ਨਿਰਗੁਣ ਭਗਤੀ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਨਿਰਗੁਣ ਭਗਤੀ: ਵੈਸ਼ਣਵ-ਭਗਤੀ ਦੇ ਸਮਾਨਾਂਤਰ ਉੱਤਰੀ ਭਾਰਤ ਵਿਚ ਸੰਤਾਂ ਦੀ ਨਿਰਗੁਣ-ਭਗਤੀ ਦਾ ਵਿਸ਼ੇਸ਼ ਰੂਪ ਵਿਚ ਵਿਕਾਸ ਹੋਇਆ। ਇਹ ਭਗਤੀ ਵੈਸ਼ਣਵ ਭਗਤੀ ਦੀਆਂ ਸੰਕੀਰਣਤਾਵਾਂ ਅਤੇ ਵਿਧੀ-ਵਿਧਾਨਾਂ ਪ੍ਰਤਿ ਵਿਦਰੋਹ ਦੀ ਭਾਵਨਾ ਤੋਂ ਪੈਦਾ ਹੋਈ ਪ੍ਰਤੀਤ ਹੁੰਦੀ ਹੈ। ਵਿਦਵਾਨਾਂ ਨੇ ਇਸ ਦੇ ਦੋ ਭੇਦ ਮੰਨੇ ਹਨ—ਗਿਆਨ ਆਧਾਰਿਤ ਅਤੇ ਪ੍ਰੇਮ ਆਧਾਰਿਤ। ਪ੍ਰੇਮ ਆਧਾਰਿਤ ਭਗਤੀ ਨੂੰ ਉਹ ਸੂਫ਼ੀ ਫ਼ਕੀਰਾਂ ਨਾਲ ਜੋੜਦੇ ਹਨ ਅਤੇ ਗਿਆਨ ਆਧਾਰਿਤ ਨੂੰ ਸੰਤ ਕਬੀਰ ਆਦਿ ਨਾਲ। ਪਰ ਧਿਆਨ ਰਹੇ ਕਿ ਇਹ ਭੇਦ ਸਥੂਲ ਹਨ। ਸੰਤਾਂ ਦੀ ਭਗਤੀ ਪ੍ਰੇਮ ਤੋਂ ਸਖਣੀ ਨਹੀਂ , ਸਗੋਂ ਉਹ ਅਨੁਭਵ ਆਧਾਰਿਤ ਗਿਆਨ ਦਾ ਜੋ ਵਿਸ਼ਲੇਸ਼ਣ ਕਰਦੇ ਹਨ, ਉਸ ਦੀ ਬੁਨਿਆਦ ਪ੍ਰੇਮ ਉਤੇ ਟਿਕੀ ਹੈ। ਇਸ ਲਈ ਸੰਤਾਂ ਦੀ ਭਗਤੀ ਪ੍ਰੇਮ-ਆਧਾਰਿਤ ਹੈ। ਉਨ੍ਹਾਂ ਦੀਆਂ ਬਾਣੀਆਂ ਵਿਚ ਇਸ ਤੱਥ ਦੀ ਖੁਲ੍ਹ ਕੇ ਸਥਾਪਨਾ ਹੋਈ ਹੈ।
ਸੰਤ ਲੋਕ ਮਹਾਰਾਸ਼ਟਰ ਤੋਂ ਲੈ ਕੇ ਪੰਜਾਬ ਤਕ ਅਤੇ ਪੰਜਾਬ ਤੋਂ ਲੈ ਕੇ ਆਸਾਮ ਤਕ ਪਸਰੇ ਹੋਏ ਸਨ। ਵਿਦਵਾਨਾਂ ਨੇ ਇਨ੍ਹਾਂ ਸੰਤਾਂ ਦੀ ਗਿਣਤੀ ਲਗਭਗ ਤਿੰਨ ਸੌ ਮੰਨੀ ਹੈ। ਇਨ੍ਹਾਂ ਵਿਚੋਂ ਕੁਝ ਸ਼ਿਕਸ਼ਿਤ ਅਤੇ ਅਧਿਕਾਂਸ਼ ਅਸ਼ਿਕਸ਼ਿਤ ਸਨ ਕਿਉਂਕਿ ਇਨ੍ਹਾਂ ਸੰਤਾਂ ਦਾ ਉਦੇਸ਼ ਕੇਵਲ ਇਤਨਾ ਸ਼ਿਕਸ਼ਿਤ ਹੋਣਾ ਹੀ ਕਾਫ਼ੀ ਸੀ ਜਿਸ ਨਾਲ ਉਹ ਆਪਣੀਆਂ ਅਨੁਭੂਤੀਆਂ ਨੂੰ ਜਨਤਾ ਨਾਲ ਸਾਂਝਾ ਕਰ ਸਕਣ। ਇਨ੍ਹਾਂ ਵਿਚੋਂ ਕਈਆਂ ਦੀਆਂ ਆਪਣੀ ਸ਼ਿਸ਼- ਪਰੰਪਰਾਵਾਂ ਸਨ ਅਤੇ ਇਨ੍ਹਾਂ ਦੁਆਰਾ ਵਿਸ਼ਾਲ ਭਗਤੀ- ਕਾਵਿ ਦੀ ਸਿਰਜਨਾ ਹੋਈ ਸੀ। ਇਹ ਸਾਰੇ ਭਾਵੇਂ ਇਕੋ ਸਮੇਂ ਨਹੀਂ ਸਨ ਹੋਏ, ਪਰ ਇਨ੍ਹਾਂ ਸਾਰਿਆਂ ਦੀਆਂ ਬਾਣੀਆਂ ਵਿਚ ਇਕ ਵਿਚਿਤ੍ਰ ਜਿਹੀ ਸਮਾਨਤਾ ਹੈ ਜਿਵੇਂ ਕਿ ਸਭ ਨੇ ਧਰਮ-ਸਾਧਨਾ ਵਿਚ ਬਾਹਰਲੇ ਆਡੰਬਰਾਂ ਅਤੇ ਜਾਤਿ- ਪਾਤਿ ਦਾ ਖੁਲ੍ਹ ਕੇ ਖੰਡਨ ਕੀਤਾ ਹੈ।
ਸੰਤਾਂ ਅਤੇ ਵੈਸ਼ਣਵ (ਸਗੁਣ) ਭਗਤਾਂ ਦੇ ਆਚਾਰ- ਵਿਹਾਰ ਵਿਚਲੇ ਅੰਤਰਾਂ ਵਲ ਸੰਕੇਤ ਕਰਦਿਆਂ ਡਾ. ਹਜ਼ਾਰੀ ਪ੍ਰਸ਼ਾਦ ਦ੍ਵਿਵੇਦੀ (‘ਵਿਚਾਰ ਔਰ ਵਿਤਰਕ’) ਨੇ ਸਥਾਪਨਾ ਕੀਤੀ ਹੈ ਕਿ ਸਗੁਣ-ਉਪਾਸਨਾ ਨੇ ਪੌਰਾਣਿਕ ਅਵਤਾਰਾਂ ਨੂੰ ਕੇਂਦਰ ਬਣਾਇਆ ਅਤੇ ਨਿਰਗੁਣ-ਉਪਾਸਨਾ ਨੇ ਨਾਥ- ਪੰਥੀ ਸਾਧਕਾਂ ਦੇ ਨਿਰਗੁਣ-ਬ੍ਰਹਮ ਨੂੰ। ਪਹਿਲੀ ਨੇ ਹਿੰਦੂ ਜਾਤ ਦੇ ਬਾਹਰਲੇ ਆਚਾਰ ਦੇ ਰੁਖੇਪਨ ਨੂੰ ਅੰਦਰਲੇ ਪ੍ਰੇਮ ਨਾਲ ਸਿੰਜ ਕੇ ਰਸਮਈ ਬਣਾਇਆ ਅਤੇ ਦੂਜੀ ਸਾਧਨਾ ਨੇ ਬਾਹਰਲੇ ਆਚਾਰ ਦੇ ਰੁਖੇ-ਪਨ ਨੂੰ ਹੀ ਦੂਰ ਕਰਨ ਦਾ ਯਤਨ ਕੀਤਾ। ਇਕ ਨੇ ਸਮਝੌਤੇ ਦਾ ਰਾਹ ਅਪਣਾਇਆ ਅਤੇ ਦੂਜੀ ਨੂੰ ਵਿਦ੍ਰੋਹ ਦਾ। ਇਕ ਨੇ ਸ਼ਰਧਾ ਨੂੰ ਪਥ- ਪ੍ਰਦਰਸ਼ਕ ਮੰਨਿਆ ਅਤੇ ਦੂਜੀ ਨੇ ਗਿਆਨ ਨੂੰ, ਇਕ ਨੇ ਸਗੁਣ- ਭਗਵਾਨ ਨੂੰ ਅਪਣਾਇਆ ਅਤੇ ਦੂਜੀ ਨੇ ਨਿਰਗੁਣ- ਭਗਵਾਨ ਨੂੰ। ਸਗੁਣ ਭਾਵ ਦੇ ਭਗਤਾਂ ਦੀ ਮਹਿਮਾ ਉਨ੍ਹਾਂ ਦੇ ਅਸੀਮ ਧੀਰਜ ਅਤੇ ਉਦਮ ਵਿਚ ਹੈ, ਪਰ ਨਿਰਗੁਣ ਸ਼੍ਰੇਣੀ ਦੇ ਭਗਤਾਂ ਦੀ ਮਹਿਮਾ ਉਨ੍ਹਾਂ ਦੇ ਉਤਕ੍ਰਿਸ਼ਟ ਸਾਹਸ ਵਿਚ ਹੈ। ਇਕ ਨੇ ਸਭ ਕੁਝ ਸਵੀਕਾਰ ਕਰਨ ਦਾ ਅਨੋਖਾ ਸਾਹਸ ਵਿਖਾਇਆ ਹੈ ਅਤੇ ਦੂਜੀ ਨੇ ਸਭ ਕੁਝ ਛਡ ਦੇਣ ਦਾ ਅਸੀਮ ਸਾਹਸ।
ਨਿਰਗੁਣ-ਭਗਤੀ ਅਤੇ ਇਸ ਨਾਲ ਸੰਬੰਧਿਤ ਕਾਵਿਧਾਰਾ ਦੇ ਸਰੋਤ ਮੁੱਖ ਤੌਰ ’ਤੇ ਭਾਰਤੀ ਸੰਸਕ੍ਰਿਤੀ, ਧਰਮ ਅਤੇ ਦਰਸ਼ਨ ਹਨ। ਇਨ੍ਹਾਂ ਦੇ ਜੀਵਨ-ਦਰਸ਼ਨ ਨੂੰ ਪੁਰਾਤਨ ਭਾਰਤੀ ਸਾਹਿਤ ਵਿਚ ਆਸਾਨੀ ਨਾਲ ਲਭਿਆ ਜਾ ਸਕਦਾ ਹੈ। ਕੁਝ ਆਧਾਰ ਇਸਲਾਮ ਅਤੇ ਸੂਫ਼ੀਮਤ ਦਾ ਵੀ ਹੋ ਸਕਦਾ ਹੈ। ਭਾਰਤੀ ਸਰੋਤਾਂ ਵਿਚੋਂ ਵੀ ਮੁੱਖ ਹਨ ਉਪਨਿਸ਼ਦਾਂ, ਬ੍ਰਹਮਸੂਤ੍ਰ ਅਤੇ ਸ਼ੰਕਰਾਚਾਰਯ ਦਾ ਅਦ੍ਵੈਤ- ਦਰਸ਼ਨ। ਡਾ. ਤ੍ਰਿਲੋਕੀਨਾਰਾਇਣ ਦੀਕੑਸ਼ਿਤ (‘ਹਿੰਦੀ ਸਾਹਿਤੑਯ ਕਾ ਇਤਿਹਾਸ ’, ਸੰਪਾ. ਡਾ. ਨਗੇਂਦ੍ਰ) ਅਨੁਸਾਰ ਵਿਵਰਤ-ਭਾਵਨਾ (ਇਸ ਅਨੁਸਾਰ ਦ੍ਰਿਸ਼ ਭਗਤ ਮਿਥਿਆ ਅਤੇ ਬ੍ਰਹਮ ਸਤਿ ਹੈ), ਪ੍ਰਤਿਬਿੰਬ-ਭਾਵਨਾ, ਪ੍ਰਣਵ-ਭਾਵਨਾ (ਨਾਮ-ਉਪਾਸਨਾ), ਸਾਧਨਾ-ਪੱਖ ਅਤੇ ਭਗਤੀ-ਪੱਧਤੀ ਉਤੇ ਆਚਾਰਯ ਸ਼ੰਕਰ ਦਾ ਵਿਆਪਕ ਪ੍ਰਭਾਵ ਹੈ। ਆਚਾਰਯ ਸ਼ੰਕਰ ਅਤੇ ਨਿਰਗੁਣ ਸੰਤ ਕਵੀ, ਦੋਵੇਂ ਇਸ ਵਿਸ਼ੇ ਨਾਲ ਇਕ-ਮਤ ਹਨ ਕਿ ਜੀਵ ਸ਼ੁੱਧ ਬ੍ਰਹਮ-ਤੱਤ੍ਵ ਹੈ, ਅਤੇ ਜੋ ਭਿੰਨਤਾ ਮਿਲਦੀ ਹੈ ਉਹ ਮਾਇਆ ਜਾਂ ਅਵਿਦਿਆ ਤੋਂ ਪੈਦਾ ਹੋਈ ਹੈ। ਸੰਤਾਂ ਨੇ ਆਤਮਾ ਦੀ ਸਰਵ-ਰੂਪਤਾ, ਸਵਰਾਤਮ- ਭਾਵਨਾ ਅਤੇ ਸਰਵ-ਸ਼ਕਤੀਮਾਨਤਾ ਪ੍ਰਤਿਪਾਦਿਤ ਕੀਤੀ ਹੈ। ਇਹ ਭਾਵਨਾਵਾਂ ਸ਼ੰਕਰ ਦੇ ਸਿੱਧਾਂਤ ਦੇ ਅਨੁਰੂਪ ਹਨ। ਸੰਤ-ਪਰੰਪਰਾ ਵਿਚ ਆਤਮਾ ਦੀ ਅਖੰਡਤਾ , ਇਕਰਸਤਾ, ਅਦ੍ਵੈਤਰੂਪਤਾ ਅਤੇ ਅਕਥਨੀਅਤਾ ਦਾ ਪ੍ਰਤਿਪਾਦਨ ਵੀ ਸ਼ੰਕਰ-ਸਿੱਧਾਂਤ ਦੇ ਅਨੁਕੂਲ ਹੈ। ਸੰਤ-ਕਾਵਿ ਅਤੇ ਸੰਤ- ਦਰਸ਼ਨ ਉਤੇ ਨਾਥ-ਪੰਥ ਦਾ ਵੀ ਕਾਫ਼ੀ ਪ੍ਰਭਾਵ ਹੈ। ਨਾਥ- ਪੰਥੀ ਕਵੀਆਂ ਅਤੇ ਵਿਚਾਰਕਾਂ ਨੇ ਸ਼ੂਨੑਯਵਾਦ, ਉਨ੍ਹਾਂ ਦੁਆਰਾ ਗੁਰੂ ਦੀ ਪ੍ਰਤਿਸ਼ਠਾ ਅਤੇ ਸ੍ਰਿਸ਼ਟੀ-ਕ੍ਰਿਮ, ਆਤਮਾ, ਜੀਵ ਆਦਿ ਦੇ ਵਿਸ਼ੇ ਵਿਚ ਉਨ੍ਹਾਂ ਦੀਆਂ ਮਾਨਤਾਵਾਂ ਤੋਂ ਸੰਤ ਕਵੀ ਅਨੇਕ ਢੰਗਾਂ ਨਾਲ ਪ੍ਰਭਾਵਿਤ ਹਨ।
ਸੰਤਾਂ ਦੀ ਸਾਧਨਾ ਦੀ ਰੀੜ੍ਹ ਦੀ ਹੱਡੀ ਹੈ ਨਾਮ- ਸਾਧਨਾ। ਇਸ ਨੂੰ ਮੋਕੑਸ਼ ਪ੍ਰਾਪਤੀ ਲਈ ਮੁੱਖ ਸਾਧਨ ਮੰਨਿਆ ਗਿਆ ਹੈ। ਇਸ ਦਾ ਧੁਰਾ ਪ੍ਰੇਮ’ਤੇ ਸਥਿਤ ਹੈ। ਸੰਤਾਂ ਨੇ ਭਗਤੀ ਨੂੰ ਬਾਹਰਲੇ ਸਾਧਨਾਂ ਰਾਹੀਂ ਸੰਪੰਨ ਨਹੀਂ ਕੀਤਾ, ਉਹ ਸਦਾ ਮਾਨਸੀ ਭਗਤੀ ਦਾ ਪ੍ਰਚਾਰ ਕਰਦੇ ਰਹੇ ਜਿਸ ਵਿਚ ਦਿਖਾਵੇ ਜਾਂ ਕਿਸੇ ਪ੍ਰਕਾਰ ਦੇ ਬਾਹਰਲੇ ਆਡੰਬਰਾਂ ਦਾ ਅਭਾਵ ਹੈ। ਇਸ ਲਈ ਸੰਤਾਂ ਨੇ ਭਗਤੀ ਨੂੰ ਵਿਧੀ- ਵਿਧਾਨਾਂ ਦੀ ਜਕੜ ਵਿਚੋਂ ਕਢ ਕੇ ਵਿਵਹਾਰਿਕ ਰੂਪ ਪ੍ਰਦਾਨ ਕੀਤਾ ਹੈ। ਇਸ ਵਿਵਹਾਰਿਕਤਾ ਦੇ ਫਲਸਰੂਪ ਸਾਰੇ ਮਾਨਵ ਸਮਾਜ ਨੂੰ ਸੰਪ੍ਰਦਾਇਕ ਹਦਬੰਦੀਆਂ, ਜਾਤਿ ਭੇਦ-ਭਾਵ ਅਤੇ ਧਾਰਮਿਕ ਸੰਕੀਰਣਤਾ ਤੋਂ ਉੱਚਾ ਉਠਾਇਆ ਹੈ।
ਸੰਤਾਂ ਦੀ ਸਾਧਨਾ ਸਹਿਜ-ਸਾਧਨਾ ਹੈ ਜਿਸ ਵਿਚ ਕਿਸੇ ਪ੍ਰਕਾਰ ਦੀ ਬਨਾਵਟ ਨਹੀਂ ਹੈ। ਇਨ੍ਹਾਂ ਨੇ ਉਚੇਚ ਨੂੰ ਬਾਹਰ ਕਢ ਕੇ ਭਗਤੀ ਨੂੰ ਅੰਤਹਕਰਣ ਦੀ ਸਾਧਨਾ ਬਣਾ ਦਿੱਤਾ ਸੀ। ਵਾਸਨਾਵਾਂ ਨੂੰ ਦਬਾ ਕੇ, ਇੱਛਾਵਾਂ ਉਤੇ ਕਾਬੂ ਪਾ ਕੇ ਸਾਤਵਿਕ ਕਰਮਾਂ ਉਤੇ ਬਲ ਅਤੇ ਦੁਰਗੁਣਾਂ ਦਾ ਤਿਆਗ ਸੰਤ-ਕਾਵ ਦੀਆਂ ਸਮਾਜਿਕ ਪ੍ਰੇਰਣਾਵਾਂ ਹਨ ਜਿਨ੍ਹਾਂ ਦੇ ਫਲਸਰੂਪ ਇਕ ਚੰਗੇ ਸਮਾਜ ਦਾ ਨਿਰਮਾਣ ਸੰਭਵ ਹੋ ਸਕਿਆ ਹੈ। ਇਹ ਮਾਨਵ-ਸਮਾਜ ਲਈ ਬੜਾ ਉਪਯੋਗੀ ਸਾਧਨ ਸੀ। ਅਧਿਕਾਂਸ਼ ਸੰਤ ਸਮਾਜ ਵਿਚ ਵਿਚਰੇ, ਸੰਨਿਆਸ ਦੀ ਥਾਂ’ਤੇ ਗ੍ਰਿਹਸਥ-ਜੀਵਨ ਬਿਤਾਇਆ ਅਤੇ ਜਿਗਿਆਸੂਆਂ ਲਈ ਉਪਯੋਗੀ ਰਾਹ ਦਰਸਾਇਆ। ਸੰਸਾਰਿਕਤਾ ਵਿਚ ਲੀਨਤਾ ਦੀ ਥਾਂ’ਤੇ ਇਸ ਨੂੰ ਹਰਿ- ਭਗਤੀ ਲਈ ਖੇਲ- ਅਖਾੜਾ ਸਮਝਿਆ। ਇਸ ਵਿਚ ਵਿਹਾਰ ਕਰਦਿਆਂ ਇਨ੍ਹਾਂ ਨੇ ਆਪਣੀਆਂ ਆਤਮਾਵਾਂ ਨੂੰ ਸਦਾ ਪਰਮਾਤਮਾ ਨਾਲ ਜੋੜੀ ਰਖਿਆ। ਇਨ੍ਹਾਂ ਨੇ ਪੁਰਾਤਨ ਸਾਧਨਾ-ਮਾਰਗਾਂ (ਗਿਆਨ, ਕਰਮ , ਯੋਗ ਅਤੇ ਭਗਤੀ) ਨੂੰ ਇੰਨ-ਬਿੰਨ ਨ ਮੰਨ ਕੇ ਉਨ੍ਹਾਂ ਦਾ ਭਾਵੀਕਰਣ ਕੀਤਾ। ਉਨ੍ਹਾਂ ਮਾਰਗਾਂ ਬਾਰੇ ਇਨ੍ਹਾਂ ਦੀਆਂ ਆਪਣੀਆਂ ਮੌਲਿਕ ਧਾਰਣਾਵਾਂ ਹਨ।
ਕਿਸੇ ਉਤੇ ਬੋਝ ਬਣਨ ਦੀ ਥਾਂ ਸੰਤਾਂ ਨੇ ਕਿਰਤ ਕਰਕੇ ਜੀਵਨ ਬਤੀਤ ਕਰਨਾ ਉਚਿਤ ਸਮਝਿਆ। ਕਰਨੀ ਅਤੇ ਕਥਨੀ ਵਿਚ ਕਿਸੇ ਪ੍ਰਕਾਰ ਦਾ ਅੰਤਰ ਰਖਣਾ ਇਨ੍ਹਾਂ ਨੂੰ ਪਸੰਦ ਨਹੀਂ ਸੀ। ਅਧਿਕਾਂਸ਼ ਸੰਤਾਂ ਨੇ ਭਗਤੀ ਵਿਚ ਨਾਰੀ ਨੂੰ ਕੋਈ ਆਦਰਪੂਰਵਕ ਸਥਾਨ ਨਹੀਂ ਦਿੱਤਾ। ਹਾਂ, ਗੁਰੂ- ਪਰੰਪਰਾ ਵਿਚ ਨਾਰੀ ਦੇ ਮਹੱਤਵ ਦੀ ਖੁਲ੍ਹ ਕੇ ਸਥਾਪਨਾ ਹੋਈ ਹੈ।
ਇਨ੍ਹਾਂ ਸੰਤਾਂ ਵਿਚੋਂ ਪ੍ਰਮੁਖ ਹਨ—ਰਾਮਾਨੰਦ, ਨਾਮਦੇਵ , ਕਬੀਰ, ਰਵਿਦਾਸ, ਜੰਭਨਾਥ, ਦਾਦੂ ਦਿਆਲ , ਹਰਿਦਾਸ ਨਿਰੰਜਨੀ, ਸੀਗਾਂ, ਸੁੰਦਰ ਦਾਸ , ਮਲੂਕਦਾਸ, ਮਾੜੂਦਾਸ, ਗਰੀਬਦਾਸ, ਦਰਿਆ ਸਾਹਿਬ, ਧਰਮ ਦਾਸ, ਰਜਬ ਜੀ। ਪਰ ਇਨ੍ਹਾਂ ਅਤੇ ਹੋਰਨਾਂ ਵਿਚੋਂ ਪੰਜਾਬੀ ਚਿੰਤਨ ਅਤੇ ਸਾਧਨਾ ਨੂੰ ਪ੍ਰਭਾਵਿਤ ਕਰਨ ਵਾਲੇ ਉਹ ਸੰਤ ਹਨ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਲ ਹੈ ਕਿਉਂਕਿ ਗੁਰੂ ਗ੍ਰੰਥ ਸਾਹਿਬ ਪੰਜਾਬੀ ਸਭਿਆਚਾਰ ਦਾ ਧੁਰਾ ਹੈ ਅਤੇ ਇਸ ਵਿਚਲੀ ਵਿਚਾਰਧਾਰਾ ਨੇ ਸਮੁੱਚੇ ਪੰਜਾਬੀ ਚਿੰਤਨ ਅਤੇ ਸਾਹਿਤ ਨੂੰ ਅਨੇਕ ਢੰਗਾਂ ਨਾਲ ਪ੍ਰਭਾਵਿਤ ਕੀਤਾ ਹੈ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5223, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no
ਨਿਰਗੁਣ ਭਗਤੀ ਸਰੋਤ :
ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਨਿਰਗੁਣ ਭਗਤੀ : ਵੇਖੋ ‘ਭਗਤੀ’, ‘ਭਗਤੀ ਲਹਿਰ’
ਭਗਤੀ : ਭਗਤੀ ਸ਼ਬਦ ਦੀ ਵਿਉਤਪੱਤੀ ‘ਭਜ’ ਧਾਤੂ ਤੋਂ ਹੋਈ ਹੈ ਜਿਸ ਦਾ ਸ਼ਾਬਦਿਕ ਅਰਥ ਹੈ ਭਜਨਾ। ਇਸ ਦ੍ਰਿਸ਼ਟੀ ਤੋਂ ਇਸ ਸ਼ਬਦ ਦੀ ਵਰਤੋਂ ਭਾਵੇਂ ਵੇਦਾਂ ਅਤੇ ਮੁੱਢਲੀਆਂ ਉਪਨਿਸ਼ਦਾਂ ਵਿਚ ਨਹੀਂ ਮਿਲਦੀ, ਪਰ ਬਾਅਦ ਵਿਚ ਲਿਖੀ ਗਈ ਸ਼੍ਵੇਤਾਸੑਵਤਰ ਉਪਨਿਸ਼ਦ ਵਿਚ ਇਸ ਸ਼ਬਦ ਦੀ ਸਪਸ਼ਟ ਰੂਪ ਵਿਚ ਵਰਤੋਂ ਹੋਈ ਹੈ। ਇਸ ਤੋਂ ਬਾਅਦ ਇਸ ਦਾ ਉਪਯੋਗ ਭਾਰਤੀ ਅਧਿਆਤਮਿਕ ਸਾਹਿੱਤ ਵਿਚ ਆਮ ਹੋਣ ਲੱਗ ਪਿਆ।
ਭਾਗਵਤ ਧਰਮ ਨੂੰ ਭਗਤੀ ਮਾਰਗ ਦੀ ਪ੍ਰਮੁੱਖ ਸੰਪ੍ਰਦਾਇ ਵਜੋਂ ਮੰਨਿਆ ਜਾਂਦਾ ਹੈ, ਜਿਸ ਦਾ ਆਰੰਭ ਈਸਾ ਤੋਂ 1900 ਸਾਲ ਪਹਿਲਾਂ ਅਨੁਮਾਨਿਤ ਕੀਤਾ ਗਿਆ ਹੈ। ਪੰ. ਪਰਸ਼ੂ ਰਾਮ ਚਤੁਰਵੇਦੀ ਨੇ ਉੱਤਰੀ ਭਾਰਤ ਕੀ ਸੰਤ ਪਰੰਪਰਾ’ ਦਾ ਦਾਰਸ਼ਨਿਕ ਪਿਛੋਕੜ ਦਰਸਾਉਂਦੇ ਹੋਇਆ ਭਗਤੀ ਸਾਧਨਾ ਦਾ ਮੁੱਢ ਬਿਕ੍ਰਮੀ ਸੰਮਤ ਦੇ ਪੂਰਵ ਤੀਸਰੀ ਸ਼ਤਾਬਦੀ ਵਿਚ ਢੂੰਡਿਆ ਹੈ ਜਦੋਂ ਵਾਸੁਦੇਵ ਕ੍ਰਿਸ਼ਣ ਦੇ ਨਾਮ ਨਾਲ ‘ਵਾਸੁਦੇਵ ਧਰਮ’ ਅਥਵਾ ‘ਭਾਗਵਤ ਧਰਮ’ ਦਾ ਆਰੰਭ ਹੋਇਆ। ਭਗਤੀ ਸਾਧਨਾ ਦਾ ਮੁੱਢ ਬੇਸ਼ੱਕ ਪੌਰਾਣਿਕ ਯੁੱਗ ਤੋਂ ਪਹਿਲਾਂ ਬੱਝਿਆ ਪਰ ਭਗਤੀ ਲਹਿਰ ਦਾ ਸੁਨਹਿਰੀ ਸਮਾਂ 1200 ਈਸਵੀ ਤੋਂ 1600 ਈਸਵੀ ਤਕ ਹੀ ਨਿਸ਼ਚਿਤ ਹੁੰਦਾ ਹੈ, ਜਦੋਂ ਜੈ ਦੇਵ, ਰਾਮਾਨੰਦ, ਨਾਮਦੇਵ, ਕਬੀਰ ਆਦਿ ਭਗਤਾਂ, ਗੁਰੂ ਨਾਨਕ, ਗੁਰੂ ਅਮਰਦਾਸ, ਗੁਰੂ ਰਾਮਦਾਸ, ਗੁਰੂ ਅਰਜਨ ਆਦਿ ਗੁਰੂਆਂ ਅਤੇ ਫ਼ਰੀਦ ਆਦਿ ਸੂਫ਼ੀ ਦਰਵੇਸ਼ਾਂ ਨੇ ਸਾਰੇ ਦੇਸ਼ ਨੂੰ ਭਗਤੀ ਦੇ ਰੰਗ ਵਿਚ ਰੰਗ ਦਿੱਤਾ। ਇਸ ਤਰ੍ਹਾਂ ਹਿੰਦੀ ਸਾਹਿੱਤ ਦਾ ਪੂਰਵ ਮੱਧਕਾਲ ਹੀ ਭਗਤੀ ਕਾਲ ਹੈ ਜੋ ਅੱਗੋਂ ਚਾਰ ਪ੍ਰਮੁੱਖ ਸ਼ਾਖਾਵਾਂ ਵਿਚ ਵੰਡਿਆ ਹੋਇਆ ਹੈ–ਨਿਰਗੁਣ ਗਿਆਨ ਮਾਰਗੀ ਭਗਤੀ, ਨਿਰਗੁਣ ਪ੍ਰੇਮ ਮਾਰਗੀ ਭਗਤੀ, ਸਗੁਣ ਰਾਮ ਭਗਤੀ ਅਤੇ ਸਗੁਣ ਕ੍ਰਿਸ਼ਣ ਭਗਤੀ। ਇਨ੍ਹਾਂ ਚੋਹਾਂ ਸ਼ਾਖਾਵਾਂ ਦੇ ਪ੍ਰਮੁੱਖ ਕਵੀ ਕਬੀ, ਰਵਿਦਾਸ, ਗੁਰੂ ਨਾਨਕ, ਦਾਦੂ ਦਿਆਲ, ਸੁੰਦਰਦਾਸ, ਮਲੂਕ ਦਾਸ, ਜਾਇਸੀ, ਰਾਮਾਨੰਦ, ਸੂਰਦਾਸ, ਮੀਰਾਬਾਈ, ਤੁਲਸੀ ਦਾਸ, ਅਸ਼ਟ ਛਾਪ ਦੇ ਕਵੀ ਆਦਿ ਹਨ, ਜੋ ਆਪਣੇ ਆਪਣੇ ਵਕਤ ਦੇ ਭਗਤ ਹੋਏ ਹਨ ਅਤੇ ਜਿਨ੍ਹਾਂ ਨੂੰ ਆਪਣੀ ਆਪਣੀ ਸੰਪ੍ਰਦਾਇ ਵਾਲਿਆਂ ਨੇ ਧਰਮ ਪ੍ਰਵਰਤਕ ਦੇ ਤੌਰ ’ਤੇ ਅਪਣਾਇਆ ਹੈ।
ਇਸੇ ਯੁੱਗ ਵਿਚ ਵੱਲਭ ਆਚਾਰਯ ਨੇ ਸ਼ੁੱਧ ਅਦੑਵੈਤਵਾਦ ਦੇ ਆਧਾਰ ਤੇ ਪੁਸ਼ਟੀ ਮਾਰਗ ਨਾਮ ਦੀ ਭਗਤੀ ਸੰਪ੍ਰਦਾਇ ਸਥਾਪਤ ਕੀਤੀ। ਪੁਸ਼ਟੀ ਮਾਰਗੀ ਭਗਤੀ ਸਹਿਜ ਅਤੇ ਨਿਸ਼ਕਾਰ ਪ੍ਰੇਮ–ਭਗਤੀ ਹੈ ਜਿਸ ਵਿਚ ਗ੍ਰਿਹਸਥ ਤਿਆਗ ਦੀ ਕੋਈ ਥਾਂ ਨਹੀਂ ਸਗੋਂ ਇਸ ਵਿਚ ਸਮਰਪਣ (ਪ੍ਰਪਤਿ) ਦਾ ਵਿਸ਼ੇਸ਼ ਮਹੱਤਵ ਹੈ। ਦੂਸਰੇ ਸ਼ਬਦਾਂ ਵਿਚ ਇਹ ਪ੍ਰਵ੍ਰਿਤੀ ਮਾਰਗ ਹੈ। ਪੁਸ਼ਟੀ ਮਾਰਗ ਭਗਤੀ ਵਿਚ ਦਾਸ, ਸਖਾ, ਵਾਤਸਲ ਅਤੇ ਮਧੁਰ ਚਾਰ ਤੱਤਾਂ ਦੀ ਰਤੀ (ਪ੍ਰੇਮ) ਭਗਤੀ–ਪੱਧਤੀ ਵਿਚ ਸ਼ਾਮਲ ਹੈ।
ਕਬੀਰ ਤੇ ਗੁਰੂ ਨਾਨਕ ਨਿਰਗੁਣ ਭਗਤੀ ਅੰਦੋਲਨ ਦੇ ਸਿਰਕੱਢ ਪ੍ਰਵਕਤਾ ਮੰਨੇ ਜਾਂਦੇ ਹਨ, ਇਨ੍ਹਾਂ ਦੇ ਸਿਰਜੇ ਸਾਹਿੱਤ ਵਿਚ ਭਗਤੀ ਭਾਵਨਾ ਦੇ ਦਰਸ਼ਨ ਹੁੰਦੇ ਹਨ। ਉਤਰੀ ਭਾਰਤੀ ਵਿਚ ਭਗਤੀ ਲਹਿਰ ਨੂੰ ਤਿਖੇਰਾ ਕਰਨ ਵਿਚ ਇਨ੍ਹਾਂ ਦੋਹਾਂ ਧਾਰਮਿਕ ਆਗੂਆਂ ਦਾ ਭਰਵਾਂ ਯੋਗਦਾਨ ਹੈ। ਭਗਤ ਨਾਮਦੇਵ ਅਤੇ ਰਵਿਦਾਸ ਨੇ ਵੀ ਕਬੀਰ ਦੇ ਇਕ–ਈਸ਼ਵਰੀ ਮੱਤ ਦਾ ਪ੍ਰਭਾਵ ਕਬੂਲਿਆ, ਭਗਤੀ ਲਹਿਰ ਦੇ ਸੰਤਾਂ ਦੀ ਮੁੱਖ ਦਿਲਚਸਪੀ ਮਨੁੱਖ ਮਾਤਰ ਦੇ ਕਲਿਆਣ ਹਿੱਤ ਕਰਮਸ਼ੀਲ ਹੋਣਾ ਸੀ।
ਨਿਰਗੁਣ ਅਤੇ ਸਗੁਣ ਦੋਹਾਂ ਤਰ੍ਹਾਂ ਦੀ ਭਗਤੀ ਦਾ ਆਸ਼ਾ ਪਰਮਤੱਤ ਨੂੰ ਪ੍ਰਾਪਤ ਕਰਨ ਦਾ ਹੀ ਹੁੰਦਾ ਹੈ। ਨਿਰਗੁਣੀ ਸੰਤਾਂ ਵਿਚੋਂ ਕਬੀਰ ਅਤੇ ਗੁਰੂ ਨਾਨਕ ਦੀ ਬਾਣੀ ਵਿਚ ਮੂਰਤੀ–ਪੂਜਾ ਅਤੇ ਕਰਮ–ਕਾਂਡ ਦੀ ਕਰੜੀ ਆਲੋਚਨਾ ਦਾ ਪ੍ਰਗਟਾਵਾ ਮਿਲਦਾ ਹੈ। ਰਾਮਾਨੁਜ ਦਾ ਵਿਸ਼ਿਸ਼ਟ ਅਦੑਵੈਤ ਹੀ ਭਗਤੀ ਮਾਰਗ ਦੀ ਪੁਸ਼ਟੀ ਕਰਦਾ ਹੈ, ਉਸ ਦਾ ਵਿਸ਼ਵਾਸ ਸੀ ਕਿ ਜੀਵ–ਆਤਮਾ ਪ੍ਰਮਾਤਮਾ ਦਾ ਜ਼ਹੂਰ ਹੈ। ਭਗਤੀ ਮਾਰਗ ਜੋ ਸਹਿਜ ਸਾਧਨਾ ਮਾਰਗ ਹੈ, ਕਾਰ ਵਿਹਾਰ ਦੇ ਅੰਦਰ ਨਿੱਜ–ਤਿਆਗ ਦੇ ਸੁਨਹਿਰੀ ਅਸੂਲ ਦਾ ਧਾਰਣੀ ਹੈ।
ਹਿੰਦੂ–ਸ਼ਾਸਤ੍ਰਾਂ ਅਨੁਸਾਰ ਇਕਾਸੀ ਪ੍ਰਕਾਰ ਦੀ ਭਗਤੀ ਦਾ ਉੱਲੇਖ ਮਿਲਦਾ ਹੈ, ਜਿਨ੍ਹਾਂ ਵਿਚੋਂ ਨੌਂ ਪ੍ਰਕਾਰ ਦੀ ਭਗਤੀ ਦਾ ਜ਼ਿਕਰ ਆਮ ਪ੍ਰਚੱਲਿਤ ਪੁਸਤਕਾਂ ਵਿਚ ਉਪਲਬਧ ਹੈ। ਗੁਰੂ ਅਰਜਨ ਸਾਹਿਬ ਨੇ ਵੀ ਨੌਂ ਪ੍ਰਕਾਰ ਦੀ ਭਗਤੀ ਦਾ ਹਵਾਲਾ ਦਿੱਤਾ ਹੈ––‘ਭਗਤੀ ਨਵੇਂ ਪ੍ਰਕਾਰਾ’ (ਸਿਰੀ : ਰਾਗ, ਮ. 5)। ਇਸ ਨੌਂ ਪ੍ਰਕਾਰ ਦੀ ਭਗਤੀ ਨੂੰ ਨਵਧਾ ਭਗਤੀ ਦਾ ਨਾਮ ਦਿੱਤਾ ਗਿਆ ਹੈ ਜੋ ਇਸ ਪ੍ਰਕਾਰ ਹੈ––(1) ਸ਼੍ਰਵਣ, (2) ਕੀਰਤਨ, (3) ਸਿਮਰਨ, (4) ਚਰਨ ਸੇਵਾ, (5) ਅਰਚਨ, (6) ਪੂਜਾ, (7) ਸਖਾ ਭਾਵ, (8) ਦਾਸ ਅਥਵਾ ਸੇਵਕ ਭਾਵ, (9) ਨਿਜ–ਤਿਆਗ ਅਥਵਾ ਆਤਮ ਸਮਰਪਣ। ਨਵਧਾ ਭਗਤੀ ਨੂੰ ਗੌਣੀ ਭਗਤੀ ਕਿਹਾ ਜਾਂਦਾ ਹੈ। ਭਗਤ ਸੂਰਦਾਸ ਅਤੇ ਰਾਮਾਨੰਦ ਨੇ ਪ੍ਰੇਮ–ਲਖਣਾ ਭਗਤੀ ਨੂੰ ਆਪਣਾ ਕੇ ਨਵਧਾ ਭਗਤੀ ਨੂੰ ਦਸ਼ਧਾ ਬਣਾ ਦਿੱਤਾ। ਨਿਰਗੁਣੀ ਸੰਤਾਂ ਨੇ ਕਰਮ–ਕਾਂਡ ਰਹਿਤ ਨਿਸ਼ਕਾਮ ਭਾਵਨਾ ਵਾਲੀ ਪ੍ਰੇਮਾ–ਭਗਤੀ ਨੂੰ ਬੜੇ ਉਤਸ਼ਾਹ ਨਾਲ ਸਵੀਕਾਰਿਆ। ਇਹ ਇਕ ਪ੍ਰਕਾਰ ਦੀ ਪਰਾ–ਭਗਤੀ ਹੈ।
ਗੁਰੂ ਬਾਣੀ ਵਿਚ ਗੁਰੂ ਭਗਤੀ ਉੱਤੇ ਵਿਸ਼ੇਸ਼ ਬਲ ਦਿੱਤਾ ਗਿਆ ਹੈ। ਸਿੱਖ ਧਰਮ ਪ੍ਰਵ੍ਰਿਤੀ ਮਾਰਗ ਹੋਣ ਕਰਕੇ ਇਸ ਵਿਚ ਗ੍ਰਿਹਸਥ ਨੂੰ ਪਹਿਲੀ ਥਾਂ ਪ੍ਰਾਪਤ ਹੈ। ਬਨਬਾਸੀ ਲਈ ਸਿੱਖ ਧਰਮ ਵਿਚ ਕੋਈ ਥਾਂ ਨਹੀਂ। ਡਾ. ਰਾਮ ਭਟਨਾਗਰ ਅਨੁਸਾਰ ਭਗਤੀ ਯੋਗ ਦਰਸ਼ਨ ਵਿਚ ਗ੍ਰਿਹਸਥੀ ਅਤੇ ਬਨਬਾਸੀ ਨੂੰ ਸਮਾਨ ਮਹੱਤਵ ਦਿੱਤਾ ਗਿਆ ਹੈ। ਸ਼ਾਸਤ੍ਰਾਂ ਵਿਚ ਚਾਰ ਪ੍ਰਕਾਰ ਦੀ ਭਗਤੀ ਦਾ ਉਲੇਖ ਕੀਤਾ ਹੈ। ਪਹਿਲੀ ਭਗਤੀ ਸੁਆਮੀ–ਸੇਵਕ ਭਾਵ ਵਾਲੀ ਜਿਸ ਵਿਚ ਪ੍ਰਮਾਤਮਾ ਨੂੰ ਸੁਆਮੀ ਮੰਨ ਕੇ ਭਗਤੀ ਕੀਤੀ ਹੈ। ‘ਵਤਸਲ ਭਗਤੀ’ ਜਿਸ ਵਿਚ ਪ੍ਰਮਾਤਮਾ ਨੂੰ ਮਾਤਾ ਪਿਤਾ ਅਤੇ ਆਪਣੇ ਆਪ ਨੂੰ ਬਾਲਕ ਅਤੇ ਕਈ ਵਾਰੀ ਇਸ ਦੇ ਵਿਪਰੀਤ ਪ੍ਰਮਾਤਮਾ ਨੂੰ ਬਾਲਕ ਅਤੇ ਆਪਣੇ ਆਪ ਨੂੰ ਮਾਤਾ–ਪਿਤਾ ਦੇ ਰੂਪ ਵਿਚ ਪੇਸ਼ ਕੀਤਾ ਜਾਂਦਾ ਹੈ। ਅਖੀਰਲੀ ਪ੍ਰਕਾਰ ਦੀ ਭਗਤੀ ਸਖਾ ਭਾਵਨਾ ਵਾਲੀ ਹੈ ਜਿਸ ਅਨੁਸਾਰ ਰੱਬ ਨਾਲ ਮਿੱਤਰ ਭਾਵ ਵਾਲਾ ਸੰਬੰਧ ਸਥਾਪਤ ਕੀਤਾ ਜਾਂਦਾ ਹੈ। ਇਨ੍ਹਾਂ ਚੌਹਾਂ ਤਰ੍ਹਾਂ ਦੀਆਂ ਭਗਤੀਆਂ ਵਿਚੋਂ ਗੁਰਬਾਣੀ ਵਿਚ ਅਧਿਕਤਰ ਪਹਿਲੀਆਂ ਤਿੰਨ ਪ੍ਰਕਾਰੀ ਦੀਆਂ ਭਗਤੀਆਂ ਅਤੇ ਖ਼ਾਸ ਕਰ ਕਾਂਤਾ ਭਗਤੀ ਉੱਤੇ ਵਧੇਰੇ ਬਲ ਦਿੱਤਾ ਗਿਆ ਹੈ। ਉਂਜ ਤਾਂ ਭਗਤੀ ਯੁੱਗ ਦੀ ਹਰ ਸ਼ਾਖਾ ਵਿਚ ਗੁਰੂ ਦੇ ਮਹੱਤਵ ਨੂੰ ਸਵੀਕਾਰ ਕੀਤਾ ਗਿਆ ਹੈ ਪਰ ਗੁਰਮਤਿ ਵਿਚ ਗੁਰੂ ਦੀ ਭਗਤੀ ਨੂੰ ਸਦੀਵੀ ਵਿਸ਼ੇਸ਼ਤਾ ਮਿਲਦੀ ਰਹੀ ਹੈ। ਗੁਰੂ ਆਪਣੇ ਅਮਲੀ ਜੀਵਨ ਦੁਆਰਾ ਭਗਤੀ ਦੀ ਪ੍ਰੇਰਣਾ ਅਤੇ ਪ੍ਰਮਾਤਮਾ ਦੇ ਮੇਲ ਲਈ ਮਾਧਿਅਮ ਬਣਦਾ ਹੈ।
ਇਨ੍ਹਾਂ ਸੰਪ੍ਰਦਾਵਾਂ ਵਿਚ ਜਿਨ੍ਹਾਂ ਆਸ਼ਿਆਂ ਨੂੰ ਮੁੱਖ ਰੱਖ ਕੇ ਭਗਤੀ ਮਾਰਗ ਦਾ ਆਰੰਭ ਹੋਇਆ ਸੀ ਉਹ ਆਸ਼ੇ ਹੌਲੀ ਹੌਲੀ ਲੁਪਤ ਹੋਣ ਲੱਗੇ। ਬਾਅਦ ਵਿਚ ਗੱਦੀਆਂ, ਮੱਠਾਂ ਅਤੇ ਆਸ਼ਰਮਾਂ ਦੀ ਸਥਾਪਨਾ ਹੋਣ ਲੱਗ ਪਈ। ਅਤੇ ਜਿੰਨੇ ਮਹਾਨ ਵਿਅਕਤਿਤ੍ਵ ਇਨ੍ਹਾਂ ਸੰਪ੍ਰਦਾਵਾਂ ਦੇ ਸੰਚਾਲਕਾਂ ਦੇ ਸਨ, ਉਹੋ ਜਿਹੇ ਬਾਅਦ ਵਿਚ ਹੋਣ ਵਾਲੇ ਗੱਦੀਦਾਰਾਂ ਦੇ ਨਾ ਰਹੇ, ਸਗੋਂ ਕਈ ਹੋਰ ਉਪਸ਼ਾਖਾਵਾਂ ਬਣਦੀਆਂ ਗਈਆਂ। ਲੋਕਾਂ ਨੂੰ ਹਨੇਰੇ ਵਿਚੋਂ ਕੱਢਣ ਵਾਲੀ ਭਗਤੀ ਕਰਮ–ਕਾਂਡਾਂ ਵਿਚ ਪੈ ਗਈ। ਕ੍ਰਿਸ਼ਣ ਅਤੇ ਰਾਮ ਭਗਤੀ ਦੀਆਂ ਸ਼ਾਖਵਾਂ ਵਿਚ ਰਸਿਕ ਸੰਪ੍ਰਦਾਵਾਂ ਪੈਦਾ ਹੋ ਗਈਆਂ ਜਿਨ੍ਹਾਂ ਦੀ ਹੋਂਦ ਦੇ ਨਾਲ ਇਨ੍ਹਾਂ ਸੰਪ੍ਰਦਾਵਾਂ ਦੀ ਪਵਿੱਤ੍ਰਤਾ ਨੂੰ ਸੱਟ ਵੱਜੀ। ਸੂਫ਼ੀਆਂ ਅਤੇ ਕਬੀਰ ਪੰਥੀਆਂ ਵਿਚ ਵੀ ਲਕੀਰ ਦੀ ਫਕੀਰੀ ਰਹਿ ਗਈ ਅਤੇ ਗੌਰਵ ਘੱਟ ਗਿਆ। ਵਿਅਕਤੀਗਤ ਅਧਿਕਾਰ ਅਧੀਨ ਆਈਆਂ ਸੰਸਥਾਵਾਂ ਤੇ ਸੰਪ੍ਰਦਾਵਾਂ ਕਾਰਣ ਅਜਿਹੀ ਸਥਿਤੀ ਦਾ ਪੈਦਾ ਹੋਣ ਸੁਭਾਵਕ ਹੈ। ਪੰਜਾਬ ਵਿਚ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਤੋਂ ਬਾਅਦ ਸ਼ਰੀਰਿਕ ਗੁਰੂ ਪਰੰਪਰਾ ਨੂੰ ਸਮਾਪਤ ਕਰਕੇ ਗੁਰੂ ਪਦਵੀ ਦੇ ਸਾਰੇ ਅਧਿਕਾਰ ਗੁਰੂ ਗ੍ਰੰਥ ਸਾਹਿਬ ਨੂੰ ਸੌਂਪ ਕੇ ‘ਸ਼ਬਦ’ ਨੂੰ ਗੁਰੂ ਬਣਾ ਦਿੱਤਾ, ਜਿਸ ਕਾਰਣ ਇਸ ਭਗਤੀ ਸੰਪ੍ਰਦਾਇ ਵਿਚ ਕਿਸੇ ਕਿਸਮ ਦਾ ਵਿਕਾਰ ਨਾ ਪੈਦਾ ਹੋ ਸਕਿਆ, ਸਗੋਂ ਸਹਿਜੇ ਇਕ ਮਜ਼ਬੂਤ ਸੰਗਠਨ ਦੇ ਰੂਪ ਵਿਚ ਸਾਹਮਣੇ ਆਈ।
[ਸਹਾ. ਗ੍ਰੰਥ––ਹਿ. ਸ. ਕੋ. (1); ਮ. ਕੋ.; ਡਾ. ਬਲਬੀਰ ਸਿੰਘ ਦਿਲ : ‘ਅਰਮ ਕਵੀ ਗੁਰੂ ਅਮਰਦਾਸ’; ਡਾ. ਰਤਨ ਸਿੰਘ ਜੱਗੀ : ‘ਗੁਰੂ ਨਾਨਕ ਦੀ ਵਿਚਾਰਧਾਰਾ’; ਡਾ. ਵਜ਼ੀਰ ਸਿੰਘ : ‘ਗੁਰੂ ਨਾਨਕ ਸਿਧਾਂਤ’]
ਲੇਖਕ : ਡਾ. ਅਬਨਾਸ਼ ਕੌਰ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 4449, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-14, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First