ਦੁੱਤ ਵਿਅੰਜਨ ਸਰੋਤ :
ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼
ਦੁੱਤ ਵਿਅੰਜਨ: ਇਸ ਸੰਕਲਪ ਦੀ ਵਰਤੋਂ ਧੁਨੀ-ਵਿਉਂਤ ਵਿਚ ਕੀਤੀ ਜਾਂਦੀ ਹੈ। ਉਚਾਰਨੀ ਧੁਨੀ ਵਿਗਿਆਨ ਵਿਚ ਉਨ੍ਹਾਂ ਧੁਨੀਆ ਨੂੰ ਵਿਅੰਜਨ ਧੁਨੀਆਂ ਮੰਨਿਆ ਜਾਂਦਾ ਹੈ ਜਿਨ੍ਹਾਂ ਦਾ ਉਚਾਰਨ, ਉਚਾਰਨ-ਅੰਗਾਂ ਦੇ ਮੇਲ ਜਾਂ ਸਪਰਸ਼ ਨਾਲ ਸੰਭਵ ਹੋਵੇ। ਹਰ ਇਕ ਭਾਸ਼ਾ ਵਿਚ ਵਿਅੰਜਨ ਧੁਨੀਆਂ ਦੀ ਗਿਣਤੀ ਸੀਮਤ ਹੁੰਦੀ ਹੈ ਅਤੇ ਇਨ੍ਹਾਂ ਦਾ ਸ਼ਬਦ ਵਿਚਲਾ ਵਿਚਰਨ ਵੀ ਨਿਸ਼ਚਤ ਹੁੰਦਾ ਹੈ। ਪੰਜਾਬੀ ਸ਼ਬਦ-ਬਣਤਰ ਵਿਚ ਜਦੋਂ ਇਕ ਭਾਂਤ ਦੀ ਵਿਅੰਜਨ ਧੁਨੀ ਨੂੰ ਦੁਹਰਾ ਕਰਕੇ ਵਰਤਿਆ ਜਾਵੇ ਅਤੇ ਇਨ੍ਹਾਂ ਦੇ ਦਰਮਿਆਨ ਕੋਈ ਹੋਰ ਧੁਨੀ ਨਾ ਵਿਚਰੇ, ਵਿਅੰਜਨਾਂ ਦੇ ਇਸ ਪਰਕਾਰ ਦੇ ਵਿਚਰਨ ਨੂੰ ਦੁੱਤ ਵਿਅੰਜਨਾਂ ਦੀ ਸ਼ਰੇਣੀ ਵਿਚ ਰੱਖਿਆ ਜਾਂਦਾ ਹੈ, ਜਿਵੇਂ : ਮੱਟ (ਮ ਅ ਟ ਟ) ਇਸ ਸ਼ਬਦ ਦੀ ਬਣਤਰ ਵਿਚ (ਟ) ਧੁਨੀ ਦੁੱਤ ਵਿਅੰਜਨ ਵਜੋਂ ਕਾਰਜ ਕਰਦੀ ਹੈ। ਗੁਰਮੁਖੀ ਲਿਪੀ ਵਿਚ ਦੁੱਤ ਵਿਅੰਜਨ ਨੂੰ ਅੰਕਤ ਕਰਨ ਲਈ ਅੱਧਕ ਦੀ ਵਰਤੋਂ ਕੀਤੀ ਜਾਂਦੀ ਹੈ। ਜਿਸ ਅੱਖਰ ’ਤੇ ਅੱਧਕ ਦੀ ਵਰਤੋਂ ਕੀਤੀ ਜਾਂਦੀ ਹੈ। ਉਸ ਦੇ ਪਿਛੇ ਵਾਲਾ ਵਿਅੰਜਨ ਦੁੱਤ ਹੁੰਦਾ ਹੈ। ਪੰਜਾਬੀ ਦੀ ਸ਼ਬਦ ਬਣਤਰ ਵਿਚ (ਙ, ਞ, ਣ, ਹ, ੜ, ਸ਼ ਤੇ ਲ਼) ਧੁਨੀਆਂ ਦਾ ਦੁੱਤ ਕਰਨ ਨਹੀਂ ਹੁੰਦਾ। ਸ਼ਬਦ ਦੀ ਬਣਤਰ ਵਿਚ ਦੁੱਤ ਵਿਅੰਜਨ ਦੀ ਵਿਚਰਨ ਪਰਕਿਰਿਆ ਇਕ ਉਚਾਰ-ਖੰਡ ਵਿਚ ਵੀ ਵਾਪਰ ਸਕਦੀ ਹੈ ਅਤੇ ਉਚਾਰ-ਖੰਡ ਦੀਆਂ ਹੱਦਾਂ ਉਤੇ ਵੀ। ਆਮ ਤੌਰ ’ਤੇ ਦੁੱਤ ਵਿਅੰਜਨ ਤੋਂ ਪਹਿਲਾਂ ਇਕ ਅੰਦਰਲੇ ਗੁੱਟ ਦਾ ਸਵਰ ਵਿਚਰਦਾ ਹੈ ਅਤੇ ਜੇ ਇਸ ਤੋਂ ਪਿਛੋਂ ਕਿਸੇ ਸਵਰ ਦੀ ਵਰਤੋਂ ਹੋਵੇ ਤਾਂ ਉਹ ਸਵਰ ਬਾਹਰਲੇ ਗੁੱਟ ਦਾ ਮੈਂਬਰ ਹੁੰਦਾ ਹੈ ਜਿਵੇਂ : ਲੱਗ (ਲ ਅ ਗ ਗ) ਵਿਚ (ਅ) ਅੰਦਰਲੇ ਗੁੱਟ ਦਾ ਸਵਰ ਹੈ ਅਤੇ ਲੱਗੀ (ਲ ਅ ਗ ਗ ਈ) ਵਿਚ (ਈ) ਬਾਹਰਲੇ ਗੁੱਟ ਦਾ ਸਵਰ ਹੈ। ਕਈ ਵਾਰ ਦੁੱਤ ਵਿਅੰਜਨ ਨੂੰ ਇਕ ਵਿਅੰਜਨ ਦੀ ਦੋਹਰੀ ਲੰਬਾਈ ਵਜੋਂ ਪਰਿਭਾਸ਼ਤ ਕੀਤਾ ਜਾਂਦਾ ਹੈ। ਇਹ ਧਾਰਨਾ ਦੁੱਤ ਵਿਅੰਜਨ ਦੀ ਪਰਿਭਾਸ਼ਾ ਲਈ ਸਹੀ ਨਹੀਂ।
ਲੇਖਕ : ਬਲਦੇਵ ਸਿੰਘ ਚੀਮਾ,
ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 8132, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-21, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First