ਧੁਨੀ-ਵਿਗਿਆਨ ਸਰੋਤ :
ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਧੁਨੀ-ਵਿਗਿਆਨ: ਭਾਸ਼ਾ ਦੇ ਮੁੱਖ ਰੂਪ ਵਿੱਚ ਤਿੰਨ ਪਹਿਲੂ ਹੁੰਦੇ ਹਨ-ਧੁਨੀ, ਰੂਪ ਅਤੇ ਅਰਥ। ਭਾਸ਼ਾ ਦਾ ਅਧਿਐਨ ਵੀ ਇਹਨਾਂ ਤਿੰਨਾਂ ਪੱਧਰਾਂ ਤੇ ਕੀਤਾ ਜਾ ਸਕਦਾ ਹੈ। ਧੁਨੀ-ਵਿਗਿਆਨ ਵਿੱਚ ਧੁਨੀਆਂ ਦਾ ਵਿਗਿਆਨਿਕ ਅਧਿਐਨ ਕੀਤਾ ਜਾਂਦਾ ਹੈ। ਧੁਨੀ-ਵਿਗਿਆਨ ਵਿੱਚ ਇਹ ਦੇਖਿਆ ਜਾਂਦਾ ਹੈ ਕਿ ਭਾਸ਼ਾਈ ਧੁਨੀ ਦਾ ਉਚਾਰਨ ਕਿਵੇਂ ਕੀਤਾ ਜਾਂਦਾ ਹੈ, ਉਚਾਰੀ ਗਈ ਧੁਨੀ ਸ੍ਰੋਤੇ ਦੇ ਕੰਨਾਂ ਤੱਕ ਕਿਵੇਂ ਪਹੁੰਚਦੀ ਹੈ ਅਤੇ ਇਹ ਧੁਨੀ ਕੰਨਾਂ ਤੋਂ ਦਿਮਾਗ਼ ਤੱਕ ਕਿਵੇਂ ਅਪੜਦੀ ਹੈ ਅਰਥਾਤ ਧੁਨੀ- ਵਿਗਿਆਨ ਵਿੱਚ ਧੁਨੀਆਂ ਦੇ ਉਚਾਰਨ ਤੋਂ ਲੈ ਕੇ ਸੁਣਨ ਪ੍ਰਕਿਰਿਆ ਦਾ ਅਧਿਐਨ ਕੀਤਾ ਜਾਂਦਾ ਹੈ। ਇਸ ਪ੍ਰਕਾਰ ਧੁਨੀ ਅਧਿਐਨ ਦੇ ਤਿੰਨ ਪੱਖ ਬਣਦੇ ਹਨ। ਧੁਨੀਆਂ ਦਾ ਉਚਾਰਨ, ਧੁਨੀਆਂ ਦਾ ਸਫ਼ਰ ਕਰਨਾ (ਬੁਲਾਰੇ ਦੇ ਬੁੱਲ੍ਹਾਂ ਤੋਂ ਲੈ ਕੇ ਸ੍ਰੋਤੇ/ਸੁਣਨ ਵਾਲੇ ਦੇ ਕੰਨਾਂ ਤੱਕ ਦਾ ਸਫ਼ਰ) ਅਤੇ ਧੁਨੀਆਂ ਨੂੰ ਸੁਣਨਾ (ਧੁਨੀ ਦਾ ਕੰਨ ਤੋਂ ਦਿਮਾਗ਼ ਤੱਕ ਪਹੁੰਚਣ)। ਧੁਨੀਆਂ ਦੇ ਇਹਨਾਂ ਤਿੰਨਾਂ ਪੱਖਾਂ ਨਾਲ ਸੰਬੰਧਿਤ ਧੁਨੀ-ਵਿਗਿਆਨ ਦੀਆਂ ਤਿੰਨ ਕਿਸਮਾਂ ਹਨ। ਉਚਾਰਨ ਧੁਨੀ-ਵਿਗਿਆਨ ਵਿੱਚ ਇਹ ਦੇਖਿਆ ਜਾਂਦਾ ਹੈ ਕਿ ਮਨੁੱਖੀ ਭਾਸ਼ਾ ਵਿੱਚ ਧੁਨੀ ਦਾ ਉਚਾਰਨ ਕਿਵੇਂ ਹੁੰਦਾ ਹੈ। ਫੇਫੜਿਆਂ ਵਿੱਚੋਂ ਆਉਂਦੀ ਹਵਾ ਧੁਨੀਆਂ ਦਾ ਉਤਪਾਦਨ ਕਿਵੇਂ ਕਰਦੀ ਹੈ। ਕਿਹੜੀ ਧੁਨੀ ਕਿਵੇਂ ਪੈਦਾ ਕੀਤੀ ਜਾਂਦੀ ਹੈ। ਸੰਚਾਰਨੀ ਧੁਨੀ-ਵਿਗਿਆਨ ਵਿੱਚ ਇਹ ਦੇਖਿਆ ਜਾਂਦਾ ਹੈ ਕਿ ਜਦੋਂ ਅਸੀਂ ਕੋਈ ਧੁਨੀ ਮੰਨ ਲਵੋ /ਪ/ ਉਚਾਰਦੇ ਹਾਂ ਤਾਂ ਇਹ ਉਚਾਰੀ ਗਈ ਧੁਨੀ ਸਾਡੇ ਕੰਨਾਂ ਤੱਕ ਕਿਵੇਂ ਪਹੁੰਚਦੀ ਹੈ। ਜਿਵੇਂ ਰੇਡੀਓ ਜਾਂ ਟੈਲੀਵੀਜ਼ਨ ਜਾਂ ਮੋਬਾਇਲ ਵਿੱਚ ਅਵਾਜ਼ ਸਫ਼ਰ ਕਰ ਕੇ ਸਾਡੇ ਤੱਕ ਪਹੁੰਚਦੀ ਹੈ। ਬਿਲਕੁਲ ਇਸੇ ਤਰ੍ਹਾਂ ਹੀ ਸਾਡੇ ਬੁੱਲ੍ਹਾਂ ਵਿੱਚੋਂ ਨਿਕਲੀ ਹਰ ਧੁਨੀ ਸਫ਼ਰ ਤੈਅ ਕਰ ਕੇ ਸਾਡੇ ਕੰਨਾਂ ਤੱਕ ਪਹੁੰਚਦੀ ਹੈ। ਬੁੱਲ੍ਹਾਂ ਤੋਂ ਕੰਨਾਂ ਤੱਕ ਧੁਨੀ ਦੀ ਪਹੁੰਚ ਪ੍ਰਕਿਰਿਆ ਦਾ ਅਧਿਐਨ ਸ਼੍ਰਵਣੀ ਧੁਨੀ- ਵਿਗਿਆਨ ਵਿੱਚ ਕੀਤਾ ਜਾਂਦਾ ਹੈ। ਧੁਨੀ ਅਧਿਐਨ ਦਾ ਤੀਸਰਾ ਪੱਖ ਧੁਨੀ ਨੂੰ ਸੁਣਨ ਨਾਲ ਹੈ। ਧੁਨੀ ਕੰਨਾਂ ਤੋਂ ਦਿਮਾਗ਼ ਤੱਕ ਕਿਵੇਂ ਪਹੁੰਚਦੀ ਹੈ, ਇਸ ਦਾ ਅਧਿਐਨ ਸ਼੍ਰਵਣੀ ਧੁਨੀ-ਵਿਗਿਆਨ ਵਿੱਚ ਕੀਤਾ ਜਾਂਦਾ ਹੈ। ਇਸ ਪ੍ਰਕਾਰ ਧੁਨੀ-ਵਿਗਿਆਨ ਧੁਨੀਆਂ ਦੇ ਵਿਗਿਆਨਿਕ ਅਧਿਐਨ ਨਾਲ ਸੰਬੰਧ ਰੱਖਦਾ ਹੈ। ਧੁਨੀ-ਵਿਗਿਆਨ ਦੀਆਂ ਤਿੰਨ ਕਿਸਮਾਂ ਹਨ-ਉਚਾਰਨੀ ਧੁਨੀ-ਵਿਗਿਆਨ, ਸੰਚਾਰਨੀ ਧੁਨੀ-ਵਿਗਿਆਨ ਅਤੇ ਸ਼੍ਰਵਣੀ ਧੁਨੀ- ਵਿਗਿਆਨ।
ਲੇਖਕ : ਸੁਖਵਿੰਦਰ ਸਿੰਘ ਸੰਘਾ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 11973, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no
ਧੁਨੀ-ਵਿਗਿਆਨ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਧੁਨੀ-ਵਿਗਿਆਨ [ਨਾਂਪੁ] (ਭਾਵਿ) ਭਾਸ਼ਾ ਧੁਨੀਆਂ ਦੇ ਅਧਿਐਨ ਨਾਲ਼ ਸੰਬੰਧਿਤ ਵਿਗਿਆਨ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 11962, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First