ਦੰਗਾ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਦੰਗਾ [ਨਾਂਪੁ] ਦੋ ਗੁਟਾਂ ਵਿਚਕਾਰ ਹੋਣ ਵਾਲ਼ੀ ਲੜਾਈ, ਫ਼ਸਾਦ , ਉਪੱਦਰ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6237, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਦੰਗਾ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਦੰਗਾ. ਸੰਗ੍ਯਾ—ਉਪਦ੍ਰਵ. ਝਗੜਾ. ਬਖੇੜਾ. ਦੇਖੋ, ਦੰਗਲ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6085, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no
ਦੰਗਾ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Affray_ਦੰਗਾ: ਭਾਰਤੀ ਦੰਡ ਸੰਘਤਾ ਦੀ ਧਾਰਾ 159 ਵਿਚ ਦੰਗਾ ਕਰਨ ਦੇ ਅਪਰਾਧ ਨੂੰ ਪਰਿਭਾਸ਼ਤ ਕੀਤਾ ਗਿਆ ਹੈ। ਮੂਲ ਰੂਪ ਵਿਚ ਅੰਗਰੇਜ਼ੀ ਸ਼ਬਦ ਵਿਚ ‘ਅਫ਼ਰੇਅ’ (Affray) ਰੱਖਿਆ ਗਿਆ ਹੈ ਅਤੇ ਇਹ ਫ਼ਰਾਂਸੀਸੀ ਸ਼ਬਦ ਅਫ਼ਰੇਅਰ ਦਾ ਅੰਗਰੇਜ਼ੀ ਰੂਪ ਹੈ। ਫ਼ਰਾਂਸੀਸੀ ਵਿਚ ਸ਼ਬਦ ਅਫ਼ਰੇਅਰ ਦਾ ਅਰਥ ਹੈ ‘ਆਤੰਕਤ ਕਰ ਦੇਣਾ ਜਾਂ ਦਹਿਸ਼ਤ ਪੈਦਾ ਕਰ ਦੇਣਾ। ਇਸ ਤਰ੍ਹਾਂ ਇਸ ਅਪਰਾਧ ਦਾ ਤੱਤਸਾਰ ਲੋਕਾਂ ਵਿਚ ਦਹਿਸ਼ਤ ਪੈਦਾ ਕਰਨਾ ਹੈ। ਇਸ ਹੀ ਕਾਰਨ ਧਾਰਾ 159 ਵਿਚ ਕਿਹਾ ਗਿਆ ਹੈ ਕਿ, ‘‘ਜਦੋਂ ਦੋ ਜਾਂ ਵੱਧ ਵਿਅਕਤੀ ਕਿਸੇ ਲੋਕ-ਸਥਾਨ ਤੇ ਲੜ ਕੇ ਲੋਕ ਸ਼ਾਂਤੀ ਵਿਚ ਗੜਬੜ ਪਾਉਂਦੇ ਹਨ, ਤਾਂ ਉਹ ਦੰਗਾ ਕਰਦੇ ਕਹੇ ਜਾਂਦੇ ਹਨ। ‘‘ਲੋਕਸ਼ਾਂਤੀ ਵਿਚ ਗੜਬੜ ਪਾਉਣ ਦਾ ਮਤਲਬ ਲੋਕਾਂ ਦੇ ਮਨ ਵਿਚ ਖ਼ਤਰੇ ਅਥਵਾ ਦਹਿਸ਼ਤ ਦੀ ਭਾਵਨਾ ਪੈਦਾ ਕਰਨਾ ਹੈ। ਦੰਗੇ ਦਾ ਅਪਰਾਧ ਗਠਤ ਕਰਨ ਲਈ ਦੋ ਜਾਂ ਵੱਧ ਵਿਅਕਤੀਆਂ ਵਿਚਕਾਰ ਹੋਈ ਲੜਾਈ ਨਾਲੋਂ ਇਹ ਸਾਬਤ ਕਰਨਾ ਜ਼ਰੂਰੀ ਹੈ ਕਿ ਲੋਕਾਂ ਦੇ ਮਨ ਵਿਚ ਆਤੰਕ ਪੈਦਾ ਹੋ ਗਿਆ ਸੀ। ਇਹ ਗੱਲ ਸਾਬਤ ਕਰਨ ਲਈ ਇਹ ਜ਼ਰੂਰੀ ਨਹੀਂ ਕਿ ਇਸ ਆਸ਼ੇ ਦੀ ਸ਼ਹਾਦਤ ਲੋਕ ਪੇਸ਼ ਕਰਨ ਕਿ ਲੋਕ ਸਥਾਨ ਵਿਚ ਹੋਈ ਲੜਾਈ ਕਾਰਨ ਦਹਿਸ਼ਤ ਫੈਲ ਗਈ ਸੀ। ਰੀਮੁਥੂ ਸਵਾਮੀ ਐਯਰ (ਏ ਆਈ ਆਰ 1973 ਮਦਰਾਸ 286) ਵਿਚ ਮਦਰਾਸ ਉੱਚ ਅਦਾਲਤ ਅਨੁਸਾਰ ਗੜਬੜ ਵੇਲੇ ਲੋਕਾਂ ਦਾ ਵੱਡੀ ਗਿਣਤੀ ਵਿਚ ਮੌਜੂਦ ਹੋਣਾ ਸਾਬਤ ਕਰਕੇ ਇਹ ਵਿਖਾਇਆ ਜਾ ਸਕਦਾ ਹੈ ਕਿ ਗੜਬੜ ਕਾਰਨ ਲੋਕਾਂ ਦੇ ਮਨ ਵਿਚ ਖ਼ਤਰਾ ਪੈਦਾ ਹੋ ਗਿਆ ਸੀ ਅਤੇ ਲੋਕ ਸ਼ਾਂਤੀ ਭੰਗ ਕੀਤੀ ਗਈ ਸੀ। ਦੰਗਾ ਕਰਨ ਦੇ ਅਪਰਾਧ ਬਾਰੇ ਇਹ ਵੀ ਕਿਹਾ ਜਾਂਦਾ ਹੈ ਕਿ ਕੇਵਲ ਲਫ਼ਜ਼ੀ ਝਗੜਾ ਜਾਂ ਧਮਕੀ-ਭਰੇ ਸ਼ਬਦ ਦੰਗਾ ਕਰਨ ਦੀ ਕੋਟੀ ਵਿਚ ਨਹੀਂ ਆਉਂਦੇ। ਦੰਗਾ ਉਦੋਂ ਹੋਂਦ ਵਿਚ ਆਉਂਦਾ ਹੈ ਜਦੋਂ ਦੋ ਜਾਂ ਵੱਧ ਵਿਅਕਤੀ ਕਿਸੇ ਲੋਕ ਸਥਾਨ ਵਿਚ ਲੜ ਪੈਂਦੇ ਹਨ। ਉਸ ਦੇ ਜਨਤਕ ਪ੍ਰਭਾਵ ਬਾਰੇ ਆਰ ਬਨਾਮ ਸ਼ਾਰਪ [(1957)1 ਆਲ ਇੰ ਰਿ 577] ਵਿਚ ਕਿਹਾ ਗਿਆ ਹੈ ਕਿ ਇਹ ਵਿਖਾਉਣਾ ਕਾਫ਼ੀ ਹੈ ਕਿ ਲੜਾਈ ਦੀ ਪ੍ਰਕਿਰਤੀ ਅਜਿਹੀ ਸੀ ਜੋ ਬਾਦਲੀਲ ਆਦਮੀ ਨੂੰ ਭੈ ਅਥਵਾ ਡਰ ਵਿਚ ਪਾ ਸਕਦੀ ਸੀ।
ਦੰਗੇ ਦਾ ਅਪਰਾਧ ਗਠਤ ਕਰਨ ਲਈ ਲੜਨ ਦਾ ਮਤਲਬ ਦੁਵੱਲੀ ਕਾਰਵਾਈ ਤੋਂ ਹੈ। ਜੇ ਇਕ ਧਿਰ ਉਸ ਉਤੇ ਕੀਤੇ ਗਏ ਹਮਲੇ ਦੀ ਮਜ਼ਾਹਮਤ ਤੋਂ ਬਿਨਾਂ ਕੁਟ ਖਾਈ ਜਾਂਦੀ ਹੈ ਤਾਂ ਉਸ ਨੂੰ ਦੰਗਾ ਨਹੀਂ ਕਿਹਾ ਜਾ ਸਕੇਗਾ। ਇਸੇ ਤਰ੍ਹਾਂ ਜੇ ਦੋ ਧਿਰਾਂ ਵਿਚ ਲੜਾਈ ਕਿਸੇ ਲੋਕ ਸਥਾਨ ਤੇ ਨ ਹੋ ਕੇ, ਕਿਸੇ ਦੇ ਘਰ ਵਿਚ ਹੁੰਦੀ ਹੈ ਤਾਂ ਵੀ ਦੰਗੇ ਦਾ ਅਪਰਾਧ ਗਠਤ ਨਹੀਂ ਹੁੰਦਾ। ਪੋਡਨ ਬਨਾਮ ਕੇਰਲ ਰਾਜ [(1962)1 ਕ੍ਰਲਿਜ 339 ਕੇਰਲ] ਅਨੁਸਾਰ ਦੰਗੇ ਦਾ ਅਪਰਾਧ ਗਠਤ ਕਰਨ ਲਈ ਦੋ ਜਾਂ ਵੱਧ ਵਿਅਕਤੀਆਂ ਵਿਚਕਾਰ ਹੋਈ ਲੜਾਈ ਦੇ ਫਲਸਰੂਪ ਲੋਕ ਸ਼ਾਂਤੀ ਵਿਚ ਗੜਬੜ ਪੈਣਾ ਜ਼ਰੂਰੀ ਹੈ।
ਦੰਗੇ ਦੇ ਅਪਰਾਧ ਦੇ ਪ੍ਰਯੋਜਨ ਲਈ ਲੋਕ ਸਥਾਨ ਦਾ ਮਤਲਬ ਹੈ ਅਜਿਹੀ ਥਾਂ ਜਿਥੇ ਲੋਕ ਆਉਂਦੇ ਜਾਂਦੇ ਹਨ, ਭਾਵੇਂ ਉਨ੍ਹਾਂ ਨੂੰ ਉਥੇ ਜਾਣ ਦਾ ਅਧਿਕਾਰ ਹਾਸਲ ਹੋਵੇ ਜਾਂ ਨ। ਜਿਥੇ ਲੋਕਾਂ ਨੂੰ ਆਉਣ ਜਾਣ ਦਾ ਅਧਿਕਾਰ ਹਾਸਲ ਹੈ ਉਹ ਥਾਂ ਨਿਸਚੇ ਹੀ ਲੋਕ ਸਥਾਨ ਹੋਵੇਗੀ। ਰੇਲਵੇ ਪਲੇਟ ਫ਼ਾਰਮ , ਥੇਟਰ , ਮਨਪਰਚਾਵੇ ਲਈ ਥਾਵਾਂ ਸਾਰੀਆਂ ਲੋਕ ਸਥਾਨ ਹਨ। ਇ ਨਰੀ ਥੋਮੇਨੀ ਨਾਦਰ [(1974) ਕ੍ਰਲਿਜ 1116 ਮਦਰਾਸ] ਵਿਚ ਸ਼ਹਾਦਤ ਇਹ ਵਿਖਾਉਂਦੀ ਸੀ ਕਿ ਲੜਾਈ ਦੀ ਥਾਂ ਪ੍ਰਾਈਵੇਟ ਸੰਪਤੀ ਦਾ ਹਿੱਸਾ ਸੀ। ਇਸ ਕਾਰਨ ਅਦਾਲਤ ਨੇ ਲੜਾਈ ਦੀਆਂ ਧਿਰਾਂ ਨੂੰ ਦੰਗੇ ਦੇ ਅਪਰਾਧ ਲਈ ਸਿੱਧ ਦੋਸ਼ ਕਰਾਰ ਦੇਣ ਤੋਂ ਇਨਕਾਰ ਕਰ ਦਿੱਤਾ।
ਬਲਵਾ ਅਤੇ ਦੰਗਾ- ਬਲਵਾ ਅਥਵਾ ਫ਼ਸਾਦ ਅਤੇ ਦੰਗੇ ਅਪਰਾਧਾਂ ਵਿਚ ਫ਼ਰਕ ਹੈ। ਬਲਵੇ ਲਈ ਘਟ ਤੋਂ ਘੱਟ ਪੰਜ ਆਦਮੀਆਂ ਦਾ ਲੜਾਈ ਵਿਚ ਸ਼ਾਮਲ ਹੋਣਾ ਜ਼ਰੂਰੀ ਹੈ ਜਦ ਕਿ ਦੰਗਾ ਦੋ ਵਿਅਕਤੀਆਂ ਵਿਚਕਾਰ ਵੀ ਹੋ ਸਕਦਾ ਹੈ। ਦੰਗਾ ਲੋਕ ਸਥਾਨ ਵਿਚ ਹੀ ਹੋ ਸਕਦਾ ਹੈ ਜਦ ਕਿ ਬਲਵਾ ਕਿਸੇ ਵੀ ਥਾਂ ਹੋ ਸਕਦਾ ਹੈ। ਦੰਗੇ ਵਿਚ ਲੋਕ ਸ਼ਾਂਤੀ ਵਿਚ ਗੜਬੜ ਦਾ ਪਿਆ ਹੋਣਾ ਜ਼ਰੂਰੀ ਹੈ ਜਦ ਕਿ ਬਲਵੇ ਲਈ ਇਹ ਜ਼ਰੂਰੀ ਨਹੀਂ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6060, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First