ਨਮਿਤਣ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Appropriate, Appropriation_ਨਮਿਤਣ: ਕਿਸੇ ਚੀਜ਼ ਨੂੰ ਨਮਿਤਣ ਦਾ ਮੋਟਾ ਅਰਥ ਹੈ ਉਸ ਚੀਜ਼ ਨੂੰ ਕਿਸੇ ਦੀ ਸੰਪਤੀ ਬਣਾ ਦੇਣਾ। ਇਸ ਨਾਲ ਜਿਸ ਵਿਅਕਤੀ ਦੇ ਨਾਂ ਉਹ ਚੀਜ਼ ਨਮਿਤੀ ਗਈ ਹੋਵੇ ਉਸ ਵਿਅਕਤੀ ਨੂੰ ਉਹ ਚੀਜ਼ ਦੀ ਵਾਹਦ ਵਰਤੋਂ ਦਾ ਅਧਿਕਾਰ ਮਿਲ ਜਾਂਦਾ ਹੈ।
ਜਦੋਂ ਕੋਈ ਵਿਅਕਤੀ ਕਿਸੇ ਢੇਰ ਮਾਤਰਾ ਦੇ ਕੁਝ ਹਿੱਸੇ ਦਾ ਮਾਲਕ ਹੋਵੇ ਹਿੱਸਾ ਮਖ਼ਸੂਸ ਨ ਹੋਵੇ ਜੋ ਉਸ ਦੀ ਮਲਕੀਅਤ ਹੈ ਤਾਂ, ਜਦੋਂ ਮਾਲ ਜਾਂ ਧਨ ਦਾ ਉਸ ਦਾ ਹਿੱਸਾ ਬਾਕੀ ਮਾਤਰਾ ਨਾਲ ਵਖ ਕਰ ਦਿੱਤਾ ਜਾਵੇ, ਉਦੋਂ ਉਸ ਬਾਰੇ ਕਿਹਾ ਜਾਂਦਾ ਹੈ ਕਿ ਮਾਲ ਦਾ ਜਾਂ ਧਨ ਦਾ ਨਮਿਤਣ ਕਰ ਦਿੱਤਾ ਗਿਆ ਹੈ। ਉਦਾਹਰਣ ਲਈ ‘ੳ’ ਕਿਸੇ ਭੱਠੇ ਤੋਂ 5000 ਇੱਟ ਲੈਂਦਾ ਹੈ। ਭੱਠੇ ਤੇ ਲੱਗੇ ਚੱਠਿਆਂ ਵਿਚੋਂ ਜਦੋਂ ‘ੳ’ 5000 ਇੱਟ ਵੱਖ ਕਰ ਲੈਂਦਾ ਹੈ ਤਾਂ ਉਹ 5000 ਇੱਟਾਂ ਉਸ ਨੂੰ ਨਮਿਤ ਦਿੱਤੀਆਂ ਜਾਂਦੀਆਂ ਹਨ।
ਅਦਾਇਗੀਆਂ ਦੇ ਸਬੰਧ ਵਿਚ ਵੀ ਨਮਿਤਣ ਦੇ ਨਿਖੜਵੇਂ ਅਰਥ ਹਨ। ਫ਼ਰਜ਼ ਕਰੋ ‘ਅ’ ਨੇ ਪਹਿਲੀ ਜੂਨ ਨੂੰ ਪੰਜ ਹਜ਼ਾਰ ਰੁਪਏ ‘ਸ’ ਤੋਂ ਉਧਾਰੇ ਲਏ ਹਨ। ਪਹਿਲੀ ਦਸੰਬਰ ਨੂੰ ਉਹ ਹੋਰ ਪੰਜ ਹਜ਼ਾਰ ਰੁਪਏ ‘ਸ’ ਤੋਂ ਉਧਾਰ ਲੈਂਦਾ ਹੈ। ਅਗਲੇ ਸਾਲ ਪਹਿਲੀ ਮਾਰਚ ਨੂੰ ‘ਅ’ ਪੰਜ ਹਜ਼ਾਰ ਰੁਪਏ ਦੀ ਰਕਮ ‘ਸ’ ਨੂੰ ਵਾਪਸ ਅਦਾ ਕਰਦਾ ਹੈ ਅਤੇ ਸਪਸ਼ਟ ਕਰਦਾ ਹੈ ਕਿ ਉਹ ਪਹਿਲੀ ਦਸੰਬਰ ਨੂੰ ਲਿਆ ਉਧਾਰ ਮੋੜ ਰਿਹਾ ਹੈ। ਇਸ ਤਰ੍ਹਾਂ ਕਰਕੇ ਉਹ ਅਦਾਇਗੀ ਦਾ ਨਿਸਚਿਤ ਕਰਜ਼ੇ ਦੇ ਲੇਖੇ ਨਮਿਤਣ ਕਰਦਾ ਹੈ। ਜੇ ਉਹ ਇਸ ਤਰ੍ਹਾਂ ਨ ਕਰੇ ਤਾਂ ‘ਸ’ ਉਸ ਰਕਮ ਦਾ ਨਮਿਤਣ ਆਪਣੀ ਮਰਜ਼ੀ ਅਨੁਸਾਰ ਜਿਸ ਕਰਜ਼ੇ ਦੇ ਭੁਗਤਾਨ ਵਲ ਚਾਹੇ ਕਰ ਸਕਦਾ ਹੈ। ਇਹ ਵੀ ਸੰਭਵ ਹੈ ਕਿ ‘ਸ’ ਉਸ ਰਕਮ ਦਾ ਨਮਿਤਣ ਕਿਸੇ ਅਜਿਹੇ ਕਰਜ਼ੇ ਦੇ ਭੁਗਤਾਨ ਵਲ ਕਰ ਲਵੇ ਜੋ ਸਮੇਂ ਦੁਆਰਾ ਬਾਰਤ ਹੋ ਚੁੱਕਾ ਹੋਵੇ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2530, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First