ਦੀਪਾਲਪੁਰ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਦੀਪਾਲਪੁਰ. ਦੇਖੋ, ਦੀਪਾਲਪੁਰ ਅਤੇ ਨਾਨਕਿਆਨਾ ਨੰ: ੩.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1759, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no

ਦੀਪਾਲਪੁਰ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਦੀਪਾਲਪੁਰ (ਨਗਰ): ਪੱਛਮੀ ਪੰਜਾਬ ਦੇ ਸਾਹੀਵਾਲ (ਮੰਟਗੁਮਰੀ) ਜ਼ਿਲ੍ਹੇ ਦਾ ਇਕ ਪੁਰਾਤਨ ਨਗਰ, ਜਿਥੇ ਗੁਰੂ ਨਾਨਕ ਦੇਵ ਜੀ ਪਾਕਪਟਨ ਤੋਂ ਤਲਵੰਡੀ ਆਉਂਦੇ ਹੋਏ ਰਕੇ ਸਨ। ਜਨਮਸਾਖੀ ਸਾਹਿਤ ਅਨੁਸਾਰ ਗੁਰੂ ਜੀ ਨਗਰ ਦੇ ਦੱਖਣ-ਪੂਰਬ ਵਲ ਜਿਸ ਸੁੱਕੇ ਹੋਏ ਪਿਪਲ ਦੇ ਬ੍ਰਿਛ ਹੇਠਾਂ ਬੈਠੇ, ਉਹ ਹਰਾ-ਭਰਾ ਹੋ ਗਿਆ ਅਤੇ ਉਹ ਹੁਣ ਵੀ ਕਾਇਮ ਦਸਿਆ ਜਾਂਦਾ ਹੈ। ਇਸ ਨਗਰ ਦੇ ਨੂਰੀ (ਨੌਰੰਗਾ) ਨਾਂ ਦੇ ਇਕ ਕੋੜ੍ਹੀ ਦਾ ਗੁਰੂ ਜੀ ਨੇ ਉੱਧਾਰ ਕੀਤਾ। ਗੁਰੂ ਜੀ ਦੀ ਆਮਦ ਦੀ ਯਾਦ ਵਿਚ ਉਥੇਗੁਰਦੁਆਰਾ ਪਹਿਲੀ ਪਾਤਿਸ਼ਾਹੀ’ ਦੀ ਸਥਾਪਨਾ ਕੀਤੀ ਗਈ। ਇਸ ਗੁਰੂ-ਧਾਮ ਦੇ ਨੇੜੇ ਹੀ ਨੂਰੀ ਕੋੜ੍ਹੀ ਦੀ ਕਬਰ ਹੈ। ਦੇਸ਼-ਵੰਡ ਕਾਰਣ ਇਹ ਗੁਰਦੁਆਰਾ ਪਾਕਿਸਤਾਨ ਵਿਚ ਰਹਿ ਗਿਆ ਹੈ।

            ਇਸ ਨਗਰ ਵਿਚ ਭਾਈ ਨਥੂ ਰਾਮ ਦੇ ਘਰ ਦੋ ਯਾਦਗਾਰੀ ਵਸਤੂਆਂ ਸੰਭਾਲੀਆਂ ਹੋਈਆਂ ਸਨ। ਇਨ੍ਹਾਂ ਵਿਚੋਂ ਇਕ ਸੀ ਮੰਜੀ ਜੋ ਗੁਰੂ ਹਰਿ ਰਾਇ ਜੀ ਦੁਆਰਾ ਬਖ਼ਸ਼ੀ ਹੋਈ ਸੀ। ਮਹਾਨਕੋਸ਼ਕਾਰ ਅਨੁਸਾਰ ‘‘ਜੋ ਪੌਣੇ ਛੀ ਫੁਟ ਲਿੰਮੀ, ਤਿੰਨ ਫੁਟ ਚੌੜੀ ਅਤੇ ਸਵਾ ਫੁਟ ਉੱਚੀ ਹੈ, ਚਿੱਟੇ ਅਤੇ ਲਾਲ ਸੂਤ ਨਾਲ ਬੁਣੀ ਹੋਈ ਹੈ। ਕਾਲੀ ਲੱਕੜ ਦੀਆਂ ਬਾਹੀਆਂ ਅਤੇ ਰੰਗੀਲ ਪਾਵੇ ਹਨ।’’ ਦੂਜੀ ਵਸਤੂ ਲੱਕੜ ਦੀ ਇਕ ਅਲਮਾਰੀ ਸੀ ਜਿਸ ਉਪਰ ਵੇਲਾਂ ਅਤੇ ਫੁਲ ਬਣੇ ਹੋਏ ਸਨ। ਦੇਸ਼ ਵੰਡ ਤੋਂ ਬਾਦ ਪਤਾ ਨਹੀਂ ਹੁਣ ਉਹ ਪਰਿਵਾਰ ਕਿਥੇ ਹੈ ਅਤੇ ਇਹ ਯਾਦਗਾਰੀ ਵਸਤੂਆਂ ਕਿਥੇ ਹਨ ?


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1737, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਦੀਪਾਲਪੁਰ ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ

ਦੀਪਾਲਪੁਰ : ਤਹਿਸੀਲ : ਇਹ ਪੱਛਮੀ ਪੰਜਾਬ (ਪਾਕਿਸਤਾਨ) ਦੇ ਜ਼ਿਲ੍ਹਾ ਮਿੰਟਗੁਮਰੀ ਦੀ ਤਹਿਸੀਲ ਹੈ ਜਿਹੜੀ ਬਾਰੀ ਦੁਆਬ ਅਤੇ ਸਤਲੁਜ ਦੇ ਵਿਚਕਾਰ ਦੀ ਪਠਾਰ ਦੀ ਨੀਵੀਂ ਧਰਤੀ ਹੈ ਅਤੇ ਇਸ ਦਾ ਉੱਤਰ-ਪੂਰਬੀ ਕਿਨਾਰਾ ਸਤਲੁਜ ਦਰਿਆ ਨਾਲ ਲਗਦਾ ਹੈ। ਇਸ ਤਹਿਸੀਲ ਵਿਚ ਦੀਪਾਲਪੁਰ ਇਕ ਇਤਿਹਾਸਕ ਮਹੱਤਤਾ ਵਾਲਾ ਪਿੰਡ ਹੈ। ਇਸ ਦੇ ਦੱਖਣੀ ਇਲਾਕੇ ਦੀ ਧਰਤੀ ਬੇਕਾਰ ਹੈ ਪਰ ਵਧੇਰੇ ਇਲਾਕੇ ਵਿਚ ਖ਼ਾਨਵਾਹ ਅਤੇ ਅੱਪਰ ਲੋਅਰ ਸੋਹਾਗ (Sohag) ਨਹਿਰਾਂ ਰਾਹੀਂ ਸਿੰਜਾਈ ਆਦਿ ਕੀਤੀ ਜਾਂਦੀ ਹੈ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1184, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-01-24-05-04-20, ਹਵਾਲੇ/ਟਿੱਪਣੀਆਂ: ਹ. ਪੁ. –ਇੰਪ. ਗ. ਇੰਡ. 11 : 358-59

ਦੀਪਾਲਪੁਰ ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ

ਦੀਪਾਲਪੁਰ : ਸ਼ਹਿਰ : ਇਹ ਪਾਕਿਸਤਾਨ ਦੇ ਜ਼ਿਲ੍ਹਾ ਮਿੰਟਗੁਮਰੀ ਦਾ ਇਕ ਸ਼ਹਿਰ ਹੈ। ਇਸ ਦਾ ਪੁਰਾਤਨ ਨਾਂ ਦੀਬਾਲਪੁਰ ਜਾਂ ਦਿਓਬਾਲਪੁਰ ਸੀ। ਇਸ ਸ਼ਹਿਰ ਦੀ ਇਤਿਹਾਸਕ ਅਤੇ ਧਾਰਮਿਕ ਮਹੱਤਤਾ ਬਹੁਤ ਹੈ। ਇਥੋਂ ਇੰਡੋ-ਸਿਥੀਅਨ ਦੇ ਪੁਰਾਣੇ ਸਿੱਕੇ ਵੀ ਮਿਲੇ ਹਨ। ਤੇਰ੍ਹਵੀਂ ਸਦੀ ਵਿਚ ਇਥੇ ਸ਼ੇਰ ਖ਼ਾਨ ਆਇਆ। ਚੋਦ੍ਹਵੀਂ ਤੇ ਪੰਦਰ੍ਹਵੀਂ ਸਦੀ ਵਿਚ ਦਿੱਲੀ ਨੂੰ ਮੰਗੋਲਾਂ ਦੇ ਹੱਲਿਆਂ ਤੋਂ ਬਚਾਉਣ ਲਈ ਇਸ ਨੂੰ ਲਾਹੌਰ ਤੇ ਸਮਾਣਾ ਸਮੇਤ ਸੀਮਾ ਦੀ ਗੜ੍ਹੀ ਬਣਾਇਆ ਗਿਆ।ਸੰਨ 1285 ਵਿਚ ਸੁਲਤਾਨ ਬਲਬਨ ਦਾ ਪੁੱਤਰ ਮੁਹੰਮਦ, ਦੀਪਾਲਪੁਰ ਦੇ ਨੇੜੇ ਮੰਗੋਲਾਂ ਨਾਲ ਲੜਾਈ ਵਿਚ ਮਾਰਿਆ ਗਿਆ ਅਤੇ ਪ੍ਰਸਿੱਧ ਕਵੀ ਅਮੀਰ ਖੁਸਰੋ ਨੂੰ ਕੈਦ ਕਰ ਲਿਆ ਗਿਆ। ਅਲਾਉਦੀਨ ਦੇ ਸਮੇਂ ਇਹ ਗਾਜ਼ੀ ਮਲਿਕ ਦਾ ਸਦਰ ਮੁਕਾਮ ਸੀ । ਇਸ ਤੋਂ ਬਾਅਦ ਸੁਲਤਾਨ ਤੁਗਲਕ ਸ਼ਾਹ ਆਇਆ ਜਿਸ ਨੇ ਮੰਗੋਲ ਹੱਲਿਆਂ ਨੂੰ ਪਛਾੜ ਦਿੱਤਾ । ਫਿਰੋਜ਼ਸ਼ਾਹ ਤੁਗ਼ਲਕ, ਚੌਦ੍ਹਵੀਂ ਸਦੀ ਵਿਚ ਇਸ ਸ਼ਹਿਰ ਵਿਖੇ ਆਇਆ ਅਤੇ ਉਸ ਨੇ ਇਸ ਸ਼ਹਿਰ ਦੇ ਬਾਹਰ ਬਹੁਤ ਸਾਰੀਆਂ ਮਸੀਤਾਂ ਬਣਾਈਆਂ ਅਤੇ ਸਤਲੁਜ ਵਿਚੋਂ ਨਹਿਰ ਕੱਢੀ। ਸੰਨ 1358 ਵਿਚ ਇਸ ਨਹਿਰ ਦੇ ਨੇੜੇ ਮੰਗੋਲ ਫੌਜਾਂ ਦੀ ਹਾਰ ਹੋਈ। ਇਹ ਸ਼ਹਿਰ 1398 ਵਿਚ ਤੈਮੂਰ ਪਾਸ ਆ ਗਿਆ ਅਤੇ ਇਸ ਦਾ ਗਵਰਨਰ ਮੰਗੋਲ ਸੀ। ਇਸ ਉੱਤੇ ਲੋਕਾਂ ਨੇ ਅਚਾਨਕ ਹਮਲਾ ਕਰ ਦਿੱਤਾ ਅਤੇ ਇਸ ਦੀ ਰਾਖੀ ਲਈ ਤਾਇਨਾਤ ਰੱਖਿਆ ਸੈਨਿਕ ਭਟਨੇਰ ਵੱਲ ਨੂੰ ਭੱਜ ਗਏ। ਸੰਨ 1423 ਵਿਚ ਜਸ਼ਰਥ ਖੋਖਰ ਨੇ ਦੀਪਾਲਪੁਰ ਨੂੰ ਘੇਰ ਲਿਆ। ਮੰਗੋਲ ਲੀਡਰ ਸ਼ੇਖ ਅਲੀ ਨੇ 1413 ਵਿਚ ਇਸ ਨੂੰ ਹਥਿਆਉਣ ਦੀ ਕੋਸ਼ਿਸ਼ ਕੀਤੀ ਪਰ ਮਲਿਕ-ਉਲ-ਸ਼ਰਕ ਤੇ ਇਮਾਦ-ਉਲ-ਮਲਿਕ ਨੇ ਗੜ੍ਹੀ ਵਿਚ ਫ਼ੌਜਾਂ ਤਾਇਨਾਤ ਕੀਤੀਆਂ ਜਿਸ ਕਰ ਕੇ ਮੰਗੋਲਾਂ ਨੂੰ ਪਿੱਛੇ ਮੁੜਨਾ ਪਿਆ । ਸੰਨ 1524 ਵਿਚ ਇਸ ਉੱਤੇ ਬਾਬਰ ਨੇ ਧਾਵਾ ਬੋਲਿਆ ਅਤੇ ਅਕਬਰ ਦੇ ਸਮੇਂ ਵਿਚ ਇਹ ਮੁਲਤਾਨ ਦੇ ਇਕ ਸੂਬੇ ਦੀ ਸਰਕਾਰ ਦਾ ਸਦਰ ਮੁਕਾਮ ਬਣਿਆ । ਸੰਨ 1758 ਵਿਚ ਇਸ ਉੱਤੇ ਮਰਾਠਿਆਂ ਦਾ ਕਬਜ਼ਾ ਹੋਇਆ ਪਰ ਉਨ੍ਹਾਂ ਕੋਲੋਂ ਇਹ ਛੇਤੀ ਹੀ ਖੁਸ ਗਿਆ । ਇਸ ਉਪਰੰਤ ਇਸ ਉੱਤੇ ਇਕ ਅਫ਼ਗਾਨ ਧਾੜਵੀ ਪਰਿਵਾਰ ਦਾ ਕਬਜ਼ਾ ਹੋ ਗਿਆ ਤੇ ਇਹ ਇਨ੍ਹਾਂ ਦੇ ਕਬਜ਼ੇ ਵਿਚ ਤਿੰਨ ਪੁਸ਼ਤਾਂ ਤਕ ਰਿਹਾ। ਸੰਨ 1807 ਵਿਚ ਮਹਾਰਾਜਾ ਰਣਜੀਤ ਸਿੰਘ ਨੇ ਇਨ੍ਹਾਂ ਦਾ ਕਬਜ਼ਾ ਖ਼ਤਮ ਕਰ ਦਿੱਤਾ।

ਦੀਪਾਲਪੁਰ ਸ਼ਹਿਰ ਦਾ ਸਿੱਖ ਇਤਿਹਾਸ ਵਿਚ ਵੀ ਕਾਫ਼ੀ ਮਹੱਤਵ ਹੈ। ਇਸ ਸ਼ਹਿਰ ਦੇ ਬਾਹਰਵਾਰ ਦੱਖਣ-ਪੂਰਬ ਵੱਲ ਗੁਰੂ ਨਾਨਕ ਦੇਵ ਜੀ ਦਾ ਗੁਰਦੁਆਰਾ ਹੈ। ਇਸ ਥਾਂ ਤੇ ਗੁਰੂ ਨਾਨਕ ਦੇਵ ਜੀ ਬਿਰਾਜੇ ਸਨ। ਗੁਰੂ ਜੀ ਨੇ ਇਥੇ ਇਕ ਸੁੱਕੇ ਪਿੱਪਲ ਹੇਠਾਂ ਡੇਰਾ ਲਾਇਆ। ਉਨ੍ਹਾਂ ਦੀ ਚਰਨ ਛੋਹ ਨਾਲ ਇਹ ਸੁੱਕਾ ਹੋਇਆ ਪਿੱਪਲ ਹਰਾ ਭਰਾ ਹੋ ਗਿਆ । ਇਥੇ ਹੀ ਗੁਰੂ ਜੀ ਨੂੰ ਨੂਰੀ (ਨੌਰੰਗਾ) ਨਾਮੀ ਇਕ ਕੋਹੜੀ ਨਜ਼ਰੀਂ ਪਿਆ ਜਿਸ ਦੇ ਜਿਸਮ ਵਿਚੋਂ ਖੂਨ ਤੇ ਪੀਕ ਵੱਗ ਰਹੀ ਸੀ। ਗੁਰੂ ਜੀ ਦੀ ਕਿਰਪਾ ਦ੍ਰਿਸ਼ਟੀ ਨਾਲ ਇਹ ਕੋਹੜੀ ਅਰੋਗ ਹੋ ਗਿਆ। ਗੁਰਦੁਆਰੇ ਦੇ ਕੋਲ ਹੀ ਇਸ ਨੂਰੀ ਨਾਮੀ ਕੋਹੜੀ ਦੀ ਕਬਰ ਹੈ। ਇਥੇ ਕੱਤਕ ਦੀ ਪੂਰਨਮਾਸ਼ੀ ਨੂੰ ਮੇਲਾ ਲਗਦਾ ਹੈ।

ਇਸ ਸ਼ਹਿਰ ਵਿਚ ਭਾਈ ਨੱਥੂ ਰਾਮ ਦੀ ਸੰਤਾਨ ਵਿਚੋਂ ਭਾਈ ਹਜ਼ੂਰ ਸਿੰਘ ਸਹਿਜਧਾਰੀ ਸਿੱਖ ਦੇ ਘਰ ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਦੀ ਬਖ਼ਸੀ ਹੋਈ ਮੰਜੀ ਹੈ ਜੋ ਪੌਣੇ ਛੇ ਫੁੱਟ ਲੰਬੀ, ਤਿੰਨ ਫੁੱਟ ਚੌੜੀ ਅਤੇ ਸਵਾ ਫੁੱਟ ਉੱਚੀ ਹੈ। ਇਹ ਚਿੱਟੇ ਅਤੇ ਲਾਲ ਸੂਤ ਨਾਲ  ਬੁਣੀ ਹੋਈ ਹੈ। ਇਸ ਦੀਆਂ ਬਾਹੀਆਂ ਕਾਲੀ ਲੱਕੜ ਦੀਆਂ ਬਣੀਆਂ ਹੋਈਆਂ ਹਨ ਤੇ ਇਸ ਦੇ ਪਾਵੇ ਰੰਗੀਲੇ ਹਨ, ਇਕ ਵੇਲਦਾਰ ਚਿੱਤਰੀ ਹੋਈ ਲੱਕੜੀ ਦੀ ਅਲਮਾਰੀ ਹੈ ਜੋ ਬਹੁਤ ਪੁਰਾਣੀ ਹੈ । ਕਹਿੰਦੇ ਹਨ , ਇਹ ਅਲਮਾਰੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਮੇਤ ਭਾਈ ਨੱਥੂ ਨੂੰ ਬਖ਼ਸ਼ੀ ਸੀ।

ਇਸ ਸ਼ਹਿਰ ਵਿਚ ਬਾਬਾ ਲਾਲੂ ਜਸਰਾਜ ਦੀ ਸਮਾਧ ਹੈ ਅਤੇ ਇਸ ਸੰਤ ਦਾ ਖੱਤਰੀ ਘਰਾਣਿਆਂ ਵੱਲੋਂ ਬਹੁਤ ਸਤਿਕਾਰ ਕੀਤਾ ਜਾਂਦਾ ਹੈ। ਇਥੇ ਇਕ ਐਂਗਲੋਂ ਵਰਨੈਕੁਲਰ ਮਿਡਲ ਸਕੂਲ ਤੋਂ ਇਲਾਵਾ ਇਕ ਸਿਹਤ ਕੇਂਦਰ ਹੈ ਤੇ ਕਪਾਹ ਦੀਆਂ ਦੋ ਮਿੱਲਾਂ ਹਨ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1184, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-01-24-05-06-23, ਹਵਾਲੇ/ਟਿੱਪਣੀਆਂ: ਹ. ਪੁ. ਇੰਪ. ਗ. ਇੰਡ. 11 : 359-60; ਮ. ਕੋ. 634; 693-94

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.