ਨਾਮਦੇਵ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਨਾਮਦੇਵ (1270–1350): ਮੱਧ-ਕਾਲ ਦੀ ਭਗਤੀ ਲਹਿਰ ਦੇ ਅੰਤਰਗਤ ਭਗਤਾਂ ਦੀ ਲੰਮੀ ਸੂਚੀ ਵਿੱਚ ਭਗਤ ਨਾਮਦੇਵ ਨੂੰ ਪਹਿਲੇ ਇਤਿਹਾਸਿਕ ਨਾਂ ਦੇ ਤੌਰ `ਤੇ ਯਾਦ ਕੀਤਾ ਜਾਂਦਾ ਹੈ। ਪਰੰਪਰਾ ਅਨੁਸਾਰ ਭਗਤ ਨਾਮ ਦੇਵ ਦਾ ਜਨਮ 1270 ਦਾ ਮੰਨਿਆ ਜਾਂਦਾ ਹੈ। ਮਹਾਰਾਸ਼ਟਰ ਪ੍ਰਾਂਤ ਦੇ ਸਤਾਰਾ ਜ਼ਿਲ੍ਹੇ ਦੇ ਪਿੰਡ ਨਰਸੀ ਬਾਮਨੀ ਵਿੱਚ ਉਸ ਦਾ ਜਨਮ ਹੋਇਆ। ਉਸ ਦੇ ਪਿਤਾ ਦਾ ਨਾਂ ਦਾਮ ਸ੍ਰੇਸ਼ਟ ਸੀ, ਜੋ ਸ਼ਿੱਪੀ ਅਥਵਾ ਛੀਂਬਾ ਬਰਾਦਰੀ ਨਾਲ ਸੰਬੰਧਿਤ ਇੱਕ ਕਿਰਤੀ ਸੀ ਅਤੇ ਪੰਧਾਰਪੁਰ ਨਗਰ ਵਿੱਚ ਨਿਵਾਸ ਰੱਖਦਾ ਸੀ। ਉਸ ਦੀ ਮਾਤਾ ਦਾ ਨਾਂ ਗੋਨਾ ਬਾਈ ਸੀ। ਨਾਮਦੇਵ ਦੀ ਪਤਨੀ ਦਾ ਨਾਂ ਰਾਜਾ ਬਾਈ ਸੀ, ਜਿਸ ਨਾਲ ਸ਼ਾਦੀ ਉਪਰੰਤ ਉਸ ਨੇ ਸਧਾਰਨ ਭਾਂਤ ਗ੍ਰਹਿਸਤ ਜੀਵਨ ਵੀ ਜੀਵਿਆ। ਕਿਰਤ ਕਰਦਿਆਂ ਹੋਇਆਂ ਪਰਮਾਤਮਾ ਦੇ ਨਾਂ ਦਾ ਸਿਮਰਨ ਕਰਨ ਦੀ ਜੋ ਤਾਕੀਦ ਸਿੱਖ ਗੁਰੂ ਸਾਹਿਬਾਨ ਨੇ ਕੀਤੀ ਹੈ, ਉਸੇ ਤਰ੍ਹਾਂ ਦੀ ਝਲਕ ਨਾਮਦੇਵ ਦੇ ਜੀਵਨ ਵਿੱਚੋਂ ਮਿਲਦੀ ਹੈ, ਭਗਤ ਕਬੀਰ ਦੀ ਰਚਨਾ ਵਿੱਚ ਪੁਸ਼ਟੀ ਵਜੋਂ ਜਿਸ ਦਾ ਉਲੇਖ ਹੋਇਆ ਹੈ :

ਨਾਮਾ ਮਾਇਆ ਮੋਹਿਆ ਕਹੈ ਤਿਲੋਚਨੁ ਮੀਤੁ

ਕਾਹੇ ਛੀਪਹੁ ਛਾਇਲੈ ਰਾਮ ਨ ਲਾਵਹੁ ਚੀਤੁ

ਨਾਮਾ ਕਹੈ ਤਿਲੋਚਨਾ ਮੁਖ ਤੇ ਰਾਮੁ ਸੰਮਾਲਿ

          ਹਾਥ ਪਾਉ ਕਰਿ ਕਾਮੁ ਸਭੁ ਚੀਤੁ ਨਿਰੰਜਨ ਨਾਲਿ।

     ਕਿਰਤੀਆਂ ਦੇ ਤਥਾ-ਕਥਿਤ ਨੀਵੀਂ ਜਾਤ ਵਿੱਚੋਂ ਹੋਣ ਕਾਰਨ ਭਗਤ ਨਾਮਦੇਵ ਨੂੰ ਉੱਚ ਵਰਗ ਦੇ ਜਾਤੀ ਅਭਿਮਾਨ ਅਤੇ ਪੁਜਾਰੀਆਂ ਦੀ ਕਰੋਪੀ ਦਾ ਵੀ ਕਈ ਵਾਰ ਸ਼ਿਕਾਰ ਹੋਣਾ ਪਿਆ। ਕਿਹਾ ਜਾਂਦਾ ਹੈ ਕਿ ਨਾਮਦੇਵ ਪਹਿਲਾਂ ਵੈਸ਼ਨਵ ਸੀ ਪਰ ਮਗਰੋਂ ਉਹ ਨਿਰਗੁਣ ਬ੍ਰਹਮ ਦਾ ਉਪਾਸ਼ਕ ਬਣ ਗਿਆ। ਛੋਟੀ ਉਮਰ ਤੋਂ ਹੀ ਉਹ ਬੀਠਲ ਦਾ ਨਾਮ ਲੈ ਕੇ ਪਰਮਾਤਮਾ ਦੀ ਉਸਤਤ ਗਾਉਂਦਾ ਹੁੰਦਾ ਸੀ। ਤਾਲਾਂ ਦੀ ਥਾਂ ਦੋ ਪੱਥਰ ਲੈ ਕੇ ਉਹ ਗਾਉਂਦਾ ਤੇ ਨੱਚਦਾ ਬੇਹੋਸ਼ ਹੋ ਜਾਂਦਾ ਸੀ। ਨਾਮਦੇਵ ਦੀ ਪ੍ਰਭੂ ਭਗਤੀ ਨਾਲ ਜੁੜੀਆਂ ਕਈ ਕਥਾਵਾਂ ਪ੍ਰਚਲਿਤ ਹਨ, ਜਿਨ੍ਹਾਂ ਵਿੱਚ ਠਾਕਰਾਂ ਨੂੰ ਦੁੱਧ ਪਿਆਉਣਾ ਅਤੇ ਦੇਹੁਰਾ ਘੁਮਾਉਣਾ ਆਦਿ ਖ਼ਾਸ ਤੌਰ `ਤੇ ਬਹੁਤ ਪ੍ਰਸਿੱਧ ਹਨ। ਇੱਕ ਸੰਤ ਵਜੋਂ ਉਸ ਦੀ ਪ੍ਰਸਿੱਧੀ ਅਤੇ ਮਾਨਤਾ ਨੂੰ ਚੁਨੌਤੀ ਦੇਣ ਲਈ ਵੇਲੇ ਦੇ ਹਾਕਮਾਂ ਨੇ ਦਿੱਲੀ ਵਿੱਚ ਬੁਲਾ ਕੇ ਉਸ ਨੂੰ ਇਮਤਿਹਾਨ ਵਿੱਚ ਪਾਉਣ ਦਾ ਯਤਨ ਵੀ ਕੀਤਾ ਸੀ ਪਰ ਉਸ ਨੇ ਭਗਤੀ ਮਾਰਗ ਤੋਂ ਹਟ ਕੇ ਕਿਸੇ ਤਰ੍ਹਾਂ ਦੀ ਕਰਾਮਾਤ ਵਿਖਾਉਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਤਰ੍ਹਾਂ ਦੀਆਂ ਕਥਾਵਾਂ ਦਾ ਸਾਰ ਤੱਤ ਇਹੀ ਹੈ ਕਿ ਨਾਮਦੇਵ ਆਪਣੇ ਇਸ਼ਟ ਦੀ ਭਗਤੀ ਵਿੱਚ ਪਰਿਪੂਰਨ ਸੀ।

     ਨਾਮਦੇਵ ਲੰਮਾ ਸਮਾਂ ਭਾਰਤ ਦੇ ਵੱਖ-ਵੱਖ ਹਿੱਸਿਆਂ ਦਾ ਭਰਮਣ ਕਰਦਾ ਰਿਹਾ। ਆਪਣੇ ਜੀਵਨ ਦੇ ਮਗਰਲੇ ਹਿੱਸੇ ਦਾ ਲਗਪਗ ਵੀਹ ਵਰ੍ਹੇ ਦਾ ਲੰਮਾ ਸਮਾਂ ਉਸ ਨੇ ਪੰਜਾਬ ਵਿੱਚ ਬਿਤਾਇਆ। ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਘੁਮਾਣ ਵਿੱਚ ਉਸ ਦਾ ਦੇਹੁਰਾ ਮੌਜੂਦ ਹੈ। ਸਿੱਖ ਮਿਸਲਾਂ ਦੇ ਸਮੇਂ, ਮੁਮਕਿਨ ਹੈ ਜੱਸਾ ਸਿੰਘ ਰਾਮਗੜ੍ਹੀਆ ਵੱਲੋਂ ਇਸ ਦੇਹੁਰੇ ਨੂੰ ਚੰਗੀ ਜ਼ਮੀਨ ਦਿੱਤੀ ਗਈ। ਇੱਥੇ ਹਰ ਸਾਲ ਮਾਘ ਮਹੀਨੇ ਦੀ ਸੰਗਰਾਂਦ ਨੂੰ ਨਾਮਦੇਵ ਦਾ ਪੁਰਬ ਮਨਾਇਆ ਜਾਂਦਾ ਹੈ ਅਤੇ ਖ਼ਾਸ ਕਰ ਛੀਂਬਾ ਬਰਾਦਰੀ ਨਾਲ ਸੰਬੰਧਿਤ, ਸ਼ਰਧਾਲੂ ਵੱਡੀ ਗਿਣਤੀ ਵਿੱਚ ਏਥੇ ਪਹੁੰਚਦੇ ਹਨ। ਇੱਕ ਧਾਰਨਾ ਇਹ ਵੀ ਹੈ ਕਿ 80 ਵਰ੍ਹਿਆਂ ਦੀ ਪ੍ਰੌੜ੍ਹ ਅਵਸਥਾ ਵਿੱਚ 1350 ਵਿੱਚ ਭਗਤ ਨਾਮਦੇਵ ਦਾ ਦਿਹਾਂਤ ਏਥੇ ਹੀ ਹੋਇਆ, ਜਦ ਕਿ ਦੂਜੀ ਧਾਰਨਾ ਅਨੁਸਾਰ ਭਗਤ ਨਾਮਦੇਵ ਆਪਣੇ ਅਕਾਲ ਚਲਾਣੇ ਤੋਂ ਕੁਝ ਸਮਾਂ ਪਹਿਲਾਂ ਮਹਾਰਾਸ਼ਟਰ ਪਰਤ ਗਿਆ ਸੀ।

     ਪ੍ਰਭੂ ਦੀ ਭਗਤੀ ਦੇ ਰੰਗ ਵਿੱਚ ਰੰਗੀ ਹੋਈ ਭਗਤ ਨਾਮਦੇਵ ਨੇ ਬਹੁਤ ਸਾਰੀ ਰਚਨਾ ਕੀਤੀ, ਜਿਸ ਨੂੰ ਉਹ ਖ਼ੁਦ ਗਾਉਂਦਾ ਸੀ। ਮਰਾਠੀ ਭਾਸ਼ਾ ਵਿੱਚ ਨਾਮਦੇਵ ਦੇ ਲਿਖੇ ਪ੍ਰਭੂ ਭਗਤੀ ਦੇ ਸ਼ਬਦ ਅਭੰਗ ਵਜੋਂ ਜਾਣੇ ਜਾਂਦੇ ਹਨ। ਉਸ ਦੇ ਸਾਰੇ ਅਭੰਗਾਂ ਅਥਵਾ ਸ਼ਬਦਾਂ ਦਾ ਜੋ ਸੰਗ੍ਰਹਿ ਮਰਾਠੀ ਵਿੱਚ ਮਿਲਦਾ ਹੈ, ਉਸ ਨੂੰ ਗਾਥਾ ਕਿਹਾ ਗਿਆ ਹੈ। ਦੇਸ-ਰਟਣ ਦਾ ਪ੍ਰਭਾਵ ਉਸ ਦੀ ਰਚਨਾ ਦੀ ਭਾਸ਼ਾ ਉੱਤੇ ਅਵੱਸ਼ ਪਿਆ। ਇਸ ਲਈ ਉਸ ਦੀ ਰਚਨਾ ਮਰਾਠੀ ਭਾਸ਼ਾ ਦੀ ਰਚਨਾ ਨਾ ਰਹਿ ਕੇ ਅਜਿਹੀ ਭਾਸ਼ਾ ਵਿੱਚ ਹੈ, ਜਿਸ ਨੂੰ ਦੇਸ ਦੇ ਵੱਖ-ਵੱਖ ਭਾਗਾਂ ਦੇ ਲੋਕ ਸਮਝ ਸਕਦੇ ਹਨ। ਆਦਿ ਗ੍ਰੰਥ ਵਿੱਚ ਭਗਤ ਨਾਮਦੇਵ ਦੀ ਜੋ ਰਚਨਾ ਸ਼ਾਮਲ ਹੈ, ਉਸ ਵਿੱਚ ਮਰਾਠੀ ਦੇ ਬਹੁਤ ਸਾਰੇ ਸ਼ਬਦ ਤਾਂ ਮੌਜੂਦ ਹਨ, ਪਰ ਭਾਸ਼ਾਈ ਤੌਰ `ਤੇ ਉਹ ਨਿਰੋਲ ਮਰਾਠੀ ਭਾਸ਼ਾ ਦੀ ਰਚਨਾ ਨਹੀਂ। ਇਹ ਮੰਨਿਆ ਜਾ ਸਕਦਾ ਹੈ ਕਿ ਸਮੁੱਚੇ ਭਗਤੀ-ਕਾਵਿ ਵਿੱਚ ਮਗਰੋਂ ਸਭ ਥਾਈਂ ਸਮਝੀ ਜਾ ਸਕਣ ਵਾਲੀ ਜੋ ਭਾਸ਼ਾ ਪ੍ਰਚਲਿਤ ਹੋਈ, ਉਸ ਦਾ ਪਹਿਲਾ ਪ੍ਰਵਕਤਾ ਭਗਤ ਨਾਮਦੇਵ ਸੀ।

     ਜਿਨ੍ਹਾਂ ਭਗਤਾਂ ਦੀ ਬਾਣੀ ਆਦਿ ਗ੍ਰੰਥ ਵਿੱਚ ਸ਼ਾਮਲ ਹੈ, ਉਹਨਾਂ ਵਿੱਚ ਭਗਤ ਨਾਮਦੇਵ ਨੂੰ ਪ੍ਰਮੁਖ ਥਾਂ ਹਾਸਲ ਹੈ। ਆਦਿ ਗ੍ਰੰਥ ਵਿੱਚ ਭਗਤ ਨਾਮਦੇਵ ਦੇ 18 ਰਾਗਾਂ ਵਿੱਚ ਕੁੱਲ 61 ਸ਼ਬਦ ਹਨ। ਭਗਤ ਨਾਮਦੇਵ ਦੀ ਰਚਨਾ ਵਿੱਚੋਂ ਉਸ ਦੀ ਜ਼ਿੰਦਗੀ ਦੇ ਬਹੁਤ ਸਾਰੇ ਵੇਰਵੇ ਪ੍ਰਾਪਤ ਹਨ, ਜਿਨ੍ਹਾਂ ਵਿੱਚ ਉਸ ਦਾ ਛੀਂਬਾ ਬਰਾਦਰੀ ਅਤੇ ਉਸ ਦੇ ਕੰਮ ਕਾਜ ਕੱਪੜੇ ਸਿਊਂਣ ਤੇ ਰੰਗਣ ਨਾਲ ਸੰਬੰਧਿਤ ਹੋਣਾ ਵੀ ਸ਼ਾਮਲ ਹੈ :

ਮਨ ਮੇਰੇ ਗਜੁ ਜਿਹਵਾ ਮੇਰੀ ਕਾਤੀ॥

ਮਪਿ ਮਪਿ ਕਾਟਉ ਜਮ ਕੀ ਫਾਸੀ॥

ਰਾਂਗਨਿ ਰਾਂਗਉ ਸੀਵਨਿ ਸੀਵਉ॥

ਰਾਮ ਨਾਮ ਬਿਨੁ ਘਰੀਅ ਨ ਜੀਵਉ॥

ਸੁਇਨੇ ਕੀ ਸੂਈ ਰੁਪੇ ਕਾ ਧਾਗਾ॥

ਨਾਮੇ ਕਾ ਚਿਤੁ ਹਰਿ ਸਿਉ ਲਾਗਾ॥

ਛੀਪੇ ਕੇ ਘਰਿ ਜਨਮ ਦੈਲਾ ਗੁਰ ਉਪਦੇਸੁ ਭੈਲਾ॥

          ਸੰਤਹ ਕੈ ਪਰਸਾਦਿ ਨਾਮਾ ਹਰਿ ਭੇਟੁਲਾ॥

     ਭਗਤ ਨਾਮਦੇਵ ਨੇ ਹਿੰਦੂ ਸਮਾਜ ਵਿਚਲੀ ਜਾਤੀ ਪ੍ਰਥਾ ਨੂੰ ਨਕਾਰਦਿਆਂ ਹੋਇਆਂ ਮਨੁੱਖ ਮਾਤਰ ਦੀ ਏਕਤਾ ਅਤੇ ਸਮਾਨਤਾ ਉੱਤੇ ਬਲ ਦਿੱਤਾ। ਉਸ ਦੀ ਬਾਣੀ ਵਿੱਚ ਮੁੱਖ ਤੌਰ `ਤੇ ਪ੍ਰੇਮ ਭਗਤੀ ਦੇ ਜਜ਼ਬੇ ਦੀ ਪ੍ਰਧਾਨਤਾ ਹੈ। ਇਸਦਾ ਆਦਿ ਗ੍ਰੰਥ ਵਿੱਚ ਸ਼ਾਮਲ ਹੋਣਾ ਸਪਸ਼ਟ ਕਰਦਾ ਹੈ ਕਿ ਇਹ ਸਾਰੀ ਰਚਨਾ ਗੁਰਮਤਿ ਦੇ ਆਸ਼ੇ ਦੇ ਅਨੁਕੂਲ ਹੈ :

ਮੈ ਬਉਰੀ ਮੇਰਾ ਰਾਮੁ ਭਤਾਰੁ॥

ਰਚਿ ਰਚਿ ਤਾਕਉ ਕਰਉ ਸਿੰਗਾਰੁ॥

ਭਲੇ ਨਿੰਦਉ ਭਲੇ ਨਿੰਦਉ ਭਲੇ ਨਿੰਦਉ ਲੋਗੁ॥

          ਤਨੁ ਮਨੁ ਰਾਮ ਪਿਆਰੇ ਜੋਗ॥

     ਦੇਵ ਪੂਜਾ ਦਾ ਖੰਡਨ, ਕਰਮ ਕਾਂਡ ਦਾ ਵਿਰੋਧ, ਪਖੰਡ ਦੀ ਨਿਖੇਧੀ ਇਸ ਦੇ ਅੰਤਰਗਤ ਹਰ ਵਿਸ਼ੇ ਹਨ:

ਹਿੰਦੂ ਅੰਨ੍ਹਾ ਤੁਰਕੂ ਕਾਣਾ॥

ਦੁਹਾਂ ਤੇ ਗਿਆਨੀ ਸਿਆਣਾ॥

ਹਿੰਦੂ ਪੂਜੇ ਦੇਹੁਰਾ ਮੁਸਲਮਾਣੁ ਮਸੀਤ॥

ਨਾਮੇ ਸੋਈ ਸੇਵਿਆ ਜਹ ਦੇਹੁਰਾ ਨ ਮਸੀਤਿ॥

ਘਰ ਕੀ ਨਾਰਿ ਤਿਆਗੈ ਅੰਧਾ॥

ਪਰ ਨਾਰੀ ਸਿਉ ਘਾਲੇ ਧੰਧਾ॥

ਜੈਸੇ ਸਿੰਬਲ ਦੇਖਿ ਸੂਆ ਬਿਗਸਾਨਾ॥

          ਅੰਤ ਕੀ ਬਾਰ ਮੂਆ ਲਪਟਾਨਾ॥

     ਭਗਤ ਨਾਮਦੇਵ ਦੀ ਰਚਨਾ ਦੀਆਂ ਵਿਚਾਰਧਾਰਿਕ ਅਤੇ ਕਾਵਿਕ ਧੁਨਾਂ ਮਗਰੋਂ ਹੋਏ ਭਗਤਾਂ ਤੇ ਸੂਫ਼ੀ ਫ਼ਕੀਰਾਂ ਦੀ ਰਚਨਾ ਵਿੱਚੋਂ ਸੁਣੀਂਦੀਆਂ ਹਨ, ਜਿਸ ਤੋਂ ਸਪਸ਼ਟ ਹੈ ਕਿ ਇੱਕ ਭਗਤ ਕਵੀ ਵਜੋਂ ਉਸ ਦਾ ਪ੍ਰਭਾਵ ਵਿਸ਼ਾਲ ਦੇਸ ਕਾਲ ਤੱਕ ਫੈਲਿਆ ਹੋਇਆ ਸੀ।


ਲੇਖਕ : ਰਘਬੀਰ ਸਿੰਘ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 11626, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਨਾਮਦੇਵ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਨਾਮਦੇਵ  ਬੰਬਈ ਦੇ ਇਲਾਕੇ ਜਿਲਾ ਸਤਾਰਾ ਵਿੱਚ ਨਰਸੀਬਾਂਮਨੀ ਗ੍ਰਾਮ ਵਿੱਚ ਦਾਮਸ਼ੇਟੀ ਛੀਪੇ (शिल्पिन्) ਦੇ ਘਰ ਗੋਣਾਬਾਈ ਦੇ ਉਦਰ ਤੋਂ ਸੰਮਤ ੧੩੨੮ ਵਿੱਚ ਨਾਮਦੇਵ ਜੀ ਦਾ ਜਨਮ ਹੋਇਆ. ਇਨ੍ਹਾਂ ਦੀ ਸ਼ਾਦੀ ਗੋਬਿੰਦਸ਼ੇਟੀ ਦੀ ਬੇਟੀ ਰਾਜਾਬਾਈ ਨਾਲ ਹੋਈ, ਜਿਸ ਤੋਂ ਚਾਰ ਪੁਤ੍ਰ (ਨਾਰਾਯਣ, ਮਹਾਦੇਵ, ਗੋਵਿੰਦ, ਵਿੱਠਲ) ਅਤੇ ਇੱਕ ਬੇਟੀ (ਲਿੰਬਾ ਬਾਈ) ਉਪਜੇ.

 ਨਾਮਦੇਵ ਜੀ ਦੀ ਪਹਿਲੀ ਅਵਸਥਾ ਸ਼ਿਵ ਅਤੇ ਵਿ੄ਨੁ ਦੀ ਪੂਜਾ ਵਿੱਚ ਵੀਤੀ, ਪਰ ਵਿਸ਼ੋਬਾ ਖੇਚਰ ਅਤੇ ਗ੍ਯਾਨਦੇਵ ਆਦਿਕ ਗ੍ਯਾਨੀਆਂ ਦੀ ਸੰਗਤਿ ਨਾਲ ਇਨ੍ਹਾਂ ਨੂੰ ਆਤਮਗ੍ਯਾਨ ਦੀ ਪ੍ਰਾਪਤੀ ਹੋਈ. ਨਾਮਦੇਵ ਜੀ ਦੀ .ਉਮਰ ਦਾ ਵਡਾ ਹਿੱਸਾ ਪੰਡਰਪੁਰ (ਪੁੰਡਰੀਕਪੁਰ) ਵਿੱਚ (ਜੋ ਜਿਲਾ ਸ਼ੋਲਾਪੁਰ ਵਿੱਚ ਹੈ), ਵੀਤਿਆ ਅਤੇ ਉਸੇ ਥਾਂ ਸੰਮਤ ੧੪੦੮ ਵਿੱਚ ਦੇਹਾਂਤ ਹੋਇਆ.1 ਦੇਖੋ, ਔਂਢੀ.

 ਮਰਾਠੀ (ਮਹਾਰਾ੄ੑਟ੍ਰ) ਭਾ੄੠ ਵਿੱਚ ਨਾਮਦੇਵ ਜੀ ਦੇ ਬਹੁਤ ਪਦ ਪਾਏ ਜਾਂਦੇ ਹਨ, ਜੋ “ਅਭੰਗ” ਕਰਕੇ ਪ੍ਰਸਿੱਧ ਹਨ. ਕਰਤਾਰ ਦੇ ਸਭ ਨਾਮਾਂ ਵਿੱਚੋਂ ਬਹੁਤ ਪ੍ਯਾਰਾ ਨਾਮ ਇਨ੍ਹਾਂ ਦੀ ਰਸਨਾ ਤੇ “ਵਿੱਠਲ” ਰਹਿਂਦਾ ਸੀ, ਜਿਸ ਦੀ ਵ੍ਯਾਖ੍ਯਾ “ਬੀਠਲ” ਸ਼ਬਦ ਪੁਰ ਕੀਤੀ ਗਈ ਹੈ.

 ਦੇਸ਼ਾਟਨ ਕਰਦੇ ਹੋਏ ਇੱਕ ਬਾਰ ਇਹ ਮਹਾਤਮਾ ਪੰਜਾਬ ਵਿੱਚ ਭੀ ਪਧਾਰੇ ਹਨ, ਅਰ ਉਨ੍ਹਾਂ ਦੀ ਯਾਦਗਾਰ ਦੇ ਕਈ ਅਸਥਾਨ ਪਾਏ ਜਾਂਦੇ ਹਨ, ਜਿਨ੍ਹਾਂ ਵਿੱਚੋਂ ਸਿਰੋਮਣਿ ਘੁੰਮਨ (ਜਿਲਾ ਗੁਰਦਾਸਪੁਰ) ਵਿੱਚ ਹੈ, ਜੋ ਸਰਦਾਰ ਜੱਸਾ ਸਿੰਘ ਰਾਮਗੜ੍ਹੀਏ ਨੇ ਬਣਵਾਇਆ ਹੈ. ਉੱਥੇ ਹਰ ਸਾਲ ੨ ਮਾਘ ਨੂੰ ਭਾਰੀ ਮੇਲਾ ਹੁੰਦਾ ਹੈ. ਮੰਦਿਰ ਦੇ ਪੁਜਾਰੀ ਅਤੇ ਪ੍ਰਚਾਰਕਾਂ ਦੀ ਸੰਗ੍ਯਾ ਬਾਵੇ ਹੈ.

 ਨਾਮਦੇਵ ਜੀ ਇੱਕ ਵਾਰ ਮੁਹੰ਽ਮਦ ਤੁਗ਼ਲਕ਼ ਮੁਤਅ਼ੱ੉ਬ ਦਿੱਲੀਪਤਿ ਦੇ ਪੰਜੇ ਵਿੱਚ ਭੀ ਫਸ ਗਏ ਸਨ, ਪਰ ਕਰਤਾਰ ਦੀ ਕ੍ਰਿਪਾ ਨਾਲ ਛੁਟਕਾਰਾ ਹੋਇਆ.

 ਨਾਭਾ ਜੀ ਨੇ ਭਗਤਮਾਲ ਵਿੱਚ ਨਾਮਦੇਵ ਜੀ ਦਾ ਜੀਵਨ ਹੋਰ ਤਰ੍ਹਾਂ ਲਿਖਿਆ ਹੈ, ਪਰ ਮਹਾਰਾ੄ੑਟ੍ਰ ਦੇਸ਼ ਦੇ ਵਿਦ੍ਵਾਨਾਂ ਦਾ ਲੇਖ ਸਭ ਤੋਂ ਵਧਕੇ ਪ੍ਰਮਾਣ ਯੋਗ੍ਯ ਹੈ. ਨਾਮਦੇਵ ਜੀ ਦੀ ਬਾਣੀ ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਦਰਜ ਹੈ.

 “ਨਾਮਦੇਉ ਤ੍ਰਿਲੋਚਨ ਕਬੀਰ ਦਾਸਰੋ.” (ਗੂਜ ਮ: ੫)

 “ਨਾਮਦੇਅ ਪ੍ਰੀਤਿ ਲਗੀ ਹਰਿ ਸੇਤੀ.” (ਸੂਹੀ ਮ: ੪)

 “ਨਾਮਦੇਇ ਸਿਮਰਨੁ ਕਰਿ ਜਾਨਾ.” (ਬਿਲਾ ਨਾਮਦੇਵ)

 “ਨਾਮਦੇਵ ਹਰਿਜੀਉ ਬਸਹਿ ਸੰਗਿ.” (ਬਸੰ ਅ: ਮ: ੫)


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 11293, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no

ਨਾਮਦੇਵ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਨਾਮਦੇਵ ਵੇਖੋ ਨਾਮਦੇਉ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 11299, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.