ਨਿਰਮਲੇ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਨਿਰਮਲੇ. ਨਿਰਮਲਾ ਦਾ ਬਹੁਵਚਨ. ਦੇਖੋ, ਨਿਰਮਲਾ। ੨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਸਿੰਘਾਂ (ਰਾਮ ਸਿੰਘ , ਕਰਮ ਸਿੰਘ , ਗੰਡਾ ਸਿੰਘ, ਵੀਰ ਸਿੰਘ, ਸੋਭਾ ਸਿੰਘ) ਨੂੰ ਬ੍ਰਹਮਚਾਰੀ ਦੇ ਭੇਸ ਵਿੱਚ ਸੰਸਕ੍ਰਿਤ ਵਿਦ੍ਯਾ ਪੜ੍ਹਨ ਲਈ ਕਾਸ਼ੀ ਭੇਜਿਆ ਸੀ, ਉਨ੍ਹਾਂ ਦੀ “ਨਿਰਮਲੇ” ਸੰਗ੍ਯਾ ਹੋਈ. ਇਨ੍ਹਾਂ ਪੰਜਾਂ ਦੇ ਚਾਟੜੇ ਜੋ ਨਿਰਮਲ ਵਸਤ੍ਰ ਪਹਿਰ ਸ਼ਾਂਤਚਿੱਤ ਰਹਿਕੇ ਵਿਦ੍ਯਾ ਅਰ ਨਾਮ ਦਾ ਅਭ੍ਯਾਸ, ਅਤੇ ਧਰਮਪ੍ਰਚਾਰ ਕਰਦੇ ਰਹੇ ਹਨ, ਉਹ ਸਭ ਨਿਰਮਲੇ ਸੱਦੇ ਜਾਂਦੇ ਹਨ. ਸਿੱਖ ਕੌਮ ਵਿੱਚ ਨਿਰਮਲੇ ਸਾਧੂ ਵਿਦ੍ਯਾ ਦੇ ਪ੍ਰੇਮੀ ਅਰ ਵਿਚਾਰਵਾਨ ਹਨ. ਦੇਖੋ, ਅਖਾੜਾ (ੲ) ਅਤੇ ਧਰਮਧੁਜਾ ੨.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 10395, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no
ਨਿਰਮਲੇ ਸਰੋਤ :
ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ
ਨਿਰਮਲੇ : ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਕਾਸ਼ੀ ਤੇ ਹੋਰ ਹਿੰਦੂ ਵਿਦਿਅਕ ਕੇਂਦਰਾਂ ਵਿਚ ਗ਼ੈਰ ਬ੍ਰਾਹਮਣਾਂ ਨੂੰ ਸੰਸਕ੍ਰਿਤ ਦੇ ਵੇਦਾਂ, ਸ਼ਾਸਤਰਾਂ ਆਦਿ ਦੀ ਵਿਦਿਆ ਨਹੀਂ ਸੀ ਦਿੱਤੀ ਜਾਂਦੀ। ਗੁਰੂ ਸਾਹਿਬ ਨੇ ਸਿੱਖ ਵਿਦਵਾਨਾਂ ਨੂੰ ਭਾਰਤੀ ਅਧਿਆਤਮਕ ਵਿਰਸੇ ਤੋਂ ਭਾਲੀਭਾਂਤ ਜਾਣੂ ਕਰਵਾਉਣ ਲਈ ਤੇ ਗੁਰਬਾਣੀ ਦੀ ਪੂਰਨ ਤੇ ਸ਼ੁੱਧ ਵਿਆਖਿਆ ਲਈ ਪੰਜ ਸਿੱਖਾਂ ਨੂੰ ਬ੍ਰਹਮਚਾਰੀ ਦੇ ਰੂਪ ਵਿਚ ਕਾਸ਼ੀ ਬ੍ਰਹਮ ਵਿਦਿਆ ਪੜ੍ਹਨ ਲਈ ਭੇਜਿਆ। ਇਹ ਸਿੱਖ ਸਨ – ਭਾਈ ਰਾਮ ਸਿੰਘ, ਭਾਈ ਕਰਮ ਸਿੰਘ, ਗੰਗਾ ਸਿੰਘ, ਵੀਰ ਸਿੰਘ ਤੇ ਸੋਭਾ ਸਿੰਘ । ਸੰਸਕ੍ਰਿਤ ਭਾਸ਼ਾ ਦਾ ਗਿਆਨ ਪ੍ਰਾਪਤ ਕਰਨ ਤੋਂ ਬਾਅਦ ਇਨ੍ਹਾਂ ਨੇ ਗੁਰਬਾਣੀ ਵਿਚ ਆਏ ਹਿੰਦੂ ਧਰਮ ਦੇ ਸਿਧਾਂਤ ਦੀ ਪੂਰਨ ਵਿਆਖਿਆ ਕਰਦਿਆਂ ਗੁਰਬਾਣੀ ਦੀ ਵਿਲੱਖਣਤਾ ਦਰਸਾਈ। ਇਹ ਸਿੱਖ ਨਿਰਮਲ ਵਸਤਰ ਪਹਿਨਦੇ ਸਨ ਤੇ ਸ਼ਾਂਤ ਚਿਤ ਰਹਿ ਕੇ ਧਰਮ ਪ੍ਰਚਾਰ ਕਰਦੇ ਸਨ। ਇਹ ਹੀ ਨਿਰਮਲੇ ਕਹਾਏ ਗਏ ਤੇ ਇਨ੍ਹਾਂ ਵੱਲੋਂ ਸਿੱਖ ਪੰਥ ਦੇ ਰੂਪ ਵਿਚ ਉਸਾਰਿਆ ਗਿਆ ਪੰਥ ਹੀ ਨਿਰਮਲਾ ਪੰਥ ਅਖਵਾਇਆ।
ਇਹ ਸਾਰੇ ਭਾਰਤ ਵਿਚ ਸਿੱਖ ਧਰਮ ਦੇ ਪ੍ਰਚਾਰ ਲਈ ਪ੍ਰਸਿੱਧ ਤੀਰਥਾਂ ਅਤੇ ਮੇਲਿਆਂ ਆਦਿ ਤੇ ਜਾਇਆ ਕਰਦੇ ਸਨ ਪਰ ਇਨ੍ਹਾਂ ਥਾਵਾਂ ਤੇ ਇਨ੍ਹਾਂ ਦੀ ਰਿਹਾਇਸ਼ ਤੇ ਲੋੜੀਂਦੇ ਖਾਣੇ ਆਦਿ ਦਾ ਢੁੱਕਵਾਂ ਪ੍ਰਬੰਧ ਨਹੀਂ ਸੀ ਹੁੰਦਾ।
ਉਦਾਸੀ ਸੰਪ੍ਰਦਾਇ ਦੇ ਅਖਾੜੇ ਦੇਖ ਕੇ ਨਿਰਮਲੇ ਸੰਤਾਂ ਨੇ ਵੀ ਆਪਣਾ ਵੱਖਰਾ ਅਖਾੜਾ ਸਥਾਪਿਤ ਕਰਨ ਲਈ ਵਿਚਾਰ ਕੀਤਾ। ਭਾਈ ਤੋਤਾ ਸਿੰਘ, ਭਾਈ ਰਾਮ ਸਿੰਘ ਤੇ ਭਾਈ ਮਹਿਤਾਬ ਸਿੰਘ ਨਿਰਮਲੇ ਸੰਤਾਂ ਦੀ ਪ੍ਰੇਰਨਾ ਤੇ ਮਹਾਰਾਜਾ ਨਰਿੰਦਰ ਸਿੰਘ, ਮਹਾਰਾਜਾ ਪਟਿਆਲਾ, ਮਹਾਰਾਜਾ ਭਰਪੂਰ ਸਿੰਘ ਨਾਭਾਪਤਿ ਤੇ ਮਹਾਰਾਜਾ ਸਰੂਪ ਸਿੰਘ ਜੀ ਮਹਾਰਾਜਾ ਸੰਗਰੂਰ ਦੀ ਸਹਾਇਤਾ ਨਾਲ 1840 ਈ. (1917 ਬਿ.) ਵਿਚ ਨਿਰਮਲੇ ਸੰਤਾਂ ਦਾ ਅਖਾੜਾ ਸਥਾਪਿਤ ਕੀਤਾ ਗਿਆ ਜਿਸ ਦਾ ਨਾਂ ਅਖਾੜਾ ਨਿਰਮਲਾ ਪੰਥ ਗੁਰੂ ਗੋਬਿੰਦ ਸਿੰਘ ਜੀ ਰਖਿਆ ਗਿਆ। ਇਸ ਦਾ ਪ੍ਰਸਿੱਧ ਨਾਉਂ ‘ਧਰਮ ਧ੍ਵਜਾ' ਸੀ। ਇਸ ਦੇ ਪਹਿਲੇ ਮਹੰਤ ਭਾਈ ਮਹਿਤਾਬ ਸਿੰਘ ਜੀ ਥਾਪੇ ਗਏ। ਇਸ ਅਖਾੜੇ ਲਈ ਮਹਾਰਾਜਾ ਪਟਿਆਲਾ ਵੱਲੋਂ, 80,000 ਨਕਦ ਤੇ 4000 ਸਾਲਾਨਾ ਦੀ ਜਾਗੀਰ, ਮਹਾਰਾਜਾ ਨਾਭਾ ਵੱਲੋਂ 20,000 ਨਕਦ ਤੇ 575 ਰੁਪਏ ਸਾਲਾਨਾ ਦੀ ਜਾਗੀਰ ਭਾਈ ਮਹਿਤਾਬ ਸਿੰਘ ਨੂੰ ਦਿੱਤੀ ਗਈ । ਇਸ ਉਪਰੰਤ ਤਿੰਨਾਂ ਰਿਆਸਤਾਂ ਵੱਲੋਂ 2 ਅਗਸਤ, 1962 ਨੂੰ ਇਕ ਸਾਂਝਾ ਦਸਤੂਰੁਲ ਅਮਲ ਤਿਆਰ ਕੀਤਾ ਗਿਆ। ਇਸ ਅਨੁਸਾਰ ਨਿਰਮਲਾ ਪੰਥ ਚਲਾਉਣ ਲਈ ਤਿੰਨਾਂ ਰਿਆਸਤਾਂ ਵੱਲੋਂ ਪ੍ਰਵਾਨਿਤ ਸਾਂਝੇ 30 ਨਿਯਮਾਂ ਦੀ ਸਥਾਪਨਾ ਕੀਤੀ ਗਈ ਜੋ ਹੇਠ ਲਿਖੇ ਅਨੁਸਾਰ ਸਨ –
-
ਸ੍ਰੀ ਮਹੰਤ ਤਿੰਨ ਰਿਆਸਤਾਂ ਦੀ ਸਲਾਹ ਨਾਲ ਪੰਜ ਕਕਾਰਾਂ ਰਹਿਤ ਮਰਿਯਾਦਾ ਵਾਲੇ ਚਾਰ ਹੋਰ ਮਹੰਤ ਥਾਪੇਗਾ ।
-
ਲੰਗਰ ਦੀ ਸੇਵਾ ਕਰਨ ਵਾਲੇ ਵੀ ਰਹਿਤ ਮਰਿਯਾਦਾ ਵਾਲੇ ਹੀ ਹੋਣਗੇ ।
-
ਦੋ ਕਾਰਬਾਰੀ, ਦੋ ਭੰਡਾਰੀ ਲੰਗਰ ਦੀ ਸਮੱਗਰੀ ਦੇ ਇੰਚਾਰਜ ਹੋਣਗੇ । ਇਕ ਗ੍ਰੰਥੀ, ਇਕ ਗਿਆਨੀ ਮੁਕੱਰਰ ਹੋਵੇਗਾ। ਇਸ ਤੋਂ ਬਿਨਾਂ ਇਕ ਜਾਂ ਦੋ ਚੋਬਦਾਰ ਨਿਯੁਕਤ ਕੀਤੇ ਜਾਣਗੇ ।
-
ਅਗੋਂ ਲਈ ਥਾਪਿਆ ਜਾਣ ਵਾਲਾ ਸ੍ਰੀ ਮਹੰਤ ਵੀ ਰਹਿਤ-ਮਰਿਯਾਦਾ ਦਾ ਧਾਰਨੀ ਹੋਵੇਗਾ ।
-
ਜਦੋਂ ਸ੍ਰੀ ਮਹੰਤ ਨੂੰ ਕਿਸੇ ਰਿਆਸਤ ਵਿਚ ਜਾਣ ਅਤੇ ਕਿਸੇ ਰਈਸ ਨੂੰ ਇਸ ਅਖਾੜੇ ਵਿਚ ਆਉਣ ਦਾ ਮੌਕਾ ਮਿਲੇ ਤਾਂ ਉਸ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਸ੍ਰੀ ਮਹੰਤ ਨੂੰ ਭੇਟਾ ਅਰਪਨ ਕੀਤੀ ਜਾਵੇ ।
-
ਅਖਾੜੇ ਦੀ ਹਰ ਪ੍ਰਕਾਰ ਦੀ ਆਮਦਨ ਦਾ ਹਿਸਾਬ ਕਿਤਾਬ ਅਖਾੜੇ ਵਿਚ ਹੀ ਰੱਖਿਆ ਜਾਇਆ ਕਰੇਗਾ । ਸ੍ਰੀ ਮਹੰਤ ਬਾਹਰੋਂ ਜੋ ਕੁਝ ਮਿਲੇ ਉਹ ਵੀ ਅਖਾੜੇ ਵਿਚ ਜਮ੍ਹਾਂ ਕਰਵਾਏਗਾ ।
-
ਸ੍ਰੀ ਮਹੰਤ ਧਰਮਾਰਥ ਲਈ ਕਿਸੇ (ਸਾਧੂ, ਬ੍ਰਾਹਮਣ ਤੇ ਅਪਾਹਜ ਆਦਿ ਨੂੰ ) ਨੂੰ ਰਕਮ ਦੇ ਸਕਦਾ ਹੈ, ਉਸ ਦਾ ਲੇਖਾ ਜੋਖਾ ਰਖਿਆ ਜਾਵੇਗਾ ।
-
‘ਅਖਾੜਾ' ਜੇ ਕਿਤੇ ਭੰਡਾਰਾ ਕਰਨਾ ਚਾਹੇ ਤਾਂ ਉਹ ਸ੍ਰੀ ਮਹੰਤ ਦੀ ਪਰਵਾਨਗੀ ਨਾਲ ਕੀਤਾ ਜਾ ਸਕੇਗਾ।
-
ਨਵੇਂ ਥਾਪੇ ਸ੍ਰੀ ਮਹੰਤ ਨੂੰ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਰਹਿਤ ਮਰਿਯਾਦਾ ਵਿਚ ਰਹਿ ਕੇ ਅਖਾੜੇ ਦੀ ਸੇਵਾ ਕਰਨ ਲਈ ਕਸਮ ਲੈਣੀ ਪਵੇਗੀ।
-
ਕੋਈ ਵੀ ਸਿੱਖ ਜਾਗੀਰਦਾਰ ਜਾਂ ਸਰਦਾਰ ਅਖਾੜੇ ਵਿਚ ਭੰਡਾਰਾ ਕਰਨਾ ਚਾਹੇ ਤਾਂ ਕਰ ਸਕੇਗਾ । ਉਸ ਵਿਚ ਸ੍ਰੀ ਮਹੰਤ ਕਿਸੇ ਤਰ੍ਹਾਂ ਦੀ ਦਖ਼ਲਅੰਦਾਜ਼ੀ ਨਹੀਂ ਕਰਨਗੇ ।
-
ਜੇ ਕੋਈ ਸਿੱਖ ਇਸ ਫ਼ਿਰਕੇ ਦਾ ਡੇਰੇਦਾਰ ਅਖਾੜੇ ਵਿਚ ਭੰਡਾਰਾ ਕਰਨਾ ਚਾਹੇ ਤਾਂ ਉਸ ਤੇ ਵੀ ਉਕਤ 10 ਨੰਬਰ ਅਨੁਸਾਰ ਅਮਲ ਕੀਤਾ ਜਾਵੇ ।
-
ਕਿਸੇ ਯਾਤਰਾ ਤੇ ਜਾਣ ਸਮੇਂ ਅਖਾੜਾ ਰਸਤੇ ਵਿਚ ਆਉਣ ਵਾਲੇ ਹਰ ਗੁਰਦੁਆਰੇ ਵਿਚ ਉਸ ਦੀ ਮਰਿਯਾਦਾ ਅਨੁਸਾਰ ਮੱਥਾ ਟੇਕ ਕੇ ਅੱਗੇ ਜਾਵੇ ।
-
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਸਮੇਂ ਸ੍ਰੀ ਮਹੰਤ, ਮਹੰਤਾਂ ਤੇ ਸੰਗਤ ਦੇ ਬੈਠਣ ਲਈ ਵੀ ਬਾਕਾਇਦਾ ਤਰੀਕਾ ਸਥਾਪਤ ਕੀਤਾ ਗਿਆ ।
-
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਵਾਲੇ ਕਮਰੇ ਤੇ ਸ੍ਰੀ ਮਹੰਤ ਦੇ ਕਮਰੇ ਵਿਚ ਕੋਈ ਹੋਰ ਨਹੀਂ ਰਹਿ ਸਕੇਗਾ ।
-
ਕਿਸੇ ਵੀ ਸਿੱਖ ਸਾਧੂ ਜਾਂ ਗ੍ਰਹਿਸਥੀ ਮਨੁੱਖ ਨੂੰ ਅਖਾੜੇ ਵਿਚ ਮੱਥਾ ਟੇਕਣ ਲਈ ਮਨਾਹੀ ਨਹੀਂ ਹੋਵੇਗੀ ਤੇ ਅਧਿਕਾਰ ਅਨੁਸਾਰ ਉਸ ਨੂੰ ਬੈਠਣ ਲਈ ਥਾਂ ਦਿੱਤੀ ਜਾਵੇਗੀ ।
-
ਸ੍ਰੀ ਮਹੰਤ ਤੇ ਦੂਜੇ ਚਾਰ ਮਹੰਤਾਂ ਨੂੰ ਕਿਸੇ ਰਿਆਸਤ ਵਿਚ ਕਿਸੇ ਅਹਿਲਕਾਰ ਦੇ ਘਰ ਜਾਣ ਦੀ ਮਨਾਹੀ ਹੋਵੇਗੀ । ਉਹ ਕੇਵਲ ਪ੍ਰਸ਼ਾਦ ਛਕ ਸਕਣਗੇ ।
-
ਅਖਾੜੇ ਦੇ ਸਿੱਖਾਂ ਲਈ ਸ੍ਰੀ ਮਹੰਤ ਦਾ ਹੁਕਮ ਮੰਨਣਾ ਜ਼ਰੂਰੀ ਹੋਵੇਗਾ । ਹੁਕਮ ਅਦੂਲੀ ਦੀ ਹਾਲਤ ਵਿਚ ਉਹ ਜੁਰਮਾਨਾ ਵੀ ਕਰ ਸਕਦਾ ਹੈ।
-
ਜੇ ਕੋਈ ਵਿਰਕਤ ਸਾਧੂ ਡੇਰੇ ਆ ਕੇ ਰਹਿਣਾ ਚਾਹੇ ਤਾਂ ਰਹਿ ਸਕਦਾ ਹੈ ਬਸ਼ਰਤੇ ਕਿ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਹੱਥ ਲਾਵੇ ਭਾਵ ਇਹ ਆਖੇ ਕਿ ਉਸ ਨੇ ਆਪਣੇ ਕੋਲ ਕੁਝ ਨਹੀਂ ਰਖਿਆ ਤੇ ਜੋ ਵੀ ਸੀ ਗੁਰਦੁਆਰੇ ਚੜ੍ਹਾ ਦਿੱਤਾ ਹੈ।
-
ਮਹੰਤ ਕੇਵਲ ਰਹਿਤਵਾਨ ਸਿੱਖਾਂ ਕੋਲੋਂ ਹੀ ਪ੍ਰਸ਼ਾਦ ਛੱਕਣ ਤੇ ਪ੍ਰਸ਼ਾਦ ਡੋਲ ਦੇ ਜਲ ਨਾਲ ਤਿਆਰ ਹੋਇਆ ਕਰੇ।
-
ਲੰਗਰ ਵਿਚ ਹਰ ਸਿੱਖ ਸਾਧੂ ਨੂੰ ਪ੍ਰਸ਼ਾਦ ਛਕਣ ਦੀ ਖੁੱਲ੍ਹ ਹੋਵੇਗੀ ਪਰ ਉਹ ਰਹਿਤ ਮਰਿਯਾਦਾ ਵਾਲੀ ਵੱਖਰੀ ਪੰਗਤ ਤੋਂ ਵੱਖ ਬੈਠਣਗੇ ।
-
ਇਸਤਰੀ ਅਖਾੜੇ ਵਿਚ ਨਹੀਂ ਜਾ ਸਕੇਗੀ । ਨਸ਼ੇ ਲਈ ਵੀ ਮਨਾਹੀ ਹੈ।
-
ਜੇ ਕੋਈ ਦੂਜੀ ਕੌਮ ਦਾ ਸ਼ਰਧਾਲੂ ਪ੍ਰਸ਼ਾਦ ਕਰਵਾਉਣਾ ਚਾਹੇ ਤਾਂ ਉਸ ਤੋਂ ਸੁੱਕੀ ਰਸਦ ਲੈ ਕੇ ਆਪਣੇ ਲਾਂਗਰੀਆਂ ਤੋਂ ਪ੍ਰਸ਼ਾਦ ਤਿਆਰ ਕਰਵਾਇਆ ਜਾਵੇ ।
-
ਅਖਾੜੇ ਦੀ ਅਸਲ ਰਕਮ ਦੇ ਸੂਦ ਤੇ ਨਫ਼ੇ ਤੋਂ ਹੀ ਲੰਗਰ ਤੇ ਮੁਰੰਮਤ ਆਦਿ ਦਾ ਕੰਮ ਚਲਾਇਆ ਜਾਵੇ ।
-
ਖ਼ਜ਼ਾਨੇ ਦਾ ਪ੍ਰਬੰਧ ਮਹੰਤਾਂ ਜੋ ਤਿੰਨੇ ਸਰਕਾਰਾਂ ਵਿਚੋਂ ਹਨ, ਦੇ ਸਪੁਰਦ ਰਹੇਗਾ। ਸ੍ਰੀ ਮਹੰਤ ਸਾਲ ਵਿਚ ਇਕ ਵਾਰ ਖਾਤੇ ਦੇਖਿਆ ਕਰੇਗਾ ।
-
ਸ੍ਰੀ ਮਹੰਤ ਤਿੰਨਾਂ ਸਰਕਾਰਾਂ ਦੀ ਸਹਿਮਤੀ ਨਾਲ ਆਪਣੇ ਜੀਉਂਦੇ ਹੀ ਕਿਸੇ ਹੋਰ ਯੋਗ ਵਿਅਕਤੀ ਨੂੰ ਥਾਪ ਸਕਦਾ ਹੈ ।
-
ਮਹੰਤ ਵੱਲੋਂ ਥਾਪੇ ਗਏ ਨਵੇਂ ਮਹੰਤ ਦੇ ਵਿਹਾਰ ਠੀਕ ਨਾ ਹੋਣ ਕਾਰਨ ਤਿੰਨੇ ਸਰਕਾਰਾਂ ਪਹਿਲਾ ਮਹੰਤ ਬਰਖ਼ਾਸਤ ਕਰ ਕੇ ਨਵਾਂ ਮਹੰਤ ਥਾਪ ਸਕਦੀਆਂ ਹਨ ।
-
ਹਰ ਪੰਜ ਮਹੰਤਾਂ ਕੋਲੋਂ ਦਸਤੂਰੁਲ ਅਮਲ ਲਈ ਇਕਰਾਰਨਾਮੇ ਲਏ ਜਾਣ ।
-
ਅਖ਼ਾੜੇ ਦੇ ਸਿੱਖਾਂ ਨੂੰ ਇਕ ਬਸਤਰ ਸਿੰਗਰਫੀ ਤੇ ਬਾਕੀ ਸਫੈ਼ਦ ਰਖਣੇ ਜ਼ਰੂਰੀ ਹਨ।
-
ਤੂੰਬੀ ਜਾਂ ਚਿਪੀ ਦੀ ਥਾਂ ਗਡਵਾ ਜਾਂ ਲੋਹੇ ਦੀ ਧਾਤੂ ਦਾ ਕਮੰਡਲ ਰਖਣ ।
ਏ.ਐਚ.ਬਿੰਗਲੇ ਅਨੁਸਾਰ ਇਨ੍ਹਾਂ ਦੀ ਸੰਖਿਆ 3000 ਦੇ ਕਰੀਬ ਸੀ ਤੇ ਇਹ ਖ਼ਾਸ ਤੌਰ ਤੇ ਗੁਰਦਾਸਪੁਰ, ਅੰਬਾਲਾ, ਫ਼ਿਰੋਜ਼ਪੁਰ, ਅੰਮ੍ਰਿਤਸਰ, ਪਟਿਆਲਾ ਤੇ ਫ਼ਰੀਦਕੋਟ ਜ਼ਿਲ੍ਹਿਆਂ ਵਿਚ ਸਨ। (ਸੁਵਿਸਥਾਰ ਲਈ ਵੇਖੋ ਅਖਾੜਾ)
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 7265, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-02-02-04-09-45, ਹਵਾਲੇ/ਟਿੱਪਣੀਆਂ: ਹ. ਪੁ. –ਸਿਖਸ ਏ. ਐਚ. ਬਿੰਗਲੇ: 89-90; ਮ. ਕੋ. : 38-39
ਵਿਚਾਰ / ਸੁਝਾਅ
Please Login First