ਦਾਨ ਸਿੰਘ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਦਾਨ ਸਿੰਘ. ਮਹਿਮਾਸਰਜਾ ਦਾ ਵਸਨੀਕ ਮਾਲਵਈ ਬੈਰਾੜ, ਚੜਤ ਸਿੰਘ ਦਾ ਭਾਈ , ਜੋ ਦਸ਼ਮੇਸ਼ ਦੀ ਸੇਵਾ ਵਿੱਚ ਆਨੰਦਪੁਰ ਅਤੇ ਮਾਲਵੇ ਹਾਰ ਰਿਹਾ. ਇਸ ਨੇ ਮੁਕਤਸਰ ਦੇ ਜੰਗ ਵਿੱਚ ਭੀ ਵਡੀ ਵੀਰਤਾ ਦਿਖਾਈ. ਜਦ ਬੈਰਾੜਾਂ ਨੇ ਗੁਰੂ ਗੋਬਿੰਦ ਸਿੰਘ ਜੀ ਤੋਂ ਨੌਕਰੀ ਲਈ, ਤਦ ਗੁਰੂ ਸਾਹਿਬ ਨੇ ਦਾਨ ਸਿੰਘ ਨੂੰ ਭੀ ਧਨ ਲੈਣ ਲਈ ਆਖਿਆ, ਅੱਗੋਂ ਉਸਨੇ ਬੇਨਤੀ ਕੀਤੀ—“ਸੁਨਕੈ ਦਾਨਸਿੰਘ ਕਰ ਜੋਰੇ। ਦੂਧ ਪੂਤ ਧਨ ਸਭ ਘਰ ਮੋਰੇ। ਕ੍ਰਿਪਾ ਕਰਹੁ ਸਿੱਖੀ ਮੁਝ ਦੀਜੈ। ਅਪਨੋ ਜਾਨ ਬਖ਼ਸ਼ ਕਰ ਲੀਜੈ.” (ਗੁਪ੍ਰਸੂ)
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3395, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no
ਦਾਨ ਸਿੰਘ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਦਾਨ ਸਿੰਘ: ਪੰਜਾਬ ਦੇ ਮਹਿਮਾ ਸਰਜਾ ਪਿੰਡ ਦਾ ਵਸਨੀਕ ਜੋ ਜਾਤਿ ਦਾ ਬਰਾੜ ਜੱਟ ਸੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੀ ਸੇਵਾ ਵਿਚ ਆਨੰਦਪੁਰ ਅਤੇ ਮਾਲਵੇ ਵਿਚ ਹਾਜ਼ਰ ਰਿਹਾ ਸੀ। ਗੁਰੂ ਸਾਹਿਬ ਨੇ ਆਨੰਦਪੁਰ ਦਾ ਕਿਲ੍ਹਾ ਛਡਣ ਤੋਂ ਬਾਦ ਜਦੋਂ ਮਾਲਵੇ ਵਿਚ ਆ ਕੇ ਬਰਾੜਾਂ ਨੂੰ ਭਰਤੀ ਕਰਕੇ ਇਕ ਸੈਨਿਕ ਦਲ ਤਿਆਰ ਕੀਤਾ, ਤਾਂ ਦਾਨ ਸਿੰਘ ਆਪਣੇ ਪੁੱਤਰ ਸਹਿਤ ਉਸ ਦਲ ਵਿਚ ਸ਼ਾਮਲ ਹੋ ਗਿਆ। ਇਸ ਨੇ ਆਪਣੀ ਸੇਵਾ ਅਤੇ ਬਹਾਦਰੀ ਨਾਲ ਗੁਰੂ ਜੀ ਦਾ ਮਨ ਜਿਤ ਲਿਆ। ਸਿੱਖ ਇਤਿਹਾਸ ਅਨੁਸਾਰ ਗੁਰੂ ਜੀ ਨੇ ਇਸ ਨੂੰ ਘੋੜਿਆਂ ਦਾ ਨਿਗਰਾਨ ਨਿਯੁਕਤ ਕੀਤਾ। ਇਸ ਦੇ ਸੁਝਾਵ’ਤੇ ਹੀ ਗੁਰੂ ਜੀ ਨੇ ਖਿਦਰਾਣੇ ਦੀ ਢਾਬ ਨੇੜੇ ਟਿੱਬੀ ਉਪਰ ਠਹਿਰ ਕੇ ਸਰਹਿੰਦ ਦੇ ਫ਼ੌਜਦਾਰ ਦੀ ਸੈਨਾ ਦਾ ਮੁਕਾਬਲਾ ਕੀਤਾ। ਉਸ ਵੇਲੇ 500 ਘੋੜ-ਚੜ੍ਹੇ ਅਤੇ ਨੌਂ ਸੌ ਪੈਦਲ ਬਰਾੜ ਸੈਨਿਕ ਗੁਰੂ ਜੀ ਦੀ ਨੌਕਰੀ ਵਿਚ ਸਨ। ਜਦੋਂ ਗੁਰੂ ਜੀ ਤਲਵੰਡੀ ਸਾਬੋ ਵਲ ਪ੍ਰਸਥਾਨ ਕਰਨ ਲਗੇ ਤਾਂ ਉਨ੍ਹਾਂ ਬਰਾੜ ਸੈਨਿਕਾਂ ਨੇ ਤਨਖ਼ਾਹ ਲੈਣ ਲਈ ਤਕਾਜ਼ਾ ਕੀਤਾ। ਗੁਰੂ ਜੀ ਨੇ ਛੱਤੇਆਣਾ ਪਿੰਡ ਕੋਲ ਰੁਕ ਕੇ ਉਨ੍ਹਾਂ ਨੂੰ ਤਨਖ਼ਾਹ ਵੰਡੀ। ਆਖ਼ੀਰ’ਤੇ ਗੁਰੂ ਜੀ ਨੇ ਦਾਨ ਸਿੰਘ ਨੂੰ ਵੀ ਤਨਖ਼ਾਹ ਲੈਣ ਲਈ ਕਿਹਾ, ਪਰ ਇਸ ਨੇ ਕੇਵਲ ‘ਸਿੱਖੀ ’ ਦੀ ਦਾਤ ਲਈ ਬੇਨਤੀ ਕੀਤੀ। ਗੁਰੂ ਜੀ ਨੇ ਇਸ ਨੂੰ ‘ਮਾਲਵੇ ਦਾ ਗੌਰਵ’ ਹੋਣ ਦਾ ਮਾਣ ਬਖ਼ਸ਼ਿਆ ਅਤੇ ਇਸ ਦੀ ਅਰਜ਼ੋਈ ਨੂੰ ਮੰਨਦਿਆਂ ਇਸ ਦੇ ਪਿੰਡ ਵੀ ਗਏ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3370, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no
ਦਾਨ ਸਿੰਘ ਸਰੋਤ :
ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ
ਦਾਨ ਸਿੰਘ : ਇਹ ਮਹਿਮਾ ਸਰਾਜ ਦਾ ਰਹਿਣ ਵਾਲਾ ਗੁਰੂ ਗੋਬਿੰਦ ਸਿੰਘ ਜੀ ਦਾ ਇਕ ਸਿੱਖ ਸੀ ਜਿਹੜਾ ਅਨੰਦਪੁਰ ਅਤੇ ਮਾਲਵੇ ਵਿਚ ਗੁਰੂ ਗੋਬਿੰਦ ਸਿੰਘ ਜੀ ਦੀ ਸੇਵਾ ਵਿਚ ਕਾਫ਼ੀ ਦੇਰ ਰਿਹਾ। ਮੁਕਤਸਰ ਦੀ ਲੜਾਈ ਸਮੇਂ ਇਸ ਨੇ ਬਹੁਤ ਬਹਾਦਰੀ ਵਿਖਾਈ । ਜਦ ਬੈਰਾੜਾਂ ਨੇ ਗੁਰੂ ਜੀ ਪਾਸੋਂ ਤਨਖ਼ਾਹ ਲਈ ਤਾਂ ਗੁਰੂ ਜੀ ਨੇ ਦਾਨ ਸਿੰਘ ਨੂੰ ਵੀ ਕੁਝ ਧਨ ਦੌਲਤ ਲੈਣ ਲਈ ਆਖਿਆ । ਦਾਨ ਸਿੰਘ ਨੇ ਗੁਰੂ ਜੀ ਨੂੰ ਅੱਗੋਂ ਇਸ ਪ੍ਰਕਾਰ ਬੇਨਤੀ ਕੀਤੀ :
“ਸੁਨ ਕੈ ਦਾਨ ਸਿੰਘ ਕਰ ਜੋਰੇ ।
ਦੂਧ ਪੂਤ ਧਨ ਸਭ ਘਰ ਮੋਰੇ।
ਕ੍ਰਿਪਾ ਕਰਹੁ ਸਿੱਖੀ ਮੁਝ ਦੀਜੈ ।
ਅਪਨੋ ਜਾਨ ਬਖ਼ਸ਼ ਕਰ ਲੀਜੈ।"
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2180, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-01-23-11-43-46, ਹਵਾਲੇ/ਟਿੱਪਣੀਆਂ: ਹ. ਪੁ. –ਮ. ਕੋ. : 628; ਗੁ. ਪ੍ਰ. ਸੂ. ਗ੍ਰੰ. ਭਾਈ ਸੰਤੋਖ ਸਿੰਘ
ਵਿਚਾਰ / ਸੁਝਾਅ
Please Login First