀ ਨੌਕਰੀ ਛੱਡ ਦਿੱਤੀ ਅਤੇ 1859 ਵਿੱਚ ਉਹ ਆਪਣੀ ਜਗੀਰ ਦੀ ਦੇਖ-ਭਾਲ ਲਈ ਯਾਸਨਾਯਾ ਪੋਲੀਯਾਨਾ ਵਾਪਸ ਪਰਤ ਆਇਆ। ਇੱਥੇ ਉਸ ਨੇ ਕਿਰਸਾਣਾਂ ਦੇ ਬੱਚਿਆਂ ਲਈ ਇੱਕ ਸਕੂਲ ਦੀ ਸਥਾਪਨਾ ਕੀਤੀ। ਇੱਥੇ ਰਹਿ ਕੇ ਉਸ ਨੇ ਵਿੱਦਿਆ ਦੇ ਪ੍ਰਗਤੀਵਾਦੀ ਵਿਚਾਰਾਂ ਬਾਰੇ ਲਿਖਿਆ। 1862 ਵਿੱਚ ਉਸ ਨੇ ਇੱਕ ਵਿਸ਼ਾਲ ਬੌਧਿਕ ਰੁਚੀਆਂ ਵਾਲੇ ਮੱਧਵਰਗੀ ਪਰਿਵਾਰ ਦੀ ਲੜਕੀ ਸਾਨੀਆ ਐਨਡਰੇਵਨਾ ਬੈਰਸ ਨਾਲ ਵਿਆਹ ਕਰਾ ਲਿਆ। ਉਸ ਨੇ ਅਗਲੇ ਪੰਦਰ੍ਹਾਂ ਸਾਲ ਵਿਆਹੁਤਾ ਜੀਵਨ ਨੂੰ ਸਮਰਪਿਤ ਕਰ ਕੇ ਆਪਣੀਆਂ ਸਿੱਖਿਅਕ ਗਤੀਵਿਧੀਆਂ ਨੂੰ ਬੰਦ ਕਰ ਦਿੱਤਾ। ਇਸ ਸਮੇਂ ਦਾ ਬਹੁਤ ਹਿੱਸਾ ਭਰਪੂਰ ਖ਼ੁਸ਼ੀ ਵਾਲਾ ਸੀ, ਜਿਸ ਵਿੱਚੋਂ ਉਸ ਦੇ ਘਰ ਤੇਰ੍ਹਾਂ ਬੱਚੇ ਪੈਦਾ ਹੋਏ। ਇਸ ਦੌਰਾਨ ਉਸ ਨੇ ਆਪਣੀ ਜਗੀਰ ਨੂੰ ਵਧੇਰੇ ਸਫਲਤਾ ਨਾਲ ਸੰਭਾਲਿਆ ਅਤੇ ਆਪਣੀ ਲਿਖਣ ਕਲਾ ਨੂੰ ਜਾਰੀ ਕਰਦਿਆਂ ਵਾਰ ਐਂਡ ਪੀਸ (ਜੰਗ ਤੇ ਅਮਨ) ਅਤੇ ਐਨਾ ਕੈਰੇਨੀਨਾ ਦੋ ਸ਼ਾਹਕਾਰ ਕਿਰਤਾਂ ਨੂੰ ਰਚਿਆ।

     ਵਾਰ ਐਂਡ ਪੀਸ ਨਿਪੋਲੀਅਨ ਜੰਗਾਂ (1805- 1815) ਦੌਰਾਨ ਪਿਆਰ, ਜੰਗ ਅਤੇ ਪਰਿਵਾਰਿਕ-ਜੀਵਨ ਦੀ ਇੱਕ ਮਹਾਂਕਾਵਿਕ ਕਥਾ ਹੈ, ਜਿਹੜੀ ਕਿਸਮਤ, ਦ੍ਰਿੜ੍ਹ ਇਰਾਦੇ ਅਤੇ ਅਜ਼ਾਦ ਇੱਛਾ ਨੂੰ ਵੱਡੇ ਪੱਧਰ `ਤੇ ਨਜਿੱਠਦੀ ਹੈ। ਇਹ ਰਚਨਾ ਦੋ ਅਮੀਰ ਘਰਾਣਿਆਂ ਬੋਲਕੋਂਸਕਾਯਾ ਅਤੇ ਰੋਸਟੋਵਜ਼ ਦੀ ਕਥਾ ਹੈ। ਇਸ ਵਿੱਚ ਚਾਰ ਪ੍ਰਮੁਖ ਪਾਤਰ ਇੱਕੋ ਜਿਹੀ ਇਤਿਹਾਸਿਕ ਉੱਥਲ-ਪੁੱਥਲ ਵਿੱਚ ਫਸੇ ਹੋਏ ਵੱਖੋ-ਵੱਖਰੀ ਪ੍ਰਤਿਕਿਰਿਆ ਕਰ ਰਹੇ ਦਿਖਾਏ ਹਨ। ਹਰ ਕੋਈ ਆਪੋ-ਆਪਣੇ ਤਰੀਕੇ ਨਾਲ ਜ਼ਿੰਦਗੀ ਦੇ ਅਰਥਾਂ ਨੂੰ ਤਲਾਸ਼ਣ ਤੇ ਜਾਣਨ ਵਾਸਤੇ ਉਤਸੁਕ ਹੈ। ਨਾਇਕ ਪੀਅਰੇ ਤੇ ਨਾਇਕਾ ਨਤਾਸ਼ਾ ਰੋਸਟੋਵ ਜ਼ਿੰਦਗੀ ਦੀ ਸੰਪੂਰਨਤਾ ਨੂੰ ਪਰਿਵਾਰ ਵਿੱਚੋਂ ਤਲਾਸ਼ਦੇ ਹਨ। ਨਤਾਸ਼ਾ ਦਾ ਭਰਾ ਨਿਕੋਲਾਈ ਵੀ ਇਸੇ ਰਾਹ `ਤੇ ਚੱਲਦਾ ਹੋਇਆ ਆਪਣੇ ਜ਼ਿੰਮੀਂਦਾਰੀ ਧੰਦੇ ਨੂੰ ਚਲਾਉਣ ਲੱਗ ਪੈਂਦਾ ਹੈ। ਇਹਨਾਂ ਵਿੱਚੋਂ ਆਂਦਰੇ ਬੋਲਕੋਂਸਕੀ (ਸ਼ੱਕੀ ਵਿਚਾਰਵਾਨ) ਸਭ ਕੁਝ ਨੂੰ ਖ਼ਾਰਜ ਕਰ ਕੇ ਇਸ ਨੂੰ ਆਪਣੇ ਮੌਤ ਦੇ ਬਿਸਤਰ ਵਿੱਚੋਂ ਤਲਾਸ਼ਦਾ ਹੈ। ਤਾਲਸਤਾਏ ਨੇ ਇਸ ਰਚਨਾ ਵਿੱਚ ਇਹਨਾਂ ਪਾਤਰਾਂ ਦੀ ਅੰਦਰਲੀ ਤੇ ਬਾਹਰਲੀ ਜ਼ਿੰਦਗੀ ਨੂੰ ਪ੍ਰਗਟ ਕਰਨ ਦੇ ਨਾਲ-ਨਾਲ 500 ਤੋਂ ਵੱਧ ਹੋਰ ਪਾਤਰਾਂ ਦੀ ਗਾਲਪਨਿਕ ਤਸਵੀਰ ਨੂੰ ਬਹੁਤ ਸੂਖਮ ਵਿਅਕਤੀਗਤ ਵੇਰਵਿਆਂ ਅਤੇ ਉਹਨਾਂ ਦੇ ਮਨੋ- ਵਿਗਿਆਨਿਕ ਵਿਸ਼ਲੇਸ਼ਣ ਰਾਹੀਂ ਪ੍ਰਸਤੁਤ ਕੀਤਾ ਹੈ। ਇਹ ਨਾਵਲ ਇਸ ਵਾਧੂ ਉਲੇਖ ਨੂੰ ਸ਼ਾਮਲ ਕਰ ਕੇ ਇਸ ਸਵਾਲ ਨੂੰ ਨਜਿੱਠਦਾ ਹੈ ਕਿ ਇਤਿਹਾਸ ਕਿਵੇਂ ਚੱਲਦਾ ਹੈ। ਤਾਲਸਤਾਏ ਉਸ ਵਿਚਾਰ ਨੂੰ ਰੱਦ ਕਰਦਾ ਹੈ ਕਿ ਇਤਿਹਾਸ ਨਿਪੋਲੀਅਨ ਵਰਗੇ ਵਿਅਕਤੀ ਬਣਾਉਂਦੇ ਹਨ। ਉਹ ਇਹ ਦਲੀਲ ਦਿੰਦਾ ਹੈ ਕਿ ਇਤਿਹਾਸਿਕ ਘਟਨਾਵਾਂ ਨੂੰ ਬਹੁ-ਗਿਣਤੀ ਸਧਾਰਨ ਲੋਕਾਂ ਦੇ ਨਿਤਾਪ੍ਰਤੀ ਜੀਵਨ ਦੇ ਕਾਰਜ ਵਿੱਚ ਸਮਝਿਆ ਜਾ ਸਕਦਾ ਹੈ।

     ਤਾਲਸਤਾਏ ਦਾ ਜੀਵਨ-ਦਰਸ਼ਨ ਜੰਗ ਤੇ ਅਮਨ ਅਤੇ ਐਨਾ ਕੈਰੇਨੀਨਾ ਦੇ ਰਚਨਾਕਾਲ ਦੌਰਾਨ ਪਰਿਵਰਤਨ ਦੀ ਪ੍ਰਕਿਰਿਆ ਵਿੱਚ ਸੀ। ਜੰਗ ਤੇ ਅਮਨ ਜੀਵਨ ਪਿਆਰਤਾ ਵਾਲਾ ਇੱਕ ਆਸ਼ਾਵਾਦੀ ਨਾਵਲ ਹੈ। ਇਹ ਆਪਣੇ ਮੁੱਖ ਕਿਰਦਾਰਾਂ ਨੂੰ ਨੈਤਿਕ ਤੌਰ `ਤੇ ਦ੍ਰਿੜ੍ਹ-ਇਰਾਦੇ ਅਤੇ ਆਪਣੇ ਅੰਤਰ-ਦ੍ਵੰਦ ਦੇ ਆਪ ਮਾਲਕ ਬਣਾਉਂਦਾ ਹੈ। ਐਨਾ ਕੈਰੇਨੀਨਾ ਇੱਕ ਨਿਰਾਸ਼ਾਮਈ ਅਤੇ ਪਾਤਰਾਂ ਦੇ ਅਜਿਹੇ ਅੰਤਰ-ਦ੍ਵੰਦ ਦਾ ਨਾਵਲ ਹੈ, ਜਿਹੜਾ ਅਕਸਰ ਅਣਸੁਲਝਿਆ ਰਹਿੰਦਾ ਹੈ ਅਤੇ ਕਈ ਵਾਰ ਮਨੁੱਖੀ ਤਬਾਹੀ ਦਾ ਕਾਰਨ ਵੀ ਬਣ ਜਾਂਦਾ ਹੈ। ਭਾਵੇਂ ਇਸ ਨਾਵਲ ਵਿੱਚ ਜੰਗ ਜਾਂ ਅਮਨ ਵਾਲੀ ਪਰਿਪੱਕਤਾ ਤਾਂ ਨਹੀਂ, ਪਰ ਫਿਰ ਵੀ ਇਸ ਵਿੱਚ 1860ਵਿਆਂ ਦੀ ਰੂਸੀ ਜ਼ਿੰਦਗੀ ਦਾ ਭਰਪੂਰ ਚਿੱਤਰ ਅੰਕਿਤ ਹੋਇਆ ਹੈ। ਇਸ ਰਚਨਾ ਵਿੱਚ ਤਾਲਸਤਾਏ ਨੇ ਤਿੰਨ ਵਿਆਹਾਂ ਦੀ ਪੜਚੋਲ ਕੀਤੀ ਹੈ। ਪਹਿਲਾ-ਨਾਇਕਾ ਐਨਾ ਦਾ ਇੱਕ ਰੁੱਖ਼ੇ ਅਫ਼ਸਰ ਸ਼ਾਹ ਕੈਰੇਨਿਨ ਨਾਲ ਹੈ, ਜਿਸ ਦੇ ਵੋਰੇਨਸਕੀ ਨਾਂ ਦੇ ਜਵਾਨ ਫ਼ੌਜੀ ਅਫ਼ਸਰ ਨਾਲ ਭਾਵੁਕ ਸੰਬੰਧ ਹਨ। ਸਾਪੇਖਕ ਤੌਰ `ਤੇ ਇੱਕ ਪ੍ਰਸੰਨ ਤੇ ਸਥਿਰ ਵਿਆਹ ਕੋਨਸਤਾਨਤਿਨ ਲੈਵਿਨ ਅਤੇ ਕਿੱਟੀ ਸੈਚਰਬੈਟਸਕੀ ਦਾ ਹੈ ਅਤੇ ਤੀਜਾ ਅਸਥਿਰ ਪਰ ਟਿਕਾਊ ਵਿਆਹ ਐਨਾ ਦੇ ਭਰਾ ਸਟੀਵਾ ਅਤੇ ਕਿੱਟੀ ਦੀ ਭੈਣ ਡੌਲੀ ਦਾ ਹੈ। ਢੌਂਗੀ ਸਮਾਜ ਵੋਰੇਨਸਕੀ ਨਾਲ ਐਨਾ ਦੇ ਸੁਹਿਰਦ ਅਤੇ ਸੁਤੰਤਰ ਪਿਆਰ ਪ੍ਰਗਟਾਵੇ ਨੂੰ ਬਰਦਾਸ਼ਤ ਨਹੀਂ ਕਰਦਾ। ਵਰਜਿਤ ਸੰਬੰਧਾਂ ਤੋਂ ਪੈਦਾ ਹੋਏ ਅਪਰਾਧ-ਬੋਧ ਅਤੇ ਜ਼ਬਰਦਸਤੀ ਉਸ ਦੇ ਪੁੱਤਰ ਤੋਂ ਵਿਛੋੜੇ ਜਾਣ ਕਰ ਕੇ ਉਹ ਆਪਣੀ ਜ਼ਿੰਦਗੀ ਦਾ ਖ਼ਾਤਮਾ ਕਰ ਲੈਂਦੀ ਹੈ। ਇਸ ਤਰ੍ਹਾਂ ਇਸ ਨਾਵਲ ਦਾ ਅੰਤ ਨਿਰਾਸ਼ਾ ਵਿੱਚ ਹੁੰਦਾ ਹੈ। ਭਾਵੇਂ ਲੈਵਿਨ ਆਪਣੀ ਵਿਆਹੁਤਾ ਜ਼ਿੰਦਗੀ ਦੀ ਸ਼ੁਰੂਆਤ ਆਪਣੀ ਪ੍ਰੇਮਿਕਾ ਨਾਲ ਕਰਦਾ ਹੈ ਪਰ ਉਹ ਵੀ ਆਪਣੀ ਜ਼ਿੰਦਗੀ ਦੇ ਅਰਥਾਂ ਨੂੰ ਲੈ ਕੇ ਸ਼ੰਕਾਗ੍ਰਸਤ ਹੈ।

     ਭਾਵੇਂ ਤਾਲਸਤਾਏ ਨੇ ਪ੍ਰਸੰਨ ਵਿਆਹੁਤਾ ਜ਼ਿੰਦਗੀ ਗੁਜ਼ਾਰੀ ਅਤੇ ਨਾਵਲਕਾਰ ਦੇ ਤੌਰ `ਤੇ ਪ੍ਰਸਿੱਧੀ ਪ੍ਰਾਪਤ ਕੀਤੀ ਅਤੇ ਅਮੀਰੀ ਦਾ ਅਨੰਦ ਮਾਣਿਆ ਪਰ ਜਦੋਂ ਉਸ ਨੇ ਐਨਾ ਕੈਰੇਨੀਨਾ ਨੂੰ ਸਮਾਪਤ ਕੀਤਾ ਤਾਂ ਉਹ ਆਪਣੇ ਆਪ ਤੋਂ ਅਸੰਤੁਸ਼ਟ ਹੋ ਗਿਆ। ਉਹ ਜੀਵਨ ਦੇ ਅਰਥਾਂ ਦੀ ਤਲਾਸ਼ ਕਰਦਾ-ਕਰਦਾ ਨਿਰਾਸ਼ ਹੋ ਗਿਆ। ਉਸ ਦੀ ਰਚਨਾ ਇਸਪੋਵਡ (1882) (ਏ ਕੰਨਫੈਸ਼ਨ) ਉਸ ਅਧਿਆਤਮਿਕ ਜੱਦੋ-ਜਹਿਦ ਅਤੇ ਜੀਵਨ ਦੇ ਵਿਹਾਰ ਵਿੱਚੋਂ ਜਾਣੇ ਉਸ ਹੱਲ ਦਾ ਵਰਣਨ ਕਰਦੀ ਹੈ, ਜਿਸ ਵਿੱਚ ਈਸਾਈਅਤ ਦਾ ਸਾਰ-ਤੱਤ ਵੀ ਛੁਪਿਆ ਹੋਇਆ ਹੈ ਕਿ ਵਿਸ਼ਵ-ਵਿਆਪੀ ਪਿਆਰ ਅਤੇ ਸਹਿਣਸ਼ੀਲਤਾ ਜ਼ੁਲਮ ਦੇ ਵਿਰੁੱਧ ਵਿਦਰੋਹ ਹੈ। ਆਪਣੀਆਂ ਧਾਰਮਿਕ ਰਚਨਾਵਾਂ ਵਿੱਚ ਉਸ ਨੇ ਲੋਕਾਂ ਨੂੰ ਆਪਣੀ ਜ਼ਮੀਰ ਦੀ ਅਵਾਜ਼ ਪਛਾਣਨ, ਵਿਸ਼ਵ-ਵਿਆਪੀ ਪਿਆਰ ਨੂੰ ਧਾਰਨ ਕਰਨ ਅਤੇ ਜਿੱਥੋਂ ਤੱਕ ਸੰਭਵ ਹੋ ਸਕੇ ਆਪਣੀ ਮਿਹਨਤ ਦੀ ਕਮਾਈ `ਤੇ ਜੀਣ ਦਾ ਸੰਦੇਸ਼ ਦਿੱਤਾ। ਉਸ ਨੇ ਇਹ ਵੀ ਸਪਸ਼ਟ ਕੀਤਾ ਕਿ ਆਪਣੇ ਨਾਗਰਿਕਾਂ ਤੇ ਰਾਜ ਸੱਤਾ ਦੇ ਬੰਧਨਾ ਅਤੇ ਜੰਗ ਸਮੇਤ ਹਿੰਸਾ ਦੇ ਸਾਰੇ ਰੂਪ ਇੱਕੋ ਜਿਹੇ ਗ਼ਲਤ ਹਨ। ਨੈਤਿਕ ਦਰਸ਼ਨ ਨਾਲ ਸੰਬੰਧਿਤ ਉਸ ਦੀਆਂ ਰਚਨਾਵਾਂ ਵਿੱਚ ਉਸ ਨੇ ਸ਼ਹਿਰੀ ਗੁਰਬਤ, ਸੁਹਜ-ਕਲਾ, ਸ਼ਾਕਾਹਾਰੀ ਜੀਵਨ, ਸਰਮਾਏ ਦੇ ਸੰਤਾਪ ਅਤੇ ਸ਼ਰਾਬ ਦੀ ਬੁਰਾਈ ਬਾਰੇ ਵੀ ਲਿਖਿਆ। ਉਸ ਦੀਆਂ ਬਹੁਤੀਆਂ ਰਚਨਾਵਾਂ ਦੇ ਵਿਚਾਰ ਹਾਕਮ-ਜਮਾਤ ਦੇ ਧਰਮ ਦੀ ਕੱਟੜਤਾ ਨਾਲ ਟਕਰਾਉਂਦੇ ਸਨ, ਜਿਸ ਕਰ ਕੇ ਇਹਨਾਂ ਰਚਨਾਵਾਂ ਉੱਤੇ ਰੂਸ ਵਿੱਚ ਪਾਬੰਦੀ ਲਗਾ ਦਿੱਤੀ ਗਈ, ਪਰੰਤੂ ਇਹ ਰਚਨਾਵਾਂ ਕਈ ਭਾਸ਼ਾਵਾਂ ਵਿੱਚ ਅਨੁਵਾਦਿਤ ਹੋ ਕੇ ਸੰਸਾਰ ਭਰ ਵਿੱਚ ਪੜ੍ਹੀਆਂ ਜਾਣ ਲੱਗੀਆਂ। ਤਾਲਸਤਾਈ ਭਾਈਚਾਰਾ ਯੂਰਪ ਅਤੇ ਸੰਯੁਕਤ ਰਾਜਾਂ ਵਿੱਚ ਪਲਰਿਆ ਅਤੇ ਯਾਸਨਾਯਾ ਪੋਲੀਆਨਾ ਸਮੁੱਚੇ ਸੰਸਾਰ ਲਈ ਤੀਰਥ ਸਥਾਨ ਬਣ ਗਿਆ।

     ਅਖੀਰ ਵਿੱਚ ਤਾਲਸਤਾਏ ਫਿਰ ਗਲਪ ਰਚਨਾ ਵੱਲ ਪਰਤਿਆ। ਉਸ ਨੇ ਆਪਣੇ ਧਾਰਮਿਕ ਵਿਚਾਰਾਂ ਨੂੰ ਪ੍ਰਤਿਬਿੰਬਤ ਕਰਦੇ ਦੋ ਲਘੂ ਨਾਵਲ ਸਮਰਟ ਈਵਾਨਾ ਇਲੀਚਾ (ਇਵਾਨ ਦੀ ਮੌਤ) ਅਤੇ ਮਾਸਟਰ ਐਂਡ ਮੈਨ (1895) ਲਿਖੇ। ਨਾਵਲਿਟ ਕਰੀਤਜ਼ਰ ਸੋਨਾਤਾ (1889) ਵਿੱਚ ਦੁਨਿਆਵੀ ਪਵਿੱਤਰਤਾ ਦੀ ਪੁਰਜ਼ੋਰ ਵਕਾਲਤ ਅਤੇ ਕਾਮੁਕਤਾ ਦੇ ਮਾਰੂ ਪ੍ਰਭਾਵਾਂ ਦੀ ਚਰਚਾ ਕਰ ਕੇ ਉਸ ਨੇ ਰੂਸ ਵਿੱਚ ਤਹਿਲਕਾ ਮਚਾ ਦਿੱਤਾ। 1899 ਵਿੱਚ ਪ੍ਰਕਾਸ਼ਿਤ ਉਸ ਦਾ ਨਾਵਲ ਵੋਸਕਰੈਸਨੀਯ (ਮੋਇਆਂ ਦੀ ਜਾਗ), ਆਪਣੀ ਜ਼ਮੀਰ ਦੇ ਪਿੱਛੇ ਲੱਗ ਕੇ ਆਪਣੇ ਸਮਾਜਿਕ ਰੁਤਬੇ ਅਤੇ ਜ਼ਾਇਦਾਦ ਨੂੰ ਛੱਡ ਦੇਣ ਵਾਲੇ ਇੱਕ ਨਾਇਕ ਦਾ ਵਰਣਨ ਕਰਦਾ ਹੈ। ਉਸ ਦੀ ਅਖੀਰੀ ਗਲਪ ਰਚਨਾ ਹਾਜੀ ਮੁਰਾਦ (1911) ਕੌਕਾਸਿਸ ਦੇ ਜੀਵਨ ਨਾਲ ਸੰਬੰਧਿਤ ਹੈ।

     ਤਾਲਸਤਾਏ ਨੇ ਖ਼ੁਦ ਵੀ ਨਵੇਂ ਵਿਸ਼ਵਾਸਾਂ ਨੂੰ ਧਾਰਨ ਕਰਨ ਦਾ ਯਤਨ ਕੀਤਾ ਅਤੇ ਦੁਨਿਆਵੀ ਇੱਛਾਵਾਂ ਨੂੰ ਤਿਆਗ ਦਿੱਤਾ। ਉਸ ਦੀ ਵਿਆਹੁਤਾ ਜ਼ਿੰਦਗੀ ਇੱਕ ਤਿੱਖੇ ਤਣਾਉ ਦਾ ਸੰਤਾਪ ਝੱਲਦੀ ਹੈ। ਨਵੰਬਰ 1910 ਵਿੱਚ ਪਤੀ-ਪਤਨੀ ਦੇ ਆਪਸੀ ਸੰਬੰਧ ਏਨੇ ਤਣਾਉਗ੍ਰਸਤ ਹੋ ਗਏ ਕਿ ਬਿਹਤਰੀ ਲਈ ਉਸ ਨੇ ਘਰ ਨੂੰ ਛੱਡ ਦੇਣ ਦਾ ਫ਼ੈਸਲਾ ਕਰ ਲਿਆ। ਸਫ਼ਰ ਦੌਰਾਨ ਨਮੂਨੀਆ ਹੋਣ ਕਾਰਨ ਐਸਟਾਪੋਵੋ ਦੇ ਛੋਟੇ ਜਿਹੇ ਰੇਲਵੇ ਸਟੇਸ਼ਨ `ਤੇ ਉਸ ਦੀ ਮੌਤ ਹੋ ਗਈ।

     ਤਾਲਸਤਾਏ ਨੇ ਆਪਣੇ ਜੀਵਨ ਦੌਰਾਨ ਰੂਸ ਵਿੱਚ ਹੀ ਨਹੀਂ ਵਿਦੇਸ਼ਾਂ ਵਿੱਚ ਵੀ ਬਹੁਤ ਪ੍ਰਸਿੱਧੀ ਪ੍ਰਾਪਤ ਕੀਤੀ। ਪੱਛਮੀ ਆਲੋਚਕਾਂ ਨੇ ਮਨੋਵਿਗਿਆਨਿਕ ਯਥਾਰਥਵਾਦ ਅਤੇ ਉਸ ਦੀ ਦ੍ਰਿਸ਼ਟੀ ਦੀ ਵਿਸ਼ਾਲਤਾ ਕਰ ਕੇ ਉਸ ਦੀਆਂ ਰਚਨਾਵਾਂ ਦੀ ਬਹੁਤ ਸ਼ਲਾਘਾ ਕੀਤੀ। ਸ਼ਾਇਦ ਸਾਹਿਤਿਕ ਯਥਾਰਥਵਾਦ ਤਾਲਸਤਾਏ ਦੇ ਨਾਵਲਾਂ ਵਿੱਚ ਆਪਣੇ ਸਿਖਰ `ਤੇ ਸੀ ਪਰ ਉਸ ਦੇ ਮਨੋਵਿਗਿਆਨਿਕ ਵਿਸ਼ਲੇਸ਼ਣ ਨੇ ਮਗਰਲੇ ਸਾਹਿਤਕਾਰਾਂ ਦੀਆਂ ਰਚਨਾਵਾਂ ਉੱਤੇ ਬਹੁਤ ਗਹਿਰਾ ਪ੍ਰਭਾਵ ਪਾਇਆ। ਉਸ ਦੀਆਂ ਨੈਤਿਕ ਤੇ ਸਮਾਜਿਕ ਸਿੱਖਿਆਵਾਂ ਨੇ ਵੀਹਵੀਂ ਸਦੀ ਵਿੱਚ ਵੀ ਆਪਣੀ ਅਹਿਮੀਅਤ ਬਣਾਈ ਰੱਖੀ। ਅਧਿਆਤਮਿਕ ਤੇ ਰਾਜਨੀਤਿਕ ਨੇਤਾ ਮੋਹਨ ਦਾਸ ਕਰਮਚੰਦ ਗਾਂਧੀ ਨੇ ਬਰਤਾਨਵੀ ਸ਼ਾਸਨ ਦੇ ਵਿਰੁੱਧ ਸ਼ਾਂਤਮਈ ਵਿਦਰੋਹ ਲਈ ਤਾਲਸਤਾਏ ਦੇ ਵਿਚਾਰਾਂ ਨੂੰ ਅਪਣਾਇਆ ਅਤੇ ਅਮਲ ਵਿੱਚ ਲਿਆਂਦਾ।


ਲੇਖਕ : ਮਨਜੀਤ ਕੌਰ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 3027, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.