ਦੁਮਾਲਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਦੁਮਾਲਾ ਫ਼ਾ ਦੁੰਬਾਲਹ. ਸੰਗ੍ਯਾ—ਦੁਮ. ਪੂਛ । ੨ ਸ਼ਮਲਾ. ਦਸਤਾਰ ਅਥਵਾ ਸਾਫੇ ਦਾ ਪਿਠ ਪਿਛੇ ਲਟਕਦਾ ਹੋਇਆ ਲੜ । ੩ ਕਲਗੀ ਦੀ ਤਰ੍ਹਾਂ ਸਿਰ ਪੁਰ ਫਹਿਰਾਉਣ ਵਾਲਾ ਦਸਤਾਰ ਦਾ ਚਿੱਲਾ ਅਥਵਾ ਸਾਫੇ ਦਾ ਲੜ. “ਮੈ ਗੁਰ ਮਿਲਿ ਉਚ ਦੁਮਾਲੜਾ.”1 (ਸ੍ਰੀ ਮ: ੫ ਪੈਪਾਇ) ਇਸ ਥਾਂ ਪ੍ਰਕਰਣ ਇਹ ਹੈ—ਮੱਲਅਖਾੜੇ ਵਿੱਚ ਜੋ ਪਹਿਲਵਾਨ ਫਤੇ ਪਾਉਂਦਾ ਹੈ, ਉਸ ਨੂੰ ਸਰਬੰਦ ਮਿਲਦਾ ਹੈ, ਜਿਸ ਦਾ ਉੱਚਾ ਲੜ ਤੁਰਰੇ ਦੀ ਤਰ੍ਹਾਂ ਸਿਰ ਉੱਤੇ ਫਹਿਰਾਕੇ ਉਹ ਸਭ ਨੂੰ ਆਪਣੀ ਫਤੇ ਪ੍ਰਗਟ ਕਰਦਾ ਹੈ. ਐਸੇ ਹੀ ਕਾਮਾਦਿਕ ਵਿਕਾਰ ਪਛਾੜਨ ਪੁਰ ਸਤਿਗੁਰੂ ਨੇ ਆਪਣੇ ਸੇਵਕ ਨੂੰ ਖਿਲਤ ਬਖ਼ਸ਼ਿਆ ਹੈ। ੪ ਨਿਹੰਗ ਸਿੰਘ ਦਾ ਫਰਹਰੇਦਾਰ ਦਸਤਾਰਾ. ਦੇਖੋ, ਨਿਹੰਗ ੭.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5609, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no

ਦੁਮਾਲਾ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਦੁਮਾਲਾ: ਫ਼ਾਰਸੀ ਸ਼ਬਦ ‘ਦੁੰਬਾਲਹ’ ਦੇ ਪਿਛੋਕੜ ਵਾਲੇ ਇਸ ਸ਼ਬਦ ਦਾ ਅਰਥ ਹੈ ਸ਼ਮਲਾ , ਜਾਂ ਦਸਤਾਰ ਅਥਵਾ ਸਾਫ਼ੇ ਦਾ ਲਟਕਦਾ ਹੋਇਆ ਸਿਰਾ; ਇਕ ਪ੍ਰਕਾਰ ਦੀ ਕਲਗ਼ੀ। ਸਿੱਖ ਜਗਤ ਵਿਚ ਇਸ ਦਾ ਸੰਬੰਧ ਨਿਹੰਗ ਸਿੰਘਾਂ ਨਾਲ ਹੈ। ਇਹ ਆਪਣੇ ਸਿਰ ਉਪਰ ਨੀਲੇ ਰੰਗ ਦੀ ਫਰਹਰੇਦਾਰ ਦਸਤਾਰ ਸਜਾਉਂਦੇ ਹਨ ਅਤੇ ਉਸ ਵਿਚ ਚਕ੍ਰ , ਤੋੜਾ , ਖੰਡਾ , ਕਿਰਪਾਨ , ਗਜਗਾਹ ਆਦਿ ਲਘੂ ਆਕਾਰ ਦੇ ਸ਼ਸਤ੍ਰ ਵੀ ਜੁਗਤ ਨਾਲ ਸਥਿਤ ਕਰਦੇ ਹਨ। ਪਹਿਲਾਂ ਕੇਵਲ ਫਰਹਰੇ ਨੂੰ ਹੀ ਦੁਮਾਲਾ ਕਿਹਾ ਜਾਂਦਾ ਸੀ , ਹੁਣ ਨਿਹੰਗ ਸਿੰਘ ਦੀ ਸਮੁੱਚੀ ਉਚ-ਆਕਾਰੀ ਦਸਤਾਰ ਨੂੰ ਵੀ ‘ਦੁਮਾਲਾ’ ਕਿਹਾ ਜਾਣ ਲਗਾ ਹੈ।

            ਇਸ ਦਾ ਆਰੰਭ ਕਈ ਸਿੰਘ ਦਸਮ ਗੁਰੂ ਸਾਹਿਬ ਦੇ ਸਭ ਤੋਂ ਛੋਟੇ ਸਹਿਬਜ਼ਾਦੇ ਬਾਬਾ ਫਤਹਿ ਸਿੰਘ ਨਾਲ ਜੋੜਦੇ ਹਨ ਕਿ ਉਹ ਇਕ ਦਿਨ ਇਸ ਪ੍ਰਕਾਰ ਦੇ ਬਸਤ੍ਰ ਧਾਰਣ ਕਰਕੇ ਆ ਗਏ ਅਤੇ ਗੁਰੂ ਜੀ ਨੇ ਇਸ ਭੇਸ ਦਾ ਆਰੋਪਣ ਨਿਹੰਗ ਸਿੰਘ ਉਤੇ ਕੀਤਾ। ਪਰ ਅਸਲ ਵਿਚ ਇਸ ਦਾ ਆਰੰਭ ਨਿਸ਼ਾਨਾਂ ਵਾਲੀ ਮਿਸਲ ਦੇ ਬਾਬਾ ਨੈਣਾ ਸਿੰਘ ਤੋਂ ਹੋਇਆ। ਕਿਉਂਕਿ ਯੁੱਧ ਵੇਲੇ ਨਿਸ਼ਾਨ ਧਾਰਣ ਕਰਨ ਵਾਲੇ ਸਿੰਘ ਨੂੰ ਯੁੱਧ ਕਰਮ ਕਰਨ ਲਈ ਮੁਕਤ ਰਖਣ ਦੇ ਉਦੇਸ਼ ਤੋਂ ਉਸ ਦੇ ਹੱਥ ਦੀ ਥਾਂ ਦਸਤਾਰ ਵਿਚ ਹੀ ਫਰਹਰਾ ਝੁਲਾ ਦਿੱਤਾ। ਇਸ ਤਰ੍ਹਾਂ ਦੁਮਾਲੇ ਦੀ ਪਿਰਤ ਪੈ ਗਈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5549, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਦੁਮਾਲਾ ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ

ਦੁਮਾਲਾ : ਇਸ ਦੇ ਸ਼ਬਦੀ ਅਰਥ ਹਨ–ਸ਼ਮਲਾ,  ਟੌਰਾ ਜਾਂ ਪਗੜੀ/ਸਾਫ਼ੇ ਦਾ ਲਟਕਦਾ ਹੋਇਆ ਸਿਰਾ। ਕਲਗੀ ਵਾਂਗ ਸਿਰ ਤੇ ਫ਼ਹਿਰਾਉਣ ਵਾਲੇ ਪਗੜੀ/ਸਾਫ਼ੇ ਦੇ ਲੜ ਨੂੰ ਵੀ ਦੁਮਾਲਾ ਕਿਹਾ ਜਾਂਦਾ ਹੈ।

ਜਦ ਕੋਈ ਪਹਿਲਵਾਨ ਅਖਾੜੇ ਵਿਚ ਜਿੱਤ ਪ੍ਰਾਪਤ ਕਰਦਾ ਹੈ ਤਾਂ ਉਸ ਨੂੰ ਸਰਬੰਦ ਪ੍ਰਾਪਤ ਹੁੰਦਾ ਹੈ ਜਿਸ ਦਾ ਉੱਚਾ ਲੜ ਤੁਰਰੇ ਦੀ ਤਰ੍ਹਾਂ ਉਹ ਆਪਣੇ ਸਿਰ ਤੇ ਫ਼ਹਿਰਾ ਕੇ ਆਪਣੀ ਫ਼ਤਹਿ ਦਾ ਪ੍ਰਗਟਾਵਾ ਕਰਦਾ ਹੈ।

ਨਿਹੰਗ ਸਿੰਘਾਂ ਨੁੰ ਦੁਮਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਦੀ ਬਖ਼ਸ਼ਿਸ਼ ਹੈ। ਨਿਹੰਗ ਸਿੰਘ ਸਿਰ ਉੱਪਰ ਫ਼ਰਹਰੇਦਾਰ ਦਸਤਾਰ ਸਜਾਉਂਦੇ ਹਨ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1749, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-01-25-01-15-51, ਹਵਾਲੇ/ਟਿੱਪਣੀਆਂ: ਹ. ਪੁ. –ਮ. ਕੋ.

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.