ਨਾਗਰਿਕਤਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਨਾਗਰਿਕਤਾ [ਨਾਂਇ] ਨਾਗਰਿਕ ਹੋਣ ਦਾ ਹੱਕ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2081, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਨਾਗਰਿਕਤਾ ਸਰੋਤ : ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Citizenship ਨਾਗਰਿਕਤਾ: ਭਾਰਤ ਦੇ ਲਾਗੂ ਹੋਣ ਸਮੇਂ ਹਰ ਵਿਅਕਤੀ ਜੋ ਭਾਰਤਵਾਸੀ ਸੀ ਅਤੇ ਭਾਰਤ ਦੇ ਕਿਸੇ ਖੇਤਰ ਵਿਚ ਪੈਦਾ ਹੋਇਆ ਸੀ ਜਾਂ ਉਸਦੇ ਮਾਪਿਆਂ ਵਿਚੋਂ ਕੋਈ ਇਕ ਭਾਰਤੀ ਖੇਤਰ ਵਿਚ ਜਨਮਿਆ ਸੀ ਜਾਂ ਜੋ ਸੰਵਿਧਾਲ ਦੇ ਲਾਗੂ ਹੋਣ ਤੋਂ ਘੱਟੋ-ਘੱਟ ਪੰਜ ਸਾਲ ਪਹਿਲਾਂ ਭਾਰਤ ਵਿਚ ਰਹਿ ਰਿਹਾ ਸੀ, ਭਾਰਤ ਦਾ ਨਾਗਰਿਕ ਕਰਾਰ ਦਿੱਤਾ ਗਿਆ ਸੀ।

      ਜਿਹੜੇ ਵਿਅਕਤੀ ਇਸ ਸਮੇਂ ਪਾਕਿਸਤਾਨ ਤੋਂ ਭਾਰਤ ਵਿਚ ਆਏ ਸਨ , ਉਹ ਵੀ ਸੰਵਿਧਾਨ ਦੇ ਲਾਗੂਜ਼ਹੋਣ ਸਮੇਂ ਭਾਰਤ ਦੇ ਨਾਗਰਿਕ ਸਮਝੇ ਗਏ। ਪਰੰਤੂ ਜਿਹੜੇ ਵਿਅਕਤੀ ਪਹਿਲੀ ਮਾਰਚ, 1947 ਤੋਂ ਬਾਅਦ ਭਾਰਤ ਤੋਂ ਪਰਵਾਸ ਕਰਕੇ ਹੁਣ ਪਾਕਿਸਤਾਨ ਵਿਚ ਸ਼ਾਮਲ ਖੇਤਰ ਵਿਚ ਜਾ ਵਸੇ ਸਨ, ਉਨ੍ਹਾਂ ਨੂੰ ਭਾਰਤ ਦੇ ਨਾਗਰਿਕ ਨਹੀਂ ਸਮਝਿਆ ਜਾਵੇਗਾ। ਕੋਈ ਵੀ ਅਜਿਹਾ ਵਿਅਕਤੀ ਜੋ ਆਪ ਜਾਂ ਉਸਦੇ ਮਾਪਿਆਂ ਵਿਚੋਂ ਕੋਈ ਇਕ ਜਾਂ ਉਸਦੇ ਦਾਦਕਿਆਂ ਵਿਚੋਂ ਕੋਈ ਇਕ ਭਾਰਤ ਵਿਚ ਜਨਮਿਆ ਸੀ ਅਤੇ ਜੋ ਸਾਧਾਰਣ ਤੌਰ ਤੇ ਹੁਣ ਭਾਰਤ ਤੋਂ ਬਾਹਰ ਕਿਸੇ ਹੋਰ ਦੇਸ਼ ਵਿਚ ਰਹਿ ਰਿਹਾਹੈ, ਉਸਨੂੰ ਵੀ ਭਾਰਤ ਦਾ ਨਾਗਰਿਕ ਸਮਝਿਆ ਜਾਵੇਗਾ ਜੋ ਉਸ ਦੇਸ਼ ਵਿਚ ਭਾਰਤ ਦੇ ਕੌਸ਼ਲਰ ਜਾਂ ਡਿਪਲੋਮੈਟਿਕ ਪ੍ਰਤਿਨਿਧੀ ਦੁਆਰਾ ਉਸਦਾ ਨਾਂ ਰਜਿਸਟਰ ਕੀਤਾ ਗਿਆ ਹੈ।

      ਜਿਹੜੇ ਵਿਅਕਤੀ ਆਪਣੀ ਇੱਛਾ ਨਾਲ ਕਿਸੇ ਵਿਦੇਸ਼ੀ ਰਾਜ ਦੀ ਨਾਗਰਿਕਤਾ ਪ੍ਰਾਪਤ ਕਰਦੇ ਹਨ, ਉਨ੍ਹਾਂ ਨੂੰ ਭਾਰਤ ਦੇ ਨਾਗਰਿਕ ਨਹੀਂ ਸਮਝਿਆ ਜਾਵੇਗਾ ਹਰ ਵਿਅਕਤੀ ਜੋ ਭਾਰਤ ਦਾ ਨਾਗਰਿਕ ਹੈ ਜਾਂ ਜਿਸਨੂੰ ਨਾਗਰਿਕ ਸਮਝਿਆ ਜਾਂਦਾ ਹੈ, ਅਜਿਹਾ ਨਾਗਰਿਕ ਬਣਿਆ ਰਹੇਗਾ ਸੰਸਦ ਨੂੰ ਨਾਗਰਿਕਤਾ ਦੀ ਪ੍ਰਾਪਤੀ ਅਤੇ ਇਸ ਨੂੰ ਖ਼ਤਮ ਕਰਨ ਸਬੰਧੀ ਅਧਿਕਾਰ ਅਤੇ ਨਾਗਰਿਕਤਾ ਸਬੰਧੀ ਸਾਰੇ ਮਾਮਲਿਆਂ ਦੇ ਅਧਿਕਾਰ ਪ੍ਰਾਪਤ ਰਹਿਣਗੇ।


ਲੇਖਕ : ਡਾ. ਡੀ. ਆਰ ਸਚਦੇਵਾ,
ਸਰੋਤ : ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1962, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਨਾਗਰਿਕਤਾ ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਦੂਜੀ

ਨਾਗਰਿਕਤਾ : ਹਰ ਇੱਕ ਦੇਸ ਵਿੱਚ ਨਾਗਰਿਕ ਅਤੇ ਵਿਦੇਸ਼ੀ ਰਹਿੰਦੇ ਹਨ। ਨਾਗਰਿਕਾਂ ਨੂੰ ਜੋ ਅਧਿਕਾਰ, ਸੁਤੰਤਰਤਾਵਾਂ ਅਤੇ ਸੁਵਿਧਾਵਾਂ ਪ੍ਰਾਪਤ ਹੁੰਦੀਆਂ ਹਨ, ਉਹ ਵਿਦੇਸ਼ੀਆਂ ਨੂੰ ਪ੍ਰਾਪਤ ਨਹੀਂ ਹੁੰਦੀਆਂ। ਨਾਗਰਿਕ ਪ੍ਰਜਾਤੰਤਰ ਵਿੱਚ ਆਪਣੇ ਪ੍ਰਤਿਨਿਧ ਚੁਣਨ ਲਈ ਵੋਟਾਂ ਪਾਉਂਦੇ ਹਨ ਅਤੇ ਆਪਣੀਆਂ ਜ਼ੁੰਮੇਵਾਰੀਆਂ ਨੂੰ ਨਿਭਾਉਂਦੇ ਹਨ। ਉਹਨਾਂ ਨੂੰ ਗ਼ਲਤੀਆਂ ਕਾਰਨ ਦੇਸ ਨਿਕਾਲਾ ਨਹੀਂ ਦਿੱਤਾ ਜਾ ਸਕਦਾ, ਜਦੋਂ ਕਿ ਵਿਦੇਸ਼ੀਆਂ ਨੂੰ ਦੇਸ ਤੋਂ ਬਾਹਰ ਕੱਢਿਆ ਜਾ ਸਕਦਾ ਹੈ। ਇਸੇ ਪ੍ਰਕਾਰ ਨਾਗਰਿਕਤਾ ਉਸ ਕਨੂੰਨੀ ਸ਼ਬਦ ਦਾ ਨਾਮ ਹੈ, ਜੋ ਵਿਅਕਤੀ ਨੂੰ ਉਸ ਰਾਜ ਨਾਲ, ਜਿਸ ਦਾ ਉਹ ਮੈਂਬਰ ਹੈ, ਜੋੜਦਾ ਹੈ। (Citizenship is a legal relationship which binds an individual to the state of which he is a member). ਨਾਗਰਿਕਤਾ ਦੀਆਂ ਦੋ ਕਿਸਮਾਂ ਹੁੰਦੀਆਂ ਹਨ-(1) ਜਮਾਂਦਰੂ ਨਾਗਰਿਕਤਾ (Natural Born) (2) ਰਾਜਕ੍ਰਿਤ ਨਾਗਰਿਕਤਾ (Naturalised Citizenship)

ਜਮਾਂਦਰੂ ਨਾਗਰਿਕਤਾ ਦਾ ਨਿਰਨਾ ਦੋ ਸਿਧਾਂਤਾਂ ਅਨੁਸਾਰ ਕੀਤਾ ਜਾਦਾ ਹੈ : (1) ਜਨਮ ਜਾਂ ਰਕਤ ਸਿਧਾਂਤ (2) ਭੂਮੀ ਸਿਧਾਂਤ।

1. ਜਨਮ ਜਾਂ ਰਕਤ (ਖ਼ੂਨ) ਸਿਧਾਂਤ : ਇਸ ਅਨੁਸਾਰ ਇੱਕ ਬੱਚੇ ਦੀ ਨਾਗਰਿਕਤਾ ਖ਼ੂਨ ਦੇ ਰਿਸ਼ਤੇ ਕਾਰਨ ਕੀਤੀ ਜਾਂਦੀ ਹੈ। ਭਾਵ ਉਸ ਦੇ ਪਿਤਾ ਦੀ ਨਾਗਰਿਕਤਾ ਅਨੁਸਾਰ ਹੁੰਦੀ ਹੈ। ਉਦਾਹਰਨ ਵਜੋਂ ਜੇ ਇੰਗਲੈਂਡ ਦੇ ਨਾਗਰਿਕ ਦਾ ਬੱਚਾ ਭਾਰਤ ਦੀ ਭੂਮੀ ’ਤੇ ਜਨਮ ਲੈਂਦਾ ਹੈ, ਤਾਂ ਇਸ ਸਿਧਾਂਤ ਅਨੁਸਾਰ ਉਹ ਇੰਗਲੈਂਡ ਦਾ ਹੀ ਨਾਗਰਿਕ ਹੋਵੇਗਾ।

2. ਭੂਮੀ ਸਿਧਾਂਤ : ਇਸ ਸਿਧਾਂਤ ਅਨੁਸਾਰ ਨਾਗਰਿਕਤਾ ਦਾ ਨਿਰਨਾ ਕਰਨ ਲਈ ਰਕਤ ਦੀ ਥਾਂ ਤੇ ਜਨਮ ਸਥਾਨ ਦੀ ਮਹੱਤਤਾ ਮੰਨੀ ਜਾਂਦੀ ਹੈ। ਇਸ ਸਿਧਾਂਤ ਅਨੁਸਾਰ ਬੱਚੇ ਦੀ ਨਾਗਰਿਕਤਾ ਉਸ ਦੇਸ ਦੀ ਹੋਵੇਗੀ, ਜਿਸ ਦੇਸ ਦੀ ਭੂਮੀ ਤੇ ਉਸ ਨੇ ਜਨਮ ਲਿਆ ਹੈ। ਉਦਾਹਰਨ ਵਜੋਂ ਜੇਕਰ ਕਿਸੇ ਵਿਦੇਸ਼ੀ ਦਾ ਬੱਚਾ ਜਪਾਨ ਵਿੱਚ ਪੈਦਾ ਹੁੰਦਾ ਹੈ, ਤਾਂ ਉਹ ਜਪਾਨ ਦੇਸ ਦਾ ਨਾਗਰਿਕ ਹੋਵੇਗਾ। ਇਸ ਪ੍ਰਕਾਰ ਜਿਨ੍ਹਾਂ ਦੇਸਾਂ ਵਿੱਚ ਇਹਨਾਂ ਦੋਹਾਂ ਸਿਧਾਂਤਾਂ ਨੂੰ ਅਪਣਾਇਆ ਜਾਂਦਾ ਹੈ, ਬੱਚੇ ਨੂੰ ਦੂਹਰੀ ਨਾਗਰਿਕਤਾ ਪ੍ਰਦਾਨ ਹੋ ਜਾਂਦੀ ਹੈ ਅਤੇ ਬਾਲਗ਼ ਹੋਣ ਬਾਅਦ ਉਹ ਕਿਸੇ ਇੱਕ ਦੇਸ ਦੀ ਨਾਗਰਿਕਤਾ ਤਿਆਗ ਸਕਦਾ ਹੈ।

ਰਾਜਕ੍ਰਿਤ ਨਾਗਰਿਕਤਾ ਕੁਝ ਸ਼ਰਤਾਂ ਨੂੰ ਪੂਰਾ ਕਰਨ ਉਪਰੰਤ ਪ੍ਰਾਪਤ ਹੁੰਦੀ ਹੈ, ਜਿਨ੍ਹਾਂ ਵਿੱਚੋਂ ਮੁੱਖ ਨਿਮਨਲਿਖਤ ਹਨ :

1. ਲੰਬੇ ਸਮੇਂ ਲਈ ਰਹਿਣ : ਕੁਝ ਦੇਸਾਂ ਵਿੱਚ ਇਹ ਨਿਯਮ ਪ੍ਰਚਲਿਤ ਹੈ ਕਿ ਜੇਕਰ ਵਿਅਕਤੀ ਉੱਥੇ ਮਿੱਥੇ ਸਮੇਂ ਤੱਕ ਨਿਵਾਸ ਕਰੇ ਤਾਂ ਉਹ ਆਪਣੇ ਪਹਿਲੇ ਦੇਸ ਦੀ ਨਾਗਰਿਕਤਾ ਨੂੰ ਛੱਡ ਕੇ ਉੱਥੋਂ ਦੀ ਨਾਗਰਿਕਤਾ ਗ੍ਰਹਿਣ ਕਰ ਸਕਦਾ ਹੈ। ਅਰਜਨਟਾਈਨਾ, ਸਵਿਟਜਰਲੈਂਡ ਅਤੇ ਮੈਕਸੀਕੋ ਵਿੱਚ ਇਹ ਸਮਾਂ ਦੋ ਸਾਲ ਦਾ ਹੈ, ਜਦੋਂ ਕਿ ਸਵੀਡਨ ਵਿੱਚ ਤਿੰਨ ਸਾਲ ਦਾ ਹੈ।

2. ਵਿਆਹ : ਜੇਕਰ ਕਿਸੇ ਇੱਕ ਦੇਸ ਦੀ ਇਸਤਰੀ ਦੂਜੇ ਦੇਸ ਦੇ ਪੁਰਸ਼ ਨਾਲ ਵਿਆਹ ਕਰ ਲਵੇ ਤਾਂ ਉਸ ਇਸਤਰੀ ਦੀ ਆਪਣੇ ਦੇਸ ਦੀ ਨਾਗਰਿਕਤਾ ਸਮਾਪਤ ਹੋ ਜਾਂਦੀ ਹੈ ਅਤੇ ਉਹ ਆਪਣੇ ਪਤੀ ਦੇ ਦੇਸ ਦੀ ਨਾਗਰਿਕ ਬਣ ਜਾਵੇਗੀ। ਮੰਦੇਭਾਗੀ ਸਾਡੇ ਦੇਸ ਵਿੱਚ ਇਸਤਰੀਆਂ, ਵਿਦੇਸ਼ੀਆਂ ਨਾਲ ਵਿਆਹ ਕਰਵਾ ਲੈਂਦੀਆਂ ਹਨ, ਪਰ ਉਹ ਉਹਨਾਂ ਨੂੰ ਆਪਣੇ ਨਾਲ ਉਸ ਦੇਸ ਵਿੱਚ ਨਹੀਂ ਲਿਜਾਂਦੇ, ਜਿੱਥੋਂ ਦੇ ਉਹ ਨਾਗਰਿਕ ਹੁੰਦੇ ਹਨ ਅਤੇ ਉੱਥੋਂ ਹੀ ਉਸ ਨੂੰਤਲਾਕ ਦੇ ਦਿੰਦੇ ਹਨ। ਭਾਰਤ ਸਰਕਾਰ ਨੇ ਕਨੂੰਨ ਰਾਹੀਂ ਹਰ ਵਿਦੇਸ਼ੀ ਨਾਲ ਵਿਆਹ ਦਾ ਪੰਜੀਕਰਨ ਕਰਨਾ ਲਾਜ਼ਮੀ ਕਰ ਦਿੱਤਾ ਹੈ ਅਤੇ ਇਸ ਦਾ ਇੰਦਰਾਜ਼ ਉਸ ਦੇ ਪਾਸਪੋਰਟ ਵਿੱਚ ਕਰ ਦਿੱਤਾ ਜਾਂਦਾ ਹੈ। ਇਸ ਤੋਂ ਇਲਾਵਾ ਵਿਦੇਸ਼ੀ ਇਸਤਰੀ ਨੂੰ ਤਲਾਕ ਦੇਣ ਸਮੇਂ ਇਸਤਰੀ ਦਾ ਉਸ ਦੇਸ ਵਿੱਚ ਹਾਜ਼ਰ ਹੋਣਾ ਜ਼ਰੂਰੀ ਕਰਾਰ ਦਿੱਤਾ ਗਿਆ ਹੈ।

3. ਸਰਕਾਰੀ ਨੌਕਰੀ : ਕੁਝ ਦੇਸਾਂ ਵਿੱਚ ਸਰਕਾਰੀ ਨੌਕਰੀ ਕੇਵਲ ਉੱਥੋਂ ਦੇ ਨਾਗਰਿਕਾਂ ਨੂੰ ਹੀ ਦਿੱਤੀ ਜਾਂਦੀ ਹੈ, ਪਰੰਤੂ ਜੇ ਕੋਈ ਵਿਦੇਸ਼ੀ ਉਹਨਾਂ ਦੇਸਾਂ ਵਿੱਚ ਸਰਕਾਰੀ ਨੌਕਰੀ ਪ੍ਰਾਪਤ ਕਰ ਲਵੇ ਤਾਂ ਉਸ ਨੂੰ ਉੱਥੋਂ ਦੀ ਨਾਗਰਿਕਤਾ ਪ੍ਰਾਪਤ ਹੋ ਜਾਂਦੀ ਹੈ।

4. ਪ੍ਰਾਰਥਨਾ ਪੱਤਰ ਦੁਆਰਾ : ਕੁਝ ਦੇਸਾਂ ਵਿੱਚ ਜਿਵੇਂ ਕਿ ਇੰਗਲੈਂਡ, ਕੈਨੇਡਾ, ਅਮਰੀਕਾ ਵਿੱਚ ਕਨੂੰਨੀ ਸ਼ਰਤਾਂ ਪੂਰੀਆਂ ਕਰਕੇ ਬਿਨੈ-ਪੱਤਰਾਂ ਦੁਆਰਾ ਉਸ ਦੇਸ ਦੀ ਨਾਗਰਿਕਤਾ ਪ੍ਰਾਪਤ ਕੀਤੀ ਜਾ ਸਕਦੀ ਹੈ। ਅਜਿਹੇ ਵਿਅਕਤੀ ਨੂੰ ਆਪਣੇ ਚੰਗੇ ਚਰਿੱਤਰ ਅਤੇ ਵਫ਼ਾਦਾਰੀ ਦਾ ਸਬੂਤ ਦੇਣਾ ਪੈਂਦਾ ਹੈ।

5. ਸੈਨਾ ਵਿੱਚ ਭਰਤੀ ਹੋ ਕੇ : ਦੂਸਰੇ ਦੇਸ ਦੀ ਫ਼ੌਜ ਵਿੱਚ ਭਰਤੀ ਹੋ ਕੇ ਵੀ ਉਸ ਦੇਸ ਦੀ ਨਾਗਰਿਕਤਾ ਪ੍ਰਾਪਤ ਕੀਤੀ ਜਾ ਸਕਦੀ ਹੈ।

6. ਜਾਇਦਾਦ ਖ਼ਰੀਦ ਕੇ : ਕੁਝ ਦੇਸਾਂ ਵਿੱਚ ਇਹ ਨਿਯਮ ਪ੍ਰਚਲਿਤ ਹੈ, ਜੇਕਰ ਕੋਈ ਵਿਅਕਤੀ ਉਸ ਦੇਸ ਵਿੱਚ ਜਾਇਦਾਦ ਖ਼ਰੀਦ ਲਵੇ ਤਾਂ ਉਸ ਨੂੰ ਉਸ ਦੇਸ ਦੀ ਨਾਗਰਿਕਤਾ ਪ੍ਰਾਪਤ ਹੋ ਜਾਂਦੀ ਹੈ।

7.       ਜਿੱਤ ਦੁਆਰਾ : ਜੇਕਰ ਜੰਗ ਸਮੇਂ ਕਿਸੇ ਦਾ ਕੁਝ ਕੁ ਇਲਾਕਾ ਕਿਸੇ ਦੂਸਰੇ ਦੇਸ ਨੇ ਜਿੱਤ ਕੇ ਆਪਣੇ ਵਿੱਚ ਸ਼ਾਮਲ ਕਰ ਲਿਆ ਹੋਵੇ ਤਾਂ ਉਸ ਇਲਾਕੇ ਵਿੱਚ ਵੱਸਦੇ ਸਭ ਲੋਕਾਂ ਦੀ ਨਾਗਰਿਕਤਾ ਉਸ ਨਵੇਂ ਦੇਸ ਦੀ ਹੋ ਜਾਵੇਗੀ, ਜਿਸ ਦੇਸ ਵਿੱਚ ਉਹ ਇਲਾਕਾ ਸ਼ਾਮਲ ਕੀਤਾ ਗਿਆ।

8.       ਗੋਦ ਲੈਣਾ : ਜੇਕਰ ਕਿਸੇ ਦੇਸ ਦਾ ਕੋਈ ਨਾਗਰਿਕ ਕਿਸੇ ਵਿਦੇਸ਼ੀ ਬੱਚੇ ਨੂੰ ਗੋਦ ਲੈ ਲਵੇ ਤਾਂ ਉਸ ਬੱਚੇ ਦੀ ਨਾਗਰਿਕਤਾ ਉਸ ਦੇਸ ਦੀ ਹੋ ਜਾਵੇਗੀ, ਜਿਸ ਦੇਸ ਦੇ ਨਾਗਰਿਕ ਨੇ ਉਸ ਨੂੰ ਗੋਦ ਲਿਆ ਹੈ।

9.       ਵਿਦਵਾਨਾਂ ਨੂੰ : ਕਈ ਦੇਸ ਉੱਚ-ਕੋਟੀ ਦੇ ਵਿਦਵਾਨਾਂ ਜਿਵੇਂ ਕਿ ਨੋਬਲ ਪੁਰਸਕਾਰ ਵਿਜੇਤਾ ਨੂੰ ਮਾਣ ਵੱਜੋਂ ਨਾਗਰਿਕਤਾ ਪ੍ਰਦਾਨ ਕਰਦੇ ਹਨ।

ਕੁਝ ਦੇਸਾਂ ਵਿੱਚ ਰਾਜਕ੍ਰਿਤ ਨਾਗਰਿਕਤਾ ਪ੍ਰਾਪਤ ਕਰਨ ਲਈ ਉਸ ਦੇਸ ਦੀ ਭਾਸ਼ਾ ਦਾ ਗਿਆਨ ਅਤੇ ਸੰਵਿਧਾਨ ਪ੍ਰਤਿ ਵਫ਼ਾਦਾਰੀ ਦਾ ਵਿਸ਼ਵਾਸ ਵੀ ਜ਼ਰੂਰੀ ਹੈ।

ਦੂਜੇ ਦੇਸਾਂ ਦੀ ਨਾਗਰਿਕਤਾ ਪ੍ਰਾਪਤ ਕਰਨ ਲਈ ਭਾਰਤੀ ਲੋਕਾਂ ਵਿੱਚ ਭੱਜ-ਨੱਠ ਲੱਗੀ ਹੋਈ ਹੈ। ਨੌਜਵਾਨ ਆਪਣੇ ਬਜ਼ੁਰਗਾਂ ਦੀ ਜਾਇਦਾਦ, ਜ਼ਮੀਨਾਂ ਵੇਚ ਕੇ ਅਸਵੀਕ੍ਰਿਤ ਟ੍ਰੈਵਲ ਏਜੰਟਾਂ ਦੇ ਝਾਂਸਿਆਂ ਵਿੱਚ ਆ ਕੇ ਗ਼ੈਰਕਨੂੰਨੀ ਤੌਰ ਤੇ ਵਿਦੇਸ਼ਾਂ ਵਿੱਚ ਜਾਣ ਦੀ ਕੋਸ਼ਿਸ਼ ਵਿੱਚ ਜਾਂ ਤਾਂ ਉਹਨਾਂ ਦੇ ਸਮੁੰਦਰੀ ਜਹਾਜ਼ਾਂ ਦੇ ਡੁੱਬਣ ਨਾਲ ਮਰ ਜਾਂਦੇ ਹਨ ਜਾਂ ਆਪਣੇ ਨਿਸ਼ਚਿਤ ਦੇਸ ਵਿੱਚ ਪਹੁੰਚਣ ਤੋਂ ਪਹਿਲਾਂ ਹੀ ਦੂਸਰੇ ਦੇਸਾਂ ਵਿੱਚ ਕੈਦੀ ਬਣਾ ਲਏ ਜਾਂਦੇ ਹਨ। ਸਾਡੇ ਦੇਸ ਵਾਸੀਆਂ ਨੂੰ ਦੂਜੇ ਦੇਸਾਂ ਦੀ ਨਾਗਰਿਕਤਾ ਗ਼ੈਰਕਨੂੰਨੀ ਤੌਰ ਤੇ ਪ੍ਰਾਪਤ ਕਰਨ ਦੀ ਹਵਸ ਤੋਂ ਬਚਣਾ ਚਾਹੀਦਾ ਹੈ।


ਲੇਖਕ : ਪਰਦੀਪ ਸਚਦੇਵਾ,
ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਦੂਜੀ, ਹੁਣ ਤੱਕ ਵੇਖਿਆ ਗਿਆ : 985, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-03-25-11-23-47, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.