ਨੀਸਾਣ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਨੀਸਾਣ. ਦੇਖੋ, ਨਿਸਾਨ। ੨ ਅਰ. ਲੇਖ। ੩ ਸਹੀ. ਦਸ੍ਤਖ਼ਤ. “ਧਰਮ ਦਲਾਲ ਪਾਏ ਨੀਸਾਣ.” (ਮ: ੧ ਵਾਰ ਸੂਹੀ) ੪ ਨਗਾਰਾ. ਧੌਂਸਾ. “ਧੁਨਿ ਉਪਜੈ ਸਬਦ ਨੀਸਾਣ.” (ਸ੍ਰੀ ਮ: ੧) ੫ ਦੇਖੋ, ਨੀਸਾਣੁ ਅਤੇ ਨੀਸਾਨ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4891, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no
ਨੀਸਾਣ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਨੀਸਾਣ: ਗੁਰੂ ਗ੍ਰੰਥ ਸਾਹਿਬ ਦੀਆਂ ਪੁਰਾਤਨ ਬੀੜਾਂ ਦੇ ਦਰਸ਼ਨ ਕਰਨ’ਤੇ ਪਤਾ ਚਲਦਾ ਹੈ ਕਿ ਕੋਈ ਬੀੜ ਲਿਖਣੀ ਸ਼ੁਰੂ ਕਰਨ ਵੇਲੇ ਲਿਖਾਰੀ ਅਸੀਸ ਵਜੋਂ ਉਸ ਸਮੇਂ ਦੇ ਗੁਰੂ ਸਾਹਿਬ ਤੋਂ ਮੂਲ-ਮੰਤ੍ਰ ਆਦਿ ਲਿਖਵਾ ਲੈਂਦੇ ਸਨ। ਇਹ ਇਕ ਪ੍ਰਕਾਰ ਦਾ ਅਸੀਸ-ਚਿੰਨ੍ਹ ਜਾਂ ਨਿਸ਼ਾਨ ਸਮਝਿਆ ਜਾਂਦਾ ਸੀ। ਬਾਦ ਵਿਚ ਇਹੀ ‘ਨੀਸਾਣ’ ਰੂਪ ਵਿਚ ਪ੍ਰਚਲਿਤ ਹੋਇਆ। ਹੁਕਮਨਾਮਿਆਂ ਉਤੇ ਗੁਰੂ ਸਾਹਿਬਾਨ ਦੇ ਲਿਖੇ ਅੰਸ਼ਾਂ ਨੂੰ ਵੀ ‘ਨੀਸਾਣ’ ਕਿਹਾ ਜਾਣ ਲਗਿਆ।
ਗੁਰੂ ਗ੍ਰੰਥ ਸਾਹਿਬ ਦੀ ਆਦਿ-ਬੀੜ (ਕਰਤਾਰਪੁਰੀ ਬੀੜ) ਦੇ ਆਰੰਭ ਵਿਚ ਲਿਖਿਆ ਹੈ—ਨੀਸਾਣੁ ਗੁਰੂ ਜੀਉ ਕੇ ਦਸਖਤ ਮ. ੫ ਜਪੁ ਗੁਰੂ ਰਾਮਦਾਸ ਜੀਉ ਕਿਆ ਦਸਖਤਾ ਕਾ ਨਕਲੁ। ਭਾਈ ਬੰਨੋ ਵਾਲੀ ਬੀੜ ਵਿਚ ਲਿਖਿਆ ਹੈ—ਸੰਬਤੁ 1659 ਮਿਤੀ ਅਸੂ ਵਦੀ ਏਕਮ ਪੋਥੀ ਲਿਖਿ ਪਹੁਚੇ ਨੀਸਾਣੁ ਗੁਰੂ ਜੀਉ ਦੇ ਦਸਤਖ ਮਹਲਾ ੬ ਜਪੁ ਗੁਰੂ ਰਾਮ ਦਾਸ ਜੀਉ ਕੇ ਨਕਲ ਕਾ ਨਕਲੁ।
ਉਪਰੋਕਤ ਪੁਰਾਤਨ ਬੀੜਾਂ ਤੋਂ ਨਕਲ ਹੋਈਆਂ ਕਈ ਬੀੜਾਂ ਦੇ ਸੂਚੀ-ਪਤ੍ਰਾਂ (ਤਤਕਰਿਆਂ) ਵਿਚ ‘ਜਪੁ ’ ਦੇ ਨਾਲ ‘ਨੀਸਾਣੁ ’ ਸ਼ਬਦ ਵੀ ਲਿਖਿਆ ਮਿਲਦਾ ਹੈ। ‘ਜਪੁ’ ਤਾਂ ਸਿਧਾ ਬਾਣੀ ਦਾ ਨਾਂ ਹੈ, ਪਰ ‘ਜਪੁ ਨੀਸਾਣੁ’ ਕੀ ਹੈ ? ਇਸ ਦੀਆਂ ਦੋ ਵਿਆਖਿਆਵਾਂ ਕੀਤੀਆਂ ਗਈਆਂ ਹਨ। ਪਹਿਲੀ ਇਹ ਕਿ ਬੀੜ ਦਾ ਉਤਾਰਾ ਕਰਨ ਵਾਲੇ ਨੇ ‘ਜਪੁ’ ਬਾਣੀ ਉਸ ਗ੍ਰੰਥ ਤੋਂ ਨਕਲ ਕੀਤੀ ਜਿਸ ਵਿਚ ਗੁਰੂ ਜੀ ਦੇ ‘ਨੀਸਾਣੁ’ ਸਨ। ਨਕਲ ਕਰਨ ਵਾਲੇ ਨੇ ਇਹ ਜ਼ਾਹਿਰ ਕਰਨ ਲਈ ਕਿ ਇਹ ‘ਜਪੁ’ ਕਿਸੇ ਨੀਸਾਣੁ ਵਾਲੇ ਗ੍ਰੰਥ ਤੋਂ ਆਇਆ ਹੈ, ‘ਜਪੁ’ ਦੇ ਨਾਲ ‘ਨੀਸਾਣੁ’ ਸ਼ਬਦ ਵੀ ਲਿਖ ਦਿੱਤਾ।
ਦੂਸਰੀ ਵਿਆਖਿਆ ਇਸ ਬਾਣੀ ਦੇ ਮਹੱਤਵ ਵਲ ਸੰਕੇਤ ਕਰਦੀ ਹੈ ਜੋ ਗੁਰੂ ਘਰ ਵਿਚ ਇਸ ਨੂੰ ਪ੍ਰਾਪਤ ਹੈ। ਸੋਢੀ ਮਿਹਰਬਾਨ ਦੇ ਨਾਂ ਤੇ ਮਿਲਦੀ ‘‘ਜਨਮਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ’’ ਦੀ ‘ਹਰਿਜੀ ਪੋਥੀ ’ (ਪੰਨਾ 259) ਵਿਚ ‘ਜਪੁ ਮਹਾਤਮ’ ਵਾਲੀ ਗੋਸਟਿ ਵਿਚ ਆਇਆ ਹੈ ਕਿ ਜਦੋਂ ‘ਜਪੁ’ ਰਚਿਆ ਗਇਆ ਤਾਂ ਗੁਰੂ ਬਾਬੇ ਨੇ ਗੁਰੂ ਅੰਗਦ ਨੂੰ ਉਸ ਦਾ ਮਹਾਤਮ ਦਸਦਿਆਂ ਫੁਰਮਾਇਆ, (ਪੁਰਖਾ ਅੰਗਦਾ) ਮੈ ਥੀ ਪਿਛਲਾ ਜਿ ਕੋਈ ਇਹੁ ਜਪੁ ਪੜੈ ਸੁ ਮੈਨੂੰ ਸਮਾਏ ਹੋਏ ਨੂੰ ਆਏ ਮਿਲੇ। ... ਪਰ ਪੁਰਖਾ, ਬਿਨਾ ਜਪੁ ਜਪੇ ਤੇ, ਮੈ ਪਾਸਿ ਆਵਨਾ ਨ ਮਿਲੀਓ। ਦਰਗਹ ਪਰਮੇਸੁਰ ਕੀ ਮਹਿ ਜਿਸੁ ਪਾਸਿ ਮੇਰਾ ਜਪੁ ਨੀਸਾਣ ਹੋਵੈਗਾ ਸੁ ਮੈ ਪਾਸਿ ਆਵੈਗਾ... ਮੁਕਤ ਹੋਇਗਾ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4869, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First