ਪਰਾਹਨ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਪਰਾਹਨ: ਪਰਾਹਨ ਆਧੁਨਿਕ ਸ਼ੈਲੀ, ਵਿਗਿਆਨਿਕ ਅਧਿਐਨਾਂ ਵਿੱਚ ਵਰਤਿਆ ਜਾਣ ਵਾਲਾ ਮਹੱਤਵਪੂਰਨ ਸੰਕਲਪ ਹੈ ਜਿਸ ਨੂੰ ਆਮ ਤੌਰ `ਤੇ ਕਿਸੇ ਵੀ ਚਿੰਨ੍ਹ ਪ੍ਰਬੰਧ ਦੇ ਆਮ ਨਿਯਮਾਂ ਤੋਂ ਥਿੜਕਣ ਦੀ ਪ੍ਰਕਿਰਿਆ ਵਜੋਂ ਜਾਣਿਆ ਜਾਂਦਾ ਹੈ। ਪਰ ਇੱਥੇ ਇਹ ਸਪਸ਼ਟ ਕਰਨਾ ਜ਼ਰੂਰੀ ਹੈ ਕਿ ਪਰਾਹਨ ਨੂੰ ਨਿਯਮਾਂ ਦੀ ਅਣਜਾਣਤਾ ਜਾਂ ਗ਼ਲਤ ਵਰਤੋਂ ਤੋਂ ਵੱਖਰਾ ਕਰ ਕੇ ਸਮਝਿਆ ਜਾਂਦਾ ਹੈ। ਇਹ ਮੰਨਿਆ ਜਾਂਦਾ ਹੈ ਕਿ ਪਰਵਚਨ ਦਾ ਕਰਤਾ (ਲੇਖਕ/ਬੁਲਾਰਾ ਜਾਂ ਕੋਈ ਹੋਰ) ਨਿਯਮਾਂ ਨੂੰ ਜਾਣ-ਬੁੱਝ ਕੇ ਕਿਸੇ ਮਕਸਦ ਦੀ ਪੂਰਤੀ ਲਈ ਤੋੜਦਾ ਹੈ ਅਤੇ ਇਹ ਪ੍ਰਕਿਰਿਆ ਉਹ ਬਾਰ-ਬਾਰ ਦੁਹਰਾਉਂਦਾ ਹੈ ਅਤੇ ਜੇ ਦੁਹਰਾਉ ਬਹੁਤ ਵਾਰ ਹੋਵੇ ਤਾਂ ਇਹ ਇੱਕ ਨਵਾਂ ਮਿਆਰ ਵੀ ਉਸਾਰਦਾ ਹੈ। ਜਿਵੇਂ ਸਾਹਿਤਿਕ ਭਾਸ਼ਾ ਆਮ ਭਾਸ਼ਾ ਦੇ ਬਹੁਤ ਸਾਰੇ ਨਿਯਮਾਂ ਨੂੰ ਤੋੜਦੀ ਹੈ ਪਰ ਕੁਝ ਅਜਿਹੇ ਪੱਖ ਮਿਆਰੀ ਹੋ ਗਏ ਹਨ ਕਿ ਉਹਨਾਂ ਦਾ ਵਖਰੇਵਾਂ ਵੀ ਕੁਝ ਨਵੇਂ ਅਰਥ ਰੱਖਦਾ ਹੈ ਜਿਵੇਂ ਛੰਦਾਬੰਦੀ ਵਾਲੀ ਕਵਿਤਾ ਤੋਂ ਥਿੜਕ ਕੇ ਖੁੱਲ੍ਹੀ ਕਵਿਤਾ ਨੇ ਨਵੇਂ ਦੌਰ ਵਿੱਚ ਨਵੇਂ ਅਰਥ ਸਿਰਜੇ।

     ਭਾਵੇਂ ਸ਼ੈਲੀ ਵਿਗਿਆਨੀਆਂ ਦਾ ਬਹੁਤਾ ਸੰਬੰਧ ਸਾਹਿਤਿਕ ਭਾਸ਼ਾ ਨਾਲ ਹੀ ਬਣਿਆ ਹੈ ਪਰ ਪਰਾਹਨ ਇੱਕ ਵਿਸਤ੍ਰਿਤ ਸੰਕਲਪ ਹੈ ਜਿਸ ਨੂੰ ਕਈ ਹੋਰ ਭਾਸ਼ਾਈ ਜਾਂ ਸੱਭਿਆਚਾਰਿਕ ਪ੍ਰਸੰਗਾਂ ਵਿੱਚ ਸਮਝਿਆ ਜਾ ਸਕਦਾ ਹੈ। ਅਸਲ ਵਿੱਚ ਤਾਂ ਇਹ ਭਾਸ਼ਾ ਅਤੇ ਹੋਰ ਸੱਭਿਆਚਾਰਿਕ ਪ੍ਰਬੰਧਾਂ ਦਾ ਵਿਚਾਰਕ ਗੁਣ ਹੈ ਕਿ ਸਾਰੇ ਸੱਭਿਆਚਾਰਿਕ/ਭਾਸ਼ਾਈ ਸਮੂਹ ਦੀਆਂ ਕੁਝ ਸਾਂਝੀਆਂ ਗੱਲਾਂ ਹੁੰਦੀਆਂ ਹਨ ਪਰ ਵੱਡੇ ਸਮੂਹ ਵਿੱਚ ਛੋਟੇ ਸਮੂਹ ਅਤੇ ਫਿਰ ਵਿਅਕਤੀ ਤੱਕ ਕਈ ਛੋਟੇ-ਛੋਟੇ ਵਖਰੇਵੇਂ ਹੁੰਦੇ ਜਾਂਦੇ ਹਨ ਜਿਹੜੇ ਕਿ ਕਿਸੇ ਸਮੂਹ ਅਤੇ ਵਿਅਕਤੀ ਦੇ ਵੱਡੇ ਸਮੂਹ ਦੇ ਪ੍ਰਤੱਖ ਮੈਂਬਰ ਦਿਖਾਈ ਦੇਣ ਦੇ ਬਾਵਜੂਦ ਆਪਣੀ ਅਲੱਗ ਪਹਿਚਾਣ ਬਣਾ ਲੈਂਦੇ ਹਨ। ਇਹੀ ਸ਼ੈਲੀ ਹੈ ਇਸ ਤਰ੍ਹਾਂ ਭਾਸ਼ਾ ਅਤੇ ਸ਼ੈਲੀ ਨੂੰ ਸਿਧਾਂਤ ਅਤੇ ਵਿਹਾਰਿਕ ਦੇ ਆਪਸੀ ਰਿਸ਼ਤੇ ਵਿੱਚ ਸਮਝਣਾ ਵਧੇਰੇ ਲਾਹੇਵੰਦ ਹੈ। ਇਸ ਪ੍ਰਸੰਗ ਵਿੱਚ ਅਸੀਂ ਉਪ-ਭਾਸ਼ਾਵਾਂ ਅਤੇ ਭਾਸ਼ਾ ਦੀ ਵੱਖੋ-ਵੱਖ ਖੇਤਰਾਂ ਵਿੱਚ ਵਰਤੋਂ ਦੇ ਵਖਰੇਵਿਆਂ ਨੂੰ ਮਹੱਤਵਪੂਰਨ ਅਰਥਾਂ ਵਿੱਚ ਜਾਣ ਸਕਦੇ ਹਾਂ ਅਤੇ ਇਹੋ ਹੀ ਭਾਸ਼ਾ ਵਿੱਚ ਸਿਰਜਣਾਤਮਿਕਤਾ ਦੇ ਅੰਦਰ ਸਮੋਏ ਹੋਣ ਵੱਲ ਇਸ਼ਾਰਾ ਕਰਦੀ ਹੈ।

     ਸ਼ੈਲੀ ਸ਼ਾਸਤਰ ਵਿੱਚ ਜਿੱਥੇ ਪਰਾਹਨ ਦੇ ਸੰਕਲਪ ਨੇ ਭਾਸ਼ਾ-ਵਿਗਿਆਨਿਕ ਅਧਿਐਨ ਨੂੰ ਟਕਸਾਲੀ ਭਾਸ਼ਾ ਦੀ ਵਿਆਖਿਆ ਤੋਂ ਅਗਾਂਹ ਤੋਰਿਆ ਹੈ, ਉੱਥੇ ਇਸ ਨੇ ਭਾਸ਼ਾ ਅਤੇ ਸਾਹਿਤ ਦੇ ਅਧਿਆਪਨ ਦੇ ਖੇਤਰ ਵਿੱਚ ਵੀ ਨਵੇਂ ਦਿਸਹੱਦੇ ਕਾਇਮ ਕੀਤੇ ਹਨ। ਅਸਲ ਵਿੱਚ ਭਾਸ਼ਾ- ਵਿਗਿਆਨੀਆਂ ਨੇ ਇਸ ਸੰਕਲਪ ਦਾ ਹੋਰ ਖੇਤਰਾਂ ਵਿੱਚ ਵਰਤੇ ਗਏ ਕੁਝ ਸੰਕਲਪਾਂ ਤੋਂ ਹੀ ਵਿਕਾਸ ਕੀਤਾ ਹੈ। ਜਿਵੇਂ ਰੂਸੀ ਰੂਪਵਾਦ ਦੇ ਸਿਧਾਂਤ ਵਿੱਚ ਸ਼ਕਲੋਵਸਕੀ ਨੇ ਭਾਸ਼ਾ ਦੀ ਵਿਲੱਖਣਤਾ ਨੂੰ ਉਜਾਗਰ ਕਰਨ ਲਈ ਬੇਪਛਾਣਨ ਦਾ ਨੁਕਤਾ ਉਠਾਇਆ ਅਤੇ ਇਸ ਨੂੰ ਬਾਅਦ ਵਿੱਚ ਮਸ਼ਹੂਰ ਸ਼ੈਲੀ-ਵਿਗਿਆਨੀ ਯਾਨ ਮੁਕਾਰੋਵਸਕੀ ਅਤੇ ਵਿਹਾਰਿਕ ਭਾਸ਼ਾ-ਵਿਗਿਆਨੀ ਹੈਲੀਡੇ ਨੇ ਆਪਣੇ- ਆਪਣੇ ਅੰਦਾਜ਼ ਵਿੱਚ ਅੱਗੇ ਤੋਰਿਆ ਅਤੇ ਮਸ਼ਹੂਰ ਕੀਤਾ।

     ਰੂਸੀ ਰੂਪਵਾਦੀਆਂ ਦਾ ਮੁੱਖ ਉਦੇਸ਼ ਸਾਹਿਤ ਦੇ ਉਸ ਗੁਣ ਦੀ ਨਿਸ਼ਾਨਦੇਹੀ ਕਰਨਾ ਸੀ ਜਿਹੜਾ ਇਸ ਨੂੰ ਸਾਹਿਤ ਬਣਾਉਂਦਾ ਹੈ। ਯਾਨ ਮੁਕਾਰੋਵਸਕੀ ਮੁਤਾਬਕ :

     ਕਿਸੇ ਮਿਆਰ ਜਾਂ ਆਦਰਸ਼ ਤੋਂ ਸਿਲਸਿਲੇਵਾਰ ਅਤੇ ਤਰਤੀਬਬੱਧ ਖੰਡਨ ਹੀ ਭਾਸ਼ਾ ਦੀ ਕਾਵਿ ਰੂਪ ਵਰਤੋਂ ਸੰਭਵ ਬਣਾਉਂਦਾ ਹੈ। ਇਸ ਸੰਭਾਵਨਾ ਤੋਂ ਬਿਨਾਂ ਕੋਈ ਕਵਿਤਾ ਨਹੀਂ ਹੋ ਸਕਦੀ।

     ਭਾਸ਼ਾ ਦੀ ਰੋਜ਼ਮਰ੍ਹਾ ਵਰਤੋਂ ਇਸ ਨੂੰ ਮਸ਼ੀਨੀ ਰੂਪ ਦੇ ਦਿੰਦੀ ਹੈ ਅਤੇ ਇਸ ਦੀ ਵਰਤੋਂ ਅਚੇਤ ਅਤੇ ਸੁੱਤੇ-ਸਿੱਧ ਹੁੰਦੀ ਰਹਿੰਦੀ ਹੈ। ਇਹ ਏਨੀ ਜਾਣੀ ਪਹਿਚਾਣੀ ਹੋ ਜਾਂਦੀ ਹੈ ਕਿ ਸਭ ਕੁਝ ਸਹਿਜ ਸੁਭਾਅ ਲੱਗਦਾ ਹੈ। ਕੁਝ ਵੀ ਵੱਖਰਾ ਜਾਂ ਅਚੰਭਾ ਭਰਪੂਰ ਨਹੀਂ ਹੁੰਦਾ ਇੱਥੋਂ ਤੱਕ ਕਿ ਭਾਸ਼ਾ ਦੇ ਬੁਲਾਰਿਆਂ ਨੂੰ ਕੁਝ ਵਿਚਾਰਨਾ ਨਹੀਂ ਪੈਂਦਾ ਅਤੇ ਵਾਰਤਾਲਾਪ ਸੰਚਾਰ ਹੁੰਦਾ ਰਹਿੰਦਾ ਹੈ। ਭਾਸ਼ਾ ਇੱਥੋਂ ਤੱਕ ਰਵਾਇਤੀ ਅਤੇ ਰਸਮੀ ਬਣ ਜਾਂਦੀ ਹੈ ਕਿ ਇਸ ਦੇ ਬੁਲਾਰੇ ਇਸ ਦੀ ਭਾਵਪੂਰਨ ਸਾਰਥਕ ਅਤੇ ਸੁਹਜਾਤਮਿਕ ਸੰਭਾਵਨਾ ਨੂੰ ਨਹੀਂ ਪਛਾਣਦੇ।

     ਕਾਵਿ-ਰੂਪ ਭਾਸ਼ਾਈ ਪ੍ਰਵਚਨ ਹੁੰਦੇ ਹੋਏ ਭਾਸ਼ਾ ਦੀ ਰਵਾਇਤੀ ਅਤੇ ਰਸਮੀ ਵਰਤੋਂ ਵਿੱਚ ਕੁਝ ਅਦਲਾ-ਬਦਲੀ ਜਾਂ ਤੋੜ-ਮਰੋੜ ਕਰ ਕੇ ਅਚੰਭਾ ਅਤੇ ਤਾਜ਼ਗੀ ਪੈਦਾ ਕਰਦਾ ਹੈ। ਕਿਉਂਕਿ ਆਲੇ-ਦੁਆਲੇ ਬਾਰੇ ਸਾਹਿਤਕਾਰ ਨੇ ਕੁਝ ਨਵੀਂ ਗੱਲ ਕਹਿਣੀ ਹੁੰਦੀ ਹੈ ਤਾਂ ਉਹ ਇਸ ਨੂੰ ਭਾਸ਼ਾ ਦੀ ਵਰਤੋਂ ਕੁਝ ਵਖਰੇਵੇਂ ਨਾਲ ਕਰਦਾ ਹੈ। ਮੁਕਾਰੋਵਸਕੀ ਮੁਤਾਬਕ ਅਜਿਹਾ ਭਾਸ਼ਾਈ ਵਖਰੇਵਾਂ ਧਿਆਨ ਖਿੱਚਦਾ ਹੈ ਅਤੇ ਪਾਠਕ ਇਸ ਦੇ ਨਵੇਂ ਅਰਥ ਲੱਭਣ ਲੱਗਦਾ ਹੈ। ਇਸ ਨਾਲ ਜੋ ਸੰਸਾਰਿਕ ਸਚਾਈ ਬਾਰੇ ਧਾਰਨਾਵਾਂ ਬਣੀਆਂ ਹੋਈਆਂ ਹੁੰਦੀਆਂ ਹਨ, ਉਹਨਾਂ ਧਾਰਨਾਵਾਂ ਬਾਰੇ ਨਵੇਂ-ਸਿਰਿਉਂ ਵਿਚਾਰਨ ਦੀ ਸੰਭਾਵਨਾ ਆਉਂਦੀ ਹੈ। ਮੁਕਾਰੋਵਸਕੀ ਇਸ ਵਰਤਾਰੇ ਨੂੰ ਸਨਮੁੱਖ ਕਰਨਾ (Foregrounding) ਕਹਿੰਦਾ ਹੈ।

     ਮਾਈਕਲ ਹੈਲੀਡੇ ਨੇ ਸਨਮੁੱਖ ਨੂੰ ਭਾਸ਼ਾਈ ਉਭਾਰ ਜਾਂ ਬੁਲੰਦੀ (Linguistic Highlighting) ਕਿਹਾ ਹੈ ਅਤੇ ਇਸ ਸੰਕਲਪ ਨੂੰ ਅੱਗੇ ਵਧਾਇਆ ਹੈ।

     ਪਰਾਹਨ ਨੂੰ ਭਾਰਤੀ ਸਾਹਿਤ ਸ਼ਾਸਤਰ ਦੇ ਸੰਕਲਪ ‘ਵਕਰੋਕਤੀ’ ਦੇ ਨੇੜੇ ਕਰ ਕੇ ਵੀ ਸਮਝਿਆ ਜਾ ਸਕਦਾ ਹੈ। ਪੱਛਮੀ ਭਾਸ਼ਾ-ਵਿਗਿਆਨ ਵਿੱਚ ‘ਜਨਰੇਟਿਵ ਭਾਸ਼ਾ ਵਿਗਿਆਨ’ ਵਿੱਚ ਵਿਸ਼ਵਾਸ ਰੱਖਣ ਵਾਲੇ ਸ਼ੈਲੀ ਸ਼ਾਸਤਰੀਆਂ ਨੇ ‘ਪਰਾਹਨ’ ਦੀ ਬਹੁਤ ਵਰਤੋਂ ਕੀਤੀ ਹੈ।

     ਪਰਾਹਨ ਨੂੰ ਜੇ ਭਾਸ਼ਾ ਦੀ ਵਰਤੋਂ ਤੱਕ ਸੀਮਿਤ ਕਰ ਲਿਆ ਜਾਵੇ ਤਾਂ ਵੱਖ-ਵੱਖ ਪਾਠਾਂ, ਖ਼ਾਸ ਕਰ ਸਾਹਿਤਿਕ ਪਾਠਾਂ, ਵਿੱਚ ਇੱਕ ਤੋਂ ਵੱਧ ਵਿਸਤ੍ਰਿਤ ਜਾਣਕਾਰੀ ਲਈ ਜੀ. ਐਨ. ਲੀਚ ਦੀ ਅੰਗਰੇਜ਼ੀ ਪੁਸਤਕ Linguistic Guide to English Poetry ਨੂੰ ਪੜ੍ਹਿਆ ਜਾ ਸਕਦਾ ਹੈ। ਕੁਝ ਕਿਸਮਾਂ ਹੇਠਾਂ ਦਿੱਤੇ ਅਨੁਸਾਰ ਹਨ :

          1.        ਵਿਆਕਰਨਿਕ ਪਰਾਹਨ             

          2.       ਅਰਥ ਪਰਾਹਨ                     

          3.       ਧੁਨੀ ਪਰਾਹਨ                       

          4.       ਸ਼ਾਬਦਿਕ ਪਰਾਹਨ

          5.       ਉਪ-ਭਾਸ਼ਾਈ ਪਰਾਹਨ

          6.       ਪ੍ਰਥਾ ਪਰਾਹਨ

          7.       ਖਾਕਾ ਪਰਾਹਨ

     ਕੁਝ ਸ਼ੈਲੀ ਸ਼ਾਸਤਰੀ ਪਰਾਹਨ ਨੂੰ ਜਦੋਂ ਉਭਾਰ ਨਾਲ ਜੋੜਦੇ ਹਨ ਤਾਂ ਉਹ ਭਾਸ਼ਾ ਦੇ ਮਿਆਰੀ ਨਿਯਮਾਂ ਤੋਂ ਥਿੜਕਣ ਤੋਂ ਇਲਾਵਾ ਨਿਯਮਾਂ ਦੀ ਅੱਤ-ਨਿਯਮਿਤ ਵਰਤੋਂ ਨੂੰ ਪਰਾਹਨ ਮੰਨਦੇ ਹਨ ਕਿਉਂਕਿ ਵਿਹਾਰਿਕ ਪੱਧਰ `ਤੇ ਸਿਧਾਂਤਿਕ ਨਿਯਮਾਂ ਤੋਂ ਕੁਝ ਹੱਦ ਤੱਕ ਥਿੜਕਣਾ ਵੀ ਇੱਕ ਨਿਯਮ ਹੀ ਹੁੰਦਾ ਹੈ। ਇਸ ਲਈ ਨਿਯਮਾਂ ਦੀ ਅਤਿ ਨਿਯਮਿਤ ਵਰਤੋਂ ਠੱਠੇ, ਮਖ਼ੌਲ ਜਾਂ ਅਜਿਹੇ ਕਈ ਹੋਰ ਆਸਾਰ ਪੈਦਾ ਕਰਦੀ ਹੈ ਅਤੇ ਭਾਸ਼ਾ ਦਾ ਅਜਿਹਾ ਪ੍ਰਯੋਗ ਖ਼ਾਸ ਕਰ ਬੋਲ-ਚਾਲ ਦੀ ਭਾਸ਼ਾ ਵਿੱਚ ਉਭਰ ਆਉਂਦਾ ਹੈ। ਇਸੇ ਤਰ੍ਹਾਂ ਇੱਕੋ ਜਿਹੇ ਵਾਕਾਂ, ਵਾਕਾਂਸ਼ਾਂ, ਸ਼ਬਦਾਂ ਜਾਂ ਧੁਨੀਆਂ ਆਦਿ ਦੀ ਬਾਰ-ਬਾਰ ਅਤੇ ਅਤਿ ਨਿਯਮਿਤ ਵਰਤੋਂ ਪਾਠ ਵਿੱਚ ਵਾਧੂ ਸੁਮੇਲ ਪੈਦਾ ਕਰਦੀ ਹੈ ਜੋ ਕਿ ਆਪਣੇ-ਆਪ ਵਿੱਚ ਖਿੱਚ ਦਾ ਕੇਂਦਰ ਬਣ ਜਾਂਦਾ ਹੈ। ਆਮ ਬੋਲ-ਚਾਲ ਵਿੱਚ ਅਸੀਂ ਅਜਿਹੀ ਅਤਿ ਨਿਯਮਿਤਤਾ ਨਹੀਂ ਵਰਤਦੇ।

     ਪਰਾਹਨ ਦੀ ਬਹੁਤੀ ਵਰਤੋਂ ਕਾਵਿਕ ਭਾਸ਼ਾ ਵਿੱਚ ਹੁੰਦੀ ਹੈ ਪਰ ਬਹੁਤ ਵਾਰ ਇਸ ਦੀ ਵਰਤੋਂ ਇਸ਼ਤਿਹਾਰੀ ਅਤੇ ਨਾਹਰਿਆਂ ਦੀ ਭਾਸ਼ਾ ਵਿੱਚ ਵੀ ਹੁੰਦੀ ਹੈ। ਕਦੇ-ਕਦੇ ਤਾਂ ਆਮ ਬੋਲ ਦੀ ਭਾਸ਼ਾ ਵਿੱਚ ਵੀ ਮੁਹਾਵਰਿਆਂ, ਕਹਾਵਤਾਂ, ਮਿਹਣਿਆਂ ਜਾਂ ਇਸੇ ਤਰ੍ਹਾਂ ਦੇ ਹੋਰ ਰੂਪਾਂ ਵਿੱਚ ਵੀ ਪਰਾਹਨ ਹੁੰਦਾ ਹੈ। ਇਸ ਦੇ ਉਲਟ ਜ਼ਰੂਰੀ ਨਹੀਂ ਕਿ ਹਰ ਸਾਹਿਤਿਕ ਰਚਨਾ ਵਿੱਚ ਪਰਾਹਨ ਦੀ ਵਰਤੋਂ ਹੋਵੇ। ਇਸ ਸੰਕਲਪ ਦੀ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਮਿਆਰ ਜਾਂ ਨਿਯਮ ਸਾਪੇਖਕ ਸੰਕਲਪ ਹੈ। ਇਸ ਲਈ ਥਿੜਕਣ ਨੂੰ ਨਿਰਧਾਰਿਤ ਕਰਨ ਤੋਂ ਪਹਿਲਾਂ ਮਿਆਰ ਨੂੰ ਨਿਰਧਾਰਿਤ ਕਰਨਾ ਜ਼ਰੂਰੀ ਹੁੰਦਾ ਹੈ, ਜਿਵੇਂ ਉਪਭਾਸ਼ਾ ਭਾਸ਼ਾ ਤੋਂ ਪਰਾਹਨ ਹੈ ਪਰ ਉਪਭਾਸ਼ਾ ਆਪਣੇ- ਆਪ ਵਿੱਚ ਇੱਕ ਮਿਆਰ ਹੈ।


ਲੇਖਕ : ਸੁਖਦੇਵ ਸਿੰਘ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 5644, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਪਰਾਹਨ ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼

ਪਰਾਹਨ: ਧੁਨੀ ਤੋਂ ਲੈ ਕੇ ਵਾਕ ਦੇ ਪੱਧਰ ਤਕ ਵਿਆਕਰਨਕ ਇਕਾਈਆਂ ਦੀ ਤਹਿ ਥੱਲੇ ਭਾਸ਼ਾਈ ਨਿਯਮ ਵਿਚਰਦੇ ਹਨ। ਹਰ ਬੁਲਾਰਾ\ਲੇਖਕ ਇਨ੍ਹਾਂ ਨਿਯਮਾਂ ਦੀ ਪਾਲਣਾ ਸੁਤੇ-ਸਿਧ ਕਰਦਾ ਹੈ। ਸ਼ਬਦ ਵਿਚ ਵਿਚਰਨ ਵਾਲੇ ਧਾਤੂ ਅਤੇ ਵਧੇਤਰਾਂ ਦੀ ਇਕ ਵਿਸ਼ੇਸ਼ ਤਰਤੀਬ ‘ਲਘੂ-ਦੀਰਘ’ ਹੁੰਦੀ ਹੈ। ਰੂਪ ਦੇ ਪੱਖ ਤੋਂ ਸ਼ਬਦਾਂ ਦੀ ਬਣਤਰ ਵਿਚ ਵਿਚਰਨ ਵਾਲੇ ਧਾਤੂ ਅਤੇ ਵਧੇਤਰਾਂ ਦੀ ਇਕ ਵਿਸ਼ੇਸ਼ ਤਰਤੀਬ ਹੁੰਦੀ ਹੈ ਜਿਵੇਂ : ਸਮਾਸੀ ਸ਼ਬਦਾਂ ਵਿਚ ਇਹ ਤਰਤੀਬ ‘ਮੁਕਤ+ਮੁਕਤ’, ‘ਬੰਧੇਜੀ+ਬੰਧੇਜੀ’ ਹੁੰਦੀ ਹੈ। ਵਾਕ-ਵਿਉਂਤ ਦੇ ਪੱਖ ਤੋਂ ਵਾਕੰਸ਼ਾਂ ਅਤੇ ਉਪਵਾਕਾਂ ਦੀ ਆਪਣੀ ਅੰਦਰੂਨੀ ਬਣਤਰ ਅਤੇ ਉਨ੍ਹਾਂ ਦਾ ਬਾਹਰੀ ਵਿਚਰਨ ਹੁੰਦਾ ਹੈ। ਇਨ੍ਹਾਂ ਨਿਯਮਾਂ ਦੇ ਹੁੰਦਿਆਂ ਹੋਇਆਂ ਹਰ ਭਾਸ਼ਾਈ ਬੁਲਾਰਾ ਇਨ੍ਹਾਂ ਨੂੰ ਇਕੋ ਤਰ੍ਹਾਂ ਸਥਾਪਤ ਨਿਯਮਾਂ ਅਨੁਸਾਰ ਨਹੀਂ ਵਰਤਦਾ ਸਗੋਂ ਤੋੜ ਕੇ ਵੀ ਵਰਤ ਸਕਦਾ ਹੈ ਪਰ ਨਿਯਮਾਂ ਦੇ ਇਸ ਪੱਧਰ ਦਾ ਉਲੰਘਣ ਅਵਿਆਕਰਨਕਤਾ ਵੀ ਪੈਦਾ ਕਰ ਸਕਦਾ ਹੈ ਇਸ ਪਰਕਾਰ ਭਾਸ਼ਾ ਦੀ ਵਰਤੋਂ ਦੋ ਪਰਕਾਰ ਦੀ ਹੁੰਦੀ ਹੈ : (i) ਪਰਵਾਨਯੋਗ ਅਤੇ (ii) ਅਪਰਵਾਨਯੋਗ। ਪਰਵਾਨਯੋਗ ਵਿਆਕਰਨਕਤਾ ਨੂੰ ਸ਼ੈਲੀ ਵਿਗਿਆਨ ਵਿਚ ਪਰਾਹਨ ਕਿਹਾ ਜਾਂਦਾ ਹੈ ਜਿਵੇਂ ‘ਹਰ ਕੋਈ ਕੱਚੀ ਅੱਗ ਨੂੰ ਖਾਵੇ’ ਵਿਚ ‘ਕੋਈ’ ਅਤੇ ‘ਖਾਵੇ’ ਵਿਚ ਵਿਆਕਰਨਕ ਮੇਲ ਹੈ ਪਰ ‘ਖਾਵੇ’ ਦਾ ਕੋਈ ਅਰਥ ਪੱਖੋਂ ਕੋਈ ਮੇਲ ਨਹੀਂ। ਕਾਵਿ ਭਾਸ਼ਾ ਵਿਚ ਇਸ ਵਾਕ ਦੀ ਗਹਿਨ ਸੰਰਚਨਾ ਦੇ ਪੱਧਰ ’ਤੇ ਸੰਚਾਰ ਹੁੰਦਾ ਹੈ। ਸਤਹੀ ਪੱਧਰ ’ਤੇ ਅਰਥ ਪੱਖੋਂ ਭਾਵੇਂ ਇਨ੍ਹਾਂ ਦਾ ਕੋਈ ਮੇਲ ਨਹੀਂ ਹੈ। ਲੇਖਕ ਇਸ ਸਥਿਤੀ ਰਾਹੀਂ ਪਰਾਹਤ ਅਰਥਾਂ ਦੀ ਸਿਰਜਨਾ ਕਰਦਾ ਹੈ। ਇਸੇ ਤਰ੍ਹਾਂ ਤਰਤੀਬ ਦੇ ਪੱਖ ਤੋਂ, ‘ਇਹ ਸਾਡੇ ਮੱਥੇ ਵਿਚ ਸਦਾ ਰਹਿੰਦੇ ਡੰਗਦੇ’ ਵਿਚਲਾ ਸ਼ਬਦ ਵਿਚਰਨ ਤਰਤੀਬ ਆਮ ਨਾਲੋਂ ਭਿੰਨ੍ਹ ਹੈ। ਇਸ ਤਰਤੀਬ ਵਿਚ ਵਾਕੰਸ਼ ਦੇ ਪੱਧਰ ਦਾ ਪਰਾਹਨ ਹੈ। ਲੀਚ ਨੇ ਸਾਹਿਤਕ ਰਚਨਾ ਵਿਚ ਅੱਠ ਪਰਕਾਰ ਦੇ ਪਰਾਹਨ ਦੀ ਨਿਸ਼ਾਨਦੇਹੀ ਕੀਤੀ ਹੈ ਜਿਵੇਂ : (i) ਸ਼ਾਬਦਕ ਪਰਾਹਨ : ਇਸ ਵਿਚ ਸਮਾਸਾਂ ਰਾਹੀਂ ਜਾਂ ਅਗੇਤਰਾਂ ਪਿਛੇਤਰਾਂ ਦੀ ਵਰਤੋਂ ਰਾਹੀਂ ਪਰਾਹਨ ਪੈਦਾ ਕੀਤਾ ਜਾਂਦਾ ਹੈ ਜਾਂ ਫਿਰ ਭਾਸ਼ਾ ਦੇ ਪ੍ਰਚਲਤ ਰੂਪਾਂ ਨੂੰ ਪਰਾਹਤ ਰੂਪ ਵਿਚ ਵਰਤਿਆ ਜਾਂਦਾ ਹੈ ਜਿਵੇਂ : ਵਾਂਗ-ਵਾਕਿਣ, ਤਕ-ਤੀਕਣ ਆਦਿ। (ii) ਵਿਆਕਰਨਕ ਪਰਾਹਨ : ਧੁਨੀ ਤੋਂ ਲੈ ਕੇ ਵਾਕਾਂ ਤੱਕ ਦੇ ਵਿਚਰਨ ਨੂੰ ਇਸ ਦੇ ਘੇਰੇ ਵਿਚ ਰੱਖਿਆ ਜਾਂਦਾ ਹੈ ਜਿਵੇਂ : ‘ਘੁਲ ਜਾਈਏ ਵਿਚ ਵਾ, ਵਾ ਵਿਚ ਘੁਲ ਜਾਈਏ’ ਆਦਿ। (iii) ਅਰਥ-ਮੂਲਕ ਪਰਾਹਨ : ਇਸ ਰਾਜਹੀਂ ਸ਼ਬਦ ਦੇ ਅਰਥ ਆਪਣਾ ਕੋਸ਼ਗਤ ਅਸਤਿਤਵ ਗੁਆ ਬੈਠਦੇ ਹਨ ਜਿਵੇਂ : ‘ਸਈਉ ਨੀ। ਮੈਨੂੰ ਅੱਗ ਦਾ ਤਾਲਾ ਮਾਰੋ (iv) ਧੁਨੀਗ੍ਰਾਮਕ ਪਰਾਹਨ : ਇਸ ਰਾਹੀਂ ਸ਼ਬਦਾਂ ਦੀਆਂ ਧੁਨੀਆਂ ਵਿਚ ਫੇਰ-ਬਦਲ ਕੀਤਾ ਜਾਂਦਾ ਹੈ। (v) ਬੋਲੀ-ਮੂਲਕ ਪਰਾਹਨ : ਇਸ ਵਿਚ ਵਿਸ਼ੇਸ਼ ਖਿੱਤੇ ਦੀ ਭਾਸ਼ਾ ਦੀ ਵਰਤੋਂ ਕੀਤੀ ਜਾਂਦੀ ਹੈ। (vi) ਰਜਿਸਟਰ ਦਾ ਪਰਾਹਨ : ਇਸ ਵਿਚ ਵਿਸ਼ੇਸ਼ ਕਿੱਤੇ ਦੀ ਭਾਸ਼ਾ ਦੀ ਵਰਤੋਂ ਕੀਤੀ ਜਾਂਦੀ ਹੈ ਇਸ ਤੋਂ ਇਲਾਵਾ (vii) ਸਾਹਿਤਕ ਸਮੇਂ ਦਾ ਪਰਾਹਨ ਅਤੇ (viii) ਅੱਖਰ-ਮੂਲਕ ਪਰਾਹਨ ਆਦਿ ਹੋਰ ਜੁਗਤਾਂ ਹਨ।


ਲੇਖਕ : ਬਲਦੇਵ ਸਿੰਘ ਚੀਮਾ,
ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 5642, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-21, ਹਵਾਲੇ/ਟਿੱਪਣੀਆਂ: no

ਪਰਾਹਨ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।

ਪਰਾਹਨ. ਦੇਖੋ, ਪਿਰਾਹਨੁ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5326, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.