ਨਿਕਟ-ਅੰਗ ਵਿਸ਼ਲੇਸ਼ਣ ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼

ਨਿਕਟ-ਅੰਗ ਵਿਸ਼ਲੇਸ਼ਣ: ਬਣਤਰਾਤਮਕ ਭਾਸ਼ਾ ਵਿਗਿਆਨ ਵਿਚ ਵਾਕ ਜਾਂ ਉਸ ਵਰਗੀਆਂ ਇਕਾਈਆਂ ਦਾ ਅੰਦਰੂਨੀ ਬਣਤਰ ਦੇ ਅਧਾਰ ’ਤੇ ਵਿਸ਼ਲੇਸ਼ਣ ਕੀਤਾ ਜਾਂਦਾ ਹੈ। ਵਿਸ਼ਲੇਸ਼ਣ ਦੀ ਇਸ ਵਿਧੀ ਨੂੰ ‘ਨਿਕਟ-ਅੰਗ ਵਿਸ਼ਲੇਸ਼ਣ’ ਕਿਹਾ ਜਾਂਦਾ ਹੈ ਜਿਸ ਨੂੰ ਉਘੇ ਬਣਤਰਾਤਮਕ ਭਾਸ਼ਾ ਵਿਗਿਆਨੀ ਬਲੂਮਫੀਲਡ ਨੇ ਸਭ ਤੋਂ ਪਹਿਲਾਂ ਪ੍ਰਸਤੁਤ ਕੀਤਾ। ਇਸ ਤੋਂ ਪਿਛੋਂ ਪਾਇਨ ਅਤੇ ਫੈਲਜ਼ ਆਦਿ ਨੇ ਇਸ ਨੂੰ ਵਿਸਥਾਰ ਦਿੱਤਾ। ਇਸ ਵਿਧੀ ਦਾ ਮੁੱਖ ਮੰਤਵ ਵਾਕ ਜਾਂ ਉਚਾਰ ਵਿਚ ਕਾਰਜਸ਼ੀਲ ਇਕਾਈਆਂ ਨੂੰ ਛੋਟੇ ਤੋਂ ਛੋਟੇ ਟੋਟਿਆਂ ਵਿਚ ਰੱਖ ਕੇ ਵੇਖਣਾ ਹੁੰਦਾ ਹੈ। ਰੂਪ ਵਿਗਿਆਨ ਵਿਚ ਭਾਵਾਂਸ਼ ਇਕ ਛੋਟੀ ਤੋਂ ਛੋਟੀ ਅਰਥ ਭਰਪੂਰ ਇਕਾਈ ਹੁੰਦੀ ਹੈ। ਇਸ ਵਿਸ਼ਲੇਸ਼ਣ ਦਾ ਅਧਾਰ ਵਾਕਾਤਮਕ, ਭਾਵਾਂਸ਼ਾਤਮਕ ਅਤੇ ਧੁਨੀਆਤਮਕ ਹੁੰਦਾ ਹੈ। ਵਾਕ ਜਾਂ ਉਚਾਰ ਦੀ ਬਣਤਰ ਵਿਚ ਸ਼ਬਦ ਜਾਂ ਸ਼ਬਦਾਂ ਦੇ ਸਮੂਹ ਨੂੰ ਵਾਕੰਸ਼ ਕਿਹਾ ਜਾਂਦਾ ਹੈ ਜਿਸ ਦਾ ਆਪਣਾ ਇਕ ਭਾਸ਼ਾਈ ਕਾਰਜ ਹੁੰਦਾ ਹੈ ਅਤੇ ਇਸ ਦੀ ਆਪਣੀ ਇਕ ਬਣਤਰ ਹੁੰਦੀ ਹੈ। ਇਸ ਇਕਾਈ ਵਿਚ ਇਕ ਮੁੱਖ ਤੱਤ ਵਿਚਰਦਾ ਹੈ ਅਤੇ ਬਾਕੀ ਤੱਤ ਇਸ ਮੁੱਖ ਤੱਤ ਦੇ ਵਿਸਤਾਰ ਵਜੋਂ ਵਿਚਰਦੇ ਹਨ। ਬਾਕੀ ਸਾਰੇ ਤੱਤ ਮੁੱਖ ਤੱਤ ਦੇ ਦੁਆਲੇ ਜੁੜੇ ਹੋਏ ਹੁੰਦੇ ਹਨ। ਮੁੱਖ ਤੱਤ ਅਤੇ ਬਾਕੀ ਤੱਤਾਂ ਦਾ ਵਿਚਰਨ ਵਿਆਕਰਨਕ ਹੁੰਦਾ ਹੈ ਅਤੇ ਇਨ੍ਹਾਂ ਵਿਚ ਇਕ ਸਾਂਝ ਹੁੰਦੀ ਹੈ। ਉਸ ਸਾਂਝ ਦੇ ਅਧਾਰ ’ਤੇ ਇਨ੍ਹਾਂ ਤੱਤਾਂ ਨੂੰ ਅੱਗੋਂ ਵੰਡਿਆ ਜਾਂਦਾ ਹੈ ਅਤੇ ਇਕ ਵਾਕੰਸ਼ ਦਾ ਨਿਕਟ-ਅੰਗ ਵਿਸ਼ਲੇਸ਼ਣ ਹੋ ਜਾਂਦਾ ਹੈ। ਇਕ ਵਾਕੰਸ਼, ਵਾਕ ਵਿਚ ਵਿਚਰਦੇ ਦੂਜੇ ਵਾਕੰਸ਼ਾਂ ਨਾਲ ਨਿਕਟ-ਅੰਗ ਵਿਸ਼ਲੇਸ਼ਣ ਵਜੋਂ ਵਿਚਰਦਾ ਹੈ। ਵਿਚਰਨ ਸਥਾਨ ਅਤੇ ਵਿਚਰਨ ਪਰਕਿਰਿਆ ਦੇ ਅਧਾਰ ’ਤੇ ਇਨ੍ਹਾਂ ਦਾ ਵਿਸ਼ਲੇਸ਼ਣ ਕੀਤਾ ਜਾਂਦਾ ਹੈ। ਇਸ ਵਿਸ਼ਲੇਸ਼ਣ ਵਿਧੀ ਨੂੰ ਬਰੈਕਟਾਂ, ਡੱਬਿਆਂ ਅਤੇ ਰੁੱਖ-ਚਿੱਤਰਾਂ ਆਦਿ ਰਾਹੀਂ ਪ੍ਰਸਤੁਤ ਕੀਤਾ ਜਾਂਦਾ ਹੈ। ਇਸ ਵਿਸ਼ਲੇਸ਼ਣ ਵਿਧੀ ਦੀਆਂ ਕਈ ਕਮੀਆਂ ਹਨ। ਜਦੋਂ ਮੁੱਖ ਤੱਤ ਵਿਚ ਵਿਚਰਨ ਵਾਲੇ ਸ਼ਬਦਾਂ ਦੀ ਗਿਣਤੀ ਇਕ ਤੋਂ ਵੱਧ ਹੋਵੇ ਜਾਂ ਵਾਕ ਵਿਚ ਵਿਚਰਨ ਵਾਲੇ ਤੱਤਾਂ ਵਿਚ ਨਿਕਟਤਾ ਨਾ ਹੋਵੇ ਤਾਂ ਇਸ ਵਿਧੀ ਰਾਹੀਂ ਇਕਾਈਆਂ ਨੂੰ ਵੰਡਣਾ ਅਸੰਭਵ ਹੁੰਦਾ ਹੈ।


ਲੇਖਕ : ਬਲਦੇਵ ਸਿੰਘ ਚੀਮਾ,
ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 2844, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-21, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.