ਨਿੱਤਨੇਮ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।
ਨਿੱਤਨੇਮ. ਦੇਖੋ, ਨਿਤ੍ਯਨੇਮ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9311, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no
ਨਿੱਤਨੇਮ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਨਿੱਤਨੇਮ: ਇਸ ਤੋਂ ਭਾਵ ਹੈ ਨਿੱਤ (ਹਰ ਰੋਜ਼) ਧਰਮ ਅਨੁਸਾਰ ਕਰਨ ਯੋਗ ਕਰਮ ਦਾ ਨਿਯਮ। ਲਗਭਗ ਹਰ ਇਕ ਧਰਮ ਵਿਚ ਨਿੱਤ ਕਰਨ ਯੋਗ ਕੰਮਾਂ ਬਾਰੇ ਨਿਯਮ ਬਣੇ ਹੋਏ ਹਨ। ਸਿੱਖ ਧਰਮ ਵਿਚ ਵੀ ਇਸ ਪ੍ਰਕਾਰ ਦੀ ਮਰਯਾਦਾ ਥਾਪੀ ਗਈ ਹੈ। ਗੁਰੂ ਰਾਮਦਾਸ ਜੀ ਨੇ ਗਉੜੀ ਦੀ ਵਾਰ ਵਿਚ ਬੜੇ ਸਪੱਸ਼ਟ ਢੰਗ ਨਾਲ ਸਥਾਪਨਾ ਕੀਤੀ ਹੈ—ਗੁਰ ਸਤਿਗੁਰ ਕਾ ਜੋ ਸਿਖੁ ਅਖਾਏ ਸੁ ਭਲਕੇ ਉਠਿ ਹਰਿਨਾਮੁ ਧਿਆਵੈ। ਉਦਮੁ ਕਰੇ ਭਲਕੇ ਪਰਭਾਤੀ ਇਸਨਾਨ ਕਰੇ ਅੰਮ੍ਰਿਤਸਰਿ ਨਾਵੈ। ਉਪਦੇਸਿ ਗੁਰੂ ਹਰਿ ਹਰਿ ਜਪੁ ਜਾਪੈ ਸਭਿ ਕਿਲਵਿਖ ਪਾਪ ਦੋਖ ਲਹਿ ਜਾਵੈ। ਫਿਰਿ ਚੜੈ ਦਿਵਸੁ ਗੁਰਬਾਣੀ ਗਾਵੈ ਬਹਦਿਆ ਉਠਦਿਆ ਹਰਿਨਾਮੁ ਧਿਆਵੈ। ਜੋ ਸਾਸਿ ਗਿਰਾਸਿ ਧਿਆਏ ਮੇਰਾ ਹਰਿ ਹਰਿ ਸੋ ਗੁਰਸਿਖੁ ਗੁਰੂ ਮਨਿ ਭਾਵੈ। (ਗੁ.ਗ੍ਰੰ.305)।
ਭਾਈ ਗੁਰਦਾਸ ਨੇ ਵੀ ਗੁਰਸਿੱਖ ਦੀ ਨਿੱਤ- ਕ੍ਰਿਆ ਉਤੇ ਪ੍ਰਕਾਸ਼ ਪਾਉਂਦੇ ਹੋਇਆਂ ਛੇਵੀਂ ਵਾਰ ਵਿਚ ਅੰਕਿਤ ਕੀਤਾ ਹੈ—ਅੰਮ੍ਰਿਤ ਵੇਲੇ ਉਠਿ ਕੈ ਜਾਇ ਅੰਦਰਿ ਦਰੀਆਉ ਨ੍ਹਵੰਦੇ। ਸਹਿਜ ਸਮਾਧਿ ਅਗਾਧਿ ਵਿਚਿ ਇਕ ਮਨਿ ਹੋਇ ਗੁਰ ਜਾਪੁ ਜਪੰਦੇ। ਮਥੈ ਟਿਕੇ ਲਾਲ ਲਾਇ ਸਾਧ ਸੰਗਤਿ ਚਲਿ ਜਾਇ ਬਹੰਦੇ। ਸਬਦੁ ਸੁਰਤਿ ਲਿਵਲੀਣੁ ਹੋਇ ਸਤਿਗੁਰ ਬਾਣੀ ਗਾਇ ਸੁਣੰਦੇ। ਭਾਇ ਭਗਤਿ ਭੈ ਵਰਤਮਾਨ ਗੁਰ ਸੇਵਾ ਗੁਰਪੁਰਬ ਕਰੰਦੇ। ਸੰਞੈ ਸੋਦਰੁ ਗਾਵਣਾ ਮਨ ਮੇਲੀ ਕਰਿ ਮੇਲਿ ਮਿਲੰਦੇ। ਰਾਤੀ ਕੀਰਤਿ ਸੋਹਿਲਾ ਕਰਿ ਆਰਤੀ ਪਰਸਾਦੁ ਵੰਡੰਦੇ। ਗੁਰਮੁਖਿ ਸੁਖ ਫਲੁ ਪਿਰਮ ਚਖੰਦੇ।੩।
ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਿਦਕੀ ਸਿੱਖ ਭਾਈ ਨੰਦ ਲਾਲ ਨੇ ਆਪਣੇ ਪ੍ਰਸ਼ਨੋਤਰੀ ਰਹਿਤਨਾਮੇ ਵਿਚ ਲਿਖਿਆ ਹੈ—ਗੁਰੁਸਿਖ ਰਹਤ ਸੁਨਹੁ ਹੇ ਮੀਤ। ਪਰਭਾਤੇ ਉਠਿ ਕਰ ਹਿਤ ਚੀਤ। ਵਾਹਗੁਰੂ ਗੁਰੁਮੰਤ੍ਰ ਸੁ ਜਾਪ। ਕਰਿ ਇਸਨਾਨ ਪੜ੍ਹੈ ਜਪੁ ਜਾਪੁ। ਸੰਧਯਾ ਸਮੇ ਸੁਨੇ ਰਹਰਾਸਿ। ਕੀਰਤਨ ਕਥਾ ਸੁਨੇ ਹਰਿਯਾਸ। ਇਨ ਮੇ ਨੇਮ ਜੁ ਏਕ ਕਰਾਇ। ਸੋ ਸਿਖ ਅਮਰ ਪੁਰੀ ਮੇ ਜਾਇ।
ਹੋਰ ਵੀ ਕਈਆਂ ਰਹਿਨਾਮਿਆਂ ਵਿਚ ਵੀ ਇਸ ਨਾਲ ਮਿਲਦੇ ਜੁਲਦੇ ਨੇਮਾਂ ਦਾ ਵਿਵਰਣ ਮਿਲ ਜਾਂਦਾ ਹੈ। ਭਾਈ ਮਨੀ ਸਿੰਘ ਵਾਲੀ ਜਨਮਸਾਖੀ ਵਿਚ ਕਰਤਾਰਪੁਰ ਵਿਚਲੇ ਨਿੱਤ-ਕਰਮ ਬਾਰੇ ਲਿਖਿਆ ਹੈ—ਕਰਤਾਰਪੁਰ ਵਿਚ ਅੰਮ੍ਰਿਤ ਵੇਲੇ ਸਵਾ ਪਹਿਰ ਦਿਨ ਚੜ੍ਹਦਿਆਂ ਤੀਕਰ ਬਾਣੀ ਦੀ ਚਰਚਾ ਹੋਵੇ, ਉਪਰੰਤ ਕੀਰਤਨ ਹੋਵੇ, ਫੇਰ ਆਰਤੀ ਪੜ੍ਹੀਏ, ਤੀਸਰੇ ਪਹਿਰ ਕੀਰਤਨ ਕਰੀਏ, ਸੰਧਿਆ ਨੂੰ ਰਹਰਾਸਿ ਪੜ੍ਹੀਏ, ਫੇਰ ਕੀਰਤਨ ਗਾਵੀਏ ਅਤੇ ਪਹਿਰ ਰਾਤ ਗਈ ਸੋਹਿਲਾ ਪੜ੍ਹੀਏ ਅਰ ਫੇਰ ਪਿਛਲੀ ਰਾਤ ਜਪੁ ਪੜ੍ਹੀਏ ਅਰ ਆਸਾ ਦੀ ਵਾਰ ਪੜ੍ਹੀਏ।
ਭਾਈ ਕਾਨ੍ਹ ਸਿੰਘ ਨੇ ਸਾਰਿਆਂ ਰਹਿਤਨਾਮਿਆਂ ਅਤੇ ਰਹਿਤਨਾਮਾ-ਨੁਮਾ ਰਚਨਾਵਾਂ ਦੇ ਆਧਾਰ’ਤੇ ਸਾਰਾਂਸ਼ ਰੂਪ ਵਿਚ ‘ਗੁਰਮਤ ਮਾਰਤੰਡ ’ ਵਿਚ ‘ਨਿੱਤ ਨੇਮ’ ਬਾਰੇ ਇਸ ਤਰ੍ਹਾਂ ਅੰਕਿਤ ਕੀਤਾ ਹੈ—ਦਾਤਨ ਸਨਾਨ ਆਦਿ ਦ੍ਵਾਰਾ ਸਰੀਰ ਦੀ ਸ਼ੁੱਧੀ ਕਰਕੇ ਵਾਹਗੁਰੂ ਦਾ ਸਿਮਰਣ ਕਰਨਾ। ਜਪੁ, ਜਾਪੁ, ਅਨੰਦੁ, ਸਵੈਯੇ, ਚੌਪਈ ਦਾ ਪਾਠ ਕਰਨਾ, ਵਿਦਯਾ ਦਾ ਅਭੑਯਾਸ ਕਰਨਾ ਅਤੇ ਨਿਰਵਾਹ ਲਈ ਕਿਰਤ ਕਮਾਈ ਕਰਨੀ, ਸੰਝ ਵੇਲੇ ਰਹਰਾਸਿ ਅਤੇ ਸੌਣ ਵੇਲੇ ਸੋਹਿਲਾ ਪੜ੍ਹਨਾ।
ਸਪੱਸ਼ਟ ਹੈ ਕਿ ਨਿੱਤ-ਨੇਮ ਦੇ ਪੰਜ ਪੜਾ ਹਨ। ਇਕ, ਸਵੇਰ ਵੇਲੇ ਉਠ ਕੇ ਜੰਗਲ ਪਾਣੀ ਜਾਣਾ ਅਤੇ ਇਸ਼ਨਾਨ ਕਰਨਾ; ਦੂਜਾ , ਬਾਣੀ (ਜਪੁ, ਜਾਪੁ, ਅਨੰਦੁ , ਸਵੈਯੇ ਅਤੇ ਚੌਪਈ) ਦਾ ਪਾਠ ਕਰਨਾ; ਤੀਜਾ, ਰੋਜ਼ਗਾਰ , ਪੜ੍ਹਾਈ, ਨੌਕਰੀ ਜਾਂ ਹੋਰ ਕਿਸੇ ਕਿਸਮ ਦੀ ਕਿਰਤ ਕਰਨਾ; ਚੌਥਾ , ਸ਼ਾਮ ਵੇਲੇ ਰਹਿਰਾਸ ਸਾਹਿਬ ਦਾ ਪਾਠ ਕਰਨਾ; ਪੰਜਵਾਂ, ਰਾਤ ਨੂੰ ਸੌਣ ਤੋਂ ਪਹਿਲਾਂ ਕੀਰਤਨ ਸੋਹਿਲਾ ਪੜ੍ਹਨਾ। ਪਾਠ ਲਈ ਬਾਣੀਆਂ ਸੰਬੰਧੀ ਕੋਈ ਪੱਕਾ ਨਿਯਮ ਨਹੀਂ। ਆਸਾ ਦੀ ਵਾਰ , ਸੁਖਮਨੀ , ਚੰਡੀ ਦੀ ਵਾਰ ਆਦਿ ਬਾਣੀਆਂ ਵੀ ਸ਼ਾਮਲ ਕਰ ਲਈਆਂ ਜਾਂਦੀਆਂ ਹਨ। ਗੁਰਦੁਆਰੇ ਜਾ ਕੇ ਸੰਗਤ ਵਿਚ ਹਾਜ਼ਰੀ ਭਰਨੀ ਅਤੇ ਕਥਾ- ਕੀਰਤਨ ਸੁਣਨਾ ਵੀ ਗੁਰਸਿੱਖਾਂ ਲਈ ਜ਼ਰੂਰੀ ਦਸਿਆ ਗਿਆ ਹੈ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9289, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First