ਤੀਆਂ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਤੀਆਂ (ਨਾਂ,ਇ,ਬ) ਸਾਉਣ ਸੁਦੀ ਤੀਜ ਦਾ ਤਿਉਹਾਰ; ਇਸਤਰੀਆਂ ਵੱਲੋਂ ਪਿੰਡੋਂ ਬਾਹਰ ਇਕੱਠੀਆਂ ਹੋ ਕੇ ਪੀਂਘਾਂ ਝੂਟਣ, ਗਿੱਧਾ ਨੱਚਣ ਅਤੇ ਖੀਰ ਪੂੜੇ ਖਾ ਕੇ ਮਨਾਇਆ ਜਾਣ ਵਾਲਾ ਤਿਉਹਾਰ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 19173, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਤੀਆਂ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਤੀਆਂ [ਨਾਂਇ] (ਬਵ) ਸਾਉਣ ਮਹੀਨੇ ਦੀ ਤੀਜ ਤੋਂ ਸ਼ੁਰੂ ਹੋ ਕੇ ਸਾਰਾ ਮਹੀਨਾ ਚੱਲਣ ਵਾਲ਼ਾ ਕੁੜੀਆਂ ਦਾ ਤਿਉਹਾਰ; ਸਾਵੇਂ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 19155, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਤੀਆਂ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਤੀਆਂ. ਸੰਗ੍ਯਾ—ਸਾਵਨ ਸੁਦੀ ੩ ਦਾ ਤ੍ਯੋਹਾਰ, ਜਿਸ ਨੂੰ ਖ਼ਾ ਕਰਕੇ ਇਸਤ੍ਰੀਆਂ ਮਨਾਉਂਦੀਆਂ ਹਨ ਅਤੇ ਪਿੰਡ ਤੋਂ ਬਾਹਰ ਇਕੱਠੀਆਂ ਹੋਕੇ ਪੀਂਘਾਂ ਝੂਟਦੀਆਂ ਹਨ. ਤੀਜ ਤਿਥਿ ਅਤੇ ਤਿੰਨ ਦਿਨ ਉਤਸਵ ਰਹਿਣ ਕਰਕੇ ਤੀਆਂ ਸੰਗ੍ਯਾ ਹੈ. ਸੰਸਕ੍ਰਿਤ ਗ੍ਰੰਥਾਂ ਵਿੱਚ ਇਸ ਦਾ ਨਾਉਂ “ਗੌਰੀ ਤ੍ਰਿਤੀਯਾ” ਹੈ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 18883, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no
ਤੀਆਂ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਬਾਰਵੀਂ, ਭਾਸ਼ਾ ਵਿਭਾਗ ਪੰਜਾਬ
ਤੀਆਂ : ਪੰਜਾਬ ਮੇਲਿਆਂ ਤਿਉਹਾਰਾਂ ਦੀ ਧਰਤੀ ਹੈ। ਇਸ ਧਰਤੀ ਤੇ ਸੌਣ ਮਹੀਨੇ ਤੀਆਂ ਲਗਦੀਆਂ ਹਨ। ਤੀਆਂ ਪੰਜਾਬੀ ਮੁਟਿਆਰਾਂ ਦਾ ਤਿਉਹਾਰ ਹੈ। ਇਸ ਤਿਉਹਾਰ ਨੂੰ ਸਾਂਵੇ ਵੀ ਕਿਹਾ ਜਾਂਦਾ ਹੈ। ਸਾਂਵੇਂ ਇਸ ਦਾ ਨਾਂ ਇਸ ਲਈ ਪਿਆ ਹੈ ਕਿਉਂਕਿ ਇਹ ਤਿਉਹਾਰ ਸਾਵਣ ਦੇ ਮਹੀਨੇ ਮਨਾਇਆ ਜਾਂਦਾ ਹੈ।‘ਤੀਆਂ’ ਇਸ ਨੂੰ ਇਸ ਲਈ ਕਿਹਾ ਜਾਂਦਾ ਹੈ ਕਿ ਇਹ ਸਾਵਣ ਦੇ ਮਹੀਨੇ ਦੀ ਸੁਦੀ ਤਿੱਥ ਦੀ ਤੀਜੀ ਤਾਰੀਖ ਤੋਂ ਸ਼ੁਰੂ ਹੁੰਦਾ ਹੈ ਅਤੇ ਪੂਰਨਮਾਸ਼ੀ ਤਕ ਰਹਿੰਦਾ ਹੈ। ਸਾਵਣ ਦੇ ਮਹੀਨੇ ਸਹੁਰੀਂ ਬੈਠੀ ਕੁੜੀ ਵੀਰੇ ਨੂੰ ਉਡੀਕਦੀ ਔਂਸੀਆਂ ਪਾਉਂਦੀ ਹੈ ਤੀਆਂ ਮਨਾਉਣ ਲਈ ਕੁੜੀਆਂ ਪੇਕੇ ਘਰ ਜ਼ਰੂਰ ਆਉਦੀਆਂ ਹਨ ਇਸ ਮੌਕੇ ਤੇ ਦੂਰ ਦੁਰਾਡੀਆਂ ਥਾਵਾਂ ਤੇ ਬੈਠੀਆਂ ਕੁੜੀਆਂ ਮੁੜ ਮਿਲ ਪੈਦੀਆਂ ਹਨ ਅਤੇ ਬਚਪਨ ਦੀਆਂ ਯਾਦਾਂ ਤਾਜ਼ਾ ਹੋ ਜਾਂਦੀਆਂ ਹਨ।
ਪਿੰਡ ਦੀਆਂ ਕੁੜੀਆਂ-ਚਿੜੀਆਂ ਗਿੱਧਾ ਪਾ ਕੇ ਅਤੇ ਪੀਘਾਂ ਝੂਟ ਕੇ ਤੀਆਂ ਮਨਾਉਦੀਆਂ ਹਨ। ਗਿੱਧਿਆਂ ਦੀ ਤਾਲ ਤੇ ਪੈਰਾਂ ਦੀ ਧਮਕ ਨਾਲ ਸਾਰੀ ਦੀ ਸਾਰੀ ਧਰਤੀ ਨੱਚ ਉਠਦੀ ਹੈ ਤੇ ਬੋਲੀਆਂ ਦੀ ਭਰਮਾਰ ਸ਼ੁਰੂ ਹੁੰਦੀ ਹੈ। ਗਿੱਧਾ ਆਮ ਤੌਰ ਤੇ ਪਿੰਡ ਦੇ ਬਾਹਰ ਕਿਸੇ ਵੱਡੇ ਪਿੱਪਲ ਜਾਂ ਬੋੋਹੜ ਦੇ ਦਰਖ਼ਤ ਹੇਠਾਂ ਕੁੜੀਆਂ ਇਕੱਠੀਆਂ ਹੋ ਕੇ ਪਾਉਂਦੀਆਂ ਹਨ। ਨੇੜੇ ਤੇੜੇ ਦੇ ਛੋਟੇ ਪਿੰਡਾਂ ਦੀਆਂ ਕੁੜੀਆਂ ਵੀ ਉਥੇ ਆ ਜਾਂਦੀਆਂ ਅਤੇ ਨੱਚਣ ਵਾਲੀਆਂ ਉਸੇ ਤਾਲ ਤੇ ਨਚਦੀਆਂ ਹਨ। ਗਿੱਧਾ ਪਾਉਣ ਵੇਲੇ ਕੁੜੀਆਂ ਘੇਰਾ ਘੱਤ ਕੇ ਖਲੋ ਜਾਂਦੀਆਂ ਹਨ। ਇਨ੍ਹਾਂ ਵਿਚੋਂ ਇਕ ਕੁੜੀ ਘੇਰੇ ਅੰਦਰ ਢੋਲਕੀ ਜਾਂ ਘੜਾ ਲੈ ਕੇ ਬੈਠ ਜਾਂਦੀ ਹੈ। ਢੋਲਕੀ ਵੱਜਦੀ ਹੈ ਤਾਂ ਕੁੜੀਆਂ ਬੋਲੀ ਪਾਉਂਦੀਆਂ ਹਨ।
ਸਾਉਣ ਮਹੀਨੇ ਘਾਹ ਹੋ ਚਲਿਆ
ਰੱਜਣ ਮੱਝੀਆਂ ਗਾਈਂ
ਗਿੱਧਿਆ ਪਿੰਡ ਵੜ ਵੇ
ਲਾਂਭ ਲਾਭ ਨਾ ਜਾਈਂ।
ਪਿੱਪਲ ਦਾ ਅਤੇ ਤੀਆਂ ਦਾ ਆਪਸੀ ਰਿਸ਼ਤਾ ਬੜਾ ਡੂੰਘਾ ਹੈ। ਇਹ ਰਿਸ਼ਤਾ ਪਿੰਡ ਦੇ ਬਜ਼ੁਰਗਾਂ ਨਾਲ ਵੀ ਜੁੜਿਆ ਹੋਇਆ ਹੈ ਕਿਉਂਕਿ ਬਜ਼ੁਰਗ ਬੁੱਢੇ ਪਿਪਲਾਂ ਹੇਠ ਬੈਠ ਕੇ ਆਪਣੀ ਜਵਾਨੀ ਦੀਆਂ ਗੱਲਾਂ ਕਰਦੇ ਹਨ। ਪਿੰਡ ਦੀਆਂ ਕੁੜੀਆਂ-ਚਿੜੀਆਂ ਨੱਚਦੀਆਂ-ਟੱਪਦੀਆਂ ਬੋਲੀ ਪਾਉਦੀਆਂ ਹਨ।
ਬੁੜਿਆਂ ਬਾਝ ਨਾ ਸੋਂਹਦੇ ਪਿੱਪਲ
ਬਾਗਾਂ ਬਾਝ ਫਲਾਹੀਆਂ
ਹੰਸਾਂ ਨਾਲ ਹਮੇਲਾਂ ਸੁਹੰਦੀਆਂ
ਬੰਦਾਂ ਨਾਲ ਗਜਰਾਈਆਂ
ਧੰਨ ਭਾਗ ਮੇਰਾ ਆਖੇ ਪਿੱਪਲ
ਕੁੜੀਆਂ ਪੀਘਾਂ ਪਾਈਆਂ
ਸੌਣ ਵਿਚ ਕੁੜੀਆਂ ਨੇ
ਪੀਘਾਂ ਖੂਬ ਚੜ੍ਹਾਈਆਂ
ਤੀਆਂ ਤੋਂ ਇਕ ਦਿਨ ਪਹਿਲਾਂ ਦੂਜ ਦੀ ਰਾਤ ਨੂੰ ਸਭ ਔਰਤਾਂ, ਕੁੜੀਆਂ, ਮੁਟਿਆਰਾਂ ਸ਼ਗਨ ਵਜੋਂ ਆਪਣੇ ਹੱਥਾਂ ਤੇ ਪੈਰਾਂ ਤੇ ਮਹਿੰਦੀ ਲਾਉਂਦੀਆਂ ਹਨ। ਇਸ ਦੂਜ ਦੀ ਰਾਤ ਨੂੰ ਮਹਿੰਦੀ ਵਾਲੀ ਰਾਤ ਵੀ ਕਿਹਾ ਜਾਂਦਾ ਹੈ। ਇਹ ਮਹਿੰਦੀ ਉਨ੍ਹਾਂ ਦੇ ਹੱਥਾਂ ਤੇ ਸਾਰੀ ਰਾਤ ਲੱਗੀ ਰਹਿੰਦੀ ਹੈ। ਅਗਲੇ ਦਿਨ ਸਵੇਰੇ ਉਠ ਕੇ ਹੱਥਾਂ ਤੇ ਸਰ੍ਹੋਂ ਦੇ ਤੇਲ ਪਾ ਕੇ ਸੁੱਕੀ ਮਹਿੰਦੀ ਨੂੰ ਮਲ ਮਲ ਕੇ ਲਾਹਿਆ ਜਾਂਦਾ ਹੈ। ਕੁੜੀਆਂ ਦੇ ਦਿਲਾਂ ਵਿਚ ਇਹ ਗੱਲ ਬਿਠਾਈ ਜਾਂਦੀ ਹੈ ਕਿ ਜਿਸ ਦੇ ਹੱਥਾਂ ਤੇ ਜਿੰਨੀ ਜ਼ਿਆਦਾ ਗੂੜ੍ਹੀ ਮਹਿੰਦੀ ਚੜ੍ਹਦੀ ਹੈ ਉਹ ਆਪਣੀ ਸੱਸ ਨੂੰ ਉਤਨੀ ਹੀ ਜ਼ਿਆਦਾ ਪਿਆਰੀ ਹੁੰਦੀ ਹੈ।
ਤੀਜ ਵਾਲੇ ਦਿਨ ਅਰਥਾਤ ਤੀਆਂ ਦੇ ਪਹਿਲੇ ਦਿਨ ਦੁਪਹਿਰ ਢਲਣ ਸਾਰ ਸਭ ਕੁੜੀਆਂ ਪਹਿਨ ਪੱਚਰ ਕੇ, ਸਜ ਧੱਜ ਕੇ, ਸਿਰ ਗੁੰਦਾ ਕੇ, ਲੱਜਾਂ-ਰੱਸੇ ਚੁੱਕ ਕੇ, ਤੀਆਂ ਦੇ ਪਿੜ ਵੱਲ ਨੂੰ ਜਾਂਦੀਆਂ ਹਨ। ਤੀਆਂ ਦਾ ਪਿੜ ਪਿੰਡ ਦੇ ਬਾਹਰਵਾਰ ਛਾਂਦਾਰ ਰੁੱਖਾਂ ਖ਼ਾਸ ਕਰਕੇ ਪਿੱਪਲਾਂ ਅਤੇ ਬੋਹੜਾਂ ਹੇਠ ਖੁਲ੍ਹੀ ਥਾਂ ਤੇ ਹੁੰਦਾ ਹੈ। ਪੀਘਾਂ ਦੇ ਹੁਲਾਰਿਆਂ ਨਾਲ ਰੁੱਖ, ਬੂਟੇ ਤੇ ਧਰਤੀ ਵੀ ਨੱਚ ਤੇ ਝੂਮ ਉਠਦੇ ਹਨ। ਨਨਾਣਾਂ, ਭਰਜਾਈਆਂ, ਭੈਣਾਂ, ਭੂਆ, ਭਤੀਜੀਆਂ, ਇਕੋ ਜਿਹੇ ਹਾਣ ਦੀਆਂ ਇੱਕਠੀਆਂ ਪੀਘਾਂ ਝੂਟਦੀਆਂ ਹਨ। ਪੀਂਘ ਚੜ੍ਹਾਉਂਦੀ ਹਰ ਕੁੜੀ ਆਪਣੇ ਹੱਥਾਂ ਜਾਂ ਦੰਦਾਂ ਨਾਲ ਦਰਖ਼ਤ ਦੀ ਟੀਸੀ ਤੋਂ ਪੱਤਾ ਤੋੜਨਾ ਚਾਹੁੰਦੀ ਹੈ। ਪੀਘਾਂ ਝੂਟਦੀਆਂ ਤੇ ਪੀਘਾਂ ਦੁਆਲੇ ਜੁੜੀਆਂ ਕੁੜੀਆਂ ਲੰਮੀ ਹੇਕ ਨਾਲ, ਨੇੜੇ ਢੁੱਕ ਢੁੱਕ ਕੇ, ਠੋਡੀ ਤੇ ਹੱਥ ਰੱਖ ਕੇ ਆਪਸ ਵਿਚ ਲੰਮੀ ਹੇਕ ਨਾਲ ਗੀਤ ਗਾਉਂਦੀਆਂ ਹਨ। ਇਹ ਗੀਤ ਵਿਛੋੜੇ, ਪਿਆਰ, ਵੀਰਾਂ ਅਤੇ ਭੈਣਾਂ, ਬਾਬਲ, ਸੱਸ ਨੂੰ ਮਿਹਣਿਆਂ ਭਰੇ, ਭਰਜਾਈਆਂ ਨੂੰ ਤਾਹਨਿਆਂ ਭਰੇ, ਅਤੇ ਦਰਾਣੀਆਂ ਜਠਾਣੀਆਂ ਨੂੰ ਮਿਹਣਿਆਂ ਭਰੇ ਹੁੰਦੇ ਹਨ।
ਤੀਆਂ ਦੇ ਗਿੱਧੇ ਵਿਚ ਜਵਾਨੀ ਵਿਚ ਮਾਣ-ਮੱਤੀਆਂ ਨੱਢੀਆਂ ਲੋਰ ਵਿਚ ਆ ਕੇ ਨੱਚਦੀਆਂ, ਭੰਬੀਰੀ ਵਾਂਗ ਘੂਕਦੀਆਂ, ਜਜ਼ਬਾਤੀ ਰੌਂਅ ਵਿਚ ਚੁਲਬੁਲੀਆਂ ਬੋਲੀਆਂ ਪਾਉਂਦੀਆਂ ਹਨ,
‘‘ਮੈਂ ਤਾਂ ਭੇਜਿਆ ਸੀ ਖੇਤਾਂ ਦੀ ਰਾਖੀ
ਉਥੇ ਹੀ ਡੇਰਾ ਲਾ ਲਿਆ।
ਜੈ ਵੱਢੀ ਦਾ ਟਿੱਡੀ ਦਲ ਨੇ ਖਾ ਲਿਆ।’’
‘‘ਸਾਰੇ ਤਾਂ ਗਹਿਣੇ ਮੇਰਾ ਮਾਪਿਆਂ ਨੇ ਪਾਏ
ਇਕੋ ਤਵੀਤ ਇਹਦੇ ਘਰ ਦਾ ਨੀ
ਜਦੋਂ ਲੜਦਾ ਤਾਂ ਲਾਹਦੇ ਲਾਹਦੇ ਕਰਦਾ ਨੀ ।’’
ਜਿਨ੍ਹਾਂ ਔਰਤਾਂ ਦੇ ਕੰਤ ਪਰਦੇਸ ਗਏ ਹੁੰਦੇ ਹਨ ਉਨ੍ਹਾਂ ਦੇ ਵਿਛੋੜੇ ਦਾ ਦੁਖ ਤੇ ਯਾਦ ਤੜਪਾ ਕੇ ਰਖ ਦਿੰਦੀ ਹੈ। ਪਤੀ ਦੇ ਵਿਛੋੜੇ ਵਿਚ ਪੰਜਾਬੀ ਮੁਟਿਆਰ ਬੋਲੀ ਪਾਉਂਦੀ ਹੈ।
‘‘ਮਾਹੀ ਮੇਰੇ ਦਾ ਪਕਿਆ ਬਾਜਰਾ
ਤੁਰ ਪਈ ਗੋਪੀਆ ਫੜ ਕੇ
ਖੇਤ ’ਚ ਜਾ ਕੇ ਹੂਕਰ ਮਾਰੀ
ਸਿਖਰ ਬੰਨੇ ਤੇ ਚੜ੍ਹ ਕੇ
ਵੇ ਟੁਰ ਪਰਦੇਸ ਗਿਉਂ
ਦਿਲ ਮੇਰੇ ਵਿਚ ਵਸਕੇ ।’’
‘‘ਹੋਰਨਾਂ ਦੇ ਮਾਹੀਏ ਤੀਆਂ ਵੇਖਣ
ਮੇਰਾ ਚੁਗੇ ਕਪਾਹ
ਵੇ ਤੂੰ ਰਾਹ ਨਹੀਂ ਜਾਣਦਾ
ਤੀਆਂ ਵੇਖਣ ਆ ।’’
ਕੁਆਰੀਆਂ ਕੁੜੀਆਂ ਆਪਣੇ ਦਿਲ ਦੀ ਭੜਾਸ ਇਹ ਬੋਲੀ ਪਾ ਕੇ ਕੱਢਦੀਆਂ ਹਨ :
‘‘ਬਾਰੀ ਬਰਸੀ ਖਟਣ ਗਿਆ ਸੀ
ਖਟ ਕੇ ਲਿਆਂਦੀ ਲੋਈ
ਮੈਨੂੰ ਵਿਆਹ ਦੇ ਅੰਮੀਏ
ਮੈਂ ਤਾਂ ਕੋਠੇ ਜੇਡੀ ਹੋਈ’’
ਸੌਣ ਦੇ ਮਹੀਨੇ ਮੀਂਹ ਵਰ੍ਹਦਾ ਹੈ। ਕੁੜੀਆਂ ਇੱਕਠੀਆਂ ਹੋ ਕੇ ਬੈਠਦੀਆਂ ਹਨ। ਸੱਸਾਂ, ਨਨਾਣਾਂ, ਦਿਉਰਾਂ ਅਤੇ ਜੇਠਾਂ ਦੀਆਂ ਗੱਲਾਂ ਕਰਦੀਆਂ ਹਨ। ਗੱਲਾਂ ਗੱਲਾਂ ਵਿਚ ਪੇਕਿਆਂ ਦੀਆਂ ਸਿਫ਼ਤਾਂ ਅਤੇ ਸੁਹਰਿਆਂ ਦੀਆਂ ਨਿਘੋਚਾਂ ਕੱਢੀਆਂ ਜਾਂਦੀਆਂ ਹਨ। ਗੱਲਾਂ ਦਾ ਸਿਲਸਿਲਾ ਮੁਕਣ ਦੀ ਬਜਾਏ ਦੂਣ ਸਵਾਇਆ ਹੁੰਦਾ ਜਾਂਦਾ ਹੈ। ਸਾਉਣ ਵਿਚ ਗੁਲਗੁਲੇ, ‘ਮਾਲ੍ਹ-ਪੂੜੇ, ਮੱਠੀਆਂ, ਸੇਵੀਆਂ ਦਲੀਆ, ਕੜਾਹ ਆਦਿ ਪਕਾਉਣ ਖਾਣ ਦਾ ਦੌਰ ਦੇਰ ਰਾਤ ਤਕ ਚਲਦਾ ਰਹਿੰਦਾ ਹੈ। ਤੀਆਂ ਤੇ ਪੇਕੇ ਘਰ ਨਾ ਆਉਣ ਵਾਲੀਆਂ ਕੁੜੀਆਂ ਨੂੰ ਇਨ੍ਹਾਂ ਵਿਚੋਂ ਕਈ ਪਕਵਾਨ ਸੰਧਾਰਿਆਂ ਦੇ ਰੂਪ ਵਿਚ ਸਹੁਰੇ ਭੇਜੇ ਜਾਂਦੇ ਹਨ। ਸਾਉਣ ਮਹੀਨੇ ਖੀਰ ਖਾਣਾ ਸ਼ਗਨ ਸਮਝਿਆ ਜਾਂਦਾ ਹੈ :
‘ਸੌਣ ਖੀਰ ਨਾ ਖਾਧੀਆ
ਜਗ ਕਿਉ ਜੰਮਿਓ ਅਪਰਾਧੀਆ ।’’
ਤੀਆਂ ਦੇ ਛੇਕੜਲੇ ਦਿਨਾਂ ਵਿਚ ਨਵੀਆਂ ਵਿਆਹੀਆਂ ਕੁੜੀਆਂ ਦੇ ਪ੍ਰਾਹੁਣੇ ਲੈਣ ਆਉਂਦੇ ਹਨ– ਉਹ ਚੋਰੀ ਛਿਪੇ ਜਾਂ ਸੈਦਕੀ ਤੀਆਂ ਦਾ ਪੈਂਦਾ ਗਿੱਧਾ ਦੇਖਣ ਆਉਂਦੇ ਹਨ ਤਾਂ ਕੁੜੀਆਂ ਬੋਲੀ ਪਾਉਂਦੀਆਂ ਹਨ :
‘‘ਤੀਆਂ ਦੇ ਦਿਨ ਥੋੜ੍ਹੇ ਰਹਿ ਗਏ
ਮੀਂਹ ਪੈਂਦਾ ਕਿਣ ਮਿਣ ਦਾਣੇ
ਸੀਸ ਗੁੰਦਾ ਲੋ ਪਾ ਲੋ ਡੋਰੀ
ਰੰਗ ਲਓ ਸੂਹੇ ਬਾਣੇ
ਤੀਆਂ ਦੇਖਣ ਆਉਣ ਪ੍ਰਾਹੁਣੇ
ਬਣ ਕੇ ਇੰਦਰ ਰਾਣੇ
ਅੜੀਓ ਪਰਸੋਂ ਨੂੰ
ਅਸੀਂ ਗੁੜ ਦੇ ਪੂੜੇ ਪਕਾਣੇ।’’
ਜਿਥੇ ਕੁੜੀਆਂ ਬੋਲੀਆਂ ਵਿਚ ਸੱਸ-ਸਹੁਰੇ, ਮਾਂ-ਪਿਓ, ਭਾਬੀਆਂ, ਵੀਰਾਂ ਦਿਉਰਾਂ ਦੇ ਗੁਣਗਾਣ ਕਰਦੀਆਂ ਅਤੇ ਸਹੁਰਿਆਂ ਨੂੰ ਤਾਹਨੇ-ਮਿਹਣੇ ਮਾਰਦੀਆਂ ਨੇ, ਉਥੇ ਪਿੰਡ ਦੇ ਬਾਣੀਏ, ਨਾਈ, ਨੈਣ ਆਦਿ ਨੂੰ ਵੀ ਨਹੀਂ ਬਖਸ਼ਦੀਆਂ।
‘‘ਸੌਣ ਵਿਚ ਤਾਂ ਲੁਟਦੇ ਬਾਣੀਏ
ਨਵੀਆਂ ਹਟੀਆਂ ਪਾ ਕੇ
ਅੱਗੇ ਤਾਂ ਗੁੜ ਧੜੀਏ ਵਿਕਦਾ
ਹੁਣ ਕਿਉਂ ਦੇਣ ਘਟਾ ਕੇ
ਕੁੜੀਆਂ ਮੁੰਡੇ ਜਿੱਦ ਪਏ ਕਰਦੇ
ਪੁੂੜੇ ਦਿਉ ਪਕਾ ਕੇ
ਬਾਣੀਓ ਤਰਸ ਕਰੋ
ਗੁੜ ਵੇਚੋ ਭਾਅ ਘਟਾ ਕੇ ।’’
ਜਿਉਂ ਜਿਉ ਗਿੱਧਾ ਮਚਦਾ ਏ ਤਾਂ ਮੁਟਿਆਰਾਂ ਵਾਰੋ ਵਾਰੀ ਗਿੱਧੇ ਦੇ ਘੇਰੇ ’ਚ ਨੱਚਦੀਆਂ ਦੂਹਰੀਆਂ-ਤੀਹਰੀਆਂ ਹੋ ਜਾਂਦੀਆਂ ਹਨ। ਤੀਆਂ ਦੇ ਇਹ ਪੰਦਰਾਂ ਦਿਨ ਜਵਾਨ ਪੰਜਾਬਣ ਲਈ ਵਿਆਹ ਵਾਂਗ ਬੀਤਦੇ ਹਨ। ਪੁੰਨਿਆਂ ਵਾਲੇ ਦਿਨ ਹੱਥਾਂ ਦੀ ਮਹਿੰਦੀ ਉਦਾਸ ਹੋ ਜਾਂਦੀ ਹੈ। ਅਖੀਰਲੇ ਦਿਨ ਬਾਲ੍ਹੋ ਪਾਈ ਜਾਂਦੀ ਹੈ ਅਰਥਾਤ ਤੀਆਂ ਨੂੰ ਵਿਦਾ ਕੀਤਾ ਜਾਂਦਾ ਹੈ। ਇਕ ਗੜ੍ਹਵੀ ਵਿਚ ਪਾਣੀ ਪਾ ਕੇ ਤੇ ਪਾਣੀ ਵਿਚ ਦੱਬ (ਘਾਹ) ਪਾ ਕੇ ਕੁੜੀਆਂ ਗੀਤ ਗਾਉਂਦੀਆਂ ਹਨ –
ਤੀਆਂ ਤੀਜ ਦੀਆਂ
ਵਰ੍ਹੇ ਦਿਨਾਂ ਨੂੰ ਫੇਰ
ਕੁੜੀਆਂ ਗੜਵੀ ਵਿਚਲੇ ਪਾਣੀ ਦਾ ਛਿੱਟਾ ਘਰ ਦੀ ਦਹਿਲੀਜ਼ ਤੇ ਦਿੰਦੀਆਂ ਹਨ। ਇਸ ਤਰ੍ਹਾਂ ਤੀਆਂ ਦਾ ਭਰਿਆ ਮੇਲਾ ਅਗਲੇ ਸਾਲ ਲਈ ਵਿਦਾ ਹੋ ਜਾਂਦਾ ਹੈ
‘‘ਤੀਆਂ ਸੌਣ ਦੀਆਂ
ਭਾਦੋਂ ਦੇ ਮੁਕਲਾਵੇ
ਸੌਣ ਵੀਰ ਇਕੱਠੀਆਂ ਕਰੇ
ਭਾਦੋਂ ਚੰਦਰੀ ਵਿਛੋੜੇ ਪਾਵੇ ।’’
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਬਾਰਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 14223, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2017-03-21-02-06-54, ਹਵਾਲੇ/ਟਿੱਪਣੀਆਂ: ਹ. ਪੁ. –ਪੰਜਾਬ -ਮਹਿੰਦਰ ਸਿੰਘ ਰੰਧਾਵਾ; ਗਿੱਧਾ – ਦੇਵਿੰਦਰ ਸਤਿਆਰਥੀ; ਪੰਜਾਬੀ ਲੋਕ ਗੀਤ – ਡਾ. ਨਾਹਰ ਸਿੰਘ; ਪੰ.ਸੰਦ.ਕੋ.–ਡਾ. ਜੱਗੀ
ਤੀਆਂ ਸਰੋਤ :
ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ
ਤੀਆਂ : ਪੰਜਾਬ ਦਾ ਇਕ ਮੌਸਮੀ ਤਿਉਹਾਰ ਹੈ ਜਿਹੜਾ ਸਾਵਣ ਦੇ ਚਾਨਣ ਪੱਖ ਦੀ ਤੀਜੀ ਤਿੱਥ ਨੂੰ ਮਨਾਇਆ ਜਾਂਦਾ ਹੈ ਅਤੇ ਕੁੜੀਆਂ (ਵਿਆਹੀਆਂ ਅਤੇ ਕੁਆਰੀਆਂ) ਇਸ ਦਿਨ ਨੱਚ ਗਾ ਕੇ ਆਪਣੇ ਮਨ ਦੀਆਂ ਸਧਰਾਂ ਨੂੰ ਖੁਲ੍ਹ ਕੇ ਪ੍ਰਗਟ ਕਰਦੀਆਂ ਹਨ। ਮਰਦਾਂ ਨੂੰ ਇਸ ਵਿਚ ਸ਼ਾਮਲ ਨਹੀਂ ਕੀਤਾ ਜਾਂਦਾ ਪਰ ਉਹ ਲੁਕ ਛਿਪ ਕੇ ਦੂਰੋਂ ਦੂਰੋਂ ਹੀ ਇਸ ਦੀ ਰੌਣਕ ਦਾ ਅਨੰਦ ਮਾਣਦੇ ਹਨ।
ਤੀਆਂ ਆਰੰਭ ਹੋਣ ਤੋਂ ਪਹਿਲਾਂ ਭਰਾ ਆਪਣੀਆਂ ਭੈਣਾ ਨੂੰ ਸਹੁਰੇ ਘਰੋਂ ਲੈ ਆਉਂਦੇ ਹਨ ਪਰ ਜਿਹੜੀਆਂ ਕੁੜੀਆਂ ਆਪਣੀ ਕਿਸੇ ਪਰਿਵਾਰਕ ਮਜਬੂਰੀ ਕਾਰਨ ਪੇਕੇ ਨਹੀਂ ਆ ਸਕਦੀਆਂ ਉਨ੍ਹਾਂ ਨੂੰ ਪੇਕੇ ‘ਸੰਧਾਰਾ’ ਭੇਜਦੇ ਹਨ ਜਿਸ ਵਿਚ ਮਹਿੰਦੀ, ਵੰਗਾਂ, ਪਰਾਂਦਾ ਅਤੇ ਕਈ ਵਾਰੀ ਸੋਨੇ ਜਾਂ ਚਾਂਦੀ ਦਾ ਕੋਈ ਜ਼ੇਵਰ ਵੀ ਸ਼ਾਮਲ ਹੁੰਦਾ ਹੈ। ਅਣਮੁਕਲਾਈਆਂ ਕੁੜੀਆਂ ਨੂੰ ਉਨ੍ਹਾਂ ਦੇ ਸਹੁਰੇ ਘਰੋਂ ‘ਸੰਧਾਰਾ’ ਆਉਂਦਾ ਹੈ। ਸੰਧਾਰੇ ਵਿਚਲੀਆਂ ਵਸਤਾਂ ਆਪਣੀ ਆਪਣੀ ਆਰਥਿਕ ਸਥਿਤੀ ਦੇ ਅਨੁਕੂਲ ਹੁੰਦੀਆਂ ਹਨ। ਜਿਸ ਕੁੜੀ ਦੇ ਪੇਕਿਓਂ ਸੰਧਾਰੇ ਵਿਚ ਕੀਮਤੀ ਸਮਾਨ ਆਵੇ ਉਸ ਦੀ ਸਹੁਰੇ ਘਰ ਬੜੀ ਸ਼ਾਨ ਹੁੰਦੀ ਹੈ :-
ਲੌਂਗ ਪੇਕਿਆਂ ਸੰਧਾਰੇ ਵਿਚ ਘਲਿਆ , ਸੂਰਜੇ ਦਾ ਨਗ ਜੜਿਆ।
ਪਿੰਡ ਸਹੁਰਿਆਂ ਦੇ ਬੈਠੀ ਜਦੋਂ ਪਾ ਕੇ, ਸ਼ਰੀਕਣੀ ਦੇ ਸੱਪ ਲੜਿਆ।
ਤੀਆਂ ਤੋਂ ਇਕ ਦਿਨ ਪਹਿਲਾਂ ਕੁੜੀਆਂ ਮਹਿੰਦੀ ਲਗਾਉਂਦੀਆਂ ਹਨ ਅਤੇ ਰੰਗ ਬਰੰਗੀਆਂ ਵੰਗਾਂ ਪਹਿਨਦੀਆਂ ਹਨ। ਤੀਆਂ ਵਾਲੇ ਦਿਨ ਰੱਜ ਕੇ ਗਿੱਧਾ ਪਾਉਂਦੀਆਂ ਹਨ, ਗੀਤ ਗਾਉਂਦੀਆਂ ਹਨ ਅਤੇ ਦਰਖ਼ਤਾਂ ਉੰਤੇ ਪੀਘਾਂ ਪਾ ਕੇ ਝੂਟਦੀਆਂ ਹਨ :
ਸਾਉਣ ਮਹੀਨੇ ਬੱਦਲ ਪੈਂਦਾ ਨਿੰਮੀਆਂ ਪੈਣ ਫੁਹਾਰਾਂ ।
ਕੱਠੀਆਂ ਹੋ ਕੇ ਆਈਆਂ ਗਿੱਧੇ ਵਿਚ ਇਕੋ ਜਿਹੀਆਂ ਮੁਟਿਆਰਾਂ।
ਗਿੱਧੇ ਦੇ ਵਿਚ ਲਿਸ਼ਕਣ ਏਦਾਂ ਜਿਉਂ ਸੋਨੇ ਦੀਆਂ ਤਾਰਾਂ।
ਦੂਹਰੀਆਂ ਹੋ ਕੇ ਨੱਚਣ ਲੱਗੀਆਂ ਜਿਉਂ ਕੂੰਜਾਂ ਦੀਆਂ ਡਾਰਾਂ।
ਜ਼ੋਰ ਜੁਆਨੀ ਦਾ , ਲੁੱੱਟ ਲਉ ਮੌਜ ਬਹਾਰਾਂ।
ਇਹ ਤਿਉਹਾਰ ਤੇਰ੍ਹਾਂ ਦਿਨ ਚਲਦਾ ਹੈ। ਤੇਰ੍ਹਵੇਂ ਦਿਨ ਸਾਵਣ ਦੀ ਪੂਰਨਮਾਸ਼ੀ ਨੂੰ ਰੱਖੜੀ ਦਾ ਤਿਉਹਾਰ ਮਨਾਇਆ ਜਾਂਦਾ ਹੈ ਅਤੇ ਭੈਣਾਂ ਆਪਣੇ ਭਰਾਵਾਂ ਨੂੰ ਰੱਖੜੀ ਬੰਨ੍ਹਣ ਉਪਰੰਤ ਆਪਣੇ ਸਹੁਰੇ ਘਰ ਵਾਪਸ ਜਾਂਦੀਆਂ ਹਨ। ਇਸ ਦਿਨ ਘਰਾਂ ਵਿਚ ਬੜੇ ਪਕਵਾਨ ਬਣਦੇ ਹਨ ਅਤੇ ਕੁੜੀਆਂ ਨੂੰ ਲੈਣ ਆਏ ਜਵਾਈਆਂ ਦੀ ਖਾਤਰ ਦੇ ਨਾਲ ਨਾਲ ਉਨ੍ਹਾਂ ਨੂੰ ਨੇਗ ਵੀ ਦਿੱਤਾ ਜਾਂਦਾ ਹੈ।
ਉੱਤਰੀ ਭਾਰਤ ਵਿਚ ਇਸ ਨੂੰ ਹਰਿਆਲੀ ਤੀਜ ਅਤੇ ਰਾਜਸਥਾਨ ਵਿਚ ਗੌਰੀ ਤ੍ਰਿਤੀਯ ਵੀ ਕਿਹਾ ਜਾਂਦਾ ਹੈ। ਇਸ ਦਿਨ ਤੀਵੀਆਂ ਪਾਰਬਤੀ ਦੇ ਨਮਿਤ ਵਰਤ ਰੱਖਦੀਆਂ ਹਨ ਅਤੇ ਪੂਜਾ ਕਰਦੀਆਂ ਹਨ। ਰਾਤ ਨੂੰ ਸੱਤੂ ਦੇ ਪਿੰਨੇ ਨੂੰ ਕੱਟ ਕੇ ਉਸ ਉੱਤੇ ਨਿੰਬੂ ਨਿਚੋੜ ਕੇ ਪਤੀ ਪਤਨੀ ਦੋਵੇਂ ਹੀ ਖਾਂਦੇ ਹਨ।
ਪੱਛਮੀ ਪੰਜਾਬ ਵਿਚ ਇਸ ਨੂੰ ‘ਸਾਵਾ’ ਕਿਹਾ ਜਾਂਦਾ ਹੈ ਜਿਸ ਦਾ ਅਰਥ ਹਰਾ ਹੈ। ਸਾਵਣ ਦੀ ਹਰਿਆਲੀ ਨਾਲ ਸਬੰਧਤ ਹੋਣ ਕਰ ਕੇ ਇਸ ਦਿਨ ‘ਸਾਵੇ’ ਨਾਲ ਸਬੰਧਤ ਗੀਤ ਗਾਏ ਜਾਂਦੇ ਹਨ :-
ਆਏ ਸਾਵੇ ਸਬਜ਼ ਬਹਾਰਾਂ।
ਸਹੀਆਂ ਖੇਡਣ ਨਾਲ ਭਤਾਰਾਂ।
ਲੈ ਅੰਗ ਲਾਵਣ ਹਾਰ ਸ਼ੀਗਾਰਾਂ।
ਕੂਚੇ ਗਲੀ ਮਹਿਲ ਬਜ਼ਾਰਾਂ।
ਅਜੋਕੇ ਮਸ਼ੀਨੀ ਯੁਗ ਵਿਚ ਸ਼ਹਿਰਾਂ ਵਿਚ ਤੀਆਂ ਦੇ ਤਿਉਹਾਰ ਨਾਲ ਫੈ਼ਸਨਪ੍ਰਸਤੀ ਰਲ ਗਈ ਹੈ। ਇਹ ਤਿਉਹਾਰ ਤੇਰ੍ਹਾਂ ਦਿਨਾਂ ਦੀ ਥਾਂ ਸੁੰਗੜ ਕੇ ਕੁਝ ਘੰਟਿਆਂ ਦਾ ਹੀ ਰਹਿ ਗਿਆ ਹੈ ਜਿਹੜਾ ਇਸਤਰੀ ਕਲੱਬਾਂ ਵਿਚ ਮਹਿੰਦੀ, ਰੰਗੋਲੀ, ਜਾਂ ਫੈ਼ਸ਼ਨ ਦੀ ਕਿਸੇ ਵਿਧਾ ਨਾਲ ਸਬੰਧਤ ਕੋਈ ਮੁਕਾਬਲਾ ਕਰਵਾ ਕੇ ਮਨਾਇਆ ਜਾਂਦਾ ਹੈ ।
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 13631, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-01-22-12-01-42, ਹਵਾਲੇ/ਟਿੱਪਣੀਆਂ: ਹ. ਪੁ. –ਪੰ. ਲੋ. ਵਿ. ਕੋ. ਪੰ. ਸਾ. ਸੰ. ਕੋ. ਪੰ. ਦੁ (ਮੇਲੇ ਤੇ ਤਿਉਹਾਰ ਵਿਸ਼ੇਸ਼ ਅੰਕ) –ਭਾ. ਵਿ. ਪੰ.
ਵਿਚਾਰ / ਸੁਝਾਅ
Please Login First