ਪਰਾਣਤਾ ਸਰੋਤ :
ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼
ਪਰਾਣਤਾ: ਇਸ ਸੰਕਲਪ ਦੀ ਵਰਤੋਂ ਧੁਨੀ ਵਿਗਿਆਨ ਵਿਚ ਧੁਨੀਆਂ ਦੀ ਵਰਗ-ਵੰਡ ਲਈ ਕੀਤੀ ਜਾਂਦੀ ਹੈ। ਪਰਾਣਤਾ ਦਾ ਸਬੰਧ ਫੇਫੜਿਆਂ ਦੀ ਵਾਯੂਧਾਰਾ ਨਾਲ ਹੈ। ਫੇਫੜਿਆਂ ਵਿਚੋਂ ਹਵਾ ਬਾਹਰ ਅਤੇ ਅੰਦਰ ਵਲ ਚਲਦੀ ਰਹਿੰਦੀ ਹੈ। ਬਾਹਰ ਵਲ ਹਵਾ ਨਿਕਲਣ ਨਾਲ ਪੈਦਾ ਹੋਈਆਂ ਧੁਨੀਆਂ ਨੂੰ ਨਿਵੇਸ਼ੀ ਧੁਨੀਆਂ ਅਤੇ ਅੰਦਰ ਵਲ ਆਉਣ ਵਾਲੀ ਹਵਾ ਨਾਲ ਪੈਦਾ ਹੋਈਆਂ ਧੁਨੀਆਂ ਨੂੰ ਪਰਵੇਸ਼ੀ ਧੁਨੀਆਂ ਕਿਹਾ ਜਾਂਦਾ ਹੈ। ਪੰਜਾਬੀ ਵਿਚ ਕੇਵਲ ਨਿਵੇਸ਼ੀ ਧੁਨੀਆਂ (ਸਾਰਥਕ) ਹੀ ਪੈਦਾ ਹੁੰਦੀਆਂ ਹਨ। ਧੁਨੀਆਂ ਦੇ ਉਚਾਰਨ ਵੇਲੇ ਫੇਫੜਿਆਂ ’ਚੋਂ ਬਾਹਰ ਨਿਕਲਣ ਵਾਲੀ ਹਵਾ ਦਾ ਵਹਾ ਇਕੋ ਜਿਹਾ ਨਹੀਂ ਹੁੰਦਾ। ਹਵਾ ਦੇ ਵਹਾ ਦੇ ਅਧਾਰ ’ਤੇ ਧੁਨੀਆਂ ਤੋਂ ਪੈਦਾ ਹੋਣ ਵਾਲੇ ਲੱਛਣਾਂ ਨੂੰ ਪਰਾਣਤਾ ਕਿਹਾ ਜਾਂਦਾ ਹੈ। ਸਾਰਥਕ ਧੁਨੀਆਂ ਦੇ ਉਚਾਰਨ ਵੇਲੇ ਪਰਾਣਤਾ ਦੋ ਪਰਕਾਰ ਦੀ ਹੁੰਦੀ ਹੈ ਜਿਵੇਂ : (i) ਅਲਪ-ਪਰਾਣ ਅਤੇ (ii) ਮਹਾਂ-ਪਰਾਣ। ਜਦੋਂ ਹਵਾ ਘੱਟ ਦਬਾ ਨਾਲ ਬਾਹਰ ਵਲ ਨਿਕਲ ਜਾਂਦੀ ਹੋਵੇ ਉਸ ਵੇਲੇ ਪੈਦਾ ਹੋਈਆਂ ਧੁਨੀਆ ਨੂੰ ਅਲਪ-ਪਰਾਣ ਧੁਨੀਆਂ ਕਿਹਾ ਜਾਂਦਾ ਹੈ ਪਰ ਜਦੋਂ ਹਵਾ ਵੱਧ ਦਬਾ ਨਾਲ ਬਾਹਰ ਨਿਕਲ ਰਹੀ ਹੋਵੇ ਤਾਂ ਉਸ ਸਥਿਤੀ ਤੋਂ ਪੈਦਾ ਹੋਈਆਂ ਧੁਨੀਆਂ ਨੂੰ ਮਹਾਂ-ਪਰਾਣ ਧੁਨੀਆਂ ਕਿਹਾ ਜਾਂਦਾ ਹੈ। ਪੰਜਾਬੀ ਵਿਚ ਪਰਾਣਤਾ ਦਾ ਪਰਭਾਵ ਡੱਕਵੀਆਂ ਧੁਨੀਆਂ ਤੇ ਪੈਂਦਾ ਹੈ। ਇਕ ਸਧਾਰਨ ਪਰਯੋਗ ਰਾਹੀਂ ਪਰਾਣਤਾ ਨੂੰ ਪਰਖਿਆ ਜਾ ਸਕਦਾ ਹੈ। ਧੁਨੀਆ ਦੇ ਉਚਾਰਨ ਵੇਲੇ ਇਕ ਕਾਗਜ਼ ਦੇ ਟੁਕੜੇ ਨੂੰ ਮੂੰਹ ਦੇ ਸਾਹਮਣੇ ਹਵਾ ਵਿਚ ਲਟਕਾ ਕੇ ਰੱਖੋ। ਜਦੋਂ ਅਲਪ-ਪਰਾਣ ਧੁਨੀਆਂ ਦਾ ਉਚਾਰਨ ਹੋਵੇਗਾ ਤਾਂ ਕਾਗਜ਼ ਘੱਟ ਗਤੀ ਵਿਚ ਹਿਲੇਗਾ ਪਰ ਜਦੋਂ ਮਹਾਂ-ਪਰਾਣ ਧੁਨੀਆਂ ਦਾ ਉਚਾਰਨ ਹੋਵੇਗਾ ਤਾਂ ਕਾਗਜ਼ ਵੱਧ ਗਤੀ ਵਿਚ ਹਿਲੇਗਾ। ਪੰਜਾਬੀ ਧੁਨੀ-ਵਿਉਂਤ ਵਿਚ ਪਰਾਣਤਾ ਇਕ ਮਹੱਤਵਪੂਰਨ ਉਚਾਰਨ-ਵਿਧੀ ਹੈ ਜਿਸ ਦਾ ਧੁਨੀਆਂ ਦੇ ਉਚਾਰਨ ’ਤੇ ਇਕ ਲੱਛਣ ਵਜੋਂ ਪਰਭਾਵ ਪੈਂਦਾ ਹੈ।
ਲੇਖਕ : ਬਲਦੇਵ ਸਿੰਘ ਚੀਮਾ,
ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 1452, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-21, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First