ਤੇਜਾ ਸਿੰਘ ਭੁੱਚਰ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਤੇਜਾ ਸਿੰਘ ਭੁੱਚਰ (1887-1939 ਈ.): ਗੁਰਦੁਆਰਾ ਸੁਧਾਰ ਲਹਿਰ ਦੇ ਆਗੂਆਂ ਵਿਚੋਂ ਇਕ, ਜੱਥੇਦਾਰ ਤੇਜਾ ਸਿੰਘ ਭੁੱਚਰ ਦਾ ਜਨਮ 28 ਅਕਤੂਬਰ 1887 ਈ. ਨੂੰ ਸ. ਮੱਯਾ ਸਿੰਘ ਦੇ ਘਰ ਬੀਬੀ ਮਹਿਤਾਬ ਕੌਰ ਦੀ ਕੁੱਖੋਂ ਆਪਣੇ ਨਾਨਕੇ ਪਿੰਡ ‘ਮੀਏਂ ਕੇ ਮੌੜ ’ (ਜ਼ਿਲ੍ਹਾ ਲਾਹੌਰ) ਵਿਚ ਹੋਇਆ, ਪਰ ਇਸ ਦਾ ਜੱਦੀ ਪਿੰਡ ਅੰਮ੍ਰਿਤਸਰ ਜ਼ਿਲ੍ਹੇ ਦੀ ਤਰਨਤਾਰਨ ਤਹਿਸੀਲ ਵਿਚ ‘ਭੁੱਚਰ ਖ਼ੁਰਦ ’ ਸੀ। ਇਸ ਨੇ ਪਿੰਡ ਦੇ ਸਕੂਲੀ ਵਿਚ ਹੀ ਪੜ੍ਹਾਈ ਕੀਤੀ ਅਤੇ ਖੇਤੀ ਦੇ ਕੰਮ ਵਿਚ ਪਰਿਵਾਰ ਦੀ ਸਹਾਇਤਾ ਕੀਤੀ। ਸੰਨ 1918 ਈ. ਵਿਚ ‘ਸੈਂਟ੍ਰਲ ਮਾਝਾ ਖ਼ਾਲਸਾ ਦੀਵਾਨ ’ ਦੀ ਸਥਾਪਨਾ ਨਾਲ ਇਹ ਉਸ ਦਾ ਸਰਗਰਮ ਕਾਰਕੁਨ ਬਣਿਆ ਅਤੇ ਅੰਮ੍ਰਿਤ ਛਕਿਆ। ਇਸ ਦਾ ਅਧਿਕ ਰੁਝਾਨ ਗੁਰੂ-ਧਾਮਾਂ ਤੋਂ ਬ੍ਰਾਹਮਣੀ ਰੀਤਾਂ ਨੂੰ ਖ਼ਤਮ ਕਰਾਉਣ ਵਲ ਸੀ। ਮਾਰਚ 1919 ਈ. ਵਿਚ ਦੀਵਾਨ ਦੀ ਸਾਲਾਨਾ ਇਕਤਰਤਾ ਵਿਚ ਇਸ ਨੂੰ ਦੀਵਾਨ ਦਾ ਜੱਥੇਦਾਰ ਬਣਾਇਆ ਗਿਆ।
13 ਅਪ੍ਰੈਲ 1919 ਈ. ਨੂੰ ਜਲਿਆਂ ਵਾਲੇ ਬਾਗ਼ ਦੇ ਖ਼ੂਨੀ ਸਾਕੇ ਦੇ ਜ਼ਿੰਮੇਵਾਰ ਅੰਗ੍ਰੇਜ਼ ਬ੍ਰਿਗੇਡੀਅਰ ਜਨਰਲ ਡਾਇਰ ਨੂੰ ਅਕਾਲ ਤਖ਼ਤ ਦੇ ਸਰਬਰਾਹ ਵਲੋਂ ਸਿਰੋਪਾ ਦਿੱਤੇ ਜਾਣ ਕਾਰਣ ਸਿੱਖ ਜਗਤ ਬਹੁਤ ਦੁਖੀ ਹੋਇਆ। ਸਿਟੇ ਵਜੋਂ ਚਲਾਏ ਅੰਦੋਲਨ ਵਿਚ ਸੈਂਟ੍ਰਲ ਮਾਝਾ ਖ਼ਾਲਸਾ ਦੀਵਾਨ ਵਲੋਂ ਸਰਗਰਮ ਹਿੱਸਾ ਲਿਆ ਗਿਆ। ਇਸ ਨੇ 5-6 ਅਕਤੂਬਰ 1920 ਈ. ਨੂੰ ਆਪਣਾ ਜੱਥਾ ਲੈ ਜਾ ਕੇ ਸਿਆਲਕੋਟ ਵਿਚ ‘ਗੁਰਦੁਆਰਾ ਬਾਬੇ ਦੀ ਬੇਰ ’ ਨੂੰ ਆਜ਼ਾਦ ਕਰਾਇਆ। ਇਸ ਨੂੰ ਅਕਾਲ ਤਖ਼ਤ ਦਾ ਜੱਥੇਦਾਰ ਬਣਾਇਆ ਗਿਆ। ਇਸ ਤੋਂ ਬਾਦ 14 ਦਸੰਬਰ 1920 ਈ. ਨੂੰ ਬਣਾਏ ਗਏ ਸ਼੍ਰੋਮਣੀ ਅਕਾਲੀ ਦਲ ਵਿਚ ਇਹ ਸ਼ਾਮਲ ਹੋ ਗਿਆ ਅਤੇ 40 ਸਿੰਘਾਂ ਦਾ ਜੱਥਾ ਲੈ ਕੇ ਤਰਨਤਾਰਨ ਗਿਆ। 26 ਜਨਵਰੀ 1921 ਈ. ਨੂੰ ਇਸ ਨੇ ਗੁਰੂ-ਧਾਮ ਦਾ ਅਧਿਕਾਰ ਸੰਭਾਲ ਲਿਆ। ਫਿਰ ਪਿਸ਼ਾਵਰ ਦੇ ‘ਗੁਰਦੁਆਰਾ ਭਾਈ ਜੋਗਾ ਸਿੰਘ’ ਦਾ ਕਬਜ਼ਾ ਲਿਆ। 15 ਮਾਰਚ 1921 ਈ. ਨੂੰ ਇਸ ਨੂੰ ਹੋਰ ਅਕਾਲੀ ਕਾਰਕੁਨਾਂ ਨਾਲ ਗ੍ਰਿਫ਼ਤਾਰ ਕੀਤਾ ਗਿਆ ਅਤੇ ਨੌਂ ਸਾਲਾਂ ਦੀ ਸਜ਼ਾ ਦਿੱਤੀ ਗਈ , ਪਰ ਸਤੰਬਰ 1921 ਈ. ਵਿਚ ਸਜ਼ਾ ਦੇਣੀ ਰੋਕ ਦਿੱਤੀ ਗਈ। ਪਰ ਇਸ ਦੀ ਗ੍ਰਿਫ਼ਤਾਰੀ ਦੇ ਸਮੇਂ ਵਿਚ ਇਸ ਦੇ ਸਹਿਯੋਗੀਆਂ ਨੇ ਸੈਂਟ੍ਰਲ ਮਾਝਾ ਖ਼ਾਲਸਾ ਦੀਵਾਨ ਦੀ ਥਾਂ ‘ਗੜਗੱਜ ਅਕਾਲੀ ਦੀਵਾਨ’ ਨਾਂ ਦੀ ਸੰਸਥਾ ਬਣਾ ਕੇ ਇਸ ਨੂੰ ਗ਼ੈਰ-ਹਾਜ਼ਰੀ ਵਿਚ ਹੀ ਪ੍ਰਧਾਨ ਬਣਾ ਦਿੱਤਾ। ਇਸੇ ਦੌਰਾਨ ਗੁਰਦੁਆਰਿਆਂ ਨੂੰ ਆਜ਼ਾਦ ਕਰਾਉਣ ਲਈ ਪਹੁੰਚ-ਵਿਧੀ ਬਾਰੇ ਇਸ ਦਾ ਸ਼੍ਰੋਮਣੀ ਅਕਾਲੀ ਦਲ ਨਾਲ ਵਿਰੋਧ ਸ਼ੁਰੂ ਹੋ ਗਿਆ। ਜੇਲ੍ਹੋਂ ਮੁਕਤ ਹੋਣ ’ਤੇ ਪਟਿਆਲਾ-ਪਤਿ ਮਹਾਰਾਜਾ ਭੂਪਿੰਦਰ ਸਿੰਘ ਨੇ ਇਸ ਨੂੰ ਆਪਣੇ ਵਲ ਕਰਨਾ ਚਾਹਿਆ ਤਾਂ ਜੋ ਮਹਾਰਾਜੇ ਨੂੰ ਸਿੱਖ ਕੌਮ ਦਾ ਆਗੂ ਮੰਨ ਲਿਆ ਜਾਏ, ਪਰ ਗੱਲ ਸਿਰੇ ਨ ਚੜ੍ਹ ਸਕੀ। ਮਹਾਰਾਜੇ ਵਲੋਂ ਪ੍ਰਾਪਤ ਹੋਈ ਮਾਲੀ ਸਹਾਇਤਾ ਨਾਲ ਇਸ ਨੇ 22 ਫਰਵਰੀ 1922 ਈ. ਨੂੰ ‘ਗੜਗਜ ਅਕਾਲੀ’ ਨਾਂ ਦੀ ਅਖ਼ਬਾਰ ਕਢਣੀ ਸ਼ੁਰੂ ਕੀਤੀ।
15 ਜੂਨ 1923 ਈ. ਵਿਚ ਇਸ ਨੇ ‘ਬਬਰ ਸ਼ੇਰ’ ਨਾਂ ਦੀ ਪਤ੍ਰਿਕਾ ਵੀ ਜਾਰੀ ਕੀਤੀ ਜਿਨ੍ਹਾਂ ਰਾਹੀਂ ਇਸ ਨੇ ਸ਼੍ਰੋਮਣੀ ਅਕਾਲੀ ਦਲ ਦੀਆਂ ਕਾਰਵਾਈਆਂ ਦਾ ਖੰਡਨ ਕੀਤਾ। ਇਸ ਨੇ 17 ਜੂਨ 1923 ਈ. ਨੂੰ ਦਰਬਾਰ ਸਾਹਿਬ ਦੇ ਸਰੋਵਰ ਦੀ ਕਾਰ-ਸੇਵਾ ਦੇ ਉਦਘਾਟਨ ਵੇਲੇ ਵਿਘਨ ਪਾਇਆ ਅਤੇ ਗਾਰ ਕੱਢਣ ਦੀ ਸੇਵਾ ਲਈ ਸੋਨੇ ਦੇ ਤਸਲੇ ਅਤੇ ਚਾਂਦੀ ਦੇ ਬੇਲਚੇ ਵਰਤਣ ਦਾ ਵਿਰੋਧ ਕੀਤਾ। ਫਲਸਰੂਪ ਦੂਜੇ ਦਿਨ ਸ਼੍ਰੋਮਣੀ ਕਮੇਟੀ ਨੇ ਇਸ ਨੂੰ ‘ਤਨਖ਼ਾਹੀਆ ’ ਘੋਸ਼ਿਤ ਕੀਤਾ। ਬਬਰ ਅਕਾਲੀ ਲਹਿਰ ਦੇ ਸਰਕਰਦਾ ਮਾਸਟਰ ਮੋਤਾ ਸਿੰਘ ਨਾਲ ਸੰਬੰਧਿਤ ਹੋਣ ਕਾਰਣ ਇਸ ਨੂੰ 10 ਦਸੰਬਰ 1923 ਈ. ਨੂੰ ਪਕੜ ਲਿਆ ਗਿਆ। ਇਸ ਕਾਰਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਨੂੰ ਤਨਖ਼ਾਹ ਲਗਾਏ ਜਾਣ ਤੋਂ ਮੁਕਤ ਕਰ ਦਿੱਤਾ ਅਤੇ 5 ਨਵੰਬਰ 1929 ਈ. ਨੂੰ ਜੇਲ੍ਹੋਂ ਰਿਹਾ ਹੋਣ ਉਤੇ ਸ਼੍ਰੋਮਣੀ ਅਕਾਲੀ ਦਲ ਨੇ ਇਸ ਦਾ ਅਭਿਵਾਦਨ ਕੀਤਾ। ਇਕ ਪਰਿਵਾਰਕ ਲੜਾਈ ਵਿਚ ਇਹ ਆਪਣੇ ਭਰਾ ਸੇਵਾ ਸਿੰਘ ਹੱਥੋਂ ਜ਼ਖ਼ਮੀ ਹੋ ਗਿਆ ਅਤੇ 3 ਅਕਤੂਬਰ 1939 ਈ. ਨੂੰ ਹਸਪਤਾਲ ਵਿਚ ਗੁਜ਼ਰ ਗਿਆ। ਗੁਰਦੁਆਰਿਆਂ ਨੂੰ ਆਜ਼ਾਦ ਕਰਾਉਣ ਲਈ ਇਹ ਸ਼ਾਂਤੀ ਦੀ ਥਾਂ ਕ੍ਰਾਂਤੀ ਦੀ ਨੀਤੀ ਨੂੰ ਅਪਣਾਉਣ ਦੇ ਹਕ ਵਿਚ ਸੀ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2781, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First