ਦਲ ਖ਼ਾਲਸਾ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਦਲ ਖ਼ਾਲਸਾ: ਬਾਬਾ ਬੰਦਾ ਬਹਾਦਰ ਦੀ ਸ਼ਹੀਦੀ ਤੋਂ ਬਾਦ ਸਿੱਖ ਪੰਥ ਕਾਫ਼ੀ ਸਮੇਂ ਤਕ ਬਿਨਾ ਕਿਸੇ ਯੋਗ ਨੇਤਾ ਦੇ ਖਿੰਡਿਆ ਰਿਹਾ ਅਤੇ ਮੁਗ਼ਲ ਸਰਕਾਰ ਦੇ ਜਬਰ ਕਾਰਣ ਪਹਾੜਾਂ , ਰੇਗਿਸਤਾਨਾਂ ਅਤੇ ਛੰਭਾਂ ਵਿਚ ਲੁਕ ਛਿਪ ਕੇ ਸਮਾਂ ਕਟਦਾ ਰਿਹਾ, ਪਰ ਉਨ੍ਹਾਂ ਦੇ ਮਨ ਵਿਚ ‘ਰਾਜ ਕਰੇਗਾ ਖ਼ਾਲਸਾ ’ ਦੀ ਪ੍ਰਤਿਗਿਆ ਕਾਇਮ ਰਹੀ। ਮੁਗ਼ਲ ਸਰਕਾਰ ਜਦੋਂ ਉਨ੍ਹਾਂ ਨੂੰ ਦਬਾਉਣ ਵਿਚ ਨਾਕਾਮਯਾਬ ਰਹੀ, ਤਾਂ ਲਾਹੌਰ ਦੇ ਸੂਬੇ ਜ਼ਕਰੀਆ ਖ਼ਾਨ ਨੇ ਸੰਨ 1733 ਈ. ਵਿਚ ਸਿੱਖਾਂ ਨਾਲ ਸੰਪਰਕ ਕੀਤਾ ਅਤੇ ਇਕ ਲੱਖ ਦੀ ਜਾਗੀਰ ਤੋਂ ਇਲਾਵਾ ‘ਨਵਾਬ’ ਦਾ ਖ਼ਿਤਾਬ ਦੇਣ ਦੀ ਪੇਸ਼ਕਸ਼ ਕੀਤੀ। ਇਸ ਪੇਸ਼ਕਸ਼ ਨੂੰ ਸਵੀਕਾਰ ਕਰਦਿਆਂ ਪੰਥ ਨੇ ਸ. ਕਪੂਰ ਸਿੰਘ ਨੂੰ ਨਵਾਬ ਅਤੇ ਸਿੱਖਾਂ ਦਾ ਪ੍ਰਮੁਖ ਨੇਤਾ ਮੰਨ ਲਿਆ ਗਿਆ। ਸਾਰਿਆਂ ਜੱਥਿਆਂ ਦੇ ਲੀਡਰ ਅਧਿਕਤਰ ਅੰਮ੍ਰਿਤਸਰ ਹੀ ਠਹਿਰਨ ਲਗ ਗਏ। ਪ੍ਰਬੰਧਕੀ ਸੁਵਿਧਾ ਲਈ ਨਵਾਬ ਕਪੂਰ ਸਿੰਘ ਨੇ ਸਾਰੀਆਂ ਜੱਥੇਬੰਦੀਆਂ ਨੂੰ ਸੰਨ 1734 ਈ. ਵਿਚ ਦੋ ਦਲਾਂ ਵਿਚ ਵੰਡ ਦਿੱਤਾ— ਇਕ ਬੁੱਢਾ ਦਲ ਅਤੇ ਦੂਜਾ ਤਰੁਣਾ ਦਲ। ਤੁਰਣਾ ਦਲ ਨੂੰ ਅਗੋਂ ਪੰਜ ਜੱਥਿਆਂ ਵਿਚ ਵੰਡਿਆ ਗਿਆ ਜਿਨ੍ਹਾਂ ਵਿਚ ਹਰ ਇਕ ਦਾ ਆਪਣਾ ਨਗਾਰਾ ਅਤੇ ਨਿਸ਼ਾਨ ਸੀ। ਸੰਨ 1735 ਈ. ਵਿਚ ਜ਼ਕਰੀਆ ਖ਼ਾਨ ਨੇ ਸਮਝੌਤਾ ਤੋੜ ਦਿੱਤਾ। ਫਲਸਰੂਪ ਨਵੇਂ ਸਿਰਿਓਂ ਸ਼ੁਰੂ ਹੋਏ ਤਸ਼ੱਦਦ ਕਰਕੇ ਸਿੱਖ ਫਿਰ ਜੰਗਲਾਂ ਅਤੇ ਪਹਾੜਾਂ ਵਿਚ ਜਾ ਲੁਕੇ। ਸੰਨ 1739 ਈ. ਵਿਚ ਹੋਏ ਨਾਦਰਸ਼ਾਹ ਦੇ ਹਮਲੇ ਨੇ ਮੁਗ਼ਲ ਸਰਕਾਰ ਨੂੰ ਝਕਝੋਰ ਦਿੱਤਾ। 1 ਜੁਲਾਈ 1745 ਈ. ਨੂੰ ਜ਼ਕਰੀਆ ਖ਼ਾਨ ਦੀ ਮੌਤ ਹੋ ਗਈ। ਬਦਲੀ ਹੋਈ ਸਥਿਤੀ ਕਾਰਣ ਦੀਵਾਲੀ ਦੇ ਮੌਕੇ ਤੇ ਅੰਮ੍ਰਿਤਸਰ ਵਿਚ ਸਿੱਖਾਂ ਦਾ ਇਕੱਠ ਹੋਇਆ ਅਤੇ ਇਕ ਗੁਰਮਤੇ ਰਾਹੀਂ ਸਿੱਖਾਂ ਨੂੰ 25 ਜੱਥਿਆਂ ਵਿਚ ਵੰਡ ਦਿੱਤਾ ਗਿਆ। ਹਰ ਇਕ ਜੱਥੇ ਵਿਚ ਇਕ ਸੌ ਸਿੰਘ ਸ਼ਾਮਲ ਸੀ। ਮੁੱਖ ਵੰਡ ਬੁੱਢਾ ਦਲ ਅਤੇ ਤਰੁਣਾ ਦਲ ਵਾਲੀ ਹੀ ਰਹੀ। ਹੌਲੀ ਹੌਲੀ ਜੱਥਿਆਂ ਦਾ ਵਿਸਤਾਰ ਹੁੰਦਾ ਗਿਆ। ਇਹ ਵਿਸਤਾਰ ਅਧਿਕਤਰ ਤਰੁਣਾ ਦਲ ਵਾਲਿਆਂ ਦਾ ਹੋਇਆ।

            ਅਹਿਮਦ ਸ਼ਾਹ ਦੁਰਾਨੀ ਦੇ ਸੰਨ 1748 ਈ. ਵਿਚ ਪਹਿਲੇ ਹਮਲੇ ਵੇਲੇ ਸਿੱਖ 65 ਜੱਥਿਆਂ ਵਿਚ ਵੰਡੇ ਹੋਏ ਸਨ। ਸਾਰਿਆਂ ਦੇ ਵਖਰੇ ਵਖਰੇ ਸਰਦਾਰ ਜਾਂ ਜੱਥੇਦਾਰ ਸਨ ਅਤੇ ਸਾਂਝੇ ਉਦੇਸ਼ ਦੀ ਸਫਲਤਾ ਲਈ ਸਦਾ ਕੁਰਬਾਨੀਆਂ ਦੇਣ ਲਈ ਤਤਪਰ ਰਹਿੰਦੇ ਸਨ। 29 ਮਾਰਚ 1748 ਈ. ਵਿਸਾਖੀ ਵਾਲੇ ਦਿਨ ਜਦੋਂ ਸਾਰੇ ਜੱਥੇ ਦਰਬਾਰ ਸਾਹਿਬ ਅੰਮ੍ਰਿਤਸਰ ਇਕੱਠੇ ਹੋਏ, ਤਾਂ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੀ ਸਰਦਾਰੀ ਹੇਠ ਸਰਬਤ ਖ਼ਾਲਸੇ ਨੇ ਇਕੱਠੇ ਹੋਣ ਦਾ ਗੁਰਮਤਾ ਪਾਸ ਕੀਤਾ। ਸਿੱਖਾਂ ਦੀ ਇਸ ਸਾਂਝੀ ਜੱਥੇਬੰਦੀ ਦਾ ਨਾਂ ‘ਦਲ ਖ਼ਾਲਸਾ’ ਰਖਿਆ ਗਿਆ। ਇਸ ਜੱਥੇਬੰਦੀ ਦਾ ਮੁੱਖ ਮੰਤਵ ਸੀ ਬਾਹਰਲੇ ਆਕ੍ਰਮਣ- ਕਾਰੀਆਂ ਨੂੰ ਰੋਕਣਾ ਅਤੇ ਦੇਸ਼-ਵਾਸੀਆਂ ਨੂੰ ਲੁਟ-ਮਾਰ ਤੋਂ ਬਚਾਉਣਾ। ‘ਦਲ ਖ਼ਾਲਸਾ’ ਨੂੰ ਅਗੋਂ ਯਾਰ੍ਹਾਂ ਮਿਸਲਾਂ ਵਿਚ ਵੰਡਿਆ ਗਿਆ, ਜਿਵੇਂ (1) ਆਹਲੂਵਾਲੀਆਂ ਦੀ ਮਿਸਲ , (2) ਸਿੰਘਪੁਰੀਆਂ ਦੀ ਮਿਸਲ, (3) ਕਰੋੜ ਸਿੰਘੀਆਂ ਦੀ ਮਿਸਲ, (4) ਨਿਸ਼ਾਨਾਂਵਾਲੀ ਮਿਸਲ, (5) ਸ਼ਹੀਦਾਂ ਦੀ ਮਿਸਲ, (6) ਡਲੇਵਾਲੀਆਂ ਦੀ ਮਿਸਲ, (7) ਸੁਕਰਚਕੀਆਂ ਦੀ ਮਿਸਲ, (8) ਭੰਗੀਆਂ ਦੀ ਮਿਸਲ , (9) ਕਨ੍ਹੀਆਂ ਦੀ ਮਿਸਲ, (10) ਨਕੈਈਆਂ ਦੀ ਮਿਸਲ ਅਤੇ (11) ਰਾਮਗੜ੍ਹੀਆਂ ਦੀ ਮਿਸਲ। ਇਨ੍ਹਾਂ ਵਿਚ ਪਹਿਲੀਆਂ ਛੇ ਮਿਸਲਾਂ ਬੁੱਢਾ ਦਲ ਅਧੀਨ ਸਨ ਅਤੇ ਬਾਕੀ ਪੰਜ ਤਰੁਣਾ ਦਲ ਅਧੀਨ। ਸ. ਜੱਸਾ ਸਿੰਘ ਆਹਲੂਵਾਲੀਆਂ ਇਨ੍ਹਾਂ ਦੋਹਾਂ ਦਾ ਸਾਂਝਾ ਸਰਦਾਰ ਬਣਾਇਆ ਗਿਆ। ਨਵਾਬ ਕਪੂਰ ਸਿੰਘ ਨੂੰ ਸਰਬ ਪ੍ਰਮੁਖ ਜੱਥੇਦਾਰ ਦੀ ਮਾਨਤਾ ਦਿੱਤੀ ਗਈ। ਇਨ੍ਹਾਂ ਯਾਰ੍ਹਾਂ ਤੋਂ ਇਲਾਵਾ ਇਕ ਫੂਲਕੀਆਂ ਮਿਸਲ ਵੀ ਸੀ, ਪਰ ਉਹ ਦਲ-ਖ਼ਾਲਸਾ ਅਧੀਨ ਨਹੀਂ ਸੀ।

            ਕੋਈ ਵੀ ਅੰਮ੍ਰਿਤਧਾਰੀ ਸਿੰਘ ਜੋ ਘੋੜਸਵਾਰੀ ਅਤੇ ਸ਼ਸਤ੍ਰ ਚਲਾਉਣ ਵਿਚ ਮਾਹਿਰ ਹੋਵੇ, ਕਿਸੇ ਵੀ ਮਿਸਲ ਵਿਚ ਸ਼ਾਮਲ ਹੋ ਸਕਦਾ ਸੀ ਅਤੇ ਆਪਣੀ ਇੱਛਾ ਅਨੁਸਾਰ ਇਕ ਮਿਸਲ ਨਾਲੋਂ ਹਟ ਕੇ ਦੂਜੀ ਮਿਸਲ ਵਿਚ ਦਾਖ਼ਲ ਹੋ ਸਕਦਾ ਸੀ। ਇਨ੍ਹਾਂ ਮਿਸਲਾਂ ਵਿਚੋਂ ਹਰ ਇਕ ਦੀ ਆਪਣੀ ਆਪਣੀ ਪ੍ਰਬੰਧਕੀ ਵਿਵਸਥਾ ਸੀ (ਵੇਖੋ ‘ਮਿਸਲਾਂ’)। ਸਮੁੱਚੇ ਤੌਰ ’ਤੇ ਇਹ ਸਾਰੀਆਂ ਮਿਸਲਾਂ ‘ਸਰਬਤ ਖ਼ਾਲਸਾ ’ ਦੇ ਫ਼ੈਸਲਿਆਂ ਦੀਆਂ ਪਾਬੰਦ ਸਨ ਅਤੇ ‘ਅਕਾਲ ਤਖ਼ਤ ’ ਇਨ੍ਹਾਂ ਦਾ ਸਾਂਝਾ ਮਿਲਨ-ਸਥਲ ਸੀ ਜਿਥੇ ਸਾਲ ਵਿਚ ਦੋ ਵਾਰ (ਵਿਸਾਖੀ ਅਤੇ ਦੀਵਾਲੀ) ਵੱਡਾ ਇਕੱਠ ਹੁੰਦਾ ਸੀ। ਉਦੋਂ ਇਨ੍ਹਾਂ ਦੀ ਮਿਲਵੀਂ ਸ਼ਕਤੀ ਸੱਤਰ ਹਜ਼ਾਰ ਘੋੜਚੜ੍ਹਿਆਂ ਦੀ ਸੀ। ਪੈਦਲ ਸੈਨਾ ਦੀ ਕੋਈ ਵਿਵਸਥਾ ਨਹੀਂ ਸੀ। ਸੰਨ 1783 ਈ. ਤਕ ਦਲ ਖ਼ਾਲਸੇ ਦਾ ਦਬਦਬਾ ਪੰਜਾਬ ਤੋਂ ਬਾਹਰ ਜਮਨਾ ਪਾਰ ਦੇ ਇਲਾਕੇ ਅਤੇ ਦਿੱਲੀ ਤਕ ਸੀ। ਪਰ ਸ. ਜੱਸਾ ਸਿੰਘ ਆਹਲੂਵਾਲੀਆ ਦੇ ਦੇਹਾਂਤ ਤੋਂ ਬਾਦ ‘ਦਲ ਖ਼ਾਲਸਾ’ ਦੀ ਹੋਂਦ ਇਕ ਕੇਂਦਰੀ ਜੱਥੇਬੰਦੀ ਵਜੋਂ ਖ਼ਤਮ ਹੋ ਗਈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8451, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਦਲ ਖ਼ਾਲਸਾ ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ

ਦਲ ਖ਼ਾਲਸਾ :  ਦਲ ਖ਼ਾਲਸਾ 1747 ਈ. ਵਿਚ ਸ. ਜੱਸਾ ਸਿੰਘ ਆਹਲੂਵਾਲੀਆ ਦੇ ਅਧੀਨ ਸਾਰੀਆਂ ਸਿੱਖ ਜਥੇਬੰਦੀਆਂ ਨੂੰ ਇਕੱਠਾ ਕਰ ਕੇ ਸਥਾਪਤ ਕੀਤਾ ਗਿਆ ਸੀ । ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦ ਹੋਣ ਪਿੱਛੋਂ  ਦਸ ਸਾਲ ਸਿੰਘਾਂ ਵੱਲੋਂ ਕੋਈ ਕਾਰਵਾਈ ਨਾ ਕੀਤੀ ਗਈ । ਸੰਨ 1726 (ਫ਼ੱਗਣ, 1782 ਬਿ.) ਵਿਚ ਭਾਈ ਤਾਰਾ ਸਿੰਘ (ਪਿੰਡ ‘ਵਾਂ’ ਵਾਲੇ) ਸ਼ਾਹੀ ਫ਼ੌਜ ਨਾਲ ਲੜ ਕੇ ਸ਼ਹੀਦ ਹੋਇਆ । ਇਸ ਘਟਨਾ ਤੋਂ ਸਿੰਘ ਫਿਰ ਭੜਕ ਉਠੇ। ਉਨ੍ਹਾਂ ਨੇ ਥਾਂ ਥਾਂ ਲੁੱਟ ਮਾਰ ਸ਼ੁਰੂ ਕਰ ਦਿੱਤੀ। ਦਿੱਲੀ ਦੇ ਬਾਦਸ਼ਾਹ ਮੁਹੰਮਦ ਸ਼ਾਹ ਅਤੇ ਲਾਹੌਰ ਦੇ ਸੂਬੇਦਾਰ ਨੇ ਸਿੰਘਾਂ ਨੂੰ ਸ਼ਾਂਤ ਕਰਨ ਬਦਲੇ ਇਕ ਲੱਖ ਸਾਲਾਨਾ ਜਾਗੀਰ ਤੇ ਨਵਾਬੀ ਦਾ ਖ਼ਿਤਾਬ ਦਿੱਤਾ। ਖ਼ਾਲਸਾ ਪੰਥ ਵੱਲੋਂ ਵਿਸਾਖੀ ਵਾਲੇ ਦਿਨ 1733 ਈ. (1790 ਬਿ.) ਵਿਚ ਸ. ਕਪੂਰ ਸਿੰਘ ਫੈਜਲਪੁਰੀਏ ਨੂੰ ਨਵਾਬ ਦਾ ਖਿਤਾਬ ਦਿੱਤਾ ਗਿਆ । ਉਸ ਦਿਨ ਤੋਂ ਇਹ ‘ਨਵਾਬ ਕਪੂਰ ਸਿੰਘ’ ਦੇ ਨਾਂ ਨਾਲ ਪ੍ਰਸਿੱਧ ਹੋਇਆ। ਬੰਦਾ ਸਿੰਘ ਦੇ ਸ਼ਹੀਦ ਹੋਣ ਪਿੱਛੋਂ ਪੰਥ ਦਾ ਜਥੇਦਾਰ ਦੀਵਾਨ ਦਰਬਾਰਾ ਸਿੰਘ ਨੂੰ ਮੰਨਿਆ ਜਾਂਦਾ ਸੀ । ਉਸ ਦੇ ਸਵਰਗਵਾਸ ਹੋਣ ਤੋਂ ਪਿੱਛੋਂ ਪੰਥ ਦਾ ਜਥੇਦਾਰ ਨਵਾਬ ਕਪੂਰ ਸਿੰਘ ਬਣਿਆ। ਇਸ ਸਮੇਂ ਤਕ ਸਿੰਘਾਂ ਦੀ ਗਿਣਤੀ ਕਾਫ਼ੀ ਵਧ ਚੁੱਕੀ ਸੀ। ਇਸ ਲਈ ਪ੍ਰਬੰਧ ਦੀ ਸੌਖ ਵਾਸਤੇ ਖਾਲਸਾ ਫ਼ੌਜ ਦੇ ਦੋ ਦਲ -ਬੁੱਢਾ ਦਲ ਤੇ ਤਰੁਨਾ ਦਲ ਬਣਾ ਦਿੱਤੇ ਗਏ । ਬੁੱਢਾ ਦਲ, ਨਵਾਬ ਕਪੂਰ ਸਿੰਘ ਦੀ ਜਥੇਦਾਰੀ ਹੇਠਾਂ ਅਕਾਲ ਬੁੰਗੇ ਹੀ ਰਿਹਾ । ਤਰੁਨਾ ਦਲ  ਨੂੰ ਅੱਗੇ ਪੰਜਾਂ ਜਥਿਆਂ ਵਿਚ ਵੰਡ ਦਿੱਤਾ ਗਿਆ । ਉਹ ਪੰਜ ਜੱਥੇ ਇਹ ਸਨ :-

          1. ਜੱਥਾ ਸ਼ਹੀਦਾਂ :  ਇਸ ਦੇ ਜਥੇਦਾਰ ਬਾਬਾ ਦੀਪ ਸਿੰਘ ਜੀ ਸਨ। ਉਨ੍ਹਾਂ ਦੇ ਨਾਲ ਨੱਥਾ ਸਿੰਘ ਤੇ ਗੁਰਬਖਸ਼ ਸਿੰਘ ਪ੍ਰਸਿੱਧ ਸਰਦਾਰ ਸਨ।

        2. ਜੱਥਾ ਅੰਮ੍ਰਿਤਸਰੀਆਂ : ਇਸ ਦੇ ਜਥੇਦਾਰ ਸ. ਕਰਮ ਸਿੰਘ ਤੇ ਸ. ਧਰਮ ਸਿੰਘ ਅੰਮ੍ਰਿਤਸਰੀਏ ਖੱਤਰੀ ਸਨ।

        3. ਜੱਥਾ ਬਾਬਾ ਕਾਹਨ ਸਿੰਘ : ਇਸ ਜੱਥੇ ਦਾ ਜਥੇਦਾਰ ਬਾਬਾ ਕਾਹਨ ਸਿੰਘ ਤ੍ਰੇਹਣ ਸੀ। ਉਸ ਦੇ ਨਾਲ ਹੀ ਸ. ਮੀਰੀ ਸਿੰਘ ਤ੍ਰੇਹਣ , ਸ. ਹਰੀ ਸਿੰਘ ਢਿੱਲੋਂ ਤੇ ਬਾਘ ਸਿੰਘ ਹਲੋਵਾਲੀਆ ਸਨ ।

        4. ਜੱਥਾ ਡੱਲੇਵਾਲੀਆ :ਇਸ ਦਾ ਜਥੇਦਾਰ ਦਸੌਂਧਾ ਸਿੰਘ ਗਿੱਲ ਜੱਟ, ਪਿੰਡ ਬੁਢੇ ਦਾ ਸੀ।

        5. ਰੰਗਰੇਟੇ ਸਿੰਘਾਂ ਦਾ ਜੱਥਾ : ਇਸ ਵਿਚ ਬੀਰ ਸਿੰਘ, ਜਿਉਣ ਸਿੰਘ, ਮਦਨ ਸਿੰਘ , ਅਮਰ ਸਿੰਘ ਨਾਮੀ ਸਰਦਾਰ ਸਨ ।

ਤਰੁਨਾ ਦਲ ਦੇ ਜੱਥੇ ਬਾਹਰ ਦੌਰਾ ਕਰਨ ਚਲੇ ਗਏ। ਇਸ ਪਿੱਛੋਂ ਸਰਕਾਰ ਨੇ ਸਿੰਘਾਂ ਦੀ ਜਾਗੀਰ ਜ਼ਬਤ ਕਰ ਲਈ । ਇਸ ਤੋਂ ਭੜਕ ਕੇ ਸਿੰਘਾਂ ਨੇ ਫ਼ਿਰ ਲੁੱਟ ਮਾਰ ਸ਼ੁਰੂ ਕਰ ਦਿੱਤੀ । ਸੰਨ 1738 ਵਿਚ ਨਾਦਰ ਸ਼ਾਹ ਨੇ ਹਿੰਦੁਸਤਾਨ ਉੱਤੇ ਹਮਲਾ ਕੀਤਾ । ਇਸ ਹਮਲੇ ਕਾਰਨ ਦਿੱਲੀ ਦਾ ਮੁਗ਼ਲ ਰਾਜ ਜੜ੍ਹਾਂ ਤਕ ਹਿੱਲ ਗਿਆ।  ਉਸ ਸਮੇਂ ਪੰਜਾਬ ਵਿਚ ਅਮਲੀ ਤੌਰ ਤੇ ਕੋਈ ਵੀ ਸਰਕਾਰ ਨਹੀਂ ਸੀ । ਇਸ ਸਮੇਂ ਨੂੰ ਗ਼ਨੀਮਤ ਸਮਝ ਕੇ ਸਿੰਘ ਸਾਰੇ ਪੰਜਾਬ ਵਿਚ ਜ਼ੋਰ ਪਕੜ ਗਏ। ਸਿੰਘਾਂ ਨੇ ਪਹਿਲਾਂ ਕੱਚਾ ਕਿਲਾ ਰਾਵੀ ਦੇ ਕੰਢੇ ਉੱਤੇ ‘ਡੱਲੇਵਾਲ’ ਬਣਾਇਆ ਜੋ ਪਿੱਛੋਂ ਖ਼ਾਨ ਬਹਾਦਰ ਨੇ ਢਾਹ ਦਿੱਤਾ । ਸਰਕਾਰ ਨਾਲ ਸਿੰਘਾਂ ਦਾ ਇਹ ਘੋਲ ਜਾਰੀ ਰਿਹਾ ਜਿਸ ਨੂੰ ਸਰਕਾਰ ਜਿਉਂ ਜਿਉਂ ਦਬਾਉਂਦੀ ਰਹੀ ਤਿਉਂ ਤਿਉਂ ਸਿੰਘ ਵਧਦੇ ਗਏ । 14 ਅਕਤੂਬਰ, 1745 ਨੂੰ ਦਲ ਖਾਲਸੇ ਨੂੰ ਅੱਗੇ ਤੀਹ ਛੋਟੇ ਜੱਥਿਆਂ ਵਿਚ ਵੰਡਿਆ ਗਿਆ। ਇਨ੍ਹਾਂ ਵਿਚ ਨਾਮਵਾਰ ਸ. ਕਪੂਰ ਸਿੰਘ ਤੋਂ ਇਲਾਵਾ ਕਲਸੀਆ, ਡੱਲੇਵਾਲ, ਸ਼ੁਕਰਚੱਕੀਏ, ਸ਼ਹੀਦ, ਕਨ੍ਹਈਆ, ਨਕਈ, ਆਹਲੂਵਾਲੀਏ ਅਤੇ ਕਈ ਮੱਜ਼੍ਹਬੀ ਸਰਦਾਰ ਸ਼ਾਮਲ ਹੋਏ ।

ਇਹ ਜੱਥੇ ਆਪਣੇ ਆਪਣੇ ਸਰਾਦਰਾਂ ਦੇ ਅਧੀਨ ਕੰਮ ਕਰਨ ਵਿਚ ਸੁਤੰਤਰ ਸਨ ਪਰ ਜਦੋਂ ਸਾਂਝੀ ਭੀੜ ਸਮੁੱਚੇ ਪੰਥ ਤੇ ਪੈਂਦੀ ਤਦ ਪੰਥ ਦੇ ਸਾਰੇ ਜਥੇਦਾਰ ਇਕੋ ਜਥੇਦਾਰ ਦੇ ਅਧੀਨ ਸਮਝੇ ਜਾਂਦੇ ਹਨ।

ਜਨਵਰੀ, 1748 ਤੋਂ ਅਹਿਮਦ ਸ਼ਾਹ ਅਬਦਾਲੀ ਦੇ ਹਮਲੇ ਸ਼ੁਰੂ ਹੋ ਗਏ।ਪੰਜਾਬ ਦੇ ਰਾਜ ਦਾ ਦਾਅਵੇਦਾਰ ਇਕ ਹੋਰ ਪੈਦਾ ਹੋ ਗਿਆ। ਸੋ ਆਪਣੇ ਨਿਸ਼ਾਨੇ ਤਕ ਪਹੁੰਚਣ ਲਈ ਸਿੰਘਾਂ ਦਾ ਕੰਮ ਹੋਰ ਔਖਾ ਹੋ ਗਿਆ। ਇਸ ਸਮੇਂ ਤਕ ਸਿੰਘਾਂ ਦੇ ਛੋਟੇ ਛੋਟੇ ਜੱਥਿਆਂ ਦੀ ਗਿਣਤੀ ਦੂਣੀ ਨਾਲੋਂ ਵੀ ਵੱਧ ਗਈ ਸੀ । ਪਹਿਲਾਂ 30 ਸਰਦਾਰ ਜਥੇਬੰਦੀ ਹੇਠ ਕਾਰਵਾਈ ਕਰਦੇ ਸਨ। ਹੁਣ ਕੁਝ ਹੋਰ ਸਰਦਾਰਾਂ ਅਤੇ ਆਪਸੀ ਮੇਲ ਮਿਲਾਪ ਨਾਲ ਇਨ੍ਹਾਂ ਦੀ ਗਿਣਤੀ 66 ਤਕ ਪੁੱਜ ਚੁੱਕੀ ਸੀ ।

29 ਮਾਰਚ, 1748 ਨੂੰ ਵਿਸਾਖੀ ਵਾਲੇ ਦਿਨ ਇਹ ਸਾਰੇ ਜੱਥੇ ਅੰਮ੍ਰਿਤਸਰ ਇਕੱਠੇ ਹੋਏ। ਨਵਾਬ ਕਪੂਰ ਸਿੰਘ ਨੇ ਮਤਾ ਪਾਸ ਕੀਤਾ ਕਿ ਪੰਥ ਦੀ ਮਜ਼ਬੂਤ ਜਥੇਬੰਦੀ ਬਣਾਈ ਜਾਵੇ। ਇਹ ਮਤਾ ਸਾਰਿਆਂ ਨੇ ਪਰਵਾਨ ਕਰ ਲਿਆ ਤੇ ਸਾਰੇ ਪੰਥ ਦੀ ਸਾਂਝੀ ਜਥੇਬੰਦੀ ਦਾ ਨਾਂ ‘ਦਲ ਖਾਲਸਾ’ ਰੱਖਿਆ ਗਿਆ । ਦਲ ਖਾਲਸਾ ਦਾ ਜਥੇਦਾਰ ਸਰਬ ਸੰਮਤੀ ਨਾਲ ਜੱਸਾ ਸਿੰਘ ਆਹਲੂਵਾਲੀਆ ਚੁਣਿਆ ਗਿਆ। ਉਸ ਦੇ ਅਧੀਨ ਗਿਆਰਾਂ ਮਿਸਲਾਂ ਬਣਾਈਆਂ ਗਈਆਂ ਜੋ ਇਸ ਪ੍ਰਕਾਰ ਹਨ :-1. ਮਿਸਲ ਆਹਲੂਵਾਲੀਆ , 2. ਮਿਸਲ ਫੈ਼ਜ਼ਲਪੁਰੀਆ ਜਾਂ ਸਿੰਘਪੁਰੀਆ, 3. ਮਿਸਲ ਸ਼ੁਕਰਚੱਕੀਆ , 4. ਮਿਸਲ ਭੰਗੀਆਂ , 5. ਮਿਸਲ ਨਿਸ਼ਾਨਾਂ ਵਾਲੀ (ਇਸ ਮਿਸਲ ਦਾ ਜਥੇਦਾਰ ਦਲ ਖਾਲਸਾ ਦਾ ਨਿਸ਼ਾਨ ਬਰਦਾਰ ਸੀ) 6. ਮਿਸਲ ਕਨ੍ਹਈਆ , 7. ਮਿਸਲ ਨਕਈ, 8. ਮਿਸਲ ਡੱਲੇਵਾਲੀਆ, 9. ਮਿਸਲ ਸ਼ਹੀਦਾਂ, 10. ਮਿਸਲ ਕਰੋੜਸਿੰਘੀਆ, 11. ਮਿਸਲ ਰਾਮਗੜ੍ਹੀਆ (ਮਿਸਲ ਫੂਲਕੀਆਂ ਇਨ੍ਹਾਂ ਤੋ ਵੱਖਰੀ ਸੀ ਜਿਸ ਦਾ ਬਾਨੀ ਸ. ਆਲਾ ਸਿੰਘ ਪਟਿਆਲਾ ਸੀ ) ।

ਵਿਸਾਖੀ ਵਾਲੇ ਦਿਨ ਪੰਥ ਵਿਚ ਮਿਸਲਾਂ ਦਾ ਐਲਾਨ ਕੀਤਾ ਗਿਆ। ਫ਼ਿਰ ਹਰ ਇਕ ਸਿੱਖ ਸਿਪਾਹੀ ਤੇ ਸਰਦਾਰ ਨੂੰ ਆਗਿਆ ਦਿੱਤੀ ਗਈ ਕਿ ਉਹ ਜਿਸ ਮਿਸਲ ਵਿਚ ਸ਼ਾਮਲ ਹੋਣਾ ਚਾਹੇ ਹੋ ਜਾਵੇ ਸਰਬ ਸੰਮਤੀ ਨਾਲ ਫੈ਼ਸਲਾ ਕੀਤਾ ਗਿਆ। ਹਰ ਮਿਸਲ ਅੰਦਰੂਨੀ ਮਾਮਲਿਆਂ ਵਿਚ ਸੁਤੰਤਰ ਹੋਵੇਗੀ  ਪਰ ਪੰਥ ਦੇ ਸਾਂਝੇ ਕੰਮ ਲਈ ਸਭ ਨੂੰ ਦਲ ਖਾਲਸਾ ਦੇ ਜਥੇਦਾਰ ਦਾ ਹੁਕਮ ਮੰਨਣ ਪਵੇਗਾ।

ਸੰਨ 1755-56 ਵਿਚ ਸਿੰਘਾਂ ਨੇ ਪੰਜਾਬ ਦੇ ਬਹੁਤ ਸਾਰੇ ਇਲਾਕੇ ਉੱਤੇ ‘ਰਾਖੀ’ ਦਾ ਪ੍ਰਬੰਧ ਸਥਾਪਿਤ ਕਰ ਦਿੱਤਾ। ਸਿੱਖਾਂ ਦੀ ‘ਰਾਖੀ’ ਵਿਚ ਜਿਹੜੇ ਇਲਾਕੇ ਆ ਗਏ ਉਹ ਫ਼ਸਲ ਵਿਚੋਂ ‘ਦਲ ਖਾਲਸਾ’ ਨੂੰ ਪੰਜਵਾਂ ਹਿੱਸਾ ਦੇਣਾ ਮੰਨ ਗਏ। ਸਿੰਘ ਉਨ੍ਹਾਂ ਇਲਾਕਿਆਂ ਵਿਚ ਲੁੱਟਮਾਰ ਨਾ ਕਰਦੇ ਸਗੋਂ ਉਨ੍ਹਾਂ ਇਲਾਕਿਆਂ ਨੂੰ ਹੋਰ ਲੁਟੇਰਿਆਂ ਹੱਥੋਂ ਲੁੱਟੇ ਜਾਣ ਤੋਂ ਬਚਾਉਂਦੇ । ਸਿੱਖ ਮਿਸਲਾਂ ਅੱਡੋ ਅੱਡ ਇਲਾਕਿਆਂ ਤੇ ਕਬਜ਼ਾ ਕਰ ਕੇ ਰਾਖੀ ਕਰਦੀਆਂ ।

ਸਿੰਘਾਂ ਦਾ ਇਹ ਪ੍ਰਬੰਧ ਬਹੁਤ ਚਿਰ ਨਾ ਰਿਹਾ ਕਿਉਂਕਿ ਅਬਦਾਲੀ ਨੇ ਨਵੰਬਰ, 1756 ਵਿਚ ਚੋਥਾ ਹਮਲਾ ਕਰ ਦਿੱਤਾ। ਇਸ ਹਮਲੇ ਵਿਚ ਅਬਦਾਲੀ ਨੇ ਚੌਖਾ ਇਲਾਕਾ ਆਪਣੇ ਕਬਜ਼ੇ ਵਿਚ ਕਰ ਲਿਆ । ਇਸ ਤੋਂ ਬਾਅਦ ਵੱਡਾ ਘਲੂਘਾਰਾ ਹੋਇਆ ਜਿਸ ਵਿਚ ਸਿੰਘਾਂ ਦੀ ਕਾਫ਼ੀ ਗਿਣਤੀ ਸ਼ਹੀਦ ਹੋਈ ।

ਦਸੰਬਰ, 1762 ਵਿਚ ਅਬਦਾਲੀ ਵਾਪਸ ਕਾਬਲ ਗਿਆ ਤਾਂ ਸਿੰਘ ਫ਼ਿਰ ਅੰਮ੍ਰਿਤਸਰ ਇਕੱਠੇ ਹੋਏ। ਦਲ ਖਾਲਸੇ ਦੀ ਜਥੇਬੰਦੀ ਨਵੇਂ ਸਿਰਿਉਂ ਪੱਕੀ ਕੀਤੀ ਗਈ । ਸਾਰੇ ਪੰਥ ਦੇ ਦੋ ਵੱਡੇ ਜੱਥੇ ‘ਬੁੱਢਾ ਦਲ’ ਤੇ ‘ਤਰੁਣਾ ਦਲ’ ਬਣਾਏ ਗਏ। ਬੁੱਢਾ ਦਲ ਦਾ ਜਥੇਦਾਰ ਸ. ਜੱਸਾ ਸਿੰਘ ਆਹਲੂਵਾਲੀਆ ਬਣਿਆ । ਕਾਫ਼ੀ ਸਮਾਂ ਇਹ ਦਲ ਇਕੱਲੇ ਇਕੱਲੇ ਜਾਂ ਕਈ ਵਾਰੀ ਇਕੱਠੇ ਵੀ ਹੋਏ ਪਰ ਸਰਹਿੰਦ ਦੀ ਲੜਾਈ ਤੋਂ ਬਾਅਦ ਸਿੱਖ ਮਿਸਲਾਂ ਸੁਤੰਤਰ ਤੌਰ ਤੇ ਕੰਮ ਕਰਨ ਲਗੀਆਂ। ਕੁਝ ਇਕੱਠੇ ਰਹਿ ਗਏ ਕੁਝ ਅਲੱਗ ਅਲੱਗ ਤੇ ਫ਼ਿਰ ਮਿਸਲਾਂ ਦਾ ਇਤਿਹਾਸ ਵੱਖਰਾ ਵੱਖਰਾ ਹੋਇਆ । ਇਸ ਤਰ੍ਹਾਂ ਦਲ ਖਾਲਸਾ ਮਿਸਲਾਂ ਵਿਚ ਹੀ ਸੰਮਿਲਤ ਹੋ ਗਿਆ ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 7158, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-01-23-09-59-45, ਹਵਾਲੇ/ਟਿੱਪਣੀਆਂ: ਹ. ਪੁ. –ਸਿ. ਮਿ. –ਸੀਤਲ; ਪੰ. ਨਰੰਗ :326; ਹਿ. ਸਿ. ਗੁਪਤਾ; ਐਡਵਾਸ ਹਿਸਟਰੀ ਆਫ ਪੰਜਾਬ ਜੀ ਐਸ. ਛਾਬੜਾ

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.