ਪਹਰੇ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪਹਰੇ. ਦੇਖੋ, ਪਹਰਣਾ। ੨ ਪਹਰ (ਪ੍ਰਹਰ) ਪਰਥਾਇ ਉੱਚਾਰਣ ਕੀਤੀ ਸ੍ਰੀਰਾਗ ਵਿੱਚ ਗੁਰੂ ਨਾਨਕ ਦੇਵ ਜੀ ਦੀ ਬਾਣੀ , ਜਿਸ ਵਿੱਚ ਅਵਸਥਾ ਨੂੰ ਚਾਰ ਪਹਰਾਂ ਵਿੱਚ ਵੰਡਿਆ ਹੈ। ੩ ਕ੍ਰਿ. ਵਿ—ਹਰਵੇਲੇ. ਦਿਨ ਰਾਤ. “ਬਿਨੁ ਹਰਿਭਗਤਿ ਕਹਾ ਥਿਤਿ ਪਾਵੈ, ਫਿਰਤੋ ਪਹਰੇ ਪਹਰੇ.” (ਗਉ ਮ: ੫)


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 12170, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no

ਪਹਰੇ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਪਹਰੇ (ਬਾਣੀ): ਗੁਰੂ ਗ੍ਰੰਥ ਸਾਹਿਬ ਦੇ ਸਿਰੀ ਰਾਗ ਅਧੀਨ ਸੰਕਲਿਤ ਕੁਲ ਚਾਰ ਪਹਰਿਆਂ ਵਿਚੋਂ ਦੋ ਗੁਰੂ ਨਾਨਕ ਦੇਵ ਜੀ ਦੇ ਰਚੇ ਹਨ ਅਤੇ ਬਾਕੀ ਦੋ ਵਿਚੋਂ ਇਕ ਗੁਰੂ ਰਾਮਦਾਸ ਜੀ ਦਾ ਅਤੇ ਇਕ ਗੁਰੂ ਅਰਜਨ ਦੇਵ ਜੀ ਦਾ ਰਚਿਆ ਹੈ।

ਪਹਿਰ ’ ਤੋਂ ਭਾਵ ਹੈ ਦਿਨ ਜਾਂ ਰਾਤ ਦਾ ਚੌਥਾ ਭਾਗ। ਗੁਰੂ ਨਾਨਕ ਦੇਵ ਜੀ ਨੇ ਮਨੁੱਖ ਨੂੰ ਵਣਜਾਰੇ ਵਜੋਂ ਸੰਬੋਧਿਤ ਕੀਤਾ ਹੈ ਕਿ ਉਹ ਆਪਣੀ ਉਮਰ ਰੂਪੀ ਰਾਤ ਨੂੰ ਸੰਸਾਰ ਰੂਪੀ ਲੁਗੀ (ਅਸੁਰਖਿਅਤ) ਥਾਂ ਉਤੇ ਬਤੀਤ ਕਰਦਾ ਹੈ; ਆਪਣੇ ਜੀਵਨ ਰੂਪੀ ਧਨ ਦੀ ਰਖਿਆ ਲਈ ਉਚਿਤ ਵਿਵਸਥਾ ਨਹੀਂ ਕਰਦਾ। ਪਹਿਲੇ ਪਹਰੇ ਵਿਚ ਰਾਤ ਦੇ ਚਾਰ ਪਹਿਰਾਂ ਨੂੰ ਗੁਰੂ ਜੀ ਦੇ ਗਰਭ, ਬਾਲ, ਜਵਾਨ ਅਤੇ ਬਿਰਧ ਅਵਸਥਾ ਨਾਂ ਦਿੱਤੇ ਹਨ ਅਤੇ ਦੂਜੇ ਪਹਰੇ ਵਿਚ ਬਾਲ, ਜਵਾਨ, ਪ੍ਰੌੜ੍ਹ ਅਤੇ ਬਿਰਧ ਅਵਸਥਾ ਨਾਂ ਕਲਪੇ ਹਨ। ਇਨ੍ਹਾਂ ਅਵਸਥਾਵਾਂ ਵਿਚ ਮਨੁੱਖ ਉਤੇ ਕੀ ਬੀਤਦੀ ਹੈ, ਉਸ ਦਾ ਹਿਰਦੇ ਬੇਧਕ ਢੰਗ ਨਾਲ ਬਹੁਤ ਪ੍ਰਭਾਵਸ਼ਾਲੀ ਚਿਤ੍ਰਣ ਕੀਤਾ ਗਿਆ ਹੈ। ਥਾਂ ਥਾਂ ਉਤੇ ਮਨੁੱਖ ਜਨਮ ਰੂਪੀ ਵਡ-ਮੁੱਲੀ ਵਸਤੂ ਨੂੰ ਵਿਅਰਥ ਵਿਚ ਕਾਮ ਆਦਿਕ ਵਿਸ਼ੇ ਵਾਸਨਾਵਾਂ ਰੂਪੀ ਚੋਰਾਂ ਦੁਆਰਾ ਚੁਰਾਏ ਜਾਣ ਤੋਂ ਬਚਾਉਣ ਦਾ ਉਪਦੇਸ਼ ਦਿੱਤਾ ਗਿਆ ਹੈ ਅਤੇ ਜੀਵਨ ਦੇ ਮੰਤਵ ਦੀ ਸਹੀ ਪੂਰਤੀ ਵੀ ਦਸੀ ਗਈ ਹੈ। ਇਨ੍ਹਾਂ ਵਿਚੋਂ ਪਹਿਲੇ ਪਹਰੇ ਵਿਚ ਚਾਰ ਅਤੇ ਦੂਜੇ ਵਿਚ ਪੰਜ ਪਦੇ ਹਨ। ਹਰ ਇਕ ਪਦੇ ਵਿਚ ਛੇ ਛੇ ਤੁਕਾਂ ਹਨ, ਜਿਨ੍ਹਾਂ ਦੀ ਰਚਨਾ ਦਾ ਸਰੂਪ ਕੁੰਡਲੀਆ ਛੰਦ ਨਾਲ ਕੁਝ ਕੁਝ ਮੇਲ ਖਾਂਦਾ ਹੈ, ਪਰ ਮਾਤ੍ਰਾਵਾਂ ਦੀ ਗਿਣਤੀ ਲਈ ਕਿਸੇ ਬੰਧਨ ਨੂੰ ਸਵੀਕਾਰ ਕਰਨੋ ਸੰਕੋਚ ਕੀਤਾ ਗਿਆ ਹੈ। ਇਨ੍ਹਾਂ ਦੀ ਭਾਸ਼ਾ ਵੈਰਾਗ ਦੀ ਭਾਵਨਾ ਉਤਪੰਨ ਕਰਨ ਵਿਚ ਸਹਾਇਕ ਹੈ।

ਗੁਰੂ ਰਾਮਦਾਸ ਜੀ ਦੇ ਲਿਖੇ ਪਹਰੇ ਦੀ ਰਚਨਾ ਗੁਰੂ ਨਾਨਕ ਦੇਵ ਜੀ ਦੁਆਰਾ ਲਿਖੇ ਪਹਰਿਆਂ ਦੀ ਪਰੰਪਰਾ ਵਿਚ ਹੋਈ ਹੈ। ਆਪ ਨੇ ਹਰਿਨਾਮ ਦਾ ਵਣਜ ਕਰਨ ਵਾਲੇ ਸਾਧਕ ਨੂੰ ਸਪੱਸ਼ਟ ਕੀਤਾ ਹੈ ਕਿ ਜੀਵਨ ਰੂਪੀ ਰਾਤ ਦੇ ਪਹਿਲੇ ਪਹਿਰ ਵਿਚ ਮਨੁੱਖ ਮਾਤਾ ਦੇ ਗਰਭ ਵਿਚ ਸਥਿਤ ਹੋਣ ਤੋਂ ਬਾਦ ਜਨਮ ਲੈਂਦਾ ਹੈ ਅਤੇ ਮਾਤਾ-ਪਿਤਾ ਖ਼ੁਸ਼ ਹੁੰਦੇ ਹਨ। ਅਜਿਹੀ ਸਥਿਤੀ ਵੇਲੇ ਖ਼ੁਸ਼ੀ ਦੇਣ ਵਾਲੇ ਪ੍ਰਭੂ ਦਾ ਨਾਮ ਜਪਿਆ ਜਾ ਸਕਦਾ ਹੈ। ਦੂਜੇ ਪਹਿਰ ਵਿਚ ਮਾਤਾ- ਪਿਤਾ ਦਾਤਾਰ ਦੀ ਥਾਂ ਦਾਤ ਪ੍ਰਤਿ ਮੋਹ ਪਾਲਦੇ ਹਨ। ਕੋਈ ਗੁਰਮੁਖ ਵਿਅਕਤੀ ਹੀ ਵਾਸਤਵਿਕਤਾ ਨੂੰ ਪਛਾਣ ਕੇ ਪਰਮਾਤਮਾ ਦੀ ਬੰਦਗੀ ਵਿਚ ਲਿਵ ਲਗਾਉਂਦਾ ਹੈ। ਤੀਜੇ ਪਹਿਰ ਵਿਚ ਮਨੁੱਖ ਘਰ-ਬਾਰੀ ਝਮੇਲਿਆਂ ਵਿਚ ਲਗ ਕੇ ਧਨ ਇਕੱਠਾ ਕਰਨ ਲਗਦਾ ਹੈ ਅਤੇ ਆਪਣੇ ਮੂਲ ਆਧਾਰ ਨੂੰ ਭੁਲ ਜਾਂਦਾ ਹੈ, ਪਰ ਗੁਰੂ ਦੀ ਕ੍ਰਿਪਾ ਨਾਲ ਹੀ ਉਹ ਸਨਮਾਰਗ ਉਤੇ ਆਉਂਦਾ ਹੈ। ਚੌਥੇ ਪਹਿਰ ਵਿਚ ਜੀਵਨ ਰੂਪੀ ਰਾਤ ਬੀਤਣ ਵਾਲੀ ਹੁੰਦੀ ਹੈ। ਪ੍ਰਭੂ ਦਾ ਸਿਮਰਨ ਕਰਨ ਵਾਲੇ ਆਪਣੀ ਜੀਵਨ-ਯਾਤ੍ਰਾ ਸਫਲ ਕਰਦੇ ਹਨ। ਗੁਰੂ ਦੇ ਉਪਦੇਸ਼ ਅਨੁਸਾਰ ਚਲਣ ਵਾਲਿਆਂ ਦਾ ਆਵਾਗਵਣ ਕਟ ਜਾਂਦਾ ਹੈ।

ਗੁਰੂ ਅਰਜਨ ਦੇਵ ਜੀ ਦੇ ਰਚੇ ਇਕ ਪਹਰੇ ਵਿਚ ਛੇ ਛੇ ਤੁਕਾਂ ਦੇ ਕੁਲ ਪੰਜ ਬੰਦ ਹਨ। ਗੁਰੂ ਜੀ ਨੇ ਇਸ ਪਹਰੇ ਦੀ ਰਚਨਾ ਕਰਕੇ ਜਿਗਿਆਸੂ ਨੂੰ ਜੀਵਨ ਦੀ ਵਾਸਤਵਿਕਤਾ ਦਾ ਬੋਧ ਕਰਾਇਆ ਹੈ ਅਤੇ ਦਸਿਆ ਹੈ ਕਿ ਮ੍ਰਿਤੂ ਦੇ ਗ਼ਲਬੇ ਨਾਲ ਮਨੁੱਖ ਅਸਮਰਥ ਹੋ ਕੇ ਸੰਸਾਰ ਤੋਂ ਚਲਾ ਜਾਂਦਾ ਹੈ। ਇਸ ਲਈ ਬਾਲਪਣ, ਜੁਆਨੀ, ਅੱਧਖੜ ਅਤੇ ਬਿਰਧ ਅਵਸਥਾ ਵਿਚ ਮੋਹ ਮਾਇਆ ਅਤੇ ਵਾਸਨਾਵਾਂ ਦਾ ਤਿਆਗ ਕਰਕੇ ਮਨੁੱਖ ਨੂੰ ਹਰਿ-ਭਗਤੀ ਵਿਚ ਲੀਨ ਰਹਿਣਾ ਚਾਹੀਦਾ ਹੈ। ਇਸ ਬਾਣੀ ਵਿਚ ਮਨੁੱਖ ਨੂੰ ਵਣਜਾਰਾ ਕਹਿ ਕੇ ਸੰਬੋਧਨ ਕੀਤਾ ਗਿਆ ਹੈ ਜੋ ਸੰਸਾਰ ਰੂਪੀ ਪਰਦੇਸ਼ ਵਿਚ ਜੀਵਨ ਰੂਪੀ ਰਾਤ ਨੂੰ ਕਟਣ ਲਈ ਚਾਰੇ ਪਹਿਰ ਜਾਗ ਕੇ ਕਟਦਾ ਹੈ। ਜ਼ਰਾ ਜਿੰਨੀ ਅਸਾਵਧਾਨੀ ਕਾਰਣ ਉਹ ਆਪਣਾ ਸਾਰਾ ਅਧਿਆਤਮਿਕ ਭਵਿਖ ਨਸ਼ਟ ਕਰ ਲੈਂਦਾ ਹੈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 12154, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਪਹਰੇ ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ

ਪਹਰੇ :  ਪੰਜਾਬੀ ਦਾ ਪ੍ਰਸਿੱਧ ਲੋਕ ਕਾਵਿ ਰੂਪ ਜਿਹੜਾ ਪਹਿਰ ਸ਼ਬਦ ਤੋਂ ਬਣਿਆ ਹੈ । ਦਿਨ ਅਤੇ ਰਾਤ (24 ਘੰਟੇ) ਦੇ ਅਠਵੇਂ ਹਿੱਸੇ ਅਰਥਾਤ ਤਿੰਨ ਘੰਟਿਆਂ ਦੇ ਸਮੇਂ ਨੂੰ ਪਹਿਰ ਕਿਹਾ ਜਾਂਦਾ ਹੈ। ਇਸ ਤਰ੍ਹਾਂ 24 ਘੰਟਿਆਂ ਦੇ ਅੱਠ ਪਹਿਰ ਬਣਦੇ ਹਨ । ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਰਾਗ ਸ੍ਰੀ ਰਾਗ ਵਿਚ ਪਹਰੇ ਸਿਰਲੇਖ ਅਧੀਨ ਗੁਰੂ ਨਾਨਕ ਦੇਵ ਜੀ , ਗੁਰੂ ਰਾਮਦਾਸ ਜੀ ਅਤੇ ਗੁਰੂ ਅਰਜਨ ਦੇਵ ਜੀ ਦੀ ਬਾਣੀ ਦਰਜ ਹੈ ।

ਹਰ ਇਕ ਸ਼ਬਦ ਦੇ ਚਾਰ ਪਦ ਹਨ ਅਤੇ ਇਸ ਤਰ੍ਹਾਂ ਮਨੁੱਖੀ ਜੀਵਨ ਨੂੰ ਚਾਰ ਹਿੱਸਿਆਂ  ਵਿਚ ਵੰਡਦਿਆਂ ਹੋਇਆਂ ਹਰ ਪਦ ਵਿਚ ਉਸ ਦੀ ਜ਼ਿੰਦਗੀ ਦੇ ਇਕ  ਪਹਿਰ ਦਾ ਵਰਣਨ ਕੀਤਾ ਹੈ। ਗੁਰੂ ਸਾਹਿਬਾਨ ਅਨੁਸਾਰ ਮਨੁੱਖ ਇਕ ਵਣਜਾਰਾ ਹੈ ਜਿਸ ਨੂੰ ਪ੍ਰਮਾਤਮਾ ਨੇ ਸੁਆਸਾਂ ਦੀ ਪੂੰਜੀ ਦਿੱਤੀ ਹੈ ਅਤੇ ਇਨ੍ਹਾਂ ਸੁਆਸਾਂ ਨੂੰ ਚੰਗੇ ਜਾਂ ਮਾੜੇ ਪਾਸੇ ਲਾਉਣ ਦਾ ਫ਼ੈਸਲਾ ਉਹ ਆਪ ਕਰਦਾ ਹੈ ਅਤੇ ਉਸੇ ਅਨੁਸਾਰ ਉਹ ਜੀਵਨ ਦੀ ਖੇਡ ਵਿਚ ਜੇਤੂ ਹੋ ਕੇ ਲਾਹਾ ਖੱਟਦਾ ਹੈ ਜਾਂ ਹਾਰੇ ਹੋਏ ਜੁਆਰੀਏ ਵਾਂਗ ਨੁਕਸਾਨ ਕਰਾ ਕੇ ਦੁਨੀਆ ਤੋਂ ਟੁਰ ਜਾਂਦਾ ਹੈ : –

          ਪਹਿਲੈ ਪਹਰੈ ਰੈਣਿ ਕੇ ਵਣਜਾਰਿਆ ਮਿਤ੍ਰਾ

  ਹੁਕਮਿ ਪਇਆ ਗਰਭਾਸਿ ॥

– – – – – – –– – – –

ਦੂਜੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ 

ਵਿਸਰਿ ਗਾਇਆ ਧਿਆਨੁ॥

– – – – – – –– – – –

ਤੀਜੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ 

ਧਨ ਜੋਬਨ ਸਿਉ ਚਿਤੁ ॥

 

– – – – – – – – – –

ਚਉਥੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ

ਲਾਵੀ ਆਇਆ ਖੇਤੁ ॥

(ਪੰਨਾ 74 ਅਤੇ 75)

ਗੁਰੂ ਸਾਹਿਬਾਨ ਨੇ ਚਾਰ ਪਹਰੇ ਜੀਵਨ ਦੀਆਂ ਚਾਰ ਅਵਸਥਾਵਾਂ ਦਸੀਆਂ ਹਨ ਅਤੇ ਉਨ੍ਹਾਂ ਦਾ ਵਿਸਥਾਰ ਕਰਦਿਆਂ ਦੱਸਿਆ ਹੈ ਕਿ ਪਹਿਲਾ ਪਹਿਰ ਜਨਮ ਅਤੇ ਬਚਪਨ ਦਾ ਹੈ ਜਿਹੜਾ ਸਾਰੀਆਂ ਗੱਲਾਂ ਤੋਂ ਨਿਰਲੇਪ ਖੇਡਣ ਕੁੱਦਣ ਵਿਚ ਬੀਤ ਜਾਂਦਾ ਹੈ। ਦੂਜਾ ਪਹਿਰ ਸੰਸਾਰ ਮਾਤਾ , ਪਿਤਾ, ਭੈਣ–ਭਰਾਵਾਂ ਅਤੇ ਹੋਰ ਸਬੰਧੀਆਂ ਨਾਲ ਮੋਹ ਮਮਤਾ ਦੀ ਅਵਸਥਾ ਹੈ । ਤੀਜਾ ਪਹਿਰ ਧਨ, ਜੁਆਨੀ ਅਤੇ ਕਾਮ ਪ੍ਰਵਿਰਤੀ ਨਾਲ ਸਬੰਧਤ ਹੈ। ਅਖ਼ੀਰਲਾ ਚੌਥਾ ਪਹਿਰ ਮਨੁੱਖੀ ਜ਼ਿੰਦਗੀ ਦਾ ਅੰਤ ਹੈ ਜਦੋਂ ਉਮਰ ਰੂਪੀ ਫਸਲ ਪੱਕ ਕੇ ਧਰਮਰਾਜ ਦੇ ਦੂਤਾਂ ਦੁਆਰਾ ਕੱਟੀ ਜਾਂਦੀ ਹੈ ।

ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਪੰਜਾਬੀ ਵਿਚ ਪਹਰੇ ਕਾਵਿ ਰੂਪ ਵਿਚ ਕੋਈ ਕਾਵਿ ਰਚਨਾ ਨਹੀਂ ਹੋਈ ਪਰ ਬਾਬਾ ਫ਼ਰੀਦ ਜੀ ਨੇ ‘ਪਹਿਲੇ ਪਹਰੈ ਫੁਲੜਾ ਫਲ ਭੀ ਪਛਾ ਰਾਤਿ' ਆਖ ਕੇ ਰਾਤ ਦੇ ਪਹਿਲੇ ਅਤੇ ਪਿਛਲੇ ਪਹਿਰ ਵੱਲ ਸੰਕੇਤ ਕੀਤਾ ਹੈ ਅਤੇ ‘ਫਰੀਦਾ ਚਾਰਿ ਗਵਾਇਆ ਹੰਢਿ ਕੈ  ਚਾਰਿ ਗਵਾਇਆ ਸੰਮਿ' ਉਚਾਰ ਕੇ ਦਿਨ ਰਾਤ ਦੇ ਅਠ ਪਹਿਰਾਂ ਵੱਲ ਸੰਕੇਤ ਕੀਤਾ ਹੈ ।

ਪੰਜਾਬੀ ਦਾ ਮੁਹਾਵਰਾ ਪਹਿਰੇ ਪਹਿਰੇ ਵੀ ਦਿਨ ਰਾਤ ਦੇ ਹਰ ਸਮੇਂ ਤੋਂ ਬਣਿਆ ਹੈ  ਅਤੇ ਇਹ ਗੁਰੂ ਅਰਜਨ ਦੇਵ ਜੀ ਨੇ ਆਪਣੀ ਬਾਣੀ ਵਿਚ ਵਰਤਿਆ ਹੈ : –

ਬਿਨੁ ਹਰਿ ਭਗਤਿ ਕਹਾ ਥਿਤਿ ਪਾਵੈ ਫਿਰਤੋ ਪਹਰੇ ਪਹਰੇ ॥


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 7833, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-02-05-10-56-21, ਹਵਾਲੇ/ਟਿੱਪਣੀਆਂ: ਹ. ਪੁ. –ਮ. ਕੋ.; ਪੰ. ਸਾ. ਕੋ.; ਪੰਜਾਬੀ ਸਾਹਿਤ ਦਾ ਆਲੋਚਾਨਤਮਕ ਇਤਿਹਾਸ-ਡਾ. ਜੀਤ ਸਿੰਘ ਸੀਤਲ

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.