ਨਿਰਮਲ ਸੰਪ੍ਰਦਾਇ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਨਿਰਮਲ ਸੰਪ੍ਰਦਾਇ: ਸਿੱਖਾਂ ਦਾ ਇਕ ਵਿਦਵਾਨ ਅਤੇ ਅਧਿਆਪਕ ਸੰਪ੍ਰਦਾਇ ਜਿਸ ਦੀ ਭਾਰਤੀ ਅਧਿਆਤਮਿਕ ਸਾਹਿਤ ਦੇ ਪਠਨ-ਪਾਠਨ ਵਿਚ ਵਿਸ਼ੇਸ਼ ਰੁਚੀ ਹੈ। ਇਸ ਦੇ ਆਰੰਭ ਬਾਰੇ ਮਾਨਤਾ ਹੈ ਕਿ ਸਿੱਖਾਂ ਦੇ ਸੰਸਕ੍ਰਿਤਿਕ ਆਧਾਰ ਨੂੰ ਦ੍ਰਿੜ੍ਹ ਕਰਨ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਸੰਨ 1686 ਈ. ਵਿਚ ਪੰਜ ਸਿੱਖਾਂ (ਰਾਮ ਸਿੰਘ , ਕਰਮ ਸਿੰਘ , ਗੰਡਾ ਸਿੰਘ, ਵੀਰ ਸਿੰਘ ਅਤੇ ਸੋਭਾ ਸਿੰਘ , ਨਾਮਾਂਤਰ ਸੈਨਾ ਸਿੰਘ) ਨੂੰ ਬ੍ਰਹਮਚਾਰੀ ਭੇਖ ਵਿਚ ਸੰਸਕ੍ਰਿਤ ਪੜ੍ਹਨ ਲਈ ਬਨਾਰਸ (ਕਾਸ਼ੀ) ਭੇਜਿਆ। ਖ਼ਾਲਸਾ ਸਾਜੇ ਜਾਣ ਤੋਂ ਬਾਦ ਇਹ ਆਨੰਦਪੁਰ ਵਾਪਸ ਆ ਗਏ ਅਤੇ ਅੰਮ੍ਰਿਤ ਪਾਨ ਕਰਕੇ ਗੁਰਮਤਿ-ਪ੍ਰਚਾਰ ਵਿਚ ਲਗ ਗਏ। ਇਨ੍ਹਾਂ ਪੰਜਾਂ ਦੇ ਚੇਲੇ ਜੋ ਨਿਰਮਲ ਬਸਤ੍ਰ ਧਾਰਣ ਕਰਕੇ ਅਤੇ ਸ਼ਾਂਤ ਚਿੱਤ ਰਹਿ ਕੇ ਨਾਮ ਦਾ ਅਭਿਆਸ ਅਤੇ ਧਰਮ ਦਾ ਉਪਦੇਸ਼ ਕਰਦੇ ਰਹੇ , ਉਹ ਸਭ ‘ਨਿਰਮਲ-ਸੰਤ’ ਵਜੋਂ ਪ੍ਰਸਿੱਧ ਹੋਏ, ਪਰ ‘ਨਿਰਮਲ- ਪੰਥ ਪ੍ਰਦੀਪਿਕਾ’, ‘ਨਿਰਮਲ ਭੂਸ਼ਣ ’, ‘ਨਿਰਮਲ-ਪੰਥ ਦਰਸ਼ਨ’ ਆਦਿ ਸੰਪ੍ਰਦਾਇਕ ਪੁਸਤਕਾਂ ਵਿਚ ਗੁਰੂ ਨਾਨਕ ਬਾਣੀ ਅਤੇ ਗੁਰਦਾਸ-ਬਾਣੀ (ਮਾਰਿਆ ਸਿਕਾ ਜਗਤਿ ਵਿਚ ਨਾਨਕ ਨਿਰਮਲ ਪੰਥ ਚਲਾਇਆ) ਦੀਆਂ ਟੂਕਾਂ ਦੇ ਆਧਾਰ’ਤੇ ਇਹ ਸਿੱਧ ਕਰਨ ਦਾ ਯਤਨ ਕੀਤਾ ਗਿਆ ਹੈ ਕਿ ਨਿਰਮਲ ਸੰਪ੍ਰਦਾਇ ਗੁਰੂ ਨਾਨਕ ਦੇਵ ਜੀ ਤੋਂ ਹੀ ਹੋਂਦ ਵਿਚ ਆ ਚੁਕਿਆ ਸੀ। ਗਿਆਨੀ ਗਿਆਨ ਸਿੰਘ ਅਨੁਸਾਰ ਗੁਰੂ ਗੋਬਿੰਦ ਸਿੰਘ ਜੀ ਨੇ ਸ਼ਾਸਤ੍ਰ ਅਤੇ ਸ਼ਸਤ੍ਰ ਦੋ ਪ੍ਰਕਾਰ ਦੀ ਵਿਦਿਆ ਵਿਚੋਂ ਸ਼ਾਸਤ੍ਰ ਦੀ ਵਿਦਿਆ ਲਈ ਨਿਰਮਲੇ ਸੰਤਾਂ ਨੂੰ ਆਦੇਸ਼ ਦਿੱਤਾ ਜੋ ਅਸਲੋਂ ਭਿਕਸ਼ੂ ਜਾਂ ਵਿਰਕਤ ਸਿੱਖ ਸਨ।

ਆਨੰਦਪੁਰ ਸਾਹਿਬ ਤੋਂ ਗੁਰੂ ਗੋਬਿੰਦ ਸਿੰਘ ਜੀ ਦੇ ਚਲੇ ਜਾਣ ਤੋਂ ਬਾਦ ਨਿਰਮਲੇ ਵਿਦਵਾਨ ਹਰਿਦੁਆਰ (ਕਨਖਲ), ਅਲਾਹਾਬਾਦ , ਬਨਾਰਸ (ਚੇਤਨ ਮਠ) ਜਾ ਵਸੇ। 18ਵੀਂ ਸਦੀ ਦੇ ਪਿਛਲੇ ਅੱਧ ਵਿਚ ਜਦੋਂ ਸਿੱਖਾਂ ਨੇ ਪੰਜਾਬ ਵਿਚ ਸ਼ਕਤੀ ਅਰਜਿਤ ਕੀਤੀ ਤਾਂ ਨਿਰਮਲੇ ਸੰਤ ਪੰਜਾਬ ਨੂੰ ਪਰਤ ਆਏ ਅਤੇ ਥਾਂ ਥਾਂ ਆਪਣੇ ਡੇਰੇ ਜਾਂ ਸੰਤਪੁਰੇ ਸਥਾਪਿਤ ਕਰ ਲਏ। ਇਨ੍ਹਾਂ ਨੂੰ ਸਿੱਖ ਰਾਜਿਆਂ, ਖ਼ਾਸ ਕਰਕੇ ਪਟਿਆਲਾ , ਨਾਭਾ ਅਤੇ ਜੀਂਦ ਦੇ ਰਾਜਿਆਂ ਦੀ ਸਰਪ੍ਰਸਤੀ ਵੀ ਪ੍ਰਾਪਤ ਰਹੀ

ਨਿਰਮਲ ਸੰਤ ਦਸਾਂ ਗੁਰੂਆਂ ਅਤੇ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਇਸ਼ਟ ਸਮਝਦੇ ਹਨ, ਪਰ ਨਾਲ ਹੀ ਹਰ ਨਿਰਮਲ ਸੰਤ ਉਸ ਮਹਾਪੁਰਸ਼ ਨੂੰ ਵੀ ਆਪਣਾ ਦੇਹਧਾਰੀ ਗੁਰੂ ਮੰਨਦਾ ਹੈ ਜਿਸ ਤੋਂ ਉਹ ਨਿਰਮਲ ਪੰਥ ਵਿਚ ਦੀਕੑਸ਼ਿਤ ਹੁੰਦਾ ਹੈ। ਅਜਿਹਾ ਗੁਰੂ ਆਮ ਤੌਰ ’ਤੇ ਕਿਸੇ ਡੇਰੇ ਦਾ ਮਹੰਤ ਹੁੰਦਾ ਹੈ। ਇਸ ਤਰ੍ਹਾਂ ਨਿਰਮਲ ਸੰਤਾਂ ਵਿਚ ਗੁਰੂ-ਚੇਲੇ ਦੀ ਪਰੰਪਰਾ ਚਲਦੀ ਹੈ ਅਤੇ ਇਕ ਗੁਰੂ ਦੇ ਸਾਰੇ ਚੇਲੇ ਆਪਸ ਵਿਚ ਗੁਰਭਾਈ ਅਖਵਾਉਂਦੇ ਹਨ। ਗੁਰੂ ਦੀ ਮ੍ਰਿਤੂ ਉਪਰੰਤ ਉਸ ਦੀ ਗੱਦੀ ਵੱਡੇ ਚੇਲੇ ਜਾਂ ਉਸ ਦੇ ਅਯੋਗ ਹੋਣ ਦੀ ਸੂਰਤ ਵਿਚ ਕਿਸੇ ਹੋਰ ਚੇਲੇ ਨੂੰ ਦਿੱਤੀ ਜਾਂਦੀ ਹੈ। ਇਕ ਦੂਜੇ ਨੂੰ ਮਿਲਣ ਵੇਲੇ ਛੋਟਾ ਸੰਤ ਵੱਡੇ ਸੰਤ ਨੂੰ ਮੱਥਾ ਟੇਕਦਾ ਹੈ। ਡੇਰੇ ਦੀ ਸੰਪੱਤੀ ਦਾ ਅਧਿਕਾਰੀ ਗੱਦੀਦਾਰ ਮਹੰਤ ਹੀ ਹੁੰਦਾ ਹੈ। ਦੇਹਧਾਰੀ ਗੁਰੂ ਵਿਚ ਵਿਸ਼ਵਾਸ ਰਖਣ ਵਾਲੇ ਨਿਰਮਲੇ ਸੰਤਾਂ ਦੀ ਉਪਾਸਨਾ-ਵਿਧੀ ਵਿਚ ਵੈਸ਼ਣਵ-ਪੂਜਾ ਦੇ ਅਨੇਕ ਤੱਤ੍ਵ ਮਿਲ ਜਾਂਦੇ ਹਨ।

ਆਮ ਤੌਰ’ਤੇ ਨਿਰਮਲੇ ਸੰਤਾਂ ਦਾ ਪਹਿਰਾਵਾ ਤਿੰਨ ਪ੍ਰਕਾਰ ਦਾ ਹੁੰਦਾ ਹੈ। ਇਕ ਉਹ ਸੰਤ ਜੋ ਭਗਵੇ ਰੰਗ ਦੇ ਬਸਤ੍ਰ ਧਾਰਣ ਕਰਦੇ ਹਨ ਅਤੇ ਲੰਗੋਟੀ ਤੇ ਗਾਤੀ ਪਹਿਨਦੇ ਹਨ। ਦੂਜੇ ਉਹ ਜੋ ਬਸਤ੍ਰ ਤਾਂ ਸਾਰੇ ਚਿੱਟੇ ਰੰਗ ਦੇ ਧਾਰਣ ਕਰਦੇ ਹਨ ਪਰ ਪਗੜੀ ਭਗਵੇ ਰੰਗ ਦੀ ਬੰਨ੍ਹਦੇ ਹਨ। ਤੀਜੇ ਉਹ ਜਿਹੜੇ ਚਿੱਟੇ ਬਸਤ੍ਰ ਧਾਰਣ ਕਰਦੇ ਹਨ ਅਤੇ ਆਮ ਸਿੱਖਾਂ ਵਾਂਗ ਭੇਸ ਰਖਦੇ ਹਨ।

ਹਰ ਨਵ-ਦੀਕੑਸ਼ਿਤ ਨਿਰਮਲ ਸੰਤ ਨੂੰ ਸਭ ਤੋਂ ਪਹਿਲਾਂ ਗੁਰਮੁਖੀ ਦੇ ਮਾਧਿਅਮ ਰਾਹੀਂ ਗੁਰਬਾਣੀ ਦਾ ਅਧਿਐਨ ਕਰਵਾਇਆ ਜਾਂਦਾ ਹੈ। ਉਸ ਪਿਛੋਂ ਉਹ ਸੰਸਕ੍ਰਿਤ ਦੇ ਗ੍ਰੰਥਾਂ ਦਾ ਅਧਿਐਨ ਕਰਦਾ ਹੈ। ਇਹ ਅਧਿਐਨ ਵੀ ਗੁਰਮੁਖੀ ਦੇ ਮਾਧਿਅਮ ਰਾਹੀਂ ਹੁੰਦਾ ਹੈ। ਨਿਰਮਲ ਸੰਤਾਂ ਲਈ ਗੁਰਮਤਿ ਦਾ ਪ੍ਰਚਾਰ ਕਰਨਾ ਲਾਜ਼ਮੀ ਹੈ। ਕੇਸਾਂ ਤੋਂ ਬਿਨਾ ਇਸ ਸੰਪ੍ਰਦਾਇ ਵਿਚ ਕੋਈ ਦੀਕੑਸ਼ਿਤ ਨਹੀਂ ਹੋ ਸਕਦਾ। ਭਗਵੇਂ ਬਸਤ੍ਰ ਧਾਰਣ ਕਰਨ ਵਾਲਿਆਂ ਤੋਂ ਛੁਟ ਬਾਕੀ ਸਾਰੇ ਨਿਰਮਲ ਸੰਤਾਂ ਲਈ ਅੰਮ੍ਰਿਤ ਛਕਣਾ ਲਾਜ਼ਮੀ ਹੈ ਅਤੇ ਇਹ ਅੰਮ੍ਰਿਤ ਉਹ ਆਪਣੇ ਦੀਕੑਸ਼ਾ-ਗੁਰੂ ਤੋਂ ਛਕਦੇ ਹਨ।

ਵਖ ਵਖ ਦੇਹਧਾਰੀ ਨਿਰਮਲੇ ਗੱਦੀਦਾਰਾਂ ਦੀ ਅਧਿਕ ਪ੍ਰਸਿੱਧੀ ਕਰਕੇ ਇਸ ਸੰਪ੍ਰਦਾਇ ਦੇ ਅੰਤਰਗਤ ਅਨੇਕ ਉਪ-ਸੰਪ੍ਰਦਾਇ ਪ੍ਰਚਲਿਤ ਹੋ ਗਏ ਹਨ ਅਤੇ ਇਨ੍ਹਾਂ ਉਪ-ਸੰਪ੍ਰਦਾਵਾਂ ਦਾ ਨਾਮ-ਕਰਣ ਵਿਸ਼ੇਸ਼ ਥਾਂਵਾਂ, ਵਰਗਾਂ, ਮਹੰਤਾਂ ਆਦਿ ਦੇ ਨਾਂਵਾਂ ਦੇ ਆਧਾਰ’ਤੇ ਹੋਇਆ ਹੈ। ਵਿਆਹ ਕਰਨਾ ਨਿਰਮਲ-ਸੰਤਾਂ ਲਈ ਵਰਜਿਤ ਹੈ। ਸ਼ਾਦੀ ਕਰਨ ਉਪਰੰਤ ਇਨ੍ਹਾਂ ਨੂੰ ਭੇਖ ਤੋਂ ਵਖ ਹੋਣਾ ਪੈਂਦਾ ਹੈ, ਫਿਰ ਕਿਸੇ ਪ੍ਰਕਾਰ ਦੀ ਗੱਦੀ ਦਾ ਉਨ੍ਹਾਂ ਨੂੰ ਕੋਈ ਅਧਿਕਾਰ ਨਹੀਂ ਹੁੰਦਾ। ਪਰ ਹੁਣ ਇਸ ਪਾਬੰਦੀ ਦੀ ਸਖ਼ਤੀ ਨਾਲ ਪਾਲਣਾ ਨਹੀਂ ਕੀਤੀ ਜਾਂਦੀ।

ਹੋਰਨਾਂ ਮਤਾਂ ਦੁਆਰਾ ਹਿੰਦੂ ਤੀਰਥਾਂ ਉਤੇ ਅਖਾੜੇ ਕਾਇਮ ਕਰਨ ਦੀ ਪਿਰਤ ਪੈਣ’ਤੇ ਪਟਿਆਲਾ ਦੇ ਮਹਾਰਾਜਾ ਨਰਿੰਦਰ ਸਿੰਘ ਨੇ ਨਾਭਾ ਅਤੇ ਜੀਂਦ ਦੇ ਮਹਾਰਾਜਿਆਂ ਦੇ ਸਹਿਯੋਗ ਨਾਲ ਸੰਨ 1861 ਈ. (1918 ਬਿ.) ਵਿਚ ਪਟਿਆਲੇ ਵਿਚ ਧਰਮ-ਧੁਜਾ ਅਖਾੜਾ ਸਥਾਪਿਤ ਕੀਤਾ ਅਤੇ ਇਸ ਦੇ ਪਹਿਲੇ ਮਹੰਤ ਭਾਈ ਮਹਿਤਾਬ ਸਿੰਘ ਥਾਪੇ ਗਏ। 7 ਅਗਸਤ 1862 ਈ. ਵਿਚ ਨਿਰਮਲ ਪੰਚਾਇਤੀ ਅਖਾੜੇ ਦੀ ਸਥਾਪਨਾ ਹੋਈ ਅਤੇ ਇਸ ਅਖਾੜੇ ਦਾ ਮੁੱਖ ਕੇਂਦਰ ਕਨਖਲ (ਹਰਿਦਵਾਰ) ਵਿਚ ਕਾਇਮ ਕੀਤਾ ਗਿਆ। ਸਿੱਖ ਰਿਆਸਤਾਂ ਵਿਚ ਜਿਤਨੇ ਨਿਰਮਲ ਡੇਰੇ ਸਨ, ਲਗਭਗ ਉਨ੍ਹਾਂ ਸਾਰਿਆਂ ਦਾ ਅਧਿਕਾਰ ‘ਨਿਰਮਲ ਪੰਚਾਇਤੀ ਅਖਾੜੇ’ ਅਧੀਨ ਹੈ। ਇਸ ਅਖਾੜੇ ਦੀਆਂ 30 ਵਿਧਾਨਿਕ ਮੱਦਾਂ ਹਨ।

ਗੁਰਮਤਿ ਦੇ ਪ੍ਰਚਾਰ ਅਤੇ ਪ੍ਰਸਾਰ ਵਿਚ ਨਿਰਮਲ ਸੰਤਾਂ ਦੀ ਦੇਣ ਇਤਿਹਾਸਿਕ ਅਤੇ ਅਦੁੱਤੀ ਹੈ। ਨਿਸ਼ਠਾ- ਪੂਰਣ ਨਿਰੰਤਰ ਪ੍ਰਚਾਰ ਰਾਹੀਂ ਇਨ੍ਹਾਂ ਨੇ ਵਿਦਿਆਲਿਆਂ, ਮੰਡਲੀਆਂ, ਰਮਤੇ ਦਲਾਂ , ਸ਼ਾਸਤ੍ਰਾਰਥਾਂ ਅਤੇ ਧਰਮ ਪੁਸਤਕਾਂ ਦੇ ਪ੍ਰਕਾਸ਼ਨ ਦੀ ਵਿਵਸਥਾ ਕੀਤੀ ਹੈ। ਇਸ ਤੋਂ ਇਲਾਵਾ ਇਤਿਹਾਸਿਕ ਗੁਰੂ-ਧਾਮਾਂ, ਡੇਰਿਆਂ ਅਤੇ ਮਠਾਂ ਦੀ ਉਸਾਰੀ ਦੁਆਰਾ ਵੀ ਕਾਫ਼ੀ ਪ੍ਰਚਾਰ ਹੋਇਆ ਹੈ। ਖ਼ਾਸ ਤੌਰ’ਤੇ ਇਨ੍ਹਾਂ ਨੇ ਭਾਰਤ ਦੇ ਪ੍ਰਸਿੱਧ ਤੀਰਥ-ਸਥਾਨਾਂ ਉਤੇ ਗੁਰਦਵਾਰਿਆਂ ਦੀ ਉਸਾਰੀ ਕਰਕੇ ਗੁਰਮਤਿ ਨੂੰ ਉਜਾਗਰ ਕੀਤਾ ਹੈ।

ਸਾਹਿਤ ਦੇ ਖੇਤਰ ਵਿਚ ਨਿਰਮਲ ਸੰਤਾਂ ਦੀ ਸਥਾਈ ਦੇਣ ਹੈ, ਕਿਉਂਕਿ ਸਿੱਖ ਧਰਮ ਦੇ ਇਤਿਹਾਸਾਂ ਅਤੇ ਧਾਰਮਿਕ ਗ੍ਰੰਥਾਂ ਨੂੰ ਪੜ੍ਹਨਾ ਇਨ੍ਹਾਂ ਦਾ ਸੰਸਥਾਗਤ ਉੱਦੇਸ਼ ਸੀ, ਇਸ ਲਈ ਇਨ੍ਹਾਂ ਨੂੰ ਬਹੁਤ ਸਾਰੀਆਂ ਪੁਸਤਕਾਂ ਰਚਣੀਆਂ ਪਈਆਂ। ਧਾਰਮਿਕ ਪੁਸਤਕਾਂ ਨੂੰ ਮੁੱਲ ਵੇਚਣਾ ਜਾਂ ਕੁਪਾਤਰ ਨੂੰ ਮੁਫ਼ਤ ਦੇਣਾ ਨਿਰਮਲ ਸੰਤਾਂ ਨੂੰ ਪਸੰਦ ਨਹੀਂ। ਸਾਹਿਤ ਦੇ ਰਚੈਤਾ ਸੰਤਾਂ ਵਿਚ ਪੰਡਿਤ ਗੁਲਾਬ ਸਿੰਘ , ਭਾਈ ਸੰਤੋਖ ਸਿੰਘ, ਪੰਡਿਤ ਤਾਰਾ ਸਿੰਘ ਨਰੋਤਮ, ਸੰਤ ਨਿਹਾਲ ਸਿੰਘ, ਗਿਆਨੀ ਗਿਆਨ ਸਿੰਘ, ਪੰਡਿਤ ਬਾਬਾ ਨਾਨੂ ਸਿੰਘ, ਮਹੰਤ ਗਣੇਸ਼ਾ ਸਿੰਘ, ਪੰਡਿਤ ਨਰੈਣ ਸਿੰਘ ਮਜ਼ੰਗ ਵਾਲੇ ਦੇ ਨਾਮ ਵਿਸ਼ੇਸ਼ ਉੱਲੇਖਯੋਗ ਹਨ। ਇਨ੍ਹਾਂ ਵਿਚੋਂ ਸਿੱਧਾਂਤਿਕ ਪੱਖ ਤੋਂ ਤਾਰਾ ਸਿੰਘ ਨਰੋਤਮ (ਵੇਖੋ) ਦਾ ਕੰਮ ਸ਼ਲਾਘਾਯੋਗ ਹੈ। ਸੰਤੋਖ ਸਿੰਘ ਦਾ ਲਿਖਿਆ ‘ਜਪੁਜੀ ’ ਦਾ ‘ਗਰਬ ਗੰਜਨੀ ਟੀਕਾ ’ ਵੀ ਕਾਫ਼ੀ ਚਰਚਾ ਦਾ ਵਿਸ਼ਾ ਰਿਹਾ ਹੈ, ਜੋ ਅਸਲੋਂ ਸੁਆਮੀ ਆਨੰਦਘਨ (ਵੇਖੋ) ਦੁਆਰਾ ਲਿਖੇ ਟੀਕੇ ਵਿਚ ਲਿਖੀਆਂ ਵਿਅੰਗਾਤਮਕ ਅਤੇ ਗਰਵੋਕਤੀਆਂ ਦਾ ਉੱਤਰ ਸੀ।

ਇਨ੍ਹਾਂ ਸੰਤਾਂ ਨੇ ਸੰਸਕ੍ਰਿਤ ਦੇ ਅਨੇਕ ਗ੍ਰੰਥਾਂ ਦਾ ਗੁਰਮੁਖੀ ਲਿਪੀ ਰਾਹੀਂ ਭਾਖਾ ਵਿਚ ਅਨੁਵਾਦ ਵੀ ਕੀਤਾ। ਇਨ੍ਹਾਂ ਅਨੁਵਾਦਾਂ ਦੇ ਦੋ ਮਨੋਰਥ ਸਨ। ਇਕ ਪੰਜਾਬੀ ਪਾਠਕਾਂ ਨੂੰ ਸੰਸਕ੍ਰਿਤ ਦਾ ਗਿਆਨ ਕਰਵਾਉਣਾ ਅਤੇ ਦੂਜਾ ਨਿਰਮਲ ਚੇਲਿਆਂ ਲਈ ਪਾਠ-ਪੁਸਤਕਾਂ ਤਿਆਰ ਕਰਵਾਉਣਾ। ਪੱਤਰਿਕਾਵਾਂ ਰਾਹੀਂ ਆਪਣਾ ਸੰਦੇਸ਼ ਸ਼ਰਧਾਲੂਆਂ ਅਤੇ ਜਿਗਿਆਸੂਆਂ ਤਕ ਪਹੁੰਚਾਉਣ ਲਈ ਨਿਰਮਲ-ਸੰਤਾਂ ਨੇ ਪਹਿਲ ਕੀਤੀ ਹੈ। ਇਨ੍ਹਾਂ ਸੰਤਾਂ ਦੇ ਰਚੇ ਸਾਹਿਤ ਵਿਚ ਹਿੰਦਵੀ ਅਤੇ ਪੰਜਾਬੀ ਦੋਵਾਂ ਭਾਸ਼ਾਵਾਂ ਦੇ ਰਲੇ-ਮਿਲੇ ਰੂਪ ਦੇ ਦਰਸ਼ਨ ਹੁੰਦੇ ਹਨ। ਇਨ੍ਹਾਂ ਦਾ ਸਾਰਾ ਸਾਹਿਤ ਗੁਰਮੁਖੀ ਲਿਪੀ ਵਿਚ ਹੈ। ਕੁਝ ਵਿਦਵਾਨਾਂ ਨੇ ਸੰਸਕ੍ਰਿਤ ਵਿਚ ਵੀ ਮੌਲਿਕ ਪੁਸਤਕਾਂ ਲਿਖੀਆਂ ਹਨ, ਪਰ ਲਿਪੀ ਅਧਿਕਤਰ ਗੁਰਮੁਖੀ ਹੀ ਰਖੀ ਹੈ। ਇਹ ਸਾਹਿਤ ਗੱਦ , ਪੱਦ ਅਤੇ ਗੱਦਪੱਦ ਮਿਸ਼ਰਿਤ ਤਿੰਨਾਂ ਰੂਪਾਂ ਵਿਚ ਮਿਲਦਾ ਹੈ। ਗੱਦ ਅਧਿਕਤਰ ਤਾਰਕਿਕ ਅਤੇ ਉਪਦੇਸ਼ਾਤਮਕ ਸ਼ੈਲੀ ਵਿਚ ਹੈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2439, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਨਿਰਮਲ ਸੰਪ੍ਰਦਾਇ ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਨਿਰਮਲ ਸੰਪ੍ਰਦਾਇ : ਨਿਰਮਲ ਸੰਪ੍ਰਦਾਇ ਸਿੱਖਾਂ ਦਾ ਵਿਦਵਾਨ ਅਤੇ ਅਧਿਆਪਕ ਸੰਪ੍ਰਦਾਇ ਹੈ ਜਿਸ ਦੀ ਭਾਰਤੀ ਅਧਿਆਤਮਕ ਸਾਹਿੱਤ ਦੇ ਪਠਨ–ਪਾਠਨ ਵਿਚ ਵਿਸ਼ੇਸ਼ ਰੁਚੀ ਹੈ। ਅਸਲ ਵਿਚ ਨਿਰਮਲ ਸੰਤ ਸਿੱਖਾਂ ਦੇ ਧਰਮ–ਸ਼ਾਸਤ੍ਰੀ ਹਨ। ਗੁਰੂ ਗੋਬਿੰਦ ਸਿੰਘ ਤੋਂ ਪਹਿਲਾਂ ਸਿੱਖ ਧਰਮ ਦੇ ਅਨੁਯਾਈਆਂ ਵਿਚ ਉਸ ਵੇਲੇ ਦੀ ਹਿੰਦਵੀ ਜਾਂ ਸਾਧਾ ਭਾਖਾ ਪੜ੍ਹਨ ਵਿਚ ਰੁਚੀ ਜ਼ਰੂਰ ਸੀ ਪਰ ਸੰਸਕ੍ਰਿਤ ਪੜ੍ਹਨ ਵਿਚ ਨਹੀਂ। ਪਰੰਤੂ ਗੁਰੂ ਗੋਬਿੰਦ ਸਿੰਘ ਦੁਆਰਾ ਚਲਾਏ ਭਗਤੀ ਆਧਾਰਿਤ ਸੁਤੰਤਰਤਾ ਅੰਦੋਲਨ ਦੇ ਸੰਸਕ੍ਰਿਤਿਕ ਆਧਾਰ ਨੂੰ ਦ੍ਰਿੜ੍ਹ ਕਰਨ ਲਈ ਸੰਸਕ੍ਰਿਤ ਦੇ ਅਧਿਐਨ ਦੀ ਬੜੀ ਲੋੜ ਸੀ। ਗੁਰੂ ਸਾਹਿਬ ਨੇ ਸੰਸਕ੍ਰਿਤ ਪ੍ਰੇਮ ਨੂੰ ਵਕਤੀ ਲੋੜ ਦੇ ਰੂਪ ਵਿਚ ਨਹੀਂ ਸਗੋਂ ਸਥਾਈ ਆਧਾਰ ਦੇ ਰੂਪ ਵਿਚ ਗ੍ਰਹਿਣ ਕੀਤਾ। ਇਸ ਉਦੇਸ਼ ਦੀ ਪੂਰਤੀ ਲਈ ਉਨ੍ਹਾਂ ਨੇ ਸੰਨ 1743 ਵਿਚ ਪੰਜ ਸਿੱਖਾਂ (ਰਾਮ ਸਿੰਘ, ਕਰਮ ਸਿੰਘ, ਗੰਡਾ ਸਿੰਘ, ਵੀਰ ਸਿੰਘ, ਸੋਭਾ ਸਿੰਘ) ਨੂੰ ਬ੍ਰਹਮਚਾਰੀ ਭੇਖ ਵਿਚ ਸੰਸਕ੍ਰਿਤ ਪੜ੍ਹਨ ਲਈ ਕਾਸ਼ੀ ਭੇਜਿਆ। ਗੁਰੂ ਸਾਹਿਬ ਦੁਆਰਾ ਖ਼ਾਲਸਾ ਸਾਜੇ ਜਾਣ ਤੋਂ ਬਾਅਦ ਇਹ ਵੀ ਆਨੰਦਪੁਰ ਵਾਪਸ ਆ ਗਏ ਅਤੇ ਅੰਮ੍ਰਿਤ ਪਾਨ ਕਰਕੇ ਗੁਰਮਤਿ ਪ੍ਰਚਾਰ ਵਿਚ ਲੱਗ ਗਏ। ਇਨ੍ਹਾਂ ਪੰਜਾਂ ਦੇ ਚੇਲੇ ਜੋ ਨਿਰਮਲ ਬਸਤਰ ਪਾ ਕੇ ਅਤੇ ਸ਼ਾਂਤ ਚਿੱਤ ਰਹਿ ਕੇ ਨਾਮ ਦਾ ਅਭਿਆਸ ਅਤੇ ਧਰਮ ਦਾ ਉਦੇਸ਼ ਕਰਦੇ ਰਹੇ, ਉਹ ਸਭ ਨਿਰਮਲੇ ਨਾਮ ਤੋਂ ਪ੍ਰਸਿੱਧ ਹੋਏ। ਪਰ ‘ਨਿਰਮਲ ਪੰਥ ਪ੍ਰਦੀਪਕਾ’, ‘ਨਿਰਮਲ ਭੂਸ਼ਣ’, ‘ਨਿਰਮਲ ਪੰਥ ਦਰਸ਼ਨ’ ਆਦਿ ਸੰਪ੍ਰਦਾਇਕ ਪੁਸਤਕਾਂ ਵਿਚ ਗੁਰੂ ਨਾਨਕ ਬਾਣੀ ਅਤੇ ਗੁਰਦਾਸ ਬਾਣੀ (‘ਮਾਰਿਆ ਸਿਕਾ ਜਗਤਿ ਵਿਚ, ਨਾਨਕ ਨਿਰਮਲ ਪੰਥ ਚਲਾਇਆ’) ਦੀਆਂ ਟੂਕਾਂ ਦੇ ਆਧਾਰ ਤੇ ਇਹ ਸਿੱਧ ਕਰਨ ਦਾ ਯਤਨ ਕੀਤਾ ਗਿਆ ਹੈ ਕਿ ਨਿਰਮਲ ਸੰਪ੍ਰਦਾਇ ਗੁਰੂ ਨਾਨਕ ਦੇਵ ਤੋਂ ਹੀ ਹੋਂਦ ਵਿਚ ਆ ਚੁਕਿਆ ਸੀ। ਗਿਆਨੀ ਗਿਆਨ ਸਿੰਘ ਅਨੁਸਾਰ ਗੁਰੂ ਗੋਬਿੰਦ ਸਿੰਘ ਨੇ ਸ਼ਾਸਤ੍ਰ ਅਤੇ ਸ਼ਸਤਰ ਦੋ ਪ੍ਰਕਾਰ ਦੀ ਵਿਦਿਆ ਵਿਚੋਂ ਸ਼ਾਸਤ੍ਰ ਦੀ ਵਿਦਿਆ ਲਈ ਨਿਰਮਲੇ ਸੰਤਾਂ ਨੂੰ ਆਦੇਸ਼ ਦਿੱਤਾ ਜੋ ਅਸਲੋਂ ਭਿਕਸ਼ੂ ਜਾਂ ਵਿਰਕਤ ਸਿੱਖ ਸਨ।

          ਨਿਰਮਲੇ ਸੰਤ ਦਸਾਂ ਗੁਰੂਆਂ ਅਤੇ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਇਸ਼ਟ ਸਮਝਦੇ ਹਨ, ਪਰ ਇਸ ਦੇ ਨਾਲ ਹੀ ਹਰ ਨਿਰਮਲ ਸੰਤ ਉਸ ਮਹਾਪੁਰਸ਼ ਨੂੰ ਵੀ ਆਪਣਾ ਦੇਹਧਾਰੀ ਗੁਰੂ ਮੰਨਦਾ ਹੈ ਜਿਸ ਤੋਂ ਉਹ ਨਿਰਮਲ ਪੰਥ ਵਿਚ ਦੀਖਿਆ ਲੈਂਦਾ ਹੈ। ਅਜਿਹਾ ਗੁਰੂ ਆਮ ਤੌਰ ਤੇ ਕਿਸੇ ਡੇਰੇ ਦਾ ਮਹੰਤ ਹੁੰਦਾ ਹੈ। ਇਸ ਤਰ੍ਹਾਂ ਨਿਰਮਲੇ ਸਾਧਾਂ ਵਿਚ ਗੁਰੂ ਚੇਲੇ ਦੀ ਪਰੰਪਰਾ ਚਲਦੀ ਹੈ ਅਤੇ ਇਕ ਗੁਰੂ ਦੇ ਸਾਰੇ ਚੇਲੇ ਆਪਸ ਵਿਚ ਗੁਰਭਾਈ ਅਖਵਾਉਂਦੇ ਹਨ। ਗੁਰੂ ਦੀ ਮ੍ਰਿਤੂ ਉਪਰੰਤ ਉਸ ਦੀ ਗੱਦੀ ਵੱਡੇ ਚੇਲੇ ਜਾਂ ਉਸ ਦੇ ਅਯੋਗ ਹੋਣ ਦੀ ਸੂਰਤ ਵਿਚ ਕਿਸੇ ਹੋਰ ਚੇਲੇ ਨੂੰ ਦੇ ਦਿੱਤੀ ਜਾਂਦੀ ਹੈ। ਇਕ ਦੂਜੇ ਨੂੰ ਮਿਲਣ ਵੇਲੇ ਛੋਟਾ ਸੰਤ ਵੱਡੇ ਸੰਤ ਨੂੰ ਮੱਥਾ ਟੇਕਦਾ ਹੈ। ਡੇਰੇ ਦੀ ਸੰਪਤੀ ਦਾ ਅਧਿਕਾਰੀ ਗੱਦੀਦਾਰ ਮਹੰਤ ਹੀ ਹੁੰਦਾ ਹੈ। ਦੇਹਧਾਰੀ ਗੁਰੂ ਵਿਚ ਵਿਸ਼ਵਸ ਰੱਖਣ ਵਾਲੇ ਨਿਰਮਲੇ ਸੰਤਾਂ ਦੀ ਉਪਾਸਨਾ ਵਿਧੀ ਵਿਚ ਵੈਸ਼ਣਵ ਪੂਜਾ ਦੀ ਪਰੰਪਰਾ ਦੇ ਅਨੇਕ ਤੱਤ ਮਿਲ ਜਾਂਦੇ ਹਨ।

          ਆਮ ਤੌਰ ਤੇ ਨਿਰਮਲੇ ਸੰਤਾਂ ਦਾ ਪਹਿਰਾਵਾ ਤਿੰਨ ਪ੍ਰਕਾਰ ਦਾ ਹੁੰਦਾ ਹੈ। ਇਕ ਉਹ ਸੰਤ ਜੋ ਭਗਵੇ ਰੰਗ ਦੇ ਬਸਤਰ ਪਹਿਨਦੇ ਹਨ ਅਤੇ ਲੰਗੋਟੀ ਤੇ ਗਾਤੀ ਪਾਂਦੇ ਹਨ। ਦੂਜੇ ਉਹ ਜੋ ਬਸਤਰ ਤਾਂ ਸਾਰੇ ਚਿੱਟੇ ਰੰਗ ਦੇ ਧਾਰਣ ਕਰਦੇ ਹਨ ਪਰ ਪਗੜੀ ਭਗਵੇ ਰੰਗ ਦੀ ਬੰਨ੍ਹਦੇ ਹਨ। ਤੀਜੇ ਉਹ ਸੰਤ ਜਿਹੜੇ ਚਿੱਟੇ ਬਸਤਰ ਧਾਰਣ ਕਰਕੇ ਹਨ ਅਤੇ ਆਮ ਸਿੱਖਾਂ ਵਾਂਗ ਭੇਸ਼ ਰੱਖਦੇ ਹਨ। ਹਰ ਨਿਰਮਲੇ ਸੰਤ ਨੂੰ ਸਭ ਤੋਂ ਪਹਿਲਾਂ ਗੁਰਮੁਖੀ ਦੇ ਮਾਧਿਅਮ ਰਾਹੀਂ ਗੁਰਬਾਣੀ ਦਾ ਅਧਿਐਨ ਕਰਵਾਇਆ ਜਾਂਦਾ ਹੈ। ਉਸ ਪਿੱਛੋਂ ਉਹ ਸੰਸਕ੍ਰਿਤ ਦੇ ਗ੍ਰੰਥਾਂ ਦਾ ਅਧਿਐਨ ਕਰਦਾ ਹੈ। ਇਹ ਅਧਿਐਨ ਵੀ ਗੁਰਮੁਖੀ ਦੇ ਮਾਧਿਅਮ ਰਾਹੀਂ ਹੁੰਦਾ ਹੈ। ਨਿਰਮਲੇ ਸੰਤਾਂ ਲਈ ਗੁਰਮਤਿ ਦਾ ਪ੍ਰਚਾਰ ਕਰਨਾ ਲਾਜ਼ਮੀ ਹੈ। ਸਾਰੇ ਨਿਰਮਲ ਸੰਤ ਕੇਸ ਧਾਰਣ ਕਰਦੇ ਹਨ, ਬਿਨਾ ਕੇਸਾਂ ਦੇ ਇਸ ਸੰਪ੍ਰਦਾਇ ਵਿਚ ਕੋਈ ਦੀਖੀਅਤ ਨਹੀਂ ਹੋ ਸਕਦਾ। ਭਗਵੇ ਬਸਤਰ ਧਾਰਣ ਕਰਨ ਵਾਲਿਆਂ ਤੋਂ ਛੁੱਟ ਬਾਕੀ ਸਾਰੇ ਨਿਰਮਲੇ ਸੰਤਾਂ ਲਈ ਅੰਮ੍ਰਿਤ ਛਕਣਾ ਲਾਜ਼ਮੀ ਹੈ ਅਤੇ ਇਹ ਅੰਮ੍ਰਿਤ ਉਹ ਆਪਣੀ ਦੀਖਿਆ ਗੁਰੂ ਤੋਂ ਛਕਦੇ ਹਨ। ਵੱਖ ਵੱਖ ਦੇਹਧਾਰੀ ਨਿਰਮਲੇ ਗੁਰੂਆਂ ਦੀ ਅਧਿਕ ਪ੍ਰਸਿੱਧੀ ਕਰਦੇ ਇਸ ਸੰਪ੍ਰਦਾਇ ਦੇ ਅੰਤਰਗਤ ਅਨੇਕ ਉਪ–ਸੰਪ੍ਰਦਾਇ ਪ੍ਰਚੱਲਿਤ ਹੋ ਗਏ ਹਨ, ਜਿਨ੍ਹਾਂ ਦੀ ਗਿਣਤੀ ਮਹੰਤ ਗਣੇਸ਼ਾ ਸਿੰਘ ਅਨੁਸਾਰ 17 ਅਤੇ ਮਹੰਤ ਦਿਆਲ ਸਿੰਘ ਅਨੁਸਾਰ 33 ਹੈ ਅਤੇ ਇਨ੍ਹਾਂ ਉਪ–ਸੰਪ੍ਰਦਾਵਾਂ ਦਾ ਨਾਮਕਰਣ ਵਿਸ਼ੇਸ਼ ਥਾਂਵਾਂ, ਵਰਗਾਂ, ਮਹੰਤਾਂ ਆਦਿ ਦੇ ਨਾਵਾਂ ਦੇ ਆਧਾਰ ਤੇ ਹੋਇਆ ਹੈ। ਵਿਆਹ ਕਰਨਾ ਨਿਰਮਲੇ ਸੰਤਾਂ ਲਈ ਵਰਜਿਤ ਹੈ। ਸ਼ਾਦੀ ਕਰਨ ਉਪਰੰਤ ਨਿਰਮਲੇ ਸਾਧਾਂ ਨੂੰ ਭੇਖ ਤੋਂ ਵੱਖ ਹੋਣਾ ਪੈਂਦਾ ਹੈ, ਫਿਰ ਕਿਸੇ ਪ੍ਰਕਾਰ ਦੀ ਗੱਦੀ ਦੀ ਉਨ੍ਹਾਂ ਨੂੰ ਕੋਈ ਅਧਿਕਾਰ ਨਹੀਂ ਹੁੰਦਾ। ਪਰ ਹੁਣ ਇਸ ਪਾਬੰਦੀ ਵੱਲ ਕਠੋਰਤਾ–ਪੂਰਵਕ ਧਿਆਨ ਨਹੀਂ ਦਿੱਤਾ ਜਾਂਦਾ।

          ਹੋਰਨਾਂ ਮੱਤਾਂ ਦੁਆਰਾ ਹਿੰਦੂ ਤੀਰਥਾਂ ਉੱਤੇ ‘ਅਖਾੜੇ’ (ਦੇਖੋ) ਕਾਇਮ ਕਰਨ ਦੀ ਪਿਰਤ ਪੈਣ ਤੇ ਪਟਿਆਲਾ ਦੇ ਮਹਾਰਾਜਾ ਨਰਿੰਦਰ ਸਿੰਘ ਨੇ 1861 ਈ. (1918 ਬਿ.) ਵਿਚ ਪਟਿਆਲੇ ਵਿਚ ਧਰਮ ਪੂਜਾ ਅਖਾੜਾ ਸਥਾਪਤ ਕੀਤਾ ਅਤੇ ਇਸ ਦੇ ਪਹਿਲੇ ਮਹੰਤ ਭਾਈ ਮਹਿਤਾਬ ਸਿੰਘ ਥਾਪੇ ਗਏ। ਬਾਅਦ ਵਿਚ ਇਸ ਅਖਾੜੇ ਦਾ ਮੁੱਖ ਕੇਂਦਰ ਕੰਖਲ (ਹਰਦਵਾਰ) ਵਿਚ ਕਾਇਮ ਕਰ ਦਿੱਤਾ ਗਿਆ। ਸਿੱਖ ਰਿਆਸਤਾਂ ਵਿਚ ਜਿਤਨੇ ਨਿਰਮਲ ਡੇਰੇ ਹਨ, ਲਗਭਗ ਉਨ੍ਹਾਂ ਸਾਰਿਆਂ ਦਾ ਅਧਿਕਾਰ ਨਿਰਮਲ ਪੰਚਾਇਤੀ ਅਖਾੜੇ ਅਧੀਨ ਹੈ। ਇਸ ਅਖਾੜੇ ਦੀਆਂ 30 ਵਿਧਾਨਿਕ ਮਦਾਂ ਹਨ। ਅੱਜ ਕੱਲ੍ਹ ਪੰਚਾਇਤੀ ਅਖਾੜੇ ਦੇ ਮੁੱਖੀ ਮਹੰਤ ਸੁੱਚਾ ਸਿੰਘ ਜੀ ਹਨ।

          ਸਿੱਖ ਧਰਮ ਦੇ ਪ੍ਰਚਾਰ ਅਤੇ ਪ੍ਰਸਾਰ ਵਿਚ ਨਿਰਮਲੇ ਸੰਤਾਂ ਦੀ ਦੇਣ ਇਤਿਹਾਸਕ ਅਤੇ ਅਦੁੱਤੀ ਹੈ। ਨਿਸ਼ਠਾ–ਪੂਰਣ ਨਿਰੰਤਰ ਪ੍ਰਚਾਰ ਰਾਹੀਂ ਇਨ੍ਹਾਂ ਸੰਤਾਂ ਨੇ ਹੋਰਨਾਂ ਸਿੱਖ ਸੰਪ੍ਰਦਾਵਾਂ ਨਾਲੋਂ ਪ੍ਰਚਾਰ ਵਿਚ ਕਿਤੇ ਅਧਿਕ ਸਫਲਤਾ ਪ੍ਰਾਪਤ ਕੀਤੀ ਹੈ। ਇਨ੍ਹਾਂ ਨੇ ਪ੍ਰਚਾਰ ਲਈ ਵਿੱਦਿਆ ਮੰਡਲੀਆਂ, ਰਮਤੇ ਦਲ, ਸ਼ਾਸਤ੍ਰਾਰਥ ਅਤੇ ਧਰਮ ਪੁਸਤਕਾਂ ਦੇ ਪ੍ਰਕਾਸ਼ਣ ਦੀ ਵਿਵਸਥਾ ਕੀਤੀ ਹੈ। ਇਸ ਤੋਂ ਇਲਾਵਾ ਇਤਿਹਾਸਕ ਗੁਰੂ–ਧਾਮਾ, ਡੇਰਿਆਂ ਅਤੇ ਮੱਠਾ ਦੀ ਉਸਾਰੀ ਦੁਆਰਾ ਵੀ ਕਾਫ਼ੀ ਪ੍ਰਚਾਰ ਹੋਇਆ ਹੈ। ਖ਼ਾਸ ਤੌਰ ਤੇ ਇਨ੍ਹਾਂ ਨੇ ਭਾਰਤਵਰਸ਼ ਵਿਚ ਪ੍ਰਸਿੱਧ ਤੀਰਥ ਸਥਾਨਾਂ ਉੱਤੇ ਗੁਰਦਵਾਰਿਆਂ ਦਾ ਨਿਰਮਾਣ ਕਰਕੇ ਸਿੱਖ ਧਰਮ ਨੂੰ ਉਜਾਗਰ ਕੀਤਾ ਹੈ। ਧਰਮ ਪ੍ਰਚਾਰ ਲਈ ਇਨ੍ਹਾਂ ਦਾ ਇਕ ਹੋਰ ਸਾਧਨ ਵੈਦਗੀ ਜਾਂ ਹਿਕਮਤ ਕਰਨਾ ਹੈ। ਦਵਾਦਾਰੂ ਦੇ ਕੇ ਇਹ ਲੋਕਾਂ ਨੂੰ ਸ਼ਰਧਾਲੂ ਬਣਾ ਲੈਂਦੇ ਹਨ ਅਤੇ ਸਵੱਛ ਵਿਅਕਤਿਤੱਵ ਦੇ ਪ੍ਰਭਾਵ ਅਧੀਨ ਜਨਤਾ ਦੇ ਪੱਥ–ਪ੍ਰਦਰਸ਼ਕ, ਧਾਰਮਿਕ ਆਗੂ ਅਤੇ ਸਲਾਹਕਾਰ ਬਣ ਕੇ ਅਤੇ ਉਨ੍ਹਾਂ ਨੂੰ ਸਿੱਖ ਮੱਤ ਦੀ ਉੱਚਤਾ ਦਰਸਾ ਕੇ ਇਸ ਧਰਮ ਨੂੰ ਗ੍ਰਹਿਣ ਕਰਨ ਲਈ ਪ੍ਰੇਰਿਤ ਕਰਦੇ ਹਨ। ਇਨ੍ਹਾਂ ਨੇ ਅਨੇਕ ਪਾਠੀ ਵੀ ਪੈਦਾ ਕੀਤੇ ਹਨ। ਗੁਰਬਾਣੀ ਦੀ ਵਿਆਖਿਆ ਕਰਦੇ ਹੋਏ ਹਿੰਦੂ ਧਰਮ ਗ੍ਰੰਥਾਂ ਤੋਂ ਉਦਾਹਰਣ ਪੇਸ਼ ਕਰਕੇ ਸਹਿਜ–ਧਾਰੀ ਲੋਕਾਂ ਨੂੰ ਸਿੱਖ ਧਰਮ ਵੱਲ ਪ੍ਰੇਰਦੇ ਹਨ ਅਤੇ ਸਿੱਖ ਧਰਮ ਦੀ ਭਾਰਤੀ ਵਿਰਸੇ ਨਾਲ ਸਾਂਝ ਦਰਸਾ ਕੇ ਇਸ ਨੂੰ ਗ੍ਰਹਿਣ ਕਰਨ ਯੋਗ ਬਣਾਂਦੇ ਹਨ। ਇਨ੍ਹਾਂ ਸਾਧਾਂ ਨੇ ਸ਼ਰਧਾਲੂਆਂ ਦੇ ਵਿਸ਼ਵਾਸ ਨੂੰ ਜਿੱਤ ਕੇ ਉਨ੍ਹਾਂ ਦੇ ਮਨ ਨੂੰ ਗੁਰਮਤਿ ਸਾਧਨਾ ਪੱਧਤੀ ਨਾਲ ਜੋੜੀ ਰੱਖਿਆ ਹੈ। ਪਰ ਇਨ੍ਹਾਂ ਵਿਚ ਧਰਮ ਤੋਂ ਕੁਰਬਾਨ ਹੋਣਾ ਅਤੇ ਜੁਝਾਰੂ ਰੁਚੀ ਅਪਣਾ ਕੇ ਧਰਮਯੁੱਧ ਲਈ ਨਿਤਰਨਾ ਸੰਭਵ ਨਹੀਂ ਹੈ। ਗੁਰਦੁਆਰਾ ਸੁਧਾਰ ਦੇ ਅੰਦੋਲਨ ਵੇਲੇ ਨਿਰਮਲ ਸੰਤਾਂ ਨੇ ਵਿਸ਼ੇਸ਼ ਯੋਗਦਾਨ ਦਿੱਤਾ ਹੈ।

          ਸਾਹਿੱਤ ਦੇ ਖੇਤਰ ਵਿਚ ਨਿਰਮਲ ਸੰਤਾਂ ਦੀ ਸਥਾਈ ਦੇਣ ਹੈ। ਕਿਉਂਕਿ ਸਿੱਖ ਧਰਮ ਦੇ ਇਤਿਹਾਸਾਂ ਅਤੇ ਧਾਰਮਿਕ ਗ੍ਰੰਥਾਂ ਨੂੰ ਪੜ੍ਹਨਾ ਪੜ੍ਹਾਉਣਾ ਇਨ੍ਹਾਂ ਦਾ ਸੰਸਥਾਗਤ ਉਦੇਸ਼ ਸੀ, ਇਸ ਲਈ ਇਨ੍ਹਾਂ ਨੂੰ ਬਹੁਤ ਸਾਰੀਆਂ ਪੁਸਤਕਾਂ ਰਚਣੀਆਂ ਪਈਆਂ। ਸਾਹਿਤਿਕ ਪੁਸਤਕਾਂ ਨੂੰ ਮੁੱਲ ਵੇਚਣਾ ਜਾਂ ਕੁਪਾਤਰ ਨੂੰ ਮੁਫ਼ਤ ਦੇਣਾ ਨਿਰਮਲ ਸੰਤ ਪਸੰਦ ਨਹੀਂ ਕਰਦੇ। ਸਾਹਿੱਤ ਦੇ ਰਚੈਤਾ ਸੰਤਾਂ ਵਿਚ ਪੰਡਿਤ ਗ਼ੁਲਾਬ ਸਿੰਘ, ਪੰਡਿਤ ਤਾਰਾ ਸਿੰਘ ਨਰੋਤਮ, ਸੰਤ ਨਿਹਾਲ ਸਿੰਘ, ਗਿਆਨੀ ਗਿਆਨ ਸਿੰਘ, ਪੰਡਿਤ ਬਾਬਾ ਨਾਨੂ ਸਿੰਘ, ਮਹੰਤ ਗਣੇਸ਼ਾ ਸਿੰਘ, ਪੰਡਿਤ ਨਰੈਣ ਮਜ਼ੰਗਾਂ ਵਾਲੇ ਦੇ ਨਾਮ ਵਿਸ਼ੇਸ਼ ਉਲੇਖ–ਯੋਗ ਹਨ। ਇਨ੍ਹਾਂ ਸੰਤਾਂ ਨੇ ਸੰਸਕ੍ਰਿਤ ਦੇ ਅਨੇਕ ਗ੍ਰੰਥਾਂ ਦਾ ਗੁਰਮੁਖੀ ਲਿਪੀ ਰਾਹੀਂ ਹਿੰਦਵੀ ਵਿਚ ਅਨੁਵਾਦ ਵੀ ਕੀਤਾ। ਇਨ੍ਹਾਂ ਅਨੁਵਾਦਾਂ ਦੇ ਦੋ ਮਨੋਰਥ ਸਨ ਇਕ ਤਾਂ ਪੰਜਾਬੀ ਪਾਠਕਾਂ ਨੂੰ ਸੰਸਕ੍ਰਿਤ ਦਾ ਗਿਆਨ ਕਰਵਾਉਣਾ ਅਤੇ ਦੂਜਾ ਨਿਰਮਲ ਚੇਲਿਆਂ ਲਈ ਪਾਠ ਪੁਸਤਕਾਂ ਤਿਆਰ ਕਰਵਾਉਣਾ। ਪਤ੍ਰਿਕਾਵਾਂ ਰਾਹੀਂ ਆਪਣਾ ਸੰਦੇਸ਼ ਸ਼ਰਧਾਲੂਆਂ ਅਤੇ ਜਿਗਿਆਸੂਆਂ ਤਕ ਪਹੁੰਚਾਣ ਲਈ ਨਿਰਮਲ ਸੰਤਾਂ ਨੇ ਪਹਿਲ ਕੀਤੀ। ਸੰਨ 1914 ਈ. ਵਿਚ ‘ਨਿਰਮਲ ਪਤ੍ਰਿਕਾ’ ਸ਼ੁਰੂ ਕੀਤੀ ਗਈ ਸੀ। ਇਨ੍ਹਾਂ ਸੰਤਾਂ ਦੇ ਰਚੇ ਸਾਹਿੱਤ ਵਿਚ ਹਿੰਦਵੀ ਅਤੇ ਪੰਜਾਬੀ ਦੋਹਾਂ ਭਾਸ਼ਾਵਾਂ ਦੇ ਰਲੇ ਮਿਲੇ ਰੂਪ ਦੇ ਦਰਸ਼ਨ ਹੁੰਦੇ ਹਨ। ਇਨ੍ਹਾਂ ਦਾ ਸਾਰਾ ਸਾਹਿੱਤ ਗੁਰਮੁਖੀ ਲਿਪੀ ਵਿਚ ਹੈ। ਕੁਝ ਵਿਦਵਾਨਾਂ ਨੇ ਸੰਸਕ੍ਰਿਤ ਵਿਚ ਵੀ ਮੌਲਿਕ ਪੁਸਤਕਾਂ ਲਿਖੀਆਂ ਪਰ ਲਿਪੀ ਅਧਿਕਤਰ ਗੁਰਮੁਖੀ ਹੀ ਰੱਖੀ। ਇਹ ਸਾਹਿੱਤ ਗੱਦ, ਪੱਦ ਅਤੇ ਗੱਦਪਦ ਮਿਸ਼ਰਿਤ ਤਿੰਨਾਂ ਰੂਪਾਂ ਵਿਚ ਮਿਲਦਾ ਹੈ। ਗੱਦ ਅਧਿਕਤਰ ਤਾਰਕਿਕ ਅਤੇ ਉਪਦੇਸ਼ਾਤਮਕ ਸ਼ੈਲੀ ਵਿਚ ਹੈ। ਹਿੰਦਵੀ ਪ੍ਰਭਾਵਿਤ ਪੰਜਾਬੀ ਵਾਰਤਕ ਇਨ੍ਹਾਂ ਨੇ ਬਹੁਤ ਲਿਖੀ ਹੈ।

          [ਸਹਾ. ਗ੍ਰੰਥ––ਮ. ਕੋ.; ਡਾ. ਹਰਿਭਜਨ ਸਿੰਘ : ‘ਗੁਰਮੁਖੀ ਲਿਪੀ ਮੇਂ ਹਿੰਦੀ ਕਾਵੑਯ’ (ਹਿੰਦੀ); ਡਾ. ਰਤਨ      ਸਿੰਘ ਜੱਗੀ : ‘ਸਾਹਿੱਤ ਸੌਰਭ’] 


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 2049, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-14, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.