ਦਾਂਤੇ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਦਾਂਤੇ (1265–1321): ਇਤਾਲਵੀ ਕਵੀ ਦਾਂਤੇ ਐਲੀਗਿਰੀ (Dante Alighieri) ਵਿਸ਼ਵ ਸਾਹਿਤ ਦੀਆਂ ਮਹਾਨ ਸ਼ਖ਼ਸੀਅਤਾਂ ਵਿੱਚੋਂ ਇੱਕ ਹੈ। ਸਭ ਤੋਂ ਵਧੇਰੇ ਉਸ ਨੂੰ ਆਪਣੀ ਯਾਦਗਾਰੀ ਮਹਾਂਕਾਵਿਕ ਰਚਨਾ ਲਾ ਕਮੀਡੀਆ ਕਰ ਕੇ ਜਾਣਿਆ ਜਾਂਦਾ ਹੈ। ਬਾਅਦ ਵਿੱਚ ਜਿਸ ਨੂੰ ਲਾ ਡੀਵੀਨਾ ਕਮੇਡੀਆ ਜਾਂ ਦਾ ਡਿਵਾਈਨ ਕਾਮੇਡੀ ਦਾ ਨਾਂ ਦਿੱਤਾ ਗਿਆ। ਦਾਂਤੇ ਨੇ ਆਪਣੀ ਕਵਿਤਾ ਲਈ ਲਾਤੀਨੀ ਭਾਸ਼ਾ ਨੂੰ ਛੱਡ ਕੇ ਇਤਾਲਵੀ ਭਾਸ਼ਾ ਦੀ ਚੋਣ ਕਰ ਕੇ ਯੂਰਪੀ ਸਾਹਿਤ ਵਿੱਚ ਨਵੇਂ ਯੁੱਗ ਦਾ ਅਰੰਭ ਕੀਤਾ। ਇਸ ਨਾਲ ਇਤਾਲਵੀ ਭਾਸ਼ਾ ਇੱਕ ਮੋਹਰੀ ਸਾਹਿਤਿਕ ਭਾਸ਼ਾ ਬਣ ਗਈ ਅਤੇ ਲਗਪਗ ਤਿੰਨ ਸਦੀਆਂ ਤੱਕ ਇਸ ਦਾ ਇਹ ਰੁਤਬਾ ਬਰਕਰਾਰ ਰਿਹਾ। ਦਾਂਤੇ ਇੱਕ ਵਾਰਤਕ ਲੇਖਕ, ਸਿਧਾਂਤਕਾਰ, ਨੈਤਿਕ ਦਰਸ਼ਨਵੇਤਾ ਅਤੇ ਰਾਜਨੀਤਿਕ ਚਿੰਤਕ ਸੀ। ਉਸ ਦੀ ਮਹਾਨਤਾ, ਕਲਾ ਵਿਚਲੀ ਉੱਚੀ ਸੁਰ ਅਤੇ ਉਸ ਦੇ ਹਿਤਾਂ ਦੀ ਗਹਿਰਾਈ ਕਰ ਕੇ ਹੈ।

     ਦਾਂਤੇ ਫਲੋਰੈਂਸ ਵਿਖੇ 1265 ਵਿੱਚ ਇੱਕ ਨਿਮਨ ਕੁਲੀਨ ਘਰਾਣੇ ਵਿੱਚ ਪੈਦਾ ਹੋਇਆ। ਬਚਪਨ ਵਿੱਚ ਹੀ ਉਸ ਦੀ ਮਾਤਾ ਸਵਰਗਵਾਸ ਹੋ ਗਈ। ਜਦੋਂ ਦਾਂਤੇ ਅਠਾਰ੍ਹਾਂ ਸਾਲਾਂ ਦਾ ਹੋਇਆ ਤਾਂ ਉਸ ਦਾ ਪਿਉ ਵੀ ਚੱਲ ਵਸਿਆ। ਦਾਂਤੇ ਦੀ ਮੁਢਲੀ ਸਿੱਖਿਆ ਬਾਰੇ ਕੋਈ ਬਹੁਤ ਜਾਣਕਾਰੀ ਨਹੀਂ ਮਿਲਦੀ ਪਰੰਤੂ ਉਸ ਦੀਆਂ ਰਚਨਾਵਾਂ ਸਿੱਖਿਆ ਦੇ ਉਸ ਗਿਆਨ ਬਾਰੇ ਗੁੱਝੇ ਭੇਦ ਖੋਲ੍ਹਦੀਆਂ ਹਨ ਜਿਹੜਾ ਉਸ ਯੁੱਗ ਦੇ ਕੁੱਲ ਗਿਆਨ ਦੇ ਉੱਤੇ ਛਾਇਆ ਹੋਇਆ ਸੀ। ਉਹ ਫਲੋਰੈਂਟਿਵ ਦਾਰਸ਼ਨਿਕ ਤੇ ਗੱਦਕਾਰ ਬਰੂਨੈਟੋ ਦੀਆਂ ਰਚਨਾਵਾਂ ਤੋਂ ਬਹੁਤ ਪ੍ਰਭਾਵਿਤ ਸੀ, ਜਿਸ ਨੂੰ ਉਹ ਆਪਣਾ ਮਹਾਨ ਪ੍ਰੇਰਨਾ ਸ੍ਰੋਤ ਅਤੇ ਗੁਰੂ ਮੰਨਦਾ ਸੀ ਅਤੇ ਜਿਹੜਾ ਉਸ ਦੀ ਰਚਨਾ ਦਾ ਡਿਵਾਈਨ ਕਾਮੇਡੀ ਵਿੱਚ ਇੱਕ ਮਹਾਨ ਹਸਤੀ ਬਣ ਕੇ ਸਾਮ੍ਹਣੇ ਆਉਂਦਾ ਹੈ। ਲਾਤੀਨੀ ਵਾਂਗ ਹੀ ਦਾਂਤੇ ਦੀਆਂ ਰਚਨਾਵਾਂ ਵਿੱਚੋਂ ਬਾਈਬਲ ਦੇ ਨਾਲ-ਨਾਲ ਅਰਸਤੂ, ਸਿਸਰੋ ਅਤੇ ਸੇਨੇਕਾ ਦੀਆਂ ਰਚਨਾਵਾਂ ਦੇ ਵਿਚਾਰਾਂ ਦਾ ਪ੍ਰਭਾਵ ਮਿਲਦਾ ਹੈ।

     ਦਾਂਤੇ ਦੀ ਜ਼ਿੰਦਗੀ ਇਟਲੀ ਦੇ ਲੰਮੇ ਰਾਜਨੀਤਿਕ ਸੰਘਰਸ਼ ਵਿੱਚੋਂ ਲੰਘੀ ਸੀ। ਦਾਂਤੇ ਨੇ ਆਪਣੇ ਸਮੇਂ ਵਿੱਚ ਬੜੀ ਗਰਮਜੋਸ਼ੀ ਨਾਲ ਸਿਆਸਤ ਵਿੱਚ ਹਿੱਸਾ ਲਿਆ। ਇੱਕ ਨੌਜੁਆਨ ਹੋਣ ਦੇ ਨਾਤੇ ਉਸ ਨੇ ਫਲੋਰੈਂਸ ਦੀ ਘੋੜ ਸਵਾਰ ਸੈਨਾ ਵਿੱਚ ਸ਼ਾਮਲ ਹੋ ਕੇ ਗਿਊਲਿਫਾਂ ਅਤੇ ਗਿਬਲਾਈਨਾਂ ਦੀ ਲੜਾਈ ਦੌਰਾਨ ਹਿੱਸਾ ਲਿਆ। ਬਾਅਦ ਵਿੱਚ ਜਦੋਂ ਉਹ ਗਿਊਲਿਫ ਬਣਿਆ ਤਾਂ ਉਸ ਨੇ ਫਲੋਰੈਂਸ ਗਣਰਾਜ ਦੀ ਸੁਤੰਤਰਤਾ ਵਿੱਚ ਪੋਪ ਜਾਂ ਕਿਸੇ ਹੋਰ ਸ਼ਾਸਕ ਦੀ ਹਰ ਪ੍ਰਕਾਰ ਦੀ ਦਖ਼ਲਅੰਦਾਜ਼ੀ ਨੂੰ ਰੱਦ ਕਰਦਿਆਂ ਮਕਸਦ ਦੀ ਪ੍ਰਾਪਤੀ ਲਈ ਇਹਨਾਂ ਦੇ ਗ਼ੈਰਕਾਨੂੰਨੀ ਢੰਗ ਤਰੀਕਿਆਂ ਦੀ ਨਿਖੇਧੀ ਕਰਨ ਵਿੱਚ ਪੱਕਾ ਤੇ ਸਪਸ਼ਟ ਨਿਰਣਾ ਲਿਆ। ਇਸ ਦੌਰਾਨ ਗਿਊਲਿਫ ਪਾਰਟੀ ਦੇ ਦੋ ਧੜਿਆਂ ਵਿੱਚ ਵੰਡੀ ਗਈ। ਇਉਂ ਇਸ ਗਣਰਾਜ ਅੰਦਰ ਸਿਆਸਤ ਦੀਆਂ ਗੁੰਝਲਾਂ ਤੇ ਚਾਲਾਂ ਕਰ ਕੇ ਵੈਲਾਸ ਦੇ ਚਾਰਲਸ ਨੇ ਬਿਨਾਂ ਲਹੂ ਵਹਾਏ ਫਲੋਰੈਂਸ ਉੱਤੇ ਜਿੱਤ ਪ੍ਰਾਪਤ ਕਰ ਲਈ। ਇਹੀ ਸੱਤਾ ਬਾਅਦ ਵਿੱਚ ਵਿਰੋਧੀਆਂ ਉੱਤੇ ਅਥਾਹ ਜ਼ੁਲਮ ਤੇ ਕਤਲੇਆਮ ਵਿੱਚ ਤਬਦੀਲ ਹੋ ਗਈ। ਨਤੀਜੇ ਵਜੋਂ ਦਾਂਤੇ ਨੂੰ ਉਸ ਦੀ ਸਾਰੀ ਜਾਇਦਾਦ ਜ਼ਬਤ ਕਰ ਕੇ ਦੇਸ਼ ਨਿਕਾਲਾ ਦੇ ਦਿੱਤਾ ਗਿਆ ਅਤੇ ਆਪਣੇ ਜੱਦੀ ਸ਼ਹਿਰ ਤੋਂ ਫਿਰ ਕਦੇ ਵਾਪਸ ਮੁੜਨ ਦੇ ਲਈ ਮੌਤ ਦਾ ਫ਼ਤਵਾ ਜਾਰੀ ਕਰ ਦਿੱਤਾ। ਇਹ ਘਟਨਾ 1302 ਵਿੱਚ ਵਾਪਰੀ।

     ਦਾਂਤੇ ਦੀ ਜਲਾਵਤਨੀ ਦਾ ਕੁਝ ਸਮਾਂ ਵੈਰੋਨਾ ਅਤੇ ਕੁਝ ਕੁ ਇਟਲੀ ਦੇ ਦੱਖਣੀ ਸ਼ਹਿਰਾਂ ਵਿੱਚ ਬੀਤਿਆ ਅਤੇ 1310 ਵਿੱਚ ਉਹ ਇਟਲੀ ਪਰਤ ਆਇਆ। ਇਸ ਸਮੇਂ ਲਕਸਮਬਰਗ ਦੇ ਹੈਨਰੀ ਨੇ ਪੋਪ ਦੀ ਸਵੀਕ੍ਰਿਤੀ ਨਾਲ ਪਵਿੱਤਰ ਰੋਮਨ ਸਾਮਰਾਜ ਦਾ ਤਾਜ ਪ੍ਰਾਪਤ ਕਰ ਲਿਆ ਸੀ ਅਤੇ ਉਸ ਨੇ ਪੁਰਾਤਨ ਰੋਮਨ ਸਾਮਰਾਜ ਦੀਆਂ ਸਾਂਝੀਆਂ ਰੀਤਾਂ ਦੇ ਆਧਾਰ `ਤੇ ਏਕਤਾ ਰੱਖਣ ਦਾ ਵਾਅਦਾ ਕੀਤਾ। ਦਾਂਤੇ ਦੀਆਂ ਰਾਜਨੀਤਿਕ ਆਸ਼ਾਵਾਂ ਮੁੜ ਜਾਗ੍ਰਿਤ ਹੋ ਗਈਆਂ। ਉਸਨੇ ਆਪਣੀ ਕਲਮ ਰਾਹੀਂ ਇਸ ਦੀਆਂ ਪ੍ਰਾਪਤੀਆਂ ਦਾ ਗੁਣਗਾਨ ਕੀਤਾ ਪਰ ਤਿੰਨਾਂ ਸਾਲਾਂ ਵਿੱਚ ਹੀ ਹੈਨਰੀ ਇੱਕ ਕਮਜ਼ੋਰ ਤੇ ਬੇਵੱਸ ਵਿਅਕਤੀ ਸਿੱਧ ਹੋ ਗਿਆ ਅਤੇ ਛੇਤੀ ਹੀ ਉਸ ਦੀ ਮੌਤ ਹੋ ਗਈ। ਦਾਂਤੇ ਨੂੰ ਦੂਜੀ ਵਾਰ ਫਲੋਰੈਂਸ ਦੇ ਜੱਜਾਂ, ਜਿਨ੍ਹਾਂ ਨੇ ਰਾਜੇ ਦਾ ਵਿਰੋਧ ਕੀਤਾ ਸੀ, ਵੱਲੋਂ ਸਜ਼ਾ ਸੁਣਾਈ ਗਈ। ਹੁਣ ਉਸ ਨੂੰ ਜਲਾਵਤਨੀ ਦੀ ਸਜ਼ਾ ਤੋਂ ਬਚਣ ਲਈ ਅਤੇ ਆਪਣੇ ਜੀਵਨ ਕਾਲ ਵਿੱਚ ਦੁਨੀਆ ਦੀ ਬਿਹਤਰੀ ਦੇਖਣ ਦੀ ਕੋਈ ਉਮੀਦ ਨਾ ਰਹੀ।

     1316 ਵਿੱਚ ਭਾਵੇਂ ਦਾਂਤੇ ਨੂੰ ਫਲੋਰੈਂਸ ਸ਼ਹਿਰ ਵਾਪਸ ਪਰਤਣ ਦਾ ਸੱਦਾ ਪ੍ਰਾਪਤ ਹੋ ਗਿਆ ਸੀ ਪਰੰਤੂ ਉਸ ਉਪਰ ਉਹ ਸ਼ਰਤਾਂ ਲਾਗੂ ਸਨ ਜਿਹੜੀਆਂ ਅਕਸਰ ਅਪਰਾਧੀ ਕੈਦੀਆਂ ਲਈ ਰਾਖਵੀਆਂ ਹੁੰਦੀਆਂ ਹਨ। ਉਸ ਦੇ ਅੰਤਲੇ ਵਰ੍ਹੇ ਰੈਵੇਨਾ ਵਿਖੇ ਬੀਤੇ ਜਿੱਥੇ 1321 ਵਿੱਚ ਉਸ ਦੀ ਮੌਤ ਹੋ ਗਈ। ਸਦੀਆਂ ਤੋਂ ਫਲੋਰੈਂਸ ਵਾਸੀਆਂ ਵੱਲੋਂ ਅਪੀਲ ਦੇ ਬਾਵਜੂਦ ਵੀ ਉਸ ਦੀਆਂ ਅਸਥੀਆਂ ਉੱਥੇ ਹੀ ਰੱਖੀਆਂ ਗਈਆਂ। ਇਹਨਾਂ ਲੋਕਾਂ ਨੇ ਸੈਂਟਾਕਰੂਸ ਚਰਚ ਵਿਖੇ ਉਸ ਦੀ ਕਬਰ ਬਣਾ ਕੇ ਉਸ ਨੂੰ ਸਥਾਪਿਤ ਕਰ ਲਿਆ।

     ਲਾ ਵੀਟਾ ਨਿਊਵਾ (ਦਾ ਨਿਊ ਲਾਈਫ) ਦਾਂਤੇ ਦੀ ਪਹਿਲੀ ਮਹੱਤਵਪੂਰਨ ਸਾਹਿਤਿਕ ਰਚਨਾ ਹੈ। ਇਸ ਦੀ ਰਚਨਾ ਦਾਂਤੇ ਨੇ ਆਪਣੀ ਪ੍ਰੇਮਿਕਾ ਬਿਟਰੀਸ ਦੀ ਮੌਤ ਤੋ ਥੋੜ੍ਹੇ ਸਮੇਂ ਬਾਅਦ ਕੀਤੀ। ਇਸ ਵਿੱਚ ਉਸ ਨੇ ਸਾਨੇਟ ਅਤੇ ਪ੍ਰਗੀਤ ਦੇ ਸੁਮੇਲ ਨੂੰ ਵਾਰਤਕਮਈ ਟਿੱਪਣੀਆਂ ਨਾਲ ਪੇਸ਼ ਕੀਤਾ ਹੈ। ਇਸ ਰਚਨਾ ਵਿੱਚ ਦਾਂਤੇ ਨੇ ਬਿਟਰੀਸ ਨੂੰ ਸਵਰਗ ਤੋਂ ਧਰਤੀ `ਤੇ ਉੱਤਰੀ ਸ਼ੈਅ ਵੱਜੋਂ ਇੱਕ ਪ੍ਰਤੱਖ ਚਮਤਕਾਰ ਦੇ ਤੌਰ `ਤੇ ਆਦਰਸ਼ਾਇਆ ਹੈ। ਇਸ ਵਿੱਚ ਇਸਤਰੀ ਦੇ ਨਾਲੋਂ ਪਿਆਰ ਦਾ ਆਦਰਸ਼ੀਕਰਨ ਵਧੇਰੇ ਹੈ ਜਿਹੜਾ ਸਵਰਗ ਅਤੇ ਧਰਤੀ ਵਿਚਕਾਰ ਇੱਕ ਪੌੜ੍ਹੀ ਬਣਦਾ ਹੈ। ਉਸ ਦੀ ਪਿਛਲੇਰੀ ਯਾਦਗਾਰੀ ਰਚਨਾ ਡਿਵਾਈਨ ਕਾਮੇਡੀ ਵਿੱਚ ਬਿਟਰੀਸ ਦਾਂਤੇ ਦੀ ਅਧਿਆਤਮਿਕ ਗੁਰੂ ਬਣ ਕੇ ਸਵਰਗ ਜਾਣ ਲਈ ਉਸ ਦੀ ਅਗਵਾਈ ਕਰਦੀ ਹੈ। ਲਾ ਵੀਟਾ ਨਿਊਵਾ ਸਪਸ਼ਟ ਰੂਪ ਵਿੱਚ ਪਿਆਰ ਦੀ ਕਵਿਤਾ ਦਾ ਪ੍ਰਭਾਵ ਵਿਅਕਤ ਕਰਦੀ ਹੈ ਪਰੰਤੂ ਇਹ ਪਿਆਰ ਨੂੰ ਅਧਿਆਤਮਿਕ ਰੰਗਣ ਪ੍ਰਦਾਨ ਕਰ ਕੇ ਉੱਚੇ ਭਾਵ-ਬੋਧ ਵਾਲੀ ਬਣ ਕੇ ਸਾਮ੍ਹਣੇ ਆਉਂਦੀ ਹੈ। ਦਾਂਤੇ ਨੇ ਆਪਣੀ ਇਸ ਰਚਨਾ ਨੂੰ ਆਪਣੇ ਪਰਮ ਮਿੱਤਰ ਕਾਵਲਾਕਾਂਤੇ, ਜਿਹੜਾ ਉਹਨਾਂ ਦਿਨਾਂ ਦਾ ਪ੍ਰਸਿੱਧ ਕਵੀ ਸੀ, ਨੂੰ ਸਮਰਪਿਤ ਕੀਤਾ ਹੈ ਜਿਸ ਨੇ ਉਸ ਨੂੰ ਲਾਤੀਨੀ ਦੀ ਥਾਂ ਤੇ ਇਤਾਲਵੀ ਭਾਸ਼ਾ ਵਿੱਚ ਲਿਖਣ ਲਈ ਪ੍ਰੇਰਿਤ ਕੀਤਾ ਸੀ।

     ਦਾਂਤੇ ਦੀ ਲਿਖਤ ਦਾ ਅਗਲਾ ਦੌਰ ਵਧੇਰੇ ਵਿਵਿਧਤਾ ਨਾਲ ਭਰਪੂਰ ਹੈ। ਇਹਨਾਂ ਵਿੱਚੋਂ ਕੁਝ ਰਾਜਨੀਤਿਕ ਰਚਨਾਵਾਂ ਹਨ। ਡੀ. ਮੋਨਾਰਿਕਾ ਜਿਨ੍ਹਾਂ ਵਿੱਚੋਂ ਪ੍ਰਮੁਖ ਹੈ। ਇਸ ਦਾ ਵਿਸ਼ਾ-ਵਸਤੂ ਇਹ ਹੈ ਕਿ ਪੁਰਾਤਨ ਰੋਮਨ ਸਾਮਰਾਜ ਦੇਵਤਿਆਂ ਤੋਂ ਪ੍ਰੇਰਿਤ ਸੀ ਅਤੇ ਦੁਨੀਆ ਦੀ ਮੁਕਤੀ ਲਈ ਪਵਿੱਤਰ ਰੋਮਨ ਸਾਮਰਾਜ ਵਿੱਚ ਇਹ ਨਿਰੰਤਰ ਇਸੇ ਤਰ੍ਹਾਂ ਜਾਰੀ ਰਹਿਣਾ ਚਾਹੀਦਾ ਹੈ, ਭਾਵੇਂ ਕਿ ਸਮਰਾਟ ਇਤਾਲਵੀ ਨਾ ਵੀ ਹੋਵੇ। ਹੈਨਰੀ ਸੱਤਵੇਂ ਦੇ ਇਟਲੀ ਵਿੱਚ ਪਹੁੰਚਣ ਤੋਂ ਇਕਦਮ ਮਗਰੋਂ ਇਸਦਾ ਸੰਕਲਨ ਕੀਤਾ ਗਿਆ।

     ਜਲਾਵਤਨੀ ਦੇ ਅਰੰਭਲੇ ਸਾਲਾਂ ਵਿੱਚ ਦਾਂਤੇ ਨੇ ਲਾਤੀਨੀ ਭਾਸ਼ਾ ਵਿੱਚ ਦੋ ਮਹੱਤਵਪੂਰਨ ਰਚਨਾਵਾਂ ਲਿਖੀਆਂ ਜਿਨ੍ਹਾਂ ਦਾ ਨਾਂ ਡੀ ਵੁਲਗਾਰੀ ਈਲੋਕਵੇਂਤੀਆ (ਆਮ ਬੋਲ-ਚਾਲ ਨਾਲ ਸੰਬੰਧਿਤ) (1304-05) ਅਤੇ ਕੋਨਵੀਵੋ। ਇਹ ਦੋਵੇਂ ਰਚਨਾਵਾਂ ਅਧੂਰੀਆਂ ਹੀ ਰਹਿ ਗਈਆਂ। ਡੀ ਵੁਲਗਾਰੀ ਈਲੋਕਵੇਂਤੀਆ ਇਤਾਲਵੀ ਭਾਸ਼ਾ ਦੀ ਵਰਤੋਂ ਅਤੇ ਇਸ ਦੇ ਗੁਣਾਂ ਉਪਰ ਆਧਾਰਿਤ ਹੈ। ਇਹ ਪੁਸਤਕ ਇਤਾਲਵੀ ਭਾਸ਼ਾ ਨੂੰ ਸਾਹਿਤਿਕ ਮਾਧਿਅਮ ਦੇ ਤੌਰ ਤੇ ਅਪਣਾਉਣ ਦਾ ਸਮਰਥਨ ਕਰਦੀ ਹੋਈ ਇਸ ਦੀ ਚੰਗੇਰੀ ਵਰਤੋਂ ਦੀ ਕਸਵੱਟੀ ਨੂੰ ਸਥਾਪਿਤ ਕਰਨ ਦਾ ਯਤਨ ਕਰਦੀ ਹੈ। ਇਹ ਇਤਾਲਵੀ ਕਵਿਤਾ ਦੀ ਆਲੋਚਨਾ ਦੇ ਇੱਕ ਹਿੱਸੇ ਨੂੰ ਸ਼ਾਮਲ ਕਰ ਕੇ ਸੰਪੂਰਨ ਹੁੰਦੀ ਹੈ।

     ਕੋਨਵੀਵੋ (1304-1307) ਪੰਦ੍ਹਰਾਂ ਭਾਗਾਂ ਵਿੱਚ ਆਪਣੇ ਯੁੱਗ ਦੇ ਸਾਰੇ ਗਿਆਨ ਨੂੰ ਸਮੋ ਲੈਣ ਵਾਲੀ ਰਚਨਾ ਹੈ। ਪਹਿਲੀ ਪੁਸਤਕ ਜਾਣ-ਪਛਾਣ ਨਾਲ ਸੰਬੰਧਿਤ ਹੈ ਤੇ ਬਾਕੀ ਦੀਆਂ 14 ਦਾਂਤੇ ਦੀਆਂ 14 ਕਵਿਤਾਵਾਂ ਦੇ ਉੱਪਰ ਟਿੱਪਣੀਆਂ ਸਮੇਤ ਹਨ, ਦਾਂਤੇ ਨੇ ਜਿਵੇਂ-ਜਿਵੇਂ ਇਹਨਾਂ ਵਿੱਚੋਂ ਕੇਵਲ ਪਹਿਲੀਆਂ ਚਾਰ ਪੁਸਤਕਾਂ ਪੂਰੀਆਂ ਕੀਤੀਆਂ। ਉਸ ਦੀ ਇਹ ਇੱਛਾ ਸੀ ਕਿ ਜਿਵੇਂ ਉਸ ਨੇ ਡਿਵਾਈਨ ਕਾਮੇਡੀ ਵਿੱਚ ਨੈਤਿਕ ਅਤੇ ਰਾਜਨੀਤਿਕ ਮਸਲਿਆਂ ਦੀ ਵੰਗਾਰ ਨੂੰ ਉਭਾਰਿਆ ਸੀ ਉਸੇ ਤਰ੍ਹਾਂ ਇਸ ਵਿੱਚ ਵੀ ਉਹ ਸੁਯੋਗ ਨੈਤਿਕ ਅਤੇ ਅਧਿਆਤਮਿਕ ਢਾਂਚੇ ਦੀ ਲੋੜ ਨੂੰ ਉਭਾਰੇ।

     ਦੀ ਡਿਵਾਈਨ ਕਾਮੇਡੀ ਪੁਸਤਕ ਕਵੀ ਦੇ ਕਠੋਰ ਤੇ ਵਿਵਿਧ ਅਨੁਭਵ ਅਤੇ ਉਸ ਦੀ ਦਾਰਸ਼ਨਿਕਤਾ ਦਾ ਨਿਚੋੜ ਹੈ। ਇਸ ਰਚਨਾ ਦਾ ਮੰਤਵ ਚਰਚ ਸਮੇਤ, ਜੀਵਨ ਦੇ ਹਰ ਖੇਤਰ ਵਿੱਚ ਫੈਲੀ ਹੋਈ ਬੁਰਾਈ ਨੂੰ ਨੰਗਾ ਕਰਨਾ ਸੀ ਅਤੇ ਭਵਿੱਖ ਦੇ ਲਈ ਨਵੇਂ ਮਿਆਰਾਂ ਨੂੰ ਸਥਾਪਿਤ ਕਰਨਾ ਸੀ। ਇਹ ਰਚਨਾ ਦਾਂਤੇ ਦੀ ਜਲਾਵਤਨੀ ਵੇਲੇ ਬੇਵਤਨੀ ਦੇ ਦਿਨਾਂ ਨਾਲ ਸੰਬੰਧਿਤ ਹੈ ਜਿਹੜੀ ਲਗਪਗ 1307 ਵਿੱਚ ਸ਼ੁਰੂ ਹੁੰਦੀ ਹੈ ਅਤੇ ਉਸ ਦੀ ਮੌਤ ਤੋਂ ਥੋੜ੍ਹਾ ਸਮਾਂ ਪਹਿਲਾਂ ਹੀ ਸੰਪੂਰਨ ਹੁੰਦੀ ਹੈ। ਇਸ ਦੇ ਤਿੰਨ ਭਾਗ ਹਨ-ਦਾ ਇਨਫਰਨੋ (ਹੈੱਲ) ਜਿਸ ਵਿੱਚ ਮਹਾਨ ਸਨਾਤਨੀ ਕਵੀ ਵਰਜਿਲ ਦਾਂਤੇ ਪਾਤਰ ਜਿਹੜਾ ਖ਼ੁਦ ਦਾਂਤੇ ਹੀ ਹੈ ਨੂੰ ਨਰਕ ਦੀ ਯਾਤਰਾ ਵਿੱਚ ਅਗਵਾਈ ਦਿੰਦਾ ਦਿਖਾਇਆ ਗਿਆ ਹੈ। ਦਾ ਪਰਗੈਟੋਰੀਓ (ਪਰਗੈਟਰੀ) ਵਿੱਚ ਵਰਜਿਲ ਦਾਂਤੇ ਨੂੰ ਪਾਵਨ ਪਰਬਤ ਉਪਰ ਲਿਜਾਣ ਦੀ ਅਗਵਾਈ ਕਰਦਾ ਹੈ। ਦਾ ਪੈਰਾਡੀਸੋ (ਪੈਰਾਡਾਈਜ) ਵਿੱਚ ਦਾਂਤੇ ਬਿਟਰੀਸ ਦੀ ਅਗਵਾਈ ਵਿੱਚ ਸਵਰਗ ਦੇ ਸਫ਼ਰ `ਤੇ ਜਾਂਦਾ ਹੈ। ਇਹਨਾਂ ਤਿੰਨਾਂ ਖੰਡਾਂ ਵਿੱਚ ਕਵੀ ਮਿਥਿਹਾਸਿਕ, ਇਤਿਹਾਸਿਕ ਤੇ ਸਮਕਾਲੀ ਮਹਾਂਪੁਰਖਾਂ ਨੂੰ ਮਿਲਦਾ ਹੈ। ਹਰ ਇੱਕ ਪਾਤਰ ਵਿਸ਼ੇਸ਼ ਤੌਰ `ਤੇ ਕਿਸੇ ਗੁਣ ਜਾਂ ਦੋਸ਼ ਦਾ ਪ੍ਰਤੀਕ ਹੈ, ਚਾਹੇ ਉਹ ਧਾਰਮਿਕ ਹੋਵੇ ਭਾਵੇਂ ਰਾਜਨੀਤਿਕ। ਇਸ ਰਚਨਾ ਵਿੱਚ ਬ੍ਰਹਿਮੰਡਕ ਹੁਕਮ ਦੇ ਅਧੀਨ ਸਜਾਵੀ ਪਾਤਰਾਂ ਦੀਆਂ ਕਾਰਵਾਈਆਂ ਦੇ ਵਿਸ਼ਾਲ ਅਰਥਾਂ ਨੂੰ ਪ੍ਰਗਟ ਕੀਤਾ ਗਿਆ ਹੈ। ਦਾਂਤੇ ਦੀ ਕਾਲਪਨਿਕ ਉਡਾਰੀ ਨੂੰ ਇੱਕ ਅਜਿਹੇ ਰੂਪਕ ਵਜੋਂ ਸਮਝਿਆ ਜਾ ਸਕਦਾ ਹੈ ਜਿਹੜੀ ਰੂਹ ਦੇ ਸ਼ੁੱਧੀਕਰਨ ਅਤੇ ਅੰਤਰੀਵੀ ਸ਼ਾਂਤੀ ਦੀ ਪ੍ਰਾਪਤੀ ਲਈ ਪਿਆਰ ਅਤੇ ਵਿਵੇਕ ਦੀ ਅਗਵਾਈ ਨਾਲ ਪ੍ਰਾਪਤ ਹੁੰਦੀ ਹੈ। ਦਾਂਤੇ ਨੇ ਜਲਾਵਤਨੀ ਦੇ ਸੰਕਟ ਦੌਰਾਨ ਮੁਸੀਬਤਾਂ ਦਾ ਡਟ ਕੇ ਸਾਮ੍ਹਣਾ ਕਰਨ ਲਈ ਇਸ ਸੋਚ ਨੂੰ ਅਪਣਾ ਲਿਆ ਸੀ। ਦਾਂਤੇ ਨੇ ਇਸ ਦਾ ਨਾਂ ਲਾ ਕਮੀਡੀਆ (ਦਾ ਕਾਮੇਡੀ) ਇਸੇ ਕਰ ਕੇ ਰੱਖਿਆ ਸੀ ਕਿ ਇਸ ਦਾ ਅੰਤ ਖ਼ੁਸ਼ੀ ਵਾਲਾ ਹੈ। ਸਵਰਗ ਵਿੱਚ ਉਸ ਦੀ ਯਾਤਰਾ ਜਿਹੜੀ ਦੇਵਤਿਆਂ ਸਦਕਾ, ਰੱਬ ਦੀ ਦ੍ਰਿਸ਼ਟੀ ਅਤੇ ਆਪਣੀ ਇੱਛਾ ਸ਼ਕਤੀ ਕਰ ਕੇ ਪੂਰੀ ਹੁੰਦੀ ਹੈ, ਨਾਲ ਇਹ ਖ਼ੁਸ਼ੀ ਆਪਣੇ ਸਿਖਰ ਨੂੰ ਪਹੁੰਚਦੀ ਹੈ।

     ਦਾਂਤੇ ਨੇ ਆਪਣੀ ਉਮਰ ਵਿੱਚ ਜੋ ਸਧਾਰਨ ਰਚਨਾਵਾਂ ਲਿਖੀਆਂ ਉਹ ਕੁਐਸਟੋ ਡੀ ਐਕੁਆ ਏਟ ਟੇਰਾ (ਕੁਐਸ਼ਚਨ ਆਫ ਵਾਟਰ ਐਂਡ ਅਰਥ) ਅਤੇ ਦੋ ਲਾਤੀਨੀ ਐਕਲਾਗਜ਼ ਹਨ। ਪਹਿਲੀ ਰਚਨਾ ਤਾਰਾ ਵਿਗਿਆਨਿਕ ਸਿਧਾਂਤ ਵਾਲੀ ਹੈ ਜਿਹੜੀ ਆਪਣੇ ਸਮਕਾਲੀ ਚਿੰਤਕਾਂ ਨਾਲ ਇਸ ਗੌਲਣਯੋਗ ਮੁੱਦੇ ਉੱਤੇ ਸੰਵਾਦ ਰਚਾਉਂਦੀ ਹੈ ਕਿ ਸਮੁੰਦਰ ਦੀ ਸਤ੍ਹਾ ਜਾਂ ਪਾਣੀ ਦਾ ਕੋਈ ਤਲ ਧਰਤੀ ਦੀ ਸਤ੍ਹਾ ਨਾਲੋਂ ਕਿਸ ਬਿੰਦੂ `ਤੇ ਉੱਚਾ ਹੁੰਦਾ ਹੈ ਐਕਲਾਗਜ ਰੋਮਨ ਕਵੀ ਵਰਜਿਲ ਦੇ ਪਿੱਛੋਂ ਦਾ ਨਮੂਨਾ ਹਨ ਜਿਸ ਨੂੰ ਦਾਂਤੇ ਆਪਣੇ ਵਿਚਾਰਾਂ ਉਪਰ ਸਭ ਨਾਲੋਂ ਵਧੇਰੇ ਮਹੱਤਵਪੂਰਨ ਪ੍ਰਭਾਵ ਵੱਜੋਂ ਪ੍ਰਵਾਨ ਕਰਦਾ ਹੈ।


ਲੇਖਕ : ਮਨਜੀਤ ਕੌਰ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 10198, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.