ਦੇਸਾ ਸਿੰਘ ਮਜੀਠੀਆ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਦੇਸਾ ਸਿੰਘ ਮਜੀਠੀਆ (1768-1832 ਈ.): ਇਹ ਸਿੱਖ ਰਾਜ ਦਾ ਇਕ ਉੱਘਾ ਸਰਦਾਰ , ਪ੍ਰਬੰਧਕ ਅਤੇ ਸੈਨਾ- ਨਾਇਕ ਸੀ। ਇਸ ਦਾ ਜਨਮ ਸੁਪ੍ਰਸਿੱਧ ਜਾਗੀਰਦਾਰ ਸ. ਨੌਧ ਸਿੰਘ ਸ਼ੇਰਗਿਲ ਜਟ ਦੇ ਘਰ ਸੰਨ 1768 ਈ. ਵਿਚ ਹੋਇਆ। ਸੰਨ 1788 ਈ. ਵਿਚ ਆਪਣੇ ਪਿਤਾ ਦੀ ਮ੍ਰਿਤੂ ਤੋਂ ਬਾਦ ਆਪਣੀ ਜਾਗੀਰ ਦਾ ਸੁਆਮੀ ਬਣਿਆ। ਇਸ ਨੇ ਪਹਿਲਾਂ ਸ. ਬੁੱਧ ਸਿੰਘ ਬੱਗਾ ਅਧੀਨ ਸੇਵਾ ਕੀਤੀ ਅਤੇ ਫਿਰ ਮਹਾਰਾਜਾ ਰਣਜੀਤ ਸਿੰਘ ਦੀ ਫ਼ੌਜ ਵਿਚ ਸ਼ਾਮਲ ਹੋ ਗਿਆ। ਸੰਨ 1804 ਈ. ਵਿਚ ਮਹਾਰਾਜੇ ਨੇ ਇਸ ਨੂੰ 400 ਸਵਾਰਾਂ ਦਾ ਸੈਨਾ-ਨਾਇਕ ਨਿਯੁਕਤ ਕੀਤਾ। ਲਾਹੌਰ ਦਰਬਾਰ ਦੀਆਂ ਮੁਢਲੀਆਂ ਮੁਹਿੰਮਾਂ ਵਿਚ ਇਸ ਨੇ ਵਧ- ਚੜ੍ਹ ਕੇ ਹਿੱਸਾ ਲਿਆ। ਸੰਨ 1809 ਈ. ਵਿਚ ਇਸ ਨੂੰ ਕਾਂਗੜੇ ਦੇ ਕਿਲ੍ਹੇ ਦਾ ਫ਼ੌਜਦਾਰ ਬਣਾਇਆ ਗਿਆ। ਸੰਨ 1811 ਈ. ਵਿਚ ਇਸ ਨੇ ਕਾਂਗੜਾ ਅਤੇ ਨੂਰਪੁਰ ਵਿਚਾਲੇ ਸਥਿਤ ਕੋਟਲੇ ਦੇ ਕਿਲ੍ਹੇ ਉਤੇ ਕਬਜ਼ਾ ਕੀਤਾ ਜਿਸ ਦੇ ਫਲਸਰੂਪ ਮਹਾਰਾਜੇ ਨੇ ਇਸ ਦੀ ਜਾਗੀਰ ਵਿਚ ਵਾਧਾ ਕਰ ਦਿੱਤਾ ਅਤੇ ਪਹਾੜੀ ਇਲਾਕਿਆਂ ਦਾ ਪ੍ਰਬੰਧਕ ਬਣਾ ਦਿੱਤਾ। ਸੰਨ 1818 ਈ. ਵਿਚ ਇਸ ਨੂੰ ਕੰਵਰ ਖੜਕ ਸਿੰਘ ਨਾਲ ਮੁਲਤਾਨ ਦੀ ਮੁਹਿੰਮ ਉਤੇ ਭੇਜਿਆ ਗਿਆ। ਫਿਰ ਕਸ਼ਮੀਰ ਅਤੇ ਨੌਸ਼ਹਿਰਾ ਦੀਆਂ ਸੈਨਿਕ ਕਾਰਵਾਈਆਂ ਵਿਚ ਵੀ ਹਿੱਸਾ ਲਿਆ ਜਿਸ ਕਰਕੇ ਲਾਹੌਰ ਦਰਬਾਰ ਵਿਚ ਇਸ ਦਾ ਕਾਫ਼ੀ ਆਦਰ ਹੋਣ ਲਗ ਗਿਆ। ਇਸ ਨੂੰ ਕਈ ਜਾਗੀਰਾਂ ਅਤੇ ਖ਼ਿਤਾਬ ਪ੍ਰਦਾਨ ਕੀਤੇ ਗਏ। ਇਸ ਦੇ ਅੰਤਲੇ ਦਿਨਾਂ ਵਿਚ ਇਸ ਦੀ ਜਾਗੀਰ ਦੀ ਕੁਲ ਆਮਦਨ ਸਵਾ ਲੱਖ ਰੁਪਏ ਸਾਲਾਨਾ ਦੇ ਨੇੜੇ-ਤੇੜੇ ਸੀ। ਮਹਾਰਾਜੇ ਨੇ ਇਸ ਨੂੰ ਅੰਮ੍ਰਿਤਸਰ ਦਾ ਨਾਜ਼ਿਮ ਨਿਯੁਕਤ ਕੀਤਾ ਅਤੇ ਦਰਬਾਰ ਸਾਹਿਬ ਦੇ ਪ੍ਰਬੰਧ ਦੀ ਜ਼ਿੰਮੇਵਾਰੀ ਵੀ ਸੌਂਪੀ। ਬਾਹਰੋਂ ਆਉਣ ਵਾਲੇ ਸ਼ਾਹੀ ਮਹਿਮਾਨਾਂ ਦੀ ਆਉ-ਭਗਤ ਅਤੇ ਦੇਖ-ਭਾਲ ਦਾ ਕੰਮ ਵੀ ਇਸ ਨੂੰ ਅਕਸਰ ਸੌਂਪਿਆ ਜਾਂਦਾ। ਇਸ ਨੇ ਪਹਾੜੀ ਇਲਾਕੇ ਵਿਚ ਰਾਜ-ਪ੍ਰਬੰਧ ਦੀ ਬੜੀ ਸਹਿਜ ਵਿਵਸਥਾ ਕੀਤੀ ਅਤੇ ਗੁਲੇਰ ਸ਼ੈਲੀ ਵਿਚ ਗੁਰੂ ਸਾਹਿਬਾਨ ਅਤੇ ਮਹਾਰਾਜੇ ਤੇ ਲਾਹੌਰ ਦਰਬਾਰ ਦੀਆਂ ਪ੍ਰਮੁਖ ਸ਼ਖ਼ਸੀਅਤਾਂ ਦੇ ਚਿਤਰ ਤਿਆਰ ਕਰਵਾਏ। ਇਸ ਨੇ ਕਾਂਗੜੇ ਦੀ ਇਕ ਕੁੜੀ ਨਾਲ ਵਿਆਹ ਕਰਕੇ ਪਹਾੜੀ ਇਲਾਕੇ ਪ੍ਰਤਿ ਆਪਣੀ ਨਿਘ ਦਾ ਪ੍ਰਦਰਸ਼ਨ ਕੀਤਾ। ਅਪ੍ਰੈਲ 1832 ਈ. ਵਿਚ ਇਸ ਦਾ ਦੇਹਾਂਤ ਹੋਇਆ। ਉਸ ਤੋਂ ਬਾਦ ਮਹਾਰਾਜੇ ਨੇ ਇਸ ਦੇ ਸੁਪੁੱਤਰ ਸ. ਲਹਿਣਾ ਸਿੰਘ ਮਜੀਠੀਆ (ਵੇਖੋ) ਨੂੰ ਪਿਤਾ ਵਾਲੇ ਸਾਰੇ ਖ਼ਿਤਾਬ ਅਤੇ ਜਾਗੀਰਾਂ ਪ੍ਰਦਾਨ ਕਰਕੇ ਪਹਾੜੀ ਇਲਾਕੇ ਦਾ ਪ੍ਰਬੰਧਕ ਨਿਯੁਕਤ ਕੀਤਾ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2223, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.