ਧਰਤੀ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਧਰਤੀ (ਨਾਂ,ਇ) ਜ਼ਮੀਨ; ਪ੍ਰਿਥਵੀ; ਭੋਂਏਂ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 11589, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਧਰਤੀ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਧਰਤੀ [ਨਾਂਇ] ਭੂਮੀ , ਜ਼ਮੀਨ; ਮੁਲਕ, ਦੇਸ਼


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 11579, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਧਰਤੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਧਰਤੀ ਸੰ. ਧਰਿਤ੍ਰੀ. ਸੰਗ੍ਯਾ—ਜੀਵਾਂ ਨੂੰ ਧਾਰਨ ਕਰਨ ਵਾਲੀ, ਪ੍ਰਿਥਿਵੀ. ਜ਼ਮੀਨ. ਭੂਮਿ. “ਧਰਤਿ ਕਾਇਆ ਸਾਧਿਕੈ.” (ਵਾਰ ਆਸਾ) “ਧਨੁ ਧਰਤੀ, ਤਨੁ ਹੋਇਗਇਓ ਧੂੜਿ.” (ਸਾਰ ਨਾਮਦੇਵ) ੨ ਤੋਲਣ ਵਾਲੇ ਦਾ ਸੰਖ੍ਯਾਕ੍ਰਮ. ਤੋਲਣ ਵੇਲੇ ਇੱਕ ਦੋ ਤਿਨ ਆਦਿ ਗਿਣਤੀ ਦਾ ਸਿਲਸਿਲੇ ਵਾਰ ਉੱਚਾਰਣ ਦਾ ਕੰਮ । ੩ ਤੋਲ (ਵਜ਼ਨ) ਦੀ ਸਮਤਾ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 10777, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-01, ਹਵਾਲੇ/ਟਿੱਪਣੀਆਂ: no

ਧਰਤੀ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਧਰਤੀ: ਸੰਸਕ੍ਰਿਤ ਦੇ ਸ਼ਬਦ ‘ਧਰਿਤ੍ਰੀ’ ਦੇ ਤਦਭਵ ਰੂਪ ਇਸ ਸ਼ਬਦ ਦਾ ਇਹ ਨਾਂ ਇਸ ਕਰਕੇ ਹੈ ਕਿਉਂਕਿ ਇਹ ਸਾਰੇ ਜੀਵਾਂ ਨੂੰ ਧਾਰਣ ਕਰਨ ਵਾਲੀ ਹੈ। ਅਸਲ ਵਿਚ, ਸਭ ਜੜ-ਚੇਤਨ ਇਸੇ ਉਪਰ ਟਿਕੇ ਹੋਏ ਹਨ। ਇਸ ਦੇ ਹੋਰ ਨਾਂ ਭੂਮੀ , ਪ੍ਰਿਥਵੀ , ਜ਼ਮੀਨ ਆਦਿ ਵੀ ਹਨ। ਚੂੰਕਿ ਇਹ ਸਭ ਨੂੰ ਧਾਰਣ ਕਰਦੀ ਹੈ, ਇਸ ਲਈ ਇਸ ਨੂੰ ‘ਧਰਤੀ ਮਾਤਾ ’ ਵੀ ਕਿਹਾ ਜਾਂਦਾ ਹੈ। ‘ਜਪੁਜੀਬਾਣੀ ਦੇ ਅੰਤਿਮ ਸ਼ਲੋਕ ਵਿਚ ਇਸ ਦੀ ‘ਮਾਤਾ’ ਵਜੋਂ ਸਥਾਪਨਾ ਹੋਈ ਹੈ—ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ (ਗੁ.ਗ੍ਰੰ.8)। ‘ਜਪੁਜੀ’ ਵਿਚ ਇਸ ਨੂੰ ਅਤਿ ਵਿਸਤਰਿਤ ਵੀ ਕਿਹਾ ਗਿਆ ਹੈ—ਧਰਤੀ ਹੋਰੁ ਪਰੈ ਹੋਰੁ ਹੋਰੁ (ਗੁ.ਗ੍ਰੰ.3)। 34ਵੀਂ ਪਉੜੀ ਵਿਚ ਇਸ ਨੂੰ ‘ਧਰਮਸਾਲ’ ਵਿਸ਼ੇਸ਼ਣ ਨਾਲ ਵਿਸ਼ਿਸ਼ਟ ਕੀਤਾ ਗਿਆ ਹੈ।

            ਇਸ ਨੂੰ ਮਾਤਾ ਇਸ ਲਈ ਕਿਹਾ ਜਾਂਦਾ ਹੈ ਕਿਉਂਕਿ ਇਹ ਸਭ ਨੂੰ ਅੰਨ , ਜਲ , ਫਲ , ਖਾਧ ਪਦਾਰਥ ਹੀ ਪ੍ਰਦਾਨ ਨਹੀਂ ਕਰਦੀ, ਸਗੋਂ ਉਨ੍ਹਾਂ ਦੀ ਰਖਿਆ ਵੀ ਕਰਦੀ ਹੈ। ਇਹੀ ਕਾਰਣ ਹੈ ਕਿ ਇਸ ਨੂੰ ਮਾਤਾ ਵਜੋਂ ਪੂਜਿਆ ਜਾਂਦਾ ਹੈ। ਇਹ ਪੂਜਾ ਅਨੇਕ ਰੂਪਾਂ ਵਿਚ ਪ੍ਰਚਲਿਤ ਹੈ। ਮਕਾਨ ਦੀ ਨੀਂਹ ਪੁਟਣ ਵੇਲੇ , ਖੇਤ ਬੀਜਣ ਵੇਲੇ, ਖੂਹ ਖੋਦਣ ਵੇਲੇ, ਨਵੇਂ ਸੂਏ ਪਸ਼ੂ ਦੀਆਂ ਪਹਿਲੀਆਂ ਧਾਰਾਂ ਅਰਪਿਤ ਕਰਨ ਵੇਲੇ, ਧਰਤੀ ਪ੍ਰਤਿ ਪੂਰਾ ਆਦਰ ਪ੍ਰਗਟ ਕੀਤਾ ਜਾਂਦਾ ਹੈ। ਮਰਨ ਵੇਲੇ ਪ੍ਰਾਣੀ ਨੂੰ ਵੀ ਹਿੰਦੂ-ਮਤ ਅਨੁਸਾਰ ਧਰਤੀ ਉਤੇ ਲਿਟਾ ਦਿੱਤਾ ਜਾਂਦਾ ਹੈ ਤਾਂ ਜੋ ਉਹ ਆਪਣੇ ਪ੍ਰਾਣ ਧਰਤੀ ਮਾਤਾ ਦੀ ਗੋਦ ਵਿਚ ਤਿਆਗੇ ਅਤੇ ਭੈੜੀਆਂ ਰੂਹਾਂ ਦੇ ਪ੍ਰਭਾਵ ਤੋਂ ਬਚ ਜਾਏ।

            ਸੰਕਟ ਵੇਲੇ ਇਸਤਰੀਆਂ ਧਰਤੀ ਮਾਤਾ ਦੀ ਗੋਦ ਵਿਚ ਸਮਾਉਂਦੀਆਂ ਹਨ। ਇਸ ਧਾਰਣਾ ਬਾਰੇ ਅਨੇਕ ਪੌਰਾਣਿਕ ਪ੍ਰਸੰਗ ਉਪਲਬਧ ਹਨ। ‘ਰਾਮਾਇਣ’ ਦੀ ਸੀਤਾ ਮਾਤਾ ਧਰਤੀ ਵਿਚ ਹੀ ਸਮਾਈ ਸੀ। ਥਲ ਵਿਚ ਰੁਲਦੀ ਸੱਸੀ ਨੇ ਧਰਤੀ ਮਾਤਾ ਦੀ ਗੋਦ ਵਿਚ ਪਨਾਹ ਲਈ ਸੀ।

            ਦੈਂਤਾਂ ਦੇ ਅਤਿਆਚਾਰਾਂ ਦੇ ਵਧਣ ਨਾਲ ਪੈਦਾ ਹੋਏ ਸੰਕਟ ਵੇਲੇ ਇਹ ਆਪਣੇ ਪਰਿਤ੍ਰਾਣ ਲਈ ਬ੍ਰਹਮਾ ਨੂੰ ਨਾਲ ਲੈ ਦੇ ਵਿਸ਼ਣੂ ਪਾਸ ਜਾਂਦੀ ਹੈ, ਕਈ ਵਾਰ ਇਹ ਗਊ ਦਾ ਰੂਪ ਵੀ ਧਾਰਣ ਕਰਕੇ ਆਪਣੇ ਆਪ ਨੂੰ ਵਿਸ਼ਣੂ ਸਾਹਮਣੇ ਪ੍ਰਸਤੁਤ ਕਰਦੀ ਹੈ। ਵਿਸ਼ਣੂ ਅਵਤਾਰ ਧਾਰ ਕੇ ਧਰਤੀ ਦਾ ਦੁਖ ਹਰਦਾ ਹੈ। ਅਵਤਾਰਵਾਦ ਦੇ ਮੂਲ ਵਿਚ ਇਹੀ ਮਾਨਤਾ ਕੰਮ ਕਰਦੀ ਪ੍ਰਤੀਤ ਹੁੰਦੀ ਹੈ।

            ਧਰਤੀ ਕਦੋਂ ਅਤੇ ਕਿਵੇਂ ਹੋਂਦ ਵਿਚ ਆਈ ? ਇਸ ਬਾਰੇ ਕੋਈ ਵਿਗਿਆਨਿਕ ਤੱਥ ਉਪਲਬਧ ਨਹੀਂ ਹੈ। ਪੌਰਾਣਿਕ ਸਾਹਿਤ ਅਨੁਸਾਰ ਸੁਤੇ ਹੋਏ ਵਿਸ਼ਣੂ ਦੇ ਕੰਨਾ ਵਿਚੋਂ ਦੋ ਦੈਂਤ—ਮਧੂ ਅਤੇ ਕੈਟਭ—ਪੈਦਾ ਹੋਏ। ਉਨ੍ਹਾਂ ਨੇ ਨਾਭਿ-ਕਮਲ ਤੋਂ ਪੈਦਾ ਹੋਏ ਬ੍ਰਹਮਾ ਨੂੰ ਮਾਰਨਾ ਚਾਹਿਆ, ਪਰ ਵਿਸ਼ਣੂ ਨੇ ਉਨ੍ਹਾਂ ਨਾਲ ਯੁੱਧ ਕਰਕੇ ਮਾਰ ਦਿੱਤਾ। ‘ਹਰਿਵੰਸ਼-ਪੁਰਾਣ’ ਵਿਚ ਜ਼ਿਕਰ ਆਇਆ ਹੈ ਕਿ ਉਨ੍ਹਾਂ ਦੈਂਤਾਂ ਦੀ ਮਿਝ (ਮੇਦਸ) ਤੋਂ, ਜੋ ਸਮੁੰਦਰ ਵਿਚ ਪਸਰ ਗਈ ਸੀ, ਮੇਦਨੀ (ਧਰਤੀ) ਬਣ ਗਈ।

            ਇਹ ਵੀ ਧਾਰਣਾ ਹੈ ਕਿ ਪਹਿਲਾਂ ਹਰ ਪਾਸੇ ਜਲ ਹੀ ਜਲ ਸੀ ਅਤੇ ਧਰਤੀ ਜਲ ਦੇ ਹੇਠਾਂ ਸੀ। ਪਰ ਦੇਵ-ਅਸੁਰ ਸੰਗ੍ਰਾਮ ਵੇਲੇ ਅਜਿਹੀ ਉਥਲ-ਪੁਥਲ ਮਚੀ ਕਿ ਹੇਠਲੀ ਧਰਤੀ ਉਪਰ ਨੂੰ ਆ ਕੇ ਕਿਤੇ ਕਿਤੇ ਟਿਕ ਗਈ। ਉਹ ਬਾਦ ਵਿਚ ਪ੍ਰਿਥਵੀ ਕਰਕੇ ਜਾਣੀ ਜਾਣ ਲਗੀ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 10714, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਧਰਤੀ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਧਰਤੀ (ਸੰ.। ਦੇਖੋ , ਧਰਤਿ) ਪ੍ਰਿਥਵੀ , ਜ਼ਮੀਨ। ਯਥਾ-‘ਧਰਤੀ ਚੀਜੀ ਕਿ ਕਰੇ ’। ਤਥਾ-‘ਕਬੀਰ ਧਰਤੀ ਸਾਧ ਕੀ ਤਸਕਰ ਬੈਸਹਿ ਗਾਹਿ’। ਇਸ ਦੇ ਭਾਵਾਰਥ ਵਿਚ ਧਰਤੀ ਤੋਂ ਮੁਰਾਦ ਮਨ ਬੀ ਲੈਂਦੇ ਹਨ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 10716, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਧਰਤੀ ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਦੂਜੀ

ਧਰਤੀ : ਧਰਤੀ  (Earth)  ਸੂਰਜੀ ਪਰਿਵਾਰ ਦਾ ਇੱਕ ਮਹੱਤਵਪੂਰਨ ਅੰਗ ਹੈ। ਸੂਰਜੀ ਪਰਿਵਾਰ ਵਿੱਚ ਆਕਾਰ ਪੱਖੋਂ ਧਰਤੀ ਦਾ ਪੰਜਵਾਂ ਸਥਾਨ ਹੈ। ਇਸ ਦਾ ਧਰਾਤਲੀ ਖੇਤਰਫਲ 51 ਕਰੋੜ ਵਰਗ ਕਿਲੋਮੀਟਰ ਹੈ, ਜਿਸ ਵਿੱਚੋਂ 14.9 ਕਰੋੜ ਵਰਗ ਕਿਲੋਮੀਟਰ, ਅਰਥਾਤ 29.22 ਪ੍ਰਤਿਸ਼ਤ ਜ਼ਮੀਨੀ ਭਾਗ ਹੈ ਅਤੇ 36.1 ਕਰੋੜ ਵਰਗ ਕਿਲੋਮੀਟਰ, ਅਰਥਾਤ 70.78 ਪ੍ਰਤਿਸ਼ਤ ਸਮੁੰਦਰੀ ਭਾਗ ਹੈ। ਧਰਤੀ ਦੀ ਸ਼ਕਲ ਲਗਭਗ ਗੋਲ ਹੈ। ਭੂ-ਮੱਧ ਰੇਖਾ ਉੱਤੇ ਧਰਤੀ ਦਾ ਵਿਆਸ 12,756 ਕਿਲੋਮੀਟਰ ਅਤੇ ਧਰੁਵੀ ਵਿਆਸ 12,714 ਕਿਲੋਮੀਟਰ ਹੈ, ਅਰਥਾਤ ਧਰੁਵੀ ਵਿਆਸ ਭੂ-ਮੱਧ ਰੇਖੀ ਵਿਆਸ ਨਾਲੋਂ 42 ਕਿਲੋਮੀਟਰ ਘੱਟ ਹੈ। ਇਸੇ ਕਰਕੇ ਧਰਤੀ ਦਾ ਭੂ-ਮੱਧ ਰੇਖਾ ਨਾਲ ਘੇਰਾ 40,067 ਕਿਲੋਮੀਟਰ ਅਤੇ ਧਰੁਵੀ ਘੇਰਾ 39,999.7 ਕਿਲੋਮੀਟਰ ਹੈ, ਜੋ ਭੂ-ਮੱਧ ਰੇਖੀ ਘੇਰੇ ਨਾਲੋਂ 67.3 ਕਿਲੋਮੀਟਰ ਘੱਟ ਹੈ। ਧਰਤੀ ਦੀ ਸਤਹ ਉੱਪਰ ਕਈ ਸਥਾਨ ਉੱਚੇ ਉਠੇ ਹੋਏ ਹਨ ਅਤੇ ਕਈ ਸਥਾਨ ਹੇਠ ਦੱਬੇ ਹੋਏ, ਅਰਥਾਤ ਡੂੰਘੇ ਹਨ। ਧਰਤੀ ਦੇ ਧਰਾਤਲ ਦੀ ਸਭ ਤੋਂ ਉੱਚੀ ਥਾਂ ਹਿਮਾਲਾ ਪਰਬਤ ਦੀ ਟੀਸੀ, ਮਾਊਂਟ ਐਵਰੈਸਟ ਸਮੁੰਦਰੀ ਤਲ ਤੋਂ 8,848 ਮੀਟਰ ਉੱਚੀ ਹੈ ਅਤੇ ਸਭ ਤੋਂ ਡੂੰਘਾ ਸਥਾਨ ਪ੍ਰਸ਼ਾਂਤ ਮਹਾਂਸਾਗਰ ਦੀ ਮਰਿਆਨਾ ਖਾਈ (mariana trench), 11,340 ਮੀਟਰ ਡੂੰਘੀ ਹੈ। ਇਸ ਖਾਈ ਨੂੰ ਚੈਲੈਂਜਰ ਡੀਪ (challenger deep) ਵੀ ਕਿਹਾ ਜਾਂਦਾ ਹੈ। ਇਸ ਤਰ੍ਹਾਂ, ਧਰਤੀ ਉੱਪਰ ਵੱਧ ਤੋਂ ਵੱਧ ਉਚਾਈ ਅਤੇ ਵੱਧ ਤੋਂ ਵੱਧ ਡੂੰਘਾਈ ਵਾਲੇ ਥਾਂਵਾਂ ਦਾ ਆਪਸੀ ਫ਼ਰਕ ਲਗਪਗ 20 ਕਿਲੋਮੀਟਰ ਹੈ।

ਧਰਤੀ ਦੀ ਉਤਪਤੀ : ਸਾਡੀ ਧਰਤੀ ਸੂਰਜੀ ਪਰਿਵਾਰ ਦਾ ਹਿੱਸਾ ਹੈ। ਸੂਰਜੀ ਪਰਿਵਾਰ ਦੇ ਸਾਰੇ ਮੈਂਬਰਾਂ ਵਿੱਚ ਬਹੁਤ ਸਮਾਨਤਾ ਹੈ। ਸਾਰੇ ਗ੍ਰਹਿ ਆਪਣੇ-ਆਪਣੇ ਗ੍ਰਹਿ-ਪੱਥ ਉੱਤੇ ਇੱਕ ਹੀ ਦਿਸ਼ਾ ਵਿੱਚ ਸੂਰਜ ਦੇ ਚੁਫੇਰੇ ਚੱਕਰ ਕੱਟਦੇ ਹਨ। ਗ੍ਰਹਿਆਂ ਦੇ ਵਿਚਕਾਰ ਦਾ ਅੰਤਰ ਵੀ ਗਣਿਤ ਦੇ ਖ਼ਾਸ ਨਿਯਮ, ਅਰਥਾਤ ਬੋਡੀ ਦੇ ਨਿਯਮ  (Bode's law)  ਅਨੁਸਾਰ ਨਿਸ਼ਚਿਤ ਹੈ। ਜੋ ਗ੍ਰਹਿ ਆਪਣੇ ਧੁਰੇ ਚੁਫੇਰੇ ਘੁੰਮਦੇ ਹਨ, ਉਹਨਾਂ ਦੇ ਘੁੰਮਣ ਦੀ ਦਿਸ਼ਾ (ਸ਼ੁੱਕਰ ਅਤੇ ਵਰੁਣ ਨੂੰ ਛੱਡ ਕੇ) ਇੱਕ ਹੀ ਹੈ। ਸਾਰੇ ਗ੍ਰਹਿਆਂ ਦੀ ਬਣਤਰ ਵੀ ਇੱਕੋ ਜਿਹੀ ਹੀ ਹੈ। ਸੂਰਜੀ ਪਰਿਵਾਰ ਵਿੱਚ ਅਜਿਹੀਆਂ ਸਮਾਨਤਾਵਾਂ ਹੋਣ ਕਰਕੇ ਇਹ ਧਾਰਨਾ ਬਣ ਗਈ ਹੈ ਕਿ ਸੂਰਜੀ ਪਰਿਵਾਰ ਦੀ ਉਤਪਤੀ ਇੱਕ ਹੀ ਤਰੀਕੇ ਨਾਲ ਹੋਈ ਹੈ। ਸਾਡਾ ਸੂਰਜੀ ਪਰਿਵਾਰ ਅਕਾਸ਼ ਗੰਗਾ (ਹਜ਼ਾਰਾਂ ਤਾਰਿਆਂ ਦਾ ਇਕੱਠ) ਦਾ ਛੋਟਾ ਜਿਹਾ ਹਿੱਸਾ ਹੈ।

ਸੂਰਜੀ ਪਰਿਵਾਰ ਜਿਸ ਦਾ ਧਰਤੀ ਵੀ ਭਾਗ ਹੈ, ਦੀ ਉਤਪਤੀ ਕਦੋਂ ਅਤੇ ਕਿਵੇਂ ਹੋਈ, ਇਸ ਬਾਰੇ ਕਈ ਤਰ੍ਹਾਂ ਦੀਆਂ ਧਾਰਮਿਕ ਅਤੇ ਵਿਗਿਆਨਿਕ ਧਾਰਨਾਵਾਂ ਪ੍ਰਚਲਿਤ ਹਨ। ਧਰਤੀ ਦੀ ਉਤਪਤੀ ਦੇ ਸਮੇਂ ਬਾਰੇ ਸਭ ਤੋਂ ਪਹਿਲਾਂ ਇੱਕ ਅੰਗਰੇਜ਼ ਖਗੋਲਕਾਰ ਐਡਮੰਡ ਹੈਲੇ  (Edmund Halley, 1650-1742) ਨੇ ਸਮੁੰਦਰੀ ਪਾਣੀ ਦੇ ਖਾਰੇਪਣ ਤੋਂ ਅੰਦਾਜ਼ਾ ਲਗਾ ਕੇ ਦੱਸਿਆ ਸੀ ਕਿ ਇਹ ਕਈ ਕਰੋੜ ਸਾਲ ਪਹਿਲਾਂ ਹੋਂਦ ਵਿੱਚ ਆਈ ਹੈ। ਇਸੇ ਤਰ੍ਹਾਂ, ਜੌਲੀ  (Joly)  ਨੇ ਵੀ ਸਮੁੰਦਰ ਦੇ ਖਾਰੇਪਣ ਤੋਂ ਅੰਦਾਜ਼ਾ ਲਗਾਇਆ ਕਿ ਸਮੁੰਦਰ 8 ਕਰੋੜ ਸਾਲ ਪਹਿਲਾਂ ਹੋਂਦ ਵਿੱਚ ਆਏ ਅਤੇ ਧਰਤੀ ਦੀ ਉਤਪਤੀ ਇਸ ਤੋਂ 4 ਕਰੋੜ ਸਾਲ ਪਹਿਲਾਂ ਹੋਈ। ਇਸ ਹਿਸਾਬ ਨਾਲ, ਧਰਤੀ ਦੀ ਉਮਰ ਲਗਪਗ 12 ਕਰੋੜ ਸਾਲ ਬਣਦੀ ਹੈ। ਇਸੇ ਤਰ੍ਹਾਂ ਧਰਤੀ ਉੱਤੇ ਵੱਖ-ਵੱਖ ਥਾਂਵਾਂ ਉੱਤੇ ਜਮ੍ਹਾ ਹੋਈਆਂ ਤਹਿਦਾਰ ਚਟਾਨਾਂ ਦੀ ਮੁਟਾਈ ਤੋਂ ਵੀ ਧਰਤੀ ਦੀ ਉਮਰ ਦਾ ਅੰਦਾਜ਼ਾ ਲਗਾਇਆ ਗਿਆ ਹੈ, ਪਰੰਤੂ ਵੱਖ-ਵੱਖ ਥਾਂਵਾਂ ਦੇ ਅੰਕੜਿਆਂ ਵਿੱਚ ਆਪਸੀ ਮੇਲ ਨਾ ਹੋਣ ਕਰਕੇ ਕਿਸੇ ਠੋਸ ਨਤੀਜੇ ਉੱਤੇ ਨਹੀਂ ਪਹੁੰਚਿਆ ਜਾ ਸਕਿਆ।

ਰੇਡੀਓ ਕਿਰਿਆਸ਼ੀਲਤਾ ਦੀ ਖੋਜ ਹੋ ਜਾਣ ਉਪਰੰਤ, ਧਰਤੀ ਦੀ ਹੋਂਦ ਬਾਰੇ ਹੋਰ ਪਰਿਪੱਕਤਾ ਨਾਲ ਅੰਦਾਜ਼ੇ ਲੱਗਣੇ ਸ਼ੁਰੂ ਹੋ ਗਏ ਹਨ। ਅੰਦਾਜ਼ਾ ਲਗਾਇਆ ਗਿਆ ਹੈ ਕਿ ਮਹਾਂਦੀਪੀ ਚਟਾਨਾਂ ਕੋਈ 3.5 ਅਰਬ ਸਾਲ ਪੁਰਾਣੀਆਂ ਹਨ। ਬ੍ਰਹਿਮੰਡ ਵਿੱਚ ਵਿਚਰ ਰਹੀਆਂ ਦੂਰ ਦੀਆਂ ਅਕਾਸ਼ ਗੰਗਾਵਾਂ ਤੋਂ ਆਉਣ ਵਾਲੀ ਰੋਸ਼ਨੀ ਦੀ ਤਬਦੀਲੀ ਤੋਂ ਵੀ ਸੂਰਜੀ ਪਰਿਵਾਰ ਦੀ ਉਤਪਤੀ ਦੇ ਸਮੇਂ ਦਾ ਅੰਦਾਜ਼ਾ ਲਗਾਇਆ ਗਿਆ ਹੈ। ਇਸ ਰੌਸ਼ਨੀ ਤੋਂ ਪਤਾ ਲੱਗਦਾ ਹੈ ਕਿ ਅਕਾਸ਼ ਗੰਗਾਵਾਂ ਸਾਡੀ ਅਕਾਸ਼ ਗੰਗਾ ਤੋਂ, ਜਿਸ ਦਾ ਸੂਰਜੀ ਪਰਿਵਾਰ ਭਾਗ ਹੈ, ਤੋਂ ਦੂਰ ਜਾ ਰਹੀਆਂ ਹਨ। ਇਸ ਕਰਕੇ, ਬ੍ਰਹਿਮੰਡ ਦਾ ਪਸਾਰ ਵਧ ਰਿਹਾ ਹੈ। ਜੇਕਰ ਇਹ ਧਾਰਨਾ ਠੀਕ ਹੈ ਤਾਂ ਬ੍ਰਹਿਮੰਡ ਦੀ ਉਤਪਤੀ ਸ਼ਾਇਦ ਵਿਸਫੋਟਕ ਹੋਵੇਗੀ ਅਤੇ ਇਹ ਘਟਨਾ ਕੋਈ 5.5 ਅਰਬ ਸਾਲ ਪਹਿਲਾਂ ਘਟੀ ਹੋਵੇਗੀ। ਧਰਤੀ ਉੱਤੇ ਮਿਲਣ ਵਾਲੇ ਸ਼ੀਸ਼ੇ ਦੀ ਰਚਨਾ ਤੋਂ ਵੀ ਧਰਤੀ ਦੀ ਉਤਪਤੀ ਦੇ ਸਮੇਂ ਦਾ ਅੰਦਾਜ਼ਾ ਲਗਾਇਆ ਗਿਆ ਹੈ। ਕਿਉਂਕਿ ਧਰਤੀ ਦੇ ਸ਼ੀਸ਼ੇ ਦੀ ਰਚਨਾ ਇੱਕੋ ਜਿਹੀ ਹੈ। ਇਸ ਕਰਕੇ ਇਸ ਤੋਂ ਇਹ ਪਤਾ ਚੱਲਦਾ ਹੈ ਕਿ ਇਹ ਸ਼ੀਸ਼ਾ ਕਿਸੇ ਇੱਕ ਸ੍ਰੋਤ ਤੋਂ ਲਗਪਗ 4.5 ਅਰਬ ਸਾਲ ਪਹਿਲਾਂ ਆਇਆ ਹੋਵੇਗਾ। ਸੋ, ਆਮ ਰਾਇ ਇਹ ਬਣਦੀ ਹੈ ਕਿ ਧਰਤੀ ਦੀ ਉਤਪਤੀ ਲਗਭਗ 4-5 ਅਰਬ ਸਾਲ ਪਹਿਲਾਂ ਹੋਈ ਹੋਵੇਗੀ।

ਜਿਸ ਤਰ੍ਹਾਂ ਧਰਤੀ ਦੇ ਹੋਂਦ ਵਿੱਚ ਆਉਣ ਦੇ ਸਮੇਂ ਬਾਰੇ ਕੋਈ ਪਰਿਪੱਕਤਾ ਨਹੀਂ, ਠੀਕ ਇਸੇ ਤਰ੍ਹਾਂ ਧਰਤੀ ਦੀ ਉਤਪਤੀ ਬਾਰੇ ਵੀ ਵਿਗਿਆਨੀਆਂ ਵਿੱਚ ਇੱਕ ਮੱਤ ਨਹੀਂ ਪਾਇਆ ਜਾਂਦਾ। ਧਰਤੀ ਦੀ ਉਮਰ ਦੀ ਤਰ੍ਹਾਂ ਇਸ ਦੀ ਉਤਪਤੀ ਸੰਬੰਧੀ ਵੀ ਕਈ ਤਰ੍ਹਾਂ ਦੀਆਂ ਧਾਰਨਾਵਾਂ, ਸਿਧਾਂਤ ਅਤੇ ਪਰਿਕਲਪਨਾਵਾਂ  (hypotheses)  ਪ੍ਰਚਲਿਤ ਹਨ। ਪਿਛਲੇ 200 ਸਾਲਾਂ ਤੋਂ ਧਰਤੀ ਦੀ ਉਤਪਤੀ ਸੰਬੰਧੀ ਕਈ ਤਰ੍ਹਾਂ ਦੇ ਸਿਧਾਂਤ ਅਤੇ ਪਰਿਕਲਪਨਾਵਾਂ ਪੇਸ਼ ਕੀਤੀਆਂ ਗਈਆਂ ਹਨ। ਇਹਨਾਂ ਨੂੰ ਮੋਟੇ ਤੌਰ ਤੇ ਦੋ ਭਾਗਾਂ, ਵਿਸਫੋਟਕ ਪਰਿਕਲਪਨਾਵਾਂ  (collision hypotheses)  ਅਤੇ ਨਿਹਾਰਕਾ ਪਰਿਕਲਪਨਾਵਾਂ  (nebular hypotheses) ਵਿੱਚ ਵੰਡਿਆ ਜਾ ਸਕਦਾ ਹੈ। 18ਵੀਂ ਸਦੀ ਵਿੱਚ ਫ਼੍ਰਾਂਸ ਦੇ ਵਿਗਿਆਨੀ ਬਫਨ  (Buffon)  ਨੇ ਵਿਸਫੋਟਕ ਸਿਧਾਂਤ ਪੇਸ਼ ਕੀਤਾ, ਜਿਸ ਅਨੁਸਾਰ ਇਹ ਮੰਨਿਆ ਗਿਆ ਕਿ ਸੂਰਜ ਨਾਲ ਇੱਕ ਤਾਰਾ ਟਕਰਾਇਆ। ਇਸ ਦੇ ਟਕਰਾਓ ਨਾਲ ਗਰਮ ਗੈਸਾਂ ਪੈਦਾ ਹੋਈਆਂ, ਜਿਨ੍ਹਾਂ ਦੇ ਠੰਢੇ ਹੋਣ ਨਾਲ ਗ੍ਰਹਿ ਬਣੇ ਪਰੰਤੂ ਆਲੋਚਕਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਪੈਦਾ ਹੋਈਆਂ ਗੈਸਾਂ ਸੂਰਜ ਦੀ ਗੁਰੂਤਾ ਸ਼ਕਤੀ ਤੋਂ ਬਾਹਰ ਚਲੀਆਂ ਜਾਣੀਆਂ ਸਨ ਅਤੇ ਉਹਨਾਂ ਦੇ ਠੰਢਾ ਹੋਣ ਨਾਲ ਗ੍ਰਹਿ ਨਹੀਂ ਬਣ ਸਕਦੇ। ਇਸ ਕਰਕੇ ਵਿਸਫੋਟਕ ਪਰਿਕਲਪਨਾ ਨੂੰ ਕੋਈ ਖ਼ਾਸ ਮਾਨਤਾ ਪ੍ਰਾਪਤ ਨਹੀਂ ਹੋਈ।

ਨਿਹਾਰਕਾ ਪਰਿਕਲਪਨਾਵਾਂ ਦੇ ਮੋਢੀ ਜਰਮਨ ਦਾਰਸ਼ਨਿਕ ਇਮੈਨੂਅਲ ਕਾਂਤ  (Immanuel Kant)  ਨੇ ਆਪਣੀ ਪਰਿਕਲਪਨਾ ਸੰਨ 1755 ਵਿੱਚ ਪੇਸ਼ ਕੀਤੀ। ਇਹ ਸਿਧਾਂਤ ਨਿਊਟਨ ਦੇ ਕੇਂਦਰੀ ਖਿੱਚ ਦੇ ਸਿਧਾਂਤ ਉੱਤੇ ਆਧਾਰਿਤ ਸੀ। ਇਸ ਪਰਿਕਲਪਨਾ ਨੂੰ ਪ੍ਰਸਿੱਧਤਾ ਮਾਰਕਿਉਸ ਡੀ ਲੈਪਲੇਸ  (Marquis de Laplace)  ਨਾਂ ਦੇ ਫ਼੍ਰਾਂਸੀਸੀ ਗਣਿਤ-ਵਿਗਿਆਨੀ ਦੁਆਰਾ ਸੰਨ 1796 ਵਿੱਚ ਸੋਧੇ ਰੂਪ ਵਿੱਚ ਪੇਸ਼ ਕਰਨ ਉਪਰੰਤ ਮਿਲੀ। ਇਸ ਪਰਿਕਲਪਨਾ ਅਨੁਸਾਰ ਬ੍ਰਹਿਮੰਡ ਵਿੱਚ ਇੱਕ ਗਰਮ ਨਿਹਾਰਕਾ ਤੇਜ਼ੀ ਨਾਲ ਆਪਣੇ ਧੁਰੇ ਦੁਆਲੇ ਘੁੰਮ ਰਹੀ ਸੀ। ਇਹ ਨਿਹਾਰਕਾ ਠੰਢੀ ਅਤੇ ਸੁੰਗੜਨੀ ਸ਼ੁਰੂ ਹੋਈ। ਇਸ ਕਰਕੇ ਇਸ ਦੇ ਘੁੰਮਣ ਦੀ ਗਤੀ ਹੋਰ ਵੱਧ ਗਈ। ਨਿਹਾਰਕਾ ਦੇ ਘੁੰਮਣ ਦੀ ਗਤੀ ਤੇਜ਼ ਹੋਣ ਨਾਲ ਇਸ ਦੀ ਅਪਕੇਂਦਰੀ ਸ਼ਕਤੀ  (centrifugal force)  ਵੱਧ ਗਈ ਅਤੇ ਭੂ-ਮੱਧ ਰੇਖੀ ਖੇਤਰ ਤੋਂ ਨਿਹਾਰਕਾ ਦੇ ਛੱਲੇ ਵੱਖਰੇ ਹੋਣੇ ਸ਼ੁਰੂ ਹੋਏ, ਜਿਸ ਤਰ੍ਹਾਂ ਸ਼ਨੀ  (saturn)  ਦੇ ਚੁਫੇਰੇ ਛੱਲਾ ਹੈ। ਇੱਕ ਛੱਲਾ ਉਤਰਨ ਉਪਰੰਤ ਨਿਹਾਰਕਾ ਹੋਰ ਛੋਟੀ ਹੋ ਗਈ, ਜਿਸ ਨਾਲ ਉਸਦੇ ਘੁੰਮਣ ਦੀ ਗਤੀ ਹੋਰ ਤੇਜ਼ ਹੋਈ ਅਤੇ ਫਿਰ ਇੱਕ ਹੋਰ ਛੱਲਾ ਵੱਖਰਾ ਹੋਇਆ। ਇਸ ਤਰ੍ਹਾਂ, ਵਾਰੋ-ਵਾਰੀ 9 ਛੱਲੇ ਵੱਖਰੇ ਹੋਏ ਅਤੇ ਠੰਢੇ ਹੋ ਕੇ ਗ੍ਰਹਿ ਬਣ ਗਏ ਅਤੇ ਨਿਹਾਰਕਾ ਦੇ ਚੁਫੇਰੇ ਘੁੰਮਣ ਲੱਗੇ। ਨਿਹਾਰਕਾ ਦਾ ਬਚਿਆ ਹੋਇਆ ਭਾਗ ਹੀ ਸੂਰਜ ਹੈ। ਇਸੇ ਕਿਰਿਆ ਨਾਲ ਗ੍ਰਹਿਆਂ ਦੇ ਉਪਗ੍ਰਹਿ ਬਣੇ। ਸਮਾਂ ਪਾ ਕੇ ਇਸ ਵਿਸ਼ੇ ਉੱਤੇ ਕਈ ਹੋਰ ਤੱਥ ਸਾਮ੍ਹਣੇ ਆਏ, ਜਿਸ ਕਰਕੇ ਇਸ ਪਰਿਕਲਪਨਾ ਦੀਆਂ ਕਈ ਕਮੀਆਂ ਦੂਰ ਹੋ ਗਈਆਂ ਅਤੇ ਇਸ ਨੂੰ ਹੋਰ ਪ੍ਰੋੜ੍ਹਤਾ ਮਿਲੀ। ਕਈ ਹੋਰ ਵਿਗਿਆਨੀਆਂ, ਜਿਵੇਂ ਕਿ ਕਾਰਲ ਵੌਨ ਵਿਜਸਕਰ  (Carl Von Weizsacker 1943) , ਸ਼ੀਮਡ  (Schimdt 1943)  ਅਤੇ ਗੀਰਾਲਡ ਕੂਈਪਰ  (Gerald kuiper 1951)  ਨੇ ਆਪਣੀਆਂ ਪਰਿਕਲਪਨਾਵਾਂ ਰਾਹੀਂ ਲੈਪਲੈਸ ਦੀ ਪਰਿਕਲਪਨਾ ਵਿੱਚ ਹੋਰ ਪਰਿਪੱਕਤਾ ਲਿਆਂਦੀ ਹੈ ਪਰੰਤੂ ਅਜੇ ਇਸ ਪਰਿਕਲਪਨਾ ਨੂੰ ਸਹੀ ਜਾਂ ਪੱਕਾ ਨਹੀਂ ਕੀਤਾ ਜਾ ਸਕਦਾ। ਇਸ ਸੰਬੰਧੀ ਖੋਜ ਜਾਰੀ ਹੈ ਅਤੇ ਨਵੇਂ ਤੱਥ ਇਸ ਪਰਿਕਲਪਨਾ ਨੂੰ ਹੋਰ ਮਜ਼ਬੂਤ ਜਾਂ ਅਸ੍ਵੀਕਾਰ ਵੀ ਕਰ ਸਕਦੇ ਹਨ।

ਧਰਤੀ ਨਾਲ ਸੰਬੰਧਿਤ ਕਾਲਪਨਿਕ ਰੇਖਾਵਾਂ : ਧਰਤੀ ਦੀਆਂ ਕਈ ਤਰ੍ਹਾਂ ਦੀਆਂ ਭੌਤਿਕ ਪਰਿਸਥਿਤੀਆਂ ਨੂੰ ਸਮਝਣ ਅਤੇ ਸਮਝਾਉਣ ਲਈ ਹੇਠ ਦਿੱਤੀਆਂ ਰੇਖਾਵਾਂ ਦੀ ਕਲਪਨਾ ਕੀਤੀ ਗਈ ਹੈ:

ਧੁਰਾ : ਧਰਤੀ ਦਾ ਧੁਰਾ ਇੱਕ ਕਾਲਪਨਿਕ ਰੇਖਾ ਹੈ, ਜੋ ਧਰਤੀ ਦੇ ਅੰਦਰੋਂ ਉੱਤਰੀ ਅਤੇ ਦੱਖਣੀ ਧਰੁਵਾਂ ਨੂੰ ਆਪਸ ਵਿੱਚ ਜੋੜਦਾ ਹੈ। ਧਰਤੀ ਦੇ ਧੁਰੇ ਦੇ ਆਖ਼ਰੀ ਸਿਰਿਆਂ ਦੇ ਸਥਾਈ ਬਿੰਦੂਆਂ ਨੂੰ ਧਰੁਵ ਕਿਹਾ ਜਾਂਦਾ ਹੈ। ਜਿਹੜਾ ਧਰੁਵ ਉੱਤਰ ਦਿਸ਼ਾ ਵੱਲ ਹੈ, ਉਸ ਨੂੰ ਉੱਤਰੀ ਧਰੁਵ ਅਤੇ ਜੋ ਦੱਖਣ ਵੱਲ ਹੈ, ਉਸ ਨੂੰ ਦੱਖਣੀ ਧਰੁਵ ਆਖਦੇ ਹਨ। ਇਹਨਾਂ ਦੋਹਾਂ ਧਰੁਵਾਂ ਵਿਚਕਾਰ, ਧਰਤੀ ਨੂੰ ਦੋ ਬਰਾਬਰ ਭਾਗਾਂ ਵਿੱਚ ਵੰਡਦੀ ਹੋਈ ਕਾਲਪਨਿਕ ਰੇਖਾ ਨੂੰ ਭੂ-ਮੱਧ ਰੇਖਾ  (Equator)  ਕਿਹਾ ਜਾਂਦਾ ਹੈ। ਭੂ-ਮੱਧ ਰੇਖਾ ਦੀ ਲੰਬਾਈ 40,067 ਕਿਲੋਮੀਟਰ ਹੈ।

ਅਕਸ਼ਾਂਸ਼ ਅਤੇ ਅਕਸ਼ਾਂਸ਼ ਰੇਖਾਵਾਂ : ਭੂ-ਮੱਧ ਰੇਖਾ ਤੋਂ ਉੱਤਰੀ ਧਰੁਵ ਜਾਂ ਦੱਖਣੀ ਧਰੁਵ ਵੱਲ ਦੀ ਕੋਣਾਤਮਿਕ ਦੂਰੀ ਨੂੰ ਅਕਸ਼ਾਂਸ਼ ਕਿਹਾ ਜਾਂਦਾ ਹੈ ਭੂ-ਮੱਧ ਰੇਖਾ ਦਾ ਅਕਸ਼ਾਂਸ਼ 0°  ਹੈ ਅਤੇ ਧਰੁਵਾਂ ਦਾ ਅਕਸ਼ਾਂਸ਼ 90° ਦਾ ਹੈ। ਕਿਸੇ ਵੀ ਅਕਸ਼ਾਂਸ਼ ਉੱਤੇ ਭੂ-ਮੱਧ ਰੇਖਾ ਦੇ ਸਮਾਨ-ਅੰਤਰ ਜੋ ਕਾਲਪਨਿਕ ਰੇਖਾ ਖਿੱਚੀ ਜਾਂਦੀ ਹੈ, ਉਸ ਨੂੰ ਅਕਸ਼ਾਂਸ਼ ਰੇਖਾ ਕਿਹਾ ਜਾਂਦਾ ਹੈ। ਭੂ-ਮੱਧ ਰੇਖਾ ਤੋਂ ਉੱਤਰ ਜਾਂ ਦੱਖਣ ਵੱਲ ਜਾਂਦਿਆਂ ਅਕਸ਼ਾਂਸ਼ ਰੇਖਾਵਾਂ ਦੀ ਲੰਬਾਈ ਘੱਟਦੀ ਜਾਂਦੀ ਹੈ, ਜੋ ਘੱਟਦੀ-ਘੱਟਦੀ ਧਰੁਵਾਂ ਉੱਤੇ ਜਾ ਕੇ ਸਿਫ਼ਰ ਹੋ ਜਾਂਦੀ ਹੈ। ਇਸ ਤਰ੍ਹਾਂ ਧਰੁਵ ਬਿੰਦੂ ਹਨ ਨਾ ਕਿ ਰੇਖਾਵਾਂ।

ਦੇਸ਼ਾਂਤਰ ਅਤੇ ਦੇਸ਼ਾਂਤਰ ਰੇਖਾਵਾਂ : ਭੂ-ਮੱਧ ਰੇਖਾ ਦੇ ਨਾਲ-ਨਾਲ ਪੂਰਬ ਅਤੇ ਪੱਛਮ ਵੱਲ ਦੀ ਕੋਣਾਤਮਿਕ ਦੂਰੀ ਨੂੰ ਦੇਸ਼ਾਂਤਰ ਕਿਹਾ ਜਾਂਦਾ ਹੈ। ਕਿਸੇ ਦੇਸ਼ਾਂਤਰ ਉੱਤੇ ਧਰੁਵਾਂ ਨਾਲ ਜੋੜਨ ਵਾਲੀ ਖਿੱਚੀ ਗਈ ਰੇਖਾ ਨੂੰ ਦੇਸ਼ਾਂਤਰ ਰੇਖਾ ਕਿਹਾ ਜਾਂਦਾ ਹੈ। ਇਸ ਲਈ ਸਾਰੀਆਂ ਦੇਸ਼ਾਂਤਰ ਰੇਖਾਵਾਂ ਧਰੁਵਾਂ ਉੱਤੇ ਆਪਸ ਵਿੱਚ ਮਿਲਦੀਆਂ ਹਨ ਅਤੇ ਇਹਨਾਂ ਦੀ ਲੰਬਾਈ ਬਰਾਬਰ ਹੁੰਦੀ ਹੈ।

ਅਕਸ਼ਾਂਸ਼ ਅਤੇ ਦੇਸ਼ਾਂਤਰ ਰੇਖਾਵਾਂ ਦਾ ਜਾਲ : ਗਲੋਬ ਉੱਤੇ ਅਕਸ਼ਾਂਸ਼ ਰੇਖਾਵਾਂ ਨੂੰ ਭੂ-ਮੱਧ ਰੇਖਾ ਦੇ ਸਮਾਨ-ਅੰਤਰ ਅਰਥਾਤ ਪੂਰਬ ਤੋਂ ਪੱਛਮ ਵੱਲ ਖਿੱਚੀਆਂ ਜਾਂਦੀਆਂ ਹਨ ਅਤੇ ਦੇਸ਼ਾਂਤਰ ਰੇਖਾਵਾਂ ਭੂ-ਮੱਧ ਰੇਖਾ ਨੂੰ 90° ਉੱਤੇ ਕੱਟਦੀਆਂ ਉੱਤਰ ਤੋਂ ਦੱਖਣ ਦਿਸ਼ਾ ਵੱਲ ਖਿੱਚੀਆਂ ਜਾਂਦੀਆਂ ਹਨ। ਇਸ ਲਈ ਅਕਸ਼ਾਂਸ਼ ਅਤੇ ਦੇਸ਼ਾਂਤਰ ਰੇਖਾਵਾਂ ਦਾ ਇੱਕ ਜਾਲ ਬਣ ਜਾਂਦਾ ਹੈ। ਇਸ ਜਾਲ ਦੀ ਸਹਾਇਤਾ ਨਾਲ ਹੀ ਧਰਤੀ ਉੱਤੇ ਕਿਸੇ ਥਾਂ ਦੀ ਸਥਿਤੀ ਨਿਸ਼ਚਿਤ ਕੀਤੀ ਜਾ ਸਕਦੀ ਹੈ ਅਤੇ ਧਰਤੀ ਨਾਲ ਸੰਬੰਧਿਤ ਨਕਸ਼ੇ ਵੀ ਬਣਾਉਣੇ ਸੰਭਵ ਹੋ ਸਕੇ ਹਨ।

ਕਰਕ ਅਤੇ ਮਕਰ ਰੇਖਾ : ਧਰਤੀ ਦਾ ਧੁਰਾ ਆਪਣੇ ਗ੍ਰਹਿਪੱਥ (ਸੂਰਜ ਦੇ ਚੁਫੇਰੇ ਘੁੰਮਣ ਵਾਲਾ ਮਾਰਗ) ਉੱਤੇ 66 1/2°  ਉੱਤੇ ਝੁਕਿਆ ਹੋਇਆ ਹੈ ਅਤੇ ਇਸ ਦਾ ਉੱਤਰੀ ਧਰੁਵ ਹਮੇਸ਼ਾ ਧਰੁਵ ਤਾਰੇ ਦੀ ਸੇਧ ਵਿੱਚ ਰਹਿੰਦਾ ਹੈ, ਇਸ ਕਰਕੇ ਰੁੱਤਾਂ ਬਣਦੀਆਂ ਹਨ ਅਤੇ ਦਿਨ ਰਾਤ ਛੋਟੇ-ਵੱਡੇ ਹੁੰਦੇ ਹਨ। 21 ਮਾਰਚ ਨੂੰ ਸੂਰਜ ਦੀਆਂ ਕਿਰਨਾਂ ਭੂ-ਮੱਧ ਰੇਖਾ ਤੇ ਸਿੱਧੀਆਂ ਪੈਂਦੀਆਂ ਹਨ। ਇਸ ਤੋਂ ਬਾਅਦ ਉੱਤਰੀ ਧਰੁਵ ਦਾ ਝੁਕਾਅ ਸੂਰਜ ਵੱਲ ਹੋਣਾ ਸ਼ੁਰੂ ਹੋ ਜਾਂਦਾ ਹੈ, ਜਿਸ ਕਰਕੇ ਸੂਰਜ ਦੀਆਂ ਕਿਰਨਾਂ ਭੂ-ਮੱਧ ਰੇਖਾ ਦੇ ਉੱਤਰ ਵੱਲ ਸਿੱਧੀਆਂ ਪੈਣੀਆਂ ਸ਼ੁਰੂ ਹੋ ਜਾਂਦੀਆਂ ਹਨ ਅਤੇ ਹੌਲੀ-ਹੌਲੀ 21 ਜੂਨ ਨੂੰ 23 1/2° ਉੱਤਰੀ ਅਕਸ਼ਾਂਸ਼ ਤੱਕ ਪਹੁੰਚ ਜਾਂਦੀਆਂ ਹਨ, ਅਰਥਾਤ 23 1/2°  ਉੱਤਰੀ ਅਕਸ਼ਾਂਸ਼ ਤੋਂ ਉੱਪਰ ਵੱਲ ਸੂਰਜ ਦੀਆਂ ਕਿਰਨਾਂ ਸਿੱਧੀਆਂ ਨਹੀਂ ਪੈਂਦੀਆਂ। ਇਸ ਤੋਂ ਬਾਅਦ, ਉੱਤਰੀ ਧਰੁਵ ਦਾ ਸੂਰਜ ਵੱਲ ਝੁਕਾਅ ਘੱਟਣਾ ਸ਼ੁਰੂ ਹੋ ਜਾਂਦਾ ਹੈ ਅਤੇ ਇਸ ਨਾਲ ਸੂਰਜ ਦੀਆਂ ਕਿਰਨਾਂ ਦਾ ਸਿੱਧਾ ਪੈਣਾ ਮੁੜ ਭੂ-ਮੱਧ ਰੇਖਾ ਵੱਲ ਖਿਸਕਣਾ ਸ਼ੁਰੂ ਹੋ ਜਾਂਦਾ ਹੈ ਅਤੇ 22 ਸਤੰਬਰ ਨੂੰ ਸੂਰਜ ਦੀਆਂ ਕਿਰਨਾਂ ਮੁੜ ਭੂ-ਮੱਧ ਰੇਖਾ ਤੇ ਸਿੱਧੀਆਂ ਪੈਂਦੀਆਂ ਹਨ। ਇਸ ਤੋਂ ਬਾਅਦ ਦੱਖਣੀ ਧਰੁਵ ਦਾ ਝੁਕਾਅ ਸੂਰਜ ਵੱਲ ਹੋ ਜਾਂਦਾ ਹੈ ਅਤੇ ਕਿਰਨਾਂ ਭੂ-ਮੱਧ ਰੇਖਾ ਤੋਂ ਦੱਖਣ ਵੱਲ ਸਿੱਧੀਆਂ ਪੈਣੀਆਂ ਸ਼ੁਰੂ ਹੋ ਜਾਂਦੀਆਂ ਹਨ ਅਤੇ 22 ਦਸੰਬਰ ਨੂੰ 23 1/2°  ਦੱਖਣੀ ਅਕਸ਼ਾਂਸ਼ ਉੱਤੇ ਸਿੱਧੀਆਂ ਪੈਂਦੀਆਂ ਹਨ। ਇਸ ਤਰ੍ਹਾਂ, 23 1/2°  ਉੱਤਰੀ ਅਕਸ਼ਾਂਸ਼ ਤੋਂ ਉੱਤਰ ਵੱਲ ਅਤੇ 23 1/2°  ਦੱਖਣੀ ਅਕਸ਼ਾਂਸ਼ ਤੋਂ ਦੱਖਣ ਵੱਲ ਸੂਰਜ ਦੀਆਂ ਕਿਰਨਾਂ ਸਿੱਧੀਆਂ ਨਹੀਂ ਪੈਂਦੀਆਂ। ਇਸ ਲਈ, 23 1/2°  ਉੱਤਰੀ ਅਕਸ਼ਾਂਸ਼ ਨੂੰ ਕਰਕ ਰੇਖਾ ਅਤੇ 23 1/2°  ਦੱਖਣੀ ਅਕਸ਼ਾਂਸ਼ ਨੂੰ ਮਕਰ ਰੇਖਾ ਕਿਹਾ ਜਾਂਦਾ ਹੈ।

ਉੱਤਰੀ ਧਰੁਵ ਅਤੇ ਦੱਖਣੀ ਧਰੁਵ ਚੱਕਰ : 21 ਮਾਰਚ ਤੋਂ ਬਾਅਦ ਜਦੋਂ ਉੱਤਰੀ ਧਰੁਵ ਦਾ ਝੁਕਾਅ ਸੂਰਜ ਵੱਲ ਹੋਣਾ ਸ਼ੁਰੂ ਹੋ ਜਾਂਦਾ ਹੈ ਤਾਂ ਉੱਤਰੀ ਧਰੁਵ ਉੱਤੇ ਦਿਨ ਹੀ ਰਹਿੰਦਾ ਹੈ। ਹੌਲੀ-ਹੌਲੀ ਝੁਕਾਅ ਵਧਣ ਨਾਲ ਧਰੁਵ ਦੇ ਚੁਫੇਰੇ ਸਦਾ ਦਿਨ ਰਹਿਣ ਵਾਲਾ ਖੇਤਰ ਵੀ ਵਧਦਾ ਜਾਂਦਾ ਹੈ ਅਤੇ 21 ਜੂਨ ਨੂੰ 66 1/2°  ਉੱਤਰੀ ਅਕਸ਼ਾਂਸ਼ ਤੋਂ ਉੱਪਰ ਵੱਲ ਦੇ ਸਾਰੇ ਖੇਤਰ ਤੇ ਦਿਨ ਹੀ ਰਹਿੰਦਾ ਹੈ ਅਰਥਾਤ, ਰਾਤ ਨਹੀਂ ਪੈਂਦੀ। ਇਸ ਕਰਕੇ 66 1/2°  ਤੋਂ ਹੇਠਲੇ ਅਕਸ਼ਾਂਸ਼ਾਂ ਉੱਤੇ 21 ਜੂਨ ਨੂੰ ਸਭ ਤੋਂ ਵੱਡਾ ਦਿਨ ਅਤੇ ਸਭ ਤੋਂ ਛੋਟੀ ਰਾਤ ਹੁੰਦੀ ਹੈ। ਇਸ ਲਈ 66 1/2°  ਉੱਤਰੀ ਅਕਸ਼ਾਂਸ਼ ਨੂੰ ਉੱਤਰੀ ਧਰੁਵ ਚੱਕਰ  (arctic circle)  ਕਿਹਾ ਜਾਂਦਾ ਹੈ। 22 ਸਤੰਬਰ ਤੋਂ ਬਾਅਦ ਦੱਖਣੀ ਧਰੁਵ ਸੂਰਜ ਵੱਲ ਝੁਕ ਜਾਂਦਾ ਹੈ, ਜਿਸ ਨਾਲ ਦੱਖਣੀ ਧਰੁਵ ਉੱਤੇ ਸਦਾ ਦਿਨ ਰਹਿਣਾ ਸ਼ੁਰੂ ਹੋ ਜਾਂਦਾ ਹੈ ਅਤੇ 22 ਦਸੰਬਰ ਨੂੰ 66 1/2°  ਦੱਖਣੀ ਅਕਸ਼ਾਂਸ਼ ਤੋਂ ਧਰੁਵ ਵੱਲ ਦੇ ਸਾਰੇ ਖੇਤਰ ਉੱਤੇ ਸਦਾ ਦਿਨ ਰਹਿੰਦਾ ਹੈ ਅਤੇ ਇਸ ਤੋਂ ਹੇਠਲੇ ਅਕਸ਼ਾਂਸ਼ਾਂ ਉੱਤੇ ਸਭ ਤੋਂ ਵੱਡਾ ਦਿਨ ਅਤੇ ਸਭ ਤੋਂ ਛੋਟੀ ਰਾਤ ਹੁੰਦੀ ਹੈ। ਇਸ ਲਈ, 661/2°  ਦੱਖਣੀ ਅਕਸ਼ਾਂਸ਼ ਨੂੰ ਦੱਖਣੀ ਧਰੁਵ ਚੱਕਰ  (antarctic circle) ਕਿਹਾ ਜਾਂਦਾ ਹੈ।

ਧਰਤੀ ਦੀ ਬਣਤਰ ਅਤੇ ਰਚਨਾ : ਧਰਤੀ ਦੀ ਸਤਹ, ਉਸ ਦੀ ਬਣਤਰ ਅਤੇ ਰੂਪ-ਰੇਖਾ ਨੂੰ ਚੰਗੀ ਤਰ੍ਹਾਂ ਸਮਝਣ ਲਈ ਧਰਤੀ ਦੇ ਅੰਤਰੀਵ ਸੰਬੰਧੀ ਜਾਣਕਾਰੀ ਬਹੁਤ ਜ਼ਰੂਰੀ ਹੈ। ਧਰਤੀ ਦੇ ਅੰਦਰੂਨੀ ਭਾਗ ਨੂੰ ਪ੍ਰੇਖਣ ਲਈ, ਮਨੁੱਖ ਦੀ ਨਾ ਹੀ ਪਹੁੰਚ ਹੈ ਅਤੇ ਨਾ ਹੀ ਕੋਈ ਅਜਿਹਾ ਯੰਤਰ ਹੈ, ਜਿਸ ਨਾਲ ਕੇਂਦਰੀ ਅਤੇ ਡੂੰਘੀਆਂ ਪਰਤਾਂ ਨੂੰ ਵੇਖਿਆ ਜਾ ਸਕੇ। ਇਸੇ ਕਰਕੇ, ਭੂ-ਭੌਤਿਕ ਵਿਗਿਆਨੀਆਂ ਨੇ ਧਰਤੀ ਦੇ ਭੌਤਿਕੀ ਸੁਭਾਅ ਅਤੇ ਲੱਛਣਾਂ ਦੇ ਆਧਾਰ ਉੱਤੇ ਧਰਤੀ ਦੀ ਅੰਦਰੂਨੀ ਬਣਤਰ ਅਤੇ ਇਸ ਦੀ ਰਚਨਾ ਬਾਰੇ ਕਈ ਪਰਿਕਲਪਨਾਵਾਂ ਕੀਤੀਆਂ ਹਨ ਪਰੰਤੂ ਹੁਣ 20ਵੀਂ ਸਦੀ ਦੇ ਸ਼ੁਰੂ ਵਿੱਚ ਭੁਚਾਲ ਤਰੰਗਾਂ ਦੇ ਧਰਤੀ ਦੇ ਅੰਦਰ ਵਿਚਰਨ ਦੀ ਪ੍ਰਤਿਕਿਰਿਆ ਤੋਂ ਧਰਤੀ ਦੇ ਅੰਦਰਲੇ ਭਾਗ ਦੀ ਜਾਣਕਾਰੀ ਪ੍ਰਾਪਤ ਹੋ ਚੁੱਕੀ ਹੈ। ਅੰਤਰਰਾਸ਼ਟਰੀ ਭੂ-ਮਾਪ ਅਤੇ ਭੂ-ਭੌਤਿਕ ਸੰਘ  (International Union of Geodesy and Geophysics)  ਨੇ ਭੂ-ਗਰਭ ਨੂੰ ਤਿੰਨ ਮੁੱਖ ਭਾਗਾਂ, ਪੇਪੜੀ  (The Crust) , ਮੱਧ ਮੰਡਲ  (The Mantle)  ਅਤੇ ਕੇਂਦਰੀ ਮੰਡਲ  (The Core)  ਵਿੱਚ ਵੰਡਿਆ ਹੈ।

ਧਰਤੀ ਪ੍ਰਨਾਲੀ : ਮਨੁੱਖੀ ਸਰੀਰ ਦੀ ਤਰ੍ਹਾਂ ਧਰਤੀ ਵੀ ਇੱਕ ਪ੍ਰਨਾਲੀ ਹੈ, ਜਿਸ ਦੇ ਕਈ ਅੰਗ ਹਨ, ਜੋ ਆਪਸ ਵਿੱਚ ਜੁੜੇ ਹੋਏ ਹਨ, ਅਤੇ ਇੱਕ ਦੂਸਰੇ ਉੱਤੇ ਨਿਰਭਰ ਕਰਦੇ ਹਨ, ਅਤੇ ਇੱਕ ਦੂਸਰੇ ਨੂੰ ਪ੍ਰਭਾਵਿਤ ਕਰਦੇ ਹਨ। ਇਸ ਪ੍ਰਨਾਲੀ ਦੇ ਮੁੱਖ ਚਾਰ ਅੰਗ-ਵਾਯੂਮੰਡਲ  (atmosphere) , ਥਲਮੰਡਲ  (lithosphere) , ਜਲਮੰਡਲ  (hydrosphere)  ਅਤੇ ਜੀਵਮੰਡਲ  (biosphere)  ਹਨ। ਇਹਨਾਂ ਅੰਗਾਂ ਨੂੰ ਆਪਸ ਵਿੱਚ ਨਿਖੇੜਿਆ ਨਹੀਂ ਜਾ ਸਕਦਾ।


ਲੇਖਕ : ਰਮਿੰਦਰ ਕੌਰ,
ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਦੂਜੀ, ਹੁਣ ਤੱਕ ਵੇਖਿਆ ਗਿਆ : 4043, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-03-25-10-22-04, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.